“ਇਹ ਪਹਾੜ ਪੱਥਰਾਂ ਦਾ ਨਹੀਂ; ਇਸਦੀਆਂ ਚਟਾਨਾਂ ਹਨ- ਦੌਲਤ ਦੀ ਗੈਰ ਬਰਾਬਰ ਵੰਡ ...”
(14 ਸਤੰਬਰ 2026)


ਇਤਿਹਾਸ ਵਿੱਚ ਕੁਝ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਕੋਲ ਨਾ ਵੱਡੀ ਦੌਲਤ ਹੁੰਦੀ ਹੈ, ਨਾ ਕੋਈ ਅਹੁਦਾ ਅਤੇ ਨਾ ਹੀ ਕੋਈ ਤਾਕਤਵਰ ਸੰਸਥਾ। ਪਰ ਉਨ੍ਹਾਂ ਅੰਦਰ ਆਪਣੇ ਲੋਕਾਂ ਲਈ ਕੁਝ ਕਰ ਗੁਜ਼ਰਨ ਦਾ ਜਜ਼ਬਾ ਇੰਨਾ ਵੱਡਾ ਹੁੰਦਾ ਹੈ ਕਿ ਉਹ ਅਸੰਭਵ ਦਿਖਾਈ ਦੇਣ ਵਾਲੇ ਕੰਮ ਨੂੰ ਵੀ ਸੰਭਵ ਬਣਾ ਦਿੰਦੇ ਹਨ। ਦਸ਼ਰਥ ਮਾਂਝੀ ਅਜਿਹਾ ਹੀ ਇੱਕ ਅਦਭੁਤ ਇਨਸਾਨ ਸੀ।
ਦਸ਼ਰਥ ਮਾਂਝੀ (ਜਿਨ੍ਹਾਂ ਨੂੰ “ਮਾਊਂਨਟੇਨ ਮੈਨ” ਜਾਂ ਪਹਾੜ ਪੁਰਸ਼ ਵੀ ਕਿਹਾ ਜਾਂਦਾ ਹੈ) ਦਾ ਜਨਮ 14 ਜਨਵਰੀ 1934 ਨੂੰ ਬਿਹਾਰ ਦੇ ਗਯਾ ਨੇੜਲੇ ਪਿੰਡ ਗਹਿਲੌਰ ਦੇ ਇੱਕ ਸਧਾਰਨ ਗਰੀਬ ਮਜ਼ਦੂਰ ਪਰਿਵਾਰ ਵਿੱਚ ਹੋਇਆ। ਉਹ ਆਪਣੇ ਦ੍ਰਿੜ੍ਹ ਇਰਾਦੇ ਅਤੇ ਹਿੰਮਤ ਕਰਕੇ ਪੂਰੇ ਵਿਸ਼ਵ ਵਿੱਚ ਜਾਣੇ ਜਾਂਦੇ ਹਨ। 1959 ਵਿੱਚ ਉਨ੍ਹਾਂ ਦੀ ਗਰਭਵਤੀ ਪਤਨੀ ਫੱਗੂਨੀ ਦੇਵੀ ਪਹਾੜੀ ਰਸਤੇ ਤੋਂ ਡਿਗ ਕੇ ਗੰਭੀਰ ਜ਼ਖਮੀ ਹੋ ਗਈ। ਪਿੰਡ ਅਤੇ ਹਸਪਤਾਲ ਵਿਚਕਾਰ ਇੱਕ ਵੱਡਾ ਪਹਾੜ ਹੋਣ ਕਰਕੇ ਡਾਕਟਰੀ ਸਹਾਇਤਾ ਮਿਲਣ ਵਿੱਚ ਦੇਰੀ ਹੋ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ।
ਪਤਨੀ ਦੀ ਮੌਤ ਦੇ ਦੁੱਖ ਨੇ ਦਸ਼ਰਥ ਨੂੰ ਅੰਦਰੋਂ ਹਿਲਾ ਦਿੱਤਾ। ਪਰ ਉਹ ਸਿਰਫ ਆਪਣੀ ਕਿਸਮਤ ਨੂੰ ਕੋਸ ਕੇ ਨਹੀਂ ਬੈਠਿਆ। ਉਸਨੇ ਪਹਾੜ ਵੱਲ ਦੇਖਿਆ ਅਤੇ ਫੈਸਲਾ ਕੀਤਾ ਕਿ ਜਿਸ ਪਹਾੜ ਨੇ ਉਸ ਤੋਂ ਉਸਦੀ ਜੀਵਨ ਸਾਥਣ ਖੋਹ ਲਈ ਹੈ, ਉਹ ਪਹਾੜ ਹੁਣ ਕਿਸੇ ਹੋਰ ਦੀ ਜ਼ਿੰਦਗੀ ਦਾ ਰਸਤਾ ਨਹੀਂ ਰੋਕੇਗਾ। ਉਸਨੇ ਹਥੌੜਾ ਅਤੇ ਛੈਣੀ ਚੁੱਕ ਲਈ। ਲੋਕਾਂ ਨੇ ਉਸ ਨੂੰ ਪਾਗਲ ਕਿਹਾ। ਕਿਸੇ ਨੇ ਕਿਹਾ ਕਿ ਇੱਕ ਇਕੱਲਾ ਆਦਮੀ ਪਹਾੜ ਕਿਵੇਂ ਕੱਟ ਸਕਦਾ ਹੈ? ਪਰ ਦਸ਼ਰਥ ਨੇ ਸਵਾਲ ਇਹ ਨਹੀਂ ਕੀਤਾ ਕਿ “ਪਹਾੜ ਕਿੰਨਾ ਵੱਡਾ ਹੈ?” ਉਸਨੇ ਸਵਾਲ ਕੀਤਾ, “ਮੇਰੇ ਹੱਥ ਵਿੱਚ ਹਥੌੜਾ ਕਿਉਂ ਹੈ?”
ਉਹ ਲਗਾਤਾਰ ਪਹਾੜ ਤੋੜਦਾ ਰਿਹਾ। ਸੰਦ ਖਰੀਦਣ ਲਈ ਆਪਣੀਆਂ ਭੇਡਾਂ-ਬੱਕਰੀਆਂ ਵੇਚ ਦਿੱਤੀਆਂ, ਆਪਣਾ ਸਾਮਾਨ ਵੇਚਿਆ ਅਤੇ ਆਪਣੇ ਸੰਕਲਪ ਨੂੰ ਜਾਰੀ ਰੱਖਿਆ। ਉਨ੍ਹਾਂ ਨੇ 1960 ਤੋਂ 1982 ਤਕ ਲਗਾਤਾਰ 22 ਸਾਲ ਤਕ ਇਕੱਲਿਆਂ ਹੀ ਸਿਰਫ ਛੈਣੀ ਅਤੇ ਹਥੌੜੇ ਨਾਲ ਪਹਾੜ ਦੇ ਵਿਚਕਾਰੋਂ 360 ਫੁੱਟ ਲੰਬਾ, 30 ਫੁੱਟ ਚੌੜਾ ਅਤੇ 25 ਫੁੱਟ ਡੂੰਘਾ ਰਸਤਾ ਪਹਾੜ ਦਾ ਸੀਨਾ ਚੀਰ ਕੇ ਬਣਾ ਦਿੱਤਾ। ਇਸ ਰਸਤੇ ਦੇ ਬਣਨ ਨਾਲ ਵਜ਼ੀਰਗੰਜ ਤੋਂ ਅਤਰੀ ਵਿਚਕਾਰ ਦੀ ਦੂਰੀ 55 ਕਿਲੋਮੀਟਰ ਤੋਂ ਘਟ ਕੇ ਸਿਰਫ 15 ਕਿਲੋਮੀਟਰ ਰਹਿ ਗਈ।
ਅੱਜ ਉਸ ਰਸਤੇ ਤੋਂ ਲੋਕ ਆਉਂਦੇ-ਜਾਂਦੇ ਹਨ। ਜਿਸ ਪਹਾੜ ਨੇ ਕਦੇ ਲੋਕਾਂ ਦੀ ਜ਼ਿੰਦਗੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ, ਉਸੇ ਪਹਾੜ ਵਿੱਚੋਂ ਦਸ਼ਰਥ ਨੇ ਲੋਕਾਂ ਲਈ ਰਸਤਾ ਕੱਢ ਦਿੱਤਾ। ਪਰ ਦਸ਼ਰਥ ਮਾਂਝੀ ਦੀ ਕਹਾਣੀ ਸਿਰਫ ਇੱਕ ਪਹਾੜ ਦੀ ਕਹਾਣੀ ਨਹੀਂ। ਇਹ ਕਹਾਣੀ ਸਾਨੂੰ ਆਪਣੇ ਸਮਾਜ ਵੱਲ ਦੇਖਣ ਦਾ ਇੱਕ ਨਵਾਂ ਨਜ਼ਰੀਆ ਦਿੰਦੀ ਹੈ। ਅੱਜ ਸਾਡੇ ਸਾਹਮਣੇ ਵੀ ਇੱਕ ਬਹੁਤ ਵੱਡਾ ਪਹਾੜ ਖੜ੍ਹਾ ਹੈ- ਪੂੰਜੀਵਾਦ ਦਾ ਪਹਾੜ।
ਇਹ ਪਹਾੜ ਪੱਥਰਾਂ ਦਾ ਨਹੀਂ; ਇਸਦੀਆਂ ਚਟਾਨਾਂ ਹਨ- ਦੌਲਤ ਦੀ ਗੈਰ ਬਰਾਬਰ ਵੰਡ, ਬੇਰੁਜ਼ਗਾਰੀ, ਮਹਿੰਗਾਈ, ਗਰੀਬੀ, ਸ਼ੋਸ਼ਣ, ਜਾਤੀਵਾਦ, ਧਾਰਮਿਕ ਨਫਰਤ, ਨਿੱਜੀਕਰਨ ਅਤੇ ਮੁਨਾਫੇ ਨੂੰ ਮਨੁੱਖ ਤੋਂ ਉੱਪਰ ਰੱਖਣ ਵਾਲੀ ਵਿਵਸਥਾ। ਇਸ ਪਹਾੜ ਦੇ ਇੱਕ ਪਾਸੇ ਉਹ ਲੋਕ ਹਨ ਜੋ ਆਪਣੀ ਮਿਹਨਤ ਨਾਲ ਸਮਾਜ ਨੂੰ ਚਲਾਉਂਦੇ ਹਨ- ਕਿਸਾਨ, ਮਜ਼ਦੂਰ, ਨੌਜਵਾਨ, ਔਰਤਾਂ, ਛੋਟੇ ਦੁਕਾਨਦਾਰ, ਕਰਮਚਾਰੀ ਅਤੇ ਆਮ ਲੋਕ। ਦੂਜੇ ਪਾਸੇ ਦੌਲਤ ਅਤੇ ਸਰੋਤਾਂ ਦਾ ਵੱਡਾ ਹਿੱਸਾ ਕੁਝ ਹੱਥਾਂ ਵਿੱਚ ਇਕੱਠਾ ਹੁੰਦਾ ਜਾ ਰਿਹਾ ਹੈ।
ਸਾਡੇ ਸਾਹਮਣੇ ਸਵਾਲ ਹੈ:
ਕੀ ਅਸੀਂ ਇਸ ਪਹਾੜ ਨੂੰ ਦੇਖ ਕੇ ਹਾਰ ਮੰਨ ਲਵਾਂਗੇ? ਕੀ ਅਸੀਂ ਕਹਾਂਗੇ ਕਿ ਇਹ ਪਹਾੜ ਬਹੁਤ ਵੱਡਾ ਹੈ, ਇਸ ਨੂੰ ਹਿਲਾਉਣਾ ਸਾਡੇ ਵੱਸ ਦੀ ਗੱਲ ਨਹੀਂ? ਜਾਂ ਫਿਰ ਦਸ਼ਰਥ ਮਾਂਝੀ ਵਾਂਗ ਹਥੌੜਾ ਚੁੱਕਾਂਗੇ? ਸਾਡਾ ਹਥੌੜਾ ਕੀ ਹੈ? ਸਾਡਾ ਹਥੌੜਾ ਹੈ- ਜਾਗਰੂਕਤਾ। ਸਾਡੀ ਛੈਣੀ ਹੈ- ਸੰਗਠਨ। ਸਾਡੀ ਤਾਕਤ ਹੈ- ਮਿਹਨਤਕਸ਼ ਲੋਕਾਂ ਦੀ ਏਕਤਾ। ਸਾਡਾ ਨਿਸ਼ਾਨਾ ਹੈ- ਇੱਕ ਅਜਿਹਾ ਸਮਾਜ ਜਿੱਥੇ ਮਨੁੱਖ ਦੀ ਜ਼ਿੰਦਗੀ ਮੁਨਾਫੇ ਤੋਂ ਵੱਧ ਕੀਮਤੀ ਹੋਵੇ।
ਪੂੰਜੀਵਾਦ ਦਾ ਪਹਾੜ ਇੱਕ ਦਿਨ ਵਿੱਚ ਨਹੀਂ ਬਣਿਆ। ਇਸ ਲਈ ਇਸ ਨੂੰ ਇੱਕ ਦਿਨ ਵਿੱਚ ਤੋੜਿਆ ਵੀ ਨਹੀਂ ਜਾ ਸਕਦਾ। ਪਰ ਦਸ਼ਰਥ ਮਾਂਝੀ ਸਾਨੂੰ ਇਹ ਸਿਖਾਉਂਦਾ ਹੈ ਕਿ ਵੱਡੀ ਤੋਂ ਵੱਡੀ ਚਟਾਨ ਵੀ ਲਗਾਤਾਰ ਵੱਜਦੇ ਹਥੌੜੇ ਅੱਗੇ ਆਖਰਕਾਰ ਟੁੱਟਦੀ ਹੈ।
ਇੱਕ ਵਾਰ ਹਥੌੜਾ ਮਾਰਨ ਨਾਲ ਪਹਾੜ ਨਹੀਂ ਟੁੱਟਦਾ। ਦੂਜੀ ਵਾਰ ਵੀ ਨਹੀਂ। ਸੌਵੀਂ ਵਾਰ ਵੀ ਨਹੀਂ। ਪਰ ਜੇ ਹਥੌੜਾ ਰੁਕੇ ਨਾ, ਤਾਂ ਇੱਕ ਦਿਨ ਪਹਾੜ ਵਿੱਚ ਦਰਾੜ ਪੈਂਦੀ ਹੈ। ਅਤੇ ਜਦੋਂ ਦਰਾੜ ਪੈ ਜਾਂਦੀ ਹੈ ਤਾਂ ਰਸਤਾ ਬਣਨ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ। ਸਾਨੂੰ ਬਣੀ-ਬਣਾਈ ਸੜਕ ਦੀ ਉਡੀਕ ਨਹੀਂ ਕਰਨੀ ਚਾਹੀਦੀ।
ਅੱਜ ਸਾਡੇ ਸਾਹਮਣੇ ਦੋ ਰਸਤੇ ਹਨ। ਇੱਕ ਰਸਤਾ ਇਹ ਹੈ ਕਿ ਅਸੀਂ ਪੂੰਜੀਵਾਦ ਦੇ ਬਣਾਏ ਹੋਏ ਰਸਤੇ ਉੱਤੇ ਚਲਦੇ ਰਹੀਏ। ਥੋੜ੍ਹਾ-ਥੋੜ੍ਹਾ ਸੁਧਾਰ ਮੰਗਦੇ ਰਹੀਏ, ਉਮੀਦ ਕਰੀਏ ਕਿ ਕਦੇ ਨਾ ਕਦੇ ਵਿਵਸਥਾ ਆਪਣੇ ਆਪ ਬਦਲ ਜਾਵੇਗੀ। ਦੂਜਾ ਰਸਤਾ ਹੈ ਪਹਾੜ ਨੂੰ ਹੀ ਚੁਣੌਤੀ ਦੇਣ ਦਾ। ਉਸਦੀਆਂ ਚਟਾਨਾਂ ਨੂੰ ਪਛਾਣਨ ਦਾ। ਉਨ੍ਹਾਂ ਉੱਤੇ ਪਹਿਲਾ ਵਾਰ ਕਰਨ ਦਾ। ਲੋਕਾਂ ਨੂੰ ਇਕੱਠਾ ਕਰਨ ਦਾ। ਹਰ ਦਰਾੜ ਨੂੰ ਵੱਡਾ ਕਰਨ ਦਾ ਅਤੇ ਆਖਰਕਾਰ ਆਪਣੀ ਮੰਜ਼ਿਲ ਵੱਲ ਜਾਣ ਵਾਲਾ ਨਵਾਂ ਰਸਤਾ ਬਣਾਉਣ ਦਾ।
ਇਹ ਰਸਤਾ ਕਿਸੇ ਇੱਕ ਵਿਅਕਤੀ ਦਾ ਨਹੀਂ ਹੋਵੇਗਾ। ਇਹ ਕਰੋੜਾਂ ਮਿਹਨਤਕਸ਼ ਲੋਕਾਂ ਦਾ ਰਸਤਾ ਹੋਵੇਗਾ। ਦਸ਼ਰਥ ਮਾਂਝੀ ਆਪਣੀ ਪਤਨੀ ਨੂੰ ਵਾਪਸ ਨਹੀਂ ਲਿਆ ਸਕਿਆ। ਪਰ ਉਸਨੇ ਇਹ ਯਕੀਨੀ ਬਣਾਇਆ ਕਿ ਉਸ ਵਰਗੇ ਕਿਸੇ ਹੋਰ ਗਰੀਬ ਪਰਿਵਾਰ ਨੂੰ ਹਸਪਤਾਲ ਤਕ ਪਹੁੰਚਣ ਲਈ ਉਹ ਦਰਦਨਾਕ ਪੈਂਡਾ ਨਾ ਤੈਅ ਕਰਨਾ ਪਵੇ। ਇਹੀ ਕਿਸੇ ਇਨਸਾਨ ਦੇ ਅਮਰ ਹੋਣ ਦਾ ਅਰਥ ਹੈ।
ਦਸਰਥ ਮਾਂਝੀ ਦੀ ਮੌਤ 17 ਅਗਸਤ 2007 ਕੈਂਸਰ ਕਾਰਨ ਹੋਈ। ਉਹ ਅੱਜ ਸਾਡੇ ਵਿਚਕਾਰ ਨਹੀਂ, ਪਰ ਉਨ੍ਹਾਂ ਦਾ ਬਣਾਇਆ ਰਸਤਾ ਅੱਜ ਵੀ ਲੋਕਾਂ ਦੇ ਕੰਮ ਆ ਰਿਹਾ ਹੈ।
ਇਸੇ ਤਰ੍ਹਾਂ ਸਾਡੀ ਲੜਾਈ ਵੀ ਸਿਰਫ ਅੱਜ ਦੀ ਪੀੜ੍ਹੀ ਲਈ ਨਹੀਂ ਹੋਣੀ ਚਾਹੀਦੀ, ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਰਸਤਾ ਬਣਾਉਣਾ ਚਾਹੀਦਾ ਹੈ। ਸਵਾਲ ਇਹ ਨਹੀਂ ਕਿ ਪੂੰਜੀਵਾਦ ਦਾ ਪਹਾੜ ਕਿੰਨਾ ਵੱਡਾ ਹੈ। ਸਵਾਲ ਇਹ ਹੈ ਕਿ ਸਾਡੇ ਹੱਥ ਵਿੱਚ ਹਥੌੜਾ ਕਿੰਨਾ ਮਜ਼ਬੂਤ ਹੈ ਅਤੇ ਅਸੀਂ ਉਸ ਨੂੰ ਕਿੰਨੀ ਦੇਰ ਤਕ ਚਲਾਉਣ ਲਈ ਤਿਆਰ ਹਾਂ।
ਆਉ, ਦਸ਼ਰਥ ਮਾਂਝੀ ਤੋਂ ਪ੍ਰੇਰਨਾ ਲਈਏ।
ਆਉ, ਲੋਕਾਂ ਨੂੰ ਜਥੇਬੰਦ ਕਰੀਏ।
ਆਉ, ਸ਼ੋਸ਼ਣ ਅਤੇ ਅਨਿਆਂ ਦੇ ਵਿਰੁੱਧ ਦਰਾੜ ਪਾਈਏ।
ਆਉ, ਬਣੀ-ਬਣਾਈ ਸੜਕ ਦੀ ਉਡੀਕ ਕਰਨ ਦੀ ਬਜਾਏ ਆਪਣਾ ਰਸਤਾ ਆਪ ਬਣਾਈਏ।
ਆਉ ਦਸ਼ਰਥ ਮਾਂਝੀ ਬਣੀਏ ... ਤੇ ਪੂੰਜੀਵਾਦ ਦੇ ਪਹਾੜ ਨੂੰ ਚੀਰੀਏ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































