“ਉਨ੍ਹਾਂ ਨਾਬਰਾਬਰੀ ਅਤੇ ਜਬਰ ਜ਼ੁਲਮ ਵਿਰੁੱਧ ਅਵਾਜ਼ ਬੁਲੰਦ ਕੀਤੀ। ਜਿੱਥੇ ਵੀ ...”
(5 ਅਕਤੂਬਰ 2026)
ਪੰਜਾਬ ਦਾ ਇੱਕ ਪਿੰਡ ਰਾਏ ਬੁਲਾਰ ਭੱਟੀ ਦੀ ਤਲਵੰਡੀ, ਉਸੇ ਪਿੰਡ ਰਾਏ ਬੁਲਾਰ ਦਾ ਦੀਵਾਨ ਮਹਿਤਾ ਕਾਲੂ ਬੇਦੀ ਰਹਿੰਦਾ ਸੀ। ਸ਼ਾਦੀ ਤੋਂ ਕਈ ਸਾਲਾਂ ਪਿੱਛੋਂ ਦੀਵਾਨ ਮਹਿਤਾ ਜੀ ਅਤੇ ਮਾਤਾ ਤ੍ਰਿਪਤਾ ਦੇ ਘਰ ਇੱਕ ਬੱਚੀ ਦਾ ਜਨਮ ਹੋਇਆ। ਪਹਿਲਾ ਜਣੇਪਾ ਤਾਂ ਪੇਕੇ ਘਰ ਹੀ ਹੁੰਦਾ ਹੈ; ਇਸ ਕਰਕੇ ਨਾਨੀ ਨੇ ਬੱਚੀ ਦਾ ਨਾਮ ਨਾਨਕੀ ਰੱਖਿਆ। ਕੁਝ ਸਮੇਂ ਪਿੱਛੋਂ ਉਨ੍ਹਾਂ ਦੇ ਘਰ ਇੱਕ ਪੁੱਤਰ ਦਾ ਪ੍ਰਕਾਸ਼ ਹੋਇਆ, ਜਿਸਦਾ ਨਾਮ ਨਾਨਕ ਰੱਖਿਆ ਗਿਆ। ਖੂਬ ਖੁਸ਼ੀ ਮਨਾਈ ਗਈ। ਸਾਰੇ ਪਿੰਡ ਵਿੱਚ ਮਠਿਆਈ ਵੰਡੀ ਗਈ। ਨਾਨਕ ਕੁਝ ਵੱਡਾ ਹੋਇਆ ਤਾਂ ਸਕੂਲੇ ਭੇਜਿਆ ਪਰ ਉਸਨੇ ਅਧਿਆਪਕ ਨੂੰ ਅਜਿਹੇ ਪ੍ਰਸ਼ਨ ਪੁੱਛੇ ਕਿ ਅਧਿਆਪਕ ਨੇ ਹੱਥ ਖੜ੍ਹੇ ਕਰ ਦਿੱਤੇ। ਪਿਤਾ ਜੀ ਨੂੰ ਫਿਕਰ ਹੋਇਆ। ਸਫਲਤਾ ਲਈ ਬੱਚੇ ਦੀ ਪੜ੍ਹਾਈ ਜ਼ਰੂਰੀ ਹੁੰਦੀ ਹੈ।
ਨਾਨਕ ਵੱਡਾ ਹੋਇਆ ਤਾਂ ਧਾਰਮਿਕ ਰਸਮਾਂ ਅਨੁਸਾਰ ਜਨੇਊ ਪਹਿਨਾਣ ਦੀ ਤਿਆਰੀ ਸ਼ੁਰੂ ਹੋਈ। ਸਾਰਾ ਭਾਈਚਾਰਾ ਹਾਜ਼ਰ ਸੀ। ਪਕਵਾਨ ਪੱਕ ਰਹੇ ਸਨ ਪਰ ਬਾਲ ਨਾਨਕ ਨੇ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ। ਪੰਡਿਤ ਜੀ ਨੂੰ ਅਜਿਹੇ ਸਵਾਲ ਪੁੱਛੇ ਕਿ ਉਹ ਗੁੱਸੇ ਵਿੱਚ ਆ ਕੇ ਉੱਥੋਂ ਚਲਾ ਗਿਆ। ਸਾਰੇ ਭਾਈਚਾਰੇ ਨੇ ਬੁਰਾ ਮਨਾਇਆ। ਪਹਿਲਾਂ ਸਕੂਲ ਤੇ ਹੁਣ ਇਸ ਪਵਿੱਤਰ ਰਸਮ ਤੋਂ ਇਨਕਾਰੀ ਹੋਣ ਨਾਲ ਪਿਤਾ ਮਹਿਤਾ ਕਾਲੂ ਦਾ ਗੁੱਸੇ ਅਤੇ ਫਿਕਰਮੰਦ ਹੋਣਾ ਸੁਭਾਵਿਕ ਸੀ। ਕੇਵਲ ਭੈਣ ਨਾਨਕੀ ਅਤੇ ਰਾਏ ਬੁਲਾਰ ਨੇ ਇਸਦਾ ਬੁਰਾ ਨਹੀਂ ਮਨਾਇਆ ਸਗੋਂ ਮਹਿਤਾ ਜੀ ਨੂੰ ਗੁੱਸਾ ਕਰਨ ਤੋਂ ਸਮਝਾਇਆ। ਭੈਣ ਨਾਨਕੀ ਅਤੇ ਰਾਏ ਬੁਲਾਰ ਨੇ ਹੀ ਅਨੁਭਵ ਕੀਤਾ ਕਿ ਇਹ ਬਾਲਕ ਸਧਾਰਨ ਨਹੀਂ ਹੈ, ਬਾਲਕ ਹਮੇਸ਼ਾ ਕੁਝ ਸੋਚਦਾ ਰਹਿੰਦਾ।
ਨਾਨਕ ਪਿੰਡੋਂ ਬਾਹਰ ਟਿੱਬੇ ਉੱਤੇ ਬੈਠ ਆਉਂਦੇ ਜਾਂਦੇ ਸਾਧੂਆਂ, ਫਕੀਰਾਂ ਨਾਲ ਸੰਵਾਦ ਰਚਾਉਂਦਾ, ਉਨ੍ਹਾਂ ਤੋਂ ਕੁਝ ਜਾਣਨ ਦੀ ਕੋਸ਼ਿਸ਼ ਕਰਦਾ ਪਰ ਨਿਰਾਸਤਾ ਹੀ ਪੱਲੇ ਪੈਂਦੀ। ਪਿਤਾ ਦਾ ਫਿਕਰਮੰਦ ਹੋਣਾ ਸੁਭਾਵਿਕ ਹੀ ਸੀ। ਇਸੇ ਉਮਰ ਵਿੱਚ ਬੱਚੇ ਆਪਣੇ ਭਵਿੱਖ ਬਾਰੇ ਸੋਚਦੇ ਹਨ, ਮਾਪਿਆਂ ਦਾ ਹੱਥ ਵਟਾਉਂਦੇ ਹਨ ਅਤੇ ਕੰਮਕਾਜ ਵਿੱਚ ਦਿਲਚਸਪੀ ਲੈਂਦੇ ਹਨ ਪਰ ਨਾਨਕ ਵਲ ਦੇਖ ਪਿਤਾ ਹਮੇਸ਼ਾ ਫਿਕਰਾਂ ਵਿੱਚ ਡੁੱਬਿਆ ਰਹਿੰਦਾ। ਪ੍ਰਮਾਤਮਾ ਨਾਲ ਗਿਲਾ ਕਰਦਾ, “ਤੂੰ ਕੁੱਲ ਦਾ ਚਿਰਾਗ ਤਾਂ ਦਿੱਤਾ ਪਰ ਇਹ ਤਾਂ ਕੁੱਲ ਨੂੰ ਹਨੇਰੇ ਵਲ ਧੱਕ ਰਿਹਾ ਹੈ। ਇੱਥੋਂ ਤਕ ਕਿ ਇਹ ਤਾਂ ਡੰਗਰਾਂ ਨੂੰ ਵੀ ਚਾਰਨ ਜੋਗਾ ਨਹੀਂ ਹੈ, ਉੱਥੋਂ ਵੀ ਉਲ੍ਹਾਮਾ ਲੈ ਕੇ ਆ ਗਿਆ। ਆਖਰ ਇਸ ਨੂੰ ਕਿਵੇਂ ਆਹਰੇ ਲਾਇਆ ਜਾਵੇ?” ਇਹੋ ਸੋਚ ਪਿਤਾ ਨੂੰ ਹਮੇਸ਼ਾ ਸਤਾਉਂਦੀ ਰਹਿੰਦੀ ਸੀ। ਇਹ ਤਾਂ ਭੈਣ ਨਾਨਕੀ ਸੀ ਜਿਹੜੀ ਹਮੇਸ਼ਾ ਪਿਤਾ ਦੇ ਗੁੱਸੇ ਨੂੰ ਠੰਢਾ ਕਰਦੀ ਸੀ।
ਪਿਤਾ ਨੇ ਸੋਚਿਆ, ਹੋਰ ਤਾਂ ਕੁਝ ਕਰਦਾ ਨਹੀਂ ਹੈ, ਇਸ ਨੂੰ ਵਿਉਪਾਰ ਦੇ ਪਾਸੇ ਹੀ ਪਾ ਕੇ ਦੇਖ ਲੈਂਦੇ ਹਾਂ। ਪਿਤਾ ਨੇ ਉਸ ਨੂੰ ਕੁਝ ਪੈਸੇ ਦਿੱਤੇ ਤੇ ਆਖਿਆ ਕਿ ਨੇੜੇ ਦੇ ਕਸਬੇ ਵਿੱਚ ਜਾ ਕੇ ਕੋਈ ਅਜਿਹਾ ਸੌਦਾ ਕਰਨਾ ਜਿਸ ਨਾਲ ਚਾਰ ਪੈਸਿਆਂ ਦੀ ਕਮਾਈ ਹੋ ਸਕੇ। ਇਹ ਆਖਿਆ ਜਾਂਦਾ ਹੈ ਕਿ ਇਹ ਰਕਮ ਵੀਹ ਰੁਪਏ ਸੀ। ਪਿਤਾ ਜੀ ਉਸਦੀ ਵਾਪਸੀ ਦਾ ਬੇਚੈਨੀ ਨਾਲ ਇੰਤਜ਼ਾਰ ਕਰ ਰਹੇ ਸਨ ਕਿ ਪਤਾ ਨਹੀਂ ਕਿਹੋ ਜਿਹਾ ਵਿਉਪਾਰ ਕਰੇਗਾ, ਕਿਤੇ ਮੇਰੇ ਪੈਸਿਆਂ ਨੂੰ ਉਜਾੜ ਕੇ ਨਾ ਆ ਜਾਵੇ। ਤ੍ਰਕਾਲਾਂ ਪੈ ਗਈਆਂ, ਹਨੇਰਾ ਹੋਣ ਲੱਗਾ ਪਰ ਨਾਨਕ ਵਾਪਸ ਘਰ ਨਹੀਂ ਪਹੁੰਚਿਆ। ਸਾਰੇ ਟੱਬਰ ਨੂੰ ਫਿਕਰ ਹੋਣਾ ਸੁਭਾਵਿਕ ਸੀ। ਰਾਹ ਵਿੱਚ ਜੰਗਲ ਸੀ ਜਿੱਥੇ ਚੋਰ ਅਤੇ ਠੱਗ ਰਹਿੰਦੇ ਸਨ। ਮਹਿਤਾ ਕਾਲੂ ਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਕਿਸੇ ਲੁਟੇਰੇ ਨੇ ਨਾਨਕ ਨੂੰ ਲੁੱਟ ਨਾ ਲਿਆ ਹੋਵੇ। ਮਾਤਾ ਜੀ ਘਰ ਦੇ ਮੰਦਰ ਵਿੱਚ ਪ੍ਰਾਥਨਾ ਕਰਨ ਲੱਗੀ। ਪਿਤਾ ਜੀ ਬੇਚੈਨੀ ਨਾਲ ਵਿਹੜੇ ਵਿੱਚ ਗੇੜੇ ਮਾਰ ਰਹੇ ਸਨ। ਇਹ ਤਾਂ ਬੀਬੀ ਨਾਨਕੀ ਹੀ ਸੀ ਜਿਹੜੀ ਸਾਰਿਆਂ ਨੂੰ ਹੌਸਲਾ ਦੇ ਰਹੀ ਸੀ ਕਿ ਮੇਰੇ ਵੀਰ ਨੂੰ ਕੁਝ ਨਹੀਂ ਹੋਵੇਗਾ। ਉਹ ਬੱਸ ਘਰ ਪਹੁੰਚਣ ਵਾਲਾ ਹੀ ਹੋਣਾ ਹੈ। ਉਹ ਬਹੁਤ ਸੁਝਵਾਨ ਹੈ। ਉਸ ਨਾਲ ਕੁਝ ਗਲਤ ਨਹੀਂ ਹੋ ਸਕਦਾ।
ਮਹਿਤਾ ਜੀ ਗੁੱਸੇ ਵਿੱਚ ਅਤੇ ਫਿਕਰ ਵਿੱਚ ਸਨ ਬੋਲੇ, “ਸੁਆਹ ਸੂਝਵਾਨ ਹੈ? ਬਿਲਕੁਲ ਨਿਕੰਮਾ, ਕੋਈ ਕੰਮ ਨਹੀਂ ਕਰਦਾ। ਉਸਦੇ ਹਾਣੀਆਂ ਨੇ ਆਪੋ ਆਪਣੇ ਪਰਿਵਾਰ ਦੇ ਕੰਮਾਂ ਨੂੰ ਸੰਭਾਲ ਲਿਆ ਹੈ। ਮੈਨੂੰ ਤਾਂ ਇਸਦਾ ਹੀ ਫਿਕਰ ਹੈ, ਇਸਦਾ ਗੁਜ਼ਾਰਾ ਕਿਵੇਂ ਚੱਲੇਗਾ। ਉਹ ਤਾਂ ਮੱਝਾਂ ਵੀ ਨਹੀਂ ਚਾਰ ਸਕਿਆ। ਲੋਕਾਂ ਦੀ ਫਸਲ ਖਾ ਗਈਆਂ। ਇਹ ਤਾਂ ਰਾਏ ਸਾਹਿਬ ਸਨ ਜਿਨ੍ਹਾਂ ਨੇ ਕਿਸਾਨਾਂ ਨੂੰ ਕੁਝ ਦੇ ਦੁਆ ਕੇ ਝਗੜਾ ਖਤਮ ਕਰ ਦਿੱਤਾ ਨਹੀਂ ਤਾਂ ਮੇਰੇ ਲਈ ਤਾਂ ਨੁਕਸਾਨ ਭਰਨਾ ਮੁਸ਼ਕਿਲ ਹੋ ਜਾਣਾ ਸੀ।”
ਉਦੋਂ ਹੀ ਦਰਵਾਜ਼ੇ ਉੱਤੇ ਦਸਤਕ ਹੋਈ। ਮਹਿਤਾ ਜੀ ਨੇ ਦਰਵਾਜ਼ਾ ਖੋਲ੍ਹਿਆ, ਬਾਹਰ ਨਾਨਕ ਦਾ ਕੋਈ ਹਾਣੀ ਮੁੰਡਾ ਖੜ੍ਹਾ ਸੀ। ਉਸ ਮੁੰਡੇ ਨੇ ਆਖਿਆ ਕਿ ਨਾਨਕ ਦਾ ਪਤਾ ਲੱਗ ਗਿਆ ਹੈ। ਮਹਿਤਾ ਜੀ ਬਹੁਤ ਖੁਸ਼ ਹੋਏ ਤੇ ਤੀਬਰ ਉਤਸੁਕਤਾ ਨਾਲ ਪੁੱਛਣ ਲੱਗੇ, “ਕਿੱਥੇ ਹੈ?”
“ਉਹ ਟਿੱਬੇ ਉੱਤੇ ਝਿੜੀ ਵਿੱਚ ਲੁਕਿਆ ਬੈਠਾ ਹੈ।”
ਮਹਿਤਾ ਜੀ ਨੂੰ ਹੈਰਾਨੀ ਹੋਈ ਕਿ ਉਹ ਲੁਕਿਆ ਕਿਉਂ ਬੈਠਾ ਹੈ। ਮਹਿਤਾ ਜੀ ਤੁਰੰਤ ਰਾਏ ਬੁਲਾਰ ਸਾਹਿਬ ਦੀ ਹਵੇਲੀ ਗਏ ਤੇ ਉਨ੍ਹਾਂ ਨੂੰ ਨਾਲ ਲੈ ਕੇ ਝਿੜੀ ਵਿੱਚ ਪਹੁੰਚੇ। ਉਨ੍ਹਾਂ ਦੇਖਿਆ ਕਿ ਨਾਨਕ ਇੱਕ ਰੁੱਖ ਹੇਠ ਬੈਠਾ ਰੋ ਰਿਹਾ ਹੈ। ਮਹਿਤਾ ਜੀ ਨੂੰ ਲੱਗਿਆ ਕਿ ਨਾਨਕ ਨੂੰ ਸੱਚਮੁੱਚ ਕਿਸੇ ਨੇ ਲੁੱਟ ਲਿਆ ਹੈ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੇ ਰਾਏ ਸਾਹਿਬ ਨੇ ਆਪਣਾ ਹੱਥ ਨਾਨਕ ਦੇ ਸਿਰ ਉੱਤੇ ਰੱਖਿਆ, ਰਾਏ ਸਾਹਿਬ ਨਾਨਕ ਨੂੰ ਸਧਾਰਨ ਬਾਲ ਨਹੀਂ ਸਮਝਦੇ ਸਨ। ਉਨ੍ਹਾਂ ਪ੍ਰੇਮ ਨਾਲ ਪੁੱਛਿਆ, “ਪੁੱਤਰ ਕੀ ਹੋਇਆ ਤੂੰ ਘਰ ਕਿਉਂ ਨਹੀਂ ਆਇਆ?”
“ਮੈਨੂੰ ਬਾਪੂ ਜੀ ਤੋਂ ਡਰ ਲਗਦਾ ਸੀ” ਨਾਨਕ ਨੇ ਹਟਕੋਰਾ ਲੈਂਦੇ ਹੋਏ ਉੱਤਰ ਦਿੱਤਾ।
“ਤੂੰ ਮੈਥੋਂ ਕਿਉਂ ਡਰ ਰਿਹਾ ਹੈ?” ਮਹਿਤਾ ਜੀ ਨੇ ਗੁੱਸੇ ਵਿੱਚ ਆਖਿਆ। ਰਾਏ ਸਾਹਿਬ ਨੇ ਮਹਿਤਾ ਸਾਹਿਬ ਨੂੰ ਚੁੱਪ ਰਹਿਣ ਲਈ ਆਖਿਆ ਤੇ ਕਿਹਾ, ਮੈਨੂੰ ਗਲ ਕਰ ਲੈਣ ਦੇ। ਉਨ੍ਹਾਂ ਨੂੰ ਪਤਾ ਸੀ ਕਿ ਪਿਉ ਪੁੱਤ ਦੀ ਨਹੀਂ ਬਣਦੀ। ਮਹਿਤਾ ਕਾਲੂ ਨਾਨਕ ਤੋਂ ਦੁਖੀ ਹੀ ਰਹਿੰਦੇ ਸਨ। ਰਾਏ ਸਾਹਿਬ ਨੇ ਪੁੱਛਿਆ, “ਪੁੱਤਰ ਤੂੰ ਆਪਣੇ ਬਾਪੂ ਤੋਂ ਕਿਉਂ ਡਰਦਾ ਹੈ, ਕੀ ਤੂੰ ਕੁਝ ਗਲਤ ਕੀਤਾ ਹੈ?”
“ਨਹੀਂ, ਮੈਂ ਤਾਂ ਸਗੋਂ ਚੰਗਾ ਕੰਮ ਕਰਕੇ ਆਇਆ ਹਾਂ। ਪਰ ਮੈਨੂੰ ਪਤਾ ਬਾਪੂ ਜੀ ਨੂੰ ਇਹ ਚੰਗਾ ਨਹੀਂ ਲੱਗਣਾ। ਮੈਂ ਉਨ੍ਹਾਂ ਨੂੰ ਨਿਰਾਸ ਕੀਤਾ ਹੈ ਜਿਹੜਾ ਕਿ ਠੀਕ ਨਹੀਂ ਹੈ। ਮੈਨੂੰ ਸਮਝ ਨਹੀਂ ਆਉਂਦੀ ਚੰਗੇ ਤੇ ਮਾੜੇ ਵਿੱਚ ਕੀ ਸੰਬੰਧ ਹੁੰਦਾ ਹੈ।” ਨਾਨਕ ਦਾ ਉੱਤਰ ਸੀ।
“ਤੂੰ ਕਿਹੜਾ ਚੰਗਾ ਕੰਮ ਕਰਕੇ ਆਇਆ ਹੈ?” ਰਾਏ ਸਾਹਿਬ ਨੇ ਪੁੱਛਿਆ।
“ਅੱਜ ਸਵੇਰੇ ਬਾਪੂ ਜੀ ਨੇ ਮੈਨੂੰ 20 ਰੁਪਏ ਦਿੱਤੇ ਸਨ ਤੇ ਆਖਿਆ ਸੀ ਕਿ ਇਮਾਨਦਾਰੀ ਨਾਲ ਕੋਈ ਵਿਉਪਾਰ ਕਰੀਂ ਤੇ ਨਫ਼ਾ ਖਟ ਕੇ ਆਵੀਂ। ਮੈਂ ਚੂਹਣਕਾਣੇ ਵਲ ਜਾ ਰਿਹਾ ਸੀ ਕਿ ਰਾਹ ਵਿੱਚ ਪੈਂਦੇ ਜੰਗਲ ਵਿੱਚ ਕੁਝ ਨਾਂਗੇ ਸਾਧੂ ਬੈਠੇ ਸਨ। ਇੰਝ ਜਾਪਦਾ ਸੀ ਜਿਵੇਂ ਉਹ ਕਈ ਦਿਨਾਂ ਦੇ ਭੁੱਖੇ ਹੋਣ। ਮੈਂ ਉਨ੍ਹਾਂ ਨਾਲ ਵਿਚਾਰ ਕਰਨ ਲੱਗ ਪਿਆ। ਉਹ ਕਿਸੇ ਤੋਂ ਮੰਗ ਕੇ ਨਹੀਂ ਸਨ ਖਾਂਦੇ। ਕੋਈ ਆਪਣੇ ਆਪ ਭੋਜਨ ਦੇ ਜਾਵੇ ਤਾਂ ਹੀ ਖਾਂਦੇ ਸਨ। ਮੈਨੂੰ ਤਰਸ ਆ ਗਿਆ। ਮੈਂ ਪੈਸੇ ਦੇਣੇ ਚਾਹੇ ਪਰ ਉਨ੍ਹਾਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਭੀਖ ਨਹੀਂ ਸਨ ਲੈਂਦੇ। ਮੈਂ ਬਾਪੂ ਜੀ ਦੇ ਦਿੱਤੇ ਪੈਸਿਆਂ ਨਾਲ ਭੋਜਨ ਖਰੀਦ ਕੇ ਉਨ੍ਹਾਂ ਰੋਟੀ ਖੁਆ ਦਿੱਤੀ।”
ਇਸ ਤੋਂ ਪਹਿਲਾਂ ਕਿ ਰਾਏ ਬੁਲਾਰ ਕੁਝ ਆਖਦੇ, “ਮਹਿਤਾ ਕਾਲੂ ਜੀ ਨੇ ਗੁੱਸੇ ਵਿੱਚ ਇੱਕ ਥੱਪੜ ਮਾਰ ਦਿੱਤਾ। ਰਾਏ ਬੁਲਾਰ ਨੂੰ ਬੁਰਾ ਲੱਗਿਆ, ਉਨ੍ਹਾਂ ਆਖਿਆ, “ਜਵਾਨ ਪੁੱਤਰ ਉੱਤੇ ਹੱਥ ਨਹੀਂ ਚੁੱਕੀਦਾ।”
“ਮੈਂ ਕੀ ਕਰਾਂ... ਇਸਨੇ ਤਾਂ ਮੈਨੂੰ ਕਿਸੇ ਥਾਂ ਜੋਗਾ ਨਹੀਂ ਛੱਡਿਆ। ਮੇਰੀ ਮਿਹਨਤ ਦੀ ਕਮਾਈ ਉਨ੍ਹਾਂ ਵਿਹਲੜਾਂ ਨੂੰ ਖੁਆ ਆਇਆ ਹੈ। ਰੱਬਾ ਸੁੱਖਣਾ ਸੁੱਖ ਕੇ ਤੈਥੋਂ ਪੁੱਤਰ ਦੀ ਦਾਤ ਲਈ ਸੀ, ਇਸ ਨਾਲੋਂ ਮੈਂ ਬਿਨਾਂ ਪੁੱਤਰ ਤੋਂ ਹੀ ਚੰਗਾ ਸੀ। ਪਹਿਲਾਂ ਇਸ ਜਨੇਊ ਪਹਿਨਣ ਤੋਂ ਨਾਂਹ ਕਰਕੇ ਸਾਰੇ ਬੇਦੀ ਭਾਈਚਾਰੇ ਵਿੱਚ ਮੈਨੂੰ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ।”
ਰਾਏ ਬੁਲਾਰ ਸਾਹਿਬ ਨੇ ਉਨ੍ਹਾਂ ਨੂੰ ਚੁੱਪ ਕਰਵਾਉਂਦੇ ਹੋਏ ਆਖਿਆ, “ਜੇਕਰ ਤੂੰ ਨਾਨਕ ਤੋਂ ਇੰਨਾ ਹੀ ਦੁਖੀ ਹੈਂ ਤਾਂ ਇਹ ਮੈਨੂੰ ਦੇ ਦੇ, ਮੈਂ ਇਸ ਨੂੰ ਆਪਣਾ ਪੁੱਤਰ ਬਣਾਵਾਂਗਾ। ਅੱਜ ਤੋਂ ਨਾਨਕ ਮੇਰੇ ਜ਼ਿੰਮੇਵਾਰੀ ਹੈ। ਤੂੰ ਇਸ ਨੂੰ ਕੁਝ ਨਹੀਂ ਆਖਣਾ।”
ਰਾਏ ਸਾਹਿਬ ਨੇ ਨਾਨਕ ਨੂੰ ਉਠਾਇਆ ਤੇ ਪਿਆਰ ਨਾਲ ਘਰ ਛੱਡ ਕੇ ਗਏ ਤੇ ਮਹਿਤਾ ਕਾਲੂ ਜੀ ਨੂੰ ਤਾਕੀਦ ਕੀਤੀ ਕਿ ਨਾਨਕ ਨੂੰ ਕੁਝ ਨਹੀਂ ਕਹਿਣਾ। ਹੁਣ ਪਿਉ ਪੁੱਤਰ ਰਹਿੰਦੇ ਇੱਕੋ ਘਰ ਵਿੱਚ ਸਨ ਪਰ ਪਿਉ ਪੁੱਤਰ ਵਿੱਚ ਬੋਲਚਾਲ ਨਹੀਂ ਸੀ। ਕੇਵਲ ਨਾਨਕੀ ਹੀ ਸੀ ਜਿਸ ਰਾਹੀਂ ਦੋਵਾਂ ਵਿੱਚ ਗੱਲਬਾਤ ਹੁੰਦੀ ਸੀ।
ਫਿਰ ਭੈਣ ਨਾਨਕੀ ਦਾ ਵਿਆਹ ਹੋ ਗਿਆ ਤੇ ਉਹ ਆਪਣੇ ਸਹੁਰੇ ਘਰ ਸੁਲਤਾਨਪੁਰ ਚਲੀ ਗਈ। ਹੁਣ ਤਾਂ ਨਾਨਕ ਲਈ ਘਰ ਵਿੱਚ ਰਹਿਣਾ ਹੋਰ ਵੀ ਔਖਾ ਹੋ ਗਿਆ। ਉਹ ਸਾਰਾ ਦਿਨ ਟਿੱਬੇ ਉੱਤੇ ਰੁੱਖਾਂ ਹੇਠ ਬੈਠਾ ਸੋਚਦਾ ਰਹਿੰਦਾ ਜਾਂ ਫਿਰ ਆਉਂਦੇ ਜਾਂਦੇ ਸਾਧੂਆਂ ਨਾਲ ਵਿਚਾਰਾਂ ਕਰਦਾ।
ਕੁਝ ਸਮੇਂ ਪਿੱਛੋਂ ਭੈਣ ਨਾਨਕੀ ਨੇ ਪੇਕੇ ਘਰ ਫੇਰਾ ਪਾਇਆ। ਘਰ ਦੇ ਤਣਾਓ ਭਰੇ ਮਾਹੌਲ ਨੂੰ ਦੇਖ ਉਸ ਨੂੰ ਬਹੁਤ ਫਿਕਰ ਹੋਇਆ। ਉਸ ਮਾਪਿਆਂ ਨਾਲ ਸਲਾਹ ਕੀਤੀ ਕਿ ਨਾਨਕ ਦਾ ਵਿਆਹ ਕਰ ਦੇਣਾ ਚਾਹੀਦਾ ਹੈ। ਜਦੋਂ ਸਿਰ ਉੱਤੇ ਜ਼ਿੰਮੇਵਾਰੀ ਪਈ ਤਾਂ ਆਪਣੇ ਆਪ ਕੰਮਾਂਕਾਰਾਂ ਵਿੱਚ ਦਿਲਚਸਪੀ ਲੈਣ ਲੱਗ ਪਵੇਗਾ। ਪਹਿਲਾਂ ਤਾਂ ਪਿਤਾ ਨੇ ਨਾਂਹ ਕੀਤੀ ਪਰ ਫਿਰ ਸੋਚਿਆ ਕਿ ਨਾਨਕੀ ਠੀਕ ਹੀ ਕਹਿੰਦੀ ਹੈ। ਜਦੋਂ ਸਿਰ ਉੱਤੇ ਜ਼ਿੰਮੇਵਾਰੀ ਪਈ ਤਾਂ ਸ਼ਾਇਦ ਸੁਧਰ ਜਾਵੇਗਾ। ਮਾਤਾ ਤ੍ਰਿਪਤਾ ਨੇ ਪੁੱਛਿਆ, “ਬੇਟੀ ਤੇਰੀ ਪਛਾਣ ਵਿੱਚ ਕੋਈ ਲੜਕੀ ਹੈ?”
ਭੈਣ ਨਾਨਕੀ ਦਾ ਉੱਤਰੀ ਸੀ, “ਮੇਰੀ ਨਜ਼ਰ ਵਿੱਚ ਇੱਕ ਲੜਕੀ ਹੈ, ਉਸਦਾ ਨਾਮ ਸੁਲੱਖਣੀ ਹੈ। ਬਹੁਤ ਹੀ ਸਿਆਣੀ ਅਤੇ ਮਿੱਠ ਬੋਲੜੀ ਹੈ। ਪਿਤਾ ਨੇ ਆਖਿਆ ਪਹਿਲਾਂ ਨਾਨਕ ਤੋਂ ਪੁੱਛ ਲਵੋ, ਉਹ ਰਿਸ਼ਤੇ ਲਈ ਤਿਆਰ ਹੈ?”
ਬੇਬੇ ਨਾਨਕੀ ਨੇ ਨਾਨਕ ਨਾਲ ਗਲ ਤੋਰੀ। ਥੋੜ੍ਹੀ ਸੋਚ ਵਿਚਾਰ ਪਿੱਛੋਂ ਨਾਨਕ ਨੇ ਹਾਂ ਕਰ ਦਿੱਤੀ। ਉਸ ਸੋਚਿਆ ਕਿ ਮੈਂ ਆਪਣੇ ਸਵਾਲਾਂ ਦੇ ਉੱਤਰ ਇੱਕ ਸਾਧੂ ਜਾਂ ਫਕੀਰ ਬਣ ਨੇ ਨਹੀਂ ਚਾਹੁੰਦਾ ਸਗੋਂ ਗ੍ਰਹਿਸਥੀ ਜੀਵਨ ਜੀਉਂਦਿਆਂ ਕਿਵੇਂ ਸਫਲ ਸੁਖਾਵਾਂ ਜੀਵਨ ਜੀਵਿਆ ਜਾ ਸਕਦਾ ਹੈ, ਇਹ ਜਾਣਨਾ ਚਾਹੁੰਦਾ ਹਾਂ। ਭੈਣ ਨਾਨਕੀ ਅਤੇ ਭਾਈਆ ਜੈ ਰਾਮ ਜੀ ਨੇ ਲੜਕੀ ਦੇ ਪਿਤਾ ਮੂੰਲਚੰਦ ਖੱਤਰੀ ਨਾਲ ਗੱਲਬਾਤ ਕੀਤੀ। ਉਹ ਇਸ ਰਿਸ਼ਤੇ ਲਈ ਤਿਆਰ ਹੋ ਗਿਆ। ਸਾਦੇ ਢੰਗ ਨਾਲ ਨਾਨਕ ਦਾ ਵਿਆਹ ਕਰ ਦਿੱਤਾ ਗਿਆ।
ਮਾਤਾ ਸੁਲੱਖਣੀ ਬਹੁਤ ਹੀ ਸਿਆਣੀ ਤੇ ਮਿਲਾਪੜੇ ਸੁਭਾਉ ਦੀ ਸੀ। ਹੁਣ ਨਾਨਕ ਵੀ ਬਹੁਤਾ ਸਮਾਂ ਘਰ ਹੀ ਰਹਿਣ ਲੱਗ ਪਿਆ। ਪਿਉ ਪੁੱਤਰ ਵਿਚਲੀ ਤਲਖੀ ਨੂੰ ਸੁਲੱਖਣੀ ਜੀ ਘੱਟ ਕਰਨ ਦਾ ਯਤਨ ਕਰਦੇ। ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਜਿਸਦਾ ਨਾਮ ਸ੍ਰੀ ਚੰਦ ਰੱਖਿਆ ਗਿਆ। ਭੈਣ ਅਤੇ ਭਣੋਈਆ ਵਧਾਈ ਦੇਣ ਆਏ। ਮੁੜ ਇਹ ਵਿਚਾਰ ਸ਼ੁਰੂ ਹੋਈ, “ਹੁਣ ਨਾਨਕ ਕਬੀਲਦਾਰ ਹੋ ਗਿਆ ਹੈ, ਇਸ ਨੂੰ ਕੋਈ ਕਾਰੋਬਾਰ ਕਰਨਾ ਚਾਹੀਦਾ ਹੈ।”
ਭਾਈਆ ਜੈਰਾਮ ਨੇ ਸਲਾਹ ਦਿੱਤੀ ਕਿ ਨਾਨਕ ਨੂੰ ਸਾਡੇ ਕੋਲ ਭੇਜ ਦੇਵੋ, ਮੈਂ ਉੱਥੇ ਇਸ ਨੂੰ ਕੰਮ ਉੱਤੇ ਲਵਾ ਦੇਵਾਂਗਾ। ਭੈਣ ਘਰ ਭਰਾ ਦਾ ਰਹਿਣਾ ਸਮਾਜ ਵਿੱਚ ਬੁਰਾ ਮੰਨਿਆ ਜਾਂਦਾ ਹੈ ਪਰ ਇਹ ਕਿਸੇ ਆਹਰੇ ਲੱਗੇ, ਸੋਚਕੇ ਪਿਤਾ ਨੇ ਆਪਣੇ ਮਨ ਨੂੰ ਸਮਝਾ ਲਿਆ। ਨਾਨਕ ਵੀ ਘਰ ਦੀ ਖਿੱਚੋਤਾਣ ਨੂੰ ਦੇਖ ਭੈਣ ਕੋਲ ਸੁਲਤਾਨਪੁਰ ਲੋਧੀ ਜਾਣ ਲਈ ਤਿਆਰ ਹੋ ਗਿਆ।
ਨਾਨਕ ਜੀ ਨੂੰ ਮੋਦੀਖਾਨੇ ਵਿੱਚ ਵਧੀਆ ਨੌਕਰੀ ਮਿਲ ਗਈ। ਉਨ੍ਹਾਂ ਇਮਾਨਦਾਰੀ ਨਾਲ ਕੰਮ ਸ਼ੁਰੂ ਕਰ ਦਿੱਤਾ। ਇੱਥੇ ਵੀ ਉਹ ਆਪਣੇ ਸਵਾਲਾਂ ਦੇ ਜਵਾਬਾਂ ਬਾਰੇ ਸੋਚਦੇ ਰਹਿੰਦੇ। ਹੌਲੀ ਹੌਲੀ ਉਨ੍ਹਾਂ ਆਪਣੇ ਸਵਾਲਾਂ ਦੇ ਹੱਲ ਲੱਭ ਲਏ ਤੇ ਇਨ੍ਹਾਂ ਆਧਾਰਿਤ ਬਾਣੀ ਦੀ ਰਚਨਾ ਸ਼ੁਰੂ ਕੀਤੀ।
ਨਾਨਕ ਦੇ ਬਚਪਨ ਦਾ ਦੋਸਤ ਭਾਈ ਮਰਦਾਨਾ ਵੀ ਉੱਥੇ ਆ ਗਿਆ। ਰਾਤ ਨੂੰ ਬਾਬਾ ਨਾਨਕ ਨੇ ਮਰਦਾਨੇ ਦੀ ਰਬਾਬ ਦੀਆਂ ਧੁਨਾਂ ਉੱਤੇ ਆਪਣੀ ਬਾਣੀ ਦਾ ਗਾਇਨ ਕਰਦੇ। ਹੌਲੀ ਹੌਲੀ ਸੰਗਤ ਜੁੜਨ ਲੱਗੀ। ਬਾਬਾ ਨਾਨਕ ਨੇ ਹੁਣ ਆਪਣੇ ਮਿਸ਼ਨ ਦਾ ਪ੍ਰਚਾਰ ਕਰਨ ਦਾ ਫੈਸਲਾ ਕੀਤਾ ਤੇ ਨੌਕਰੀ ਛੱਡ ਦਿੱਤੀ। ਉਨ੍ਹਾਂ ਆਖਿਆ ਧਰਮ ਅਤੇ ਜਾਤ ਦੇ ਨਾਮ ਉੱਤੇ ਪਈਆਂ ਵੰਡੀਆਂ ਗਲਤ ਹਨ। ਸਾਰੇ ਇੱਕ ਦੀ ਹੀ ਸੰਤਾਨ ਹਨ ਤੇ ਬਰਾਬਰ ਹਨ। ਕਰਮਕਾਂਡਾਂ ਵਿੱਚ ਉਲਝ ਕੇ ਧਰਮ ਗੁਰੂਆਂ ਵੱਲੋਂ ਕੀਤੀ ਲੁੱਟ ਦਾ ਉਨ੍ਹਾਂ ਵਿਰੋਧ ਕੀਤਾ। ਸਰਕਾਰੀ ਜ਼ੁਲਮ ਵਿਰੁੱਧ ਜਾਲਮਾਂ ਨੂੰ ਵੰਗਾਰਿਆ ਅਤੇ ਜ਼ੁਲਮ ਸਹਿ ਰਹੀ ਨੀਚ ਆਖੀ ਜਾਣ ਵਾਲੀ ਬਹੁਗਿਣਤੀ ਨੂੰ ਲਲਕਾਰਿਆ ਤੇ ਆਪਣੇ ਆਪ ਨੂੰ ਹਮੇਸ਼ਾ ਨੀਚ ਸਮਝੀ ਜਾਂਦੀ ਲੋਕਾਈ ਨਾਲ ਖੜ੍ਹਾ ਕੀਤਾ।
ਸੁਲਤਾਨਪੁਰ ਰਹਿੰਦਿਆਂ ਉਨ੍ਹਾਂ ਦੇ ਘਰ ਦੂਜੇ ਪੁੱਤਰ ਦਾ ਜਨਮ ਹੋਇਆ। ਵਾਪਸ ਤਲਵੰਡੀ ਜਾਣ ਲਈ ਭੈਣ ਤੋਂ ਆਗਿਆ ਲਈ ਅਤੇ ਟਬਰ ਨੂੰ ਲੈ ਕੇ ਤਲਵੰਡੀ ਆ ਗਏ। ਪਿਤਾ ਮਹਿਤਾ ਕਾਲੂ ਨੂੰ ਦੁੱਖ ਹੋਇਆ ਕਿ ਨਾਨਕ ਇੰਨੀ ਵਧੀਆ ਨੌਕਰੀ ਤਿਆਗ ਕੇ ਆ ਗਿਆ ਹੈ। ਹੁਣ ਜਵਾਨ ਅਤੇ ਕਬੀਲਦਾਰ ਪੁੱਤਰ ਨੂੰ ਕੁਝ ਆਖ ਵੀ ਨਹੀਂ ਸੀ ਸਕਦੇ। ਉਨ੍ਹਾਂ ਨੂੰ ਦੁੱਖ ਹੁੰਦਾ ਜਦੋਂ ਉਹ ਆਪਣੇ ਹੀ ਪੁੱਤਰ ਨੂੰ ਮਰਦਾਨੇ ਦੀ ਰਬਾਬ ਉੱਤੇ ਆਪਣੇ ਸ਼ਬਦਾਂ ਗਾਇਨ ਕਰਦੇ ਦੇਖਦੇ।
ਕੁਝ ਦਿਨਾਂ ਪਿੱਛੋਂ ਬਾਬੇ ਨਾਨਕ ਨੇ ਫੈਸਲਾ ਕੀਤਾ ਕਿ ਆਪਣੇ ਮਿਸ਼ਨ ਦੀ ਪੂਰਤੀ ਲਈ ਘਰੋਂ ਨਿਕਲਿਆ ਜਾਾਵੇ। ਮਰਦਾਨੇ ਨੂੰ ਨਾਲ ਚੱਲਣ ਲਈ ਆਖਿਆ। ਕੁਝ ਸੋਚਣ ਪਿੱਛੋਂ ਮਰਦਾਨਾ ਤਿਆਰ ਹੋ ਗਿਆ। ਬਾਬਾ ਨਾਨਕ ਜਦੋਂ ਘਰੋਂ ਤੁਰਿਆ ਤਾਂ ਮਾਤਾ ਨੇ ਪੁੱਛਿਆ, “ਪੁੱਤਰ ਕਦੋਂ ਵਾਪਸ ਆਵੇਂਗਾ?”
“ਕੁਝ ਨਹੀਂ ਆਖਿਆ ਜਾ ਸਕਦਾ।” ਪਿਤਾ ਮਹਿਤਾ ਕਾਲੂ ਦੁਖੀ ਸੀ। ਨਾਨਕ ਨੂੰ ਡਰ ਸੀ ਕਿ ਪਿਤਾ ਜੀ ਕਲੇਸ਼ ਕਰਨਗੇ ਪਰ ਉਨ੍ਹਾਂ ਆਪਣੇ ਗੁੱਸੇ ਉੱਤੇ ਕਾਬੂ ਪਾਇਆ। ਸੁਲੱਖਣੀ ਜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਾਨਕ ਘਰੋਂ ਨਿਕਲ ਗਏ। ਬਰੂਹਾਂ ਵਿੱਚ ਖੜ੍ਹੇ ਮਾਤਾ ਪਿਤਾ ਅਤੇ ਪਤਨੀ ਬੇਵਸੀ ਵਿੱਚ ਖੜ੍ਹੇ ਨਾਨਕ ਨੂੰ ਜਾਂਦਿਆਂ ਦੇਖ ਰਹੇ ਸੀ, ਜਿਸਦਾ ਪਤਾ ਨਹੀਂ ਸੀ ਕਿ ਉਹ ਕਿੱਥੇ ਜਾ ਰਿਹਾ ਹੈ ਤੇ ਕਦੋਂ ਵਾਪਸ ਆਵੇਗਾ। ਦੋਵੇਂ ਪੁੱਤਰ ਹੈਰਾਨੀ ਨਾਲ ਦੇਖ ਰਹੇ ਸਨ। ਜਦੋਂ ਜੋੜੀ ਅੱਖੋਂ ਔਝਲ ਹੋ ਗਈ ਤਾਂ ਮਾਤਾ ਪਿਤਾ ਅਤੇ ਪਤਨੀ ਆਪਣੇ ਹੰਝੂਆਂ ਉੱਤੇ ਹੋਰ ਕਾਬੂ ਨਾ ਪਾ ਸਕੇ।
ਗੁਰੂ ਨਾਨਕ ਅਤੇ ਮਰਦਾਨੇ ਨੂੰ ਪਤਾ ਨਹੀਂ ਸੀ ਉਹ ਕਿੱਥੇ ਜਾ ਰਹੇ ਹਨ, ਕਿੱਥੇ ਰਹਿਣਗੇ ਤੇ ਕੀ ਖਾਣਗੇ। ਬਾਬੇ ਨੇ ਮਰਦਾਨੇ ਨਾਲ ਚੌਵੀ ਸਾਲ ਸਾਰੇ ਸੰਸਾਰ ਦੀ ਪੈਦਲ ਯਾਤਰਾ ਕੀਤੀ। ਕਈ ਰਾਤਾਂ ਭੁੱਖੇ ਰਹਿ ਰੁੱਖਾਂ ਹੇਠ ਕੱਟੀਆਂ। ਉਨ੍ਹਾਂ ਜੋ ਪ੍ਰਚਾਰਿਆ ਉਸ ਨੂੰ ਕਰਕੇ ਵਿਖਾਇਆ। ਮਰਦਾਨੇ ਨੂੰ ਆਪਣਾ ਸਾਥੀ ਬਣਾਇਆ, ਜਿਹੜਾ ਦੂਜੇ ਧਰਮ ਦਾ ਅਤੇ ਅਖੌਤੀ ਉਸ ਜਾਤ ਦਾ ਸੀ, ਜਿਸ ਨੂੰ ਨੀਵੀਂ ਜਾਤ ਆਖਿਆ ਜਾਂਦਾ ਸੀ। ਉਨ੍ਹਾਂ ਨਾਬਰਾਬਰੀ ਅਤੇ ਜਬਰ ਜ਼ੁਲਮ ਵਿਰੁੱਧ ਅਵਾਜ਼ ਬੁਲੰਦ ਕੀਤੀ। ਜਿੱਥੇ ਵੀ ਕਿਸੇ ਮਹਾਂਪੁਰਖ ਦਾ ਪਤਾ ਲੱਗਿਆ, ਉਸ ਨਾਲ ਸੰਵਾਦ ਰਚਾਇਆ ਤੇ ਆਪਣੇ ਮਿਸ਼ਨ ਦੇ ਲੜ ਲਾਇਆ। ਧਾਰਮਿਕ ਕਰਮਕਾਂਡਾਂ ਦਾ ਮੰਦਰਾਂ ਵਿੱਚ ਜਾ ਕੇ ਵਿਰੋਧ ਕੀਤਾ। ਉਨ੍ਹਾਂ ਕਰਮਾਤਾਂ ਨਾਲ ਨਹੀਂ ਸਗੋਂ ਆਪਣੇ ਬੋਲਾਂ, ਬਾਣੀ, ਦਲੀਲ ਅਤੇ ਸਵੈਭਰੋਸੇ ਸਦਕਾ ਲੋਕਾਈ ਨੂੰ ਸਿੱਧੇ ਰਾਹ ਪਾਇਆ।
ਪਿਛਲੀ ਉਮਰੇ ਆਪਣੇ ਉਪਦੇਸ਼, ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਕਰਤਾਰਪੁਰ ਵਿਖੇ ਅਮਲੀ ਪ੍ਰਦਰਸ਼ਨ ਕੀਤਾ। ਕਰਤਾਰਪੁਰੀਏ ਕਿਰਤ ਕਰਦੇ ਸਨ, ਰਲ ਕੇ ਛਕਦੇ ਸਨ ਤੇ ਨਾਮ ਜਪਦੇ ਹੋਏ ਸੱਚਾ ਸੁੱਚਾ ਤੇ ਬਰਾਬਰੀ ਦਾ ਜੀਵਨ ਜੀਉਂਦੇ ਸਨ। ਬਾਬੇ ਦੇ ਸ਼ਬਦਾਂ ਨੂੰ ਸੁਣ ਲੋਕੀਂ ਆਪਣੇ ਆਪ ਉਨ੍ਹਾਂ ਦੇ ਸਿੱਖ ਬਣ ਰਹੇ ਸਨ। ਹੋਰ ਕਿਸੇ ਪੈਗੰਬਰ ਦੇ ਆਪਣੇ ਜੀਉਂਦਿਆਂ ਜੀਅ ਇੰਨੇ ਪੈਰੋਕਾਰ ਨਹੀਂ ਹਨ ਬਣੇ ਜਿੰਨੇ ਗੁਰੂ ਨਾਨਕ ਦੇ ਬਣੇ। ਗੁਰੂ ਨਾਨਕ ਦਾ ਪਹਿਲਾ ਪ੍ਰਚਾਰਕ ਠੱਗ ਸੱਜਣ ਬਣਿਆ, ਜਿਸ ਬਾਬੇ ਦਾ ਸ਼ਬਦ ਸੁਣ ਸਾਰੇ ਔਗੁਣਾਂ ਤੋਂ ਤੌਬਾ ਕਤਿੀ। ਉਸਦੀ ਸਰਾਏ ਪਹਿਲੀ ਧਰਮਸ਼ਾਲਾ ਅਤੇ ਉਹ ਨਾਨਕ ਮਿਸ਼ਨ ਦਾ ਪਹਿਲਾ ਪ੍ਰਚਾਰਕ ਬਣਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)


























































































































