“ਉਹ ਮੈਨੂੰ ਪੁੱਛਣ ਲੱਗੇ, “ਇਹ ਕਵਰ ਕਿਸਨੇ ਬਣਾਇਆ ਹੈ?” “ਜੀ ਇੱਕ ਨਵਾਂ ਮੁੰਡਾ ਦੇਵ ...”
(6 ਫਰਵਰੀ 2026)
ਪ੍ਰਸਿੱਧ ਕਵੀ ਅਤੇ ਚਿੱਤਰਕਾਰ ਦੇਵ ਨਹੀਂ ਰਹੇ। ਦੇਵ ਨੇ ਕਵਿਤਾ ਅਤੇ ਚਿੱਤਰਕਾਰੀ ਵਿੱਚ ਵਿਲੱਖਣ ਪੈੜਾਂ ਪਾਈਆਂ। ਉਸਦੀ ਪਹਿਲੀ ਕਿਤਾਬ ਨੇ ਹੀ ਪੰਜਾਬੀ ਜਗਤ ਵਿੱਚ ਹਲਚਲ ਮਚਾ ਦਿੱਤੀ ਸੀ। ਉਸਦਾ ਪਿੰਡ ਗਾਲਿਬ ਕਲਾਂ ਸੀ ਪਰ ਉਹ ਬਚਪਨ ਵਿੱਚ ਹੀ ਨੈਰੋਬੀ ਚਲਾ ਗਿਆ ਸੀ। ਜਵਾਨੀ ਚੜ੍ਹਦਿਆਂ ਉਸ ਅੰਦਰਲਾ ਸਾਹਿਤਕਾਰ ਅਤੇ ਚਿੱਤਰਕਾਰ ਉਸ ਨੂੰ ਵਾਪਸ ਪੰਜਾਬ ਲੈ ਆਇਆ। ਇੱਥੇ ਆ ਕੇ ਉਸਨੇ ਸ਼ਾਦੀ ਕੀਤੀ। ਉਸਦੀ ਪਤਨੀ ਲੁਧਿਆਣੇ ਏ ਪੀ ਆਰ ਓ ਲੱਗੀ ਹੋਈ ਸੀ। ਜੋਗਿੰਦਰ ਕੌਰ ਅਤੇ ਦੇਵ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਇਨ੍ਹਾਂ ਦੀ ਰਿਹਾਇਸ਼ ਕੈਲਾਸ਼ ਸਿਨਮੇ ਦੇ ਸਾਹਮਣੇ ਇੱਕ ਚੁਬਾਰੇ ਵਿੱਚ ਸੀ। ਮੈਨੂੰ ਇੱਥੇ ਬੈਠ ਦੇਵ ਨਾਲ ਕਾਫੀ ਸਮਾਂ ਬਿਤਾਉਣ ਦਾ ਮੌਕਾ ਮਿਲਿਆ। ਮੇਰੀ ਪਹਿਲੀ ਮੁਲਾਕਾਤ ਘੁਮਾਰ ਮੰਡੀ ਬਲਦੇਵ ਸਿੰਘ ਬਲ ਦੀ ਦੁਕਾਨ ਉੱਤੇ ਹੋਈ। ਇਹ ਨਵੀਂ ਮਾਰਕੀਟ ਬਣੀ ਸੀ। ਕਿਤਾਬਾਂ ਪੜ੍ਹਨ ਦਾ ਸ਼ੌਕ ਹੋਣ ਕਰਕੇ ਬਲਦੇਵ ਨਾਲ ਦੋਸਤੀ ਹੋ ਗਈ। ਉਸਨੇ ‘ਯੁਗ ਚੇਤਨਾ’ ਨਾਮ ਹੇਠ ਇੱਕ ਮੈਗਜ਼ੀਨ ਵੀ ਸ਼ੁਰੂ ਕੀਤਾ ਤੇ ਇਸੇ ਨਾਮ ਹੇਠ ਕਿਤਾਬਾਂ ਛਾਪਣੀਆਂ ਵੀ ਸ਼ੁਰੂ ਕੀਤੀਆਂ। ਮੈਨੂੰ ਲਿਖਣ ਦਾ ਸ਼ੌਕ ਸੀ, ਮੈਂ ਉਸਦੇ ਪਰਚੇ ਲਈ ਲਈ ਲਿਖਣਾ ਸ਼ੁਰੂ ਕਰ ਦਿੱਤਾ। ਬਲਦੇਵ ਨੇ ਮੈਥੋਂ ਡਾ. ਜੀਵਾਗੋ ਦਾ ਪੰਜਾਬੀ ਅਨੁਵਾਦ ਵੀ ਕਰਵਾਇਆ। ਮੈਂ ਬੱਚਿਆਂ ਲਈ ਇੱਕ ਕਿਤਾਬ ਲਿਖੀ ‘ਧਰਤੀ ਦੀ ਕਹਾਣੀ’, ਜਿਸ ਨੂੰ ਛਾਪਣ ਦੀ ਬਲਦੇਵ ਨੇ ਹਾਮੀ ਭਰ ਦਿੱਤੀ। ਉਦੋਂ ਹੀ ਦੇਵ ਦੀ ਕਿਤਾਬ ਵੀ ਛਪ ਰਹੀ ਸੀ। ਉਸਦੇ ਮੈਗਜ਼ੀਨ ਦੇ ਟਾਈਟਲ ਉੱਤੇ ਦੇਵ ਦੇ ਚਿੱਤਰ ਆਮ ਹੀ ਛਪਦੇ ਰਹਿੰਦੇ ਸਨ। ਹਮਉਮਰ ਹੋਣ ਕਰਕੇ ਅਸੀਂ ਇੱਕ ਦੂਜੇ ਦੇ ਨੇੜੇ ਆ ਗਏ। ਉਹ ਆਮ ਤੌਰ ’ਤੇ ਉਦਾਸ ਰਹਿੰਦਾ ਸੀ ਕਿਉਂਕਿ ਉਸ ਨੂੰ ਗਿਲਾ ਸੀ ਕਿ ਉਸਦੀ ਕਵਿਤਾ ਅਤੇ ਚਿੱਤਰ ਆਮ ਲੋਕਾਂ ਦੀ ਸਮਝ ਤੋਂ ਪਰੇ ਹਨ।
ਇੱਕ ਦਿਨ ਦੁਕਾਨ ’ਤੇ ਬੈਠੇ ਸਾਂ ਤਾਂ ਬਲਦੇਵ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੇ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਪ੍ਰੋ. ਮੋਹਨ ਸਿੰਘ ਨੂੰ ਗੁਰੂ ਜੀ ਬਾਰੇ ਮਹਾਂਕਾਵਿ ਲਿਖਣ ਲਈ ਆਖਿਆ ਹੈ। ਦੇਵ ਮੈਨੂੰ ਆਖਣ ਲੱਗਾ, “ਤੈਨੂੰ ਵੀ ਗੁਰੂ ਜੀ ਬਾਰੇ ਲਿਖਣਾ ਚਾਹੀਦਾ ਹੈ।” ਮੈਂ ਆਖਿਆ, “ਯਾਰ ਕਿਉਂ ਮਖੌਲ ਕਰ ਰਿਹਾ ਹੈਂ, ਤੂੰ ਵੱਡਾ ਕਵੀ ਹੈਂ, ਤੂੰ ਲਿਖ”। ਉਸ ਮੁੜ ਆਖਿਆ ਮੈਂ ਮਖੌਲ ਨਹੀਂ ਕਰ ਰਿਹਾ, ਇਹੋ ਜਿਹਾ ਕੰਮ ਤੂੰ ਕਰ ਸਕਦਾ ਹੈਂ।
“ਚਲੋ ਮੰਨ ਲਵੋ ਮੈਂ ਲਿਖ ਲੈਂਦਾ ਹਾਂ, ਉਸ ਨੂੰ ਛਾਪੇਗਾ ਕੌਣ?”
ਬਲਦੇਵ ਬੋਲਿਆ, “ਮੈਂ ਛਾਪਾਂਗਾ।”
ਮੈਂ ਦੋ ਦਿਨ ਲਾ ਕੇ ਇੱਕ ਕਾਂਡ ਲਿਖਿਆ ਤੇ ਬਲ ਦੀ ਦੁਕਾਨ ’ਤੇ ਗਿਆ। ਦੇਵ ਅਜੇ ਆਇਆ ਨਹੀਂ ਸੀ। ਬਲ ਆਖਣ ਲੱਗਾ, ਚਲੋ ਉਸਦੇ ਘਰ ਚਲਦੇ ਹਾਂ। ਬਲਦੇਵ ਦੀ ਦੁਕਾਨ ਦੇ ਨਾਲ ਹੀ ਜੱਸਲ ਨੇ ਆਰਟ ਗੈਲਰੀ ਬਣਾਈ ਸੀ। ਉਸ ਨੂੰ ਦੁਕਾਨ ਦਾ ਧਿਆਨ ਰੱਖਣ ਲਈ ਆਖ ਅਸੀਂ ਦੇਵ ਦੇ ਘਰ ਚਲੇ ਗਏ। ਉਹ ਘਰ ਹੀ ਸੀ। ਮੈਂ ਕਾਂਡ ਪੜ੍ਹ ਕੇ ਸੁਣਾਇਆ। ਉਸਨੇ ਕੁਝ ਸ਼ਬਦ ਬਦਲੇ ਤੇ ਮੈਨੂੰ ਹਲਾਸ਼ੇਰੀ ਦਿੰਦਿਆਂ ਆਖਿਆ, “ਬਹੁਤ ਵਧੀਆ, ਬੱਸ ਇਸੇ ਤਰ੍ਹਾਂ ਕਿਤਾਬ ਪੂਰੀ ਕਰ ਦੇ। ਇਸਦਾ ਟਾਈਟਲ ਵੀ ਮੈਂ ਹੀ ਬਣਾਵਾਂਗਾ। ਉੱਥੇ ਹੀ ਕਿਤਾਬ ਦਾ ਨਾਮ ਰੱਖਿਆ ਗਿਆ, “ਯੁਗ ਪੁਰਸ਼ - ਗੁਰੂ ਨਾਨਕ।
ਹਰੇਕ ਕਾਂਡ ਨੂੰ ਉਸਦੇ ਚੁਬਾਰੇ ਵਿੱਚ ਬੈਠ ਪੜ੍ਹਦੇ ਤੇ ਸੁਧਾਈ ਕਰਦੇ। ਖੈਰ ਕਿਤਾਬ ਲਿਖੀ ਗਈ। ਕੁਦਰਤੀ ਮੇਰੀ ਕਿਤਾਬ ‘ਧਰਤੀ ਦੀ ਕਹਾਣੀ’ ਦੀ ਸਰਕਾਰੀ ਖਰੀਦ ਹੋ ਗਈ। ਬਲ ਦਾ ਹੱਥ ਖੁੱਲ੍ਹਾ ਹੋ ਗਿਆ ਤੇ ਉਸਨੇ ਕਿਤਾਬ ਕੰਪੋਜ਼ ਕਰਵਾ ਲਈ। ਉਸ ਨੂੰ ਉਮੀਦ ਸੀ ਕਿ ਇਸ ਕਿਤਾਬ ਦੀ ਵੀ ਸਰਕਾਰ ਜਾਂ ਕੋਈ ਹੋਰ ਸੰਸਥਾ ਖਰੀਦ ਕਰ ਲਵੇਗੀ। ਉਦੋਂ ਪੰਜਾਬੀ ਭਵਨ ਦੀ ਆਪਣੀ ਪ੍ਰੈੱਸ ਹੁੰਦੀ ਸੀ ਤੇ ਇਹ ਕਿਤਾਬ ਵੀ ਉੱਥੇ ਹੀ ਛਪ ਰਹੀ ਸੀ। ਹੁਣ ਇਹ ਸੀ ਕਿ ਇਸਦਾ ਮੁੱਖ ਬੰਦ ਕਿਸ ਤੋਂ ਲਿਖਵਾਇਆ ਜਾਵੇ? ਦੇਵ ਆਖਣ ਲੱਗਾ, “ਮੁੱਖ ਬੰਦ ਦੀ ਕੋਈ ਲੋੜ ਨਹੀਂ, ਤੂੰ ਆਪਣੇ ਵੱਲੋਂ ਦੋ ਸ਼ਬਦ ਲਿਖ ਦੇ। ਪਰ ਬਲਦੇਵ ਨਾ ਮੰਨਿਆ। ਉਦੋਂ ਸਾਡੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਮਹਿੰਦਰ ਸਿੰਘ ਰੰਧਾਵਾ ਸਨ। ਸਾਹਿਤ ਅਕਾਡਮੀ ਦੇ ਵੀ ਪ੍ਰਧਾਨ ਸਨ। ਬਲਦੇਵ ਪੁੱਛਣ ਲੱਗਾ, “ਰੰਧਾਵਾ ਸਾਹਿਬ ਨਾਲ ਕੋਈ ਜਾਣ-ਪਛਾਣ ਹੈ?”
ਮੈਂ ਆਖਿਆ, “ਹਾਂ ਮੈਨੂੰ ਜਾਣਦੇ ਹਨ।” ਫੈਸਲਾ ਹੋ ਗਿਆ ਕਿ ਰੰਧਾਵਾ ਸਾਹਿਬ ਤੋਂ ਮੁੱਖ ਬੰਦ ਲਿਖਵਾਇਆ ਜਾਵੇ। ਦੂਜੇ ਦਿਨ ਮੈਂ ਖਰੜਾ ਲੈ ਕੇ ਉਨ੍ਹਾਂ ਦੇ ਦਫਤਰ ਗਿਆ। ਕੁਦਰਤੀ ਉਸ ਦਿਨ ਉਹ ਲੁਧਿਆਣੇ ਸਨ ਤੇ ਦਫਤਰ ਵਿੱਚ ਬੈਠੇ ਸਨ। ਵੈਸੇ ਉਨ੍ਹਾਂ ਆਪਣਾ ਦਫਤਰ ਚੰਡੀਗੜ੍ਹ ਰੱਖਿਆ ਹੋਇਆ ਸੀ ਤੇ ਰਿਹਾਇਸ਼ ਖਾਨਪੁਰ ਆਪਣੇ ਫਾਰਮ ’ਤੇ ਰੱਖੀ ਹੋਈ ਸੀ।
ਮੈਂ ਉਨ੍ਹਾਂ ਦੇ ਸੈਕਟਰੀ ਦਿਲਜੀਤ ਸਿੰਘ ਕੋਲ ਗਿਆ ਤੇ ਆਖਿਆ, “ਸਰ ਨੂੰ ਮਿਲਣਾ।”
ਉਹ ਆਖਣ ਲੱਗਾ, “ਇਕੱਲੇ ਹੀ ਕਮੇਟੀ ਰੂਮ ਵਿੱਚ ਬੈਠੇ ਹਨ, ਚਲਾ ਜਾ।”
ਮੈਂ ਆਖਿਆ, “ਗੁੱਸੇ ਨਾ ਹੋ ਜਾਣ?”
“ਤੈਨੂੰ ਕੁਝ ਨਹੀਂ ਆਖਣਾ, ਤੂੰ ਚਲਾ ਜਾ। ਕੋਈ ਹੋਰ ਆ ਗਿਆ ਤਾਂ ਮੁਸ਼ਕਿਲ ਹੋ ਜਾਣੀ ਹੈ।”
ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਡਾ. ਰੰਧਾਵਾ ਨੇ ਸਰਦੀਆਂ ਵਿੱਚ ਕਦੇ ਹੀਟਰ ਨਹੀਂ ਸੀ ਵਰਤਿਆ ਸਗੋਂ ਦਫਤਾਰ ਨਾਲ ਲਗਦੇ ਕਮੇਟੀ ਰੂਮ ਦੀ ਇੱਕ ਖਿੜਕੀ, ਜਿੱਥੇ ਚੜ੍ਹਦੇ ਸੂਰਜ ਦੀ ਸਿੱਧੀ ਧੁੱਪ ਆਉਂਦੀ ਸੀ, ਇੱਕ ਛੋਟਾ ਟੇਬਲ ਲਾ ਕੇ ਬੈਠੇ ਜਾਂਦੇ ਸਨ। ਮੈਂ ਅੰਦਰ ਗਿਆ। ਫਤਹਿ ਬੁਲਾਈ। ਮੈਨੂੰ ਦੇਖ ਕੇ ਉਹ ਆਖਣ ਲੱਗੇ, “ਹਾਂ, ਕਿਵੇਂ ਆਇਆਂ?”
ਮੈਂ ਖਰੜਾ ਅੱਗੇ ਰੱਖਦਿਆਂ ਆਖਿਆ, “ਸਰ, ਗੁਰੂ ਨਾਨਕ ਸਾਹਿਬ ਬਾਰੇ ਕਿਤਾਬ ਲਿਖੀ ਹੈ, ਤੁਹਾਨੂੰ ਇਸਦੀ ਭੂਮਿਕਾ ਲਿਖਣ ਦੀ ਬੇਨਤੀ ਕਰਨ ਆਇਆਂ।”
ਆਖਣ ਲੱਗੇ, ਬੈਠ। ਵੈਸੇ ਬੈਠਣ ਨੂੰ ਉਹ ਘਟ ਹੀ ਆਖਦੇ ਸਨ। ਖਰੜਾ ਦੇਖਿਆ, ਦੋ ਤਿੰਨ ਥਾਂਵਾਂ ਤੋਂ ਪੜ੍ਹਿਆ ਤੇ ਆਖਣ ਲੱਗੇ, “ਅਗਲੇ ਹਫਤੇ ਆ ਕੇ ਲੈ ਜਾਵੀਂ।”
ਕੁਦਰਤੀ ਅੱਜ ਉੇਹ ਇਕੱਲੇ ਤੇ ਚੰਗੇ ਮੂਡ ਵਿੱਚ ਸਨ, ਉਂਝ ਉੱਥੇ ਕੋਈ ਨਾ ਕੋਈ ਮੀਟਿੰਗ ਚਲਦੀ ਰਹਿੰਦੀ ਸੀ, ਜਾਂ ਮਿਲਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਸੀ। ਮੈਂ ਜਾਣ ਲਈ ਉੱਠਿਆ ਤਾਂ ਉਹ ਆਖਣ ਲੱਗੇ, ਬੈਠ, ਚਾਹ ਪੀਂਦੇ ਹਾਂ। ਮੇਰੇ ਲਈ ਇਹ ਹੈਰਾਨੀ ਅਤੇ ਖੁਸ਼ੀ ਦਾ ਮੌਕਾ ਸੀ।
ਡਾ. ਸਾਹਿਬ ਨਾਲ ਮੇਰੀ ਪਹਿਲੀ ਮੁਲਾਕਾਤ ਯੰਗ ਰਾਈਟਰ ਐਸੋਸੀਏਸ਼ਨ ਦੇ ਵਾਰਸ਼ਿਕ ਸਮਾਗਮ ਵਿੱਚ ਹੋਈ ਸੀ। ਮੇਰੀ ਜਾਣ ਪਛਾਣ ਹਾਕੀ ਵਾਲੇ ਪ੍ਰਿਥੀਪਾਲ ਸਿੰਘ ਹੋਰਾਂ ਕਰਵਾਈ ਸੀ। ਉਦੋਂ ਉਹ ਡਿਪਟੀ ਡਾਇਰੈਕਟਰ ਸਨ ਤੇ ਮੈਂ ਪੀਐੱਚ.ਡੀ ਕਰ ਰਿਹਾ ਸਾਂ। ਪ੍ਰਿਥੀਪਾਲ ਹੋਰਾਂ ਮੇਰੇ ਬਾਰੇ ਕੁਝ ਚੰਗੇ ਸ਼ਬਦ ਬੋਲੇ ਸਨ। ਮੈਨੂੰ ਉਨ੍ਹਾਂ ਆਪਣੇ ਕੋਲ ਬਿਠਾ ਲਿਆ। ਯੂਨੀਵਰਸਿਟੀ ਨੇ ਮੇਰੀ ਇੱਕ ਕਿਤਾਬੜੀ ‘ਕਿਸਾਨ ਚਰਚਾ ਮੰਡਲ’ ਛਾਪੀ ਸੀ। ਕੁਦਰਤੀ ਇਹ ਸਚਿੱਤਰ ਸੀ ਤੇ ਇਸਦੀ ਛਪਾਈ ਵਧੀਆ ਹੋਈ ਸੀ। ਮੈਂ ਇਸਦੀ ਇੱਕ ਕਾਪੀ ਉਨ੍ਹਾਂ ਨੂੰ ਭੇਟ ਕੀਤੀ। ਉਨ੍ਹਾਂ ਉਸਨੂੰ ਦੇਖਿਆ ਤੇ ਕਈ ਥਾਂਵਾਂ ਤੋਂ ਪੜ੍ਹਿਆ ਤੇ ਆਖਣ ਲੱਗੇ, “ਵਧੀਆ ਜਾਣਕਾਰੀ ਹੈ ਅਤੇ ਛਪੀ ਵੀ ਸੋਹਣੀ ਹੈ। ਤੈਨੂੰ ਪਤਾ ਇਹ ਸਕੀਮ ਮੈਂ ਹੀ ਬਣਾਈ ਸੀ?”
ਮੈਂ ਆਖਿਆ, “ਹਾਂ ਜੀ, ਤੁਸੀਂ ਜਦੋਂ ਦਿੱਲੀ ਡਾਇਰੈਕਟਰ ਜਨਰਲ ਸੀ, ਉਦੋਂ ਹੀ ਇਹ ਸਕੀਮ ਲਾਗੂ ਹੋਈ ਸੀ।” ਕੁਦਰਤੀ ਮੈਂ ਇਸ ਸਕੀਮ ਬਾਰੇ ਲੇਖ ਲਿਖਿਆ ਕਿਉਂਕਿ ਇਸਦੇ ਵੀ ਤਿੰਨ ਮਹਿਕਮੇ ਰਲ ਕੇ ਕੰਮ ਕਰਦੇ ਸਨ, ਖੇਤੀਬਾੜੀ, ਵਿੱਦਿਆ ਅਤੇ ਅਕਾਸ਼ਵਾਣੀ। ਉਸਦੀ ਕਾਤਰ ਮੇਰੇ ਕੋਲ ਸੀ। ਮੈਂ ਉਨ੍ਹਾਂ ਨੂੰ ਵਿਖਾਈ। ਥੋੜ੍ਹਾ ਪੜ੍ਹ ਕੇ ਉਹ ਆਖਣ ਲੱਗੇ, “ਤੂੰ ਮੇਰੇ ਬਾਰੇ ਇੰਨਾ ਕੁਝ ਜਾਣਦਾਂ? ਅੱਜ ਮੈਂ ਇੱਥੇ ਹਾਂ, ਸ਼ਾਮ ਨੂੰ ਆਵੀਂ। ਮੇਰੇ ਨਾਲ ਸੈਰ ਕਰਨ ਚੱਲੀਂ।”
ਮੈਂ ਅਗਲੇ ਹਫਤੇ ਗਿਆ। ਉਨ੍ਹਾਂ ਫਾਈਲ ਵਿੱਚੋਂ ਮੁੱਖ ਬੰਦ ਕੱਢਿਆ ਤੇ ਮੇਰੇ ਸਾਹਮਣੇ ਉਸ ਉੱਤੇ ਮਹਿੰਦਰ ਸਿੰਘ ਰੰਧਾਵਾ ਲਿਖ ਕੇ ਮੈਨੂੰ ਫੜਾ ਦਿੱਤਾ। ਡਾ. ਸਾਹਿਬ ਪੰਜਾਬੀ ਪੜ੍ਹ ਤਾਂ ਲੈਂਦੇ ਸਨ ਪਰ ਲਿਖਣ ਵਿੱਚ ਔਖ ਮਹਿਸੂਸ ਕਰਦੇ ਸਨ ਇਸੇ ਕਰਕੇ ਉਨ੍ਹਾਂ ਆਪਣੀ ਜੀਵਨੀ ਸ਼ਿੰਗਾਰਾ ਸਿੰਘ ਭੁੱਲਰ ਨੂੰ ਲਿਖਵਾਈ ਸੀ।
ਜਦੋਂ ਕਿਤਾਬ ਛਪ ਗਈ ਤਾਂ ਮੈਂ ਕਾਪੀ ਡਾ. ਸਾਹਿਬ ਨੂੰ ਦੇਣ ਗਿਆ। ਮੈਨੂੰ ਆਖਣ ਲੱਗੇ, “ਬੈਠ, ਤੇਰੇ ਨਾਲ ਗੱਲ ਕਰਨੀ ਹੈ।”
ਉਨ੍ਹਾਂ ਕਿਤਾਬ ਦਾ ਕਵਰ ਦੇਖਿਆ। ਉਨ੍ਹਾਂ ਨੂੰ ਪਸੰਦ ਆਇਆ ਕਿਉਂਕਿ ਇਹ ਨਵੇਕਲੇ ਢੰਗ ਦਾ ਸੀ। ਉਹ ਮੈਨੂੰ ਪੁੱਛਣ ਲੱਗੇ, “ਇਹ ਕਵਰ ਕਿਸਨੇ ਬਣਾਇਆ ਹੈ?”
ਮੈਂ ਆਖਿਆ, “ਜੀ ਇੱਕ ਨਵਾਂ ਮੁੰਡਾ ਦੇਵ ਚਿੱਤਰਕਾਰੀ ਅਤੇ ਕਵਿਤਾ ਵਿੱਚ ਨਵੇਕਲੀਆਂ ਪੈੜਾਂ ਪਾ ਰਿਹਾ ਹੈ।”
ਮੈਨੂੰ ਆਖਣ ਲੱਗੇ, “ਉਸ ਨੂੰ ਆਖੀਂ, ਮੈਨੂੰ ਆ ਕੇ ਮਿਲੇ।” ਨਾਲ ਹੀ ਮੈਨੂੰ ਆਖਣ ਲੱਗੇ, “ਤੈਨੂੰ ਮੈਂ ਇੱਕ ਸਲਾਹ ਦੇਣੀ ਹੈ।”
ਮੈਂ ਆਖਿਆ, “ਹੁਕਮ ਕਰੋ।”
ਉਹ ਕਹਿਣ ਲੱਗੇ, “ਕਵਿਤਾ, ਕਹਾਣੀ ਲਿਖਣ ਵਾਲੇ ਬਹੁਤ ਹਨ, ਕਿਸਾਨਾਂ ਲਈ ਅਤੇ ਕਿਸਾਨਾਂ ਵਾਸਤੇ ਲਿਖਣ ਵਾਲੇ ਨਹੀਂ ਹਨ। ਇਸੇ ਕਰਕੇ ਮੈਂ ਪੱਤਰਕਾਰੀ ਦੀ ਕਲਾਸ ਸ਼ੁਰੂ ਕਰਵਾਈ ਹੈ। ਤੂੰ ਕਿਸਾਨਾਂ ਬਾਰੇ ਲਿਖਿਆ ਕਰ। ਮੈਨੂੰ ਪਤਾ, ਤੂੰ ਇਹ ਕੰਮ ਕਰ ਸਕਦਾ ਹੈਂ।”
ਇੰਝ ਇਹ ਕਵਿਤਾ ਦੀ ਮੇਰੀ ਪਹਿਲੀ ਅਤੇ ਆਖਰੀ ਕਿਤਾਬ ਸੀ ਪਰ ਇਸਦੇ ਪੰਜ ਐਡੀਸ਼ਨ ਛਪ ਚੁੱਕੇ ਹਨ।
ਮੇਰੇ ਕਹਿਣ ’ਤੇ ਦੇਵ ਡਾ. ਰੰਧਾਵਾ ਨੂੰ ਮਿਲਿਆ। ਡਾ. ਰੰਧਾਵਾ ਨੇ ਅਲੋਪ ਹੋ ਰਹੇ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਸਮਾਜਿਕ ਇਤਿਹਾਸ ਦਾ ਅਜਾਇਬ ਘਰ ਬਣਾਇਆ। ਉਸਦੇ ਬਰਾਂਡੇ ਦੀ ਲੰਬੀ ਕੰਧ ਉੱਤੇ ਉਹ ਚਿੱਤਰਕਾਰੀ ਕਰਨ ਲਈ ਆਖਿਆ, ਜਿਹੜੀ ਪਿੰਡਾਂ ਵਿੱਚ ਕੰਧਾਂ ਨੂੰ ਲਿਪ ਕੇ ਔਰਤਾਂ ਕਰਦੀਆਂ ਹੁੰਦੀ ਸਨ। ਦੇਵ ਨੇ ਪਿੰਡਾਂ ਵਿੱਚ ਜਾ ਕੇ ਨਮੂਨੇ ਇਕੱਠੇ ਕੀਤੇ ਤੇ ਚਿੱਤਰਕਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਹੁਣ ਉਸ ਕੋਲ ਵਿਹਲ ਨਹੀਂ ਸੀ।
ਬਲਦੇਵ ਆਪਣੀ ਦੁਕਾਨ ਬੰਦ ਕਰਕੇ ਦਿੱਲੀ ਚਲਾ ਗਿਆ। ਸੁਰਿੰਦਰ ਨੇ ਹੇਮ ਜੋਤੀ ਦਾ ਮੈਗਜ਼ੀਨ ਸ਼ੁਰੂ ਕਰ ਲਿਆ। ਉਸਦਾ ਦਫਤਰ ਵੀ ਘੁਮਾਰ ਮੰਡੀ ਚੌਂਕ ਵਿੱਚ ਹੀ ਸੀ। ਉੱਥੇ ਕਦੇ ਕਦਾਈਂ ਦੇਵ ਨਾਲ ਮੇਲ ਹੋ ਜਾਂਦਾ। ਕੁਝ ਸਮੇਂ ਪਿੱਛੋਂ ਸੁਰਿੰਦਰ ਨੇ ਹੇਮ ਜੋਤੀ ਦਾ ਮੁੱਖ ਦੂਜੇ ਪਾਸੇ ਮੋੜ ਲਿਆ। ਮੈਗਜ਼ੀਨ ਨੌਜਵਾਨਾਂ ਵਿੱਚ ਹਰਮਨ ਪਿਆਰਾ ਹੋ ਗਿਆ ਪਰ ਸੁਰਿੰਦਰ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਈ। ਸਰਕਾਰ ਨੇ ਦਫਤਰ ਬੰਦ ਕਰ ਦਿੱਤਾ। ਪੁਲਿਸ ਤਸ਼ਦਦ ਨੇ ਆਖਰ ਸੁਰਿੰਦਰ ਦੀ ਜਾਨ ਲੈ ਲਈ। ਦੇਵ ਨਾਲ ਹੁਣ ਯੂਨੀਵਰਸਿਟੀ ਜਾਂਦਿਆਂ ਆਉਂਦਿਆਂ ਹੀ ਮੁਲਾਕਾਤ ਹੁੰਦੀ ਸੀ। ਮੈਂ 1974 ਵਿੱਚ ਬਾਹਰ ਚਲਾ ਗਿਆ। ਜਦੋਂ ਪੰਜ ਸਾਲ ਪਿੱਛੋਂ ਵਾਪਸ ਆਇਆ ਤਾਂ ਦੇਵ ਲੁਧਿਆਣਾ ਹੀ ਨਹੀਂ, ਸਗੋਂ ਦੇਸ਼ ਹੀ ਛੱਡ ਗਿਆ ਸੀ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































