ManinderSBhatia7“ਜਦੋਂ ਮਜ਼ਦੂਰ, ਕਿਸਾਨ ਅਤੇ ਹੋਰ ਮਿਹਨਤਕਸ਼ ਵਰਗ ਆਪਣੇ ਸਾਂਝੇ ਹਿਤਾਂ ਲਈ ...”
(26 ਨਵੰਬਰ 2026)

 

26 ਨਵੰਬਰ 2020 ਭਾਰਤ ਦੇ ਲੋਕ ਸੰਘਰਸ਼ਾਂ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਤਾਰੀਖ ਵਜੋਂ ਦਰਜ ਹੈ। ਇਸ ਦਿਨ ਦੇਸ਼ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ਵੱਲ ਕੂਚ ਕੀਤਾ ਅਤੇ ਅਜਿਹਾ ਇਤਿਹਾਸਕ ਅੰਦੋਲਨ ਸ਼ੁਰੂ ਕੀਤਾ, ਜਿਸਨੇ ਸਰਕਾਰ ਨੂੰ ਆਪਣੇ ਫੈਸਲੇ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ। ਇਹ ਅੰਦੋਲਨ ਸਿਰਫ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਤਕ ਸੀਮਿਤ ਨਹੀਂ ਸੀ, ਸਗੋਂ ਇਸਨੇ ਲੋਕਾਂ ਦੀ ਜਥੇਬੰਦਕ ਤਾਕਤ, ਏਕਤਾ, ਸਬਰ ਅਤੇ ਜਮਹੂਰੀ ਸੰਘਰਸ਼ ਦੀ ਸਮਰੱਥਾ ਦਾ ਇੱਕ ਵੱਡਾ ਪ੍ਰਗਟਾਵਾ ਕੀਤਾ।

ਕੇਂਦਰ ਸਰਕਾਰ ਵੱਲੋਂ ਜੂਨ 2020 ਵਿੱਚ ਖੇਤੀਬਾੜੀ ਨਾਲ ਸਬੰਧਤ ਤਿੰਨ ਆਰਡੀਨੈਂਸ ਜਾਰੀ ਕੀਤੇ ਗਏ ਅਤੇ ਸਤੰਬਰ ਵਿੱਚ ਸੰਸਦ ਰਾਹੀਂ ਇਨ੍ਹਾਂ ਨੂੰ ਕਾਨੂੰਨਾਂ ਦਾ ਰੂਪ ਦੇ ਦਿੱਤਾ ਗਿਆ। ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਖੇਤੀਬਾੜੀ ਵਿੱਚ ਸੁਧਾਰ, ਕਿਸਾਨਾਂ ਨੂੰ ਵਧੇਰੇ ਮੰਡੀ ਵਿਕਲਪ ਅਤੇ ਨਿੱਜੀ ਨਿਵੇਸ਼ ਵਧਾਉਣ ਵਾਲੇ ਕਦਮ ਦੱਸ ਰਹੀ ਸੀ ਪਰ ਕਿਸਾਨ ਜਥੇਬੰਦੀਆਂ ਨੂੰ ਇਨ੍ਹਾਂ ਕਾਨੂੰਨਾਂ ਵਿੱਚ ਖੇਤੀਬਾੜੀ ਅਤੇ ਖੇਤੀ ਉਤਪਾਦਾਂ ਦੀ ਮੰਡੀ ਪ੍ਰਣਾਲੀ ਨੂੰ ਕਾਰਪੋਰੇਟਮ ਘਰਾਣਿਆਂ ਦੇ ਹਵਾਲੇ ਕਰਨ ਦੀ ਸੰਭਾਵਨਾ ਦਿਖਾਈ ਦਿੰਦੀ ਸੀ। ਉਨ੍ਹਾਂ ਨੂੰ ਡਰ ਸੀ ਕਿ ਸਰਕਾਰੀ ਖਰੀਦ ਪ੍ਰਣਾਲੀ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਸੁਰੱਖਿਆ ਕਮਜ਼ੋਰ ਹੋਣ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਹੋਰ ਸੰਕਟਮਈ ਹੋ ਸਕਦੀ ਹੈ।

ਇਨ੍ਹਾਂ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਸੰਘਰਸ਼ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ। ਰੇਲ ਰੋਕੋ ਅੰਦੋਲਨ, ਪਿੰਡਾਂ ਵਿੱਚ ਧਰਨੇ, ਜਨਤਕ ਮੀਟਿੰਗਾਂ ਅਤੇ ਕਿਸਾਨ ਜਥੇਬੰਦੀਆਂ ਦੀ ਸਾਂਝੀ ਸਰਗਰਮੀ ਨੇ ਸੰਘਰਸ਼ ਨੂੰ ਵਿਆਪਕ ਰੂਪ ਦਿੱਤਾ। 25 ਨਵੰਬਰ 2020 ਨੂੰ ਕਿਸਾਨਾਂ ਨੇ ਦਿੱਲੀ ਵੱਲ ਕੂਚ ਦਾ ਸੱਦਾ ਦਿੱਤਾ। ਰਸਤੇ ਵਿੱਚ ਪੁਲਿਸ ਰੋਕਾਂ, ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਵਰਗੀਆਂ ਰੁਕਾਵਟਾਂ ਦੇ ਬਾਵਜੂਦ ਕਿਸਾਨ ਦਿੱਲੀ ਵੱਲ ਵਧਦੇ ਰਹੇ। 26 ਨਵੰਬਰ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦੀ ਪਹੁੰਚ ਨੇ ਅੰਦੋਲਨ ਨੂੰ ਇੱਕ ਨਵਾਂ ਮੋੜ ਦਿੱਤਾ।

ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਮੇਤ ਦਿੱਲੀ ਦੀਆਂ ਸਰਹੱਦਾਂ ’ਤੇ ਲੱਗੇ ਮੋਰਚੇ ਅਗਲੇ ਕਈ ਮਹੀਨਿਆਂ ਤਕ ਸੰਘਰਸ਼ ਦੇ ਕੇਂਦਰ ਬਣੇ ਰਹੇ। ਕਿਸਾਨਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਸਿਰਫ ਸਰਕਾਰ ਨਾਲ ਗੱਲਬਾਤ ਕਰਨ ਲਈ ਨਹੀਂ, ਸਗੋਂ ਆਪਣੀਆਂ ਮੰਗਾਂ ਮਨਵਾਉਣ ਲਈ ਲੰਬੇ ਸਮੇਂ ਤਕ ਸੰਘਰਸ਼ ਕਰਨ ਦੇ ਇਰਾਦੇ ਨਾਲ ਆਏ ਹਨ। ਇਸ ਅੰਦੋਲਨ ਦੀ ਸਭ ਤੋਂ ਵੱਡੀ ਤਾਕਤ ਕਿਸਾਨ ਜਥੇਬੰਦੀਆਂ ਦੀ ਏਕਤਾ ਸੀ। ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਆਪਣੇ ਸੰਗਠਨਾਤਮਕ ਅਤੇ ਵਿਚਾਰਧਾਰਕ ਮਤਭੇਦਾਂ ਦੇ ਬਾਵਜੂਦ ਸਾਂਝੇ ਮੁੱਦੇ ’ਤੇ ਇਕੱਠੇ ਹੋ ਕੇ ਸੰਯੁਕਤ ਕਿਸਾਨ ਮੋਰਚਾ ਬਣਾਇਆ। ਬਾਅਦ ਵਿੱਚ ਦੇਸ਼ ਦੇ ਹੋਰ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਵੀ ਇਸ ਸੰਘਰਸ਼ ਨਾਲ ਜੁੜੀਆਂ। ਇਹ ਏਕਤਾ ਅੰਦੋਲਨ ਦੀ ਤਾਕਤ ਅਤੇ ਲੰਬੇ ਸਮੇਂ ਤਕ ਟਿਕੇ ਰਹਿਣ ਦਾ ਅਹਿਮ ਕਾਰਨ ਬਣੀ।

ਦਿੱਲੀ ਦੀਆਂ ਸਰਹੱਦਾਂ ’ਤੇ ਲੱਗੇ ਮੋਰਚੇ ਸਿਰਫ ਧਰਨੇ ਦੇ ਸਥਾਨ ਨਹੀਂ ਰਹੇ, ਸਗੋਂ ਇੱਕ ਵਿਲੱਖਣ ਲੋਕ-ਸਮਾਜ ਦਾ ਰੂਪ ਧਾਰ ਗਏ। ਲੰਗਰ, ਸਿਹਤ ਸੇਵਾਵਾਂ, ਲਾਇਬਰੇਰੀਆਂ, ਸੱਭਿਆਚਾਰਕ ਪ੍ਰੋਗਰਾਮ, ਵਿਚਾਰ-ਚਰਚਾਵਾਂ ਅਤੇ ਸਾਂਝੇ ਜੀਵਨ ਨੇ ਲੋਕਾਂ ਨੂੰ ਆਪਸੀ ਸਹਿਯੋਗ ਅਤੇ ਸਮਾਜਿਕ ਏਕਤਾ ਦਾ ਅਨੁਭਵ ਕਰਵਾਇਆ। ਕਿਸਾਨਾਂ ਦੇ ਨਾਲ ਮਜ਼ਦੂਰ, ਨੌਜਵਾਨ, ਵਿਦਿਆਰਥੀ, ਔਰਤਾਂ, ਕਲਾਕਾਰ, ਬੁੱਧੀਜੀਵੀ ਅਤੇ ਸਮਾਜਿਕ ਕਾਰਕੁਨ ਵੀ ਇਸ ਅੰਦੋਲਨ ਨਾਲ ਜੁੜੇ। ਔਰਤਾਂ ਦੀ ਵੱਡੀ ਭਾਗੀਦਾਰੀ ਨੇ ਇਹ ਸਾਬਤ ਕੀਤਾ ਕਿ ਖੇਤੀ ਅਤੇ ਕਿਸਾਨੀ ਸੰਘਰਸ਼ ਵਿੱਚ ਉਨ੍ਹਾਂ ਦੀ ਭੂਮਿਕਾ ਸਿਰਫ ਘਰ ਤਕ ਸੀਮਿਤ ਨਹੀਂ, ਸਗੋਂ ਉਹ ਸੰਘਰਸ਼ ਦੀ ਸਰਗਰਮ ਭਾਗੀਦਾਰ ਅਤੇ ਅਗਵਾਈ ਕਰਨ ਵਾਲੀਆਂ ਵੀ ਹਨ।

26 ਜਨਵਰੀ 2021 ਦੀ ਟਰੈਕਟਰ ਪਰੇਡ, 5 ਸਤੰਬਰ 2021 ਦੀ ਮੁਜ਼ੱਫਰਨਗਰ ਮਹਾਪੰਚਾਇਤ ਅਤੇ ਵੱਖ-ਵੱਖ ਸਮੇਂ ਹੋਏ ਦੇਸ਼-ਵਿਆਪੀ ਵਿਰੋਧ ਪ੍ਰਦਰਸ਼ਨਾਂ ਨੇ ਅੰਦੋਲਨ ਦੀ ਵਿਆਪਕਤਾ ਨੂੰ ਦਰਸਾਇਆ। 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਵਾਹਨ ਨਾਲ ਕੁਚਲਣ ਦੀ ਘਟਨਾ ਨੇ ਵੀ ਦੇਸ਼ ਭਰ ਵਿੱਚ ਰੋਸ ਪੈਦਾ ਕੀਤਾ ਅਤੇ ਅੰਦੋਲਨ ਦੇ ਸੰਘਰਸ਼ਸ਼ੀਲ ਮਾਹੌਲ ਨੂੰ ਹੋਰ ਤੀਬਰ ਕੀਤਾ।

ਅੰਦੋਲਨ ਨੂੰ ਬਦਨਾਮ ਕਰਨ ਦੀ ਸਰਕਾਰੀ ਮੁਹਿੰਮ

ਇਸ ਅੰਦੋਲਨ ਦੌਰਾਨ ਕਿਸਾਨਾਂ ਨੂੰ ਸਿਰਫ ਸਰਕਾਰੀ ਨੀਤੀਆਂ ਵਿਰੁੱਧ ਸੰਘਰਸ਼ ਹੀ ਨਹੀਂ ਕਰਨਾ ਪਿਆ, ਸਗੋਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਇੱਕ ਮੁਹਿੰਮ ਦਾ ਵੀ ਸਾਹਮਣਾ ਕਰਨਾ ਪਿਆ। ਸੱਤਾਧਾਰੀ ਭਾਜਪਾ ਦੇ ਕਈ ਆਗੂਆਂ ਅਤੇ ਕੇਂਦਰੀ ਮੰਤਰੀਆਂ ਵੱਲੋਂ ਅੰਦੋਲਨਕਾਰੀਆਂ ਨੂੰ ਕਦੇ ਖਾਲਿਸਤਾਨੀ, ਕਦੇ ਮਾਓਵਾਦੀ, ਕਦੇ ਨਕਸਲੀ, ਕਦੇ ਟੁਕੜੇ-ਟੁਕੜੇ ਗੈਂਗ ਅਤੇ ਕਦੇ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡਣ ਵਾਲੇ ਕਹਿ ਕੇ ਸੰਬੋਧਨ ਕੀਤਾ ਗਿਆ। ਕੁਝ ਆਗੂਆਂ ਨੇ ਇਸ ਅੰਦੋਲਨ ਪਿੱਛੇ ਪਾਕਿਸਤਾਨ ਅਤੇ ਚੀਨ ਦੀ ਸਾਜ਼ਿਸ਼ ਹੋਣ ਦੇ ਦੋਸ਼ ਵੀ ਲਾਏ। ਇੱਥੋਂ ਤਕ ਕਿ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਵੀ ਕਿਸਾਨ ਅੰਦੋਲਨ ਵਿੱਚ ਖਾਲਿਸਤਾਨੀ ਅਨਸਰਾਂ ਦੀ ਘੁਸਪੈਠ ਦਾ ਦਾਅਵਾ ਕੀਤਾ ਗਿਆ। ਇਸ ਤਰ੍ਹਾਂ ਕਿਸਾਨਾਂ ਦੇ ਅਸਲ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਉਨ੍ਹਾਂ ਦੀ ਦੇਸ਼ਭਗਤੀ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਕੋਸ਼ਿਸ਼ ਹੋਈ। ਪਰ ਕਿਸਾਨਾਂ ਨੇ ਆਪਣੇ ਸਬਰ, ਅਨੁਸ਼ਾਸਨ, ਤਿਰੰਗੇ ਪ੍ਰਤੀ ਸਤਿਕਾਰ ਅਤੇ ਜਮਹੂਰੀ ਸੰਘਰਸ਼ ਰਾਹੀਂ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੱਤਾ। ਦੇਸ਼ ਦਾ ਅੰਨਦਾਤਾ ਆਪਣੇ ਹੱਕਾਂ ਦੀ ਮੰਗ ਕਰ ਰਿਹਾ ਸੀ, ਕੋਈ ਦੇਸ਼ ਵਿਰੋਧੀ ਕਾਰਵਾਈ ਨਹੀਂ। ਇਸ ਅੰਦੋਲਨ ਨੇ ਇਹ ਵੀ ਸਪਸ਼ਟ ਕੀਤਾ ਕਿ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਦੇਸ਼ ਨਾਲ ਗ਼ਦਾਰੀ ਨਹੀਂ, ਸਗੋਂ ਜਮਹੂਰੀਅਤ ਵਿੱਚ ਨਾਗਰਿਕਾਂ ਦਾ ਸੰਵਿਧਾਨਕ ਅਧਿਕਾਰ ਹੈ।

ਇਤਿਹਾਸਿਕ ਜਿੱਤ

19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ। 29 ਨਵੰਬਰ ਨੂੰ ਸੰਸਦ ਨੇ ਖੇਤੀ ਕਾਨੂੰਨ ਵਾਪਸੀ ਬਿੱਲ ਪਾਸ ਕਰ ਦਿੱਤਾ। ਕਿਸਾਨਾਂ ਦੀ ਮੁੱਖ ਮੰਗ ਪੂਰੀ ਹੋਣ ਤੋਂ ਬਾਅਦ, ਹੋਰ ਮੰਗਾਂ ਸੰਬੰਧੀ ਸਰਕਾਰ ਦੇ ਲਿਖਤੀ ਭਰੋਸਿਆਂ ਦੇ ਅਧਾਰ ’ਤੇ ਸੰਯੁਕਤ ਕਿਸਾਨ ਮੋਰਚੇ ਨੇ 9 ਦਸੰਬਰ ਨੂੰ ਅੰਦੋਲਨ ਮੁਲਤਵੀ ਕਰਨ ਦਾ ਐਲਾਨ ਕੀਤਾ। 11 ਦਸੰਬਰ 2021 ਨੂੰ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੋਂ ਮੋਰਚੇ ਸਮਾਪਤ ਕਰਕੇ ਘਰਾਂ ਵੱਲ ਪਰਤੇ।

ਕਿਸਾਨਾਂ ਦੀਆਂ ਕੁਰਬਾਨੀਆਂ: 700 ਤੋਂ ਵੱਧ ਕਿਸਾਨਾਂ ਦੀਆਂ ਸ਼ਹਾਦਤਾਂ ਅਤੇ ਯਾਦਗਾਰ ਦਾ ਸਵਾਲ

ਇਸ ਇਤਿਹਾਸਕ ਸੰਘਰਸ਼ ਦੀ ਜਿੱਤ ਦੇ ਪਿੱਛੇ 700 ਤੋਂ ਵੱਧ ਕਿਸਾਨਾਂ ਦੀਆਂ ਸ਼ਹਾਦਤਾਂ, ਹਜ਼ਾਰਾਂ ਪਰਿਵਾਰਾਂ ਦਾ ਦੁੱਖ ਅਤੇ ਅਣਗਿਣਤ ਸੰਘਰਸ਼ਸ਼ੀਲ ਲੋਕਾਂ ਦੀ ਕੁਰਬਾਨੀ ਵੀ ਜੁੜੀ ਹੋਈ ਹੈ। ਦਿੱਲੀ ਦੀਆਂ ਸਰਹੱਦਾਂ ਅਤੇ ਸੰਘਰਸ਼ ਦੇ ਵੱਖ-ਵੱਖ ਪੜਾਵਾਂ ਦੌਰਾਨ ਠੰਢ, ਗਰਮੀ, ਬਿਮਾਰੀਆਂ, ਹਾਦਸਿਆਂ ਅਤੇ ਹੋਰ ਹਾਲਾਤ ਕਾਰਨ ਕਿਸਾਨਾਂ ਨੇ ਆਪਣੀਆਂ ਜਾਨਾਂ ਗੁਆਈਆਂ। ਉਨ੍ਹਾਂ ਦੀਆਂ ਸ਼ਹਾਦਤਾਂ ਇਸ ਅੰਦੋਲਨ ਦੇ ਇਤਿਹਾਸ ਦਾ ਅਟੁੱਟ ਹਿੱਸਾ ਹਨ। ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਜਿੱਤ ਨੂੰ ਉਨ੍ਹਾਂ ਕਿਸਾਨਾਂ ਦੀਆਂ ਕੁਰਬਾਨੀਆਂ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਇੱਕ ਕੌਮੀ ਪੱਧਰ ਦੀ ਕਿਸਾਨ ਸ਼ਹੀਦੀ ਯਾਦਗਾਰ ਬਣਾਉਣ ਦੀ ਮੰਗ ਸੰਯੁਕਤ ਕਿਸਾਨ ਮੋਰਚੇ ਦੇ ਮਹੱਤਵਪੂਰਨ ਮੁੱਦਿਆਂ ਵਿੱਚ ਅੱਜ ਵੀ ਸ਼ਾਮਲ ਹੈ। ਇਹ ਯਾਦਗਾਰ ਸਿਰਫ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦਾ ਸਥਾਨ ਨਹੀਂ ਹੋਵੇਗੀ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਸਾਨ ਏਕਤਾ, ਲੋਕ ਸੰਘਰਸ਼, ਹੱਕਾਂ ਦੀ ਰੱਖਿਆ ਅਤੇ ਕੁਰਬਾਨੀ ਦੇ ਇਤਿਹਾਸ ਨਾਲ ਜੋੜਨ ਵਾਲਾ ਪ੍ਰੇਰਨਾ ਕੇਂਦਰ ਵੀ ਬਣੇਗੀ। ਜਿਹੜੇ ਲੋਕ ਆਪਣੇ ਹੱਕਾਂ ਦੀ ਲੜਾਈ ਵਿੱਚ ਜਾਨਾਂ ਗੁਆ ਬੈਠੇ, ਉਨ੍ਹਾਂ ਦੀ ਯਾਦ ਅਤੇ ਸੰਘਰਸ਼ ਨੂੰ ਸੰਭਾਲਣਾ ਸਮਾਜ ਅਤੇ ਸਰਕਾਰ, ਦੋਵਾਂ ਦੀ ਨੈਤਿਕ ਜ਼ਿੰਮੇਵਾਰੀ ਹੈ।

ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਇਸ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ। ਇਹ ਜਿੱਤ ਕਿਸੇ ਇੱਕ ਜਥੇਬੰਦੀ, ਇੱਕ ਆਗੂ ਜਾਂ ਇੱਕ ਖੇਤਰ ਦੀ ਜਿੱਤ ਨਹੀਂ ਸੀ, ਸਗੋਂ ਸਾਂਝੇ ਸੰਘਰਸ਼, ਲੋਕਾਂ ਦੀ ਏਕਤਾ ਅਤੇ ਲਗਾਤਾਰ ਜਮਹੂਰੀ ਦਬਾਅ ਦੀ ਜਿੱਤ ਸੀ। ਇਸਨੇ ਸਰਕਾਰਾਂ ਨੂੰ ਇਹ ਸੰਦੇਸ਼ ਦਿੱਤਾ ਕਿ ਲੋਕਾਂ ਦੇ ਹਿਤਾਂ ਨਾਲ ਜੁੜੇ ਫੈਸਲੇ ਲੈਂਦੇ ਸਮੇਂ ਉਨ੍ਹਾਂ ਦੀ ਅਵਾਜ਼ ਨੂੰ ਅਣਡਿੱਠਾ ਕਰਨਾ ਅਸਾਨ ਨਹੀਂ ਹੈ। ਇਸ ਸਮੁੱਚੇ ਅੰਦੋਲਨ ਦੌਰਾਨ ਖੱਬੀ ਵਿਚਾਰਧਾਰਾ ਵਾਲੀਆਂ ਕਿਸਾਨ ਜਥੇਬੰਦੀਆਂ ਦਾ ਸੰਜਮ, ਅਨੁਸ਼ਾਸਨ, ਸੰਘਰਸ਼ ਦਾ ਜਜ਼ਬਾ, ਡਟੇ ਅਤੇ ਅੜੇ ਰਹਿਣ ਦੀ ਪਰਪੱਕਤਾ ਨੇ ਉਨ੍ਹਾਂ ਨੂੰ ਸਾਂਝੇ ਸ਼ੰਘਰਸ਼ਾਂ ਦੇ ਝੰਡਾਬਰਦਾਰ ਹੋਣ ਦੇ ਰੁਤਬੇ ਨਾਲ ਨਿਵਾਜਿਆ।

26 ਨਵੰਬਰ ਦਾ ਕਿਸਾਨ ਅੰਦੋਲਨ ਭਵਿੱਖ ਦੇ ਲੋਕ ਸੰਘਰਸ਼ਾਂ ਲਈ ਵੀ ਮਹੱਤਵਪੂਰਨ ਸਬਕ ਛੱਡ ਗਿਆ ਹੈ। ਜਦੋਂ ਮਜ਼ਦੂਰ, ਕਿਸਾਨ ਅਤੇ ਹੋਰ ਮਿਹਨਤਕਸ਼ ਵਰਗ ਆਪਣੇ ਸਾਂਝੇ ਹਿਤਾਂ ਲਈ ਜਥੇਬੰਦ ਹੁੰਦੇ ਹਨ, ਜਦੋਂ ਉਹ ਜਾਤ, ਧਰਮ, ਖੇਤਰ ਅਤੇ ਹੋਰ ਵੰਡਾਂ ਤੋਂ ਉੱਪਰ ਉੱਠ ਕੇ ਸੰਘਰਸ਼ ਕਰਦੇ ਹਨ ਤਾਂ ਉਨ੍ਹਾਂ ਦੀ ਤਾਕਤ ਕਈ ਗੁਣਾ ਵਧ ਜਾਂਦੀ ਹੈ। ਅੰਦੋਲਨ ਨੇ ਇਹ ਵੀ ਦਰਸਾਇਆ ਕਿ ਲੋਕਤੰਤਰ ਸਿਰਫ ਚੋਣਾਂ ਤਕ ਸੀਮਿਤ ਨਹੀਂ, ਸਗੋਂ ਲੋਕਾਂ ਦੇ ਸੰਗਠਿਤ ਵਿਰੋਧ, ਜਮਹੂਰੀ ਅਧਿਕਾਰਾਂ ਅਤੇ ਨੀਤੀਆਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਵਿੱਚ ਵੀ ਵਸਦਾ ਹੈ।

26 ਨਵੰਬਰ 2020 ਨੂੰ ਸ਼ੁਰੂ ਹੋਇਆ ਇਹ ਸੰਘਰਸ਼ ਇਸ ਗੱਲ ਦੀ ਇਤਿਹਾਸਕ ਗਵਾਹੀ ਹੈ ਕਿ ਲੋਕਾਂ ਦੀ ਏਕਤਾ, ਜਥੇਬੰਦਕ ਤਾਕਤ ਅਤੇ ਦ੍ਰਿੜ੍ਹ ਇਰਾਦਾ ਸਰਕਾਰਾਂ ਨੂੰ ਆਪਣੇ ਫੈਸਲੇ ਬਦਲਣ ਲਈ ਮਜਬੂਰ ਕਰ ਸਕਦੇ ਹਨ। ਇਹ ਦਿਨ ਕਿਸਾਨਾਂ ਦੀ ਜਿੱਤ ਦੀ ਯਾਦ ਦੇ ਨਾਲ-ਨਾਲ ਲੋਕਾਂ ਦੇ ਸੰਘਰਸ਼ ਕਰਨ, ਇਕੱਠੇ ਹੋਣ ਅਤੇ ਆਪਣੇ ਹੱਕਾਂ ਲਈ ਲੜਨ ਦੇ ਵਿਸ਼ਵਾਸ ਦਾ ਪ੍ਰਤੀਕ ਵੀ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਮਨਿੰਦਰ ਸਿੰਘ ਭਾਟੀਆ

ਮਨਿੰਦਰ ਸਿੰਘ ਭਾਟੀਆ

Ludhiana, Punjab, India.
Phone: (91 - 99884-91002)
Email: (msbhatianzpc@gmail.com)

More articles from this author