“ਇਸ ਵਰ੍ਹੇ ਵਿਦੇਸ਼ੀ ਮਾਹਿਰਾਂ ਦੀਆਂ ਫੇਰੀਆਂ ਦੌਰਾਨ ਜਪਾਨ, ਅਮਰੀਕਾ, ਅਰਜਨਟੀਨਾ ...”
(18 ਜਨਵਰੀ 2026)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਪੰਜਾਬ ਦੇ ਖੇਤੀ ਵਿਕਾਸ ਵਿੱਚ ਅਹਿਮ ਭੂਮਿਕਾ ਹੈ ਕਿਉਂਕਿ ਪੰਜਾਬ ਦੀ ਸਾਰੀ ਖੇਤੀ ਖੋਜ ਦੀ ਜ਼ਿੰਮੇਵਾਰੀ ਇਸੇ ਯੂਨੀਵਰਸਿਟੀ ਦੀ ਹੈ। ਇਸ ਖੋਜ ਨੂੰ ਕਿਸਾਨਾਂ ਤਕ ਪਹੁੰਚਾਉਣ ਅਤੇ ਇਸ ਨੂੰ ਅਪਣਾਉਣ ਵਿੱਚ ਸਹਾਇਤਾ ਕਰਨਾ ਵੀ ਇਸਦੀ ਜ਼ਿੰਮੇਵਾਰੀ ਦਾ ਹਿੱਸਾ ਹੈ। ਇਹ ਜ਼ਿੰਮੇਵਾਰੀ ਯੂਨੀਵਰਸਿਟੀ ਵੱਲੋਂ ਹਰੇਕ ਜ਼ਿਲ੍ਹੇ ਵਿੱਚ ਖੇਤੀ ਸਲਾਹਕਾਰ ਸੇਵਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਰਾਹੀਂ ਕੀਤੀ ਜਾਂਦੀ ਹੈ। ਕਿਸਾਨਾਂ ਅਤੇ ਖੇਤੀ ਵਿਕਾਸ ਨਾਲ ਸਬੰਧਿਤ ਅਧਿਕਾਰੀਆਂ ਦੀ ਸਿਖਲਾਈ ਵੀ ਯੂਨੀਵਰਸਿਟੀ ਹੀ ਕਰਦੀ ਹੈ। ਇਹ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਲਗਨ ਅਤੇ ਸਿਆਣਪ ਨਾਲ ਨਿਭਾ ਰਹੀ ਹੈ। ਇਸਦੀ ਮਿਸਾਲ ਪੰਜਾਬ ਵਿੱਚ ਹੋਏ ਖੇਤੀ ਵਿਕਾਸ ਤੋਂ ਮਿਲਦੀ ਹੈ। ਹਰੇਕ ਸਾਲ ਲੱਖਾਂ ਕਿਸਾਨ ਯੂਨੀਵਰਸਿਟੀ ਦੇ ਕੇਂਦਰਾਂ ਵਿੱਚ ਨਵੇਂ ਗਿਆਨ ਅਤੇ ਨਵੇਂ ਬੀਜਾਂ ਲਈ ਫੇਰੀ ਪਾਉਂਦੇ ਹਨ। ਸੰਸਾਰ ਵਿੱਚ ਸ਼ਾਇਦ ਹੋਰ ਕੋਈ ਅਜਿਹੀ ਸੰਸਥਾ ਨਹੀਂ ਜਿਸਦੇ ਕਿਸਾਨਾਂ ਨਾਲ ਇੰਨੇ ਨੇੜਲੇ ਸਬੰਧ ਹੋਣ। ਇਸੇ ਕਰਕੇ ਯੂਨੀਵਰਸਿਟੀ ਨੂੰ ਸਾਰੇ ਦੇਸ਼ ਦੀਆਂ ਖੇਤੀ ਯੂਨੀਵਰਸਿਟੀਜ਼ ਵਿੱਚ ਪਹਿਲਾ ਸਥਾਨ ਪ੍ਰਾਪਤ ਹੁੰਦਾ ਹੈ।
ਇਸ ਵਰ੍ਹੇ ਵੀ ਪੀ.ਏ.ਯੂ. ਨੂੰ ਦੇਸ਼ ਦੀ ਸਭ ਤੋਂ ਵਧੀਆ ਯੂਨੀਵਰਸਿਟੀ ਮੰਨਿਆ ਗਿਆ ਹੈ। ਇਸ ਤੋਂ ਅੱਗੇ ਇਸ ਵਰ੍ਹੇ ਇਸ ਨੂੰ ਸੰਸਾਰ ਦੀਆਂ ਸੌ ਵਧੀਆ ਖੇਤੀ ਸੰਸਥਾਵਾਂ ਵਿੱਚ ਸ਼ੁਮਾਰ ਕੀਤਾ ਗਿਆ ਹੈ। ਇਸਦੀਆਂ ਪ੍ਰਾਪਤੀਆਂ ਦਾ ਅਧਾਰ ਕਿਸਾਨਾਂ, ਵਿਗਿਆਨੀਆਂ ਅਤੇ ਸਰਕਾਰ ਦਾ ਆਪੋ ਵਿਚਲਾ ਤਾਲਮੇਲ ਹੈ। ਸਰਕਾਰ ਨੇ ਪਿਛਲੇ ਸਾਲ ਵਾਂਗ ਇਸ ਸਾਲ ਵੀ ਯੂਨੀਵਰਸਿਟੀ ਨੂੰ 20 ਕਰੋੜ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਹੈ। ਯੂਨੀਵਰਸਿਟੀ ਕਿਸਾਨਾਂ ਲਈ ਨਵੀਂਆਂ ਖੋਜਾਂ ਹੀ ਨਹੀਂ ਕਰਦੀ ਸਗੋਂ ਮੁਸੀਬਤ ਪੈਣ ਉੱਤੇ ਉਨ੍ਹਾਂ ਦੀ ਅੱਗੇ ਵਧ ਕੇ ਸਹਾਇਤਾ ਵੀ ਕਰਦੀ ਹੈ। ਇਸ ਵਾਰ ਪੰਜਾਬ ਵਿੱਚ ਵੀ ਹੜ੍ਹਾਂ ਨੇ ਤਬਾਹੀ ਮਚਾਈ। ਕਿਸਾਨਾਂ ਦਾ ਸਭ ਕੁਝ ਰੁੜ੍ਹ ਗਿਆ। ਇੱਥੋਂ ਤਕ ਕਿ ਹਾੜ੍ਹੀ ਦੀ ਫਸਲ ਬੀਜਣ ਲਈ ਬੀਜ ਵੀ ਨਹੀਂ ਸੀ। ਨਵਾਂ ਬੀਜ ਖਰੀਦਣ ਲਈ ਵਸੀਲੇ ਨਹੀਂ ਸਨ। ਹੜ੍ਹਾਂ ਨੇ ਖੇਤਾਂ ਵਿੱਚ ਰੇਤ ਵਿਛਾ ਦਿੱਤੀ ਸੀ। ਯੂਨੀਵਰਸਿਟੀ ਦੇ ਮਾਹਿਰਾਂ ਨੇ ਜਿੱਥੇ ਤਕਨੀਕੀ ਸਲਾਹ ਦਿੱਤੀ ਉੱਥੇ ਇੱਥੋਂ ਦੇ ਸਟਾਫ ਨੇ ਆਪਣੇ ਵੱਲੋਂ ਪੈਸੇ ਇਕੱਠੇ ਕਰਕੇ 725 ਕੁਇੰਟਲ ਕਣਕ ਦੀਆਂ ਸੁਧਰੀਆਂ ਕਿਸਮਾਂ ਦਾ ਬੀਜ ਹੜ੍ਹ ਪ੍ਰਭਾਵਿਤ ਕਿਸਾਨਾਂ ਤਕ ਪਹੁੰਚਾਇਆ ਤਾਂ ਜੋ ਉਹ ਹਾੜ੍ਹੀ ਦੀ ਬਿਜਾਈ ਕਰ ਸਕਣ। ਇਸਦੇ ਨਾਲ ਪੰਜ ਕੁਇੰਟਲ ਗੋਭੀ ਸਰ੍ਹੋਂ ਦਾ ਬੀਜ ਵੀ ਵੰਡਿਆ ਗਿਆ।
ਖੇਤੀ ਖੋਜ ਅਤੇ ਪਸਾਰ ਦੇ ਨਾਲ ਹੀ ਖੇਤੀ ਪੜ੍ਹਾਈ ਦਾ ਵੀ ਇਹ ਵਧੀਆ ਕੇਂਦਰ ਮੰਨਿਆ ਗਿਆ ਸੀ। ਕਦੇ ਖੇਤੀ ਪੜ੍ਹਾਈ ਦੀ ਜ਼ਿੰਮੇਵਾਰੀ ਵੀ ਇਸੇ ਸੰਸਥਾ ਦੀ ਹੀ ਸੀ। ਹੁਣ ਸੂਬੇ ਵਿੱਚ ਇੱਕ ਸੈਂਕੜਾ ਖੇਤੀ ਕਾਲਿਜ ਹੋਰ ਖੁੱਲ੍ਹ ਗਏ ਹਨ। ਸੋਚਣਾ ਇਹ ਹੈ ਕਿ ਕੀ ਇਹ ਕਾਲਿਜ ਇਸ ਯੂਨੀਵਰਸਿਟੀ ਦਾ ਮੁਕਾਬਲਾ ਕਰ ਸਕਦੇ ਹਨ, ਜਿੱਥੇ ਇੱਕ ਹਜ਼ਾਰ ਦੇ ਲਗਭਗ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਖੇਤੀ ਵਿਗਿਆਨੀ ਹਨ। ਖੋਜ ਵਿੱਚ ਪਿਛਲੇ ਸਾਲਾਂ ਵਾਂਗ ਇਸ ਵਰ੍ਹੇ ਵੀ ਵੱਡੀਆਂ ਪ੍ਰਾਪਤੀਆਂ ਹੋਈਆਂ ਹਨ। ਫਸਲਾਂ ਦੀਆਂ 20 ਨਵੀਂਆਂ ਕਿਸਮਾਂ ਕਾਸ਼ਤ ਲਈ ਕਿਸਾਨਾਂ ਨੂੰ ਦਿੱਤੀਆਂ ਗਈਆਂ ਹਨ। ਇਸ ਵਰ੍ਹੇ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਯੂ 872 ਦਿੱਤੀ ਗਈ ਹੈ ਜਿਸਦਾ ਝਾੜ 24 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ। ਬਿਸਕੁਟ ਬਣਾਉਣ ਲਈ ਵੀ ਕਿਸਮ ਪੀ ਬੀ ਡਬਲਯੂ ਬਿਸਕੁਟ-1 ਰੀਲੀਜ਼ ਕੀਤੀ ਗਈ ਹੈ। ਝੋਨੇ ਦੀ ਕਿਸਮ ਪੀ ਆਰ 132 ਜਿਹੜੀ 111 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਝਾੜ 32 ਕੁਇੰਟਲ ਤਕ ਪ੍ਰਾਪਤ ਹੋ ਜਾਂਦਾ ਹੈ। ਇਸ ਵਿੱਚ ਬਿਮਾਰੀਆਂ ਦਾ ਟਾਕਰਾ ਕਰਨ ਦੀ ਵੀ ਸ਼ਕਤੀ ਹੈ। ਜੌਆਂ ਦੀ ਕਿਸਮ ਪੀ ਐੱਲ 942 ਅਤੇ ਮੱਕੀ ਦੀ ਪੀ ਐੱਮ ਐੱਚ 17 ਦਿੱਤੀ ਗਈ ਹੈ। ਹਰੇ ਚਾਰੇ ਲਈ ਜਵੀ ਕਿਸਮ ਓ ਐੱਲ 17, ਜਿਸ ਤੋਂ 315 ਕੁਇੰਟਲ ਚਾਰਾ ਪ੍ਰਤੀ ਏਕੜ ਮਿਲ ਜਾਂਦਾ ਹੈ। ਇੱਕ ਮੂੰਗਬੀਨ ਦੀ ਕਿਸਮ ਐੱਸ ਐੱਮ ਐੱਲ 2575 ਦਿੱਤੀ ਗਈ ਜਿਹੜੀ ਕਵੇਲ 63 ਦਿਨਾਂ ਵਿੱਚ ਪੱਕ ਜਾਂਦੀ ਹੈ। ਰਾਇਆ ਦੀ ਦੋਗਲੀ ਕਿਸਮ ਪੀ ਐੱਚ ਆਰ 127 ਵੀ ਤਿਆਰ ਕੀਤੀ ਗਈ ਹੈ।
ਸਬਜ਼ੀਆਂ ਦੀ ਖੋਜ ਵਿੱਚ ਵੀ ਚੰਗਾ ਕੰਮ ਹੋਇਆ ਹੈ। ਆਲੂਆਂ ਦੀਆਂ ਦੋ ਨਵੀਂਆਂ ਕਿਸਮਾਂ ਪੰਜਾਬ ਆਲੂ 10 ਇਹ ਅਗੇਤੀ ਕਿਸਮ ਹੈ ਅਤੇ 450 ਕੁਇੰਟਲ ਪ੍ਰਤੀ ਹੈਕਟਰ ਤੋਂ ਵੀ ਵੱਧ ਝਾੜ ਦੇ ਦਿੰਦੀ ਹੈ। ਦੂਜੀ ਪੰਜਾਬ ਆਲੂ 104 ਕਿਸਮ, ਜਿਸ ਨੂੰ ਲੇਟ ਪਲਾਈਟ ਨਹੀਂ ਲਗਦੀ। ਪੰਜਾਬ ਸੰਤਰੀ ਗਾਜਰ ਦੀ ਕਿਸਮ ਹੈ, ਜਿਸ ਵਿੱਚ ਬੀ ਕੈਰੋਟੀਨ ਵਧੇਰੇ ਹੁੰਦਾ ਹੈ। ਪੰਜਾਬ ਵਿੱਚ ਗੋਭੀ ਦੀਆਂ ਆਪਣੀਆਂ ਕਿਸਮਾਂ ਨਹੀਂ ਸਨ। ਪੰਜਾਬ ਮੱਘਰੀ ਗੋਭੀ ਦੀ ਕਿਸਮ, ਦੋਗਲੇ ਬੈਂਗਣਾ ਦੀ ਪੀ ਬੀ ਐੱਚ ਐੱਲ 56, ਫਰੈਂਚ ਬੀਨ ਦੀ ਪੰਜਾਬ ਅਨੰਦ ਅਤੇ ਪੰਜਾਬ ਰੰਗਤ ਕਿਸਮਾਂ ਕਾਸ਼ਤ ਲਈ ਦਿੱਤੀਆਂ ਗਈਆਂ ਹਨ। ਫਲਾਂ ਵਿੱਚ ਗ੍ਰੈਵ ਫਰੂਟ ਫਲੈਮ ਕਿਸਮ ਤਿਆਰ ਹੋਈ ਹੈ, ਜੋ ਬੀਜ ਰਹਿਤ ਹੈ। ਇਸੇ ਤਰ੍ਹਾਂ ਗੁਲਦਾਉਦੀ ਅਤੇ ਗਲੈਂਡੂਲਸ ਦੀਆਂ ਚਾਰ ਕਿਸਮਾਂ ਨਵੀਂਆਂ ਆਈਆਂ ਹਨ। ਪੀ ਏ ਯੂ ਦੀਆਂ ਕਈ ਕਿਸਮਾਂ ਇਸ ਸਾਲ ਦੂਜੇ ਸੂਬਿਆਂ ਵਿੱਚ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਮੱਕੀ ਦੀਆਂ ਪੰਜਾਬ ਬੇਬੀ ਕਾਰਨ-3, ਪੀ ਐੱਮ ਐੱਚ 18 ਅਤੇ ਪੀ ਐੱਮ ਐੱਚ 19 ਹਨ। ਕਣਕ ਦੀਆਂ ਪੀ ਬੀ ਡਬਲਯੂ 872 ਅਤੇ ਪੀ ਬੀ ਡਬਲਯੂ 833 ਦੀ ਸਿਫ਼ਾਰਸ਼ ਹੋਈ ਹੈ।
ਇਸ ਯੂਨੀਵਰਸਿਟੀ ਵਲੋਂ ਕੁਝ ਨਵੀਂਆਂ ਮਸ਼ੀਨਾਂ ਵੀ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਝੋਨਾ ਲਾਉਣ ਵਾਲੀ ਮਸ਼ੀਨ ਹੈ, ਜਿਹੜੀ ਬਿਨਾਂ ਚਾਲਕ ਵੱਲੋਂ ਦੱਸੇ ਪ੍ਰੋਗਰਾਮ ਅਨੁਸਾਰ ਆਪਣੇ ਆਪ ਚਲਦੀ ਹੈ। ਇਸਦਾ ਪ੍ਰਦਰਸ਼ਨ ਕੇਂਦਰੀ ਖੇਤੀ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਨੇ ਪੰਜ ਜੂਨ ਨੂੰ ਦੇਖਿਆ। ਯੂਨੀਵਰਸਿਟੀ ਨੇ ਇੱਕ ਟ੍ਰੈਕਟਰ ਬਣਾਇਆ ਹੈ ਜਿਹੜਾ ਆਪਣੇ ਆਪ ਵਹਾਈ ਕਰ ਦਿੰਦਾ ਹੈ। ਜਿਹੜੇ ਮੁੰਡੇ ਕੰਮ ਕਰਕੇ ਰਾਜ਼ੀ ਨਹੀਂ, ਉਨ੍ਹਾਂ ਨੂੰ ਮੌਜਾਂ ਹੋ ਜਾਣਗੀਆਂ। ਯੂਨੀਵਰਸਿਟੀ ਵੱਲੋਂ ਮੱਕੀ ਸੁਕਾਉਣ ਵਾਲੀ ਮਸ਼ੀਨ ਅਤੇ ਇਸੇ ਤਰ੍ਹਾਂ ਫਲਾਂ ਨੂੰ ਠੰਢਾ ਰੱਖਣ ਵਾਲੀ ਵਿਧੀ ਵੀ ਤਿਆਰ ਕੀਤੀ ਹੈ। ਇਨ੍ਹਾਂ ਦੋਵਾਂ ਦਾ ਪੰਜੀਕਰਨ ਵੀ ਹੋ ਗਿਆ ਹੈ। ਚੂਹੇ ਮਾਰਨ ਲਈ ਇੱਕ ਜ਼ਹਿਰ ਤਿਆਰ ਕੀਤੀ ਗਈ ਹੈ ਜਿਸਦੀ ਸਿੱਧੀ ਵਰਤੋਂ ਹੋ ਸਕਦੀ ਹੈ। ਇਸੇ ਤਰ੍ਹਾਂ ਸਿੰਚਾਈ ਲਈ ਪਾਣੀ ਦੀ ਲੋੜ ਅਨੁਸਾਰ ਅਤੇ ਸਹੀ ਵਰਤੋਂ ਕਰਨ ਲਈ ਆਈ ਓ ਟੀ ਅਧਾਰਿਤ ਸਿਸਟਮ ਵਿਕਸਿਤ ਕੀਤਾ ਗਿਆ ਹੈ। ਬੰਦ ਨਾਲੀਆਂ ਦੀ ਸਫ਼ਾਈ ਲਈ ਪੀ ਏ ਯੂ ਈਕੋਸੋਲ ਬਣਾਇਆ ਗਿਆ ਹੈ, ਜਿਸ ਵਿੱਚ ਕਿੰਨੋ ਦੇ ਛਿਲਕਿਆਂ ਦੀ ਵਰਤੋਂ ਕੀਤੀ ਗਈ ਹੈ। ਇਸ ਵਰ੍ਹੇ ਭਾਰਤੀ ਖੇਤੀ ਖੋਜ ਪ੍ਰੀਸ਼ਦ, ਜਿਹੜੀ ਕਿ ਸਾਰੇ ਦੇਸ਼ ਵਿੱਚ ਖੇਤੀ ਖੋਜ ਦਾ ਸੰਚਾਲਿਨ ਕਰਦੀ ਹੈ, ਉਸ ਵੱਲੋਂ ਪੀ ਏ ਯੂ ਨੂੰ ਖੇਤੀ ਮਸ਼ੀਨਰੀ, ਫਲਾਂ ਸਬੰਧੀ ਖੋਜ, ਖੇਤੀ ਅਧਾਰਿਤ ਸਨਅਤੀ ਖੋਜ, ਸਬਜ਼ੀਆਂ ਦੀ ਖੋਜ, ਬੀਜ ਉਤਪਾਦਨ ਵਿੱਚ ਸਭ ਤੋਂ ਵਧੀਆ ਕੇਂਦਰ ਦੇ ਤੌਰ ਉੱਤੇ ਮਾਨਤਾ ਦਿੱਤੀ ਗਈ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਆਪ ਇੱਕ ਉੱਘੇ ਬਾਇਓਟੈਕਨੋਲੋਜੀ ਮਾਹਿਰ ਹਨ ਇਸ ਕਰਕੇ ਬਾਇਓਟੈਕਨੋਲੋਜੀ ਵਿੱਚ ਡਾ. ਖ਼ੁਸ਼ ਨਵਾਂ ਕੇਂਦਰ ਸਥਾਪਿਤ ਕੀਤਾ ਗਿਆ, ਜਿੱਥੇ ਅੰਤਰਰਾਸ਼ਟਰੀ ਪੱਧਰ ਦੀ ਖੋਜ ਹੋ ਰਹੀ ਹੈ ਅਤੇ ਨਵੀਂਆਂ ਕਿਸਮਾਂ ਵਿਕਸਿਤ ਕਰਨ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ। ਮੌਸਮ ਸਬੰਧੀ ਵਿਭਾਗ ਨੂੰ ਇਸ ਵਰ੍ਹੇ ਦਾ ਵਧੀਆ ਕੇਂਦਰ ਹੋਣ ਦਾ ਸਨਮਾਨ ਪ੍ਰਾਪਤ ਹੋਇਆ ਹੈ। ਦਾਲਾਂ ਦੀਆਂ ਨੌਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਹੋਣ ਕਰਕੇ ਇਸ ਵਰ੍ਹੇ ਦਾ ਦਾਲਾਂ ਸਬੰਧੀ ਇਨਾਮ ਵੀ ਪ੍ਰਾਪਤ ਹੋਇਆ ਹੈ। ਇਸੇ ਤਰ੍ਹਾਂ ਬੀਜ ਉਤਪਾਦਨ ਅਤੇ ਸਾਂਭ ਸੰਭਾਲ ਸਬੰਧੀ ਕੇਂਦਰ ਨੂੰ ਸਨਮਾਨ ਪ੍ਰਾਪਤ ਹੋਇਆ ਹੈ।
ਇਸ ਵਰ੍ਹੇ ਵਿਦੇਸ਼ੀ ਮਾਹਿਰਾਂ ਦੀਆਂ ਫੇਰੀਆਂ ਦੌਰਾਨ ਜਪਾਨ, ਅਮਰੀਕਾ, ਅਰਜਨਟੀਨਾ, ਸੂਡਾਨ, ਇੰਡਲੈਂਡ ਤੋਂ ਮਾਹਿਰ ਆਏ ਅਤੇ ਆਪਸੀ ਸਾਂਝ ਬਾਰੇ ਵਿਚਾਰਾਂ ਕੀਤੀਆਂ ਗਈਆਂ। ਯੂਨੀਵਰਸਿਟੀ ਨੇ 22 ਅੰਤਰਰਾਸ਼ਟਰੀ ਖੇਤੀ ਮਾਹਿਰਾਂ ਨੂੰ ਆਨਰੇਰੀ ਵਿਜ਼ਿਟਿੰਗ ਪ੍ਰੋਫੈਸਰ ਨਿਯੁਕਤ ਕੀਤਾ ਹੈ। ਇਨ੍ਹਾਂ ਵਿੱਚ ਵਿਸ਼ਵ ਭੋਜਨ ਸਨਮਾਨ ਪ੍ਰਾਪਤ ਵਿਗਿਆਨੀ ਡਾ. ਖ਼ੁਸ਼, ਡਾ. ਰਤਨ ਲਾਲ ਅਤੇ ਡਾ. ਐੱਸ ਕੇ ਵਾਸਨ ਸ਼ਾਮਲ ਹਨ। ਉਹ ਇੱਥੋਂ ਦੇ ਵਿਗਿਆਨੀਆਂ ਨਾਲ ਵਿਚਾਰ ਸਾਂਝੇ ਕਰਨਗੇ ਅਤੇ ਉਚੇਰੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਅਗਵਾਈ ਪ੍ਰਦਾਨ ਕਰਨਗੇ। ਇੰਝ ਪੀ.ਏ.ਯੂ. ਦੇਸ਼ ਦਾ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ਦਾ ਹੋਰ ਵਧੀਆਂ ਖੋਜ ਕੇਂਦਰ ਬਣ ਜਾਵੇਗਾ।
ਸੰਯੁਕਤ ਰਾਸ਼ਟਰ ਦੀ ਸੰਸਥਾ ਐੱਫ.ਏ.ਓ. ਨੇ ਵੀ ਪੀ ਏ ਯੂ ਨਾਲ ਰਲ ਕੇ ਬਦਲਦੇ ਮੌਸਮ ਸਬੰਧੀ ਨਵਾਂ ਪ੍ਰੋਜੈਕਟ ਸ਼ੁਰੂ ਕਰਨ ਬਾਰੇ ਵਿਚਾਰਾਂ ਕੀਤੀਆਂ ਹਨ। ਪੀ.ਏ.ਯੂ. ਦਾ ਮਾਹੌਲ ਅਤੇ ਇਸਦਾ ਕੈਂਪਸ ਇੰਨਾ ਪਿਆਰਾ ਹੈ ਕਿ ਕੌਮੀ ਪੱਧਰ ਦੀਆਂ ਸੰਸਥਾਵਾਂ ਆਪਣੇ ਵਾਰਸ਼ਿਕ ਸੈਮੀਨਾਰ ਇੱਥੇ ਹੀ ਕਰਨ ਦੀ ਇੱਛਾ ਰੱਖਦੀਆਂ ਹਨ। ਇਸ ਵਰ੍ਹੇ ਵੀ ਕਈ ਮਹੱਤਵਪੂਰਨ ਵਿਸ਼ਿਆਂ ਉੱਤੇ ਕੌਮੀ ਸੈਮੀਨਾਰ ਕੀਤੇ ਗਏ। ਮਾਹਿਰਾਂ ਨੇ ਵਿਚਾਰ ਵਿਟਾਂਦਰੇ ਪਿੱਛੋਂ ਆਪਣੀਆਂ ਸਿਫ਼ਾਰਸ਼ਾਂ ਵੀ ਦਿੱਤੀਆਂ ਹਨ। ਉਨ੍ਹਾਂ ਉੱਤੇ ਅਮਲ ਕਰਨ ਜਾਂ ਕਰਵਾਉਣਾ ਬਹੁਤਾ ਕਰਕੇ ਸਰਕਾਰਾਂ ਉੱਤੇ ਨਿਰਭਰ ਹੈ। ਹਰੇਕ ਸੂਬੇ ਦੀਆਂ ਆਪਣੀਆਂ ਸਮੱਸਿਆਵਾਂ ਹਨ। ਪੰਜਾਬ ਇਸ ਵੇਲੇ ਭਾਵੇਂ ਖੇਤੀ ਉਤਪਾਦਨ ਵਿੱਚ ਦੇਸ਼ ਦਾ ਮੋਹਰੀ ਹੈ ਪਰ ਗੰਭੀਰ ਸਮੱਸਿਆਵਾਂ ਵਿੱਚੋਂ ਗੁਜ਼ਰ ਰਿਹਾ ਹੈ। ਪਿਛਲੀ ਅੱਧੀ ਸਦੀ ਤੋਂ ਇੱਥੇ ਕਣਕ-ਝੋਨਾ ਹੀ ਮੁੱਖ ਫਸਲ ਚੱਕਰ ਹੈ। ਪ੍ਰਤੀ ਏਕੜ ਉਪਜ ਵਿੱਚ ਹਰੇਕ ਵਰ੍ਹੇ ਮਾਮੂਲੀ ਵਾਧਾ ਹੁੰਦਾ ਹੈ। ਇੰਝ ਪੈਦਾਵਾਰ ਵਿੱਚ ਖੜੋਤ ਹੈ। ਉਪਜ ਦੀ ਕੀਮਤ ਲਾਗਤ ਕੀਮਤਾਂ ਅਤੇ ਵਧ ਰਹੀ ਮਹਿੰਗਾਈ ਅਨੁਸਾਰ ਨਹੀਂ ਵਧਾਈ ਜਾਂਦੀ, ਜਿਸ ਨਾਲ ਕਿਸਾਨ ਦਾ ਸ਼ੁੱਧ ਮੁਨਾਫ਼ਾ ਘਟ ਰਿਹਾ ਹੈ। ਪਰਿਵਾਰਿਕ ਵੰਡੀਆਂ ਪੈਣ ਨਾਲ ਜ਼ਮੀਨਾਂ ਦੀ ਮਾਲਕੀ ਤੇਜ਼ੀ ਨਾਲ ਘਟ ਰਹੀ ਹੈ। ਇੰਝ ਹਰ ਸਾਲ ਛੋਟੇ ਕਿਸਾਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਪਰਿਵਾਰਿਕ ਵੰਡੀਆਂ ਦੇ ਨਾਲੋ ਨਾਲ ਸ਼ਹਿਰੀਕਰਨ ਅਤੇ ਸਨਅਤੀਕਰਨ ਸਦਕਾ ਹਜ਼ਾਰਾਂ ਪਿੰਡ ਖਤਮ ਹੋ ਰਹੇ ਹਨ। ਇਸ ਨਾਲ ਕੇਵਲ ਵਾਹੀ ਹੇਠ ਧਰਤੀ ਹੀ ਨਹੀਂ ਘਟ ਰਹੀ ਸਗੋਂ ਬੇਰੁਜ਼ਗਾਰੀ ਵਿੱਚ ਵੀ ਵਾਧਾ ਹੋ ਰਿਹਾ ਹੈ।
ਖੇਤੀ ਵਿਕਾਸ ਦਾ ਅਧਾਰ ਤਕਨੀਕੀ ਗਿਆਨ ਹੈ। ਪੰਜਾਬ ਦੇ ਕਿਸਾਨ ਨੂੰ ਪੀ ਏ ਯੂ ਉੱਤੇ ਪੂਰਨ ਭਰੋਸਾ ਹੈ। ਯੂਨੀਵਰਸਿਟੀ ਲਈ ਇਹ ਵੱਡੀ ਚੁਣੌਤੀ ਹੈ ਕਿ ਛੋਟੇ ਕਿਸਾਨਾਂ ਦੀ ਆਮਦਨ ਵਿੱਚ ਕਿਵੇਂ ਵਾਧਾ ਕੀਤਾ ਜਾਵੇ। ਉੇਨ੍ਹਾਂ ਨੂੰ ਆਪਣੀ ਉਪਜ ਦਾ ਪਦਾਰਥੀਕਰਨ ਅਤੇ ਮੁੜ ਵਿਕਰੀ ਦੇ ਗੁਰ ਸਿਖਾਉਣੇ ਵੀ ਇਸੇ ਸੰਸਥਾ ਦੀ ਜ਼ਿੰਮੇਵਾਰੀ ਹੈ। ਮੌਸਮ ਵਿੱਚ ਬਦਲਾਵ, ਧਰਤੀ ਹੇਠਲਾ ਘਟ ਰਿਹਾ ਪਾਣੀ ਅਤੇ ਫਸਲਾਂ ਦੇ ਝਾੜ ਵਿੱਚ ਵਾਧਾ ਹੋਰ ਚਿਣੌਤੀਆਂ ਹਨ। ਇੰਝ ਯੂਨੀਵਰਸਿਟੀ ਨੇ ਕਿਸਾਨ ਭਰੋਸਾ ਬਣਾਈ ਰੱਖਿਆ ਹੈ। ਇਸ ਨੂੰ ਕੇਵਲ ਕਾਇਮ ਹੀ ਨਾ ਰੱਖਿਆ ਜਾਵੇ ਸਗੋਂ ਇਸ ਵਿੱਚ ਹੋਰ ਵਾਧਾ ਕੀਤਾ ਜਾਵੇ। ਇਹ ਸੰਸਥਾ ਦੇਸ਼ ਵਿੱਚ ਬਣਨ ਵਾਲੀ ਦੂਜੀ ਖੇਤੀ ਯੂਨੀਵਰਸਿਟੀ ਹੈ, ਜਿਹੜੀ 1962 ਵਿੱਚ ਹੋਂਦ ਵਿੱਚ ਆਈ। ਉਦੋਂ ਦੇ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੇ ਡਾ. ਮਹਿੰਦਰ ਸਿੰਘ ਰੰਧਾਵਾ ਦੇ ਸੁਝਾਅ ਉੱਤੇ ਇਸਦਾ ਨਿਰਮਾਣ ਕੀਤਾ ਅਤੇ ਉਨ੍ਹਾਂ ਦੀ ਸਲਾਹ ਨਾਲ ਹੀ ਪੀ ਐੱਨ ਥਾਪਰ ਆਈ ਸੀ ਐੱਸ ਨੂੰ ਪਹਿਲਾ ਵਾਇਸ ਚਾਂਸਲਰ ਬਣਾਇਆ। ਉਨ੍ਹਾਂ ਇਸ ਨੂੰ ਪੈਸੇ ਦੀ ਘਾਟ ਨਹੀਂ ਆਉਣ ਦਿੱਤੀ ਅਤੇ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ। ਡਾ. ਥਾਪਰ ਨੇ ਸਾਰੇ ਦੇਸ਼ ਵਿੱਚੋਂ ਚੁਣਕੇ ਵਧੀਆ ਵਿਗਿਆਨੀਆਂ ਨੂੰ ਭਰਤੀ ਕੀਤਾ ਅਤੇ ਅਨੁਸ਼ਾਸਨ ਅਧਾਰਿਤ ਕੰਮਕਾਜੀ ਮਾਹੌਲ ਸਿਰਜਿਆ। ਉਨ੍ਹਾਂ ਪਹਿਲੇ ਕਿਸਾਨ ਮੇਲੇ ਸਮੇਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਸੀ, “ਅੱਜ ਸਾਡੇ ਅਸਲੀ ਮਾਲਕ ਸਾਡਾ ਕੰਮ ਦੇਖਣ ਆਏ ਹਨ। ਇਹ ਯੂਨੀਵਰਸਿਟੀ ਤੁਹਾਡੀ ਹੈ ਅਤੇ ਤੁਹਾਡੇ ਲਈ ਬਣੀ ਹੈ। ਇੱਥੇ ਆਉਣ ’ਤੇ ਤੁਹਾਡਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਪਿੱਛੋਂ ਡਾ. ਮਹਿੰਦਰ ਸਿੰਘ ਰੰਧਾਵਾ ਮੁਖੀ ਬਣੇ। ਉਨ੍ਹਾਂ ਥਾਪਰ ਵੱਲੋਂ ਰੱਖੀਆਂ ਮਜ਼ਬੂਤ ਨੀਹਾਂ ਉੱਤੇ ਸ਼ਾਨਦਾਰ ਉਸਾਰੀ ਕੀਤੀ। ਪੜ੍ਹਾਈ ਅਤੇ ਖੋਜ ਦੀਆਂ ਵਧੀਆ ਸਹੂਲਤਾਂ ਦੇ ਨਾਲੋ ਨਾਲ ਇਸਦੀਆਂ ਸੜਕਾਂ ਅਤੇ ਘਰਾਂ ਨੂੰ ਸਜਾਵਟੀ ਰੁੱਖਾਂ ਅਤੇ ਫਲਦਾਰ ਬੂਟਿਆਂ ਨਾਲ ਸ਼ਿੰਗਾਰਿਆ। ਇਹੋ ਜਿਹੇ ਖੁੱਲ੍ਹੇ ਅਤੇ ਖੂਬਸੂਰਤ ਕੈਂਪਸ ਬਹੁਤ ਘੱਟ ਹੁੰਦੇ ਹਨ। ਪਿੱਛੇ ਜਿਹੇ ਖਬਰ ਆਈ ਸੀ ਕਿ ਮੁੱਖ ਸੜਕ ਨੂੰ ਚੌਣਾ ਕਰਨ ਲਈ ਉੱਥੋਂ ਕੋਈ ਸੌ ਰੁੱਖ ਕੱਟੇ ਜਾਣੇ ਸਨ। ਜੇਕਰ ਅਜਿਹਾ ਹੋ ਜਾਂਦਾ ਤਾਂ ਇੱਕ ਵਿਰਾਸਤ ਹੀ ਖਤਮ ਨਹੀਂ ਸੀ ਹੋਣੀ ਸਗੋਂ ਖ਼ੂਬਸੁਰਤੀ ਵੀ ਖਤਮ ਹੋ ਜਾਣੀ ਸੀ। ਬਸੰਤ ਦੇ ਦਿਨਾਂ ਵਿੱਚ ਇਹ ਰੁੱਖ ਫ਼ੁੱਲਾਂ ਨਾਲ ਲੱਦੇ ਹੁੰਦੇ ਹਨ। ਮਾਯੂਸ ਹੋਇਆ ਇਨਸਾਨ ਕੁਝ ਦੇਰ ਇਨ੍ਹਾਂ ਕੋਲ ਆ ਜਾਵੇ ਤਾਂ ਸਾਰੀ ਗਮੀ ਦੂਰ ਹੋ ਜਾਂਦੀ ਹੈ। ਵਿਦਿਆਰਥੀਆਂ ਵਾਂਗ ਮੈਂ ਵੀ ਵੀ ਸੀ ਸਾਹਿਬ ਨੂੰ ਬੇਨਤੀ ਕੀਤੀ ਸੀ:
“ਗੋਸਲ ਸਾਹਿਬ, ਤੁਸੀਂ ਕੰਮ ਬਹੁਤ ਵਧੀਆ ਹੋ ਕਰਦੇ, ਪਰ ਇਹ ਗਲਤੀ ਨਾ ਕਰਨਾ। ਸੜਕ ਚੌੜੀ ਜ਼ਰੂਰ ਕਰੋ ਪਰ ਰੁੱਖ ਕੱਟਣ ਤੋਂ ਡਰਨਾ।”
ਉਨ੍ਹਾਂ ਦਾ ਤੁਰੰਤ ਉੱਤਰ ਆ ਗਿਆ ਕਿ ਕੋਈ ਰੁੱਖ ਨਹੀਂ ਕੱਟਿਆ ਜਾਵੇਗਾ ਸਗੋਂ ਕੈਂਪਸ ਨੂੰ ਹੋਰ ਰੁੱਖਾਂ ਨਾਲ ਸ਼ਿੰਗਾਰਿਆ ਜਾਵੇਗਾ।
ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਖੇਤੀ ਖੋਜ ਦੀ ਸਾਰੀ ਜ਼ਿੰਮੇਵਾਰੀ ਇਸ ਸੰਸਥਾ ਦੀ ਹੈ ਪਰ ਪਿਛਲੀ ਸਰਕਾਰ ਨੇ ਗੰਨਾ ਖੋਜ ਲਈ ਇੱਕ ਆਪਣਾ ਕੇਂਦਰ ਬਣਾਇਆ। ਪ੍ਰਾਪਤ ਖਬਰਾਂ ਤੋਂ ਪਤਾ ਲੱਗਿਆ ਹੈ ਕਿ ਕਈ ਸਾਲ ਬੀਤ ਜਾਣ ਪਿੱਛੋਂ ਵੀ ਉੱਥੇ ਕੋਈ ਖੋਜ ਕਾਰਜ ਸ਼ੁਰੂ ਨਹੀਂ ਹੋਇਆ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫਾਰਮ ਯੂਨੀਵਰਿਸਟੀ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਗੰਨੇ ਉੱਤੇ ਵਧੀਆ ਖੋਜ ਹੋ ਸਕੇ। ਯੂਨੀਵਰਸਿਟੀ ਦੇ ਯਤਨਾਂ ਸਦਕਾ ਗੰਨਾ ਕਦੇ ਪੰਜਾਬ ਵਿੱਚ ਕਣਕ ਝੋਨੇ ਅਤੇ ਨਰਮੇ ਪਿੱਛੋਂ ਰਕਬੇ ਅਨੁਸਾਰ ਚੌਥੀ ਫਸਲ ਬਣ ਗਿਆ ਸੀ ਪਰ ਵਧੀਆਂ ਕੀਮਤ ਹੋਣ ਦੇ ਬਾਵਜੂਦ ਰਕਬਾ ਘਟ ਰਿਹਾ ਹੈ। ਰਾਜ ਦੀਆਂ ਕਈ ਗੰਨਾ ਮਿੱਲਾਂ ਬੰਦ ਹੋ ਗਈਆਂ ਹਨ। ਜਲੰਧਰ ਵਿਖੇ ਗੰਨਾ ਖੋਜ ਕੇਂਦਰ ਕੋਈ ਇੱਕ ਸਦੀ ਪੁਰਾਣਾ ਸੀ, ਜਿਸਦੀ ਖੋਜ ਸਦਕਾ ਨਵੀਂਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਹੋਣ ਲੱਗ ਪਈ ਸੀ। ਪਰ ਸਰਕਾਰ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇੰਝ ਗੰਨਾ ਖੋਜ ਪ੍ਰਭਾਵਿਤ ਹੋਈ ਸੀ।
ਕਿਸਾਨਾਂ ਦੇ ਭਲੇ ਲਈ ਸੋਚਣਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲੱਭਣੇ ਵਿਗਿਆਨੀਆਂ ਦਾ ਮੁੱਖ ਮੰਤਵ ਹੈ। ਹੁਣ ਖੋਜ ਦੀਆਂ ਨਵੀਂਆਂ ਸਹੂਲਤਾਂ ਆ ਗਈਆਂ ਹਨ। ਬਾਇਓਟੈਕਨੌਲੋਜੀ ਅਤੇ ਏ ਆਈ ਨਾਲ ਖੋਜ ਕਾਰਜਾਂ ਵਿੱਚ ਤੇਜ਼ੀ ਆਈ ਹੈ ਪਰ ਅਜੇ ਬਹੁਤ ਚੁਣੌਤੀਆਂ ਹਨ। ਖੇਤੀ ਨੂੰ ਕਿਸਾਨ ਪੂਰੀ ਤਰ੍ਹਾਂ ਵਿਉੁਪਾਰ ਸਮਝ ਕੇ ਚਲਾਵੇ, ਇਸ ਪਾਸੇ ਬਹੁਤ ਕੁਝ ਕਰਨਾ ਬਾਕੀ ਹੈ। ਸਾਂਝੇ ਯਤਨਾਂ ਨਾਲ ਉਪਜ ਦਾ ਪਦਾਰਥੀਕਰਨ ਅਤੇ ਵਿਕਰੀ ਦਾ ਪ੍ਰਬੰਧ ਕੀਤਿਆਂ ਹੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ। ਛੋਟੇ ਕਿਸਾਨਾਂ ਲਈ ਅਜਿਹੇ ਫਸਲੀ ਚੱਕਰ ਵਿਕਸਿਤ ਕਰਨੇ ਚਾਹੀਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇ ਅਤੇ ਸਾਰਾ ਸਾਲ ਰੁਜ਼ਗਾਰ ਵੀ ਮਿਲੇ। ਇਸ ਸਾਲ ਖੋਜ ਅਤੇ ਪੜ੍ਹਾਈ ਦੇ ਨਾਲੋ ਨਾਲ ਪੀ ਏ ਯੂ ਨੂੰ ਪਸਾਰ ਸਿੱਖਿਆ ਵਿੱਚ ਵੀ ਪਹਿਲਾ ਸਥਾਨ ਮਿਲਿਆ ਹੈ। ਟੀਸੀ ਉੱਤੇ ਪੁੱਜ ਉੱਥੇ ਖੜ੍ਹੇ ਰਹਿਣਾ ਅਤੇ ਅੱਗੇ ਜਾਣਾ ਮੁਸ਼ਕਿਲ ਹੋ ਜਾਂਦਾ ਹੈ ਪਰ ਮੈਨੂੰ ਯਕੀਨ ਹੈ ਕਿ ਸਾਡੇ ਵਿਗਿਆਨੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਜ਼ਰੂਰ ਅੱਗੇ ਵਧਣਗੇ ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਸਾਡੇ ਕੋਲੋਂ ਉਮੀਦ ਅਤੇ ਭਰੋਸਾ ਹੀ ਨਹੀਂ ਸਗੋਂ ਸਾਡੇ ਉੱਤੇ ਮਾਣ ਵੀ ਹੈ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































