“ਅੱਜ ਭਾਵੇਂ ਇਤਿਹਾਸ ਨੂੰ ਨਵਾਂ ਰੂਪ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਭਾਵੇਂ ਸੱਤਾ ...”
(27 ਮਈ 2026)
27 ਮਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਬਰਸੀ ਦਾ ਦਿਨ ਹੈ। ਇਹ ਦਿਨ ਸਿਰਫ ਇੱਕ ਵਿਅਕਤੀ ਨੂੰ ਯਾਦ ਕਰਨ ਦਾ ਨਹੀਂ, ਸਗੋਂ ਉਸ ਦੌਰ ਨੂੰ ਸਮਝਣ ਦਾ ਵੀ ਹੈ ਜਦੋਂ ਨਵਾਂ-ਨਵਾਂ ਆਜ਼ਾਦ ਹੋਇਆ ਭਾਰਤ ਭੁੱਖ, ਗਰੀਬੀ, ਬੇਰੁਜ਼ਗਾਰੀ, ਅਣਪੜ੍ਹਤਾ, ਧਾਰਮਿਕ ਹਿੰਸਾ ਅਤੇ ਵੰਡ ਦੇ ਡੂੰਘੇ ਜ਼ਖਮਾਂ ਨਾਲ ਜੂਝ ਰਿਹਾ ਸੀ। ਉਸ ਸਮੇਂ ਦੇਸ਼ ਨੂੰ ਅਜਿਹੀ ਅਗਵਾਈ ਦੀ ਲੋੜ ਸੀ ਜੋ ਸਿਰਫ ਸਰਕਾਰ ਨਾ ਚਲਾਏ, ਸਗੋਂ ਇੱਕ ਨਵੇਂ ਭਾਰਤ ਦੀ ਨੀਂਹ ਰੱਖੇ। ਨਹਿਰੂ ਨੇ ਇਹ ਜ਼ਿੰਮੇਵਾਰੀ ਆਪਣੇ ਢੰਗ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ।
ਅੱਜ ਜਦੋਂ ਰਾਜਨੀਤੀ ਅਕਸਰ ਧਰਮ, ਨਫਰਤ ਅਤੇ ਚੋਣਾਂ ਦੇ ਹਿਸਾਬ-ਕਿਤਾਬ ਦੇ ਆਲੇ-ਦੁਆਲੇ ਘੁੰਮਦੀ ਦਿਖਾਈ ਦਿੰਦੀ ਹੈ ਤਾਂ ਨਹਿਰੂ ਦਾ ਦੌਰ ਇਸ ਗੱਲ ਲਈ ਯਾਦ ਆਉਂਦਾ ਹੈ ਕਿ ਉਸ ਵੇਲੇ ਦੇਸ਼ ਬਣਾਉਣ ਦੀ ਗੱਲ ਹੁੰਦੀ ਸੀ। ਉਹਨਾਂ ਦੇ ਵਿਚਾਰਾਂ ਨਾਲ ਅਸਹਿਮਤੀ ਹੋ ਸਕਦੀ ਹੈ, ਉਹਨਾਂ ਦੀਆਂ ਨੀਤੀਆਂ ’ਤੇ ਬਹਿਸ ਹੋ ਸਕਦੀ ਹੈ, ਪਰ ਇਹ ਸੱਚ ਹੈ ਕਿ ਉਹਨਾਂ ਨੇ ਭਾਰਤ ਨੂੰ ਇੱਕ ਆਧੁਨਿਕ, ਵਿਗਿਆਨਕ ਅਤੇ ਲੋਕਤੰਤਰਕ ਰਾਸ਼ਟਰ ਬਣਾਉਣ ਦੀ ਦਿਸ਼ਾ ਦਿੱਤੀ।
ਅਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ ਦੇਸ਼ ਨੂੰ ਇਕਜੁੱਟ ਰੱਖਣ ਅਤੇ ਲੋਕਤੰਤਰ ਨੂੰ ਬਚਾ ਕੇ ਰੱਖਣ ਦੀ ਸੀ। ਵੰਡ ਤੋਂ ਬਾਅਦ ਦੇਸ਼ ਵਿੱਚ ਧਾਰਮਿਕ ਤਣਾਅ ਬਹੁਤ ਵੱਧ ਸੀ। ਲੱਖਾਂ ਲੋਕ ਮਾਰੇ ਗਏ ਸਨ ਅਤੇ ਕਰੋੜਾਂ ਬੇਘਰ ਹੋਏ ਸਨ। ਅਜਿਹੇ ਸਮੇਂ ਵਿੱਚ ਨਹਿਰੂ ਨੇ ਧਰਮਨਿਰਪੱਖਤਾ ਨੂੰ ਭਾਰਤ ਦੀ ਰੂਹ ਵਜੋਂ ਪੇਸ਼ ਕੀਤਾ। ਉਹ ਮੰਨਦੇ ਸਨ ਕਿ ਇਹ ਦੇਸ਼ ਕਿਸੇ ਇੱਕ ਧਰਮ ਜਾਂ ਜਾਤ ਦਾ ਨਹੀਂ, ਸਗੋਂ ਸਭ ਦਾ ਹੈ। ਉਹਨਾਂ ਦੀ ਰਾਜਨੀਤੀ ਵਿੱਚ “ਸਭ ਨੂੰ ਨਾਲ ਲੈ ਕੇ ਚੱਲਣ” ਦਾ ਵਿਚਾਰ ਸਿਰਫ ਨਾਹਰਾ ਨਹੀਂ ਸੀ, ਸਗੋਂ ਉਹ ਉਹਨਾਂ ਦੇ ਕੰਮਾਂ ਵਿੱਚ ਵੀ ਦਿਖਾਈ ਦਿੰਦਾ ਸੀ।
ਨਹਿਰੂ ਨੇ ਕਦੇ ਵੀ ਰਾਜਨੀਤੀ ਨੂੰ ਧਾਰਮਿਕ ਨਫਰਤ ਦਾ ਹਥਿਆਰ ਨਹੀਂ ਬਣਾਇਆ। ਉਹ ਕਹਿੰਦੇ ਸਨ ਕਿ ਜੇ ਭਾਰਤ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਲੋਕਾਂ ਨੂੰ ਧਰਮ ਦੇ ਅਧਾਰ ’ਤੇ ਨਹੀਂ, ਸਗੋਂ ਨਾਗਰਿਕ ਵਜੋਂ ਦੇਖਣਾ ਪਵੇਗਾ। ਇਸੇ ਕਰਕੇ ਉਹਨਾਂ ਨੇ ਸੰਵਿਧਾਨ ਵਿੱਚ ਧਰਮਨਿਰਪੱਖਤਾ ਅਤੇ ਲੋਕਤੰਤਰਿਕ ਅਧਿਕਾਰਾਂ ਨੂੰ ਮਜ਼ਬੂਤ ਕਰਨ ਲਈ ਪੂਰਾ ਸਹਿਯੋਗ ਦਿੱਤਾ।
ਨਹਿਰੂ ਦੀ ਇੱਕ ਵੱਡੀ ਖੂਬੀ ਇਹ ਵੀ ਸੀ ਕਿ ਉਹ ਵਿਰੋਧੀ ਧਿਰ ਦਾ ਸਤਿਕਾਰ ਕਰਦੇ ਸਨ। ਉਹ ਆਲੋਚਨਾ ਤੋਂ ਘਬਰਾਉਂਦੇ ਨਹੀਂ ਸਨ। ਸੰਸਦ ਵਿੱਚ ਵਿਰੋਧੀ ਨੇਤਾਵਾਂ ਦੀ ਗੱਲ ਧਿਆਨ ਨਾਲ ਸੁਣਦੇ ਸਨ ਅਤੇ ਕਈ ਵਾਰ ਉਹਨਾਂ ਦੀਆਂ ਸਲਾਹਾਂ ਨੂੰ ਮੰਨਦੇ ਵੀ ਸਨ। ਅੱਜ ਜਦੋਂ ਵਿਰੋਧੀ ਆਵਾਜ਼ਾਂ ਨੂੰ ਦੇਸ਼ ਵਿਰੋਧੀ ਕਹਿ ਦੇਣਾ ਆਮ ਗੱਲ ਬਣਦੀ ਜਾ ਰਹੀ ਹੈ, ਨਹਿਰੂ ਦਾ ਇਹ ਰਵਈਆ ਹੋਰ ਵੀ ਮਹੱਤਵਪੂਰਨ ਲਗਦਾ ਹੈ। ਉਹ ਮੰਨਦੇ ਸਨ ਕਿ ਮਜ਼ਬੂਤ ਲੋਕਤੰਤਰ ਲਈ ਮਜ਼ਬੂਤ ਵਿਰੋਧੀ ਧਿਰ ਵੀ ਜ਼ਰੂਰੀ ਹੈ।
ਉਹਨਾਂ ਦੇ ਦੌਰ ਵਿੱਚ ਪ੍ਰੈੱਸ ਨੂੰ ਵੀ ਕਾਫੀ ਅਜ਼ਾਦੀ ਮਿਲੀ ਹੋਈ ਸੀ। ਅਖਬਾਰ ਸਰਕਾਰ ਦੀ ਆਲੋਚਨਾ ਕਰਦੇ ਸਨ, ਪਰ ਨਹਿਰੂ ਨੇ ਕਦੇ ਵੀ ਹਰ ਅਸਹਿਮਤੀ ਨੂੰ ਦੁਸ਼ਮਣੀ ਨਹੀਂ ਮੰਨਿਆ। ਇਹੀ ਲੋਕਤੰਤਰ ਦੀ ਅਸਲ ਰੂਹ ਹੁੰਦੀ ਹੈ। ਉਸ ਸਮੇਂ ਪ੍ਰੈੱਸ ਵਾਕਿਆ ਹੀ ਦੇਸ਼ ਦੇ ਲੋਕਤੰਤਰ ਦੀ ਰਖਵਾਲੀ ਦਾ ਚੌਥਾ ਥੰਮ੍ਹ ਸੀ।
ਦੇਸ਼ ਦੀ ਤਰੱਕੀ ਲਈ ਨਹਿਰੂ ਨੇ ਉਦਯੋਗਿਕ ਵਿਕਾਸ ਨੂੰ ਬਹੁਤ ਮਹੱਤਵ ਦਿੱਤਾ। ਅਜ਼ਾਦੀ ਵੇਲੇ ਭਾਰਤ ਵਿੱਚ ਵੱਡੇ ਉਦਯੋਗ ਲਗਭਗ ਨਾਂਹ ਦੇ ਬਰਾਬਰ ਸਨ। ਉਹਨਾਂ ਨੇ ਸਰਕਾਰੀ ਖੇਤਰ ਦੇ ਵੱਡੇ ਕਾਰਖਾਨੇ ਖੜ੍ਹੇ ਕਰਨ ਦੀ ਨੀਤੀ ਅਪਣਾਈ। ਭਿਲਾਈ, ਰੌਰਕੇਲਾ ਅਤੇ ਦੁਰਗਾਪੁਰ ਵਰਗੇ ਇਸਪਾਤ ਕਾਰਖਾਨੇ ਸਿਰਫ ਉਦਯੋਗ ਨਹੀਂ ਸਨ, ਸਗੋਂ ਨਵੇਂ ਭਾਰਤ ਦੇ ਪ੍ਰਤੀਕ ਸਨ। ਉਹ ਕਹਿੰਦੇ ਸਨ ਕਿ ਵੱਡੇ ਬੰਨ੍ਹ ਅਤੇ ਉਦਯੋਗ “ਅਧੁਨਿਕ ਭਾਰਤ ਦੇ ਮੰਦਰ” ਹਨ।
ਭਾਖੜਾ ਨੰਗਲ ਡੈਮ ਵਰਗੇ ਪ੍ਰੋਜੈਕਟਾਂ ਨੇ ਦੇਸ਼ ਦੀ ਖੇਤੀ ਅਤੇ ਬਿਜਲੀ ਉਤਪਾਦਨ ਨੂੰ ਨਵੀਂ ਤਾਕਤ ਦਿੱਤੀ। ਪੰਜਾਬ, ਹਰਿਆਣਾ ਅਤੇ ਉੱਤਰੀ ਭਾਰਤ ਦੀ ਖੇਤੀ ਵਿੱਚ ਆਈ ਤਰੱਕੀ ਦੇ ਪਿੱਛੇ ਵੀ ਇਨ੍ਹਾਂ ਸਿੰਚਾਈ ਯੋਜਨਾਵਾਂ ਦੀ ਵੱਡੀ ਭੂਮਿਕਾ ਰਹੀ।
ਨਹਿਰੂ ਨੇ ਵਿਗਿਆਨ ਅਤੇ ਸਿੱਖਿਆ ਨੂੰ ਦੇਸ਼ ਦੀ ਤਰੱਕੀ ਦਾ ਅਸਲ ਅਧਾਰ ਮੰਨਿਆ। ਉਹਨਾਂ ਦੇ ਸਮੇਂ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨੌਲੋਜੀ (ਆਈਆਈਟੀਜ) ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਅਤੇ ਕਈ ਵਿਗਿਆਨਕ ਖੋਜ ਸੰਸਥਾਵਾਂ ਦੀ ਸਥਾਪਨਾ ਹੋਈ। ਅੱਜ ਭਾਰਤੀ ਵਿਗਿਆਨੀ ਅਤੇ ਇੰਜਨੀਅਰ ਦੁਨੀਆ ਭਰ ਵਿੱਚ ਆਪਣਾ ਨਾਮ ਕਮਾ ਰਹੇ ਹਨ ਤਾਂ ਉਸਦੀ ਨੀਂਹ ਉਸੇ ਦੌਰ ਵਿੱਚ ਰੱਖੀ ਗਈ ਸੀ।
ਉਹ ਵਿਗਿਆਨਕ ਸੋਚ ਦੇ ਹਾਮੀ ਸਨ। ਉਹ ਚਾਹੁੰਦੇ ਸਨ ਕਿ ਲੋਕ ਅੰਧਵਿਸ਼ਵਾਸ ਤੋਂ ਉੱਪਰ ਉੱਠ ਕੇ ਤਰਕ ਅਤੇ ਗਿਆਨ ਦੀ ਗੱਲ ਕਰਨ। ਅੱਜ ਜਦੋਂ ਝੂਠ ਅਤੇ ਅੰਧਵਿਸ਼ਵਾਸ ਨੂੰ ਕਈ ਵਾਰ ਰਾਜਨੀਤਿਕ ਸਹਾਰਾ ਮਿਲਦਾ ਦਿਖਾਈ ਦਿੰਦਾ ਹੈ, ਜਦੋਂ ਗੋ ਮੂਤਰ ਅਤੇ ਗੋਬਰ ’ਤੇ ਖੋਜ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ, ਨਹਿਰੂ ਦੀ “ਵਿਗਿਆਨਕ ਸੋਚ” ਵਾਲੀ ਗੱਲ ਹੋਰ ਵੀ ਜ਼ਿਆਦਾ ਮਹੱਤਵਪੂਰਨ ਬਣ ਜਾਂਦੀ ਹੈ।
ਵਿਦੇਸ਼ ਨੀਤੀ ਵਿੱਚ ਵੀ ਨਹਿਰੂ ਨੇ ਭਾਰਤ ਦੀ ਸੁਤੰਤਰ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ। ਗੁੱਟ ਨਿਰਲੇਪ ਲਹਿਰ ਰਾਹੀਂ ਉਹਨਾਂ ਨੇ ਭਾਰਤ ਨੂੰ ਅਮਰੀਕਾ ਜਾਂ ਸੋਵੀਅਤ ਯੂਨੀਅਨ ਦੇ ਧੜਿਆਂ ਤੋਂ ਦੂਰ ਰੱਖ ਕੇ ਇੱਕ ਖੁਦਮੁਖਤਿਆਰ ਰਾਹ ’ਤੇ ਤੁਰਨ ਦੀ ਕੋਸ਼ਿਸ਼ ਕੀਤੀ। ਸਿਰਫ ਆਪਣੇ ਦੇਸ਼ ਨੂੰ ਹੀ ਗੁੱਟ ਨਿਰਲੇਪ ਨਹੀਂ ਰੱਖਿਆ ਸਗੋਂ ਵਿਸ਼ਵ ਪੱਧਰ ’ਤੇ ਨਾਸਰ ਅਤੇ ਮਾਰਸ਼ਲ ਟੀਟੋ ਨਾਲ ਮਿਲ ਕੇ ਇੱਕ ਲਹਿਰ ਖੜ੍ਹੀ ਕੀਤੀ ਅਤੇ ਉਸਦੀ ਅਗਵਾਈ ਵੀ ਕੀਤੀ। ਇਹ ਨੀਤੀ ਕਈ ਨਵੇਂ ਆਜ਼ਾਦ ਹੋਏ ਦੇਸ਼ਾਂ ਲਈ ਵੀ ਪ੍ਰੇਰਣਾ ਬਣੀ।
ਅੱਜ ਜਦੋਂ ਸਰਕਾਰੀ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ, ਇਤਿਹਾਸ ਨੂੰ ਧਾਰਮਿਕ ਐਨਕ ਨਾਲ ਦੇਖਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਰਾਜਨੀਤੀ ਵਿੱਚ ਵੰਡ ਪੈਦਾ ਕਰਨ ਵਾਲੀ ਭਾਸ਼ਾ ਵਧ ਰਹੀ ਹੈ ਤਾਂ ਨਹਿਰੂ ਦੀ ਯਾਦ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਉਹਨਾਂ ਨੇ ਭਾਰਤ ਨੂੰ ਧਰਮਨਿਰਪੇਖ, ਲੋਕਤੰਤਰਿਕ ਅਤੇ ਵਿਗਿਆਨਕ ਰਾਹ ’ਤੇ ਲਿਜਾਣ ਦਾ ਸੁਪਨਾ ਦੇਖਿਆ ਸੀ।
ਨਹਿਰੂ ਨੂੰ ਯਾਦ ਕਰਨ ਦਾ ਮਤਲਬ ਸਿਰਫ “ਚਾਚਾ ਨਹਿਰੂ” ਕਹਿ ਕੇ ਫੁੱਲ ਚੜ੍ਹਾਉਣਾ ਨਹੀਂ, ਸਗੋਂ ਇਹ ਸੋਚਣਾ ਵੀ ਹੈ ਕਿ ਕੀ ਅਸੀਂ ਉਸ ਭਾਰਤ ਵੱਲ ਵਧ ਰਹੇ ਹਾਂ ਜਿਸਦੀ ਨੀਂਹ ਉਹਨਾਂ ਨੇ ਰੱਖੀ ਸੀ। ਅੱਜ ਕਾਂਗਰਸ ਪਾਰਟੀ ਵੀ ਨਹਿਰੂ ਦੀ ਵਿਚਾਰਧਾਰਾ ਨੂੰ ਛੱਡਦੀ ਨਜ਼ਰ ਆ ਰਹੀ ਹੈ ਅਤੇ ਉਹ ਮੌਜੂਦਾ ਬੀਜੇਪੀ ਦੀ ਰਾਜ ਨੀਤੀ ਨਾਲ ਵਿਚਾਰਧਾਰਕ ਤੌਰ ’ਤੇ ਲੜਨ ਦੀ ਥਾਂ ’ਤੇ ਬੀਜੇਪੀ ਵੱਲੋਂ ਸੈੱਟ ਕੀਤੇ ਨੈਰੇਟਿਵ ’ਤੇ ਹੀ ਲੜਦੀ ਹੈ। ਅੱਜ ਦੀ ਰਾਜਨੀਤੀ ਵਿੱਚ ਜਿੱਥੇ ਸੱਤਾ ਨੂੰ ਹੀ ਸਭ ਕੁਝ ਸਮਝ ਲਿਆ ਜਾਂਦਾ ਹੈ, ਉੱਥੇ ਨਹਿਰੂ ਦੀ ਯਾਦ ਇਹ ਅਹਿਸਾਸ ਕਰਾਉਂਦੀ ਹੈ-
“ਇਕ ਉਹ ਵੀ ਪ੍ਰਧਾਨ ਮੰਤਰੀ ਸੀ, ਜੋ ਸਿਰਫ ਚੋਣਾਂ ਨਹੀਂ, ਦੇਸ਼ ਦਾ ਭਵਿੱਖ ਵੀ ਸੋਚਦਾ ਸੀ। ਜੋ ਵਿਰੋਧੀਆਂ ਨੂੰ ਦੁਸ਼ਮਣ ਨਹੀਂ, ਲੋਕਤੰਤਰ ਦਾ ਜ਼ਰੂਰੀ ਹਿੱਸਾ ਮੰਨਦਾ ਸੀ; ਅਤੇ ਜੋ ਧਰਮ ਦੇ ਨਾਮ ’ਤੇ ਨਹੀਂ, ਸਾਰਿਆਂ ਨੂੰ ਨਾਲ ਲੈ ਕੇ ਭਾਰਤ ਬਣਾਉਣਾ ਚਾਹੁੰਦਾ ਸੀ।”
ਅੱਜ ਭਾਵੇਂ ਇਤਿਹਾਸ ਨੂੰ ਨਵਾਂ ਰੂਪ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਭਾਵੇਂ ਸੱਤਾ ਦੇ ਜ਼ੋਰ ਨਾਲ ਜਵਾਹਰ ਲਾਲ ਨਹਿਰੂ ਦੀ ਵਿਰਾਸਤ ਨੂੰ ਘਟਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਨਹਿਰੂ ਨੂੰ ਇਤਿਹਾਸ ਤੋਂ ਮਿਟਾਉਣਾ ਇੰਨਾ ਅਸਾਨ ਨਹੀਂ। ਉਹ ਸਿਰਫ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਮੰਤਰੀ ਨਹੀਂ ਸਨ, ਉਹ ਇਸ ਦੇਸ਼ ਦੇ ਲੋਕਾਂ ਦੇ ਪ੍ਰਧਾਨ ਮੰਤਰੀ ਸਨ। ਆਧੁਨਿਕ ਭਾਰਤ ਦੀ ਨੀਂਹ ਵਿੱਚ ਉਹਨਾਂ ਦੀ ਸੋਚ, ਉਹਨਾਂ ਦੇ ਸੁਪਨੇ ਅਤੇ ਉਹਨਾਂ ਦੀ ਮਿਹਨਤ ਸ਼ਾਮਲ ਹੈ। ਵੱਡੇ ਡੈਮਾਂ ਤੋਂ ਲੈ ਕੇ ਵਿਗਿਆਨਕ ਸੰਸਥਾਵਾਂ ਤਕ, ਲੋਕਤੰਤਰ ਤੋਂ ਲੈ ਕੇ ਧਰਮਨਿਰਪੱਖਤਾ ਤਕ - ਹਰ ਥਾਂ ਨਹਿਰੂ ਦੀ ਛਾਪ ਦਿਖਾਈ ਦਿੰਦੀ ਹੈ।
ਇਸ ਲਈ ਲੱਖ ਯਤਨਾਂ ਦੇ ਬਾਵਜੂਦ ਵੀ ਮੋਦੀ ਸਰਕਾਰ ਨਹਿਰੂ ਨੂੰ ਲੋਕਾਂ ਦੇ ਦਿਲਾਂ ਵਿੱਚੋਂ ਖਤਮ ਨਹੀਂ ਕਰ ਸਕੇਗੀ ਕਿਉਂਕਿ ਉਹਨਾਂ ਦੀ ਅਸਲ ਜਗ੍ਹਾ ਕਿਤਾਬਾਂ ਵਿੱਚ ਨਹੀਂ, ਲੋਕਾਂ ਦੀ ਯਾਦ ਅਤੇ ਭਾਰਤ ਦੇ ਨਿਰਮਾਣ ਵਿੱਚ ਹੈ।
ਸੱਚਮੁੱਚ, ਇੱਕ ਉਹ ਵੀ ਪ੍ਰਧਾਨ ਮੰਤਰੀ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































