“ਪੈਸੇ ਅਤੇ ਤਾਕਤ ਨਾਲ ਸੁਖਾਂ ਦੇ ਸਾਧਨ ਇਕੱਠੇ ਕੀਤੇ ਜਾ ਸਕਦੇ ਹਨ, ਆਪਣੀ ਹਉਮੈਂ ਨੂੰ ...”
(7 ਮਾਰਚ 2026)
ਚੜ੍ਹਦੀ ਕਲਾ ਇੱਕ ਅਜਿਹਾ ਮੰਤਰ ਹੈ ਜਿਹੜਾ ਇਨਸਾਨ ਨੂੰ ਕਦੇ ਵੀ ਨਿਰਾਸ਼ਤਾ ਅਤੇ ਨਕਾਰਾਤਮਕਤਾ ਦੇ ਨੇੜੇ ਨਹੀਂ ਢੁੱਕਣ ਦਿੰਦਾ। ਇਹ ਮੰਤਰ ਅਜਿਹੀ ਸ਼ਕਤੀ ਭਰ ਦਿੰਦਾ ਹੈ ਕਿ ਜਦੋਂ ਕਦੇ ਔਖੀ ਘੜੀ ਆ ਵੀ ਜਾਵੇ ਤਾਂ ਵੀ ਗੁਰੂ ਨਾਨਕ ਦੇ ਸ਼ਬਦ ਮੂੰਹੋਂ ਨਿਕਲ ਜਾਂਦੇ ਹਨ।
ਕੇਤਿਆ ਦੂਖ ਭੂਖ ਸਦ ਮਾਰ।
ਏਹਿ ਵੀ ਦਾਤਿ ਤੇਰੀ ਦਾਤਾਰ॥
ਬੰਦਾ ਦੁੱਖ ਨੂੰ ਕਿਸੇ ਭਲੇ ਸਮਾਂ ਦਾ ਸੰਕੇਤ ਸਮਝ ਸਵੀਕਾਰ ਕਰ ਲੈਂਦਾ ਹੈ ਕਿਉਂਕਿ ਉਸ ਨੂੰ ਯਕੀਨ ਹੁੰਦਾ ਹੈ ਕਿ ਔਖੀ ਘੜੀ ਨਾ ਰਹੇ ਹਮੇਸ਼ਾ। ਮਨੁੱਖ ਨੂੰ ਪੂਰੀ ਮਿਹਨਤ ਲਗਨ ਅਤੇ ਇਮਾਨਦਾਰੀ ਨਾਲ ਆਪਣੀ ਕਿਰਤ ਕਰਦੇ ਰਹਿਣਾ ਚਾਹੀਦਾ ਹੈ। ਉਹ ਕਿਸੇ ਨਾਲ ਈਰਖਾ ਨਹੀਂ ਕਰਦਾ ਨਾ ਹੀ ਕਿਸੇ ਨਾਲ ਵੈਰ ਵਿਰੋਧ ਰੱਖਦਾ ਹੈ। ਗੁਰੂ ਅਰਜਨ ਸਾਹਿਬ ਦੇ ਇਹ ਬਚਨ ਹਮੇਸ਼ਾ ਯਾਦ ਰੱਖਦਾ ਹੈ:
ਨਾ ਕੋ ਬੈਰੀ ਨਹੀਂ ਬਿਗਾਨਾ ਸੰਗਿ ਹਮ ਕਉ ਬਨਿਆਈ॥
ਉਹ ਬੁਰੇ ਸਮੇਂ ਦਾ ਵੀ ਸਤਿਕਾਰ ਕਰਦਾ ਹੈ, ਕਿਉਂਕਿ ਉਸ ਨੂੰ ਯਕੀਨ ਹੁੰਦਾ ਹੈ ਕਿ ਇਹ ਵੀ ਕਿਸੇ ਭਲੇ ਦਾ ਹੀ ਸੰਕੇਤ ਹੈ। ਉਸ ਨੂੰ ਯਕੀਨ ਹੁੰਦਾ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ, ਠੀਕ ਹੀ ਹੋ ਰਿਹਾ ਹੈ। ਉਹ ਆਖ ਲੈਂਦਾ ਹੈ:
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਇਹ ਮੰਤਰ ਇਨਸਾਨ ਨੂੰ ਸਵੈਕਾਬੂ ਦਾ ਬਲ ਬਖਸ਼ਦਾ ਹੈ। ਮਨੁੱਖੀ ਪੰਜ ਸ਼ਕਤੀਆਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਆਪਣੇ ਵੱਸ ਵਿੱਚ ਕਰਨ ਦੀ ਜਾਚ ਆ ਜਾਂਦੀ ਹੈ। ਉਹ ਕਾਮ ਦੀ ਵਰਤੋਂ ਪਿਆਰ, ਉਤਪਤੀ ਅਤੇ ਪੱਕੀ ਸਾਂਝ ਲਈ ਕਰਦਾ ਹੈ। ਇਸ ਨਾਲ ਪਤੀ ਪਤਨੀ ਦੀ ਆਪਸੀ ਸਾਂਝ ਪੱਕੀ ਹੋ ਜਾਂਦੀ ਹੈ। ਸਰੀਰਕ ਭੁੱਖ ਲਈ ਬਾਹਰ ਮੂੰਹ ਮਾਰਨ ਨੂੰ ਬੰਦਾ ਹਰਾਮ ਸਮਝਦਾ ਹੈ। ਇਸ ਨਾਲ ਸਮਾਜ ਵਿੱਚ ਹੀ ਸਤਿਕਾਰ ਨਹੀਂ ਮਿਲਦਾ ਸਗੋਂ ਪਰਿਵਾਰਕ ਮਾਹੌਲ ਸੁਖਾਵਾਂ ਬਣਿਆ ਰਹਿੰਦਾ ਹੈ। ਸਮੇਂ ਅਤੇ ਵਸੀਲਿਆਂ ਦੀ ਬਰਬਾਦੀ ਰੁਕ ਜਾਂਦੀ ਹੈ। ਮਨੁੱਖੀ ਸੋਚ ਸਾਰਥਕ ਪਾਸੇ ਜੁੜਦੀ ਹੈ ਜਿਸ ਨਾਲ ਜੀਵਨ ਨੂੰ ਸੁਖਾਵਾਂ ਬਣਾਉਣ ਵਿੱਚ ਸਹਾਇਤਾ ਪ੍ਰਾਪਤ ਕਰਦੀ ਹੈ।
ਕ੍ਰੋਧ ਇੱਕ ਬਹੁਤ ਹੀ ਭੈੜਾ ਅਤੇ ਘਾਤਕ ਰੋਗ ਹੈ ਜਿਹੜਾ ਆਪਣੇ ਸਰੀਰ ਲਈ ਹੀ ਘਾਤਕ ਨਹੀਂ ਸਗੋਂ ਮਨੁੱਖੀ ਰਿਸ਼ਤਿਆਂ ਨੂੰ ਵੀ ਤੋੜਦਾ ਹੈ। ਕ੍ਰੋਧ ਅਤੇ ਹੋਸ਼ ਦੀ ਆਪੋ ਵਿੱਚ ਦੁਸ਼ਮਣੀ ਹੈ। ਕ੍ਰੋਧ ਵਿੱਚ ਆਇਆ ਮਨੁੱਖ ਆਪਣਾ ਹੋਸ਼ ਗੁਆ ਬੈਠਦਾ ਹੈ। ਇਸਦੇ ਉਲਟ ਸੂਝਵਾਨ ਮਨੁੱਖ ਕ੍ਰੋਧ ਉੱਤੇ ਕਾਬੂ ਪਾ ਕੇ ਇਸ ਨੂੰ ਜੋਸ਼ ਵਿੱਚ ਤਬਦੀਲ ਕਰ ਲੈਂਦਾ ਹੈ ਅਤੇ ਇਸ ਵਧੀ ਊਰਜਾ ਨਾਲ ਕਈ ਔਖੇ ਸਮਝੇ ਕਾਰਜ ਵੀ ਪੂਰੇ ਹੋ ਜਾਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਲੋਭ ਜਾਂ ਲਾਲਚ ਬੁਰੀ ਬਲਾ ਹੈ। ਲੋਭੀ ਮਨੁੱਖ ਹਮੇਸ਼ਾ ਦੁਖੀ ਹੀ ਰਹਿੰਦਾ ਹੈ। ਆਪਣੇ ਕੋਲ ਜੋ ਹੈ ਉਸਦਾ ਅਨੰਦ ਮਾਣਨ ਦੀ ਥਾਂ ਲੋਭੀ ਮਨੁੱਖ ਹੋਰ ਤੇ ਹੋਰ ਦੀ ਪ੍ਰਾਪਤੀ ਲਈ ਝੂਰਦਾ ਰਹਿੰਦਾ ਹੈ। ਇਸ ਲਈ ਉਹ ਹਰ ਤਰ੍ਹਾਂ ਦੇ ਗਲਤ ਢੰਗ ਅਪਣਾਉਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਸੰਤੋਖ ਜਾਂ ਸਬਰ ਮਨੁੱਖੀ ਮਨ ਨੂੰ ਕਾਬੂ ਕਰਦਾ ਹੈ। ਜੋ ਪ੍ਰਾਪਤ ਹੋਇਆ ਉਸ ਨੂੰ ਮਾਣਨ ਲਈ ਉਤਸ਼ਾਹਿਤ ਕਰਦਾ ਹੈ। ਸੰਤੋਖੀ ਮਨੁੱਖ ਉੱਪਰ ਵਲ ਦੇਖ ਝੂਰਦਾ ਨਹੀਂ ਸਗੋਂ ਆਪਣੇ ਤੋਂ ਹੇਠਾਂ ਵਲ ਦੇਖ ਦਾਤੇ ਦਾ ਸ਼ੁਕਰਾਨਾ ਕਰਦਾ ਹੈ, ਜਿਸਨੇ ਉਸ ਉੱਤੇ ਬਖਸ਼ਿਸ਼ ਕੀਤੀ ਹੈ। ਇਸਦਾ ਇਹ ਭਾਵ ਨਹੀਂ ਕਿ ਅੱਗੇ ਵਧਣ ਦੇ ਯਤਨ ਕੀਤੇ ਹੀ ਨਾ ਜਾਣ। ਪਰ ਕੱਲ੍ਹ ਦੀ ਉਡੀਕ ਵਿੱਚ ਅੱਜ ਦਾ ਅਨੰਦ ਮਾਣਨਾ ਛੱਡਣਾ ਨਹੀਂ ਚਾਹੀਦਾ ਕਿਉਂਕਿ ਅੱਜ ਨੇ ਮੁੜ ਪ੍ਰਾਪਤ ਨਹੀਂ ਹੋਣਾ। ਪ੍ਰਾਪਤ ਹੋਏ ਸਵਾਸਾਂ ਦੀ ਪੂੰਜੀ ਹਰੇਕ ਦਿਨ ਘਟ ਰਹੀ ਹੈ। ਕੱਲ੍ਹ ਬਾਰੇ ਸੋਚਣਾ ਗਲਤ ਨਹੀਂ ਹੈ ਪਰ ਅੱਜ ਨੂੰ ਵਿਸਾਰ ਕੇ ਕੱਲ੍ਹ ਬਾਰੇ ਸੋਚਣਾ ਸਹੀ ਨਹੀਂ ਹੈ ਕਿਉਂਕਿ ਕੱਲ੍ਹ ਤਾਂ ਕਦੇ ਆਉਣਾ ਹੀ ਨਹੀਂ ਹੈ।
ਕਈ ਬੀਤੇ ਕੱਲ੍ਹ ਬਾਰੇ ਸੋਚ ਕੇ ਝੂਰਦੇ ਰਹਿੰਦੇ ਹਨ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬੀਤਿਆ ਸਮਾਂ ਤਾਂ ਮੁੜ ਆਉਣਾ ਹੀ ਨਹੀਂ ਹੈ। ਸਗੋਂ ਬੀਤੇ ਵਿੱਚ ਹੋਈ ਗਲਤੀ ਨੂੰ ਸੁਧਾਰ ਕੇ ਅੱਜ ਨੂੰ ਸੁਖਾਵਾਂ ਬਣਾਉਣਾ ਚਾਹੀਦਾ ਹੈ। ਕਿਸੇ ਠੀਕ ਹੀ ਆਖਿਆ ਹੈ ਕਿ ਜੀਵਨ ਆਈਸਕ੍ਰੀਮ ਵਰਗਾ ਹੁੰਦਾ ਹੈ। ਇਸ ਤੋਂ ਪਹਿਲਾਂ ਕਿ ਇਹ ਖੁਰ ਜਾਵੇ, ਇਸਦਾ ਅਨੰਦ ਲੈ ਲੈਣਾ ਚਾਹੀਦਾ ਹੈ। ਮੋਹ ਵੀ ਮਨੁੱਖੀ ਸ਼ਕਤੀ ਦਾ ਹੀ ਇੱਕ ਹਥਿਆਰ ਹੈ ਪਰ ਜਦੋਂ ਇਹ ਹੱਦੋਂ ਵਧ ਜਾਵੇ ਤਾਂ ਪਾਗਲਪਨ ਦਾ ਰੂਪ ਇਖਤਿਆਰ ਕਰ ਲੈਂਦਾ ਹੈ। ਪਿਆਰ ਰਿਸ਼ਤਿਆਂ ਨੂੰ ਜੋੜਦਾ ਹੈ ਜਦੋਂਕਿ ਨਫਰਤ ਰਿਸ਼ਤਿਆਂ ਨੂੰ ਤੋੜਦੀ ਹੈ। ਜੀਵਨ ਦੀਆਂ ਘੜੀਆਂ ਹਰੇਕ ਕੋਲ ਗਿਣਤੀ ਦੀਆਂ ਹੁੰਦੀਆਂ ਹਨ। ਸੌ ਸਾਲ ਤੋਂ ਵੱਧ ਤਾਂ ਕੋਈ ਵਿਰਲਾ ਟਾਵਾਂ ਹੀ ਸਵਾਸ ਲੈਂਦਾ ਹੈ ਪਰ ਉਦੋਂ ਤਕ ਉਸਦੀ ਨਿਰਭਰਤਾ ਦੂਜਿਆਂ ਉੱਤੇ ਵਧੇਰੇ ਹੋ ਜਾਂਦੀ ਹੈ। ਸਭਨਾਂ ਨਾਲ ਪਿਆਰ ਕਰੋ ਪਰ ਮੋਹ ਦੀਆਂ ਤੰਦਾਂ ਇੰਨੀਆਂ ਮਜ਼ਬੂਤ ਨਾ ਕਰੋ ਕਿ ਕਬਜ਼ੇ ਦਾ ਰੂਪ ਧਾਰਨ ਕਰ ਲੈਣ। ਇਹ ਆਖਣਾ ਕਿ ਇਹ ਤਾਂ ਕੇਵਲ ਮੇਰਾ ਹੀ ਹੈ, ਹੋਰ ਕਿਸੇ ਦਾ ਨਹੀਂ ਹੋ ਸਕਦਾ, ਮੋਹ ਦੀ ਅੱਤ ਸਮਝੀ ਜਾਂਦੀ ਹੈ। ਜਦੋਂ ਉਹ ਜੀਵ ਜਾਂ ਵਸਤੂ ਹੱਥੋਂ ਖਿਸਕਦੀ ਹੈ ਤਾਂ ਵੀ ਪਾਗਲਪਨ ਦੀ ਸਥਿਤੀ ਬਣ ਜਾਂਦੀ ਹੈ। ਪਿਆਰ ਸਭਨਾਂ ਨਾਲ ਕਰੋ ਪਰ ਭਾਣਾ ਮੰਨਣ ਦਾ ਬਲ ਵੀ ਆਪਣੇ ਅੰਦਰ ਪੈਦਾ ਕਰੋ। ਜਦੋਂ ਭਾਣਾ ਮੰਨਣ ਦੇ ਬਲ ਦੀ ਬਖਸ਼ਿਸ਼ ਹੋ ਜਾਵੇ ਤਾਂ ਮਨੁੱਖ ਝੂਰਦਾ ਨਹੀਂ ਅਤੇ ਨਾ ਹੀ ਮਾਯੂਸੀ ਦੀ ਗਹਿਰੀ ਖਾਈ ਵਿੱਚ ਡਿਗਦਾ ਹੈ। ਗੁਰੂ ਅਰਜਨ ਦੇਵ ਜੀ ਦੇ ਸ਼ਬਦ ਹਮੇਸ਼ਾ ਯਾਦ ਰੱਖੋ:
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥
ਹੰਕਾਰ ਵੀ ਇੱਕ ਰੋਗ ਹੀ ਹੈ। ਪੈਸੇ ਦਾ, ਕੁਰਸੀ ਦਾ, ਸ਼ਕਤੀ ਦਾ ਜਾਂ ਸੁੰਦਰਤਾ ਦਾ ਹੰਕਾਰ ਮਨੁੱਖ ਨੂੰ ਬਿਮਾਰ ਕਰ ਦਿੰਦਾ ਹੈ। ਉਹ ਆਪਣੇ ਆਪ ਵਿੱਚ ਸੁੰਗੜ ਜਾਂਦਾ ਹੈ। ਪ੍ਰਸਿੱਧ ਅਖਾਣ ਹੈ, “ਹੰਕਾਰਿਆ ਸੋ ਮਾਰਿਆ।” ਹੰਕਾਰੀ ਮਨੁੱਖ ਤੋਂ ਸਭ ਦੂਰ ਰਹਿਣ ਦਾ ਯਤਨ ਕਰਦੇ ਹਨ। ਜੇਕਰ ਕੋਈ ਨੇੜੇ ਆਉਂਦਾ ਵੀ ਹੈ ਤਾਂ ਆਪਣੇ ਕਿਸੇ ਮਤਲਬ ਲਈ। ਅਜਿਹੀ ਸਾਂਝ ਮੰਤਵ ਪੂਰਤੀ ਤਕ ਹੀ ਸੀਮਿਤ ਹੁੰਦੀ ਹੈ। ਜੀਵਨ ਵਿੱਚ ਨਿਮਰਤਾ ਜ਼ਰੂਰੀ ਹੈ ਪਰ ਇਸਦਾ ਇਹ ਅਰਥ ਨਹੀਂ ਕਿ ਆਪਣੇ ਆਪ ਉੱਤੇ ਮਾਣ ਨਾ ਕੀਤਾ ਜਾਵੇ। ਸਵੈਮਾਣ ਊਰਜਾ ਪ੍ਰਦਾਨ ਕਰਦਾ ਹੈ ਜਦੋਂ ਕਿ ਹੰਕਾਰ ਵਿਨਾਸ਼ ਦਾ ਕਾਰਨ ਬਣਦਾ ਹੈ। ਚੜ੍ਹਦੀ ਕਲਾ ਦਾ ਮੰਤਰ ਹੀ ਮਨੁੱਖ ਨੂੰ ਸਵੈਕਾਬੂ ਕਰਨ ਦੀ ਸ਼ਕਤੀ ਬਖਸ਼ਦਾ ਹੈ ਤੇ ਉਹ ਆਪਣੇ ਮਨ ਨੂੰ ਜਿੱਤ ਲੈਂਦਾ ਹੈ। ਜਿਸਨੇ ਆਪਣੇ ਮਨ ਨੂੰ ਜਿੱਤ ਲਿਆ, ਉਹ ਹੀ ਸੰਸਾਰ ਨੂੰ ਜਿੱਤ ਸਕਦਾ ਹੈ। ਗੁਰੂ ਨਾਨਕ ਸਾਹਿਬ ਦਾ ਉਪਦੇਸ਼, “ਮਨਿ ਜੀਤੈ ਜਗੁ ਜੀਤੁ॥” ਉਸਦਾ ਮਾਰਗ ਦਰਸ਼ਕ ਬਣ ਜਾਂਦਾ ਹੈ। ਉਹ ਇਹ ਜਾਣਦਾ ਹੈ ਕਿ ਮਨ ਨੂੰ ਜਿੱਤਣ ਲਈ ਗਿਆਨ ਰੂਪੀ ਸ਼ਕਤੀ ਦੀ ਲੋੜ ਪੈਂਦੀ ਹੈ ਕਿਉਂਕਿ ਗਿਆਨੀ ਹੀ ਮਨ ਨੂੰ ਜਿੱਤ ਕੇ ਸੰਸਾਰ ਨੂੰ ਜਿੱਤ ਲੈਂਦੇ ਹਨ। ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਨੂੰ ਜੇਕਰ ਕਦੇ ਭੁੱਜੇ ਛੋਲੇ ਖਾ ਕੇ ਗੁਜ਼ਾਰਾ ਕਰਨਾ ਪਵੇ ਤਾਂ ਵੀ ਉਹ ਇਨ੍ਹਾਂ ਨੂੰ ਬਦਾਮ ਆਖ ਛਕਦਾ ਹੈ। ਇੱਕ ਰੋਟੀ ਉਸ ਲਈ ਸਵਾ ਲੱਖ ਹੁੰਦੀ ਹੈ ਅਤੇ ਥੋੜ੍ਹੇ ਮਿਲੇ ਨੂੰ ਉਹ ਸਵਾਇਆ ਗੱਫਾ ਸਮਝਦਾ ਹੈ।
ਹਉਮੈਂ ਅਤੇ ਗੁੱਸੇ ਵਿੱਚ ਗ੍ਰਸਿਆ ਬੰਦਾ ਆਪਣੇ ਆਪ ਵਿੱਚ ਹੀ ਸਿਮਟ ਕੇ ਰਹਿ ਜਾਂਦਾ ਹੈ। ਭਲੇ ਪੁਰਖ ਹਰੇਕ ਦੁੱਖ ਸੁਖ ਸਮੇਂ ਇੱਕ ਸਮਾਨ ਹੀ ਰਹਿੰਦੇ ਹਨ। ਉਹ ਪ੍ਰਾਪਤੀਆਂ ਦਾ ਹੰਕਾਰ ਨਹੀਂ ਕਰਦੇ ਅਤੇ ਨਾ ਹੀ ਦੁੱਖ ਸਮੇਂ ਵਿਰਲਾਪ ਕਰਦੇ ਹਨ। ਜਦੋਂ ਕੁਝ ਗਲਤ ਵਾਪਰਦਾ ਹੈ ਤਾਂ ਉਹ ਇਹ ਆਖ ਆਪਣੇ ਆਪ ਨੂੰ ਸਮਝਾ ਲੈਂਦੇ ਹਨ ਕਿ ਇਸ ਵਿੱਚ ਵੀ ਕੁਝ ਚੰਗਾ ਹੀ ਹੋਵੇਗਾ। ਇੱਕ ਨਿੱਕੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਇੱਕ ਰਾਜੇ ਦਾ ਵਜ਼ੀਰ ਬਹੁਤ ਸਿਆਣਾ ਅਤੇ ਵਫਾਦਾਰ ਸੀ ਪਰ ਆਸ਼ਾਵਾਦੀ ਸੀ। ਉਹ ਮਾੜੀ ਤੋਂ ਮਾੜੀ ਘਟਨਾ ਤੋਂ ਵੀ ਦੁਖੀ ਹੋਣ ਦੀ ਥਾਂ ਇਹ ਆਖ ਆਪਣੇ ਆਪ ਨੂੰ ਧਰਵਾਸ ਦੇ ਲੈਂਦਾ ਸੀ, ਇਸ ਵਿੱਚ ਵੀ ਕੋਈ ਭਲਾ ਹੋਵੇਗਾ। ਇੱਕ ਦਿਨ ਰਾਜਾ ਆਪਣੀ ਤਲਵਾਰ ਤਿੱਖੀ ਕਰ ਰਿਹਾ ਸੀ ਕਿ ਗਲਤੀ ਨਾਲ ਉਹ ਉਸਦੀ ਉਂਗਲੀ ’ਤੇ ਲੱਗੀ ਤੇ ਉਂਗਲੀ ਕੱਟੀ ਗਈ। ਰਾਜਾ ਬਹੁਤ ਦੁਖੀ ਅਤੇ ਪਰੇਸ਼ਾਨ ਹੋਇਆ। ਵਜ਼ੀਰ ਉਸ ਨੂੰ ਧਰਵਾਸ ਦਿੰਦਾ ਹੋਇਆ ਆਖਣ ਲੱਗਾ, “ਰਾਜਾ ਸਾਹਿਬ, ਹੌਸਲਾ ਰੱਖੋ, ਇਸ ਵਿੱਚ ਵੀ ਕੁਝ ਭਲਾ ਹੀ ਹੋਵੇਗਾ।” ਰਾਜੇ ਨੂੰ ਬੜਾ ਗੁੱਸਾ ਆਇਆ ਕਿ ਮੇਰੀ ਉਂਗਲ ਕੱਟੀ ਗਈ ਹੈ ਤੇ ਇਹ ਇਸ ਵਿੱਚ ਵੀ ਭਲਾ ਦੇਖਦਾ ਹੈ। ਉਸ ਵਜ਼ੀਰ ਨੂੰ ਕੈਦ ਕਰਨ ਦਾ ਹੁਕਮ ਦੇ ਦਿੱਤਾ। ਕੁਝ ਦਿਨਾਂ ਪਿੱਛੋਂ ਰਾਜਾ ਜੰਗਲ ਵਿੱਚ ਸ਼ਿਕਾਰ ਖੇਡਣ ਗਿਆ। ਝਾੜੀਆਂ ਵਿੱਚੋਂ ਇੱਕ ਹਿਰਨ ਨਿਕਲਿਆ ਤੇ ਰਾਜੇ ਨੇ ਆਪਣਾ ਘੋੜਾ ਉਸ ਪਿੱਛੇ ਲਾ ਦਿੱਤਾ। ਹਿਰਨ ਤੇਜ਼ੀ ਨਾਲ ਦੌੜ ਰਿਹਾ ਸੀ। ਰਾਜੇ ਦੇ ਸਾਥੀ ਪਿੱਛੇ ਰਹਿ ਗਏ। ਰਾਜਾ ਸੰਘਣੇ ਜੰਗਲ ਵਿੱਚ ਪੁੱਜ ਗਿਆ ਜਿੱਥੇ ਆਦੀਵਾਸੀਆਂ ਦਾ ਇੱਕ ਕਬੀਲਾ ਰਹਿੰਦਾ ਸੀ। ਉਸ ਰਾਤ ਉਨ੍ਹਾਂ ਦਾ ਵਾਰਸ਼ਿਕ ਸਮਾਗਮ ਹੋਣਾ ਸੀ ਜਿਸ ਵਿੱਚ ਉਨ੍ਹਾਂ ਮਨੁੱਖੀ ਕੁਰਬਾਨੀ ਦੇਣੀ ਸੀ। ਰਾਜੇ ਨੂੰ ਦੇਖ ਉਹ ਬਹੁਤ ਖੁਸ਼ ਹੋਏ ਕਿ ਉਨ੍ਹਾਂ ਨੂੰ ਬਲੀ ਦੇਣ ਲਈ ਵਧੀਆ ਨਰ ਮਿਲ ਗਿਆ ਹੈ। ਉਨ੍ਹਾਂ ਰਾਜੇ ਨੂੰ ਫੜ ਲਿਆ ਅਤੇ ਬਲੀ ਦੇਣ ਲਈ ਤਿਆਰੀ ਕਰਨ ਲੱਗੇ। ਬਲੀ ਦੇਣ ਦੀ ਰਸਮ ਉਨ੍ਹਾਂ ਦੇ ਗੁਰੂ ਨੇ ਕਰਨੀ ਸੀ। ਜਦੋਂ ਗੁਰੂ ਆਇਆ ਤਾਂ ਉਸ ਆਖਿਆ ਪਹਿਲਾਂ ਮੈਨੂੰ ਇਸਦੀ ਪੂਰੀ ਘੋਖ ਕਰ ਲੈਣ ਦੇਵੋ ਕਿ ਇਸ ਵਿੱਚ ਕੋਈ ਕਮੀ ਤਾਂ ਨਹੀਂ ਹੈ। ਗੁਰੂ ਨੇ ਦੇਖਿਆ ਕਿ ਉਸਦੀ ਇੱਕ ਉਂਗਲੀ ਨਹੀਂ ਹੈ। ਉਸ ਹੁਕਮ ਦਿੱਤਾ, “ਇਸਦੀ ਬਲੀ ਨਹੀਂ ਦਿੱਤੀ ਜਾ ਸਕਦੀ। ਇਸ ਨੂੰ ਛੱਡ ਦਿੱਤਾ ਜਾਵੇ।”
ਰਾਜੇ ਦਾ ਸਾਹ ਵਿੱਚ ਸਾਹ ਆਇਆ। ਉਹ ਉੱਥੋਂ ਬਾਹਰ ਆ ਕੇ ਇੱਕ ਰੁੱਖ ਹੇਠ ਬੈਠ ਦਿਨ ਚੜ੍ਹਨ ਦਾ ਇੰਤਜ਼ਾਰ ਕਰਨ ਲੱਗਾ। ਸਵੇਰੇ ਉਸਦੇ ਸਾਥੀ ਵੀ ਲੱਭਦੇ ਉੱਥੇ ਆ ਗਏ। ਆਪਣੀ ਰਾਜਧਾਨੀ ਆ ਕੇ ਉਸ ਆਖਿਆ, “ਵਜ਼ੀਰ ਸਾਹਿਬ ਨੂੰ ਇੱਜ਼ਤ ਨਾਲ ਬੰਦੇਖਾਨੇ ਤੋਂ ਰਿਹਾ ਕਰਕੇ ਲੈ ਕੇ ਆਵੋ।” ਜਦੋਂ ਵਜ਼ੀਰ ਆਇਆ ਤਾਂ ਰਾਜੇ ਨੇ ਮੁਆਫੀ ਮੰਗਦੇ ਹੋਏ ਆਖਿਆ, “ਮੈਨੂੰ ਮੁਆਫ ਕਰ ਦੇਵੋ, ਮੈਂ ਤੁਹਾਨੂੰ ਕੈਦ ਕੀਤਾ। ਤੁਸੀਂ ਠੀਕ ਹੀ ਆਖਿਆ ਸੀ ਕਿ ਇਸ ਵਿੱਚ ਵੀ ਕੋਈ ਭਲਾ ਹੀ ਹੋਵੇਗਾ। ਜੇਕਰ ਮੇਰੀ ਉਂਗਲੀ ਨਾ ਕੱਟੀ ਹੁੰਦੀ ਤਾਂ ਕੱਲ੍ਹ ਰਾਤ ਮੇਰੀ ਬਲੀ ਦੇ ਦਿੱਤੀ ਜਾਣੀ ਸੀ।” ਵਜ਼ੀਰ ਨੇ ਆਖਿਆ, “ਰਾਜਨ, ਤੁਹਾਨੂੰ ਮੁਆਫੀ ਨਹੀਂ ਮੰਗਣੀ ਚਾਹੀਦੀ। ਜੇਲ੍ਹ ਭੇਜ ਕੇ ਤੁਸੀਂ ਵੀ ਮੇਰਾ ਭਲਾ ਹੀ ਕੀਤਾ ਹੈ।”
ਰਾਜਾ ਹੈਰਾਨ ਹੁੰਦਾ ਬੋਲਿਆ, “ਮੈਂ ਤੈਨੂੰ ਜੇਲ੍ਹ ਭੇਜਿਆ, ਤੂੰ ਕਹਿੰਦਾ ਇਸ ਵਿੱਚ ਭਲਾ ਹੀ ਹੋਇਆ।” ਵਜ਼ੀਰ ਦਾ ਉੱਤਰ ਸੀ, “ਰਾਜਾ ਸਾਹਿਬ, ਕੱਲ੍ਹ ਤੁਸੀਂ ਸ਼ਿਕਾਰ ’ਤੇ ਗਏ ਤੇ ਮੈਂ ਵੀ ਤੁਹਾਡੇ ਨਾਲ ਜਾਣਾ ਸੀ। ਮੈਂ ਤਾਂ ਤੁਹਾਡੇ ਨਾਲ ਹੀ ਸ਼ਿਕਾਰ ਪਿੱਛੇ ਘੋੜਾ ਦੁੜਾਉਣਾ ਸੀ। ਤੁਸੀਂ ਤਾਂ ਉਂਗਲੀ ਕੱਟੀ ਹੋਣ ਕਰਕੇ ਬਚ ਗਏ ਫਿਰ ਮੇਰੀ ਉਨ੍ਹਾਂ ਬਲੀ ਜ਼ਰੂਰ ਦੇਣੀ ਸੀ।”
ਚੜ੍ਹਦੀ ਕਲਾ ਵਿੱਚ ਰਹਿੰਦਾ ਮਨੁੱਖ ਕਦੇ ਵੀ ਡੋਲਦਾ ਅਤੇ ਘਬਰਾਉਂਦਾ ਨਹੀਂ ਸਗੋਂ ਇਸ ਨੂੰ ਭਾਣਾ ਮੰਨ ਕੇ ਅੱਗੇ ਵਧਣ ਦਾ ਯਤਨ ਕਰਦਾ ਹੈ। ਉਹ ਈਰਖਾਲੂ ਨਹੀਂ ਸਗੋਂ ਦਿਆਲੂ ਬਣ ਜਾਂਦਾ ਹੈ। ਦੂਜਿਆਂ ਦੀ ਖੁਸ਼ੀ ਦੇਖ ਕੇ ਖੁਸ਼ ਹੁੰਦਾ ਹੈ ਪਰ ਦੁੱਖ ਦੇਖ ਕੇ ਕੇਵਲ ਦੁਖੀ ਹੀ ਨਹੀਂ ਹੁੰਦਾ ਸਗੋਂ ਜਿੱਥੋਂ ਤਕ ਹੋ ਸਕੇ ਉਸ ਨੂੰ ਦੂਰ ਕਰਨ ਦਾ ਯਤਨ ਕਰਦਾ ਹੈ।
ਚੜ੍ਹਦੀ ਕਲਾ ਵਾਲੇ ਵਿਅਕਤੀਆਂ ਦਾ ਕਿਰਦਾਰ ਦੂਜਿਆਂ ਲਈ ਮਿਸਾਲ ਬਣਦਾ ਹੈ ਅਤੇ ਉਨ੍ਹਾਂ ਨੂੰ ਵੀ ਅਜਿਹਾ ਬਣਨ ਲਈ ਉਤਸ਼ਾਹਿਤ ਕਰਦਾ ਹੈ। ਅਜਿਹੀ ਹੀ ਇੱਕ ਗੁਰਸਿੱਖ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗਾ। ਜਿਸਦੇ ਕਿਰਦਾਰ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਬਣਨ ਦੇ ਰਾਹ ਤੋਰਿਆ। ਭਾਈ ਲਹਿਣਾ ਜੀ ਪਿੰਡ ਖਡੂਰ ਵਿੱਚ ਹੱਟੀ ਕਰਦੇ ਸਨ। ਉਸੇ ਪਿੰਡ ਵਿੱਚ ਗੁਰੂ ਨਾਨਕ ਸਾਹਿਬ ਦਾ ਇੱਕ ਸਿੱਖ ਭਾਈ ਜੋਧ ਰਹਿੰਦਾ ਸੀ। ਇੱਕ ਵਾਰ ਭਾਈ ਸਾਹਿਬ ਉਸਦੇ ਘਰ ਅੱਗੋਂ ਲੰਘ ਰਹੇ ਸਨ ਤਾਂ ਪਾਠ ਕਰਨ ਦੀ ਮਿੱਠੀ ਆਵਾਜ਼ ਉਨ੍ਹਾਂ ਦੇ ਕੰਨੀ ਪਈ। ਉਹ ਇੰਨੇ ਪ੍ਰਭਾਵਿਤ ਹੋਏ ਕਿ ਅੰਦਰ ਚਲੇ ਗਏ ਅਤੇ ਪੁੱਛਿਆ ਤੁਸੀਂ ਇਹ ਕਿਸ ਬਾਣੀ ਦਾ ਪਾਠ ਕਰ ਰਹੇ ਸੀ? ਸਿੱਖ ਨੇ ਦੱਸਿਆ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਭਾਈ ਸਾਹਿਬ ਨੇ ਬੇਨਤੀ ਕੀਤੀ ਕਿ ਕੀ ਮੈਂ ਰੋਜ਼ ਇਹ ਬਾਣੀ ਸੁਣਨ ਆ ਸਕਦਾ ਹਾਂ? ਜ਼ਰੂਰ ਜੀ, ਤੁਹਾਨੂੰ ਬਾਣੀ ਸੁਣਾ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਵੇਗੀ।
ਇੱਕ ਦਿਨ ਜਦੋਂ ਉਹ ਬਾਣੀ ਸੁਣਨ ਗਏ ਤਾਂ ਅੰਦਰੋਂ ਆ ਰਹੀ ਆਵਾਜ਼ ਉਨ੍ਹਾਂ ਦੇ ਕੰਨੀ ਪਈ। ਘਰਵਾਲੀ ਆਖ ਰਹੀ ਸੀ ਅੱਜ ਆਟਾ ਥੋੜ੍ਹਾ ਸੀ ਦੋ ਹੀ ਰੋਟੀਆਂ ਬਣੀਆਂ ਹਨ ਤੁਸੀਂ ਕੰਮ ’ਤੇ ਜਾਣਾ ਹੈ ਇਹ ਤੁਸੀਂ ਖਾ ਲਵੋ। ਪਤੀ ਦਾ ਉੱਤਰ ਸੀ, ਇਹ ਨਹੀਂ ਹੋ ਸਕਦਾ, ਅਸੀਂ ਦੋਵੇਂ ਇੱਕ ਇੱਕ ਰੋਟੀ ਖਾਵਾਂਗੇ। ਉਦੋਂ ਹੀ ਉੱਥੇ ਇੱਕ ਫਕੀਰ ਆਇਆ। ਉਸ ਆਖਿਆ, “ਭੁੱਖ ਲੱਗੀ ਹੈ, ਜੇਕਰ ਇੱਕ ਪ੍ਰਸ਼ਾਦਾ ਮਿਲ ਜਾਵੇ।”
ਪਤਨੀ ਉੱਠੀ ਤੇ ਆਪਣੇ ਵਾਲੀ ਰੋਟੀ ਫਕੀਰ ਨੂੰ ਦੇ ਦਿੱਤੀ। ਇੱਕ ਰੋਟੀ ਖਾ ਕੇ ਫਕੀਰ ਨੇ ਆਖਿਆ ਥੋੜ੍ਹੀ ਭੁੱਖ ਹੋਰ ਰਹਿ ਗਈ ਹੈ ਜੇਕਰ ਇੱਕ ਰੋਟੀ ਹੋਰ ਮਿਲ ਜਾਵੇ ਤਾਂ ਮੇਹਰਬਾਨੀ ਹੋਵੇਗੀ। ਗੁਰੂ ਦੇ ਸਿੱਖ ਨੇ ਆਪਣੀ ਰੋਟੀ ਵੀ ਫਕੀਰ ਦੀ ਝੋਲੀ ਪਾ ਦਿੱਤੀ। ਭਾਈ ਸਾਹਿਬ ਜੀ ਹੋਰ ਉੱਥੇ ਖੜ੍ਹੇ ਨਾ ਰਹਿ ਸਕੇ, ਸੋਚਣ ਲੱਗੇ, ਜਿਨ੍ਹਾਂ ਦੇ ਸਿੱਖਾਂ ਦੀ ਸੋਚ ਇੰਨੀ ਮਹਾਨ ਹੈ, ਉਨ੍ਹਾਂ ਦੇ ਗੁਰੂ ਤਾਂ ਬਹੁਤ ਹੀ ਮਹਾਨ ਹੋਣਗੇ। ਜਦੋਂ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਕਰਤਾਰਪੁਰ ਪੁੱਜੇ ਤਾਂ ਉਹ ਗੁਰੂ ਦੇ ਹੀ ਹੋ ਕੇ ਰਹਿ ਗਏ। ਉਨ੍ਹਾਂ ਨੇ ਉੱਥੇ ਦਿਨ ਰਾਤ ਪੂਰੀ ਇਮਾਨਦਾਰੀ ਨਾਲ ਸੇਵਾ ਸਿਮਰਨ ਅਤੇ ਗੁਰੂ ਗਿਆਨ ਦਾ ਅਭਿਆਸ ਕੀਤਾ ਅਤੇ ਗੁਰੂ ਦੇ ਅੰਗ ਬਣ ਕੇ ਉਨ੍ਹਾਂ ਦੀ ਗੱਦੀ ਦੇ ਵਾਰਸ ਬਣੇ।
ਔਖੀ ਘੜੀ ਵਿੱਚ ਜਿਹੜਾ ਵਿਅਕਤੀ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ, ਉਹ ਹੀ ਸਰਬੱਤ ਦੇ ਭਲੇ ਬਾਰੇ ਸੋਚ ਸਕਦਾ ਹੈ। ਅੱਜ ਸਾਰੇ ਸੰਸਾਰ ਵਿੱਚ ਇੱਕ ਦੂਜੇ ਨੂੰ ਠਿੱਬੀ ਲਾ ਕੇ ਅੱਗੇ ਵਧਣ ਦਾ ਰੁਝਾਨ ਵਧ ਰਿਹਾ ਹੈ। ਇਸੇ ਕਰਕੇ ਸਾਰੇ ਪਾਸੇ ਆਪਾਧਾਪੀ ਹੋਈ ਪਈ ਹੈ। ਤਾਕਤ ਪ੍ਰਾਪਤੀ ਲਈ ਬਹੁਤ ਲੋਕ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ। ਇਸੇ ਕਰਕੇ ਸੰਸਾਰ ਵਿੱਚ ਹਰ ਪਾਸੇ ਤਣਾਵ ਵਧ ਰਿਹਾ ਹੈ। ਆਪਸੀ ਸਾਂਝ ਟੁੱਟ ਰਹੀ ਹੈ। ਦੂਜਿਆਂ ਦੇ ਹੱਕਾਂ ਉੱਤੇ ਡਾਕੇ ਮਾਰ ਰਾਤੋ ਰਾਤ ਅਮੀਰ ਬਣਨ ਅਤੇ ਅੱਗੇ ਵਧਣ ਦਾ ਰੁਝਾਨ ਜਿੱਥੇ ਅਮੀਰ ਅਤੇ ਗਰੀਬ ਵਿੱਚ ਪਾੜਾ ਵਧਾ ਰਿਹਾ ਹੈ, ਉੱਥੇ ਹਰ ਪਾਸੇ ਬੇਚੈਨੀ, ਨਿਰਾਸ਼ਤਾ ਅਤੇ ਨਾਉਮੀਦੀ ਵਧ ਰਹੀ ਹੈ।
ਕੁਦਰਤ ਨੇ ਸਾਰਿਆਂ ਜੀਵਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਸਾਡੇ ਵਿੱਚੋਂ ਹੀ ਤਾਕਤਵਰਾਂ ਨੇ ਦੂਜਿਆਂ ਦੇ ਹੱਕਾਂ ਉੱਤੇ ਡਾਕੇ ਮਾਰਕੇ ਅਮੀਰ ਗਰੀਬ ਵਿੱਚ ਪਾੜਾ ਵੱਡਾ ਕਰ ਦਿੱਤਾ ਹੈ। ਇਸ ਪਾੜੇ ਨੂੰ ਮੇਟਣ ਲਈ ਉਹ ਹੀ ਯਤਨ ਕਰ ਸਕਦਾ ਹੈ ਜਿਹੜਾ ਸਰਬੱਤ ਦਾ ਭਲਾ ਸੋਚਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਤ੍ਰੈਗੁਣੀ ਜੀਵਨ ਜਾਚ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ, ਹੀ ਦੁਨੀਆਂ ਵਿੱਚੋਂ ਨਾਬਰਾਬਰੀ, ਧੱਕੇਸ਼ਾਹੀ ਅਤੇ ਲੁੱਟ ਖਸੁੱਟ ਨੂੰ ਰੋਕ ਸਕਦੀ ਹੈ। ਵੰਡ ਛਕਣ ਵਾਲਾ ਵਿਅਕਤੀ ਹੀ ਸਰਬੱਤ ਦੇ ਭਲੇ ਬਾਰੇ ਸੋਚਦਾ ਹੈ। ਉਹ ਇਮਾਨਦਾਰੀ ਨਾਲ ਕਿਰਤ ਕਰਦਾ ਹੈ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਕਿਉਂਕਿ ਉਸ ਨੂੰ ਆਪਣੇ ਆਪ ਅਤੇ ਅਗੰਮੀ ਸ਼ਕਤੀ ਉੱਤੇ ਪੂਰਾ ਭਰੋਸਾ ਹੁੰਦਾ ਹੈ। ਉਸ ਨੂੰ ਯਕੀਨ ਹੁੰਦਾ ਹੈ ਕਿ ਸਵੈਭਰੋਸਾ ਰੱਖਣ ਵਾਲੇ ਲੋਕਾਂ ਉੱਤੇ ਬੁਰਾ ਸਮਾਂ ਹਮੇਸ਼ਾ ਨਹੀਂ ਰਹਿੰਦਾ, ਇਹ ਤਾਂ ਸਗੋਂ ਇੱਕ ਇਮਤਿਹਾਨ ਹੁੰਦਾ ਹੈ ਆਪਣੇ ਆਪ ਉੱਤੇ ਭਰੋਸੇ ਨੂੰ ਮਾਪਣ ਦਾ ਅਤੇ ਚੜ੍ਹਦੀ ਕਲਾ ਦੇ ਮੰਤਰ ਦੀ ਸ਼ਕਤੀ ਮਹਿਸੂਸ ਕਰਨ ਦਾ। ਜਿਸਨੇ ਇਹ ਮਹਿਸੂਸ ਕਰ ਲਿਆ, ਉਹ ਕਦੇ ਵੀ ਆਪਣੇ ਰਸਤੇ ਤੋਂ ਭਟਕਦਾ ਨਹੀਂ, ਸਗੋਂ ਰਾਹਾਂ ਦੀਆਂ ਦੁਸ਼ਵਾਰੀਆਂ ਦਾ ਖਿੜੇ ਮੱਥੇ ਮੁਕਾਬਲਾ ਕਰਦਾ ਹੋਇਆ ਅੱਗੇ ਵਧਦਾ ਜਾਂਦਾ ਹੈ। ਜੀਵਨ ਦਾ ਅਨੰਦ ਉਹ ਹੀ ਮਾਣ ਸਕਦੇ ਹਨ ਜਿਹੜੇ ਕਿਰਤ ਕਰਦੇ ਹਨ ਅਤੇ ਵੰਡ ਕੇ ਛਕਦੇ ਹਨ। ਪੈਸੇ ਅਤੇ ਤਾਕਤ ਨਾਲ ਸੁਖਾਂ ਦੇ ਸਾਧਨ ਇਕੱਠੇ ਕੀਤੇ ਜਾ ਸਕਦੇ ਹਨ, ਆਪਣੀ ਹਉਮੈਂ ਨੂੰ ਵਧਾਇਆ ਜਾ ਸਕਦਾ ਹੈ ਪਰ ਅਨੰਦ ਦੀ ਪ੍ਰਾਪਤੀ ਤਾਂ ਚੜ੍ਹਦੀ ਕਲਾ ਅਤੇ ਸਰਬੱਤ ਦਾ ਭਲਾ ਵਾਲੇ ਮੰਤਰ ਉੱਤੇ ਅਮਲ ਕੀਤਿਆਂ ਹੀ ਹੋ ਸਕਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (