“ਲੋਕੀਂ ਜਾਤਪਾਤ, ਛੂਤਛਾਤ, ਅਮੀਰੀ-ਗਰੀਬੀ ਨੂੰ ਭੁੱਲ ਸੰਗਤ ਅਤੇ ਲੰਗਰ ਦੀ ਪੰਗਤ ...”
(16 ਜੂਨ 2026)

ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਸ਼੍ਰੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਲਾਮਿਸਾਲ ਬ੍ਰਹਮਗਿਆਨੀ, ਨਿਮਰਤਾ ਅਤੇ ਸਹਿਣਸ਼ੀਲਤਾ ਦੀ ਮੂਰਤੀ ਵੀ ਆਖਿਆ ਜਾਂਦਾ ਹੈ, ਨੇ ਮਹਿਸੂਸ ਕੀਤਾ ਕਿ ਦੱਬੇ ਕੁਚਲੇ ਲੋਕ ਭਾਵੇਂ ਆਪਣੇ ਹੱਕਾਂ ਪ੍ਰਤੀ ਚਿਤੰਨ ਹੋਏ ਹਨ ਪਰ ਸਜ਼ਾ ਅਤੇ ਮੌਤ ਦਾ ਡਰ ਸੰਘਰਸ਼ ਦੇ ਰਾਹ ਵਿੱਚ ਮੁੱਖ ਰੁਕਾਵਟ ਹੈ। ਉਨ੍ਹਾਂ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਇਹ ਦ੍ਰਿੜ੍ਹ ਕਰਵਾਇਆ ਕਿ ਕਰਨ ਕਰਵਾਉਣ ਵਾਲਾ ਕੇਵਲ ਪ੍ਰਮਾਤਮਾ ਹੈ। ਉਹ ਹੀ ਸਦੀਵੀ ਸੱਚ ਹੈ। ਸਾਨੂੰ ਕੇਵਲ ਰੱਬ ਤੋਂ ਡਰਨਾ ਚਾਹੀਦਾ ਹੈ ਹੋਰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਜਿਹੜੇ ਰੱਬ ਦਾ ਸਿਮਰਨ ਕਰਦੇ ਹਨ, ਉਸਦੇ ਦੱਸੇ ਰਸਤੇ ਉੱਤੇ ਤੁਰਦੇ ਹਨ ਅਤੇ ਉਸ ਉੱਤੇ ਹੀ ਭਰੋਸਾ ਕਰਦੇ ਹਨ ਉਹ ਉਨ੍ਹਾਂ ਦੇ ਅੰਗ ਸੰਗ ਸਹਾਈ ਰਹਿੰਦਾ ਹੈ। ਗੁਰੂ ਜੀ ਨੇ ਅਨੁਭਵ ਕੀਤਾ ਕਿ ਦੱਬੇ ਕੁਚਲੇ ਲੋਕ ਉਦੋਂ ਹੀ ਸਿਰ ਚੁੱਕ ਕੇ ਜੀ ਸਕਦੇ ਹਨ, ਜਦੋਂ ਇਨ੍ਹਾਂ ਦੇ ਮਨਾਂ ਵਿੱਚੋਂ ਮੌਤ ਦਾ ਡਰ ਦੂਰ ਕੀਤਾ ਜਾਵੇ। ਜਾਬਰਾਂ ਦੇ ਜ਼ੁਲਮ ਤੋਂ ਡਰਦੇ ਹੀ ਇਹ ਉਨ੍ਹਾਂ ਦੀ ਗੁਲਾਮੀ ਕਰਦੇ ਹਨ।
ਗੁਰੂ ਜੀ ਨੇ ਲੋਕਾਈ ਦੇ ਮਨਾਂ ਵਿੱਚੋਂ ਜਬਰ ਅਤੇ ਮੌਤ ਦਾ ਡਰ ਦੂਰ ਕਰਨ ਲਈ ਆਪਣੀ ਅਦੁੱਤੀ ਸ਼ਹਾਦਤ ਦਿੱਤੀ। ਵੱਧ ਤੋਂ ਵੱਧ ਤਸੀਹੇ ਝੱਲ ਸੰਸਾਰ ਵਿੱਚ ਪਹਿਲਾਂ ਕਦੇ ਕਿਸੇ ਨੇ ਇੰਝ ਸ਼ਹੀਦੀ ਪ੍ਰਾਪਤ ਨਹੀਂ ਕੀਤੀ ਸੀ। ਗੁਰੂ ਜੀ ਦੀ ਸ਼ਹਾਦਤ ਕਿਸੇ ਰਾਜ ਪ੍ਰਾਪਤੀ ਲਈ ਨਹੀਂ ਸੀ ਸਗੋਂ ਲੋਕ ਹੱਕਾਂ ਦੀ ਰਾਖੀ ਲਈ ਸੀ, ਜਿਹੜੇ ਸਦੀਆਂ ਤੋਂ ਜਬਰ ਜ਼ੁਲਮ ਸਹਿੰਦੇ ਹੋਏ ਪਸ਼ੂਆਂ ਤੋਂ ਵੀ ਭੈੜਾ ਜੀਵਨ ਜੀ ਰਹੇ ਸਨ।
ਗੁਰੂ ਜੀ ਦਾ ਜਨਮ 15 ਅਪਰੈਲ 1563 ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਦੇ ਆਪ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਆਪ ਜੀ ਦੇ ਮਾਤਾ ਬੀਬੀ ਭਾਨੀ ਜੀ ਤੀਜੇ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸਨ। ਗੁਰੂ ਜੀ ਕੇਵਲ 43 ਸਾਲ ਦੀ ਉਮਰ ਵਿੱਚ 30 ਮਈ 1606 ਨੂੰ ਜੋਤੀ ਜੋਤ ਸਮਾਂ ਗਏ। ਆਪ ਜੀ ਗੁਰਗੱਦੀ ਉੱਤੇ 1 ਸਤੰਬਰ 1581 ਨੂੰ ਬਿਰਾਜਮਾਨ ਹੋਏ ਅਤੇ 25 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਅਜਿਹੇ ਚਮਤਕਾਰੀ ਕਾਰਨਾਮੇ ਕਰ ਗਏ, ਜਿਨ੍ਹਾਂ ਸੰਸਾਰ ਵਿੱਚ ਨਵਾਂ ਇਤਿਹਾਸ ਸਿਰਜਿਆ। ਉਦੋਂ ਨੀਵੇਂ ਸਮਝੇ ਜਾਂਦੇ ਲੋਕਾਂ ਨੂੰ ਰੱਬ ਦੀ ਭਗਤੀ ਤੋਂ ਵਰਜਿਆ ਜਾਂਦਾ ਸੀ, ਉਨ੍ਹਾਂ ਨੂੰ ਧਾਰਮਿਕ ਅਸਥਾਨਾਂ ਉੱਤੇ ਜਾਣ ਦੀ ਮਨਾਹੀ ਸੀ। ਗੁਰੂ ਜੀ ਨੇ ਇੱਕ ਅਜਿਹੇ ਰੱਬ ਦੇ ਘਰ ਦਾ ਨਿਰਮਾਣ ਕੀਤਾ ਜਿਸ ਵਰਗਾ ਅੱਜ ਤਕ ਹੋਰ ਕੋਈ ਧਾਰਮਿਕ ਸਥਾਨ ਨਹੀਂ ਬਣ ਸਕਿਆ।
ਜਿੱਥੇ ਆਮ ਕਰਕੇ ਧਾਰਮਿਕ ਅਸਥਾਨਾਂ ਦਾ ਨਿਰਮਾਣ ਉੱਚੀ ਥਾਂ ਕੀਤਾ ਜਾਂਦਾ ਹੈ ਉੱਥੇ ਗੁਰੂ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਨੀਵੇਂ ਥਾਂ ਕੀਤਾ ਤਾਂ ਜੋ ਪੌੜੀਆਂ ਉੱਤਰਦਾ ਹੋਇਆ ਇਨਸਾਨ ਆਪਣੀ ਹਉਮੈਂ ਤਿਆਗਕੇ ਨਿਮਰਤਾ ਦੀ ਮੂਰਤ ਬਣ ਜਾਵੇ। ਸ਼੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਸਰੋਵਰ ਦੇ ਵਿਚਕਾਰ ਕੀਤੀ ਗਈ ਤਾਂ ਜੋ ਪਵਿੱਤਰ ਸਰੋਵਰ ਦੀ ਪਰਿਕਰਮਾ ਕਰਦਾ ਹੋਇਆ ਮਨੁੱਖ ਕ੍ਰੋਧ ਤਿਆਗਕੇ ਸੀਤਲ ਹੋ ਜਾਵੇ। ਗੁਰੂ ਜੀ ਨੇ ਹਰਿਮੰਦਰ ਸਾਹਿਬ ਨੂੰ ਸਾਰੀ ਮਾਨਵਤਾ ਦਾ ਪ੍ਰਤੀਕ ਬਣਾਉਣ ਲਈ ਉਸਦੇ ਚਾਰੇ ਪਾਸੇ ਚਾਰ ਦਰਵਾਜ਼ੇ ਰਖਵਾਏ। ਉਦੋਂ ਸਾਰੀ ਲੋਕਾਈ ਨੂੰ ਚਾਰ ਵਰਣਾਂ ਵਿੱਚ ਵੰਡਿਆ ਗਿਆ ਸੀ। ਇੰਝ ਗੁਰੂ ਜੀ ਨੇ ਊਚ ਨੀਚ ਤੇ ਅਮੀਰ ਗਰੀਬ ਦਾ ਭੇਦ ਮਿਟਾ ਕੇ ਸਰਬ ਸਾਂਝੇ ਧਾਰਮਿਕ ਸਥਾਨ ਦਾ ਨਿਰਮਾਣ ਕੀਤਾ ਜਿਸ ਨੂੰ ਅਸਲੀ ਸ਼ਬਦਾਂ ਵਿੱਚ ਰੱਬ ਦਾ ਘਰ ਆਖਿਆ ਜਾ ਸਕਦਾ ਹੈ। ਗੁਰੂ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਉਸ ਸਮੇਂ ਦੇ ਪਹੁੰਚੇ ਹੋਏ ਪੀਰ ਮੀਆਂ ਮੀਰ ਜੀ ਤੋਂ ਰਖਵਾ ਕੇ ਧਰਮ ਦੇ ਨਾਮ ਉੱਤੇ ਪਈਆਂ ਵੰਡੀਆਂ ਨੂੰ ਮੇਟ ਦਿੱਤਾ।
ਗੁਰੂ ਜੀ ਨੇ ਅਨੁਭਵ ਕੀਤਾ ਕਿ ਲੋਕਾਂ ਵਿੱਚ ਕੇਵਲ ਮਾਣ ਨਾਲ ਜਿਊਣ ਦੀ ਤਾਂਘ ਪੈਦਾ ਕਰਨੀ ਹੀ ਕਾਫ਼ੀ ਨਹੀਂ ਹੈ, ਸਗੋਂ ਉਨ੍ਹਾਂ ਲਈ ਇੱਕ ਸਦੀਵੀ ਜੀਵਨ ਜਾਚ ਬਣਾਉਣ ਦੀ ਲੋੜ ਹੈ ਜਿਸਦੀ ਸੇਧੇ ਉਹ ਸੱਚ, ਹੱਕ ਅਤੇ ਬਰਾਬਰੀ ਵਾਲਾ ਜੀਵਨ ਜੀ ਸਕਣ। ਉਨ੍ਹਾਂ ਨੇ ਮਾਨਵਤਾ ਲਈ ਯੁਗੋ ਯੁਗ ਅਟੱਲ ਗੁਰੂ ਦੀ ਸੰਪਾਦਨਾ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਅਤੇ ਸੰਪਾਦਨਾ ਲਈ ਆਪ ਜੀ ਨੇ ਤਿੰਨ ਸਾਲ ਸਖਤ ਮਿਹਨਤ ਕੀਤੀ। ਸਾਰੇ ਦੇਸ਼ ਵਿੱਚੋਂ ਸੰਤਾਂ ਅਤੇ ਭਗਤਾਂ ਦੀ ਸਰਬਸਾਂਝੀ ਬਾਣੀ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਇਕੱਤਰ ਕੀਤਾ ਸੀ ਤੇ ਹੋਰ ਭਗਤਾਂ ਭੱਟਾਂ ਅਤੇ ਮਹਾਂਪੁਰਖਾਂ ਦੀ ਬਾਣੀ ਇਕੱਠੀ ਕੀਤੀ। ਉਸ ਨੂੰ ਪਰਖਿਆ ਅਤੇ ਸੱਚੀ ਬਾਣੀ ਨੂੰ ਨਿਖੇੜਿਆ। ਸੰਪਾਦਨਾ ਲਈ ਵਿਆਕਰਣ ਦਾ ਨਿਰਮਾਣ ਕੀਤਾ ਅਤੇ ਉਸੇ ਵਿਆਕਰਣ ਦੇ ਅਧਾਰ ਉੱਤੇ ਬਾਣੀ ਨੂੰ ਤਰਤੀਬ ਦਿੱਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਅਜਿਹਾ ਮਹਾਨ ਧਾਰਮਿਕ ਗ੍ਰੰਥ ਹੈ ਜੋ ਸਾਰੀ ਮਾਨਵਤਾ ਲਈ ਹੈ ਕਿਉਂਕਿ ਉਸ ਵਿੱਚ ਚਾਰੇ ਵਰਣਾਂ ਦੇ ਸੰਤਾਂ ਅਤੇ ਭਗਤਾਂ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਬਾਣੀ ਮਹਾਰਾਸ਼ਟਰ ਤੋਂ ਲੈ ਕੇ ਬੰਗਾਲ ਤਕ ਸਮੁੱਚੇ ਦੇਸ਼ ਦੀ ਪ੍ਰਤੀਨਿੱਧਤਾ ਕਰਦੀ ਹੈ। ਇਸ ਬਾਣੀ ਦੀ ਰਚਨਾ ਇੱਕ ਸਮੇਂ ਵਿੱਚ ਨਹੀਂ ਸਗੋਂ ਪੰਜ ਸਦੀਆਂ ਵਿੱਚ ਹੋਈ ਹੈ। ਇੰਝ ਇਹ ਬਾਣੀ ਸਰਬਸਾਂਝੀ ਅਤੇ ਸਦੀਵੀ ਹੈ। ਸ਼ਬਦ ਨੂੰ ਜਦੋਂ ਸੰਗੀਤ ਰਾਹੀਂ ਸਰਵਣ ਕੀਤਾ ਜਾਵੇ ਤਾਂ ਉਸਦਾ ਪ੍ਰਭਾਵ ਲਾਸਾਨੀ ਹੁੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਸ਼ਬਦਾਂ ਦੇ ਗਾਇਨ ਦੇ ਗੁਰੂ ਜੀ ਨੇ ਰਾਗ ਨਿਰਧਾਰਿਤ ਕੀਤੇ ਤਾਂ ਜੋ ਨਿਰਧਾਰਿਤ ਰਾਗਾਂ ਵਿੱਚ ਢੁਕਵੇਂ ਸਮੇਂ ਹੋਏ ਗੁਰਬਾਣੀ ਦੇ ਗਾਇਨ ਦਾ ਸਰੋਤਿਆਂ ਉੱਤੇ ਜਾਦੂਈ ਅਸਰ ਹੋ ਸਕੇ।
ਗੁਰੂ ਜੀ ਵੱਲੋਂ ਸ਼ੁਰੂ ਕੀਤੀ ਲੋਕ ਚੇਤਨਾ ਦੀ ਲਹਿਰ ਦਿਨੋ ਦਿਨ ਮਜ਼ਬੂਤ ਹੋ ਰਹੀ ਸੀ। ਲੋਕੀਂ ਜਾਤਪਾਤ, ਛੂਤਛਾਤ, ਅਮੀਰੀ-ਗਰੀਬੀ ਨੂੰ ਭੁੱਲ ਸੰਗਤ ਅਤੇ ਲੰਗਰ ਦੀ ਪੰਗਤ ਵਿੱਚ ਬਰਾਬਰ ਬੈਠਣ ਲੱਗ ਪਏ ਸਨ। ਨੀਵੀਂਆਂ ਧੌਣਾਂ ਉੱਚੀਆਂ ਹੋਣ ਲੱਗੀਆਂ। ਧਾਰਮਿਕ ਕਰਮਕਾਂਡਾਂ, ਦੇਵੀ ਦੇਵਤਿਆਂ ਦੀ ਪੂਜਾ ਬੰਦ ਹੋਣ ਲੱਗ ਪਈ। ਧਰਮਾਂ ਦੇ ਅਖੌਤੀ ਠੇਕੇਦਾਰਾਂ ਦੀਆਂ ਜਦੋਂ ਕੂੜ ਦੀਆਂ ਦੁਕਾਨਾਂ ਬੰਦ ਹੋਣ ਲੱਗ ਪਈਆਂ ਤਾਂ ਉਨ੍ਹਾਂ ਦਾ ਗੁੱਸਾ ਕੁਦਰਤੀ ਸੀ। ਉਨ੍ਹਾਂ ਮੌਕੇ ਦੇ ਹਾਕਮ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਗੁਰੂ ਜੀ ਦੀ ਸਿੱਖੀ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦਾ ਸੇਕ ਸ਼ਾਹੀ ਮਹਿਲਾਂ ਤੀਕ ਵੀ ਪੁੱਜ ਗਿਆ। ਮੌਕੇ ਦੇ ਬਾਦਸ਼ਾਹ ਜਹਾਂਗੀਰ ਨੂੰ ਆਪਣੇ ਵਿਰੁੱਧ ਬਗਾਵਤ ਦਾ ਭੈ ਲੱਗਣ ਲੱਗ ਪਿਆ। ਬਾਦਸ਼ਾਹ ਮੌਕੇ ਅਤੇ ਬਹਾਨੇ ਦੀ ਤਲਾਸ਼ ਵਿੱਚ ਸੀ ਤਾਂ ਜੋ ਗੁਰੂ ਜੀ ਵਿਰੁੱਧ ਕੋਈ ਕਾਰਵਾਈ ਕੀਤੀ ਜਾ ਸਕੇ। ਬਾਦਸ਼ਾਹ ਨੂੰ ਇਹ ਬਹਾਨਾ ਵੀ ਜਲਦੀ ਹੀ ਮਿਲ ਗਿਆ। ਉਸਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਪੰਜਾਬ ਵਿੱਚੋਂ ਲੰਘ ਰਿਹਾ ਖੁਸਰੋ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ। ਉਸਨੇ ਪੰਗਤ ਵਿੱਚ ਬੈਠ ਲੰਗਰ ਵੀ ਛਕਿਆ। ਬਾਦਸ਼ਾਹ ਜਹਾਂਗੀਰ ਨੇ ਇੱਕ ਬਾਗੀ ਦੀ ਸਹਾਇਤਾ ਕਰਨ ਦੇ ਦੋਸ਼ ਵਿੱਚ ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ।
ਮਾਨਵਤਾ ਦੇ ਮਨੋਂ ਜ਼ੁਲਮ ਅਤੇ ਮੌਤ ਦਾ ਡਰ ਦੂਰ ਕਰਨ ਲਈ ਗੁਰੂ ਜੀ ਨੇ ਲਾਹੌਰ ਵਿਖੇ ਲਾਹੌਰ ਵਿਖੇ ਅਦੁੱਤੀ ਸ਼ਹਾਦਤ ਦਿੱਤੀ। ਗੁਰੂ ਜੀ ਨੂੰ ਤੱਤੀ ਤਵੀ ਉੱਤੇ ਬਿਠਾਇਆ ਗਿਆ, ਸੀਸ ਉੱਤੇ ਤੱਤੀ ਰੇਤ ਪਾਈ ਗਈ, ਉੱਬਲਦੀ ਦੇਗ ਵਿੱਚ ਉਬਾਲਿਆ ਗਿਆ ਤੇ ਮੁੜ ਰਾਵੀ ਦੇ ਠੰਢੇ ਪਾਣੀ ਵਿੱਚ ਡੁਬੋਇਆ ਗਿਆ। ਉਨ੍ਹਾਂ ਨੇ ਜਾਬਰ ਦੇ ਤਸ਼ੱਦਦ ਨੂੰ ਸ਼ਾਂਤੀ ਨਾਲ ਖਿੜੇ ਮੱਥੇ ਰੱਬ ਦਾ ਸਿਮਰਨ ਕਰਦੇ ਹੋਇਆਂ ਝੱਲਿਆ। ਜਦੋਂ ਆਪ ਜੀ ’ਤੇ ਜ਼ੁਲਮ ਹੋ ਰਿਹਾ ਸੀ ਤਾਂ ਸਾਈਂ ਮੀਆਂ ਮੀਰ ਤੋਂ ਇਹ ਦੇਖਿਆ ਨਾ ਗਿਆ। ਉਨ੍ਹਾਂ ਗੁਰੂ ਜੀ ਨੂੰ ਬੇਨਤੀ ਕੀਤੀ, “ਗੁਰੂ ਜੀ, ਮੈਨੂੰ ਆਪਣੀ ਕਰਾਮਾਤ ਵਿਖਾਉਣ ਦੀ ਆਗਿਆ ਦੇਵੋ।” ਗੁਰੂ ਜੀ ਨੇ ਸ਼ਾਂਤ ਅਤੇ ਖਿੜੇ ਮੱਥੇ ਉੱਤਰ ਦਿੱਤਾ, “ਸਾਂਈ ਜੀ, ਸਾਡੇ ਕੋਲ ਸੱਚ ਦੀ ਤਾਕਤ ਹੈ। ਮੇਰਾ ਰੱਬ ਮੇਰੇ ਨਾਲ ਹੈ। ਉਸੇ ਦੇ ਸਹਾਰੇ ਅਸੀਂ ਇਹ ਜ਼ੁਲਮ ਖਿੜੇ ਮੱਥੇ ਝੱਲ ਰਹੇ ਹਾਂ। ਕੀ ਇਹ ਕਰਾਮਾਤ ਨਾਲੋਂ ਘੱਟ ਹੈ। ਰੱਬ ਦੀ ਰਜ਼ਾ ਵਿੱਚ ਹੀ ਰਹਿਣਾ ਸਾਡਾ ਧਰਮ ਹੈ। ਸਰੀਰ ਅਤੇ ਸੰਸਾਰ ਝੂਠ ਹੈ, ਪਰ ਆਤਮਾ ਨਿਰਲੇਪ ਹੈ। ਹੁਣ ਜਦੋਂ ਕਿਸੇ ਸਿੱਖ ਉੱਤੇ ਕਸ਼ਟ ਆਵੇਗਾ ਤਾਂ ਉਹ ਭਾਣਾ ਮਿੱਠਾ ਕਰਕੇ ਮੰਨੇਗਾ। ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਰੱਬ ਦੇ ਪਿਆਰਿਆਂ ਨੂੰ ਸ਼ੋਭਦਾ ਹੈ। ਆਤਮਿਕ ਸ਼ਕਤੀ ਨੂੰ ਸਰੀਰ ਦੀ ਰੱਖਿਆ ਲਈ ਨਹੀਂ ਵਰਤਿਆ ਜਾ ਸਕਦਾ।”
ਬਾਦਸ਼ਾਹ ਨੂੰ ਯਕੀਨ ਸੀ ਕਿ ਗੁਰੂ ਜੀ ਦੀ ਸ਼ਹਾਦਤ ਨਾਲ ਇਹ ਲਹਿਰ ਖਤਮ ਹੋ ਜਾਵੇਗੀ ਪਰ ਇਸਨੇ ਤਾਂ ਬਲਦੀ ਉੱਤੇ ਤੇਲ ਦਾ ਕੰਮ ਕੀਤਾ। ਸਿੱਖਾਂ ਦੇ ਮਨਾਂ ਵਿੱਚੋਂ ਮੌਤ ਦਾ ਭੈ ਦੂਰ ਹੋ ਗਿਆ। ਗੁਰੂ ਜੀ ਦੇ ਸਾਹਿਬਜ਼ਾਦੇ ਛੇਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਦੀ ਅਗਵਾਈ ਵਿੱਚ ਜਦੋਂ ਸਿੱਖਾਂ ਨੇ ਹਥਿਆਰ ਚੁੱਕੇ ਤਾਂ ਸ਼ਾਹਜਹਾਨ ਦੀਆਂ ਫੌਜਾਂ ਨੂੰ ਚਾਰ ਵਾਰ ਹਾਰ ਦਾ ਮੂੰਹ ਵੇਖਣਾ ਪਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































