“ਅਜ਼ਾਦੀ ਵੇਲੇ ਦੇਸ਼ ਦੀ ਵੰਡ ਪਿੱਛੋਂ ਲੱਖਾਂ ਦੀ ਗਿਣਤੀ ਵਿੱਚ ਰਿਫਿਊਜੀ ਦਿੱਲੀ ਆਉਣ ਲੱਗੇ ..."
(2 ਫਰਵਰੀ 2026)
ਜਦੋਂ ਤਿੰਨ ਨਦੀਆਂ ਦਾ ਮਿਲਾਪ ਹੁੰਦਾ ਹੈ ਤਾਂ ਇਹ ਸੰਗਮ ਪਵਿੱਤਰ ਬਣ ਜਾਂਦਾ ਹੈ ਹਾਲਾਂਕਿ ਤੀਜੀ ਨਦੀ ਨਜ਼ਰ ਨਹੀਂ ਆਉਂਦੀ। ਡਾ. ਰੰਧਾਵਾ ਤਾਂ ਗੁਣਾਂ ਦਾ ਘੱਟੋ ਘੱਟ ਸਤਨਾਜਾ ਜਾਂ ਸਤਰੰਘੀ ਪੀਂਘ ਸੀ। ਉਹ ਭਾਵੇਂ ਆਈ ਸੀ ਐੱਸ ਅਫਸਰ ਸਨ ਪਰ ਉਨ੍ਹਾਂ ਨੇ ਖੇਤੀ ਅਤੇ ਪੇਂਡੂ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ। ਉਹ ਪੰਜਾਬ ਦੀ ਖੇਤੀ ਅਤੇ ਪੇਂਡੂ ਵਿਕਾਸ ਦਾ ਉਹ ਰਚੇਤਾ ਸੀ, ਜਿਸਨੇ ਮੁਰੱਬੇਬੰਦੀ ਕਰਵਾਈ। ਪਿੰਡਾਂ ਵਿੱਚ ਲਾਇਬਰੇਰੀਆਂ ਅਤੇ ਪੰਚਾਇਤ ਘਰ ਉਸਾਰੇ ਅਤੇ ਸਕੂਲ ਖੁੱਲ੍ਹਵਾਏ। ਜਦੋਂ ਪਿੰਡਾਂ ਵਿੱਚ ਕਿਸੇ ਦੇ ਘਰ ਰੇਡੀਓ ਨਹੀਂ ਸੀ ਹੁੰਦਾ ਤਾਂ ਉਨ੍ਹਾਂ ਹਰੇਕ ਪਿੰਡ ਰੇਡੀਓ ਭੇਜਿਆ ਤਾਂ ਜੋ ਪਿੰਡ ਵਾਸੀ ਗਿਆਨ ਨਾਲ ਜੁੜ ਸਕਣ। ਦੇਸ਼ ਵਿੱਚ ਹਰੇ ਇਨਕਲਾਬ ਦੀ ਨੀਂਹ ਰੱਖਣ ਵਾਲੇ ਵੀ ਉਹ ਹੀ ਸਨ। ਪਿੰਡਾਂ ਵਿੱਚ ਬਿਜਲੀ ਅਤੇ ਸੜਕਾਂ ਪੱਕੀਆਂ ਕਰਨ ਲਈ ਰਾਹ ਖੁੱਲ੍ਹਵਾਏ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬਣਾਈ ਅਤੇ ਉਸ ਨੂੰ ਭਾਰਤ ਦੀ ਹੀ ਨਹੀਂ ਸਗੋਂ ਸੰਸਾਰ ਦੀ ਵਧੀਆ ਸੰਸਥਾ ਬਣਾਇਆ। ਇਸ ਸੰਸਥਾ ਦੇ ਉਹ ਦੂਜੇ ਉਪ-ਕੁਲਪਤੀ ਬਣੇ ਅਤੇ ਅੱਠ ਸਾਲ ਇਸ ਪਦਵੀ ’ਤੇ ਰਹੇ।
ਮਹਿੰਦਰ ਸਿੰਘ ਰੰਧਾਵਾ ਉੱਚ ਕੋਟੀ ਦਾ ਸਾਹਿਤਕਾਰ ਅਤੇ ਇਤਿਹਾਸਕਾਰ ਸੀ, ਜਿਸਨੇ ਪੰਜਾਬ ਦੇ ਸੱਭਿਆਚਾਰ, ਚਿੱਤਰਕਲਾ, ਲੋਕ ਗੀਤਾਂ ਅਤੇ ਰਸਮਾਂ-ਰਿਵਾਜ਼ਾਂ ਨੂੰ ਸੰਭਾਲਿਆ। ਉਸਨੇ ਸੇਵਾ ਮੁਕਤੀ ਪਿੱਛੋਂ ਕੋਈ 2500 ਪੰਨਿਆਂ ਦਾ ਚਾਰ ਜਿਲਦਾਂ ਵਿੱਚ ਭਾਰਤ ਦਾ ਖੇਤੀ ਇਤਿਹਾਸ ਲਿਖਿਆ ਜਿਹੜੀ ਕਿ ਇੱਕ ਵਿਲੱਖਣ ਪ੍ਰਾਪਤੀ ਹੈ। ਉਹ ਇੱਕ ਉੱਘੇ ਵਿਗਿਆਨੀ ਸਨ। ਉਨ੍ਹਾਂ ਰੁੱਖਾਂ ਬੂਟਿਆਂ ਅਤੇ ਕਾਈ ਉੱਤੇ ਉਚੇਰੀ ਖੋਜ ਕੀਤੀ ਜਿਸ ’ਤੇ ਪੰਜਾਬ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਡੀ ਐੱਸ ਸੀ ਦੀ ਡਿਗਰੀ ਦਿੱਤੀ। ਡਾ. ਰੰਧਾਵਾ ਨੇ ‘ਜੀਵਨ ਦੀ ਉਤਪਤੀ’ ਕਿਤਾਬ ਕੌਮੀ ਬੁੱਕ ਟ੍ਰਸਟ ਲਈ ਲਿਖੀ। ਇਸ ਕਿਤਾਬ ਤੋਂ ਮਿਲਣ ਵਾਲੀ ਰਾਸ਼ੀ ਨਾਲ ਪੀ ਏ ਯੂ ਵਿਖੇ ਹਰ ਵਰ੍ਹੇ ਇਸੇ ਵਿਸ਼ੇ ’ਤੇ ਵਧੀਆ ਲੇਖ ਲਿਖਣ ਲਈ ਸੋਨ ਤਗਮਾ ਸਥਾਪਿਤ ਕੀਤਾ। ਇਸ ਪੁਸਤਕ ਵਿੱਚ ਉਨ੍ਹਾਂ ਮਨੁੱਖ ਦੀ ਉਤਪਤੀ ਤੋਂ ਲੈ ਕੇ ਹੁਣ ਤਕ ਦੇ ਵਿਕਾਸ ਦਾ ਚਿਤਰਣ ਕੀਤਾ।
ਮਹਿੰਦਰ ਸਿੰਘ ਰੰਧਾਵਾ ਇੱਕ ਮਹਾਨ ਸਾਹਿਤ ਅਤੇ ਕਲਾ ਪਾਰਖੂ ਸਨ। ਉਨ੍ਹਾਂ ਨੇ ਸਾਹਿਤਕਾਰਾਂ, ਚਿੱਤਰਕਾਰਾਂ, ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ ਅਤੇ ਅੱਗੇ ਵਧਣ ਦਾ ਮੌਕਾ ਦਿੱਤਾ। ਪਿੰਡਾਂ ਵਿੱਚ ਲਾਇਬਰੇਰੀਆਂ ਬਣਾਉਣ ਲਈ ਉਨ੍ਹਾਂ ਹਰੇਕ ਪਿੰਡ ਵਿੱਚ ਪੰਜਾਬੀ ਦੀਆਂ 100 ਚੋਣਵੀਆਂ ਕਿਤਾਬਾਂ ਭੇਜੀਆਂ। ਇੰਝ ਉਦੋਂ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਹਜ਼ਾਰਾਂ ਦੀ ਗਿਣਤੀ ਵਿੱਚ ਛਪੀਆਂ ਅਤੇ ਵਿਕੀਆਂ। ਆਪ ਭੌਂ ਦ੍ਰਿਸ਼ ਅਤੇ ਭਵਨ ਕਲਾ ਦੇ ਮਾਹਿਰ ਸਨ। ਪੰਜਾਬ ਦੇ ਸ਼ਿੰਗਾਰ ਰੁੱਖਾਂ ਅਤੇ ਬੂਟਿਆਂ ਬਾਰੇ ਉਨ੍ਹਾਂ ਕੇਵਲ ਪੁਸਤਕਾਂ ਹੀ ਨਹੀਂ ਲਿਖੀਆਂ, ਸਗੋਂ ਸਾਰੇ ਪੰਜਾਬ ਨੂੰ ਸ਼ਿੰਗਾਰਿਆ। ਪੰਜਾਬ ਦੀਆਂ ਸੜਕਾਂ ਕੰਢੇ ਲੱਗੇ ਸ਼ਿੰਗਾਰ ਰੁੱਖ ਅਤੇ ਬੂਟੇ ਇਨ੍ਹਾਂ ਦੀ ਹੀ ਦੇਣ ਹਨ। ਚੰਡੀਗੜ੍ਹ ਅਤੇ ਲੁਧਿਆਣੇ ਦੇ ਗੁਲਾਬਾਂ ਦੇ ਬਗੀਚੇ ਉਨ੍ਹਾਂ ਹੀ ਬਣਾਏ। ਸੜਕਾਂ ਕੰਢੇ ਸੁੰਦਰ ਹੋਟਲ ਬਣਵਾਏ ਅਤੇ ਉਨ੍ਹਾਂ ਦੇ ਨਾਮ ਰੁੱਖਾਂ ਅਤੇ ਪੰਛੀਆਂ ਦੇ ਨਾਂਵਾਂ ਉੱਤੇ ਰੱਖੇ। ਚੰਡੀਗੜ੍ਹ ਦੀਆਂ ਸੜਕਾਂ ਕੰਢੇ ਲੱਗੇ ਸਾਰੇ ਰੁੱਖ ਉਨ੍ਹਾਂ ਨੇ ਆਪਣੀ ਦੇਖ-ਰੇਖ ਹੇਠ ਲਵਾਏ। ਪੀ ਏ ਯੂ ਦੀ ਸੁੰਦਰਤਾ ਵੀ ਇਨ੍ਹਾਂ ਦੀ ਹੀ ਦੇਣ ਹੈ। ਆਪ ਭਵਨ ਕਲਾ ਦੇ ਮਾਹਿਰ ਸਨ। ਚੰਡੀਗੜ੍ਹ ਅਤੇ ਲੁਧਿਆਣੇ ਅਜਾਇਬ ਘਰ ਬਣਵਾਏ। ਚੰਡੀਗੜ੍ਹ ਸਥਿਤ ਪੰਜਾਬ ਆਰਟ ਕੌਂਸਲ ਅਤੇ ਕਲਾ ਭਵਨ ਆਪ ਜੀ ਦੀ ਆਖਰੀ ਕਲਾ ਕ੍ਰਿਤੀ ਸੀ।
ਆਪ ਉੱਚ ਕੋਟੀ ਦੇ ਪ੍ਰਬੰਧਕ ਸਨ। ਜਦੋਂ ਅੰਗਰੇਜ਼ਾਂ ਵੱਲੋਂ ਦੇਸ਼ ਛੱਡਣ ਦੀ ਤਿਆਰੀ ਹੋ ਰਹੀ ਸੀ ਤਾਂ ਸਰਦਾਰ ਪਟੇਲ ਨੇ ਇਨ੍ਹਾਂ ਨੂੰ ਦਿੱਲੀ ਦਾ ਡਿਪਟੀ ਕਮਿਸ਼ਨਰ ਬਣਾਇਆ। ਪੰਡਿਤ ਨਹਿਰੂ ਜੀ ਨੇ ਜਦੋਂ ਪਹਿਲੀ ਵਾਰ ਲਾਲ ਕਿਲ੍ਹੇ ਉੱਤੇ ਤਰੰਗਾ ਲਹਿਰਾਇਆ ਤਾਂ ਸਾਰਾ ਪ੍ਰਬੰਧ ਇਨ੍ਹਾਂ ਨੇ ਹੀ ਕੀਤਾ ਤੇ ਉਨ੍ਹਾਂ ਨਾਲ ਖੜ੍ਹੇ ਹੋਣ ਦਾ ਮਾਣ ਪ੍ਰਾਪਤ ਕੀਤਾ। ਅਜ਼ਾਦੀ ਵੇਲੇ ਦੇਸ਼ ਦੀ ਵੰਡ ਪਿੱਛੋਂ ਲੱਖਾਂ ਦੀ ਗਿਣਤੀ ਵਿੱਚ ਰਿਫਿਊਜੀ ਦਿੱਲੀ ਆਉਣ ਲੱਗੇ। ਸ਼ਹਿਰ ਵਿੱਚ ਦੰਗੇ ਸ਼ੁਰੂ ਹੋ ਗਏ। ਆਪ ਨੇ ਕੇਵਲ ਦੰਗਿਆਂ ਨੂੰ ਹੀ ਨਹੀਂ ਰੋਕਿਆ ਸਗੋਂ ਉੱਜੜ ਕੇ ਆਏ ਲੋਕਾਂ ਲਈ ਵਸੇਬਾ ਕੀਤਾ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਵਸੀਲੇ ਵੀ ਬਣਾਏ।
ਡਾ. ਰੰਧਾਵਾ ਉਸਾਰੂ ਤੇ ਵਿਗਿਆਨਕ ਸੋਚ ਦੇ ਮਾਲਕ ਸਨ। ਉਹ ਭਵਿੱਖ ਨੂੰ ਸ਼ਿੰਗਾਰਨ ਲਈ ਹੀ ਹਮੇਸ਼ਾ ਸੋਚਦੇ ਸਨ। ਆਪ ਉਨ੍ਹਾਂ ਸਾਦਾ ਜੀਵਨ ਜੀਵਿਆ। ਉਹ ਟਿਊਵੈੱਲ ਚਲਾ ਕੇ ਨਹਾਉਣ ਨੂੰ ਪਸੰਦ ਕਰਦੇ ਸਨ। ਰਾਤ ਨੂੰ ਕੋਠੇ ਦੀ ਛੱਤ ’ਤੇ ਤਾਰਿਆਂ ਦੀ ਛਾਵੇਂ ਸੌਣ ਦੇ ਸ਼ੌਕੀਨ ਸਨ। ਕਿਸਾਨੀ ਭਾਈਚਾਰੇ ਵਿੱਚੋਂ ਖੇਤਾਂ ਦੇ ਬੰਨ੍ਹਿਆ ’ਤੇ ਬੈਠ ਪੜ੍ਹਾਈ ਕਰਕੇ ਉਹ ਭਾਰਤੀ ਖੇਤੀ ਖੋਜ ਕੌਂਸਲ ਦੇ ਪਹਿਲੇ ਭਾਰਤ ਮੁਖੀ ਬਣੇ। ਮੁੜ ਉਹ ਘਣੀ ਖੇਤੀ ਪ੍ਰੋਗਰਾਮ ਦੇ ਡਾਇਰੈਕਟਰ ਜਨਰਲ ਰਹੇ। ਉਨ੍ਹਾਂ ਦੀ ਦੇਖ-ਰੇਖ ਹੇਠ ਹੀ ਵਧ ਝਾੜ ਦੇਣ ਵਾਲੀਆਂ ਕਣਕ ਅਤੇ ਝੋਨੇ ਦੀ ਕਿਸਮਾਂ ਭਾਰਤ ਆਈਆਂ। ਆਈ ਸੀ ਐੱਸ ਅਫਸਰ ਬਣਨ ਵਾਲੇ ਸ਼ਾਇਦ ਉਹ ਪਹਿਲੇ ਪੰਜਾਬੀ ਸਨ ਜਿਨ੍ਹਾਂ ਨੇ ਇਮਾਨਦਾਰੀ, ਦੂਰ ਅੰਦੇਸ਼ੀ ਅਤੇ ਲੋਕ ਪੱਖੀ ਪ੍ਰਬੰਧਕੀ ਮਿਆਰ ਸਥਾਪਿਤ ਕੀਤਾ।
ਮਹਿੰਦਰ ਸਿੰਘ ਰੰਧਾਵਾ ਬਾਰੇ ਐੱਮ ਐੱਸ ਸਵਾਮੀਨਾਥਨ ਲਿਖਦੇ ਹਨ ਕਿ ਡਾ. ਰੰਧਾਵਾ ਦੀ ਕਲਾ, ਬਾਗਬਾਨੀ, ਭਵਨ ਕਲਾ, ਖੇਤੀ ਖੋਜ, ਖੇਤੀ ਵਿੱਦਿਆ ਅਤੇ ਖੇਤੀ ਪਸਾਰ ਵਿੱਚ ਦੇਣ ਮਹਾਨ ਹੈ। ਉਨ੍ਹਾਂ ਦੀ ਹਰੇ ਇਨਕਲਾਬ ਨੂੰ ਸਿਰਜਣ, ਕਿਸਾਨਾਂ ਅਤੇ ਪਿੰਡਾਂ ਦੇ ਵਿਕਾਸ ਵਿੱਚ ਦੇਣ ਲਾਜਵਾਬ ਹੈ। ਇਸ ਮਹਾਨ ਪੰਜਾਬੀ ਦਾ ਜਨਮ ਦੋ ਫਰਵਰੀ 1908 ਨੂੰ ਹੋਇਆ ਅਤੇ ਪੰਜਾਬ ਦੀ ਧਰਤੀ ’ਤੇ ਉਨ੍ਹਾਂ ਆਖਰੀ ਸਾਹ ਤਿੰਨ ਮਾਰਚ 1986 ਨੂੰ ਲਿਆ। ਉਨ੍ਹਾਂ ਦਾ ਜੱਦੀ ਪਿੰਡ ਬੋਦਲ (ਹੁਸ਼ਿਆਰਪੁਰ) ਸੀ ਅਤੇ ਕਰਮ ਭੂਮੀ ਖਾਨਪੁਰ (ਖਰੜ) ਬਣਿਆ। ਖੇਤੀ ਵਿਕਾਸ ਵਿੱਚ ਪਾਏ ਉਨ੍ਹਾਂ ਦੇ ਯੋਗਦਾਨ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ 1972 ਵਿੱਚ ਪਦਮ ਭੂਸ਼ਣ ਦੇ ਪੁਰਸਕਾਰ ਨਾਲ ਸਨਮਾਨਿਆ। ਪੀ ਏ ਯੂ ਨੇ ਆਪਣੀ ਸੁੰਦਰ ਲਾਇਬਰੇਰੀ ਦਾ ਨਾਮ ਡਾ. ਮਹਿੰਦਰ ਸਿੰਘ ਰੰਧਾਵਾ ਰੱਖਿਆ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































