ManinderSBhatia7“ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਲੋਕ ਥੋੜ੍ਹ-ਚਿਰੇ ਲਾਲਚਾਂ ਤੋਂ ਉੱਪਰ ...”BhagwantMann2
(28 ਨਵੰਬਰ 2026)

 

BhagwantMann2


ਪੰਜਾਬ
, ਜੋ ਕਦੇ ਆਪਣੀ ਮਿਹਨਤ, ਖੁਸ਼ਹਾਲੀ ਅਤੇ ਆਤਮ-ਨਿਰਭਰਤਾ ਕਰਕੇ ਪੂਰੇ ਦੇਸ਼ ਦਾ ਅੰਨਦਾਤਾ ਅਤੇ ਮੋਹਰੀ ਸੂਬਾ ਅਖਵਾਉਂਦਾ ਸੀ, ਅੱਜ ਡੂੰਘੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਸੰਕਟਾਂ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਸੂਬੇ ਦੀ ਵਿਗੜਦੀ ਜਾ ਰਹੀ ਸਥਿਤੀ ਨੇ ਹਰ ਸੰਵੇਦਨਸ਼ੀਲ ਨਾਗਰਿਕ, ਅਰਥ-ਸ਼ਾਸਤਰੀ ਅਤੇ ਸਮਾਜਿਕ ਚਿੰਤਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਚੋਣਾਂ ਨੇੜੇ ਆਉਂਦਿਆਂ ਹੀ ਸਿਆਸੀ ਧਿਰਾਂ ਵੱਲੋਂ ਮੁਫਤ ਰਾਸ਼ਨ, ਭੱਤਿਆਂ ਅਤੇ ਵੱਖ-ਵੱਖ ਲੋਕ-ਲੁਭਾਊ ਸਕੀਮਾਂ ਦੇ ਝਾਂਸੇ ਦਿੱਤੇ ਜਾਂਦੇ ਹਨ, ਪਰ ਪੰਜਾਬ ਦੀ ਅਣਖੀ ਜਵਾਨੀ ਅਤੇ ਕਿਰਤੀ ਵਰਗ ਦੀ ਅਸਲ ਪੁਕਾਰ ਖੈਰਾਤ ਜਾਂ ਮੁਫਤ ਸਹੂਲਤਾਂ ਨਹੀਂ, ਸਗੋਂ ਸਵੈਮਾਣ ਨਾਲ ਜਿਊਣ ਲਈ ਆਪਣੇ ਹੱਥਾਂ ਨੂੰ ਪੱਕਾ ਰੁਜ਼ਗਾਰ ਹੈ।

2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਨੇ ਪੰਜਾਬ ਦੀ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਸੀ। ਉਸ ਸਮੇਂ ਇਹ ਦਾਅਵੇ ਕੀਤੇ ਗਏ ਸਨ ਕਿ ਸੂਬੇ ਵਿੱਚ ਹੁੰਦੀ ਨਾਜਾਇਜ਼ ਰੇਤ ਮਾਈਨਿੰਗ ਨੂੰ ਸਖਤੀ ਨਾਲ ਰੋਕ ਕੇ ਸਲਾਨਾ 20 ਹਜ਼ਾਰ ਕਰੋੜ ਰੁਪਏ ਦੀ ਆਮਦਨ ਪੈਦਾ ਕੀਤੀ ਜਾਵੇਗੀ ਅਤੇ ਇਸ ਨਾਲ ਸਕੂਲਾਂ ਅਤੇ ਹਸਪਤਾਲਾਂ ਦੀ ਨੁਹਾਰ ਬਦਲੀ ਜਾਵੇਗੀ। ਪਰ ਹਕੀਕਤ ਇਹ ਹੈ ਕਿ 20 ਹਜ਼ਾਰ ਕਰੋੜ ਦੀ ਮਾਈਨਿੰਗ ਆਮਦਨ ਦੇ ਦਾਅਵੇ ਦੇ ਉਲਟ ਅਸਲ ਸਰਕਾਰੀ ਆਮਦਨ ਸਿਰਫ ਕੁਝ ਸੌ ਕਰੋੜ ਤਕ ਹੀ ਸੀਮਿਤ ਰਹੀ ਹੈ।

ਇਸੇ ਤਰ੍ਹਾਂ ਇਹ ਵੀ ਕਿਹਾ ਗਿਆ ਸੀ ਕਿ ਕਿਸੇ ਤੋਂ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਥਿਤੀ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਵਿਰੋਧੀ ਧਿਰਾਂ ਦੇ ਦੋਸ਼ਾਂ ਅਨੁਸਾਰ ਸਾਢੇ ਚਾਰ ਸਾਲਾਂ ਵਿੱਚ ਕਰਜ਼ਾ ਪੌਣੇ ਦੋ ਲੱਖ ਕਰੋੜ ਵਧਿਆ ਹੈ, ਜਦਕਿ ਸਰਕਾਰੀ ਅੰਕੜੇ ਵੀ ਕਰਜ਼ੇ ਵਿੱਚ ਇੱਕ ਲੱਖ ਕਰੋੜ ਤੋਂ ਵੱਧ ਦੇ ਵਾਧੇ ਦੀ ਪੁਸ਼ਟੀ ਕਰਦੇ ਹਨ, ਜਿਸ ਨਾਲ ਸੂਬੇ ਸਿਰ ਕੁੱਲ ਕਰਜ਼ਾ 4 ਲੱਖ ਕਰੋੜ ਦੇ ਕਰੀਬ ਪਹੁੰਚ ਗਿਆ ਹੈ। ਜਿਹੜੇ ਆਗੂ ਕਦੇ ਕਰਜ਼ਾ ਨਾ ਲੈਣ ਦੀਆਂ ਗੱਲਾਂ ਕਰਦੇ ਸਨ, ਅੱਜ ਉਹ ਹਰ ਚੌਥੇ ਦਿਨ ਕੇਂਦਰ ਸਰਕਾਰ ਅੱਗੇ ਵਿੱਤੀ ਮਦਦ ਲਈ ਹੱਥ ਅੱਡਦੇ ਨਜ਼ਰ ਆਉਂਦੇ ਹਨ। ਆਰਥਿਕ ਮਾਹਿਰਾਂ ਅਨੁਸਾਰ ਆਉਣ ਵਾਲੀਆਂ 2027 ਦੀਆਂ ਚੋਣਾਂ ਜਿੱਤਣ ਦੀ ਲਾਲਸਾ ਹੇਠ ਕਰਜ਼ਾ ਲੈ ਕੇ ਮੁਫਤ ਸਕੀਮਾਂ ਵੰਡੀਆਂ ਜਾ ਰਹੀਆਂ ਹਨ, ਜੋ ਕਿ ਸੂਬੇ ਨੂੰ ਆਰਥਿਕ ਦਿਵਾਲੀਏਪਨ ਵੱਲ ਧੱਕ ਰਹੀਆਂ ਹਨ।

ਸਿਤਮਜ਼ਰੀਫੀ ਇਹ ਹੈ ਕਿ ਜ਼ਮੀਨੀ ਪੱਧਰ ’ਤੇ ਠੋਸ ਕੰਮ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਬਜਾਏ ਸਰਕਾਰ ਦਾ ਸਾਰਾ ਜ਼ੋਰ ਇਸ਼ਤਿਹਾਰਬਾਜ਼ੀ ’ਤੇ ਲੱਗਿਆ ਹੋਇਆ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਪਿਛਲੀਆਂ ਸਰਕਾਰਾਂ ਦੀ ਇਸ ਗੱਲੋਂ ਤਿੱਖੀ ਆਲੋਚਨਾ ਕਰਦੇ ਸਨ ਕਿ ਉਹ ਸਰਕਾਰੀ ਖਜ਼ਾਨੇ ਦੇ ਪੈਸੇ ਨਾਲ ਹਰ ਚੀਜ਼ ’ਤੇ ਆਪਣੀਆਂ ਫੋਟੋਆਂ ਲਾਉਂਦੇ ਹਨ। ਪਰ ਅੱਜ ਮੌਜੂਦਾ ਸਰਕਾਰ ਵੀ ਉਸੇ ਰਾਹ ’ਤੇ ਚਲਦਿਆਂ ਇਸ਼ਤਿਹਾਰਾਂ ਉੱਤੇ ਕਰੋੜਾਂ ਰੁਪਏ ਦਾ ਫਾਲਤੂ ਖਰਚਾ ਕਰ ਰਹੀ ਹੈ, ਜਿਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਸਰਕਾਰੀ ਖਰਚੇ ’ਤੇ ਵੱਡੇ-ਵੱਡੇ ਇਕੱਠ ਕਰਕੇ ਰਾਸ਼ਨ ਕਾਰਡ ਵੰਡਣੇ ਜਾਂ ਨਿਯੁਕਤੀ ਪੱਤਰ (ਅਪੁਆਇੰਟਮੈਂਟ ਲੈਟਰ) ਦੇਣੇ ਕਿਸੇ ਵੀ ਸੱਭਿਅਕ ਅਤੇ ਅਗਾਂਹਵਧੂ ਸਮਾਜ ਦੀ ਨਿਸ਼ਾਨੀ ਨਹੀਂ ਹਨ। ਜਿਹੜਾ ਕੰਮ ਡਾਕੀਏ ਰਾਹੀਂ ਜਾਂ ਸਬੰਧਤ ਵਿਭਾਗਾਂ ਦੇ ਦਫਤਰਾਂ ਤੋਂ ਸਹਿਜੇ ਹੀ ਹੋ ਸਕਦਾ ਹੈ, ਉਸ ਲਈ ਮੁੱਖ ਮੰਤਰੀ ਵੱਲੋਂ ਵੱਡੇ ਸਮਾਗਮ ਰਚਾ ਕੇ ਸਿਰਫ ਸਿਆਸੀ ਲਾਹਾ ਖੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰੁਜ਼ਗਾਰ ਦੇ ਪੱਖੋਂ ਸੂਬੇ ਦੀ ਹਾਲਤ ਬੇਹੱਦ ਚਿੰਤਾਜਨਕ ਹੈ। ਬੇਰੁਜ਼ਗਾਰੀ ਅਤੇ ਵਧਦੀ ਮਹਿੰਗਾਈ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਿਰਾਸ਼ਾ ਦੇ ਆਲਮ ਵਿੱਚ ਸੁੱਟ ਦਿੱਤਾ ਹੈ, ਜਿਸ ਕਾਰਨ ਬੌਧਿਕ ਅਤੇ ਆਰਥਿਕ ਪਰਵਾਸ ਲਗਾਤਾਰ ਜਾਰੀ ਹੈ। ਸਰਕਾਰੀ ਮਹਿਕਮਿਆਂ, ਖਾਸ ਕਰਕੇ ਦੇਸ਼ ਦਾ ਭਵਿੱਖ ਘੜਨ ਵਾਲੇ ਸਕੂਲਾਂ ਅਤੇ ਕਾਲਜਾਂ ਵਿੱਚ ਹਜ਼ਾਰਾਂ ਰੈਗੂਲਰ ਅਸਾਮੀਆਂ ਖਾਲੀ ਪਈਆਂ ਹਨ। ਪੱਕੀ ਭਰਤੀ ਕਰਨ ਦੀ ਥਾਂ ਠੇਕਾ ਪ੍ਰਣਾਲੀ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ ਅਤੇ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਕੱਚੇ ਮੁਲਾਜ਼ਮਾਂ ਨੂੰ ਨਿੱਤ ਦਿਨ ਲਾਠੀਚਾਰਜ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਦੂਜੇ ਪਾਸੇ, ਸਿਹਤ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਜਨਤਕ ਜਾਇਦਾਦਾਂ ਨੂੰ ਵੇਚਿਆ ਜਾ ਰਿਹਾ ਹੈ। ਮੁਹੱਲਾ ਕਲੀਨਿਕਾਂ ਦੇ ਨਾਂ ਹੇਠ ਪੁਰਾਣੇ ਸਿਹਤ ਢਾਂਚੇ ਨੂੰ ਅਣਗੌਲਿਆ ਕਰਕੇ ਸਿਰਫ ਇਮਾਰਤਾਂ ਦੇ ਰੰਗ-ਰੋਗਨ ਤਕ ਸੀਮਿਤ ਰੱਖਿਆ ਜਾ ਰਿਹਾ ਹੈ।

ਪੰਜਾਬ ਵਿੱਚ ਰੁਜ਼ਗਾਰ ਪੈਦਾ ਕਰਨ ਦੀ ਅਥਾਹ ਸਮਰੱਥਾ ਹੋਣ ਦੇ ਬਾਵਜੂਦ ਸਰਕਾਰਾਂ ਕੋਲ ਕੋਈ ਦੂਰਅੰਦੇਸ਼ੀ ਨੀਤੀ ਨਹੀਂ ਹੈ। ਪੰਜਾਬ ਦੇ ਹਰ ਜ਼ਿਲ੍ਹੇ ਦੀ ਭੂਗੋਲਿਕ ਸਥਿਤੀ ਅਤੇ ਉੱਥੋਂ ਦੀ ਪੈਦਾਵਾਰ ਮੁਤਾਬਿਕ ਖੇਤੀ ਅਧਾਰਤ (ਐਗਰੋ-ਬੇਸਡ) ਉਦਯੋਗ ਲਾਏ ਜਾ ਸਕਦੇ ਹਨ, ਪਰ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸੇ ਤਰ੍ਹਾਂ, ਸੂਬੇ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਛੋਟੀ ਅਤੇ ਸੂਖਮ ਇੰਡਸਟਰੀ (MSME) ਨੂੰ ਵਿਸ਼ੇਸ਼ ਸਹੂਲਤਾਂ ਦੇ ਕੇ ਮੁੜ ਪੈਰਾਂ ਸਿਰ ਕੀਤਾ ਜਾ ਸਕਦਾ ਹੈ, ਕਿਉਂਕਿ ਇਹੀ ਖੇਤਰ ਸਭ ਤੋਂ ਵੱਧ ਰੁਜ਼ਗਾਰ ਪੈਦਾ ਕਰਦਾ ਹੈ। ਸਰਕਾਰ ਵੱਲੋਂ ਉਦਯੋਗਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਵੀ ਅਜੇ ਤਕ ਵਫਾ ਨਹੀਂ ਹੋਇਆ, ਜਿਸ ਕਾਰਨ ਸਥਾਨਕ ਉਦਯੋਗਪਤੀ ਨਿਰਾਸ ਹਨ ਅਤੇ ਨਵਾਂ ਨਿਵੇਸ਼ ਸੂਬੇ ਤੋਂ ਦੂਰ ਜਾ ਰਿਹਾ ਹੈ।

ਇਸਦੇ ਨਾਲ ਹੀ, ਸੂਬਾ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਦਾ ਕਿਸਾਨ ਵੀ ਸੜਕਾਂ ’ਤੇ ਰੁਲਣ ਲਈ ਮਜਬੂਰ ਹੈ। ਕਿਸਾਨਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਵਾਤਾਵਰਣ ਪੱਖੋਂ ਵੀ ਪੰਜਾਬ ਤਬਾਹੀ ਦੇ ਕੰਢੇ ’ਤੇ ਖੜ੍ਹਾ ਹੈ। ਸੂਬੇ ਦੇ ਦਰਿਆਵਾਂ ਅਤੇ ਧਰਤੀ ਹੇਠਲੇ ਪਾਣੀ ਨੂੰ ਪਲੀਤ ਕੀਤਾ ਜਾ ਰਿਹਾ ਹੈ ਅਤੇ ਹਵਾ ਬੇਹੱਦ ਜ਼ਹਿਰੀਲੀ ਹੋ ਚੁੱਕੀ ਹੈ। ਦੂਜੀਆਂ ਵਿਰੋਧੀ ਸਿਆਸੀ ਪਾਰਟੀਆਂ ਵੀ ਸੱਤਾ ਹਾਸਲ ਕਰਨ ਲਈ ਸਰਕਾਰੀ ਖਜ਼ਾਨੇ ਉੱਤੇ ਬੋਝ ਪਾਉਣ ਵਾਲੀਆਂ ਸਕੀਮਾਂ ਦਾ ਹੀ ਸਹਾਰਾ ਲੈ ਰਹੀਆਂ ਹਨ। ਕਿਸੇ ਵੀ ਪਾਰਟੀ ਕੋਲ ਪੰਜਾਬ ਨੂੰ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣਾਉਣ ਦਾ ਕੋਈ ਠੋਸ ਰੋਡਮੈਪ ਨਹੀਂ ਹੈ।

ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਲੋਕ ਥੋੜ੍ਹ-ਚਿਰੇ ਲਾਲਚਾਂ ਤੋਂ ਉੱਪਰ ਉੱਠ ਕੇ ਸਿਆਸੀ ਪਾਰਟੀਆਂ ਤੋਂ ਜਵਾਬਦੇਹੀ ਮੰਗਣ। ਸੱਤਾਧਾਰੀਆਂ ਨੂੰ ਵੀ ਪੰਜ ਸਾਲ ਲੰਘਾਉਣ ਦੀ ਨੀਤੀ ਤਿਆਗ ਕੇ ਸੂਬੇ ਦੇ ਲੰਮੇ ਸਮੇਂ ਦੇ ਵਿਕਾਸ ਵੱਲ ਧਿਆਨ ਦੇਣਾ ਪਵੇਗਾ। ਪੰਜਾਬ ਦਾ ਹਰ ਕਿਰਤੀ, ਕਿਸਾਨ ਅਤੇ ਨੌਜਵਾਨ ਅੱਜ ਇੱਕੋ ਅਵਾਜ਼ ਵਿੱਚ ਇਹੀ ਕਹਿ ਰਿਹਾ ਹੈ ਕਿ ਸਾਨੂੰ ਖੈਰਾਤ ਵਜੋਂ ਆਟਾ-ਦਾਲ ਨਹੀਂ, ਸਗੋਂ ਸਾਡੇ ਦੋ ਹੱਥਾਂ ਨੂੰ ਇੱਜ਼ਤਦਾਰ ਰੁਜ਼ਗਾਰ ਦਿੱਤਾ ਜਾਵੇ, ਤਾਂ ਜੋ ਅਸੀਂ ਆਪਣੀ ਮਿਹਨਤ ਨਾਲ ਆਪਣੇ ਪਰਿਵਾਰਾਂ ਅਤੇ ਆਪਣੇ ਸੋਹਣੇ ਪੰਜਾਬ ਨੂੰ ਮੁੜ ਖੁਸ਼ਹਾਲ ਬਣਾ ਸਕੀਏ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਮਨਿੰਦਰ ਸਿੰਘ ਭਾਟੀਆ

ਮਨਿੰਦਰ ਸਿੰਘ ਭਾਟੀਆ

Ludhiana, Punjab, India.
Phone: (91 - 99884-91002)
Email: (msbhatianzpc@gmail.com)

More articles from this author