“ਏਆਈ ਨੂੰ ਸਿਰਫ ਇੱਕ ਨਵਾਂ ਵਿਸ਼ਾ ਬਣਾਉਣ ਦੀ ਬਜਾਏ ਇਸ ਨੂੰ ਸਿੱਖਿਆ, ਰੁਜ਼ਗਾਰ ...”
(21 ਸਤੰਬਰ 2026)
ਵਿਗਿਆਨ ਲਗਾਤਾਰ ਗਤੀਸ਼ੀਲ ਹੈ ਅਤੇ ਨਵੀਂਆਂ ਨਵੀਆਂ ਖੋਜਾਂ ਹੋ ਰਹੀਆਂ ਹਨ। ਨਵੀਂਆਂ ਖੋਜਾਂ ਦਾ ਹੋਣਾ ਚੰਗੀ ਗੱਲ ਹੈ। ਜਿੱਥੇ ਨਵੀਂਆਂ ਖੋਜਾਂ ਮਨੁੱਖੀ ਜ਼ਿੰਦਗੀ ਨੂੰ ਅਸਾਨ ਕਰਦੀਆਂ ਹਨ ਉੱਥੇ ਇਨ੍ਹਾਂ ਖੋਜਾਂ ਦਾ ਮਨੁੱਖ ਉੱਤੇ ਮਾੜਾ ਅਸਰ ਵੀ ਪੈਂਦਾ ਹੈ। ਵਿਗਿਆਨ ਦੀ ਹਰ ਖੋਜ ਦਾ ਆਮ ਇਨਸਾਨ ਨੂੰ ਫਾਇਦਾ ਹੋਣਾ ਚਾਹੀਦਾ ਹੈ, ਜਿਸ ਨਾਲ ਸਮਾਜ ਵਿੱਚ ਸਿੱਖਿਆ, ਸਿਹਤ, ਰੁਜ਼ਗਾਰ, ਖੇਤੀਬਾੜੀ, ਛੋਟੇ ਕਾਰੋਬਾਰੀਆਂ, ਔਰਤਾਂ, ਵਿਦਿਆਰਥੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਉਸਦਾ ਫਾਇਦਾ ਹੋਵੇ। ਇਸੇ ਸਮੇਂ ਵਿੱਚ ਏਆਈ ਯਾਨੀ ਕ੍ਰਿਤ੍ਰਿਮ ਬੁੱਧੀ ਯਾਨੀ ਆਰਟੀਫੀਸ਼ਲ ਇੰਟੈਲੀਜੈਂਸ ਅੱਜ ਕੱਲ੍ਹ ਚਰਚਾ ਵਿੱਚ ਹੈ।
ਏ ਆਈ ਯਨੀ ਕ੍ਰਿਤ੍ਰਿਮ ਬੁੱਧੀ ਜਾਂ ਆਰਟੀਫੀਸ਼ਲ ਇੰਟੈਲੀਜੈਂਸ ਹੁਣ ਸਿਰਫ ਵਿਗਿਆਨਕ ਕਲਪਨਾ ਜਾਂ ਵੱਡੀਆਂ ਤਕਨੀਕੀ ਕੰਪਨੀਆਂ ਤਕ ਸੀਮਿਤ ਨਹੀਂ ਰਹੀ; ਚੈਟਜੀਪੀਟੀ ਵਰਗੇ ਅਨੇਕਾਂ ਜੈਨੇਰੇਟਿਵ ਏਆਈ ਟੂਲਸ ਨੇ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਵੀ ਇਸ ਨੂੰ ਪਹੁੰਚਾ ਦਿੱਤਾ ਹੈ। ਸਿੱਖਿਆ, ਸਿਹਤ, ਖੇਤੀਬਾੜੀ, ਉਦਯੋਗ, ਬੈਂਕਿੰਗ, ਸਰਕਾਰੀ ਪ੍ਰਬੰਧ ਅਤੇ ਰੁਜ਼ਗਾਰ; ਲਗਭਗ ਹਰ ਖੇਤਰ ਵਿੱਚ ਏਆਈ ਆਉਣ ਵਾਲੇ ਸਾਲਾਂ ਵਿੱਚ ਵੱਡਾ ਬਦਲਾਅ ਲਿਆ ਸਕਦੀ ਹੈ। ਇਸ ਪੱਖੋਂ ਪੰਜਾਬ ਲਈ ਏਆਈ ਇੱਕ ਵੱਡਾ ਮੌਕਾ ਹੈ। ਖਾਸ ਕਰਕੇ ਇਸ ਲਈ ਕਿ ਪੰਜਾਬ ਕੋਲ ਪੜ੍ਹੇ-ਲਿਖੇ ਨੌਜਵਾਨਾਂ, ਯੂਨੀਵਰਸਿਟੀਆਂ, ਤਕਨੀਕੀ ਸੰਸਥਾਵਾਂ ਅਤੇ ਖੇਤੀਬਾੜੀ ਦਾ ਮਜ਼ਬੂਤ ਅਧਾਰ ਹੈ।
ਸਕੂਲੀ ਸਿੱਖਿਆ ਵਿੱਚ ਵੱਡੀ ਪਹਿਲ
ਪੰਜਾਬ ਸਰਕਾਰ ਨੇ 2026 ਵਿੱਚ ਏਆਈ ਸਿੱਖਿਆ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ। ਪੰਜਾਬ ਭਾਰਤ ਦਾ ਪਹਿਲਾ ਰਾਜ ਬਣਿਆ ਹੈ ਜਿਸਨੇ ਕਲਾਸ ਪਹਿਲੀ ਤੋਂ ਬਾਰ੍ਹਵੀਂ ਤਕ ਆਰਟੀਫੀਸ਼ਲ ਇੰਟੈਲੀਜੈਂਸ ਨੂੰ ਮੁੱਖਧਾਰਾ ਦੇ ਸਕੂਲ ਵਿਸ਼ੇ ਵਜੋਂ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਨੂੰ ‘ਸਰਬਤ.ਏਆਈ’ ਪ੍ਰਾਜੈਕਟ ਤਹਿਤ ਪੜਾਅਵਾਰ ਲਾਗੂ ਕੀਤਾ ਜਾ ਰਿਹਾ ਹੈ।
ਇਸਦਾ ਪਹਿਲਾ ਪੜਾਅ ਕਲਾਸ ਅੱਠਵੀਂ ਤੋਂ ਬਾਰ੍ਹਵੀਂ ਤਕ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਏਆਈ ਨੂੰ ਕੰਪਿਊਟਰ ਸਾਇੰਸ ਪਾਠ-ਕ੍ਰਮ ਨਾਲ ਜੋੜਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੇਠਲੀਆਂ ਜਮਾਤਾਂ ਤਕ ਇਸਦਾ ਵਿਸਥਾਰ ਕੀਤਾ ਜਾਣਾ ਹੈ। ਇਹ ਕਦਮ ਮਹੱਤਵਪੂਰਨ ਹੈ ਕਿਉਂਕਿ ਏਆਈ ਦੀ ਸਿੱਖਿਆ ਬੱਚਿਆਂ ਨੂੰ ਸਿਰਫ ਭਵਿੱਖ ਦੀਆਂ ਨੌਕਰੀਆਂ ਲਈ ਤਿਆਰ ਨਹੀਂ ਕਰੇਗੀ, ਸਗੋਂ ਉਨ੍ਹਾਂ ਵਿੱਚ ਟੈਕਨੌਲੋਜੀ ਨੂੰ ਸਮਝਣ ਅਤੇ ਸਮੱਸਿਆਵਾਂ ਦੇ ਹੱਲ ਲੱਭਣ ਦੀ ਸਮਰੱਥਾ ਵੀ ਪੈਦਾ ਕਰ ਸਕਦੀ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਭੂਮਿਕਾ
ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਇਸ ਪ੍ਰੋਗਰਾਮ ਨੂੰ ਸਕੂਲਾਂ ਵਿੱਚ ਲਾਗੂ ਕਰਨ ਵਿੱਚ ਕੇਂਦਰੀ ਭੂਮਿਕਾ ਨਿਭਾ ਰਿਹਾ ਹੈ। ਇਸਨੇ ਪਹਿਲਾਂ ਹੀ ਕੰਪਿਊਟਰ ਸਾਇੰਸ ਦੇ ਸਿਲੇਬਸ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਐਕਸਪਰਟ ਸਿਸਟਮਜ਼ ਵਰਗੇ ਵਿਸ਼ੇ ਸ਼ਾਮਲ ਕੀਤੇ ਹੋਏ ਹਨ। ਅਪਰੈਲ 2026 ਵਿੱਚ ਬੋਰਡ ਨੇ ਏਆਈ ਅਤੇ ਰੋਬੋਟਿਕਸ ਨੂੰ ਸਕੂਲੀ ਪਾਠ-ਕ੍ਰਮ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ। ਇਸ ਮੌਕੇ ਏਆਈ ਸਿੱਖਿਆ ਸੰਬੰਧੀ ਨੈਸ਼ਨਲ ਕਾਨਫਰੰਸ ਅਤੇ ਪ੍ਰੈਕਟੀਕਲ ਵਰਕਸ਼ਾਪਾਂ ਵੀ ਕਰਵਾਈਆਂ ਗਈਆਂ। ਇਸ ਤੋਂ ਪਤਾ ਲਗਦਾ ਹੈ ਕਿ ਪੰਜਾਬ ਵਿੱਚ ਏਆਈ ਸਿੱਖਿਆ ਦੀ ਸ਼ੁਰੂਆਤ ਅਚਾਨਕ ਨਹੀਂ ਹੋਈ, ਸਗੋਂ ਇਹ ਇੱਕ ਪੜਾਅਵਾਰ ਪ੍ਰਕਿਰਿਆ ਦਾ ਹਿੱਸਾ ਹੈ।
ਅਸਲੀ ਚੁਣੌਤੀ ਸਿਲੇਬਸ ਨਹੀਂ, ਲਾਗੂ ਕਰਨਾ ਹੈ
ਏਆਈ ਨੂੰ ਸਿਲੇਬਸ ਵਿੱਚ ਸ਼ਾਮਲ ਕਰਨਾ ਇੱਕ ਚੰਗਾ ਕਦਮ ਹੈ, ਪਰ ਸਿਰਫ ਕਿਤਾਬਾਂ ਵਿੱਚ ਏਆਈ ਪੜ੍ਹਾਉਣ ਨਾਲ ਪੰਜਾਬ ਏਆਈ ਵਿੱਚ ਅੱਗੇ ਨਹੀਂ ਨਿਕਲ ਸਕਦਾ। ਸਭ ਤੋਂ ਪਹਿਲਾਂ ਲੋੜ ਹੈ ਕਿ ਅਧਿਆਪਕਾਂ ਨੂੰ ਪ੍ਰੈਕਟੀਕਲ ਏਆਈ ਟ੍ਰੇਨਿੰਗ ਦਿੱਤੀ ਜਾਵੇ। ਅਧਿਆਪਕ ਨੂੰ ਸਿਰਫ ਇਹ ਪਤਾ ਹੋਣਾ ਕਾਫੀ ਨਹੀਂ ਕਿ ਆਰਟੀਫੀਸ਼ਲ ਇੰਟੈਲੀਜੈਂਸ ਕੀ ਹੈ, ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਏਆਈ ਦੀ ਮਦਦ ਨਾਲ ਸਬਕ ਕਿਵੇਂ ਤਿਆਰ ਕਰਨਾ ਹੈ, ਵਿਦਿਆਰਥੀ ਦੀ ਸਿੱਖਣ ਸ਼ਕਤੀ ਨੂੰ ਕਿਵੇਂ ਸੁਧਾਰਨਾ ਹੈ ਅਤੇ ਏਆਈ ਵੱਲੋਂ ਦਿੱਤੀ ਗਲਤ ਜਾਣਕਾਰੀ ਨੂੰ ਕਿਵੇਂ ਪਛਾਣਨਾ ਹੈ।
ਦੂਜੀ ਵੱਡੀ ਲੋੜ ਡਿਜਿਟਲ ਬੁਨਿਆਦੀ ਢਾਂਚੇ ਦੀ ਹੈ। ਜੇ ਪਿੰਡ ਦੇ ਸਕੂਲ ਵਿੱਚ ਕੰਪਿਊਟਰ, ਤੇਜ਼ ਇੰਟਰਨੈੱਟ ਅਤੇ ਟਰੇਂਡ ਟੀਚਰ ਹੀ ਨਹੀਂ ਹੋਵੇਗਾ ਤਾਂ ਏਆਈ ਦਾ ਪਾਠ-ਕ੍ਰਮ ਸਿਰਫ ਕਾਗਜ਼ਾਂ ਤਕ ਰਹਿ ਜਾਵੇਗਾ। ਇਸ ਲਈ ਸਰਕਾਰ ਨੂੰ ਹਰ ਸਰਕਾਰੀ ਸਕੂਲ ਵਿੱਚ ਘੱਟੋ-ਘੱਟ ਏਆਈ ਬੁਨਿਆਦੀ ਢਾਂਚੇ ਦਾ ਮਿਆਰ ਤੈਅ ਕਰਨਾ ਚਾਹੀਦਾ ਹੈ।
ਪੰਜਾਬੀ ਭਾਸ਼ਾ ਵਿੱਚ ਏਆਈ-ਪੰਜਾਬ ਲਈ ਵਿਸ਼ੇਸ਼ ਮੌਕਾ
ਏਆਈ ਦੇ ਖੇਤਰ ਵਿੱਚ ਪੰਜਾਬ ਕੋਲ ਇੱਕ ਅਜਿਹਾ ਮੌਕਾ ਹੈ ਜਿਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਪੰਜਾਬੀ ਵਿੱਚ: ਸਪੀਚ-ਟੂ-ਟੈਕਸਟ, ਟੈਕਸਟ-ਟੂ-ਸਪੀਚ,
ਟਰਾਂਸਲੇਸ਼ਨ, ਓਸੀਆਰ - ਔਪਟੀਕਲ ਕਰੈਕਟਰ ਰੈਕੋਗਨੀਸ਼ੀਅਨ (ਪੁਰਾਣੀਆਂ ਪੰਜਾਬੀ ਕਿਤਾਬਾਂ ਨੂੰ ਡਿਜਿਟਲ ਕਰਨਾ),
ਪੰਜਾਬੀ ਐਜੂਕੇਸ਼ਨਲ ਚੈਟਬੋਟਸ, ਪੰਜਾਬੀ ਡਿਜਿਟਲ ਲਾਇਬਰੇਰੀਆਂ, ਕਿਸਾਨਾਂ ਲਈ ਪੰਜਾਬੀ ਏਆਈ ਅਸਿਸਟੈਂਟ ਵਰਗੀਆਂ ਸੇਵਾਵਾਂ ਵਿਕਸਿਤ ਕੀਤੀਆਂ ਜਾ ਸਕਦੀਆਂ ਹਨ।
ਜੇ ਸਰਕਾਰ ਪੰਜਾਬੀ ਯੂਨੀਵਰਸਿਟੀ, ਪੰਜਾਬ ਦੀਆਂ ਹੋਰ ਯੂਨੀਵਰਸਿਟੀਆਂ, ਆਈਆਈਟੀ/ਆਰ ਐਂਡ ਡੀ ਸੰਸਥਾਵਾਂ ਨੂੰ ਇਕੱਠਾ ਕਰਕੇ ਪੰਜਾਬੀ ਏਆਈ ਮਿਸ਼ਨ ਸ਼ੁਰੂ ਕਰੇ ਤਾਂ ਪੰਜਾਬ ਇਸ ਖੇਤਰ ਵਿੱਚ ਦੇਸ਼ ਲਈ ਮਿਸਾਲ ਬਣ ਸਕਦਾ ਹੈ।
ਏਆਈ ਅਤੇ ਪੰਜਾਬ ਦੀ ਖੇਤੀ
ਪੰਜਾਬ ਦੀ ਅਰਥਵਿਵਸਥਾ ਅਤੇ ਸਮਾਜ ਲਈ ਖੇਤੀਬਾੜੀ ਅਜੇ ਵੀ ਬਹੁਤ ਮਹੱਤਵਪੂਰਨ ਹੈ। ਇਸ ਲਈ ਏਆਈ ਦਾ ਸਭ ਤੋਂ ਵੱਡਾ ਪ੍ਰਯੋਗ ਖੇਤੀ ਵਿੱਚ ਹੋ ਸਕਦਾ ਹੈ।
ਏਆਈ ਰਾਹੀਂ ਫਸਲਾਂ ਦੀਆਂ ਬਿਮਾਰੀਆਂ ਦੀ ਪਹਿਲਾਂ ਪਛਾਣ, ਮਿੱਟੀ ਦੀ ਕੁਆਲਿਟੀ ਦਾ ਅਨੈਲਿਸਿਸ, ਪਾਣੀ ਦੀ ਲੋੜ ਦਾ ਅੰਦਾਜ਼ਾ, ਮੌਸਮ ਅਤੇ ਫਸਲਾਂ ’ਤੇ ਪ੍ਰਭਾਵ ਦੀ ਭਵਿੱਖ ਬਾਣੀ, ਕੀਟਾਂ ਦੀ ਪਛਾਣ, ਪ੍ਰੀਸੀਜ਼ਨ ਫਾਰਮਿੰਗ ਜਾਂ ਸਟੀਕ ਖੇਤੀਬਾੜੀ, ਮੰਡੀ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਨਾਲ ਏਆਈ ਸਿਰਫ ਆਈਟੀ ਸੈਕਟਰ ਦੀ ਤਕਨੀਕ ਨਹੀਂ ਰਹੇਗੀ, ਸਗੋਂ ਕਿਸਾਨ ਦੀ ਪ੍ਰੈਕਟੀਕਲ ਸਹਾਇਕ ਬਣ ਸਕਦੀ ਹੈ।
ਨੌਜਵਾਨਾਂ ਲਈ ਰੁਜ਼ਗਾਰ ਜਾਂ ਬੇਰੋਜ਼ਗਾਰੀ?
ਏਆਈ ਬਾਰੇ ਸਭ ਤੋਂ ਵੱਡਾ ਸਵਾਲ ਰੁਜ਼ਗਾਰ ਦਾ ਹੈ। ਕੁਝ ਪੁਰਾਣੀਆਂ ਨੌਕਰੀਆਂ ਆਟੋਮੇਸ਼ਨ ਨਾਲ ਘਟ ਸਕਦੀਆਂ ਹਨ, ਪਰ ਨਵੀਂਆਂ ਕਿਸਮਾਂ ਦੀਆਂ ਨੌਕਰੀਆਂ ਵੀ ਪੈਦਾ ਹੋਣਗੀਆਂ। ਇਸ ਲਈ ਪੰਜਾਬ ਨੂੰ ਨੌਜਵਾਨਾਂ ਨੂੰ ਕੇਵਲ ਏਆਈ ਵਰਤਣਾ ਨਹੀਂ, ਸਗੋਂ ਏਆਈ ਬਣਾਉਣਾ ਅਤੇ ਡਿਵੈਲਪ ਕਰਨਾ ਵੀ ਸਿਖਾਉਣਾ ਪਵੇਗਾ।
ਸਕੂਲ ਤੋਂ ਬਾਅਦ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ:
ਏਆਈ+ ਡਾਟਾ ਸਾਇੰਸ + ਰੋਬੌਟਿਕਸ + ਸਾਈਬਰ ਸਿਕਿਉਰਿਟੀ + ਕਲਾਊਡ ਕੰਪਿਊਟਿੰਗ + ਸੈਮੀ ਕੰਡਕਟਰ ਟੈਕਨਾਲੋਜੀ ਵਰਗੇ ਸਕਿੱਲ ਪ੍ਰੋਗਰਾਮਾਂ ਦਾ ਵਿਸਥਾਰ ਹੋਣਾ ਚਾਹੀਦਾ ਹੈ।
ਏਆਈ ਨੂੰ ਸਿਰਫ ਨਿੱਜੀ ਖੇਤਰ ਦੇ ਹਵਾਲੇ ਨਾ ਕੀਤਾ ਜਾਵੇ
ਪੰਜਾਬ ਸਰਕਾਰ ਵੱਲੋਂ ਏਆਈ ਐਜੂਕੇਸ਼ਨ ਦੀ ਸ਼ੁਰੂਆਤ ਇੱਕ ਮਹੱਤਵਪੂਰਨ ਕਦਮ ਹੈ, ਪਰ ਅਗਲਾ ਪੜਾਅ ਸਰਕਾਰੀ ਏਆਈ ਸਮਰੱਥਾ ਬਣਾਉਣ ਦਾ ਹੋਣਾ ਚਾਹੀਦਾ ਹੈ।
ਸਰਕਾਰ ਨੂੰ ਖੇਤੀਬਾੜੀ, ਸਿਹਤ ਸਿੱਖਿਆ ਅਤੇ ਪ੍ਰਬੰਧਨ ਲਈ ਆਪਣੇ ਲੋਕ ਪੱਖੀ ਏਆਈ ਪ੍ਰੋਜੈਕਟ ਸ਼ੁਰੂ ਕਰਨੇ ਚਾਹੀਦੇ ਹਨ।
ਏਆਈ ਦੀ ਵਰਤੋਂ ਕਰਦਿਆਂ ਨਿੱਜਤਾ, ਡਾਟਾ ਸਿਕਿਉਰਿਟੀ, ਐਲਗੋਰਿਦਮਿਕ ਬਾਇਸ ਅਤੇ ਗਲਤ ਜਾਣਕਾਰੀ ਵਰਗੇ ਮੁੱਦਿਆਂ ਨੂੰ ਵੀ ਗੰਭੀਰਤਾ ਨਾਲ ਲੈਣਾ ਪਵੇਗਾ।
ਪੰਜਾਬ ਦੇ ਏਆਈ ਪਾਠ-ਕ੍ਰਮ ਬਾਰੇ ਸਰਕਾਰੀ ਐਲਾਨਾਂ ਵਿੱਚ ਜ਼ਿੰਮੇਵਾਰ ਅਤੇ ਨੈਤਿਕ ਏਆਈ ’ਤੇ ਵੀ ਜ਼ੋਰ ਦਿੱਤਾ ਗਿਆ ਹੈ।
ਡਿਜੀਟਲ ਯੂਨੀਵਰਸਿਟੀਆਂ ਵੱਲ ਵੀ ਕਦਮ
ਪੰਜਾਬ ਸਰਕਾਰ ਨੇ 2026 ਵਿੱਚ ਡਿਜਿਟਲ ਯੂਨੀਵਰਸਿਟੀਆਂ ਲਈ ਕਾਨੂੰਨੀ ਢਾਂਚਾ ਬਣਾਉਣ ਦੀ ਤਿਆਰੀ ਦੀ ਵੀ ਜਾਣਕਾਰੀ ਦਿੱਤੀ ਹੈ। ਪ੍ਰਸਤਾਵਿਤ ਡਿਜਿਟਲ ਯੂਨੀਵਰਸਿਟੀਆਂ ਵਿੱਚ ਏਆਈ ਅਧਾਰਿਤ ਪੜ੍ਹਾਈ ਅਤੇ ਆਨਲਾਈਨ ਡਿਗਰੀ, ਡਿਪਲੋਮਾ ਪ੍ਰੋਗਰਾਮਾਂ ਦੀ ਸੰਭਾਵਨਾ ਦੱਸੀ ਗਈ ਹੈ।
ਜੇ ਇਸ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਪੰਜਾਬ ਦੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੇ ਵਿਦਿਆਰਥੀਆਂ ਨੂੰ ਵੀ ਉੱਚ ਪੱਧਰੀ ਟੈਕਨਾਲੋਜੀ ਐਜੂਕੇਸ਼ਨ ਤਕ ਪਹੁੰਚ ਮਿਲ ਸਕਦੀ ਹੈ।
ਅੱਗੇ ਦਾ ਰਸਤਾ
ਪੰਜਾਬ ਨੂੰ ਏਆਈ ਦੇ ਯੁਗ ਵਿੱਚ ਅੱਗੇ ਲਿਜਾਣ ਲਈ ਸਰਕਾਰ ਨੂੰ ਪੰਜ ਗੱਲਾਂ ’ਤੇ ਖਾਸ ਧਿਆਨ ਦੇਣਾ ਚਾਹੀਦਾ ਹੈ:
ਪਹਿਲਾ - ਹਰ ਸਕੂਲ ਵਿੱਚ ਏਆਈ ਲਈ ਜ਼ਰੂਰੀ ਡਿਜਿਟਲ ਮੁਢਲਾ ਢਾਂਚਾ।
ਦੂਜਾ - ਅਧਿਆਪਕਾਂ ਦੀ ਲਗਾਤਾਰ ਪ੍ਰੈਕਟੀਕਲ ਟ੍ਰੇਨਿੰਗ।
ਤੀਜਾ - ਪੰਜਾਬੀ ਭਾਸ਼ਾ ਲਈ ਆਪਣਾ ਏਆਈ ਈਕੋਸਿਸਟਮ।
ਚੌਥਾ - ਯੂਨੀਵਰਸਿਟੀਆਂ, ਇੰਡਸਟਰੀ ਅਤੇ ਸਟਾਰਟਅਪਸ ਨੂੰ ਜੋੜ ਕੇ ਏਆਈ ਨਵੀਨਤਾ ਕੇਂਦਰ।
ਪੰਜਵਾਂ - ਖੇਤੀ, ਸਿਹਤ, ਸਿੱਖਿਆ ਅਤੇ ਸਰਕਾਰੀ ਸੇਵਾਵਾਂ ਵਿੱਚ ਲੋਕ ਪੱਖੀ ਏ ਆਈ ਪ੍ਰੋਜੈਕਟ।
ਪੰਜਾਬ ਨੇ ਹਰੇ ਇਨਕਲਾਬ ਵਿੱਚ ਦੇਸ਼ ਦੀ ਅਗਵਾਈ ਕੀਤੀ ਸੀ। ਹੁਣ ਚੁਣੌਤੀ ਇਹ ਹੈ ਕਿ ਹਰੇ ਇਨਕਲਾਬ ਤੋਂ ਬਾਅਦ ਪੰਜਾਬ ਏਆਈ ਇਨਕਲਾਬ ਵਿੱਚ ਵੀ ਆਪਣੀ ਅਗਵਾਈ ਸਥਾਪਿਤ ਕਰੇ।
ਏਆਈ ਨੂੰ ਸਿਰਫ ਇੱਕ ਨਵਾਂ ਵਿਸ਼ਾ ਬਣਾਉਣ ਦੀ ਬਜਾਏ ਇਸ ਨੂੰ ਸਿੱਖਿਆ, ਰੁਜ਼ਗਾਰ, ਖੇਤੀ, ਉਦਯੋਗ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਦਾ ਸਾਧਨ ਬਣਾਇਆ ਜਾਵੇ। ਤਦ ਹੀ ‘ਸਰਬਤ.ਏਆਈ’ ਵਰਗੀ ਪਹਿਲ ਅਸਲ ਅਰਥਾਂ ਵਿੱਚ ਪੰਜਾਬ ਦੇ ਨੌਜਵਾਨਾਂ ਲਈ ਬਦਲਾਅ ਦਾ ਮਾਧਿਅਮ ਬਣ ਸਕੇਗੀ।
ਕੰਪਿਊਟਰ ਦਾ ਯੁਗ ਆਉਣ ਵੇਲੇ ਬੈਂਗਲੌਰ, ਹੈਦਰਾਬਾਦ, ਮੁੰਬਈ ਅਤੇ ਫਿਰ ਗੁੜਗਾਉਂ ਵਰਗੇ ਸ਼ਹਿਰ ਰੁਜ਼ਗਾਰ ਦੇਣ ਦਾ ਕੇਂਦਰ ਬਣ ਗਏ ਸਨ ਅਤੇ ਸਾਡੇ ਬੱਚਿਆਂ ਨੂੰ ਮਜਬੂਰੀ ਵੱਸ ਉਨ੍ਹਾਂ ਸ਼ਹਿਰਾਂ ਵਿੱਚ ਜਾਣਾ ਪਿਆ। ਪਰ ਹੁਣ ਪੰਜਾਬ ਨੂੰ ਏਆਈ ਦੇ ਇਨਕਲਾਬ ਵਿੱਚ ਪਹਿਲ ਕਰਨੀ ਚਾਹੀਦੀ ਹੈ ਤਾਂ ਕਿ ਸਾਡੇ ਬੱਚੇ ਉੱਚ ਸਿੱਖਿਆ ਹਾਸਲ ਕਰਕੇ ਪੰਜਾਬ ਵਿੱਚ ਹੀ ਆਪਣੀਆਂ ਸੇਵਾਵਾਂ ਦੇ ਸਕਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































