ManinderBhatia7ਉਨ੍ਹਾਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਸਿਰਫ ਫੁੱਲ ਚੜ੍ਹਾਉਣਾ ਨਹੀਂ, ਸਗੋਂ ...
(15 ਅਗਸਤ 2026)


ਅੱਜ ਭਗਤ ਸਿੰਘ ਹੁੰਦੇ ਤਾਂ ਕਿਹੜੇ ਮੁੱਦਿਆਂ ਲਈ ਲੜਦੇ
?

ਸ਼ਹੀਦ-ਏ-ਆਜ਼ਮ ਭਗਤ ਸਿੰਘ ਭਾਰਤੀ ਅਜ਼ਾਦੀ ਸੰਗਰਾਮ ਦੇ ਉਨ੍ਹਾਂ ਮਹਾਨ ਨਾਇਕਾਂ ਵਿੱਚੋਂ ਹਨ, ਜਿਨ੍ਹਾਂ ਦੀ ਸ਼ਹਾਦਤ ਨੇ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈਪਰ ਭਗਤ ਸਿੰਘ ਨੂੰ ਸਿਰਫ ਫਾਂਸੀ ਦੇ ਤਖਤੇ ਵੱਲ ਹੱਸਦਿਆਂ ਵਧਣ ਵਾਲੇ ਦਲੇਰ ਨੌਜਵਾਨ ਜਾਂ ਬੰਬ ਅਤੇ ਪਿਸਤੌਲ ਨਾਲ ਜੋੜ ਕੇ ਦੇਖਣਾ ਉਨ੍ਹਾਂ ਦੀ ਸ਼ਖਸੀਅਤ ਅਤੇ ਵਿਚਾਰਧਾਰਾ ਨੂੰ ਅਧੂਰਾ ਸਮਝਣਾ ਹੈਉਹ ਇੱਕ ਗੰਭੀਰ ਪਾਠਕ, ਚਿੰਤਕ, ਲੇਖਕ ਅਤੇ ਸਿਆਸੀ ਕਾਰਕੁਨ ਸਨਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਉਨ੍ਹਾਂ ਨੇ ਇਤਿਹਾਸ, ਅਰਥਸ਼ਾਸਤਰ, ਸਮਾਜਵਾਦ, ਇਨਕਲਾਬੀ ਅੰਦੋਲਨਾਂ, ਧਰਮ, ਦਰਸ਼ਨ ਅਤੇ ਸਾਹਿਤ ਦਾ ਡੂੰਘਾ ਅਧਿਐਨ ਕੀਤਾਜੇਲ੍ਹ ਵਿੱਚ ਵੀ ਪੜ੍ਹਨਾ ਅਤੇ ਲਿਖਣਾ ਜਾਰੀ ਰੱਖਿਆਇਸ ਲਈ ਅੱਜ ਇਹ ਸਵਾਲ ਪੁੱਛਣਾ ਬਹੁਤ ਮਹੱਤਵਪੂਰਨ ਹੈ - ਜੇ ਭਗਤ ਸਿੰਘ ਅੱਜ ਜਿਊਂਦੇ ਹੁੰਦੇ ਤਾਂ ਉਹ ਕਿਸ ਤਰ੍ਹਾਂ ਦੇ ਭਾਰਤ ਲਈ ਲੜ ਰਹੇ ਹੁੰਦੇ?

ਇਸ ਸਵਾਲ ਦਾ ਜਵਾਬ ਆਪਣੀਆਂ ਮੌਜੂਦਾ ਸਿਆਸੀ ਪਸੰਦਾਂ ਅਨੁਸਾਰ ਘੜਨ ਦੀ ਥਾਂ ਭਗਤ ਸਿੰਘ ਦੀਆਂ ਆਪਣੀਆਂ ਲਿਖਤਾਂ ਵਿੱਚੋਂ ਲੱਭਣਾ ਚਾਹੀਦਾ ਹੈ

*ਆਜ਼ਾਦੀ ਦਾ ਮਤਲਬ ਸਿਰਫ ਅੰਗਰੇਜ਼ਾਂ ਨੂੰ ਕੱਢਣਾ ਨਹੀਂ ਸੀ*

ਭਗਤ ਸਿੰਘ ਦੇ ਸਿਆਸੀ ਵਿਕਾਸ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਮੇਂ ਦੇ ਨਾਲ ਉਨ੍ਹਾਂ ਦੀ ਇਨਕਲਾਬ ਦੀ ਧਾਰਨਾ ਹੋਰ ਸਪਸ਼ਟ ਅਤੇ ਸਮਾਜਵਾਦੀ ਹੁੰਦੀ ਗਈਉਨ੍ਹਾਂ ਲਈ ਸਿਰਫ ਬਰਤਾਨਵੀ ਹਕੂਮਤ ਦਾ ਅੰਤ ਕਾਫੀ ਨਹੀਂ ਸੀਸਵਾਲ ਇਹ ਵੀ ਸੀ ਕਿ ਉਸ ਤੋਂ ਬਾਅਦ ਬਣਨ ਵਾਲੇ ਭਾਰਤ ਦੀ ਸਮਾਜਿਕ ਅਤੇ ਆਰਥਿਕ ਬਣਤਰ ਕੀ ਹੋਵੇਗੀ

ਜੇ ਅੰਗਰੇਜ਼ ਚਲੇ ਜਾਣ ਪਰ ਕਰੋੜਾਂ ਮਜ਼ਦੂਰ, ਕਿਸਾਨ ਅਤੇ ਗਰੀਬ ਲੋਕ ਉਸੇ ਤਰ੍ਹਾਂ ਸ਼ੋਸ਼ਣ ਦਾ ਸ਼ਿਕਾਰ ਰਹਿਣ, ਤਾਂ ਅਜਿਹੀ ਅਜ਼ਾਦੀ ਅਧੂਰੀ ਹੋਵੇਗੀਇਸੇ ਵਿਚਾਰ ਨੇ ਭਗਤ ਸਿੰਘ ਨੂੰ ਰਾਸ਼ਟਰੀ ਮੁਕਤੀ ਦੇ ਨਾਲ-ਨਾਲ ਸਮਾਜਿਕ ਅਤੇ ਆਰਥਿਕ ਮੁਕਤੀ ਵੱਲ ਲਿਆਂਦਾਉਨ੍ਹਾਂ ਦੇ ਇਨਕਲਾਬ ਦਾ ਨਿਸ਼ਾਨਾ ਸਿਰਫ ਹਾਕਮਾਂ ਦੇ ਚਿਹਰੇ ਬਦਲਣਾ ਨਹੀਂ ਸੀ, ਸਗੋਂ ਸ਼ੋਸ਼ਣ ਉੱਤੇ ਖੜ੍ਹੀ ਵਿਵਸਥਾ ਨੂੰ ਬਦਲਣਾ ਸੀ

*ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਅੰਤ*

19 ਅਕਤੂਬਰ 1929 ਨੂੰ ਲਾਹੌਰ ਵਿਖੇ ਹੋਈ ਪੰਜਾਬ ਪ੍ਰਾਂਤ ਦੇ ਵਿਦਿਆਰਥੀਆਂ ਦੀ ਕਾਨਫਰੰਸ (ਜਿਸਦੀ ਪ੍ਰਧਾਨਗੀ ਸੁਭਾਸ਼ ਚੰਦਰ ਬੋਸ ਨੇ ਕੀਤੀ ਸੀ) ਲਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਜੇਲ੍ਹ ਵਿੱਚੋਂ ਇੱਕ ਵਿਸ਼ੇਸ਼ ਸੰਦੇਸ਼ ਭੇਜਿਆ ਸੀਇਸ ਸੰਦੇਸ਼ ਵਿੱਚ ਉਨ੍ਹਾਂ ਨੇ ਨੌਜਵਾਨਾਂ ਦੀ ਜ਼ਿੰਮੇਵਾਰੀ ਬਾਰੇ ਕੁਝ ਬਹੁਤ ਹੀ ਮਹੱਤਵਪੂਰਨ ਗੱਲਾਂ ਕਹੀਆਂ ਸਨ:

*ਕ੍ਰਾਂਤੀ ਦੇ ਅਸਲ ਅਰਥ: ਉਨ੍ਹਾਂ ਨੇ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਬੰਬ ਜਾਂ ਪਿਸਤੌਲ ਚਲਾਉਣ ਦੀ ਸਲਾਹ ਨਹੀਂ ਦੇ ਸਕਦੇਕ੍ਰਾਂਤੀ ਦਾ ਮਤਲਬ ਸਿਰਫ ਹਥਿਆਰਬੰਦ ਸੰਘਰਸ਼ ਨਹੀਂ ਹੈ, ਸਗੋਂ ਸਮਾਜ ਵਿੱਚ ਇੱਕ ਅਜਿਹਾ ਬਦਲਾਅ ਲਿਆਉਣਾ ਹੈ ਜੋ ਮਨੁੱਖ ਵੱਲੋਂ ਮਨੁੱਖ ਦੇ ਸ਼ੋਸ਼ਣ ਨੂੰ ਖਤਮ ਕਰੇ।*

*ਸਮਾਜਵਾਦੀ ਅਜ਼ਾਦੀ ਦੀ ਲੋੜ: ਨੌਜਵਾਨਾਂ ਨੂੰ ਇਹ ਸਮਝਣਾ ਪਵੇਗਾ ਕਿ ਅਜ਼ਾਦੀ ਦਾ ਮਤਲਬ ਸਿਰਫ ਅੰਗਰੇਜ਼ਾਂ ਨੂੰ ਭਜਾਉਣਾ ਨਹੀਂ ਹੈ, ਸਗੋਂ ਦੇਸ਼ ਵਿੱਚੋਂ ਗਰੀਬੀ, ਅਸਮਾਨਤਾ ਅਤੇ ਸ਼ੋਸ਼ਣ ਨੂੰ ਖਤਮ ਕਰਕੇ ਸਮਾਜਵਾਦੀ ਨਿਜ਼ਾਮ ਦੀ ਸਥਾਪਨਾ ਕਰਨਾ ਹੈ*

*ਦੇਸ਼ ਦੇ ਭਵਿੱਖ ਦਾ ਭਾਰ: ਭਗਤ ਸਿੰਘ ਨੇ ਨੌਜਵਾਨਾਂ ਨੂੰ ਯਾਦ ਦਿਵਾਇਆ ਦੇਸ਼ ਦੀ ਅਜ਼ਾਦੀ ਅਤੇ ਇਸਦੇ ਭਵਿੱਖ ਨੂੰ ਸੰਭਾਲਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ ’ਤੇ ਹੈ*

*ਮਜ਼ਦੂਰਾਂ ਅਤੇ ਕਿਸਾਨਾਂ ਨਾਲ ਸਾਂਝ: ਉਨ੍ਹਾਂ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਕਿਤਾਬੀ ਗਿਆਨ ਤਕ ਸੀਮਿਤ ਨਾ ਰਹਿਣ, ਸਗੋਂ ਕਾਰਖਾਨਿਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਅਤੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਦੇ ਨੇੜੇ ਜਾਣ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਅਜ਼ਾਦੀ ਦੀ ਲਹਿਰ ਨਾਲ ਜੋੜਨਇਸ ਸੰਦੇਸ਼ ਰਾਹੀਂ ਭਗਤ ਸਿੰਘ ਨੇ ਨੌਜਵਾਨਾਂ ਨੂੰ “ਇਨਕਲਾਬ ਜ਼ਿੰਦਾਬਾਦ” ਦੇ ਨਾਲ-ਨਾਲ ਸਮਾਜਿਕ ਅਤੇ ਆਰਥਿਕ ਅਜ਼ਾਦੀ ਲਈ ਜਾਗਰੂਕ ਹੋਣ ਦਾ ਸੱਦਾ ਦਿੱਤਾ ਸੀ

*ਮਜ਼ਦੂਰ ਅਤੇ ਕਿਸਾਨ ਇਨਕਲਾਬ ਦੀ ਅਸਲੀ ਤਾਕਤ*

ਭਗਤ ਸਿੰਘ ਦੀ ਸਿਆਸੀ ਸੋਚ ਦੇ ਵਿਕਾਸ ਨਾਲ ਉਨ੍ਹਾਂ ਦਾ ਧਿਆਨ ਮਜ਼ਦੂਰਾਂ ਅਤੇ ਕਿਸਾਨਾਂ ਵੱਲ ਹੋਰ ਸਪਸ਼ਟ ਹੁੰਦਾ ਗਿਆ ਉਹ ਸਮਝ ਗਏ ਸਨ ਕਿ ਕੁਝ ਗਿਣਤੀ ਦੇ ਨੌਜਵਾਨਾਂ ਦੀਆਂ ਸਾਹਸੀ ਕਾਰਵਾਈਆਂ ਨਾਲ ਸਮਾਜ ਦੀ ਬੁਨਿਆਦੀ ਤਬਦੀਲੀ ਸੰਭਵ ਨਹੀਂ, ਇਸ ਲਈ ਕਰੋੜਾਂ ਮਿਹਨਤਕਸ਼ ਲੋਕਾਂ ਨੂੰ ਜਥੇਬੰਦ ਕਰਨਾ ਜ਼ਰੂਰੀ ਹੈ

ਉਨ੍ਹਾਂ ਦੀਆਂ ਆਖਰੀ ਦੌਰ ਦੀਆਂ ਲਿਖਤਾਂ ਵਿੱਚ ਵਾਰ-ਵਾਰ ਇਹ ਵਿਚਾਰ ਸਾਹਮਣੇ ਆਉਂਦਾ ਹੈ ਕਿ ਅਸਲੀ ਇਨਕਲਾਬੀ ਤਾਕਤ ਮਜ਼ਦੂਰ ਅਤੇ ਕਿਸਾਨ ਹਨ ਇਸ ਨਜ਼ਰੀਏ ਨਾਲ ਭਗਤ ਸਿੰਘ ਦਾ ਇਨਕਲਾਬ ਵਿਅਕਤੀਗਤ ਬਹਾਦਰੀ ਤੋਂ ਅੱਗੇ ਵਧ ਕੇ ਜਨਤਕ ਅਤੇ ਜਥੇਬੰਦ ਸੰਘਰਸ਼ ਦੀ ਧਾਰਨਾ ਬਣ ਜਾਂਦਾ ਹੈ

ਅੱਜ ਵੀ ਇਹ ਸਵਾਲ ਪ੍ਰਸੰਗਿਕ ਹੈ ਕਿ ਦੇਸ਼ ਦੀ ਦੌਲਤ ਪੈਦਾ ਕਰਨ ਵਾਲੇ ਮਜ਼ਦੂਰ ਅਤੇ ਕਿਸਾਨ ਉਸ ਦੌਲਤ ਵਿੱਚ ਕਿੰਨੇ ਹਿੱਸੇਦਾਰ ਹਨ

*ਸਮਾਜਵਾਦ ਵੱਲ ਸਪਸ਼ਟ ਸਫਰ*

1928 ਵਿੱਚ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਨਾਂ ਵਿੱਚ ‘ਸੋਸ਼ਲਿਸਟ’ ਸ਼ਬਦ ਜੋੜ ਕੇ ਇਸ ਨੂੰ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣਾਇਆ ਗਿਆਇਹ ਸਿਰਫ ਨਾਂ ਦੀ ਤਬਦੀਲੀ ਨਹੀਂ ਸੀਇਹ ਇਨਕਲਾਬੀਆਂ ਦੇ ਵਿਚਾਰਧਾਰਕ ਵਿਕਾਸ ਦੀ ਨਿਸ਼ਾਨੀ ਸੀ

ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਇਹ ਸਪਸ਼ਟ ਕਰ ਰਹੇ ਸਨ ਕਿ ਉਨ੍ਹਾਂ ਦਾ ਟੀਚਾ ਸਿਰਫ ਬਰਤਾਨਵੀ ਸਾਮਰਾਜਵਾਦ ਤੋਂ ਸਿਆਸੀ ਅਜ਼ਾਦੀ ਨਹੀਂ, ਸਗੋਂ ਇੱਕ ਸਮਾਜਵਾਦੀ ਸਮਾਜਿਕ ਵਿਵਸਥਾ ਵੱਲ ਵਧਣਾ ਵੀ ਹੈ ਉਨ੍ਹਾਂ ਲਈ ਸਮਾਜਵਾਦ ਦਾ ਅਰਥ ਸੀ ਅਜਿਹੀ ਵਿਵਸਥਾ ਜਿਸ ਵਿੱਚ ਇੱਕ ਮਨੁੱਖ ਦੂਜੇ ਮਨੁੱਖ ਦੀ ਅਤੇ ਇੱਕ ਵਰਗ ਦੂਜੇ ਵਰਗ ਦੀ ਲੁੱਟ ਨਾ ਕਰ ਸਕੇ ਇਸੇ ਕਰਕੇ ਭਗਤ ਸਿੰਘ ਨੂੰ ਉਨ੍ਹਾਂ ਦੇ ਸਮਾਜਵਾਦ ਤੋਂ ਵੱਖ ਕਰਕੇ ਪੇਸ਼ ਕਰਨਾ ਉਨ੍ਹਾਂ ਦੀ ਵਿਚਾਰਧਾਰਕ ਵਿਰਾਸਤ ਦਾ ਇੱਕ ਬੁਨਿਆਦੀ ਹਿੱਸਾ ਨਜ਼ਰਅੰਦਾਜ਼ ਕਰਨਾ ਹੈ

*‘ਇਨਕਲਾਬ ਜ਼ਿੰਦਾਬਾਦ’ - ਬੰਬ ਅਤੇ ਪਿਸਤੌਲ ਤੋਂ ਕਿਤੇ ਅੱਗੇ*

ਭਗਤ ਸਿੰਘ ਦਾ ਸਭ ਤੋਂ ਮਸ਼ਹੂਰ ਨਾਹਰਾ ਹੈ- ‘ਇੰਕਲਾਬ ਜ਼ਿੰਦਾਬਾਦ’ ਪਰ ਇਸ ਨਾਅਰੇ ਦਾ ਅਰਥ ਉਨ੍ਹਾਂ ਨੇ ਖੁਦ ਸਪਸ਼ਟ ਕੀਤਾ 1929 ਵਿੱਚ ਮਾਡਰਨ ਰਿਵਿਊ ਦੇ ਸੰਪਾਦਕ ਰਾਮਾਨੰਦ ਚੈਟਰਜੀ ਨੇ ਇਸ ਨਾਅਰੇ ਦੀ ਆਲੋਚਨਾ ਕੀਤੀਭਗਤ ਸਿੰਘ ਅਤੇ ਬੀ. ਕੇ. ਦੱਤ ਨੇ ਜਵਾਬ ਦਿੰਦਿਆਂ ਸਮਝਾਇਆ ਕਿ ਇਨਕਲਾਬ ਦਾ ਮਤਲਬ ਸਦਾ ਖੂਨੀ ਟਕਰਾਅ ਨਹੀਂ ਅਤੇ ਨਾ ਹੀ ਇਹ ਬੰਬ ਅਤੇ ਪਿਸਤੌਲ ਦੀ ਪੂਜਾ ਹੈ ਉਨ੍ਹਾਂ ਲਈ ਇਨਕਲਾਬ ਦਾ ਅਰਥ ਸੀ - ਬਿਹਤਰੀ ਲਈ ਤਬਦੀਲੀ ਦੀ ਤਾਂਘ

ਮਨੁੱਖ ਅਕਸਰ ਮੌਜੂਦਾ ਵਿਵਸਥਾ ਦਾ ਆਦੀ ਹੋ ਜਾਂਦਾ ਹੈਅਨਿਆਂ ਵੀ ਉਸ ਨੂੰ ਸਧਾਰਨ ਲੱਗਣ ਲਗਦਾ ਹੈਤਬਦੀਲੀ ਤੋਂ ਡਰ ਪੈਦਾ ਹੋ ਜਾਂਦਾ ਹੈ ਭਗਤ ਸਿੰਘ ਇਸੇ ਜੜ੍ਹਤਾ ਨੂੰ ਤੋੜਨ ਵਾਲੀ ਚੇਤਨਾ ਨੂੰ ਇਨਕਲਾਬੀ ਭਾਵਨਾ ਮੰਨਦੇ ਸਨ ਪੁਰਾਣੀ ਵਿਵਸਥਾ ਨੂੰ ਨਵੀਂ ਅਤੇ ਬਿਹਤਰ ਵਿਵਸਥਾ ਲਈ ਰਾਹ ਦੇਣਾ ਚਾਹੀਦਾ ਹੈਨਹੀਂ ਤਾਂ ਪਿਛਾਂਹਖਿੱਚੂ ਤਾਕਤਾਂ ਮਜ਼ਬੂਤ ਹੋ ਕੇ ਮਨੁੱਖੀ ਤਰੱਕੀ ਨੂੰ ਰੋਕ ਦਿੰਦੀਆਂ ਹਨ

ਇਹੀ ‘ਇਨਕਲਾਬ ਜ਼ਿੰਦਾਬਾਦ’ ਦਾ ਡੂੰਘਾ ਅਰਥ ਹੈ

*‘ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਉੱਤੇ ਤਿੱਖੀ ਹੁੰਦੀ ਹੈ’*

ਭਗਤ ਸਿੰਘ ਦੀ ਵਿਰਾਸਤ ਵਿੱਚ ਵਿਚਾਰ ਅਤੇ ਤਰਕ ਦੀ ਬਹੁਤ ਵੱਡੀ ਥਾਂ ਹੈ ਉਨ੍ਹਾਂ ਦੀ ਸੋਚ ਵਿੱਚ ਇਨਕਲਾਬ ਸਿਰਫ ਗੁੱਸੇ ਜਾਂ ਜੋਸ਼ ਦਾ ਨਤੀਜਾ ਨਹੀਂ ਸੀਇਨਕਲਾਬ ਲਈ ਲੋਕਾਂ ਨੂੰ ਸਮਝਣਾ, ਉਨ੍ਹਾਂ ਨੂੰ ਸਿੱਖਿਅਤ ਕਰਨਾ, ਜਥੇਬੰਦ ਕਰਨਾ ਅਤੇ ਇੱਕ ਬਦਲਵੀਂ ਸਮਾਜਿਕ ਵਿਵਸਥਾ ਦੀ ਸਪਸ਼ਟ ਸਮਝ ਵਿਕਸਿਤ ਕਰਨੀ ਜ਼ਰੂਰੀ ਸੀ ਇਸੇ ਸੰਦਰਭ ਵਿੱਚ ਉਨ੍ਹਾਂ ਨਾਲ ਜੁੜੀ ਪ੍ਰਸਿੱਧ ਪੰਕਤੀ ਹੈ ਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਉੱਤੇ ਤਿੱਖੀ ਹੁੰਦੀ ਹੈ ਅੱਜ ਦੇ ਨੌਜਵਾਨਾਂ ਲਈ ਇਹ ਸੰਦੇਸ਼ ਸ਼ਾਇਦ ਹੋਰ ਵੀ ਮਹੱਤਵਪੂਰਨ ਹੈ- ਪੜ੍ਹੋ, ਸਵਾਲ ਕਰੋ, ਬਹਿਸ ਕਰੋ ਅਤੇ ਹਰ ਦਾਅਵੇ ਨੂੰ ਤਰਕ ਅਤੇ ਸਬੂਤ ਦੀ ਕਸੌਟੀ ’ਤੇ ਪਰਖੋ

*ਫਿਰਕਾਪ੍ਰਸਤੀ ਵਿਰੁੱਧ ਲੜਾਈ*

1920ਵਿਆਂ ਵਿੱਚ ਦੇਸ਼ ਵਿੱਚ ਹਿੰਦੂ-ਮੁਸਲਿਮ ਫਿਰਕੂ ਦੰਗਿਆਂ ਨੇ ਭਗਤ ਸਿੰਘ ਨੂੰ ਬਹੁਤ ਚਿੰਤਤ ਕੀਤਾ ਉਨ੍ਹਾਂ ਨੇ ਫਿਰਕਾਪ੍ਰਸਤੀ ਨੂੰ ਅਜ਼ਾਦੀ ਦੀ ਲੜਾਈ ਲਈ ਗੰਭੀਰ ਖਤਰਾ ਮੰਨਿਆਉਨ੍ਹਾਂ ਦੀ ਸਿਆਸਤ ਦਾ ਅਧਾਰ ਧਾਰਮਿਕ ਪਛਾਣ ਨਹੀਂ ਸੀ, ਸਗੋਂ ਲੋਕਾਂ ਦੇ ਸਾਂਝੇ ਹਿਤ ਸਨ ਮਜ਼ਦੂਰ ਚਾਹੇ ਕਿਸੇ ਵੀ ਧਰਮ ਦਾ ਹੋਵੇ, ਉਸਦੀਆਂ ਬੁਨਿਆਦੀ ਸਮੱਸਿਆਵਾਂ ਮਿਹਨਤ, ਰੋਟੀ, ਮਜ਼ਦੂਰੀ ਅਤੇ ਸਨਮਾਨ ਨਾਲ ਜੁੜੀਆਂ ਹਨਕਿਸਾਨ ਦੀਆਂ ਸਮੱਸਿਆਵਾਂ ਵੀ ਉਸਦੇ ਧਰਮ ਨਾਲ ਨਹੀਂ, ਜ਼ਮੀਨ, ਕਰਜ਼ੇ ਅਤੇ ਉਸਦੀ ਮਿਹਨਤ ਦੇ ਮੁੱਲ ਨਾਲ ਜੁੜੀਆਂ ਹਨ ਇਸ ਲਈ ਭਗਤ ਸਿੰਘ ਦੀ ਸੋਚ ਵਿੱਚ ਫਿਰਕਾਪ੍ਰਸਤੀ ਵਿਰੁੱਧ ਸੰਘਰਸ਼ ਅਤੇ ਮਿਹਨਤਕਸ਼ ਲੋਕਾਂ ਦੀ ਏਕਤਾ ਆਪਸ ਵਿੱਚ ਜੁੜੇ ਹੋਏ ਸਨ

ਅੱਜ ਜਦੋਂ ਧਾਰਮਿਕ ਅਤੇ ਸਮਾਜਿਕ ਧਰੁਵੀਕਰਨ ਦੇ ਸਵਾਲ ਮੁੜ-ਮੁੜ ਸਾਹਮਣੇ ਆਉਂਦੇ ਹਨ, ਭਗਤ ਸਿੰਘ ਦਾ ਇਹ ਸੰਦੇਸ਼ ਬੇਹੱਦ ਮਹੱਤਵਪੂਰਨ ਬਣ ਜਾਂਦਾ ਹੈ

*ਜਾਤ-ਪਾਤ ਦਾ ਸਵਾਲ*

ਭਗਤ ਸਿੰਘ ਨੇ ਸਮਾਜ ਵਿੱਚ ਛੂਆਛੂਤ ਅਤੇ ਜਾਤੀ ਅਧਾਰਿਤ ਵਿਤਕਰੇ ਨੂੰ ਵੀ ਚੁਣੌਤੀ ਦਿੱਤੀ ਉਨ੍ਹਾਂ ਦੇ ਸਮੇਂ ਵਿੱਚ ਸਮਾਜ ਦੇ ਇੱਕ ਵੱਡੇ ਹਿੱਸੇ ਨੂੰ ‘ਅਛੂਤ’ ਕਹਿ ਕੇ ਮਨੁੱਖੀ ਬਰਾਬਰੀ ਤੋਂ ਵਾਂਝਾ ਰੱਖਿਆ ਜਾਂਦਾ ਸੀਭਗਤ ਸਿੰਘ ਲਈ ਅਜਿਹੀ ਵਿਵਸਥਾ ਅਜ਼ਾਦੀ ਦੇ ਆਦਰਸ਼ ਨਾਲ ਮੇਲ ਨਹੀਂ ਖਾਂਦੀ ਸੀ ਸਿਆਸੀ ਗੁਲਾਮੀ ਦਾ ਵਿਰੋਧ ਕਰਦਿਆਂ ਜੇ ਅਸੀਂ ਆਪਣੇ ਹੀ ਸਮਾਜ ਵਿੱਚ ਮਨੁੱਖ ਨੂੰ ਮਨੁੱਖ ਤੋਂ ਨੀਵਾਂ ਮੰਨੀਏ, ਤਾਂ ਅਜ਼ਾਦੀ ਦੀ ਗੱਲ ਅਧੂਰੀ ਰਹਿ ਜਾਂਦੀ ਹੈ ਇਸ ਲਈ ਉਨ੍ਹਾਂ ਦੀ ਵਿਰਾਸਤ ਸਮਾਜਿਕ ਬਰਾਬਰੀ ਅਤੇ ਜਾਤੀ ਵਿਤਕਰੇ ਦੇ ਖਾਤਮੇ ਨਾਲ ਵੀ ਜੁੜਦੀ ਹੈ

*ਤਰਕ, ਵਿਗਿਆਨਕ ਸੋਚ ਅਤੇ ‘ਮੈਂ ਨਾਸਤਿਕ ਕਿਉਂ ਹਾਂ’*

ਭਗਤ ਸਿੰਘ ਦਾ ਪ੍ਰਸਿੱਧ ਲੇਖ ‘ਮੈਂ ਨਾਸਤਿਕ ਕਿਉਂ ਹਾਂ’ ਸਿਰਫ ਰੱਬ ਦੀ ਹੋਂਦ ਬਾਰੇ ਲਿਖਿਆ ਲੇਖ ਨਹੀਂ ਹੈ

ਇਸਦਾ ਇੱਕ ਹੋਰ ਮਹੱਤਵਪੂਰਨ ਪੱਖ ਹੈ - ਤਰਕ ਕਰਨ ਦੀ ਅਜ਼ਾਦੀ

ਭਗਤ ਸਿੰਘ ਕਿਸੇ ਵਿਚਾਰ ਨੂੰ ਸਿਰਫ ਇਸ ਲਈ ਸਵੀਕਾਰ ਕਰਨ ਦੇ ਹੱਕ ਵਿੱਚ ਨਹੀਂ ਸਨ ਕਿ ਉਹ ਪੁਰਾਣਾ ਹੈ, ਪ੍ਰਚਲਿਤ ਹੈ ਜਾਂ ਕਿਸੇ ਵੱਡੇ ਵਿਅਕਤੀ ਨੇ ਕਿਹਾ ਹੈ ਉਨ੍ਹਾਂ ਲਈ ਇਨਕਲਾਬੀ ਹੋਣ ਦਾ ਅਰਥ ਆਪਣੇ ਵਿਸ਼ਵਾਸਾਂ ਨੂੰ ਵੀ ਸਵਾਲਾਂ ਦੀ ਕਸੌਟੀ ’ਤੇ ਪਰਖਣਾ ਸੀ। ਇਹੀ ਵਿਗਿਆਨਕ ਸੋਚ ਦਾ ਅਧਾਰ ਹੈ

ਅੱਜ ਜਦੋਂ ਸੂਚਨਾ ਦੇ ਨਾਲ-ਨਾਲ ਅਫਵਾਹਾਂ, ਝੂਠੀ ਜਾਣਕਾਰੀ ਅਤੇ ਅੰਧਵਿਸ਼ਵਾਸ ਵੀ ਤੇਜ਼ੀ ਨਾਲ ਫੈਲ ਸਕਦੇ ਹਨ, ਇਹ ਤਰਕਸ਼ੀਲ ਵਿਰਾਸਤ ਹੋਰ ਮਹੱਤਵਪੂਰਨ ਬਣ ਜਾਂਦੀ ਹੈ

*ਸਾਮਰਾਜਵਾਦ-ਸਿਰਫ ਵਿਦੇਸ਼ੀ ਝੰਡੇ ਦਾ ਨਾਂ ਨਹੀਂ*

ਭਗਤ ਸਿੰਘ ਦੀ ਲੜਾਈ ਬਰਤਾਨਵੀ ਸਾਮਰਾਜਵਾਦ ਵਿਰੁੱਧ ਸੀ, ਪਰ ਉਨ੍ਹਾਂ ਦੀ ਸਾਮਰਾਜਵਾਦ ਦੀ ਸਮਝ ਸਿਰਫ ਵਿਦੇਸ਼ੀ ਰਾਜ ਤਕ ਸੀਮਿਤ ਨਹੀਂ ਰਹੀ ਉਹ ਸ਼ੋਸ਼ਣ ਦੀ ਉਸ ਵੱਡੀ ਪ੍ਰਣਾਲੀ ਨੂੰ ਚੁਣੌਤੀ ਦੇ ਰਹੇ ਸਨ ਜਿਸ ਵਿੱਚ ਤਾਕਤਵਰ ਵਰਗ ਅਤੇ ਤਾਕਤਵਰ ਰਾਜ ਕਮਜ਼ੋਰ ਲੋਕਾਂ ਅਤੇ ਸਮਾਜਾਂ ਦੇ ਸਰੋਤਾਂ ਅਤੇ ਮਿਹਨਤ ਉੱਤੇ ਕਬਜ਼ਾ ਕਰਦੇ ਹਨ ਇਸੇ ਲਈ ਉਨ੍ਹਾਂ ਦੇ ਦੌਰ ਦੇ ਦੋ ਨਾਅਰੇ ਇੱਕ-ਦੂਜੇ ਨਾਲ ਜੁੜੇ ਹੋਏ ਸਨ-

ਇਨਕਲਾਬ ਜ਼ਿੰਦਾਬਾਦ!
ਸਾਮਰਾਜਵਾਦ ਮੁਰਦਾਬਾਦ!

ਅੱਜ ਸਾਮਰਾਜਵਾਦ ਦੇ ਰੂਪ 1929 ਵਰਗੇ ਨਹੀਂ ਹਨਪਰ ਜੰਗਾਂ, ਆਰਥਿਕ ਦਬਾਅ, ਸਰੋਤਾਂ ਉੱਤੇ ਕਬਜ਼ੇ ਅਤੇ ਵਿਸ਼ਵ ਪੱਧਰੀ ਅਸਮਾਨ ਤਾਕਤੀ ਸੰਬੰਧਾਂ ਨੂੰ ਸਮਝਦਿਆਂ ਭਗਤ ਸਿੰਘ ਦੀ ਸਾਮਰਾਜਵਾਦ ਵਿਰੋਧੀ ਦ੍ਰਿਸ਼ਟੀ ਅਜੇ ਵੀ ਵਿਚਾਰ ਦੀ ਮੰਗ ਕਰਦੀ ਹੈ

*ਨੌਜਵਾਨਾਂ ਦੀ ਭੂਮਿਕਾ*

ਭਗਤ ਸਿੰਘ ਖੁਦ ਸਿਰਫ 23 ਸਾਲ ਦੀ ਉਮਰ ਵਿੱਚ ਸ਼ਹੀਦ ਹੋਏਪਰ ਉਨ੍ਹਾਂ ਦੀ ਨੌਜਵਾਨਾਂ ਤੋਂ ਉਮੀਦ ਸਿਰਫ ਜੋਸ਼ ਦੀ ਨਹੀਂ ਸੀ ਉਹ ਨੌਜਵਾਨਾਂ ਨੂੰ ਲੋਕਾਂ ਵਿੱਚ ਜਾਣ, ਪੜ੍ਹਨ, ਸਮਝਣ ਅਤੇ ਸਮਾਜਿਕ ਤਬਦੀਲੀ ਲਈ ਜਥੇਬੰਦ ਹੋਣ ਦਾ ਸੱਦਾ ਦਿੰਦੇ ਸਨ ਇਸ ਲਈ ਅੱਜ ਭਗਤ ਸਿੰਘ ਦੀ ਤਸਵੀਰ ਟੀ-ਸ਼ਰਟ ਉੱਤੇ ਪਾਉਣਾ ਜਾਂ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਤਸਵੀਰ ਸਾਂਝੀ ਕਰਨਾ ਉਨ੍ਹਾਂ ਨੂੰ ਯਾਦ ਕਰਨ ਦਾ ਇੱਕ ਰੂਪ ਹੋ ਸਕਦਾ ਹੈ, ਪਰ ਉਨ੍ਹਾਂ ਦੀ ਅਸਲੀ ਵਿਰਾਸਤ ਨੂੰ ਅਪਣਾਉਣ ਦਾ ਅਰਥ ਹੈ- ਸਵਾਲ ਕਰਨ ਵਾਲਾ, ਪੜ੍ਹਨ ਵਾਲਾ, ਤਰਕਸ਼ੀਲ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਨੌਜਵਾਨ ਬਣਨਾ

*ਅੱਜ ਭਗਤ ਸਿੰਘ ਕਿਹੜੇ ਸਵਾਲ ਪੁੱਛਦੇ?*

ਇਤਿਹਾਸਕ ਸ਼ਖਸੀਅਤਾਂ ਬਾਰੇ ਇਹ ਦਾਅਵਾ ਨਹੀਂ ਕਰਨਾ ਚਾਹੀਦਾ ਕਿ ਅੱਜ ਦੇ ਹਰ ਖਾਸ ਸਿਆਸੀ ਵਿਵਾਦ ਉੱਤੇ ਉਹ ਕੀ ਕਹਿੰਦੇ ਪਰ ਭਗਤ ਸਿੰਘ ਦੀਆਂ ਆਪਣੀਆਂ ਲਿਖਤਾਂ ਦੇ ਅਧਾਰ ’ਤੇ ਅਸੀਂ ਇਹ ਜ਼ਰੂਰ ਸਮਝ ਸਕਦੇ ਹਾਂ ਕਿ ਉਨ੍ਹਾਂ ਦੀ ਚਿੰਤਾ ਦੇ ਕੇਂਦਰ ਵਿੱਚ ਕਿਹੜੇ ਸਵਾਲ ਹੁੰਦੇ ਉਹ ਸ਼ਾਇਦ ਪੁੱਛਦੇ-

ਦੇਸ਼ ਦੀ ਦੌਲਤ ਪੈਦਾ ਕਰਨ ਵਾਲੇ ਮਜ਼ਦੂਰਾਂ ਨੂੰ ਉਸ ਵਿੱਚ ਨਿਆਂਪੂਰਨ ਹਿੱਸਾ ਕਿਉਂ ਨਹੀਂ ਮਿਲਦਾ?

ਕਿਸਾਨ ਆਪਣੀ ਮਿਹਨਤ ਦੇ ਬਾਵਜੂਦ ਆਰਥਿਕ ਅਸੁਰੱਖਿਆ ਵਿੱਚ ਕਿਉਂ ਰਹਿੰਦਾ ਹੈ?

ਹਰ ਨੌਜਵਾਨ ਨੂੰ ਮਿਆਰੀ ਸਿੱਖਿਆ ਅਤੇ ਸਨਮਾਨਜਨਕ ਰੁਜ਼ਗਾਰ ਕਿਉਂ ਨਹੀਂ ਮਿਲਦਾ?

ਜਾਤ ਦੇ ਅਧਾਰ ’ਤੇ ਮਨੁੱਖ ਨਾਲ ਵਿਤਕਰਾ ਕਿਉਂ ਹੁੰਦਾ ਹੈ?

ਧਰਮ ਦੇ ਨਾਂ ’ਤੇ ਲੋਕਾਂ ਨੂੰ ਇੱਕ-ਦੂਜੇ ਦੇ ਵਿਰੁੱਧ ਕਿਉਂ ਖੜ੍ਹਾ ਕੀਤਾ ਜਾਂਦਾ ਹੈ?

ਔਰਤਾਂ ਨੂੰ ਅਮਲੀ ਜੀਵਨ ਵਿੱਚ ਪੂਰੀ ਬਰਾਬਰੀ ਕਦੋਂ ਮਿਲੇਗੀ?

ਅਤੇ ਸਭ ਤੋਂ ਵੱਡਾ ਸਵਾਲ- ਕੀ ਸਾਡੀ ਆਰਥਿਕ ਅਤੇ ਸਮਾਜਿਕ ਵਿਵਸਥਾ ਮਨੁੱਖ ਦੀਆਂ ਲੋੜਾਂ ਲਈ ਹੈ ਜਾਂ ਮੁਨਾਫੇ ਲਈ?

*ਸਿਆਸੀ ਅਜ਼ਾਦੀ ਤੋਂ ਸਮਾਜਿਕ, ਆਰਥਿਕ ਅਜ਼ਾਦੀ ਤੱਕ*

15 ਅਗਸਤ 1947 ਨੂੰ ਭਾਰਤ ਨੇ ਬਰਤਾਨਵੀ ਬਸਤੀਵਾਦੀ ਰਾਜ ਤੋਂ ਅਜ਼ਾਦੀ ਹਾਸਲ ਕੀਤੀਇਹ ਇਤਿਹਾਸਕ ਪ੍ਰਾਪਤੀ ਅਣਗਿਣਤ ਅਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦਾ ਨਤੀਜਾ ਸੀ ਪਰ ਭਗਤ ਸਿੰਘ ਦਾ ਸੁਪਨਾ ਸਾਨੂੰ ਇਸ ਤੋਂ ਅੱਗੇ ਦੇ ਸਵਾਲ ਪੁੱਛਣ ਲਈ ਮਜਬੂਰ ਕਰਦਾ ਹੈ ਸਿਆਸੀ ਅਜ਼ਾਦੀ ਨੂੰ ਸਮਾਜਿਕ ਅਤੇ ਆਰਥਿਕ ਅਜ਼ਾਦੀ ਨਾਲ ਜੋੜੇ ਬਿਨਾਂ ਅਜ਼ਾਦੀ ਦਾ ਕੰਮ ਪੂਰਾ ਨਹੀਂ ਹੁੰਦਾ ਜਦੋਂ ਤਕ ਗਰੀਬੀ, ਬੇਰੁਜ਼ਗਾਰੀ, ਸਮਾਜਿਕ ਵਿਤਕਰਾ ਅਤੇ ਸ਼ੋਸ਼ਣ ਮੌਜੂਦ ਹਨ, ਭਗਤ ਸਿੰਘ ਵੱਲੋਂ ਉਠਾਏ ਸਵਾਲ ਵੀ ਮੌਜੂਦ ਰਹਿਣਗੇ

*ਭਗਤ ਸਿੰਘ ਨੂੰ ਕਿਸੇ ਤਸਵੀਰ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ*

ਅੱਜ ਵੱਖ-ਵੱਖ ਵਿਚਾਰਧਾਰਾਵਾਂ ਅਤੇ ਸਿਆਸੀ ਧਾਰਾਵਾਂ ਭਗਤ ਸਿੰਘ ਨੂੰ ਆਪਣਾ ਨਾਇਕ ਦੱਸਦੀਆਂ ਹਨਇਸ ਵਿੱਚ ਹੈਰਾਨੀ ਦੀ ਗੱਲ ਨਹੀਂ, ਕਿਉਂਕਿ ਉਨ੍ਹਾਂ ਦੀ ਕੁਰਬਾਨੀ ਪੂਰੇ ਦੇਸ਼ ਦੀ ਵਿਰਾਸਤ ਹੈ ਪਰ ਭਗਤ ਸਿੰਘ ਨੂੰ ਸਿਰਫ ਉਨ੍ਹਾਂ ਦੀ ਪੱਗ, ਟੋਪੀ, ਮੁੱਛਾਂ ਜਾਂ ਸ਼ਹਾਦਤ ਤਕ ਸੀਮਿਤ ਕਰਨਾ ਕਾਫੀ ਨਹੀਂ ਉਨ੍ਹਾਂ ਨੂੰ ਸਮਝਣਾ ਹੈ ਤਾਂ ਉਨ੍ਹਾਂ ਨੂੰ ਪੜ੍ਹਨਾ ਪਵੇਗਾ ਉਨ੍ਹਾਂ ਦੀਆਂ ਲਿਖਤਾਂ ਵਿੱਚ ਸਮਾਜਵਾਦ ਹੈ ਸਾਮਰਾਜਵਾਦ ਦਾ ਵਿਰੋਧ ਹੈ ਫਿਰਕਾਪ੍ਰਸਤੀ ਦਾ ਵਿਰੋਧ ਹੈ ਜਾਤੀ ਵਿਤਕਰੇ ਵਿਰੁੱਧ ਅਵਾਜ਼ ਹੈ ਤਰਕਸ਼ੀਲ ਅਤੇ ਵਿਗਿਆਨਕ ਸੋਚ ਹੈ ਮਜ਼ਦੂਰ-ਕਿਸਾਨ ਦੀ ਮੁਕਤੀ ਦਾ ਸੁਪਨਾ ਹੈ ਅਤੇ ਨੌਜਵਾਨਾਂ ਨੂੰ ਸਮਾਜ ਬਦਲਣ ਦਾ ਸੱਦਾ ਹੈ

ਇਹ ਸਭ ਕੁਝ ਹਟਾ ਕੇ ਸਿਰਫ ਉਨ੍ਹਾਂ ਦੀ ਤਸਵੀਰ ਬਚਾ ਲੈਣਾ ਭਗਤ ਸਿੰਘ ਨੂੰ ਯਾਦ ਕਰਨਾ ਨਹੀਂ, ਸਗੋਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਤਸਵੀਰ ਪਿੱਛੇ ਲੁਕਾ ਦੇਣਾ ਹੋਵੇਗਾ

*ਅੰਤ ਵਿੱਚ*

ਭਗਤ ਸਿੰਘ ਨੇ ਸਿਰਫ ਇਹ ਨਹੀਂ ਪੁੱਛਿਆ ਸੀ ਕਿ ਭਾਰਤ ਉੱਤੇ ਰਾਜ ਕੌਣ ਕਰੇਗਾ, ਉਨ੍ਹਾਂ ਦੀ ਵਿਚਾਰਧਾਰਾ ਇਸ ਤੋਂ ਵੱਡਾ ਸਵਾਲ ਖੜ੍ਹਾ ਕਰਦੀ ਹੈ-

ਭਾਰਤ ਵਿੱਚ ਸਮਾਜਿਕ ਅਤੇ ਆਰਥਿਕ ਵਿਵਸਥਾ ਕਿਸਦੇ ਹਿਤ ਵਿੱਚ ਚੱਲੇਗੀ? ਕੁਝ ਲੋਕਾਂ ਦੇ ਜਾਂ ਕਰੋੜਾਂ ਮਿਹਨਤਕਸ਼ ਲੋਕਾਂ ਦੇ?

ਇਹੀ ਸਵਾਲ ਭਗਤ ਸਿੰਘ ਨੂੰ ਅੱਜ ਵੀ ਪ੍ਰਸੰਗਿਕ ਬਣਾਉਂਦਾ ਹੈ

ਉਨ੍ਹਾਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਸਿਰਫ ਫੁੱਲ ਚੜ੍ਹਾਉਣਾ ਨਹੀਂ, ਸਗੋਂ ਉਸ ਭਾਰਤ ਦੀ ਉਸਾਰੀ ਲਈ ਯਤਨ ਕਰਨਾ ਹੈ ਜਿਸ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ; ਮਜ਼ਦੂਰ ਅਤੇ ਕਿਸਾਨ ਸਨਮਾਨ ਨਾਲ ਜੀ ਸਕਣ; ਨੌਜਵਾਨ ਨੂੰ ਸਿੱਖਿਆ ਅਤੇ ਰੁਜ਼ਗਾਰ ਮਿਲੇ; ਜਾਤ ਅਤੇ ਧਰਮ ਮਨੁੱਖ ਨੂੰ ਮਨੁੱਖ ਤੋਂ ਵੱਖ ਨਾ ਕਰਨ; ਵਿਚਾਰ ਅਤੇ ਸਵਾਲ ਕਰਨ ਦੀ ਅਜ਼ਾਦੀ ਹੋਵੇ ਅਤੇ ਹਰੇਕ ਮਨੁੱਖ ਨੂੰ ਬਰਾਬਰੀ ਅਤੇ ਮਾਣ ਨਾਲ ਜਿਊਣ ਦਾ ਅਧਿਕਾਰ ਮਿਲੇ

ਇਹੀ ਭਗਤ ਸਿੰਘ ਦੇ ਇਨਕਲਾਬ ਦਾ ਅਧੂਰਾ ਕਾਰਜ ਹੈ ਅਤੇ ਇਸੇ ਅਰਥ ਵਿੱਚ ਉਨ੍ਹਾਂ ਦਾ ਨਾਹਰਾ ਅੱਜ ਵੀ ਜਿਊਂਦਾ ਹੈ-

ਇਨਕਲਾਬ ਜ਼ਿੰਦਾਬਾਦ!
ਸਾਮਰਾਜਵਾਦ ਮੁਰਦਾਬਾਦ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (sarokar2015@gmail.com)

About the Author

ਮਨਿੰਦਰ ਸਿੰਘ ਭਾਟੀਆ

ਮਨਿੰਦਰ ਸਿੰਘ ਭਾਟੀਆ

Ludhiana, Punjab, India.
Phone: (91 - 99884-91002)
Email: (msbhatianzpc@gmail.com)

More articles from this author