RanjitSinghDr7“ਸਾਡੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਦਾ ਨਿਸ਼ਾਨਾ ਮਿਥਣ ...”
(26 ਸਤੰਬਰ 2026)

 

ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਛੇਵਾਂ ਦਰਿਆ ਵੀ ਆਖਿਆ ਜਾਂਦਾ ਹੈ। ਕੁਝ ਦਾ ਮੰਨਣਾ ਹੈ ਕਿ ਉਹ ਵੀਹਵੀਂ ਸਦੀ ਦਾ ਸਭ ਤੋਂ ਮਹਾਨ ਪੰਜਾਬੀ ਸੀ। ਉਹ ਇੱਕ ਆਈ ਸੀ ਐੱਸ ਅਫਸਰ ਸਨ। ਇਹ ਵੀ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਅਫਸਰਾਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਤੁਸੀਂ ਸਥਿਤੀ ਨੂੰ ਕਾਬੂ ਵਿੱਚ ਰੱਖਣਾ ਹੈ ਪਰ ਡਾ. ਰੰਧਾਵਾ ਨੇ ਇਸ ਤੋਂ ਅੱਗੇ ਜਾ ਕੇ ਪੰਜਾਬ ਅਤੇ ਪੰਜਾਬ ਦੀ ਕਿਰਸਾਨੀ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਨੇ ਪੰਜਾਬ ਦੇ ਵਿਰਸੇ, ਸੱਭਿਆਚਾਰ ਅਤੇ ਕਲਾ ਨੂੰ ਸੰਭਾਲਿਆ। ਪੰਜਾਬੀ ਬੋਲੀ, ਲੇਖਕਾਂ, ਕਲਾਕਾਰਾਂ ਅਤੇ ਚਿੱਤਰਕਾਰਾਂ ਨੂੰ ਉਤਸ਼ਾਹਿਤ ਕੀਤਾ। ਪੰਜਾਬ ਅਤੇ ਦੇਸ਼ ਨਾਲ ਸੰਬੰਧਿਤ ਪੁਸਤਕਾਂ ਲਿਖੀਆਂ ਅਤੇ ਲਾਇਬਰੇਰੀਆਂ ਖੋਲ੍ਹੀਆਂ।

ਮਹਿੰਦਰ ਸਿੰਘ ਰੰਧਾਵਾ ਸ਼ਾਮ ਨੂੰ ਲੰਬੀ ਸੈਰ ਕਰਦੇ ਸਨ। ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅੱਠ ਸਾਲ ਮੁਖੀ ਰਹੇ। ਅਸਲ ਵਿੱਚ ਇਹ ਸੰਸਥਾ ਉਨ੍ਹਾਂ ਦੀ ਹੀ ਦੇਣ ਹੈ। ਜਦੋਂ ਉਹ ਲੁਧਿਆਣੇ ਹੁੰਦੇ ਤਾਂ ਕਈ ਵਾਰ ਮੈਨੂੰ ਉਨ੍ਹਾਂ ਨਾਲ ਸੈਰ ਕਰਨ ਦਾ ਮੌਕਾ ਮਿਲ ਜਾਂਦਾ। ਸੈਰ ਲਈ ਉਹ ਨਹਿਰੋਂ ਪਾਰ ਵਾਲੇ ਫਾਰਮ ’ਤੇ ਜਾਂਦੇ ਸਨ। ਇੱਕ ਵਾਰ ਮੈਂ ਪੁੱਛ ਹੀ ਲਿਆ ਕਿ ਤੁਸੀਂ ਇੱਡੀ ਦੂਰ ਕਿਉਂ ਆਉਂਦੇ ਹੋ। ਉਹ ਆਖਣ ਲੱਗੇ ਕੈਂਪਸ ’ਤੇ ਜਦੋਂ ਮੈਂ ਸੈਰ ਕਰਦਾ ਹਾਂ ਤਾਂ ਕਈ ਲੋਕ ਮੈਨੂੰ ਮਿਲਣ ਲਈ ਰਾਹ ਵਿੱਚ ਖੜ੍ਹੇ ਹੁੰਦੇ ਹਨ। ਕੁਝ ਆਪਣੇ ਦੁੱਖ ਰੋਂਦੇ ਹਨ ਤੇ ਕੁਝ ਮੇਰੀ ਖੁਸ਼ਾਮਦ ਕਰਦੇ ਹਨ ਤੇ ਮੈਨੂੰ ਸੈਰ ਦਾ ਅਨੰਦ ਮਾਣਨ ਵਿੱਚ ਰੁਕਾਵਟ ਬਣਦੇ ਸਨ। ਜਦੋਂ ਵੀ ਮੈਨੂੰ ਉਨ੍ਹਾਂ ਨਾਲ ਸੈਰ ਕਰਨ ਦਾ ਮੌਕਾ ਮਿਲਦਾ ਤਾਂ ਅਸੀਂ ਪੰਜਾਬ ਦੀ ਕਿਰਸਾਨੀ, ਯੂਨੀਵਰਸਿਟੀ ਅਤੇ ਵਿਦਿਆਰਥੀਆਂ ਬਾਰੇ ਵਿਚਾਰ ਕਰਦੇ। ਡਾ. ਰੰਧਾਵਾ ਲੰਬੀ ਸੈਰ ਕਰਦੇ ਸਨ। ਇੱਕ ਵਾਰ ਅਸੀਂ ਸੈਰ ਕਰਕੇ ਸਟਨ ਹਾਊਸ ਵਾਪਸ ਆਏ ਤਾਂ ਆਖਣ ਉਹ ਲੱਗੇ, “ਆ ਜਾ, ਚਾਹ ਪੀਂਦੇ ਹਾਂ।”

ਇਸ ਤੋਂ ਵੱਡਾ ਸੁਭਾਗ ਮੇਰੇ ਲਈ ਹੋਰ ਕੀ ਹੋ ਸਕਦਾ ਸੀ। ਉਹ ਚੰਗੇ ਮੂਡ ਵਿੱਚ ਸਨ, ਮੈਂ ਪੁੱਛਿਆ, “ਸਰ, ਤੁਸੀਂ ਇੰਨਾ ਕੁਝ ਕਿਵੇਂ ਕਰ ਸਕੇ ਹੋ?”

ਉਹ ਆਖਣ ਲੱਗੇ ਕਿ ਜੇਕਰ ਇਰਾਦੇ ਨੇਕ ਹੋਣ ਅਤੇ ਲਗਨ ਹੋਵੇ ਤਾਂ ਸਭ ਕੁਝ ਆਪਣੇ ਆਪ ਹੋ ਜਾਂਦਾ ਹੈ। ਮੈਂ ਆਖਿਆ, ਸਰ ਜੇਕਰ ਤੁਸੀਂ ਨਵੀਂ ਪੀੜ੍ਹੀ ਨੂੰ ਸਲਾਹ ਦੇਣੀ ਹੋਵੇ ਤਾਂ ਕੀ ਆਖੋਗੇ। ਅੱਜ ਉਹ ਮੂਡ ਵਿੱਚ ਸਨ। ਉਂਝ ਇੰਨੇ ਮਹਾਨ ਵਿਅਕਤੀ ਨਾਲ ਅਜਿਹੀ ਖੁੱਲ੍ਹ ਲੈਣ ਦਾ ਹੌਸਲਾ ਕਰਨਾ ਔਖਾ ਹੋ ਜਾਂਦਾ ਹੈ। ਡਾ. ਰੰਧਾਵਾ ਦਾ ਪਹਿਲਾ ਮੰਤਰ ਸੀ ਕਿ ਸਾਨੂੰ ਆਪਣਾ ਨਿਸ਼ਾਨਾ ਮਿਥਣਾ ਚਾਹੀਦਾ ਹੈ। ਉਹ ਦੱਸਣ ਲੱਗੇ, “ਮੇਰੇ ਪਿਤਾ ਜੀ ਤਹਿਸੀਲਦਾਰ ਸਨ ਤੇ ਮੈਂ ਸੋਚਿਆ ਕਿ ਮੈਨੂੰ ਤਾਂ ਡੀ ਸੀ ਬਣਨਾ ਚਾਹੀਦਾ ਹੈ। ਕਈ ਵਾਰ ਮੈਂ ਆਪਣੇ ਨਾਮ ਨਾਲ ਗਵਰਨਰ ਵੀ ਲਿਖ ਲੈਂਦਾ ਸੀ। ਡੀ ਸੀ ਬਣਨ ਲਈ ਮੁਢਲੀ ਲੋੜ ਪੜ੍ਹਾਈ ਹੁੰਦੀ ਹੈ। ਮੈਂ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ। ਕਿਤਾਬਾਂ ਤੋਂ ਬਗੈਰ ਮੈਨੂੰ ਹੋਰ ਕੋਈ ਸ਼ੌਕ ਨਹੀਂ ਸੀ। ਕੇਵਲ ਘੋੜ ਸਵਾਰੀ ਕਰਦਾ ਸਾਂ ਕਿਉਂਕਿ ਉਦੋਂ ਆਵਾਜਾਈ ਦਾ ਸਾਧਨ ਕੇਵਲ ਘੋੜਾ ਹੀ ਸੀ। ਪ੍ਰਾਇਮਰੀ ਪਿੰਡ ਦੇ ਸਕੂਲ ਅਤੇ ਦਸਵੀਂ ਖਾਲਸਾ ਹਾਈ ਸਕੂਲ ਤੋਂ ਕੀਤੀ। ਉਚੇਰੀ ਪੜ੍ਹਾਈ ਲਈ ਮੈਂ ਲਾਹੌਰ ਕਾਲਜ ਵਿੱਚ ਦਾਖਲਾ ਲਿਆ। ਪੜ੍ਹਾਈ ਸ਼ੁਰੂ ਕੀਤਿਆਂ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ ਕਿ ਪਿਤਾ ਜੀ ਦਾ ਸਵਰਗਵਾਸ ਹੋ ਗਿਆ। ਇਹ ਵੱਡਾ ਝਟਕਾ ਸੀ। ਆਮਦਨ ਵੀ ਬੰਦ ਹੋ ਗਈ। ਮੇਰੇ ਪਰਿਵਾਰ ਨੇ ਸਲਾਹ ਕੀਤੀ ਕਿ ਮਹਿੰਦਰ ਤੈਨੂੰ ਪੜ੍ਹਾਈ ਛੱਡ ਕੇ ਨੌਕਰੀ ਕਰ ਲੈਣੀ ਚਾਹੀਦੀ ਹੈ। ਪਿਤਾ ਜੀ ਦੀ ਥਾਂ ਸਰਕਾਰੀ ਨੌਕਰੀ ਮਿਲ ਜਾਣੀ ਸੀ। ਉਦੋਂ ਸਰਕਾਰੀ ਨੌਕਰੀਆਂ ਮਿਲਣੀਆਂ ਇੰਨੀਆਂ ਸੌਖੀਆਂ ਨਹੀਂ ਸਨ। ਪਰ ਮੈਂ ਤਾਂ ਡੀ ਸੀ ਬਣਨ ਦਾ ਸੁਪਨਾ ਦੇਖਿਆ ਹੋਇਆ ਸੀ। ਮੈਂ ਸਾਰਿਆਂ ਨੂੰ ਨਾਂਹ ਕਰ ਦਿੱਤੀ। ਪਰਿਵਾਰ ਦੀ ਨਰਾਜ਼ਗੀ ਵੀ ਝੱਲਣੀ ਪਈ। ਮਾਇਕ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ। ਮੈਂ ਸਾਇੰਸ ਨੂੰ ਚੁਣਿਆ। ਪਿੰਡ ਵਿੱਚ ਰਹਿਣ ਕਰਕੇ ਮੈਨੂੰ ਫੁੱਲ-ਬੂਟਿਆਂ ਅਤੇ ਫਲਾਂ ਦੇ ਰੁੱਖਾਂ ਨਾਲ ਲਗਾਵ ਸੀ। ਮੈਂ ਬੋਟਨੀ ਵਿੱਚ ਐੱਮ ਐੱਸ ਸੀ ਕੀਤੀ। ਪੂਰੀ ਮਿਹਨਤ ਨਾਲ ਪੜ੍ਹਾਈ ਕੀਤੀ ਕਿਉਂਕਿ ਮੈਂ ਪਰਿਵਾਰ ਦੇ ਉੁਲਟ ਜਾ ਕੇ ਅਜਿਹਾ ਕੀਤਾ ਸੀ। ਇਮਤਿਹਾਨ ਦੇ ਕੇ ਪਿੰਡ ਆ ਗਿਆ। ਨਤੀਜਾ ਨਿਕਲਿਆ, ਬਹੁਤ ਵਧੀਆ ਪੁਜ਼ੀਸ਼ਨ ਸੀ। ਪਰ ਹੁਣ ਪਿੰਡ ਵਾਲਿਆਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ, “ਕਾਕਾ ਕੋਈ ਨੌਕਰੀ ਮਿਲੀ?” ਕਈ ਅਫਸੋਸ ਵੀ ਕਰਦੇ ਕਿ ਇੰਨਾ ਪੜ੍ਹ ਕੇ ਵੀ ਵਿਹਲਾ ਹੈ ਤੇ ਕਈ ਆਖਦੇ ਉਦੋਂ ਸਰਕਾਰੀ ਨੌਕਰੀ ਲੈ ਲੈਣੀ ਚਾਹੀਦੀ ਸੀ।...

ਮੈਨੂੰ ਆਪਣੇ ਲਖਸ਼ ਦਾ ਪਤਾ ਸੀ। ਮੇਰਾ ਇੱਕ ਜਮਾਤੀ ਦਿੱਲੀ ਰਹਿੰਦਾ ਸੀ। ਮੈਂ ਉਸ ਨੂੰ ਚਿੱਠੀ ਲਿਖੀ ਕਿ ਡੀ ਸੀ ਵਾਲੇ ਇਮਤਿਹਾਨ ਬਾਰੇ ਪਤਾ ਕਰ ਕੇ ਦੱਸਣਾ। ਉਸ ਮੈਨੂੰ ਹੋਰ ਜਾਣਕਾਰੀ ਦੇ ਨਾਲ ਫਾਰਮ ਭੇਜ ਦਿੱਤੇ। ਮੈਂ ਫਾਰਮ ਭਰ ਦਿੱਤੇ। ਉਨ੍ਹਾਂ ਫਾਰਮਾਂ ਦੇ ਨਾਲ 50 ਰੁਪਏ ਦਾਖਲਾ ਫੀਸ ਲੱਗਣੀ ਸੀ। ਘਰੋਂ ਪੈਸੇ ਮੰਗਣ ਦਾ ਮੇਰਾ ਹੌਸਲਾ ਨਾ ਪਿਆ। ਆਪਣੇ ਦੋਸਤ ਨੂੰ ਲਿਖਿਆ ਕਿ ਤੂੰ ਆਪਣੇ ਕੋਲੋਂ ਫੀਸ ਭਰਕੇ ਮੇਰਾ ਦਾਖਲਾ ਕਰਵਾ ਦੇਣਾ।

ਹੁਣ ਤਿਆਰੀ ਦੀ ਲੋੜ ਸੀ। ਪਿੰਡ ਵਿੱਚ ਰਹਿ ਕੇ ਤਿਆਰੀ ਨਹੀਂ ਹੋ ਸਕਦੀ ਸੀ ਕਿਉਂਕਿ ਪਿੰਡ ਵਾਲਿਆਂ ਨੇ ਤਾਂ ਮੈਨੂੰ ਵਿਹਲਾ ਫਿਰਦਾ ਦੇਖ ਮੇਰੀ ਜਾਨ ਖਾਈ ਜਾਣੀ ਸੀ। ਸਾਡੀ ਕੁਝ ਜ਼ਮੀਨ ਬੀਕਾਨੇਰ ਸੀ ਜਿੱਥੇ ਮੇਰਾ ਭਰਾ ਖੇਤੀ ਕਰਦਾ ਸੀ। ਮੈਂ ਉੱਥੇ ਜਾਣ ਦਾ ਫੈਸਲਾ ਕੀਤਾ। ਖੇਤ ਵਿੱਚ ਕਾਨਿਆਂ ਦੀ ਇੱਕ ਛਪਰੀ ਪਾਈ ਤੇ ਇੱਕ ਬਾਣ ਦਾ ਢਿੱਲਾ ਜਿਹਾ ਮੰਜਾ ਰੱਖਿਆ। ਹੁਣ ਮੇਰੀ ਤੱਪਸਿਆ ਸ਼ੁਰੂ ਹੋ ਗਈ ਕਿਉਂਕਿ ਲਖਸ਼ ਦੀ ਪ੍ਰਾਪਤੀ ਲਈ ਸਾਧਨਾ ਜ਼ਰੂਰੀ ਹੈ। ਮੈਂ ਸਵੇਰੇ ਰੋਟੀ ਖਾ ਕੇ ਆਪਣੀ ਛਪਰੀ ਵਿੱਚ ਡੇਰਾ ਲਾ ਲੈਣਾ। ਇੱਕ ਵਜੇ ਤਕ ਪੜ੍ਹਾਈ ਕਰਨੀ। ਇੱਕ ਤੋਂ ਦੋ ਵਜੇ ਤਕ ਘਰ ਰੋਟੀ ਖਾਣ ਜਾਣਾ ਤੇ ਮੁੜ ਜਦੋਂ ਤਕ ਚਾਨਣ ਹੋਣਾ ਮਿਹਨਤ ਕਰਨੀ। ਉਦੋਂ ਬਿਜਲੀ ਤਾਂ ਹੁੰਦੀ ਨਹੀਂ ਸੀ, ਦਿਨ ਵਿੱਚ ਹੀ ਤਿਆਰੀ ਕਰਨੀ ਪੈਂਦੀ ਸੀ।

ਦਿੱਲੀ ਜਾ ਕੇ ਇਮਤਿਹਾਨ ਦਿੱਤਾ, ਮੇਰਾ 19ਵਾਂ ਨੰਬਰ ਸੀ। ਕੇਵਲ ਪਹਿਲੇ ਦਸ ਉਮੀਦਵਾਰਾਂ ਦੀ ਹੀ ਚੋਣ ਹੁੰਦੀ ਸੀ। ਇਹ ਮੇਰੇ ਲਈ ਚੁਣੌਤੀ ਸੀ। ਦਿਲ ਛੱਡਣ ਦੀ ਥਾਂ ਮੈਂ ਮੁੜ ਪੂਰੀ ਇਮਾਨਦਾਰੀ ਨਾਲ ਸਾਧਨਾ ਸ਼ੁਰੂ ਕੀਤੀ। ਦੂਜੀ ਵਾਰ ਨੌਂਵਾਂ ਨੰਬਰ ਸੀ ਤੇ ਮੇਰੀ ਚੋਣ ਹੋ ਗਈ। ਜਦੋਂ ਪਿੰਡ ਪਹੁੰਚਿਆ ਤਾਂ ਉਹ ਪਿੰਡ ਵਾਸੀ, ਜਿਹੜੇ ਮੇਰੇ ਨਾਲ ਹਮਦਰਦੀ ਕਰਦੇ ਸਨ, ਸਾਰੇ ਹੀ ਫੁੱਲਾਂ ਦੇ ਹਾਰ ਲੈ ਕੇ ਬੈਂਡ ਬਾਜੇ ਨਾਲ ਪਿੰਡ ਦੇ ਵਸੀਮੇ ਉੱਤੇ ਮੇਰੇ ਸਵਾਗਤ ਲਈ ਖੜ੍ਹੇ ਸਨ। ਆਪਣੇ ਦ੍ਰਿੜ੍ਹ ਇਰਾਦੇ ਅਤੇ ਸਾਧਨਾ ਨਾਲ ਡੀ ਸੀ ਬਣਨ ਦਾ ਮੇਰਾ ਸੁਪਨਾ ਪੂਰਾ ਹੋ ਗਿਆ।...

ਸਾਡੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਦਾ ਨਿਸ਼ਾਨਾ ਮਿਥਣ, ਭਾਵ ਉਹ ਕੀ ਕਰਨਾ ਜਾਂ ਬਣਨਾ ਚਾਹੁੰਦੇ ਹਨ। ਦੂਜਾ, ਇਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਕਿ ਆਪਣੇ ਨਿਸ਼ਾਨੇ ਦੀ ਪੂਰਤੀ ਕਿਵੇਂ ਕੀਤੀ ਜਾ ਸਕਦੀ ਹੈ। ਤੀਜਾ, ਫਿਰ ਪੂਰੀ ਇਮਾਨਦਾਰੀ ਨਾਲ ਇਸ ਪ੍ਰਾਪਤੀ ਲਈ ਸਾਧਨਾ ਕਰਨ। ਮੈਂ ਮਿਹਨਤ ਨਹੀਂ ਆਖਿਆ, ਸਾਧਨਾ ਆਖਿਆ, ਕਿਉਂਕਿ ਪੂਰੀ ਇਕਾਗਰਤਾ ਨਾਲ ਕੀਤੀ ਮਿਹਨਤ ਹੀ ਮੰਜ਼ਿਲ ਉੱਤੇ ਪਹੁੰਚਾਉਂਦੀ ਹੈ। ਪ੍ਰਾਪਤੀ ਦੀ ਵਰਤੋਂ ਆਪਣੀ ਭਲਾਈ ਲਈ ਨਹੀਂ ਸਗੋਂ ਇਮਾਨਦਾਰੀ ਨਾਲ ਲੋਕ ਭਲਾਈ ਲਈ ਕਰਨੀ ਚਾਹੀਦੀ ਹੈ। ਪੈਸੇ ਨਾਲ ਸੁੱਖ ਦੇ ਸਾਧਨ ਤਾਂ ਮਿਲ ਸਕਦੇ ਹਨ ਪਰ ਅਨੰਦ ਦੀ ਪ੍ਰਾਪਤੀ ਤਾਂ ਲੋਕਾਂ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਨਾਲ ਹੀ ਹੁੰਦੀ ਹੈ।”

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਰਣਜੀਤ ਸਿੰਘ

ਡਾ. ਰਣਜੀਤ ਸਿੰਘ

Phone: (91 - 94170 - 87328)
Email: (Ranjitsurapuri@gmail.com)

More articles from this author