RanjitSingh Dr7ਇਹ ਆਮ ਦੇਖਿਆ ਗਿਆ ਹੈ ਕਿ ਜਦੋਂ ਵੀ ਕੋਈ ਨਵੀਂ ਸਕੀਮ ਲਾਗੂ ਹੁੰਦੀ ਹੈ, ਕੁਝ ਸਾਲ ਉਸ ਉੱਤੇ ...
(22 ਸਤੰਬਰ 2025) ਪਾਠਕ ਅੱਜ: 7125, ਕੱਲ੍ਹ: 5166.


ਇਸ ਵਾਰ ਪੰਜਾਬ ਵਿੱਚ ਇਸ ਸਦੀ ਦੇ ਸਭ ਤੋਂ ਭਿਆਨਕ ਹੜ੍ਹ ਆਏ ਹਨ
ਇਹ ਆਏ ਵੀ ਪਛੇਤੇ ਹਨ ਜਦੋਂ ਕਿ ਦੁਬਾਰਾ ਬਿਜਾਈ ਦੀ ਕੋਈ ਸੰਭਾਵਨਾ ਨਹੀਂ ਹੈਪਰ ਜਿਸ ਤਰ੍ਹਾਂ ਪੰਜਾਬੀਆਂ ਨੇ ਆਪਣੇ ਇਨ੍ਹਾਂ ਮੁਸੀਬਤ ਦੇ ਮਾਰੇ ਭਰਾਵਾਂ ਦੀ ਬਾਂਹ ਫੜੀ ਹੈ, ਇਸਦੀ ਮਿਸਾਲ ਸੰਸਾਰ ਵਿੱਚ ਕਿਧਰੇ ਨਹੀਂ ਮਿਲਦੀਲਗਭਗ ਹਰੇਕ ਵਰਗ ਨੇ ਆਪਣੇ ਵਿੱਤ ਮੁਤਾਬਕ ਇਸ ਮੁਸੀਬਤ ਸਮੇਂ ਹਿੱਸਾ ਪਾਇਆ ਹੈਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਸਾਡੇ ਪੰਜਾਬੀ ਗਾਇਕ ਅਤੇ ਕਲਾਕਾਰ ਖੁੱਲ੍ਹ ਕੇ ਸਹਾਇਤਾ ਲਈ ਅੱਗੇ ਆਏ, ਉਹ ਬਹੁਤ ਹੀ ਵੱਡੀ ਕਰਾਮਾਤ ਹੈਕੇਂਦਰ ਅਤੇ ਰਾਜ ਸਰਕਾਰ ਨੂੰ ਇਸ ਸੇਵਾ ਭਾਵ ਤੋਂ ਸਬਕ ਸਿੱਖਣ ਦੀ ਲੋੜ ਹੈਸਰਕਾਰ ਵੱਲੋਂ ਪ੍ਰਭਾਵਿਤ ਕਿਸਾਨਾਂ ਦੀ ਵੱਧ ਤੋਂ ਵੱਧ ਵਿਤੀ ਸਹਾਇਤਾ ਕਰਨੀ ਚਾਹੀਦੀ ਹੈਇਹ ਰਕਮ ਉਨ੍ਹਾਂ ਦੇ ਘਰ ਜਾ ਕੇ ਆਦਰ ਪੂਰਵਕ ਦਿੱਤੀ ਜਾਵੇਉਨ੍ਹਾਂ ਨੂੰ ਲੰਬੀ ਕਾਗਜ਼ੀ ਕਾਰਵਾਈ ਅਤੇ ਦਫਤਰਾਂ ਦੇ ਚੱਕਰ ਲਾਉਣ ਲਈ ਮਜ਼ਬੂਤ ਨਾ ਕੀਤਾ ਜਾਵੇਸਰਕਾਰੀ ਕਰਮਚਾਰੀ ਵੀ ਇਸੇ ਪਰਿਵਾਰ ਦੇ ਮੈਂਬਰ ਹਨ। ਉਨ੍ਹਾਂ ਨੂੰ ਆਪਣੇ ਭਰਾਵਾਂ ਨਾਲ ਪੂਰੀ ਹਮਦਰਦੀ ਹੋਣੀ ਚਾਹਦੀ ਹੈਕਿਸੇ ਵੀ ਕਰਮਚਾਰੀ ਨੂੰ ਇਸ ਮੁਸੀਬਤ ਸਮੇਂ ਦਾ ਗਲਤ ਫਾਇਦਾ ਨਹੀਂ ਉਠਾਉਣਾ ਚਾਹੀਦਾ ਹੈਬਹੁਤੇ ਥਾਂਵੀਂ ਖੇਤਾਂ ਵਿੱਚ ਮਿੱਟੀ ਅਤੇ ਰੇਤ ਇੰਨੀ ਚੜ੍ਹ ਗਈ ਹੈ ਕਿ ਹੰਦਾ ਬੰਨੇ ਮਿਟ ਗਏ ਹਨਡਾ. ਕ੍ਰਿਪਾਲ ਸਿੰਘ ਔਲਖ ਨੇ ਸੁਝਾਵ ਦਿੱਤਾ ਹੈ ਕਿ ਜਿੱਥੇ ਵੀ ਲੋੜ ਹੋਵੇ, ਮਾਲ ਮਹਿਕਮੇ ਨੂੰ ਖੇਤਾਂ ਵਿੱਚ ਮੁੜ ਨਿਸ਼ਾਨਦੇਹੀ ਕਰ ਦੇਣੀ ਚਾਹੀਦੀ ਹੈਇਸ ਨਾਲ ਆਪਸੀ ਝਗੜੇ ਵੀ ਨਹੀਂ ਹੋਣਗੇ ਅਤੇ ਕਿਸਾਨਾਂ ਨੂੰ ਕਰਮਚਾਰੀਆਂ ਦੀਆਂ ਮਿੰਨਤਾਂ ਵੀ ਨਹੀਂ ਕਰਨੀਆਂ ਪੈਣਗੀਆਂ

ਪੰਜਾਬ ਦੇ ਬਹੁਤੇ ਕਿਸਾਨ ਛੋਟੇ ਕਿਸਾਨਾਂ ਦੀ ਗਿਣਤੀ ਵਿੱਚ ਆਉਂਦੇ ਹਨ, ਇਸ ਕਰਕੇ ਆਪਣੇ ਘਰ ਚੁੱਲ੍ਹਾ ਬਲਦਾ ਰੱਖਣ ਲਈ ਉਹ ਕੁਝ ਧਰਤੀ ਠੇਕੇ ਉੱਤੇ ਲੈਂਦੇ ਹਨਪੰਜਾਬ ਵਿੱਚ ਜ਼ਮੀਨ ਦਾ ਠੇਕਾ ਵੀ ਸਭ ਤੋਂ ਵੱਧ ਘੱਟੋ ਘੱਟ ਪੰਜਾਹ ਹਜ਼ਾਰ ਪ੍ਰਤੀ ਏਕੜ ਹੈਕਿਸਾਨਾਂ ਨੂੰ ਦੋਹਰੀ ਮਾਰ ਪਈ ਹੈਫ਼ਸਲ ਵੀ ਮਾਰੀ ਗਈ ਅਤੇ ਠੇਕਾ ਵੀ ਦੇਣਾ ਪਵੇਗਾਬਹੁਤੇ ਕਿਸਾਨਾਂ ਨੂੰ ਮਜਬੂਰ ਹੋ ਕੇ ਕਰਜ਼ਾ ਲੈਣਾ ਪਵੇਗਾਇੰਝ ਕਿਸਾਨ ਆਪਣੀ ਖੁਸ਼ੀ ਲਈ ਨਹੀਂ ਸਗੋਂ ਮਜਬੂਰੀ ਵਿੱਚ ਕਰਜ਼ੇ ਦੇ ਮੱਕੜਜਾਲ਼ ਵਿੱਚ ਫਸ ਜਾਂਦਾ ਹੈਜ਼ਮੀਨ ਦੇ ਮਾਲਕਾਂ ਨੂੰ ਵੀ ਬੇਨਤੀ ਹੈ ਕਿ ਉਹ ਕੁਝ ਛੋਟ ਦੇਣ ਬਾਰੇ ਸੋਚਣ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਬਿਨਾਂ ਬਿਆਜ ਲੰਬੇ ਸਮੇਂ ਦਾ ਕਰਜ਼ਾ ਦਿੱਤਾ ਜਾਵੇਠੇਕੇ ’ਤੇ ਲਈ ਜ਼ਮੀਨ ਅਨੁਸਾਰ ਇਸ ਵਿੱਚ ਕੁਝ ਛੋਟ ਵੀ ਦਿੱਤੀ ਜਾਵੇ

ਖੇਤਾਂ ਵਿੱਚ ਰੇਤ ਅਤੇ ਮਿੱਟੀ ਭਾਰੀ ਮਾਤਰਾ ਵਿੱਚ ਪੈ ਗਈ ਹੈਸਰਕਾਰ ਨੇ ਕਿਸਾਨਾਂ ਨੂੰ ਰੇਤਾ ਵੇਚਣ ਦੀ ਆਗਿਆ ਦੇ ਦਿੱਤੀ ਹੈਹਾੜ੍ਹੀ ਦੀ ਬਿਜਾਈ ਸ਼ੁਰੂ ਹੋਣ ਵਿੱਚ ਕੇਵਲ ਇੱਕ ਮਹੀਨਾ ਰਹਿ ਗਿਆ ਹੈਕੀ ਕਿਸਾਨ ਇਸ ਸਮੇਂ ਰੇਤਾ ਵੇਚ ਸਕਣਗੇ? ਜਿੱਥੇ ਮਿੱਟੀ ਭਰ ਗਈ ਹੈ, ਉਨ੍ਹਾਂ ਖੇਤਾਂ ਦੀ ਸੁਧਾਈ ਵਿੱਚ ਸਰਕਾਰ ਨੂੰ ਸਹਾਇਤਾ ਕਰਨੀ ਚਾਹੀਦੀ ਹੈਜੇਕਰ ਇਕੱਲੇ ਇਕੱਲੇ ਵਿਅਕਤੀ, ਜਿਸਦੇ ਡੰਗਰ ਹੜ੍ਹ ਗਏ, ਉਨ੍ਹਾਂ ਨੂੰ ਡੰਗਰ ਲੈ ਕੇ ਦੇ ਰਹੇ ਹਨ ਅਤੇ ਜਿਸਦਾ ਟਰੈਕਟਰ ਹੜ੍ਹ ਗਿਆ, ਉਸ ਨੂੰ ਟ੍ਰੈਕਟਰ ਦਿੱਤਾ ਜਾ ਰਿਹਾ ਹੈ, ਜਿਸਦਾ ਘਰ ਢਹਿ ਗਿਆ ਉਸਦਾ ਘਰ ਬਣਾਇਆ ਜਾ ਰਿਹਾ ਤਾਂ ਕੀ ਸਰਕਾਰਾਂ, ਜਿਨ੍ਹਾਂ ਕੋਲ ਅਥਾਹ ਵਸੀਲੇ ਹਨ, ਇਸ ਪਾਸੇ ਯਤਨ ਨਹੀਂ ਕਰ ਸਕਦੀਆਂ? ਕਿਸਾਨ ਅੰਨਦਾਤਾ ਹੈਇਸ ਸਮੇਂ ਉਹ ਸੰਕਟ ਵਿੱਚ ਹੈ। ਉਸਦੀ ਸਹਾਇਤਾ ਕਰਨੀ ਜ਼ਰੂਰੀ ਹੈ

ਕਣਕ ਦੀ ਬਿਜਾਈ ਦਾ ਸਮਾਂ ਆ ਰਿਹਾ ਹੈਕਣਕ ਪੰਜਾਬ ਦੀ ਮੁੱਖ ਫ਼ਸਲ ਹੈਇਸਦਾ ਬੀਜ ਆਮ ਕਰਕੇ ਕਿਸਾਨ ਨੇ ਪਿਛਲੀ ਫਸਲ ਦਾ ਸਾਂਭਿਆ ਹੁੰਦਾ ਹੈਹੁਣ ਹੜ੍ਹ ਨਾਲ ਜਿੱਥੇ ਘਰਾਂ ਵਿੱਚ ਪਾਣੀ ਭਰ ਗਿਆ ਹੈ, ਮਕਾਨ ਢਹਿ ਗਏ ਹਨ, ਉੱਥੇ ਬੀਜ ਵੀ ਖਰਾਬ ਹੋਇਆ ਹੋਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਢੁਕਵੀਆਂ ਕਿਸਮਾਂ ਦਾ ਬੀਜ ਕਿਸਾਨਾਂ ਨੂੰ ਰਿਆਇਤੀ ਕੀਮਤ ਉੱਤੇ ਦਿੱਤਾ ਜਾਵੇਇਹ ਜ਼ਿੰਮੇਵਾਰੀ ਖੇਤੀਬਾੜੀ ਵਿਭਾਗ ਅਤੇ ਖੇਤੀ ਯੂਨੀਵਰਸਿਟੀ ਦੀ ਲਾਈ ਜਾ ਸਕਦੀ ਹੈਖੇਤੀ ਵਿਭਾਗ ਅਤੇ ਖੇਤੀ ਯੂਨੀਵਰਸਿਟੀ ਨੂੰ ਹੜ੍ਹ ਪ੍ਰਭਾਵਿਤ ਖੇਤਾਂ ਦੇ ਸਰਵੇਖਣ ਕਰਕੇ ਕਿਸਾਨ ਨੂੰ ਇਸ ਸਥਿਤੀ ਵਿੱਚ ਕਿਵੇਂ ਬਿਜਾਈ ਕੀਤੀ ਜਾ ਸਕਦੀ ਹੈ, ਇਸ ਬਾਰੇ ਸਲਾਹ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਖੇਤ ਫ਼ਸਲ ਤੋਂ ਬਗੈਰ ਨਾ ਰਹਿ ਸਕੇਜੇਕਰ ਬਿਜਾਈ ਨਾ ਹੋਈ ਤਾਂ ਇਸ ਘਾਟੇ ਦੀ ਮਾਰ ਨੇ ਬਹੁਤੇ ਕਿਸਾਨਾਂ ਨੂੰ ਹਮੇਸ਼ਾ ਲਈ ਕਰਜ਼ਾਈ ਕਰ ਦੇਣਾ ਹੈਖੇਤੀ ਯੂਨੀਵਰਸਿਟੀ ਦੇ ਸੇਵਾ ਮੁਕਤ ਅਧਿਆਪਕਾਂ ਨੇ ‘ਕੇ ਵੀ ਕੇ’ ਰਾਹੀਂ ਕਣਕ ਦੇ ਬੀਜ ਦਾ ਪ੍ਰਬੰਧ ਕੀਤਾ ਹੈਇਸਦਾ ਲਾਹਾ ਲੈਣਾ ਚਾਹੀਦਾ ਹੈ

ਹੁਣ ਹੜ੍ਹਾਂ ਬਾਰੇ ਵਿਚਾਰ ਕਰੀਏਹੜ੍ਹ ਅਤੇ ਪੰਜਾਬ ਦਾ ਬਹੁਤ ਪੁਰਾਣਾ ਰਿਸ਼ਤਾ ਹੈਪਹਾੜਾਂ ਦੇ ਦਾਮਨ ਵਿੱਚ ਹੋਣ ਕਰਕੇ ਉੱਥੋਂ ਦੇ ਮੀਂਹ ਦਾ ਪਾਣੀ ਸਾਰਾ ਪੰਜਾਬ ਰਸਤੇ ਹੀ ਸਮੁੰਦਰ ਵਿੱਚ ਜਾਂਦਾ ਹੈਇਸੇ ਕਰਕੇ ਪੰਜਾਬ ਵਿੱਚ ਸੈਂਕੜੇ ਦਰਿਆ, ਚੋਅ, ਬੇਈਆਂ, ਬਰਸਾਤੀ ਨਾਲ਼ੇ, ਸੁਆਂਹ, ਖੜਾਂ ਅਤੇ ਖਾਲੇ ਹਨਦੁਆਬਾ ਅਤੇ ਮਾਝਾ ਇਨ੍ਹਾਂ ਵਿੱਚ ਆਏ ਹੜ੍ਹਾਂ ਦੀ ਮਾਰ ਹਮੇਸ਼ਾ ਝੱਲਦੇ ਆਏ ਹਨਹੁਸ਼ਿਆਰਪੁਰ ਵਿੱਚ ਇੰਨੇ ਵਿੱਚੋਂ ਸਨ ਕਿ ਬਹੁਤੀ ਧਰਤੀ ਇਨ੍ਹਾਂ ਦੀ ਮਾਰ ਹੇਠ ਆ ਜਾਂਦੀ ਸੀਬਾਕੀ ਜ਼ਿਲ੍ਹਿਆਂ ਵਿੱਚ ਚੋਖੀ ਧਰਤੀ ਇਨ੍ਹਾਂ ਦੀ ਮਾਰ ਝੱਲਦੀ ਸੀਪਾਣੀ ਦੀ ਬਹੁਤਾਤ ਕਾਰਨ ਇਸੇ ਇਲਾਕੇ ਵਿੱਚ ਸੇਮ ਦੀ ਮਾਰ ਵੀ ਪੈਂਦੀ ਸੀਇਸੇ ਕਰਕੇ ਇਸ ਖਿੱਤੇ ਦੇ ਲੋਕ ਵਿੱਦਿਆ ਵਿੱਚ ਅੱਗੇ ਸਨ ਤਾਂ ਜੋ ਕੋਈ ਨੌਕਰੀ ਮਿਲ ਸਕੇਨਵੀਂਆਂ ਬਸਤੀਆਂ ਵਸਾਉਣ ਜਾਂ ਵਿਦੇਸ਼ਾਂ ਵਿੱਚ ਜਾਣ ਵਾਲੇ ਵੀ ਇਸੇ ਇਲਾਕੇ ਦੇ ਮੋਹਰੀ ਸਨਬੇਈਂਆਂ ਅਤੇ ਚੋਆਂ ਦੇ ਹੜ੍ਹਾਂ ਨੂੰ ਮੇਰੀ ਉਮਰ ਵਾਲਿਆਂ ਜ਼ਰੂਰ ਦੇਖਿਆ ਹੋਵੇਗਾਸਾਡੇ ਪਿੰਡ ਲਾਗਿਉਂ ਬੇਈਂ ਲੰਘਦੀ ਸੀਹਾਈ ਸਕੂਲ ਬੇਈਂ ਤੋਂ ਪਾਰਲੇ ਪਿੰਡ ਵਿੱਚ ਸੀਜਦੋਂ ਬੇਈਂ ਵਿੱਚ ਹੜ੍ਹ ਆ ਜਾਣਾ ਤਾਂ ਕਈ ਕਈ ਦਿਨ ਸਕੂਲੋਂ ਛੁੱਟੀ ਕਰਨੀ ਪੈਂਦੀ ਸੀਆਮ ਦਿਨਾਂ ਦਿਨਾਂ ਵਿੱਚ ਵੀ ਬੇਈਂ ਦੇ ਲਾਗੇ ਸੀਰਾਂ ਫੁੱਟਦੀਆਂ ਰਹਿੰਦੀਆਂ ਸਨ, ਇਸ ਕਰਕੇ ਹਮੇਸ਼ਾ ਜੁੱਤੀ ਲਾਹ ਕੇ ਲੰਘਣਾ ਪੈਂਦਾ ਸੀਉਦੋਂ ਮੀਂਹ ਵੀ ਬਹੁਤ ਪੈਂਦੇ ਸਨ, ਜਿਸ ਤਰ੍ਹਾਂ ਇਸ ਵਾਰ ਹੋਇਆਹਫ਼ਤਾ ਹਫ਼ਤਾ ਝੜੀ ਲੱਗੀ ਰਹਿੰਦੀ ਸੀਬੇਈਂ ਵਿੱਚ ਹ੍ਹੜ ਅਤੇ ਸਾਰੇ ਖਾਲੇ ਰਾਹ ਪਾਣੀ ਨਾਲ ਭਰ ਜਾਣੇਇਹ ਅਖਾਣ ਸੀਵੀਰਵਾਰ ਦੀ ਝੜੀ, ਨਾ ਕੋਠਾ ਨਾ ਕੜੀ।” ਕੱਚੇ ਕੋਠੇ ਚੋਣ ਲੱਗ ਪੈਂਦੇ, ਕੰਧਾਂ ਢਹਿ ਜਾਂਦੀਆਂ ਸਨਪਿੰਡ ਵਾਲਿਆਂ ਖਵਾਜਾ ਦੇਵਤਾ ਨੂੰ ਖੁਸ਼ ਕਰਨ ਲਈ ਪਾਣੀ ਦੇ ਵਿੱਚ ਜਾ ਕੇ ਬੱਕਰੇ ਦੀ ਬਲੀ ਦੇਣੀ ਅਤੇ ਦਲੀਆ ਵੰਡਣਾਵਿੱਚੋ ਵਿੱਚ ਤਾਂ ਚਿੱਟੇ ਦਿਨ ਅਚਾਨਕ ਪਾਣੀ ਆ ਜਾਂਦਾ ਸੀਖੇਤਾਂ ਵਿੱਚ ਕੰਮ ਕਰਨ ਗਏ ਲੋਕੀਂ ਦੋ ਦੋ ਦਿਨ ਬਾਹਰ ਰਹਿਣ ਲਈ ਮਜ਼ਬੂਤ ਹੋ ਜਾਂਦੇ ਸਨਸੜਕਾਂ ਉੱਤੇ ਪੁਲ ਨਹੀਂ ਸਨਹੜ੍ਹ ਨਾਲ ਦੋਵੇਂ ਪਾਸੇ ਲੋਕੀਂ ਰੁਕ ਜਾਂਦੇ ਸਨ ਤੇ ਵਾਪਸ ਘਰਾਂ ਨੂੰ ਮੁੜਨਾ ਪੈਂਦਾ ਸੀਕੋਈ ਕੋਈ ਤਕੜੇ ਬਲਦਾਂ ਵਾਲਾ ਕਿਸਾਨ, ਗੱਡਾ ਜੋੜ ਲੋਕਾਂ ਨੂੰ ਪਾਰ ਲਘਾਉਂਦਾ ਸੀ

ਦੂਜੇ ਸੰਸਾਰ ਯੁੱਧ ਪਿੱਛੋਂ ਦੇਸ਼ ਨੂੰ ਅਨਾਜ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਸੀਅੰਗਰੇਜ਼ ਸਰਕਾਰ ਜਾਣਦੀ ਸੀ ਕਿ ਪੰਜਾਬ ਹੀ ਇਸ ਘਾਟ ਨੂੰ ਪੂਰਾ ਕਰ ਸਕਦਾ ਹੈਸੂਬੇ ਵਿੱਚ ਹੜ੍ਹਾਂ ਅਤੇ ਸੇਮ ਦੀ ਰੋਕਥਾਮ ਲਈ ਕਈ ਪ੍ਰੋਗਰਾਮ ਉਲੀਕੇ ਗਏ ਪਰ ਕੋਈ ਸਫ਼ਲਤਾ ਨਾ ਮਿਲੀਚੋਆਂ ਵਿੱਚ ਆਏ ਪਹਿਲੇ ਹੜ੍ਹ ਨਾਲ ਹੀ ਸਾਰੇ ਲਾਏ ਰੁੱਖ ਰੁੜ੍ਹ ਗਏਪੰਜਾਬ ਦੀ ਖੁਸ਼ਕਿਸਮਤੀ ਕਿ ਉਦੋਂ ਪੰਜਾਬ ਕੋਲ ਇੱਕ ਪੜ੍ਹਿਆ ਲਿਖਿਆ, ਸੂਝਵਾਨ ਅਤੇ ਦੂਰ ਅੰਦੇਸ਼ ਨੇਤਾ ਸੀਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਪਹਿਲਾਂ ਵਿਕਾਸ ਮੰਤਰੀ ਤੇ ਮੁੜ ਮੁੱਖ ਮੰਤਰੀ ਹੁੰਦੇ ਹੋਏ ਪੰਜਾਬ ਦੇ ਵਿਕਾਸ ਨੂੰ ਸਿਖਰਾਂ ਉੱਤੇ ਪਹੁੰਚਾਇਆ ਅਤੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਵਿਕਸਿਤ ਸੂਬਾ ਬਣਾਇਆਸਾਰੇ ਸੰਸਾਰ ਵਿੱਚ ਇਸਦੀ ਚਰਚਾ ਹੋਈ ਕਿ ਉਹ ਸੂਬਾ, ਜਿਸਨੇ 1947 ਵਿੱਚ ਵੰਡ ਦਾ ਸੰਤਾਪ ਭੋਗਿਆ ਸੀ, ਕਿਵੇਂ ਕੁਝ ਸਾਲਾਂ ਵਿੱਚ ਹੀ ਵਿਕਾਸ ਦੀਆਂ ਸਿਖਰਾਂ ਨੂੰ ਛੂਹ ਸਕਦਾ ਹੈਦੇਸ਼ ਦੇ ਅਤੇ ਵਿਦੇਸ਼ੀ ਮਾਹਿਰਾਂ ਨੇ ਕਾਰਨਾਂ ਦੀ ਘੋਖ ਕੀਤੀ ਅਤੇ ਕਿਤਾਬਾਂ ਲਿਖੀਆਂਹੜ੍ਹਾਂ ਨੂੰ ਰੋਕਣਾ ਅਤੇ ਸੇਮ ਨੂੰ ਦੂਰ ਕਰਨ ਦੀ ਚਿਣੌਤੀ ਉਨ੍ਹਾਂ ਮਾਹਿਰਾਂ ਅੱਗੇ ਰੱਖੀਸ਼੍ਰੀ ਹਰਬੰਸ ਲਾਲ ਉੱਪਲ ਨੇ ਸੂਬੇ ਦੇ ਚੋਆਂ ਅਤੇ ਨਦੀਆਂ ਨੂੰ ਕਾਬੂ ਕਰਨ ਦੀ ਇੱਕ ਸਕੀਮ ਤਿਆਰ ਕੀਤੀਉਹ ਉਦੋਂ ਸ੍ਰੀ ਅੰਮ੍ਰਿਤਸਰ ਸਥਿਤ ਸਿੰਚਾਈ, ਭੂਮੀ ਸੁਧਾਰ ਖੋਜ ਸੰਸਥਾ ਦੇ ਡਾਇਰੈਕਟਰ ਸਨਉਨ੍ਹਾਂ ਭਾਵੇਂ ਰਸਾਇਣਿਕ ਵਿਗਿਆਨ ਦੀ ਪੜ੍ਹਾਈ ਕੀਤੀ ਸੀ ਪਰ ਉਹ ਮੌਜੂਦਾ ਸਥਿਤੀ ਸਮਝ ਸਕੇਸਰਕਾਰ ਨੇ ਉਨ੍ਹਾਂ ਨੂੰ ਕੰਮ ਕਰਨ ਦੀ ਮੰਜ਼ੂਰੀ ਦੇ ਦਿੱਤੀਉੱਪਲ ਸਾਹਿਬ ਨੇ ਪਹਿਲਾ ਕਾਰਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੋਆਂ ਨੂੰ ਕਾਬੂ ਕਰਨ ਦਾ ਕੀਤਾਇਸ ਜ਼ਿਲ੍ਹੇ ਦੀ ਕੋਈ 40% ਧਰਤੀ ਇਨ੍ਹਾਂ ਚੋਆਂ ਨੇ ਖਰਾਬ ਕੀਤੀ ਹੋਈ ਸੀਧਰਤੀ ਵਿੱਚੋਂ ਪਾਣੀ ਦੀ ਸੀਰਾਂ ਫੁੱਟਦੀਆਂ ਰਹਿੰਦੀਆਂ ਸਨਸ਼ਾਇਦ ਇਸੇ ਕਰਕੇ ਇਸ ਇਲਾਕੇ ਨੂੰ ਸੀਰੋਵਾਲ ਆਖਦੇ ਹਨਉਸਨੇ ਸੇਮ ਦੇ ਇਲਾਜ ਲਈ ਵੀ ਕਾਨੂੰਵਾਲ ਛੰਭ ਨੂੰ ਚੁਣਿਆ ਅਤੇ 1960 ਵਿੱਚ ਇੱਥੋਂ ਸੇਮ ਖਤਮ ਕੀਤੀਉਸ ਵੱਲੋਂ ਲਗਭਗ ਸਾਰੇ ਨਦੀ ਨਾਲਿਆਂ ਨੂੰ ਕਾਬੂ ਕਰਨ ਦਾ ਯਤਨ ਕੀਤਾ ਗਿਆ। ਕੇਵਲ ਸਤਲੁਜ ਅਤੇ ਵਿਆਸ ਵਿੱਚੋਂ 105218 ਹੈਕੇਟਰ ਧਰਤੀ ਵਾਹੀ ਹੇਠ ਆਉਣ ਲੱਗੀਸਤਲੁਜ ਦਰਿਆ ਉੱਤੇ ਉਸਨੇ ਅਕਤੂਬਰ 1962 ਵਿੱਚ ਕੰਮ ਸ਼ੁਰੂ ਕੀਤਾਉਸਨੇ ਸਭ ਤੋਂ ਪਹਿਲਾਂ ਇਹ ਅੰਦਾਜ਼ਾ ਲਾਇਆ ਕਿ ਬਰਸਾਤ ਦੇ ਦਿਨਾਂ ਵਿੱਚ ਦਰਿਆ ਅੰਦਰ ਵੱਧ ਤੋਂ ਵੱਧ ਕਿੰਨਾ ਪਾਣੀ ਆ ਸਕਦਾ ਹੈ, ਤਾਂ ਜੋ ਉਸਦੇ ਪੱਟ ਦੀ ਚੋੜਾਈ ਉੰਨੀ ਛੱਡੀ ਜਾ ਸਕੇਦਰਿਆ ਦੇ ਦੋਵੇਂ ਪਾਸੀਂ ਤਿੰਨ ਤੋਂ ਪੰਜ ਮੀਟਰ ਉੱਚੀ ਪਟੜੀ ਬਣਾਈ ਗਈਇਹ ਕਾਰਜ ਦੋ ਸਾਲ ਭਾਵ ਅਕਤੂਬਰ 1964 ਵਿੱਚ ਪੂਰਾ ਹੋ ਗਿਆਉਸ ਸਮੇਂ ਇਸ ਪ੍ਰਾਜੈਕਟ ਉੱਤੇ ਕੋਈ 80 ਕਰੋੜ ਰੁਪਏ ਖਰਚ ਆਏ ਸਨਇੰਝ ਸਤਲੁਜ ਦੀ ਤਬਾਹੀ ਤੋਂ ਇਸਦੀ ਮਾਰ ਵਾਲੇ ਖੇਤਰ ਨੂੰ ਬਚਾਇਆ ਗਿਆਇਕੱਲੇ ਸਤਲੁਜ ਦਰਿਆ ਦੇ ਕੰਢੇ ਪਟੜੀ ਬਣਾਉਣ ਨਾਲ ਕੋਈ 80 ਹਜ਼ਾਰ ਹੈਕਟਰ ਧਰਤੀ ਵਾਹੀ ਲਈ ਪ੍ਰਾਪਤ ਹੋਈਲਾਡੋਵਾਲ (ਲੁਧਿਆਣਾ) ਵਾਲਾ ਸਰਕਾਰੀ ਫਾਰਮ ਇਸੇ ਧਰਤੀ ਦਾ ਹਿੱਸਾ ਹੈਇਸੇ ਤਰ੍ਹਾਂ ਉਸਨੇ ਵਿਆਸ ਅਤੇ ਹੋਰ ਮੁੱਖ ਨਦੀਆਂ ਦੀ ਸੁਧਾਈ ਕੀਤੀ। ਅਜਿਹਾ ਕੀਤਿਆਂ ਬਹੁਤ ਸਾਰੇ ਇਲਾਕਿਆਂ ਵਿੱਚੋਂ ਸੇਮ ਹਟ ਗਈਰਹਿੰਦੀ ਕਸਰ ਟਿਊਬਵੈਲਾਂ ਨੇ ਪੂਰੀ ਕਰ ਦਿੱਤੀ

ਜੇਕਰ ਵਿਚਾਰਿਆ ਜਾਵੇ ਕਿ ਕਈ ਸਾਲਾਂ ਪਿੱਛੋਂ ਮੁੜ ਹੜ੍ਹ ਕਿਉਂ ਆਏ ਹਨ? ਇੱਕ ਤਾਂ ਕੁਦਰਤੀ ਕੁਰੋਪੀ ਹੈ, ਜਦੋਂ ਪਹਾੜਾਂ ਉੱਤੇ ਬਹੁਤ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਪਾਣੀ ਦੀ ਮਾਰ ਪੈਂਦੀ ਹੈਦੂਜਾ ਸਰਕਾਰੀ ਲਾਪਰਵਾਹੀ ਵੀ ਹੈਇਹ ਆਮ ਦੇਖਿਆ ਗਿਆ ਹੈ ਕਿ ਜਦੋਂ ਵੀ ਕੋਈ ਨਵੀਂ ਸਕੀਮ ਲਾਗੂ ਹੁੰਦੀ ਹੈ, ਕੁਝ ਸਾਲ ਉਸ ਉੱਤੇ ਬਹੁਤ ਹੀ ਗਰਮਜੋਸ਼ੀ ਨਾਲ ਕੰਮ ਹੁੰਦਾ ਹੈ, ਮੁੜ ਧਿਆਨ ਘਟ ਜਾਂਦਾ ਹੈਇਹੋ ਹਾਲ ਇੱਥੇ ਵੀ ਹੋਇਆ ਹੈਕੁਝ ਸਾਲ ਹੜ੍ਹ ਨਹੀਂ ਆਏ ਤਾਂ ਸੰਬੰਧਿਤ ਮਹਿਕਮੇ ਅਵੇਸਲੇ ਹੋ ਗਏਸਰਕਾਰ ਵੱਲੋਂ ਹਰ ਸਾਲ ਹੜ੍ਹਾਂ ਦੀ ਰੋਕਥਾਮ ਲਈ ਰਕਮ ਰੱਖੀ ਜਾਂਦੀ ਹੈਸੰਬੰਧਿਤ ਮਹਿਕਮੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੀ ਪਟੜੀ ਦਾ ਨਿਰੀਖਣ ਕੀਤਾ ਜਾਵੇਜਿੱਥੇ ਵੀ ਕਮਜ਼ੋਰੀ ਨਜ਼ਰ ਆਵੇ, ਉਸ ਨੂੰ ਸੁਧਾਰਿਆ ਜਾਵੇ ਕਿਉਂਕਿ ਇਹ ਸਾਰੀ ਪਟੜੀ ਮਿੱਟੀ ਦੀ ਹੀ ਬਣੀ ਹੋਈ ਹੈਦਰਿਆ ਵਿੱਚੋਂ ਰੇਤ ਅਤੇ ਬਜਰੀ ਕੱਢਣ ਲਈ ਟਰੱਕ ਟਰਾਲੀਆਂ ਜਾਂਦੇ ਹਨਕੁਦਰਤੀ ਹੈ ਕਿ ਉਹ ਆਪਣੇ ਲਈ ਪਟੜੀ ਵਿੱਚ ਰਾਹ ਬਣਾਉਂਦੇ ਹੋਣਗੇਕੀ ਇਨ੍ਹਾਂ ਰਾਹਾਂ ਨੂੰ ਮੁੜ ਚੰਗੀ ਤਰ੍ਹਾਂ ਬੰਦ ਕੀਤਾ ਗਿਆ ਜਾਂ ਇੱਥੇ ਪੱਕੇ ਅਤੇ ਉੱਚੇ ਰਾਹ ਬਣਾਏ ਗਏ ਹਨਕਈ ਥਾਂਵੀਂ ਦਰਿਆ ਵਿੱਚ ਫ਼ਸਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਹੁੰਦੀ ਹੈਇਨ੍ਹਾਂ ਨੂੰ ਖਾਣ ਚੂਹੇ ਵੀ ਆਉਂਦੇ ਹਨਇਹ ਚੂਹੇ ਆਪਣੀਆਂ ਖੁੱਡਾਂ ਪਟੜੀਆਂ ਵਿੱਚ ਵੀ ਬਣਾਉਂਦੇ ਹੋਣਗੇਦਰਿਆ ਵਿੱਚ ਖੜ੍ਹਾ ਕਮਾਦ ਵੀ ਪਾਣੀ ਲਈ ਰੁਕਾਵਟ ਬਣੇਗਾਸਮੇਂ ਦੇ ਬੀਤਣ ਨਾਲ ਰੁੱਖ ਉੱਗ ਆਏ ਹਨ ਤੇ ਉਹ ਵੱਡੇ ਵੀ ਹੋ ਗਏ ਹਨਇਸ ਪਾਸੇ ਵੀ ਧਿਆਨ ਨਹੀਂ ਦਿੱਤਾ ਜਾਂਦਾ ਹੈਗੁਸਤਾਖੀ ਮੁਆਫ਼, ਫੰਡ ਜ਼ਰੂਰ ਖਰਚ ਹੋ ਜਾਂਦੇ ਹਨ ਤੇ ਕਈ ਵਾਰ ਮੁਰੰਮਤ ਕੇਵਲ ਕਾਗਜ਼ਾਂ ਤਕ ਹੀ ਸੀਮਿਤ ਰਹਿ ਜਾਂਦੀ ਹੈਮਨਰੇਗਾ ਦੇ ਫੰਡ ਵੀ ਇਸ ਕਾਰਜ ਲਈ ਵਰਤੇ ਜਾ ਸਕਦੇ ਹਨਪਟੜੀ ਬਣਿਆ ਸੱਠ ਸਾਲ ਹੋ ਗਏ ਹਨਇੰਨੇ ਸਮੇਂ ਵਿੱਚ ਤਾਂ ਇਸ ਨੂੰ ਉੱਚਾ ਕਰਕੇ ਪੱਕਾ ਕੀਤਾ ਜਾ ਸਕਦਾ ਸੀਪੱਕੀ ਪਟੜੀ ਉੱਤੋਂ ਜੇਕਰ ਪਾਣੀ ਉੱਛਲ ਵੀ ਜਾਵੇ ਤਾਂ ਉਸ ਨੂੰ ਸਾਂਭਿਆ ਜਾ ਸਕਦਾ ਹੈ

ਪੰਜਾਬੀਆਂ ਵਿੱਚ ਸੇਵਾ ਦੀ ਭਾਵਨਾ ਹੈ, ਉਹ ਹਰ ਮੁਸੀਬਤ ਸਮੇਂ ਅੱਗੇ ਵਧ ਕੇ ਦੁਖੀਆਂ ਦੀ ਬਾਂਹ ਫੜਦੇ ਹਨਪਰ ਕੁਝ ਅਜਿਹੇ ਵੀ ਹਨ ਜਿਹੜੇ ਇਸ ਮੁਸੀਬਤ ਦਾ ਲਾਭ ਲੈਣ ਦਾ ਯਤਨ ਕਰਦੇ ਹਨਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਇਸ ਵਾਰ ਆਪ ਅੱਗੇ ਹੋ ਕੇ ਰਾਹਤ ਦਾ ਕਾਰਜ ਕਰ ਰਹੇ ਹਨਉਨ੍ਹਾਂ ਨੂੰ ਬੇਨਤੀ ਹੈ ਇਸ ਪਾਸਿਉਂ ਵਿਹਲੇ ਹੋ ਕੇ ਪਟੜੀਆਂ ਦਾ ਨਿਰੀਖਣ ਕਰੋ ਅਤੇ ਆਪਣੇ ਸਾਹਮਣੇ ਇਨ੍ਹਾਂ ਦੀ ਮੁਰੰਮਤ ਕਰਵਾਓ ਕਿਉਂਕਿ ਕਈ ਵਾਰ ਜਦੋਂ ਮੁਸੀਬਤ ਟਲ ਜਾਂਦੀ ਹੈ ਤਾਂ ਅਸੀਂ ਆਰਾਮ ਨਾਲ ਬੈਠ ਜਾਂਦੇ ਹਾਂ ਅਤੇ ਭਵਿੱਖ ਵਿੱਚ ਅਜਿਹਾ ਨਾ ਹੋਵੇ, ਉਸ ਬਾਰੇ ਸੋਚਦੇ ਨਹੀਂ ਹਾਂਡੈਮਾਂ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਕਿ ਮਈ ਜੂਨ ਵਿੱਚ ਪਾਣੀ ਪੂਰਾ ਛੱਡਿਆ ਜਾਵੇਮਈ ਵਿੱਚ ਨਰਮੇ ਦੀ ਬਿਜਾਈ ਅਤੇ ਜੂਨ ਵਿੱਚ ਝੋਨੇ ਦੀ ਲੁਆਈ ਵਧੀਆ ਹੋ ਜਾਵੇਗੀ ਅਤੇ ਡੈਮ ਵਿੱਚ ਬਰਸਾਤ ਦੇ ਪਾਣੀ ਲਈ ਥਾਂ ਬਣ ਜਾਵੇਗੀਜਦੋਂ ਪਤਾ ਲੱਗੇ ਕਿ ਬਰਸਾਤ ਬਹੁਤ ਹੋ ਰਹੀ ਹੈ ਤਾਂ ਹੜ੍ਹ ਗੇਟ ਉਦੋਂ ਹੀ ਨਾ ਖੋਲ੍ਹੇ ਜਾਣ ਜਦੋਂ ਪਾਣੀ ਖਤਰੇ ਦੇ ਨਿਸ਼ਾਨ ਨੂੰ ਟੱਪ ਜਾਵੇ ਸਗੋਂ ਥੋੜ੍ਹੀ ਮਿਕਦਾਰ ਵਿੱਚ ਪਾਣੀ ਛੱਡ ਦੇਣਾ ਚਾਹੀਦਾ ਹੈਅਚਾਨਕ ਸਾਰੇ ਗੇਟ ਖੋਲ੍ਹਣ ਨਾਲ ਹੀ ਹੜ੍ਹ ਆਉਂਦੇ ਹਨਪਿੰਡਾਂ ਦੇ ਲੋਕ ਬਿਨਾਂ ਕਸੂਰ ਤੋਂ ਸਜ਼ਾ ਭੁਗਤਦੇ ਹਨਕਈ ਵਰ੍ਹੇ ਲੱਗ ਜਾਂਦੇ ਮੁੜ ਗੱਡੀ ਲੀਹੇ ਆਉਂਦਿਆਂਫੈਸਲੇ ਕਰਦੇ ਸਮੇਂ ਕਾਇਦੇ ਕਾਨੂੰਨ ਤੋਂ ਵੱਧ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਹੈਕਾਨੂੰਨ ਵੀ ਤਾਂ ਲੋਕ ਭਲਾਈ ਵੀ ਹੀ ਬਣਦੇ ਹਨਇਨ੍ਹਾਂ ਕਾਰਨ ਕਿਸੇ ਦੀ ਤਬਾਹੀ ਹੋਵੇ, ਇਹ ਜਾਇਜ਼ ਨਹੀਂ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author