“ਮਹਿੰਦਰ ਸਿੰਘ ਦੁਸਾਂਝ ਕਿਸੇ ਵਿਸ਼ੇਸ਼ ਮਿੱਟੀ ਦਾ ਬਣਿਆ ਹੋਇਆ ਸੀ। ਖੇਤੀ ਦਾ ...”
(21 ਸਤੰਬਰ 2026)
ਮਹਿੰਦਰ ਸਿੰਘ ਦੁਸਾਂਝ ਅਜਿਹਾ ਕਿਸਾਨ ਸੀ ਜੋ ਆਪਣੇ ਖੇਤਾਂ ਵਿੱਚ ਫਸਲਾਂ ਦੀ ਕਾਸ਼ਤ ਦੇ ਨਿੱਤ ਨਵੇਂ ਤਰਜਬੇ ਕਰਦਾ ਰਹਿੰਦਾ ਸੀ ਅਤੇ ਮੁੜ ਉਨ੍ਹਾਂ ਨੂੰ ਖੇਤੀ ਵਿਗਿਆਨੀਆਂ ਨਾਲ ਸਾਂਝੇ ਕਰਦਾ ਰਹਿੰਦਾ ਸੀ। ਜਦੋਂ ਤੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਹੋਂਦ ਵਿੱਚ ਆਈ ਉਸਨੇ ਇੱਥੋਂ ਦੇ ਅਧਿਕਾਰੀਆਂ ਅਤੇ ਵਿਗਿਆਨੀ ਨਾਲ ਨੇੜੇ ਦੇ ਸੰਬੰਧ ਬਣਾਏ ਅਤੇ ਹਰੇਕ ਦੂਜੇ ਮਹੀਨੇ ਇੱਥੇ ਗੇੜਾ ਮਾਰਦਾ। ਉਸ ਨਾਲ ਹਮੇਸ਼ਾ ਪਿੰਡ ਦੇ ਨੌਜਵਾਨ ਕਿਸਾਨਾਂ ਦੀ ਟੋਲੀ ਹੁੰਦੀ ਜਿਨ੍ਹਾਂ ਨੂੰ ਉਹ ਵਿਗਿਆਨਕ ਖੇਤੀ ਦੀ ਚੇਟਕ ਲਾਉਂਦਾ ਅਤੇ ਜਦੋਂ ਵੀ ਉਸਦੇ ਫਾਰਮ ਉੱਤੇ ਜਾਈਦਾ ਸੀ ਉਸਦੀ ਘਰਵਾਲੀ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੇਤ ਵਿੱਚ ਕੰਮ ਕਰਦੀ ਵਿਖਾਈ ਦਿੰਦੀ ਸੀ। ਦੁਸਾਂਝ ਨਵੀਂਆਂ ਫਸਲਾਂ ਉਗਾਉਣ ਦੇ ਵੀ ਤਜਰਬੇ ਕਰਦਾ ਰਹਿੰਦਾ। ਉਸਨੇ ਹਲਦੀ, ਚੈਰੀ, ਸੇਬ ਅਤੇ ਚੰਦਨ ਦੀ ਕਾਸ਼ਤ ਕੀਤੀ। ਸੇਬ ਲੱਗ ਵੀ ਗਏ ਪਰ ਗੁਣਵੱਤਾ ਵਧੀਆ ਨਹੀਂ ਸੀ।
ਮਹਿੰਦਰ ਸਿੰਘ ਦੁਸਾਂਝ ਨਾਲ ਮੇਰੀ ਪਹਿਲੀ ਮੁਲਾਕਾਤ ਗੁਰਾਇਆ ਲਾਗੇ ਜਗਤਾਰ ਹੋਰਾਂ (ਉਦੋਂ ਉਹ ਆਪਣੇ ਨਾਮ ਨਾਲ ਪਪੀਹਾ ਲਿਖਦਾ ਸੀ) ਵੱਲੋਂ ਬਣਾਈ ਸਾਹਿਤ ਸਭਾ ਦੀ ਬੜਾ ਪਿੰਡ ਦੇ ਸਕੂਲ ਹੋਈ ਮੀਟਿੰਗ ਵਿੱਚ ਹੋਈ। ਮੈਨੂੰ ਉੱਥੇ ਮੇਰਾ ਸੀਨੀਅਰ ਗੁਰਮੇਲ ਰਾਹੀ ਲੈ ਕੇ ਗਿਆ ਸੀ। ਪਿੱਛੋਂ ਉਹ ਅਮਰੀਕਾ ਜਾਕੇ ਗੁਰਮੇਲ ਦੇ ਨਾਂ ਹੇਠ ਪ੍ਰਸਿੱਧ ਲੇਖਕ ਅਤੇ ਵਿਗਿਆਨੀ ਬਣਿਆ। ਦੁਸਾਂਝ ਨੇ ਆਪਣੇ ਪਿੰਡ ਵੀ ਸਾਹਿਤ ਸਭਾ ਬਣਾਈ ਜਿਹੜੀ ਹੁਣ ਤਕ ਬਕਾਇਦਗੀ ਨਾਲ ਕੰਮ ਕਰ ਰਹੀ ਹੈ। ਕੁਝ ਦਿਨ ਪਹਿਲਾਂ ਹੀ ਇਸ ਵੱਲੋਂ ਇੱਕ ਵਧੀਆ ਪ੍ਰੋਗਰਾਮ ਕੀਤਾ ਗਿਆ ਸੀ। ਮੈਂ ਤੇ ਗੁਰਮੇਲ ਇਨ੍ਹਾਂ ਦੇ ਪਿੰਡ ਸਾਹਿਤ ਸਭਾ ਦੀ ਮੀਟਿੰਗ ਵਿੱਚ ਗਏ ਅਤੇ ਇਨ੍ਹਾਂ ਦੇ ਫਾਰਮ ਨੂੰ ਦੇਖਿਆ। ਗੁਰਮੇਲ ਫ਼ੁਟਬਾਲ ਦਾ ਵਧੀਆ ਖਿਡਾਰੀ ਸੀ। ਉਹ ਜੇ ਸੀ ਟੀ ਫਗਵਾੜਾ ਲਈ ਖੇਲ੍ਹਦਾ ਸੀ ਤੇ ਅਸੀਂ ਉਸਦੇ ਸਾਈਕਲ ਉੱਤੇ ਹੀ ਜਗਤਪੁਰ ਪਹੁੰਚ ਗਏ।
ਜਦੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਹੋਂਦ ਵਿੱਚ ਆਈ ਤਾਂ ਦੁਸਾਂਝ ਦੀ ਸਾਂਝ ਇੱਕ ਅਗਾਂਹਵਧੂ ਕਿਸਾਨ ਦੇ ਰੂਪ ਵਿੱਚ ਹੋਈ। ਜਦੋਂ ਕਿਸਾਨ ਮੇਲੇ ਸ਼ੁਰੂ ਹੋਏ ਤਾਂ ਉਸ ਵਿੱਚ ਕਿਸਾਨਾਂ ਦੀ ਉਪਜ ਦੇ ਮੁਕਾਬਲੇ ਵੀ ਕਰਵਾਏ ਜਾਣ ਲੱਗੇ। ਦੁਸਾਂਝ ਜੋੜਾ ਸਭ ਤੋਂ ਵੱਧ ਇਨਾਮ ਪ੍ਰਾਪਤ ਕਰਦੇ ਸਨ। ਪਿੰਡ ਦੇ ਕਿਸਾਨਾਂ ਨੂੰ ਜਾਗ੍ਰਿਤ ਕਰਨ ਲਈ ਸਿਖਲਾਈ ਕੈਂਪ ਲਾਉਂਦੇ ਰਹਿੰਦੇ ਸਨ। ਮੈਨੂੰ ਹਮੇਸ਼ਾ ਉੱਥੇ ਆਉਣ ਦਾ ਸੱਦਾ ਵੀ ਮਿਲਦਾ ਸੀ। ਮੇਰਾ ਵੀ ਉਹ ਹੀ ਇਲਾਕਾ ਹੋਣ ਕਰਕੇ ਆਪਸੀ ਅਪਣੱਤ ਦਾ ਹੋਣਾ ਜ਼ਰੂਰੀ ਸੀ। ਇਨ੍ਹਾਂ ਦੀ ਘਰਵਾਲੀ ਵੀ ਮੁਕਾਬਲੇ ਵਿੱਚ ਬੀਬੀਆਂ ਲਈ ਸਿਖਲਾਈ ਪ੍ਰੋਗਰਾਮ ਉਲੀਕਦੀ ਸੀ। ਉਨ੍ਹਾਂ ਆਖਣਾ ਭਰਾ ਜੀ, ਹੁਣ ਸਾਡੇ ਪ੍ਰੋਗਰਾਮ ਵਿੱਚ ਵੀ ਜ਼ਰੂਰ ਆਉਣਾ। ਨਵੇਂ ਤਜਰਬੇ ਕਰਨ ਵਿੱਚ ਇਨ੍ਹਾਂ ਸੋਲਨ ਵਿਖੇ ਖੇਤੀ ਯੂਨੀਵਰਸਿਟੀ ਨਾਲ ਸਾਂਝ ਬਣਾਈ। ਆਪਣੇ ਜ਼ਿਲ੍ਹੇ ਦੇ ਕੇ ਵੀ ਕੇ ਅਤੇ ਕੰਢੀ ਖੋਜ ਕੇਂਦਰ ਨਾਲ ਰਲ ਕੇ ਤਜਰਬੇ ਕੀਤੇ। ਉਹ ਪੰਜਾਬੀ ਦੇ ਉੱਘੇ ਲਿਖਾਰੀ ਵੀ ਸਨ। ਮੇਰੇ ਬੱਚੇ ਜਦੋਂ ਸਕੂਲ ਪੜ੍ਹਦੇ ਸਨ ਤਾਂ ਉਨ੍ਹਾਂ ਦੀ ਪੰਜਾਬੀ ਕਿਤਾਬ ਦੀ ਸਾਰੀਆਂ ਕਵਿਤਾਵਾਂ ਦੁਸਾਂਝ ਦੀਆਂ ਲਿਖੀਆਂ ਹੋਈਆਂ ਸਨ। ਜਦੋਂ ਮੈਂ ਦੱਸਦਾ ਕਿ ਇਹ ਮੇਰਾ ਮਿੱਤਰ ਹੈ ਤਾਂ ਬੱਚੇ ਬਹੁਤ ਖੁਸ਼ ਹੁੰਦੇ ਅਤੇ ਆਪਣੇ ਜਮਾਤੀਆਂ ਨਾਲ ਵੀ ਇਹ ਜਾਣਕਾਰੀ ਸਾਂਝੀ ਕਰਦੇ।
ਇਸ ਸਾਲ ਜਦੋਂ ਡਾ. ਖੁਸ਼ ਪੰਜਾਬ ਆਏ ਤਾਂ ਮਹਿੰਦਰ ਸਿੰਘ ਦੁਸਾਂਝ ਨੇ ਉਨ੍ਹਾਂ ਨਾਲ ਲੰਬੀ ਗੱਲਬਾਤ ਕੀਤੀ। ਇਨ੍ਹਾਂ ਦਾ ਫੋਨ ਆਇਆ ਕਿ ਮੈਂ ਡਾ. ਖੁਸ਼ ਬਾਰੇ ਲਿਖ ਰਿਹਾ ਸਾਂ ਕੁਝ ਹੋਰ ਜਾਣਕਾਰੀ ਚਾਹੀਦੀ ਸੀ। ਕੁਝ ਕਾਰਨਾਂ ਕਰਕੇ ਮੈਂ ਕੁਝ ਮਹੀਨਿਆਂ ਤੋਂ ਲੁਧਿਆਣੇ ਨਹੀਂ ਸੀ। ਖੈਰ ਮੈਂ ਆਪਣੇ ਲੇਖ ਵਟਸਐਪ ਰਾਹੀਂ ਭੇਜ ਦਿੱਤੇ। ਅਸੀਂ ਫੈਸਲਾ ਕੀਤਾ ਕਿ ਇਸ ਵਾਰ ਕਿਸਾਨ ਮੇਲੇ ਸਮੇਂ ਲੰਬੀ ਮੁਲਾਕਾਤ ਕਰਾਂਗੇ। ਮੈਂ ਐਤਵਾਰ ਨੂੰ ਆ ਗਿਆ ਤੇ ਉਸੇ ਦਿਨ ਉਨ੍ਹਾਂ ਦੇ ਵਿਛੋੜੇ ਦੀ ਮਨਹੂਸ ਖਬਰ ਪੜ੍ਹੀ। ਮੈਨੂੰ ਉਨ੍ਹਾਂ ਆਪਣੇ ਪਿੰਡ ਬੁਲਾ ਕੇ ਵੱਡਾ ਸਮਾਗਮ ਕਰਕੇ ਸਨਮਾਨਿਤ ਕੀਤਾ ਸੀ ਤੇ ਆਪਣੀ ਪਾਕਿਸਤਾਨੀ ਫੇਰੀ ਸੰਬੰਧੀ ਲਿਖੀ ਕਿਤਾਬ ਦਾ ਮੁੱਖ ਬੰਦ ਵੀ ਲਿਖਵਾਇਆ ਸੀ।
ਮਹਿੰਦਰ ਦੁਸਾਂਝ ਦੇ ਕੁਝ ਘਰੋਗੀ ਹਾਲਾਤ ਅਜਿਹੇ ਬਣੇ ਕਿ ਉਸ ਨੂੰ ਬਚਪਨ ਵਿੱਚ ਹੀ ਆਪਣੇ ਨਾਨਕੇ ਪਿੰਡ ਜਗਤਪੁਰ ਆਉਣਾ ਪੈ ਗਿਆ ਤੇ ਸਾਰੀ ਉਮਰ ਇਹੋ ਪਿੰਡ ਉਸਦੀ ਕਰਮ ਭੂਮੀ ਬਣਿਆ। ਉਸ ਨੂੰ ਸਕੂਲ ਦਾ ਮੂੰਹ ਵੇਖਣਾ ਕਦੇ ਨਸੀਬ ਨਹੀਂ ਹੋਇਆ। ਪੰਜਾਬੀ ਉਸਨੇ ਖੇਤਾਂ ਦੀ ਰੇਤ ਵਿੱਚ ਅੱਖਰ ਲਿਖ ਕੇ ਸਿੱਖੀ ਅਤੇ ਪੰਜਾਬੀ ਦਾ ਉੱਘਾ ਲੇਖਕ ਬਣਿਆ। ਉਸਨੇ ਹਿੰਦੀ ਅਤੇ ਉਰਦੂ ਵਿੱਚ ਵੀ ਮੁਹਾਰਤ ਹਾਸਲ ਕੀਤੀ। ਉਸ ਨੂੰ ਵਿਰਸੇ ਵਿੱਚ ਸ਼ਾਹਾਂ ਦੇ ਕਰਜ਼ੇ, ਰੇਤ ਦੇ ਟਿੱਬੇ, ਕੱਚਾ ਘਰ ਅਤੇ ਨੌਂ ਸਾਲ ਦੀ ਉਮਰ ਵਿੱਚ ਘਰ ਦੀ ਸਾਰੀ ਜ਼ਿੰਮੇਵਾਰੀ ਮਿਲੀ। ਉਸ ਆਪਣੀ ਮਿਹਨਤ ਨਾਲ ਇਨ੍ਹਾਂ ਟਿੱਬਿਆਂ ਨੂੰ ਇੱਕ ਅਗਾਂਹਵਧੂ ਕਿਸਾਨ ਦਾ ਫਾਰਮ ਬਣਾਇਆ ਤੇ ਪੰਜਾਬ ਦੇ ਨੌਜਵਾਨ ਕਿਸਾਨਾਂ ਦੀ ਅਗਵਾਈ ਕੀਤੀ।
ਮਹਿੰਦਰ ਸਿੰਘ ਨੂੰ ਬਚਪਨ ਦਾ ਅਨੰਦ ਮਾਣਨ ਦਾ ਮੌਕਾ ਹੀ ਨਹੀਂ ਮਿਲਿਆ ਪਰ ਉਸ ਹਿੰਮਤ ਨਹੀਂ ਹਾਰੀ। 8 ਏਕੜ ਦੇ ਟਿੱਬਿਆਂ ਨੂੰ ਮਾਡਲ ਫਾਰਮ ਬਣਾਇਆ। ਉਸਦਾ ਫਾਰਮ ਉੱਤੇ ਛੋਟਾ ਜਿਹਾ ਘਰ ਫਲਾਂ, ਫ਼ੁੱਲਾਂ ਅਤੇ ਸਬਜ਼ੀਆਂ ਨਾਲ ਘਿਰਿਆ ਹੋਇਆ ਹੈ। ਉਸ ਚਾਰ ਸਾਲ ਮਿਹਨਤ ਕਰਕੇ ਬੰਜਰ ਟਿੱਬਿਆਂ ਨੂੰ ਲਹਿ ਲਹਾਉਂਦੇ ਖੇਤਾਂ ਵਿੱਚ ਬਦਲ ਦਿੱਤਾ। ਇਸ ਫਾਰਮ ਉੱਤੇ ਜਿੱਥੇ ਖੇਤੀ ਦੇ ਨਵੇਂ ਤਜਰਬੇ, ਨਵੇਂ ਬੂਟੇ ਅਤੇ ਨਵੀਂਆਂ ਸਬਜ਼ੀਆਂ ਦੇਖਣ ਨੂੰ ਮਿਲਦੀਆਂ, ਉੱਥੇ ਇਹ ਪ੍ਰੇਰਨਾ ਵੀ ਮਿਲਦੀ ਹੈ ਕਿ ਜੇਕਰ ਲਗਨ, ਹਿੰਮਤ ਅਤੇ ਸੂਝ ਨਾਲ ਮਿਹਨਤ ਕੀਤੀ ਜਾਵੇ ਤਾਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ। ਉਸਨੇ ਵਿਰਸੇ ਵਿੱਚ ਮਿਲੇ ਕਰਜ਼ੇ ਨੂੰ ਉਤਾਰਿਆ, ਫਾਰਮ ਉੱਤੇ ਘਰ ਬਣਾਇਆ, ਟਿਊਬਵੈੱਲ ਲਵਾਇਆ। ਮੁੜ ਮਾਹਿਰਾਂ ਨਾਲ ਸੰਪਰਕ ਕਰਕੇ ਖੇਤੀ ਵਿੱਚ ਨਵੇਂ ਤਜਰਬੇ ਸ਼ੁਰੂ ਕੀਤੇ। ਇਨ੍ਹਾਂ ਪ੍ਰਾਪਤੀਆਂ ਲਈ ਉਸ ਨੂੰ ਬਹੁਤ ਸਾਰੀਆਂ ਸੰਸਥਾਵਾਂ ਨੇ ਸਨਮਾਨਿਤ ਕੀਤਾ।ਧਰਤੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਨ ਲਈ ਮਹਿੰਦਰ ਸਿੰਘ ਨੇ ਦਾਲਾਂ ਅਤੇ ਤੇਲ ਬੀਜਾਂ ਦੀ ਕਾਸ਼ਤ ਕੀਤੀ। ਬੀਜ ਉਤਪਾਦਨ ਅਤੇ ਡੇਅਰੀ ਨੂੰ ਵੀ ਉਤਸ਼ਾਹਿਤ ਕੀਤਾ। ਉਸ ਕੇਵਲ ਆਪਣੀ ਖੇਤੀ ਵਿੱਚ ਹੀ ਸੁਧਾਰ ਨਹੀਂ ਕੀਤਾ ਸਗੋਂ ਦੂਜੇ ਕਿਸਾਨਾਂ ਨੂੰ ਪ੍ਰੇਰਕੇ ਵਿਗਿਆਨਕ ਖੇਤੀ ਦੇ ਲੜ ਲਾਇਆ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਜਦੋਂ 1977 ਵਿੱਚ ਰੂਰਲ ਵਲੰਟੀਅਰ ਕੋਰ ਸਥਾਪਿਤ ਕੀਤੀ ਗਈ ਤਾਂ ਸਰਬਸੰਮਤੀ ਨਾਲ ਮਹਿੰਦਰ ਜਲੰਧਰ ਜ਼ਿਲ੍ਹੇ ਦਾ ਕਨਵੀਰਨ ਚੁਣਿਆ ਗਿਆ। ਦੁਸਾਂਝ ਨੇ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਬਾਰੇ ਜਾਣਕਾਰੀ ਦਿੱਤੀ। ਸਾਰੇ ਬਲਾਕਾਂ ਵਿੱਚ ਕਿਸਾਨ ਸਿਖਲਾਈ ਕੈਂਪ ਲਵਾਏ। ਉਸਦੇ ਕੰਮ ਤੋਂ ਪ੍ਰਭਾਵਿਤ ਹੋ ਕੇ 1980 ਵਿੱਚ ਇਸੇ ਸੰਸਥਾ ਦਾ ਉਹ ਰਾਜ ਪੱਧਰ ਦਾ ਸਕੱਤਰ ਬਣਿਆ। ਉਸਨੇ ਅਤੇ ਉਸਦੀ ਘਰਵਾਲੀ ਨੇ ਬੀਬੀਆਂ ਲਈ ਵਿਸ਼ੇਸ਼ ਕੈਂਪ ਲਾਏ। ਕਿਸਾਨਾਂ ਨੂੰ ਨਵੇਂ ਗਿਆਨ ਅਪਣਾਉਣ ਲਈ ਪ੍ਰੇਰਨਾ ਕਰਨ ਦੇ ਨਾਲ ਨਾਲ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਇਨ੍ਹਾਂ ਨੂੰ ਅਪਣਾਉਣ ਲਈ ਖੇਤੀ ਲੋੜਾਂ ਵੀ ਪ੍ਰਾਪਤ ਹੋਣ। ਇਹ ਸ਼ੁੱਧ ਅਤੇ ਠੀਕ ਕੀਮਤ ਉੱਤੇ ਪ੍ਰਾਪਤ ਹੋਣ। ਇਸੇ ਮੰਤਵ ਲਈ ਮਈ 1979 ਵਿੱਚ ਮੁਕੰਦਪੁਰ ਵਿਖੇ ਪੰਜਾਬ ਨੌਜਵਾਨ ਕਿਸਾਨ ਸੰਸਥਾ ਦੀ ਅਗਵਾਈ ਹੇਠ ‘ਨਾ ਘਾਟਾ ਨਾ ਨਫ਼ਾ’ ਦੀ ਓਟ ਲੈ ਕੇ ਕੀੜੇ ਮਾਰ ਜ਼ਹਿਰਾਂ ਅਤੇ ਬੀਜਾਂ ਦਾ ਸਟੋਰ ਖੇਤੀਬਾੜੀ ਸੇਵਾ ਕੇਂਦਰ ਦੇ ਨਾਮ ਹੇਠ ਚਾਲੂ ਕੀਤਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ 1985 ਵਿੱਚ ਇਨ੍ਹਾਂ ਨੂੰ ਕਿਸਾਨ ਮੇਲੇ ਸਮੇਂ ਸਨਮਾਨਿਤ ਕੀਤਾ। ਵਿਸ਼ਵ ਖੁਰਾਕ ਸੰਸਥਾ ਵੱਲੋਂ ਉਸ ਨੂੰ ਵਿਸ਼ਵ ਖੁਰਾਕ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ। ਉਸਨੇ ਵਿਸ਼ਵ ਦੇ ਉੱਨਤ ਦੇਸ਼ਾਂ ਜਿਵੇਂ ਕਿ ਅਮਰੀਕਾ, ਇੰਗਲੈਂਡ, ਯੂਰੋਪ ਆਦਿ ਵਿੱਚ ਜਾ ਕੇ ਉੱਥੋਂ ਦੇ ਖੇਤੀ ਨੂੰ ਘੋਖਿਆ ਅਤੇ ਨਵੇਂ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਖੇਤਾਂ ਵਿੱਚ ਅਨਣਾਇਆ।
ਮਹਿੰਦਰ ਸਿੰਘ ਦੁਸਾਂਝ ਕਿਸੇ ਵਿਸ਼ੇਸ਼ ਮਿੱਟੀ ਦਾ ਬਣਿਆ ਹੋਇਆ ਸੀ। ਖੇਤੀ ਦਾ ਸਾਰਾ ਕੰਮ ਉਹ ਆਪ ਕਰਦਾ ਸੀ ਅਤੇ ਦੂਜਿਆਂ ਦੇ ਕੰਮ ਆਉਣ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਉਹ ਰੱਜ ਕੇ ਇਮਾਨਦਾਰ ਅਤੇ ਮਿਹਨਤੀ ਸੀ। ਜਦੋਂ ਉਸ ਨੂੰ ਵਿਸ਼ਵ ਕਣਕ ਇਨਾਮ ਮਿਲਿਆ ਤਾਂ ਉਸ ਨਾਲ ਸੰਬੰਧਿਤ ਦਸਤਾਵੇਜ਼, ਟਿਕਟ ਅਤੇ ਹੋਰ ਜਾਣਕਾਰੀ ਲਈ ਪੰਜਾਬ ਸਰਕਾਰ ਨੇ ਚੰਡੀਗੜ੍ਹ ਬੁਲਾਇਆ। ਉਹ ਇਸ ਨੂੰ ਪਿੰਡ ਤੋਂ ਚੰਡੀਗੜ੍ਹ ਆਉਣ ਲਈ ਟੈਕਸੀ ਦਾ ਕਿਰਾਇਆ ਦੇਣ ਲੱਗੇ ਤਾਂ ਇਸ ਨੂੰ ਲੈਣ ਤੋਂ ਇਹ ਆਖ ਨਾਂਹ ਕਰ ਦਿੱਤੀ ਕਿ ਮੈਂ ਬੱਸ ਵਿੱਚ ਆਇਆ ਹਾਂ। ਸ. ਮਨੋਹਰ ਸਿੰਘ ਗਿੱਲ ਦੱਸਦੇ ਹੁੰਦੇ ਸਨ ਕਿ ਇਨਾਮ ਲੈਣ ਵਾਸਤੇ ਭੇਜਣ ਲਈ ਇਸ ਨੂੰ ਇੱਕ ਤਰ੍ਹਾਂ ਨਾਲ ਚੁੱਕ ਕੇ ਜਹਾਜ਼ ਵਿੱਚ ਚੜ੍ਹਾਇਆ ਗਿਆ ਸੀ। ਜਦੋਂ ਨਵਾਂ ਸ਼ਹਿਰ ਜ਼ਿਲ੍ਹਾ ਬਣਿਆ ਤਾਂ ਇਨ੍ਹਾਂ ਨੇ ਸਾਰੇ ਪਿੰਡਾਂ ਵਿੱਚ ਖੇਤੀ, ਪੇਂਡੂ ਵਿਕਾਸ ਅਤੇ ਸਮਾਜ ਸੁਧਾਰ ਦੀ ਲਹਿਰ ਚਲਾਈ। ਜਿੰਨੀਆਂ ਵੀ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾਵਾਂ ਇਸ ਪਾਸੇ ਕੰਮ ਕਰਦੀਆਂ ਹਨ, ਇਹ ਉਨ੍ਹਾਂ ਦੇ ਮੈਂਬਰ ਜਾਂ ਅਹੁਦੇਦਾਰ ਸਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਹੇਠਾਂ ਤਕ ਸਾਰੇ ਕਰਮਚਾਰੀ ਮਹਿੰਦਰ ਸਿੰਘ ਦੁਸਾਂਝ ਦਾ ਸਤਿਕਾਰ ਕਰਦੇ ਸਨ। ਇਨ੍ਹਾਂ ਦਾ ਫਾਰਮ ਦੇਖਣ ਲਈ ਕਿਸਾਨ ਅਤੇ ਅਧਿਕਾਰੀ ਆਉਂਦੇ ਹੀ ਰਹਿੰਦੇ ਸਨ। ਇਨ੍ਹਾਂ ਕਦੇ ਮੱਥੇ ਵਟ ਨਹੀਂ ਪਾਇਆ ਸਗੋਂ ਹੁੱਬ ਕੇ ਪੂਰੀ ਆਉਭਗਤ ਕਰਦੇ ਸਨ। ਉਹ ਦੇ ਜਾਣ ਲੱਗਿਆਂ ਚੁੱਪ ਚੁਪੀਤੇ ਉਨ੍ਹਾਂ ਦੀ ਕਾਰ ਵਿੱਚ ਖੇਤ ਦੀਆਂ ਤਾਜ਼ੀਆਂ ਸਬਜ਼ੀਆਂ ਅਤੇ ਫਲ ਰੱਖ ਦਿੰਦੇ ਸਨ।
ਮੈਨੂੰ ਆਪਣਾ ਪਿੰਡ ਛੱਡਿਆਂ ਕਈ ਸਾਲ ਹੋ ਗਏ ਹਨ ਪਰ ਹੁਣ ਵੀ ਜਦੋਂ ਉਹ ਨਵਾਂ ਸ਼ਹਿਰ ਜ਼ਿਲ੍ਹੇ ਦੇ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆਂ ਦੀ ਸੂਚੀ ਬਣਾਉਂਦੇ ਸਨ ਤਾਂ ਮੇਰਾ ਨਾਮ ਉਸ ਵਿੱਚ ਜ਼ਰੂਰ ਦਰਜ ਕਰ ਦਿੰਦੇ ਸਨ। ਉਨ੍ਹਾਂ ਦੇ ਚਲੇ ਜਾਣ ਨਾਲ ਪੰਜਾਬ ਦੀ ਖੇਤੀ ਅਤੇ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਸਲ ਵਿੱਚ ਉਸ ਵਰਗੇ ਮਿਹਨਤੀ, ਮਿਲਾਪੜੇ ਸੁਭਾਅ ਅਤੇ ਸਾਦਗੀ ਪਸੰਦ ਬੰਦਿਆਂ ਦੀ ਘਾਟ ਪੂਰੀ ਕਰਨਾ ਔਖਾ ਹੋ ਰਿਹਾ ਹੈ।
ਹਰੇ ਇਨਕਲਾਬ ਦੀ ਸਿਰਜਣਾ ਵਿੱਚ ਜਿਹੜੇ ਕਿਸਾਨਾਂ ਨੇ ਮੋਢੀ ਭੂਮਿਕਾ ਨਿਭਾਈ, ਜਿਨ੍ਹਾਂ ਨੇ ਬਲਦਾਂ ਵਾਲੀ ਰਵਾਇਤੀ ਖੇਤੀ ਵੀ ਕੀਤੀ ਤੇ ਵਿਗਿਆਨਕ ਖੇਤੀ ਵਿੱਚ ਵੀ ਅਹਿਮ ਭੂਮਿਕਾ ਨਿਭਾਈ, ਉਹ ਹੌਲੀ ਹੌਲੀ ਅਲੋਪ ਹੋ ਰਹੇ ਹਨ। ਇੰਝ ਇੱਕ ਯੁਗ ਦਾ ਅੰਤ ਹੋ ਰਿਹਾ ਹੈ। ਰਵਾਇਤੀ ਖੇਤੀ ਦਾ ਇਤਿਹਾਸ ਸੰਭਾਲਣ ਲਈ ਉਨ੍ਹਾਂ ਖੇਤੀ ਦਾ ਬਾਰਾਂਮਾਹ ਲਿਖਿਆ ਜਿਸ ’ਤੇ ਵਿਚਾਰ ਕਰਨ ਲਈ ਅਸੀਂ ਲਗਭਗ ਹਰ ਹਫਤੇ ਹੀ ਸੰਚਾਰ ਕੇਂਦਰ ਵਿੱਚ ਮਿਲਦੇ ਸਾਂ। ਇਸ ਪੁਸਤਕ ਵਿੱਚ ਕੇਵਲ ਰਵਾਇਤੀ ਖੇਤੀ ਦੇ ਢੰਗ ਤਰੀਕੇ ਹੀ ਨਹੀਂ ਦੱਸੇ ਗਏ ਸਗੋਂ ਸਿਆਣਿਆਂ ਦੀਆਂ ਸਿਆਣਪਾਂ ਵੀ ਦਰਜ ਕੀਤੀਆਂ ਗਈਆਂ ਹਨ। ਅੱਜ ਦੀ ਖੇਤੀ ਨੂੰ ਨਵਾਂ ਮੋੜ ਦੇਣ ਲਈ ਉਹ ਬਹੁਤ ਹੀ ਵਧੀਆ ਸੁਝਾ ਦਿੰਦੇ ਹਨ, ਜਿਨ੍ਹਾਂ ਨੂੰ ਅਖਬਾਰਾਂ ਨੇ ਛਾਪਿਆ ਅਤੇ ਇਨ੍ਹਾਂ ਨੇ ਸੈਮੀਨਾਰਾਂ ਵਿੱਚ ਉਚਾਰਿਆ। ਮਹਿੰਦਰ ਸਿੰਘ ਦੁਸਾਂਝ ਤਕਰੀਬਨ 86 ਸਾਲ ਦੀ ਭਰਪੂਰ ਉਮਰ ਭੋਗ ਕੇ ਇਸ ਸੰਸਾਰ ਤੋਂ ਵਿਦਾ ਹੋਏ ਹਨ। ਉਨ੍ਹਾਂ ਦਾ ਜੀਵਨ ਸਾਡੀ ਨਵੀਂ ਪੀੜ੍ਹੀ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣਿਆ ਰਹੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































