“ਪੰਜਾਬ, ਜਿਹੜਾ ਅਜ਼ਾਦੀ ਪਿੱਛੋਂ ਇੱਕ ਦਹਾਕੇ ਵਿੱਚ ਹੀ ਦੇਸ਼ ਦਾ ਸਭ ਤੋਂ ਵੱਧ ਵਿਕਸਿਤ ...”
(6 ਮਈ 2026)
ਚੌਰਾਸੀ ਵਰ੍ਹਿਆਂ ਦਾ ਸਫਰ ਸੁਖ ਸਬੀਲੀ ਪੂਰਾ ਹੋ ਜਾਣਾ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੈ। ਇਸ ਪ੍ਰਾਪਤੀ ਵਿੱਚ ਮੇਰੀ ਆਪਣੀ ਕੋਈ ਘਾਲਣਾ ਨਹੀਂ ਹੈ। ਪ੍ਰਮਾਤਮਾ ਦੀ ਮਿਹਰ ਅਤੇ ਤੁਹਾਡੀਆਂ ਸ਼ੁਭ ਇੱਛਾਵਾਂ ਸਦਕਾ ਹੀ ਅਜਿਹਾ ਹੋ ਸਕਿਆ ਹੈ। ਮੈਂ ਪਹਿਲਾਂ ਵਾਂਗ ਹੀ ਆਪਣਾ ਕੰਮ ਕਰਦਾ ਹਾਂ। ਅਹਿਸਾਸ ਨਹੀਂ ਹੁੰਦਾ ਕਿ ਬੁੱਢਾ ਹੋ ਗਿਆ ਹਾਂ। ਉਦੋਂ ਹੀ ਚੋਭ ਜਿਹੀ ਪੈਂਦੀ ਹੈ ਜਦੋਂ ਕੋਈ ਬਾਬਾ ਜੀ ਆਖ ਦਿੰਦਾ ਹੈ। ਅੰਕਲ ਤਾਂ ਚੰਗਾ ਲਗਦਾ ਹੈ ਪਰ ਬਾਬਾ ਕਈ ਵਾਰ ਪਰੇਸ਼ਾਨ ਕਰਦਾ ਹੈ। ਮੇਰੀ ਲਿਖਣ ਦੀ ਨਿਰੰਤਰਤਾ ਲਈ ਮੇਰੇ ਦੋਸਤ ਕਈ ਵਾਰ ਆਖਦੇ ਹਨ, “ਬੱਸ ਕਰ ਹੁਣ ਬਹੁਤ ਹੋ ਗਿਆ ਹੈ।” ਮੇਰੇ ਆਪਣੇ ਅਨੁਸਾਰ ਮੇਰੇ ਕਰ ਪੈਰ ਚੱਲਣ ਦਾ ਇੱਕ ਕਾਰਨ ਇਹੋ ਹੈ। ਜੇਕਰ ਮੈਂ ਢੇਰੀ ਢਾਹ ਕੇ ਬੈਠ ਜਾਂਦਾ ਤਾਂ ਬੁਢਾਪੇ ਦਾ ਅਹਿਸਾਸ ਹੋਣ ਲੱਗ ਪੈਣਾ ਸੀ ਤੇ ਮੈਂ ਸੱਚਮੁੱਚ ਹੀ ਬੁੱਢਾ ਹੋ ਜਾਣਾ ਸੀ। ਹੁਣ ਵੀ ਜਿਸ ਦਿਨ ਮੇਰਾ ਕੋਈ ਲੈਕਚਰ ਹੋਵੇ ਜਾਂ ਕੋਈ ਮੀਟਿੰਗ ਹੋਵੇ ਜਾਂ ਇਮਤਿਹਾਨ ਲੈਣਾ ਹੋਵੇ, ਉਸ ਦਿਨ ਬਹੁਤ ਹੀ ਚੁਸਤ ਮਹਿਸੂਸ ਕਰਦਾ ਹਾਂ। ਥਕਾਵਟ ਕਦੇ ਨੇੜੇ ਨਹੀਂ ਆਉਂਦੀ ਪਰ ਘਰ ਵਿਹਲੇ ਬੈਠਿਆਂ ਦੁਪਹਿਰ ਆਪਣੇ ਆਪ ਹੀ ਅੱਖਾਂ ਮੀਟ ਹੋ ਜਾਂਦੀਆਂ ਹਨ। ਜਿੱਥੇ ਭਰਪੂਰ ਜ਼ਿੰਦਗੀ ਜਿਊਣ ਦੀ ਖੁਸ਼ੀ ਅਤੇ ਤਸੱਲੀ ਹੈ, ਉੱਥੇ ਕਈ ਵਾਰ ਇਹ ਖਿਆਲ ਵੀ ਆਉਂਦਾ ਹੈ ਕਿ ਆਖਰੀ ਦਹਾਕਾ ਆ ਗਿਆ ਹੈ ਹੁਣ ਤਾਂ ਜਾਣਾ ਹੀ ਪੈਣਾ ਹੈ।
ਮੇਰੀ ਪੀੜ੍ਹੀ ਖੁਸ਼ਕਿਸਮਤ ਹੈ ਜਿਸਨੇ ਉਹ ਜੀਵਨ ਵੀ ਦੇਖਿਆ ਜਿਸ ਨੂੰ ਲੋਕੀਂ ਸਦੀਆਂ ਤੋਂ ਜੀਉ ਰਹੇ ਸਨ ਅਤੇ ਹੁਣ ਬਿਲਕੁਲ ਬਦਲੀ ਜੀਵਨਸ਼ੈਲੀ ਦਾ ਅਨੰਦ ਵੀ ਮਾਣਿਆ ਹੈ। ਜਿਸ ਤੇਜ਼ੀ ਨਾਲ ਪੰਜਾਬ ਦੀ ਰਹਿਣੀ ਬਹਿਣੀ, ਤੌਰ ਤਰੀਕੇ ਬਦਲੇ ਹਨ, ਅਜਿਹਾ ਸੰਸਾਰ ਵਿੱਚ ਸ਼ਾਇਦ ਹੋਰ ਕਿਧਰੇ ਵੀ ਨਹੀਂ ਹੋਇਆ ਸੀ। ਅਸੀਂ ਭਾਵੇਂ ਛੋਟੇ ਸਾਂ ਪਰ 1947 ਵਿੱਚ ਜਦੋਂ ਦੇਸ਼ ਅਜ਼ਾਦ ਹੋਇਆ ਤੇ ਪੰਜਾਬ ਦੀ ਵੰਡ ਹੋਈ ਤਾਂ ਉਸ ਵੇਲੇ ਜੋ ਪੰਜਾਬ ਵਿੱਚ ਤੁਫਾਨ ਆਇਆ, ਅਜਿਹਾ ਸੰਸਾਰ ਵਿੱਚ ਪਹਿਲਾਂ ਕਦੇ ਨਹੀਂ ਸੀ ਹੋਇਆ। ਲੱਖਾਂ ਲੋਕਾਂ ਨੂੰ ਆਪਣਾ ਘਰਬਾਰ ਤਿਆਗ ਖਾਲੀ ਹੱਥੀਂ ਉਧਰੋਂ ਇੱਧਰ ਆਉਣਾ ਪਿਆ ਤੇ ਇੱਧਰੋਂ ਉੱਧਰ ਜਾਣਾ ਪਿਆ। ਹਰ ਪਾਸੇ ਮਾਰ ਧਾੜ, ਲੁੱਟ ਖਸੁੱਟ ਹੋ ਰਹੀ ਸੀ। ਪੁਲਿਸ ਜਾਂ ਕਾਨੂੰਨ ਦਾ ਕੋਈ ਡਰ ਨਹੀਂ ਸੀ। ਹਜ਼ਾਰਾਂ ਲੋਕ ਮਾਰੇ ਗਏ। ਔਰਤਾਂ ਦੀ ਇੱਜ਼ਤ ਲੁੱਟੀ ਗਈ। ਧਾੜਵੀਆਂ ਨੂੰ ਕਿਸੇ ਦਾ ਡਰ ਨਹੀਂ ਸੀ। ਕਈ ਥਾਂਵੀਂ ਪਿਓ ਨੇ ਆਪ ਆਪਣੀ ਧੀ ਦਾ ਕਤਲ ਕੀਤਾ ਤਾਂ ਜੋ ਉਸਦੀ ਇੱਜ਼ਤ ਧਾੜਵੀਆਂ ਤੋਂ ਬਚਾਈ ਜਾ ਸਕੇ। ਜਦੋਂ ਨਵੀਂ ਸਰਕਾਰ ਦੇ ਪੈਰ ਲੱਗੇ ਤਾਂ ਕੁਝ ਟਿਕ ਟਿਕਾ ਹੋਇਆ। ਇਸਦਾ ਇੱਕ ਕਾਰਨ ਬਰਸਾਤ ਦਾ ਸ਼ੁਰੂ ਹੋ ਜਾਣਾ ਸੀ। ਇਹ ਮੰਨਿਆ ਜਾਂਦਾ ਹੈ ਕਿ ਅਜਿਹੀ ਜ਼ੋਰਦਾਰ ਬਰਸਾਤ ਪਹਿਲਾਂ ਕਦੇ ਨਹੀਂ ਸੀ ਹੋਈ। ਸ਼ਾਇਦ ਕੁਦਰਤ ਲਹੂ ਨਾਲ ਲਿਬੜੀ ਧਰਤੀ ਨੂੰ ਧੋਣਾ ਚਾਹੁੰਦੀ ਸੀ ਅਤੇ ਸੜ ਰਹੀਆਂ ਲਾਸ਼ਾਂ ਨੂੰ ਟਿਕਾਣੇ ਲਾਉਣਾ ਚਾਹੁੰਦੀ ਸੀ। ਉਦੋਂ ਬਹੁਤੇ ਘਰ ਕੱਚੇ ਹੁੰਦੇ ਸਨ। ਮਿੱਟੀ ਦੀਆਂ ਕੰਧਾਂ ਉੱਤੇ ਕਾਨਿਆਂ ਦੇ ਸਹਾਰੇ ਵਾਲੀਆਂ ਛੱਤਾਂ, ਬਹੁਤੇ ਲੋਕਾਂ ਦੇ ਘਰ ਵੀ ਢਹਿ ਗਏ। ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਸੀ। ਪਾਣੀ ਭਰੇ ਖੇਤਾਂ ਅਤੇ ਰਾਹਾਂ ਵਿੱਚ ਨੰਗੇ ਪੈਰੀਂ ਜਾ ਕੇ ਡੰਗਰਾਂ ਲਈ ਪੱਠਿਆਂ ਦਾ ਪ੍ਰਬੰਧ ਕਰਨਾ ਪੈ ਰਿਹਾ ਸੀ। ਉਂਝ ਵੀ ਉਦੋਂ ਜੁੱਤੀ ਕਿਸੇ ਭਾਗਾਂ ਵਾਲੇ ਨੂੰ ਹੀ ਨਸੀਬ ਹੁੰਦੀ ਸੀ। ਬਹੁਤਾ ਸਮਾਂ ਤਾਂ ਸਾਰੇ ਨੰਗੇ ਪੈਰੀਂ ਹੀ ਫਿਰਦੇ ਸਨ। ਪੈਰਾਂ ਵਿੱਚ ਕੰਡਿਆਂ ਦਾ ਚੁੱਭਣਾ ਆਮ ਹੀ ਸੀ।
ਉਦੋਂ ਸਵਾਰੀ ਗੱਡਾ ਜਾਂ ਬੈਲ ਗੱਡੀ ਹੁੰਦੀ ਸੀ। ਸ਼ਹਿਰਾਂ ਵਿੱਚ ਘੋੜੇ ਵਾਲੇ ਟਾਂਗੇ ਚਲਦੇ ਸਨ। ਸਾਡੇ ਪਿੰਡ ਕੇਵਲ ਦੋ ਹੀ ਸਾਇਕਲ ਸਨ। ਇੱਕ ਸਾਡੇ ਘਰ, ਕਿਉਂਕਿ ਪਿਤਾ ਜੀ ਖੇਤੀ ਨਹੀਂ, ਠੇਕੇਦਾਰੀ ਕਰਦੇ ਸਨ ਤੇ ਇੱਕ ਹੋਰ, ਜਿਹੜੇ ਲਾਗਲੀ ਤਹਿਸੀਲ ਵਿੱਚ ਅਰਜ਼ੀ ਨਵੀਸ ਸਨ ਤੇ ਪਿੰਡੋਂ ਰੋਜ਼ ਜਾਂਦੇ ਸਨ। ਗਰੀਬੀ ਸੀ ਪਰ ਲੋਕ ਦੇ ਦਿਲ ਅਮੀਰ ਸਨ। ਭਾਈਚਾਰੇ ਦੀ ਸਾਂਝ ਸੀ। ਦੁੱਖ ਸੁਖ ਵਿੱਚ ਸਾਰੇ ਇਕੱਠੇ ਹੋ ਜਾਂਦੇ ਸਨ। ਪੈਸੇ ਤਾਂ ਹੁੰਦੇ ਹੀ ਨਹੀਂ ਸਨ। ਔਰਤਾਂ ਨੇ ਜੇਕਰ ਫੇਰੀ ਵਾਲੇ ਤੋਂ ਸਬਜ਼ੀ ਜਾਂ ਕੁਝ ਹੋਰ ਲੈਣਾ ਹੁੰਦਾ ਸੀ ਤਾਂ ਦਾਣਿਆਂ ਦੀ ਲੱਪ ਹੀ ਪਾਈ ਜਾਂਦੀ ਸੀ। ਹੱਟੀ ਤੋਂ ਸੌਦਾ ਲੈਣ ਲਈ ਵੀ ਔਰਤਾਂ ਪੱਲੇ ਵਿੱਚ ਦਾਣੇ ਪਾ ਕੇ ਹੀ ਜਾਂਦੀਆਂ ਸਨ। ਇੱਥੋਂ ਤਕ ਕਿ ਗੁਰਦਵਾਰੇ ਮੱਥਾਂ ਟੇਕਣ ਲਈ ਵੀ ਥਾਲੀ ਵਿੱਚ ਦਾਣੇ ਪਾਕੇ ਹੀ ਚੜ੍ਹਾਏ ਜਾਂਦੇ ਸਨ।
ਘਰਾਂ ਵਿੱਚ ਘਰ ਦੀ ਸਰ੍ਹੋਂ ਦਾ ਕੱਢਿਆ ਤੇਲ ਹੀ ਵਰਤਿਆ ਜਾਂਦਾ ਸੀ। ਵਾਲਾਂ ਨੂੰ, ਪਿੰਡੇ ਨੂੰ ਲਾਉਣ ਜਾਂ ਦੀਵਾ ਬਾਲਣ ਲਈ ਇਸੇ ਤੇਲ ਦੀ ਵਰਤੋਂ ਹੁੰਦੀ ਸੀ। ਹਾਰ ਸ਼ਿੰਗਾਰ ਦਾ ਸਮਾਨ ਵੀ ਨਹੀਂ ਸੀ ਹੁੰਦਾ। ਔਰਤਾਂ ਦੰਦਾਸੇ ਨਾਲ ਬੁੱਲ੍ਹਾਂ ਨੂੰ ਰੰਗਦੀਆਂ ਸਨ ਅਤੇ ਇਹ ਦਾਤਣ ਦਾ ਕੰਮ ਵੀ ਦਿੰਦਾ ਸੀ। ਅੱਖਾਂ ਵਿੱਚ ਪਾਉਣ ਲਈ ਕਜਲਾ ਵੀ ਦੀਵੇ ਦੀ ਲੋਅ ਉੱਤੇ ਠੂਠੀ ਪੁੱਠੀ ਕਰਕੇ ਲਟਕਾਈ ਜਾਂਦੀ ਸੀ। ਕਰੀਮਾਂ ਦੀ ਥਾਂ ਮਲਾਈ ਹੀ ਕੰਮ ਆਉਂਦੀ ਸੀ। ਨਹਾਉਣ ਲਈ ਸਾਬਣ ਵੀ ਨਹੀਂ ਸੀ ਹੁੰਦਾ। ਸਾਡੀ ਸੁਰਤ ਵਿੱਚ ਹੀ ਪਹਿਲਾਂ ਸਨਲਾਈਟ ਆਇਆ, ਮੁੜ ਲਾਈਫਬੁਆਏ, ਲਕਸ ਤਾਂ ਉਦੋਂ ਆਇਆ ਜਦੋਂ ਅਸੀਂ ਕਾਲਜ ਵਿੱਚ ਪੜ੍ਹਦੇ ਸਾਂ।
ਕਿਸਾਨਾਂ ਦੀ ਸਹਾਇਤਾ ਲਈ ਪਿੰਡ ਵਿੱਚ ਲਾਗੀ ਹੁੰਦੇ ਸਨ ਜਿਵੇਂ ਕਿ ਲੁਹਾਰ, ਤਰਖਾਣ, ਨਾਈ, ਝੀਉਰ ਅਤੇ ਕਿਰਤੀ ਲੋਕ। ਇਨ੍ਹਾਂ ਨੂੰ ਨਕਦ ਪੈਸੇ ਕੋਈ ਨਹੀਂ ਸੀ ਦਿੰਦਾ। ਹਾੜ੍ਹੀ ਸਾਉਣੀ ਇਹ ਖੇਤਾਂ ਵਿੱਚ ਜਾ ਕੇ ਹਾੜ੍ਹੀ ਸਮੇਂ ਕਣਕ ਦੀ ਇੱਕ ਭਰੀ ਤੇ ਸੌਣੀ ਸਮੇਂ ਟਾਂਡਿਆਂ ਦੀ ਭਰੀ ਲੈਂਦੇ ਸਨ। ਇੰਝ ਸਾਰਾ ਸਾਲ ਲਈ ਦਾਣੇ ਇਕੱਠੇ ਹੋ ਜਾਂਦੇ ਸਨ। ਵਿਆਹ ਸ਼ਾਦੀਆਂ ਵਿੱਚ ਜ਼ਰੂਰ ਇੱਕ ਦੋ ਰੁਪਏ ਮਿਲ ਜਾਂਦੇ ਸਨ।
ਵਿਆਹ ਤੋਂ ਪਹਿਲਾਂ ਕੁੜਮਾਈ ਸਮੇਂ ਸ਼ਗਨ ਦੇ ਰੂਪ ਵਿੱਚ ਮੁੰਡੇ ਦੀ ਝੋਲੀ ਸੱਤ ਛਹਾਰੇ ਅਤੇ ਸਵਾ ਰੁਪਇਆ ਪਾਇਆ ਜਾਂਦਾ ਸੀ। ਸ਼ਰੀਕੇ ਵਾਲੇ ਜਿਹੜਾ ਸ਼ਗਨ ਪਾਉਂਦੇ ਸਨ, ਉਹ ਕਾਪੀ ਵਿੱਚ ਲਿਖ ਲਿਆ ਜਾਂਦਾ ਸੀ ਤੇ ਉਨ੍ਹਾਂ ਦੇ ਸ਼ਗਨ ਵੇਲੇ ਮੋੜਵਾਂ ਸ਼ਗਨ ਪਾ ਦਿੱਤਾ ਜਾਂਦਾ ਸੀ। ਇੰਝ ਸਾਰਾ ਸ਼ਰੀਕਾ ਅਤੇ ਰਿਸ਼ਤੇਦਾਰ ਇੱਕ ਦੂਜੇ ਦੀ ਮਾਇਕ ਸਹਾਇਤਾ ਕਰਦੇ ਸਨ। ਬਰਾਤ ਵਿੱਚ ਇੱਕ ਗੱਡਾ ਸਮਾਨ ਲਈ ਤੇ ਇੱਕ ਗੱਡੀ ਮੁੰਡੇ ਲਈ ਜਾਂਦੀ ਸੀ। ਪਹਿਲਾਂ ਤਾਂ ਲਾੜੀ ਡੋਲੇ ਵਿੱਚ ਆਉਂਦੀ ਸੀ, ਜਿਸ ਨੂੰ ਚਾਰ ਕਹਾਰਾਂ ਨੇ ਆਪਣੇ ਮੋਢਿਆਂ ਉੱਤੇ ਚੁੱਕਿਆ ਹੁੰਦਾ ਸੀ। ਮੁੜ ਡੋਲੀ ਬਲਦਾਂ ਵਾਲੀ ਗੱਡੀ ਵਿੱਚ ਆਉਣ ਲੱਗ ਪਈ। ਪਿੰਡ ਦੇ ਬਹੁਤੇ ਲੋਕਾਂ ਨੇ ਕਾਰ ਤਾਂ ਦੂਰ ਕਦੇ ਬੱਸ ਜਾਂ ਰੇਲ ਵਿੱਚ ਸਫਰ ਕਰਕੇ ਵੀ ਨਹੀਂ ਦੇਖਿਆ ਸੀ। ਮੈਂ ਆਪ ਪਹਿਲੀ ਵਾਰ ਬੱਸ ਅਤੇ ਰੇਲ ਵਿੱਚ ਉਦੋਂ ਬੈਠਿਆਂ ਸਾਂ ਜਦੋਂ ਦਸਵੀਂ ਦਾ ਇਮਤਿਹਾਨ ਦੇ ਕੇ ਕੁਰੂਕਸ਼ੇਤਰ ਗਿਆ ਸਾਂ ਕਿਉਂਕਿ ਉੱਥੇ ਸਾਡੀ ਕੁਝ ਜ਼ਮੀਨ ਸੀ।
ਮੇਰੀ ਪੜ੍ਹਾਈ ਉਦੋਂ ਸ਼ੁਰੂ ਹੋਈ ਜਦੋਂ ਰੌਲਿਆਂ ਪਿੱਛੋਂ ਟਿਕਟਿਕਾ ਹੋ ਗਿਆ ਸੀ। ਸਾਡੇ ਪਿੰਡ ਕੋਈ ਸਕੂਲ ਨਹੀਂ ਸੀ। ਲਾਗਲੇ ਪਿੰਡ ਹੀ ਜਾਣਾ ਪੈਂਦਾ ਸੀ। ਥੋੜ੍ਹੇ ਜਿਹੇ ਮੁੰਡੇ ਹੀ ਪੜ੍ਹਨ ਜਾਂਦੇ ਸਨ। ਸਾਡੇ ਪਿੰਡ ਦੀ ਕਿਸੇ ਵੀ ਕੁੜੀ ਨੇ ਸਕੂਲ ਦਾ ਮੂੰਹ ਨਹੀਂ ਸੀ ਦੇਖਿਆ। ਭਾਰੇ ਮੀਂਹ ਪੈਣ ਕਾਰਨ ਸਾਡੇ ਸਕੂਲ ਦੇ ਕਮਰੇ ਢਹਿ ਗਏ ਸਨ। ਪਿੰਡ ਵਾਲਿਆਂ ਇੱਕ ਕਮਰਾ ਬਣਾਇਆ, ਜਿਹੜਾ ਸਟਾਫ ਰੂਮ ਅਤੇ ਡਾਕ ਘਰ ਲਈ ਵਰਤਿਆ ਜਾਂਦਾ ਸੀ। ਚਾਰੇ ਸਾਲ ਅਸੀਂ ਸਰਦੀਆਂ ਵਿੱਚ ਧੁੱਪੇ ਬੈਠ ਅਤੇ ਗਰਮੀਆਂ ਵਿੱਚ ਰੁੱਖਾਂ ਹੇਠ ਬੈਠ ਪੜ੍ਹਾਈ ਕੀਤੀ। ਬੇਸ਼ਕ ਸਹੂਲਤਾਂ ਦੀ ਘਾਟ ਸੀ ਪਰ ਅਧਿਆਪਕਾਂ ਵਿੱਚ ਲਗਨ ਸੀ ਤੇ ਲੋਕਾਂ ਵਿੱਚ ਉਨ੍ਹਾਂ ਦਾ ਸਤਿਕਾਰ ਸੀ। ਪੰਜਵੀਂ ਵਿੱਚ ਹਾਈ ਸਕੂਲ ਦਾਖਲ ਹੋਏ, ਜਿਹੜਾ ਪ੍ਰਾਇਮਰੀ ਸਕੂਲ ਤੋਂ ਵੀ ਦੂਰ ਸੀ। ਇੱਥੇ ਲਾਗਲੇ ਕੋਈ ਦਸਾਂ ਪਿੰਡਾਂ ਦੇ ਬੱਚੇ ਪੜ੍ਹਨ ਆਉਂਦੇ ਸਨ। ਪਹਿਲੀ ਵਾਰ ਡੈਸਕ ਵਾਲੇ ਕਲਾਸ ਰੂਮ ਵਿੱਚ ਬੈਠਣ ਦਾ ਮੌਕਾ ਮਿਲਿਆ। ਉਦੋਂ ਸਕੂਲਾਂ ਦੀ ਵਰਦੀ ਨਹੀਂ ਸੀ ਹੁੰਦੀ। ਫੱਟਾਂ ਵਾਲੇ ਪਜਾਮੇ ਨਾਲ ਹੀ ਦਸਵੀਂ ਤਕ ਪੜ੍ਹਾਈ ਪੂਰੀ ਕੀਤੀ।
ਪਹਿਲੀ ਵਾਰ ਵੋਟਾਂ 1952 ਵਿੱਚ ਪਈਆਂ। ਅਸੈਂਬਲੀ ਅਤੇ ਲੋਕ ਸਭਾ ਲਈ ਇਕੱਠੀਆਂ ਹੀ ਸਾਰੇ ਦੇਸ਼ ਵਿੱਚ ਇੱਕੋ ਦਿਨ ਵੋਟਾਂ ਪਈਆਂ। ਉਦੋਂ ਪਿੰਡ ਵਾਸੀਆਂ ਨੇ ਜੀਪ ਦੇ ਦਰਸ਼ਨ ਕੀਤੇ ਕਿਉਂਕਿ ਚੋਣ ਪ੍ਰਚਾਰ ਵਾਲੇ ਜੀਪ ਵਿੱਚ ਆਉਂਦੇ ਸਨ। ਉਦੋਂ ਹੀ ਵਿਕਾਸ ਕਾਰਜ ਸ਼ੁਰੂ ਹੋਏ। ਸ. ਪ੍ਰਤਾਪ ਸਿੰਘ ਕੈਰੋਂ ਵਿਕਾਸ ਮੰਤਰੀ ਸਨ ਤੇ ਡਾ. ਮਹਿੰਦਰ ਸਿੰਘ ਰੰਧਾਵਾ ਵਿਕਾਸ ਕਮਿਸ਼ਨਰ ਸਨ। ਮੁਰੱਬੇਬੰਦੀ ਦਾ ਕੰਮ ਸ਼ੁਰੂ ਹੋਇਆ। ਟੁਕੜਿਆਂ ਵਿੱਚ ਵੰਡੀ ਕਿਸਾਨਾਂ ਦੀ ਧਰਤੀ ਇੱਕੋ ਥਾਂ ਕੀਤੀ ਗਈ। ਸਿੱਧੀਆਂ ਸੜਕਾਂ ਬਣੀਆਂ। ਸਕੂਲ ਅਤੇ ਹੋਰ ਸਾਂਝੇ ਕੰਮਾਂ ਲਈ ਸ਼ਾਮਲਾਟ ਛੱਡੀ ਗਈ। ਕਿਸਾਨਾਂ ਨੂੰ ਖੂਹ ਲਾਉਣ ਲਈ ਕਰਜ਼ੇ ਦਿੱਤੇ ਗਏ। ਪਿੰਡਾਂ ਦੀਆਂ ਗਲੀਆਂ ਨੂੰ ਪੱਕਿਆਂ ਕਰਨ ਦਾ ਕੰਮ ਸ਼ੁਰੂ ਹੋਇਆ। ਲੋਕਾਂ ਵਿੱਚ ਉਤਸ਼ਾਹ ਸੀ। ਉਹ ਨਵੀਂਆਂ ਸੜਕਾਂ ਉੱਤੇ ਮਿੱਟੀ ਪਾਉਣ ਲਈ ਜਥੇ ਬਣਾ ਕੇ ਜਾਂਦੇ ਸਨ। ਬੀਬੀਆਂ ਲੰਗਰ ਤਿਆਰ ਕਰ ਰਹੀਆਂ ਸਨ। ਨਵੇਂ ਖੂਹ ਲੱਗਣ ਨਾਲ ਸਿੰਚਾਈ ਸਹੂਲਤਾਂ ਵਿੱਚ ਵਾਧਾ ਹੋਇਆ। ਪਿੰਡਾਂ ਵਿੱਚ ਸਕੂਲ ਖੋਲ੍ਹੇ ਜਾਣ ਲੱਗੇ। ਸਾਡੇ ਪਿੰਡ ਲਈ ਪ੍ਰਾਇਮਰੀ ਸਕੂਲ ਮੰਜੂਰ ਹੋਇਆ ਪਰ ਪਿੰਡ ਵਾਲਿਆਂ ਨੇ ਦੱਸਣਾ ਸੀ ਕਿ ਕੁੜੀਆਂ ਦਾ ਜਾਂ ਮੁੰਡਿਆਂ ਦਾ ਸਕੂਲ ਚਾਹੀਦਾ ਹੈ। ਪਿੰਡ ਵਾਲਿਆਂ ਸਲਾਹ ਕਰਕੇ ਕੁੜੀਆਂ ਲਈ ਸਕੂਲ ਦੀ ਮੰਜੂਰੀ ਲਈ ਅਤੇ ਪੰਚਾਇਤ ਨੇ ਲੋਕਾਂ ਨੂੰ ਪ੍ਰੇਰਿਆ ਕਿ ਆਪਣੀ ਬੱਚੀਆਂ ਨੂੰ ਸਕੂਲ ਭੇਜੋ।
ਪਿੰਡਾਂ ਵਿੱਚ ਬਿਜਲੀ ਦਾ ਆਉਣਾ ਅਤੇ ਸੜਕਾਂ ਨੂੰ ਪੱਕਿਆਂ ਕਰਨਾ ਇੱਕ ਨਵੇਂ ਇਨਕਲਾਬ ਦਾ ਅਰੰਭ ਸੀ। ਕਿਸਾਨਾਂ ਨੇ ਖੂਹਾਂ ਉੱਤੇ ਟਿਊਬਵੈੱਲ ਲਵਾਏ, ਸਰਕਾਰ ਨੇ ਕਰਜ਼ੇ ਦਿੱਤੇ। ਸਿੰਚਾਈ ਸਹੂਲਤਾਂ ਦੇ ਵਾਧੇ ਨਾਲ ਕਿਸਾਨ ਦੀ ਆਮਦਨ ਵਿੱਚ ਵਾਧਾ ਹੋਇਆ। ਅਸਲੀ ਵਾਧਾ ਕਣਕ ਅਤੇ ਝੋਨੇ ਦੀਆਂ ਵੱਧ ਝਾੜ ਦੇਣ ਵਾਲਆਂ ਕਿਸਮਾਂ ਆਉਣ ਨਾਲ ਹੋਇਆ। ਘਰ ਪੱਕੇ ਬਣਨ ਲੱਗੇ। ਬਿਜਲੀ ਆਉਣ ਨਾਲ ਘਰਾਂ ਵਿੱਚ ਪੱਖੇ ਲੱਗੇ ਅਤੇ ਕਈ ਘਰਾਂ ਵਿੱਚ ਟੀ ਵੀ ਆਇਆ। ਸਾਈਕਲ ਤਾਂ ਹਰੇਕ ਘਰ ਨੇ ਖਰੀਦਿਆ। ਕੁਝ ਵੱਡੇ ਕਿਸਾਨਾਂ ਨੇ ਟ੍ਰੈਕਟਰ ਖਰੀਦੇ। ਫਿਰ ਗਹਾਈ ਲਈ ਥਰੈਸ਼ਰ ਆਏ। ਇਹ ਇੱਕ ਨਵੇਂ ਇਨਕਲਾਬ ਦਾ ਅਰੰਭ ਸੀ। ਦੋ ਦਹਾਕਿਆਂ ਵਿੱਚ ਹੀ ਸਾਰੇ ਪੰਜਾਬ ਦੀ ਖੇਤੀ ਮਸ਼ੀਨੀ ਹੋ ਗਈ। ਘਰਾਂ ਦਾ ਰਹਿਣ ਸਹਿਣ ਸਾਰਾ ਹੀ ਬਦਲ ਗਿਆ।
ਸੱਠਵਿਆਂ ਵਿੱਚ ਇੰਗਲੈਂਡ ਨੇ ਆਪਣੇ ਦਰਵਾਜ਼ੇ ਮਜ਼ਦੂਰਾਂ ਲਈ ਖੋਲ੍ਹੇ ਤਾਂ ਵਿਦੇਸ਼ ਜਾਣ ਦਾ ਰੁਝਾਨ ਸ਼ੁਰੂ ਹੋਇਆ। ਕੇਵਲ ਹਜ਼ਾਰ ਰੁਪਇਆ ਹੀ ਚਾਹੀਦਾ ਸੀ। ਸਮੁੰਦਰੀ ਜਹਾਜ਼ ਦਾ ਕਿਰਾਇਆ ਕੇਵਲ 800 ਰੁਪਏ ਸੀ। ਹਰੇਕ ਪਿੰਡ ਵਿੱਚੋਂ ਕੁਝ ਬੰਦੇ ਇੰਗਲੈਂਡ ਪੁੱਜ ਗਏ। ਜਦੋਂ ਉੱਥੋਂ ਪੈਸੇ ਆਉਣ ਲੱਗੇ ਤਾਂ ਬਾਕੀ ਪੰਜਾਬੀਆਂ ਦੇ ਮਨਾਂ ਵਿੱਚ ਵੀ ਵਿਦੇਸ਼ ਜਾਣ ਦੀ ਲਾਲਸਾ ਜਾਗਣ ਲੱਗੀ। ਪਿੰਡਾਂ ਵਿੱਚ ਵਧੀਆ ਘਰ ਬਣਾਏ, ਜ਼ਮੀਨਾਂ ਖਰੀਦੀਆਂ ਅਤੇ ਘਰਾਂ ਨੂੰ ਆਧੁਨਿਕ ਬਣਾਇਆ। ਵੀਹਵੀਂ ਸਦੀ ਦੇ ਅੰਤ ਤਕ ਪੰਜਾਬ ਦੇ ਪਿੰਡਾਂ ਦੀ ਤਸਵੀਰ ਬਿਲਕੁਲ ਬਦਲ ਗਈ। ਰਹਿਣ ਸਹਿਣ ਕੰਮਕਾਜੀ ਢੰਗ ਨਵੇਂ ਹੋ ਗਏ। ਦਹੇਜ ਵਿੱਚ ਟੀਵੀ, ਮੋਟਰਸਾਈਕਲ ਅਤੇ ਕਾਰਾਂ ਦਿੱਤੀਆਂ ਜਾਣ ਲੱਗ ਪਈਆਂ। ਸੇਪੀ ਦਾ ਚੱਲਣ ਬੰਦ ਹੋ ਗਿਆ ਤੇ ਸਾਰੀ ਅਦਾਇਗੀ ਨਕਦ ਹੋਣ ਲੱਗ ਪਈ।
ਹੁਣ ਪੰਜਾਬ ਦੇ ਬਹੁਤੇ ਪਿੰਡਾਂ ਦੇ ਘਰਾਂ ਨੂੰ ਜੰਦਰੇ ਲੱਗ ਗਏ ਹਨ। ਜਿਹੜਾ ਪਰਿਵਾਰ ਪਿੱਛੇ ਰਹਿ ਵੀ ਗਿਆ ਹੈ, ਉਸਨੇ ਵੀ ਪਿੰਡੋਂ ਬਾਹਰ ਫਿਰਨੀ ਉੱਤੇ ਘਰ ਪਾ ਲਿਆ ਹੈ ਕਿਉਂਕਿ ਭੀੜੀਆਂ ਗਲੀਆਂ ਵਿੱਚ ਗੱਡੀਆਂ ਨਹੀਂ ਜਾਂਦੀਆਂ। ਭਾਈਚਾਰੇ ਦੀ ਸਾਂਝ ਟੁੱਟ ਰਹੀ ਹੈ, ਵਿਖਾਵਾ ਵਧ ਗਿਆ ਹੈ। ਸ਼ਰੀਕੇ ਉੱਤੇ ਨਿਰਭਰਤਾ ਘੱਟ ਹੋਣ ਨਾਲ ਰਿਸ਼ਤੇਦਾਰੀਆਂ ਵੀ ਰਸਮੀ ਹੀ ਰਹਿ ਗਈਆਂ ਹਨ। ਸਵੇਰੇ ਤੜਕੇ ਉੱਠਣ ਦਾ ਰਿਵਾਜ਼ ਖਤਮ ਹੋ ਗਿਆ ਹੈ। ਸਵੇਰੇ ਘਰ ਦੀ ਲੱਸੀ ਪੀਣ ਦੀ ਥਾਂ ਚਾਹ ਨੇ ਲੈ ਲਈ ਹੈ। ਰਾਤ ਨੂੰ ਦੁੱਧ ਪੀਣ ਦੀ ਥਾਂ ਦਾਰੂ ਭਾਰੂ ਹੋ ਗਿਆ ਹੈ। ਕਿਰਤ ਲਈ ਪ੍ਰਸਿੱਧ ਪੰਜਾਬੀ ਕਿਰਤ ਤੋਂ ਦੂਰ ਹੋ ਰਹੇ ਹਨ। ਹੌਲੀ ਹੌਲੀ ਘਰ ਦੇ ਅਤੇ ਖੇਤਾਂ ਦੇ ਕੰਮ ਆਪ ਹੱਥੀਂ ਕਰਨ ਦੀ ਥਾਂ ਕਾਮਿਆਂ ਉੱਤੇ ਨਿਰਭਰ ਹੋਇਆ ਜਾ ਰਿਹਾ ਹੈ। ਬਾਹਰੋਂ ਤਾਂ ਲੋਕੀਂ ਮਿਹਨਤ ਕਰਕੇ ਪੈਸਾ ਲਿਆਏ ਸਨ ਪਰ ਇੱਥੋਂ ਵਾਲੇ ਪੈਸੇ ਕਮਾਉਣ ਲਈ ਗਲਤ ਰਾਹ ਇਖਤਿਆਰ ਕਰਨ ਲੱਗ ਪਏ ਹਨ।
ਪੰਜਾਬ, ਜਿਹੜਾ ਅਜ਼ਾਦੀ ਪਿੱਛੋਂ ਇੱਕ ਦਹਾਕੇ ਵਿੱਚ ਹੀ ਦੇਸ਼ ਦਾ ਸਭ ਤੋਂ ਵੱਧ ਵਿਕਸਿਤ ਸੂਬਾ ਬਣ ਗਿਆ ਸੀ, ਉਹ ਹੁਣ ਹੇਠਾਂ ਖਿਸਕ ਕੇ 18 ਨੰਬਰ ’ਤੇ ਆ ਗਿਆ ਹੈ। ਪੰਜਾਬ ਦੀ ਬਦਕਿਸਮਤੀ ਹੈ ਕਿ ਸਰਦਾਰ ਪ੍ਰਤਾਪ ਸਿੰਘ ਕੈਰੋਂ ਪਿੱਛੋਂ ਪੰਜਾਬ ਨੂੰ ਕੋਈ ਅਜਿਹਾ ਆਗੂ ਨਹੀਂ ਮਿਲਿਆ ਜਿਹੜਾ ਕਿਸੇ ਯੋਜਨਾਬਧ ਢੰਗ ਨਾਲ ਪੰਜਾਬ ਨੂੰ ਅੱਗੇ ਲਿਜਾ ਸਕਦਾ। ਇਸ ਲਈ ਸਾਡੇ ਰਾਜਸੀ ਆਗੂ ਸਭ ਤੋਂ ਵੱਧ ਜ਼ਿੰਮੇਵਾਰ ਹਨ। ਉਹ ਚੋਣਾਂ ਜਿੱਤਣ ਲਈ ਖੁੱਲ੍ਹਾ ਪੈਸਾ ਖਰਚ ਕਰਦੇ ਹਨ। ਮੁਫਤ ਦੀਆਂ ਰਿਉੜੀਆਂ ਲੋਕਾਂ ਨੂੰ ਵੰਡਦੇ ਹਨ। ਇਸ ਤਰ੍ਹਾਂ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਪੈਸਾ ਨਹੀਂ ਹੈ। ਸਰਕਾਰੀ ਸਕੂਲਾਂ ਦੇ ਕੰਮਕਾਜ ਵਿੱਚ ਸੁਧਾਰ ਹੋਣ ਦੀ ਥਾਂ ਨਿਘਾਰ ਆ ਗਿਆ ਹੈ। ਸਰਕਾਰੀ ਹਸਪਤਾਲ ਸਹੂਲਤਾਂ ਤੋਂ ਸੱਖਣੇ ਹਨ। ਰਿਸ਼ਵਤਖੋਰੀ, ਮਿਲਾਵਟ ਅਤੇ ਹੇਰਾਫੇਰੀ ਦਾ ਬੋਲਬਾਲਾ ਹੈ। ਪੰਜਾਬ, ਜਿਹੜਾ ਆਪਣੀ ਮਿਹਨਤ ਅਤੇ ਇਮਾਨਦਾਰੀ ਲਈ ਪ੍ਰਸਿੱਧ ਸੀ, ਉਹ ਉਲਟੇ ਪਾਸੇ ਜਾ ਰਿਹਾ ਹੈ। ਅਸੀਂ ਆਪਣੀ ਧਰਤੀ, ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਕਰ ਲਿਆ ਹੈ। ਦੋਸ਼ ਸਾਰਾ ਕਿਸਾਨਾਂ ਦੇ ਸਿਰ ਮੜ੍ਹ ਰਹੇ ਹਨ।
ਮੇਰੀ ਪੀੜ੍ਹੀ ਖੁਸ਼ਕਿਸਮਤ ਹੈ ਜਿਸ ਵਿਕਾਸ ਦੀ ਤੇਜ਼ੀ ਦਾ ਅਨੰਦ ਮਾਣਿਆ ਹੈ। ਵਿਗਿਆਨਕ ਕਾਢਾਂ ਨਾਲ ਅਰਾਮ ਦਾ ਜੀਵਨ ਬਸਰ ਕੀਤਾ ਹੈ ਪਰ ਕੁਝ ਫਿਕਰ ਵੀ ਹੋ ਰਿਹਾ ਹੈ ਕਿ ਪੰਜਾਬ ਵਰਗਾ ਖਿੱਤਾ ਦਿਸ਼ਾਹੀਣ ਹੋ ਰਿਹਾ ਹੈ। ਡਰ ਲਗਦਾ ਹੈ ਕਿ ਕਿਤੇ ਇਹ ਪੰਜਾਬੀਆਂ ਹੱਥੋਂ ਖਿਸਕ ਕੇ ਹੌਲੀ ਹੌਲੀ ਦੂਜੇ ਸੂਬਿਆਂ ਤੋਂ ਆਏ ਕਾਮਿਆਂ ਦੇ ਕਬਜ਼ੇ ਵਿੱਚ ਨਾ ਚਲਾ ਜਾਵੇ। ਪੰਜਾਬ ਅਤੇ ਪੰਜਾਬੀਆਂ ਦੇ ਵਿਕਾਸ ਵਲ ਧਿਆਨ ਦੇਣ ਦੀ ਸਰਕਾਰਾਂ ਅਤੇ ਧਾਰਮਿਕ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਨਿੱਜੀ ਹਿਤਾਂ ਨੂੰ ਤਿਆਗਕੇ ਪੰਜਾਬ ਅਤੇ ਪੰਜਾਬੀ ਵਿਰਸੇ ਦੀ ਸਾਂਭ ਸੰਭਾਲ ਵਲ ਧਿਆਨ ਦੇਣ ਤਾਂ ਜੋ ਸੂਬੇ ਨੂੰ ਸਹੀ ਅਰਥਾਂ ਵਿੱਚ ਰੰਗਲਾ ਪੰਜਾਬ ਬਣਾਇਆ ਜਾ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)













































































































