“ਸਨ 2014 ਵਿੱਚ ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ਦੇ ਗਠਨ ਬਾਅਦ ...”
(27 ਨਵੰਬਰ 2026)
ਭਾਰਤੀ ਰਾਜਨੀਤੀ ਦੇ ਤਲਿਸਮੀ ਅਤੇ ਮੌਕਾਪ੍ਰਸਤ ਵਰਤਾਰਿਆਂ ਦਾ ਸ਼ਾਇਦ ਅਜੋਕੇ ਵਿਸ਼ਵ ਵਿੱਚ ਕੋਈ ਸਾਨੀ ਨਹੀਂ। ਸਿੱਖ ਧਰਮ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਦਿਵਸ ਦਾ ਪਵਿੱਤਰ ਦਿਹਾੜਾ 24 ਨਵੰਬਰ, 2026 ਨੂੰ ਸੀ। ਕੇਂਦਰ ਵਿੱਚ ਨਰਿੰਦਰ ਮੋਦੀ ਦੀ ਐੱਨਡੀਏ ਸਰਕਾਰ ਦੀ ਅਗਵਾਈ ਕਰਨ ਵਾਲੀ ਭਾਜਪਾ ਦੇ ਅਜੋਕੇ ਰਾਜਨੀਤਿਕ ਚਾਣਕੀਆ ਵਜੋਂ ਜਾਣੇ ਜਾਂਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਇਸਦੀ ਸਿਖਰਲੀ ਲੀਡਰਸ਼ਿੱਪ ਨੇ, ਜਿਸ ਵਿੱਚ ਇਸਦੇ ਪ੍ਰਧਾਨ ਨਿਤਨ ਨਾਬੀਨ ਵੀ ਸ਼ਾਮਲ ਸਨ, ਨੇ ਇਸ ਪਵਿੱਤਰ ਦਿਹਾੜੇ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਨਾਲ ਦਿੱਲੀ ਵਿਖੇ ਪਾਰਟੀ ਹੈੱਡਕੁਆਰਟਰ ਵਿੱਚ ਮੁੜ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਬਿਨਾਂ ਸ਼ਰਤ ਰਾਜਨੀਤਿਕ ਗੱਠਜੋੜ ਕਰਨ ਲਈ ਚੁਣਿਆ। ਸਨਦ ਰਹੇ ਕਿ 26 ਸਤੰਬਰ, 2020 ਨੂੰ ਪਹਿਲਾਂ ਤਿੰਨ ਖੇਤੀ (ਕਾਲੇ) ਕਾਨੂੰਨ ਮੰਨਣ ਬਾਅਦ ਜਦੋਂ ਪੰਜਾਬ ਦੀ ਕਿਸਾਨੀ ਨੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦਾ ਘਰਾਓ ਕੀਤਾ ਤਾਂ ਉਨ੍ਹਾਂ ਨੇ ਭਾਈਵਾਲ ਭਾਜਪਾ ਅਤੇ ਐੱਨਡੀਏ ਨੂੰ ਧੋਖਾ ਦਿੰਦੇ ਆਪਣੇ ਆਪ ਨੂੰ ਵੱਖ ਕਰ ਲਿਆ ਸੀ। ਹੁਣ ਥੁੱਕ ਕੇ ਚੱਟਦਿਆਂ ਮੁੜ ਪੰਜਾਬ ਵਿੱਚ ਸੱਤਾ ਖਾਤਰ ਭਾਜਪਾ ਨਾਲ ਕਰਿੰਗੜੀ ਪਾ ਲਈ ਹੈ ਜਿਸ ਕਰਕੇ ਪੰਜਾਬ ਦੀ ਰਾਜਨੀਤੀ ਵਿੱਚ ਤੁਫਾਨ ਮਚਿਆ ਪਿਆ ਦੇਖਿਆ ਜਾ ਸਕਦਾ ਹੈ।
ਇਤਿਹਾਸਕ ਦੁਹਰਾਓ:
ਸੰਨ 1995 ਵਿੱਚ ਗਿੱਦੜਬਾਹਾ ਵਿਧਾਨ ਸਭਾ ਉਪਚੋਣ ਬਸਪਾ ਦੀ ਮਦਦ ਨਾਲ ਜਿੱਤਣ ਤੋਂ ਬਾਅਦ ਸੰਨ 1996 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਗੱਠਜੋੜ ਹੋਇਆ ਜਿਸ ਕਰਕੇ ਇਨ੍ਹਾਂ 11 ਸੀਟਾਂ ਜਿੱਤੀਆਂ; ਜੋ ਹੁਣ ਤਕ ਦਾ ਰਿਕਾਰਡ ਹੈ। ਲੇਕਿਨ ਅਚਾਨਕ ਬਸਪਾ ਨੂੰ ਧੋਖਾ ਦੇ ਕੇ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਨਾਲ ਬਿਨਾਂ ਸ਼ਰਤ ਸਮਝੌਤਾ ਕਰ ਲਿਆ ਅਤੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ 13 ਰੋਜ਼ਾ ਸਰਕਾਰ ਨੂੰ ਹਿਮਾਇਤ ਦੇਣ ਦਾ ਐਲਾਨ ਕਰ ਦਿੱਤਾ। 26 ਸਤੰਬਰ 2020 ਨੂੰ ਉਸੇ ਧੋਖਾਧੜੀ ਵਾਲੇ ਇਤਿਹਾਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਦੁਹਰਾਇਆ ਸੀ।
ਸਮਝੌਤਾ ਬੁਨਿਆਦ:
ਮਨੁੱਖੀ, ਰਾਜਕੀ ਅਤੇ ਕੌਮਾਂਤਰੀ ਪੱਧਰ ’ਤੇ ਪਵਿੱਤਰ ਅਤੇ ਮਜ਼ਬੂਤ ਸਮਝੌਤਿਆਂ ਦੀ ਬੁਨਿਆਦ ਤਿੰਨ ਸਿਧਾਂਤਾਂ ਉੱਤੇ ਨਿਰਭਰ ਕਰਦੀ ਹੈ। ਨੰਬਰ ਇੱਕ ਇਮਾਨਦਾਰੀ, ਨੰਬਰ ਦੋ ਸਚਾਈ ਅਤੇ ਨੰਬਰ ਤਿੰਨ ਵਿਸ਼ਵਾਸ। ਇਨ੍ਹਾਂ ਬਗੈਰ ਕਿਸੇ ਰਿਸ਼ਤੇ ਅਤੇ ਸਮਝੌਤੇ ਵਿੱਚ ਸਥਿਰਤਾ ਸੰਭਵ ਨਹੀਂ। ਸੋ ਇਸ ਅਕਾਲੀ-ਭਾਜਪਾ ਦੇ ਮੌਕਾਪ੍ਰਸਤ ਅਤੇ ਸੱਤਾਵਾਦੀ ਸਮਝੌਤੇ ਦੀ ਸਥਿਰਤਾ ਅਤੇ ਕੀ ਇਹ ਪੰਜਾਬ ਲਈ ਵਰਦਾਨ ਜਾਂ ਸਰਾਪ ਸਾਬਤ ਹੋਵੇਗਾ ਦਾ ਫੈਸਲਾ ਪੰਜਾਬੀਆਂ ’ਤੇ ਨਿਰਭਰ ਕਰੇਗਾ।
ਹਿੰਦੂ-ਸਿੱਖ ਏਕਤਾ:
ਮੌਜੂਦਾ ਸਮੇਂ ਅਕਾਲੀ-ਭਾਜਪਾ ਗੱਠਜੋੜ ਨੂੰ ਪੰਜਾਬ ਵਿੱਚ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ ਐਲਾਨਿਆ ਗਿਆ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਇਸਾਈ, ਮੁਸਲਿਮ ਅਤੇ ਦਲਿਤ ਭਾਈਚਾਰੇ ਇਸ ਵਿੱਚੋਂ ਮਨਫੀ ਕਿਉਂ ਹਨ? ਕੀ ਇਹੋ ਹਿੰਦੂ-ਸਿੱਖ ਏਕਤਾ ਦੇਸ਼ ਦੀ ਵੰਡ ਵੇਲੇ ਪੰਜਾਬ ਅੰਦਰ ਮੁਸਲਿਮ ਭਾਈਚਾਰੇ ਨਾਲ ਵਿਰੋਧ ਕਰਕੇ 10 ਲੱਖ ਪੰਜਾਬੀਆਂ ਦੇ ਘਾਣ ਅਤੇ ਢਾਈ ਕਰੋੜ ਪੰਜਾਬੀਆਂ ਦੇ ਉਜਾੜੇ ਲਈ ਜ਼ਿੰਮੇਵਾਰ ਨਹੀਂ ਸੀ? ਜੂਨ 1984 ਵਿੱਚ ਪੰਜਾਬ ’ਤੇ ਨੀਲਾ ਤਾਰਾ ਫੌਜੀ ਕਾਰਵਾਈ ਵੇਲੇ ਇਹ ਹਿੰਦੂ-ਸਿੱਖ ਏਕਤਾ ਕਿੱਥੇ ਸੀ? ਜਦੋਂ ਭਾਜਪਾ ਦੇ ਸਿਖਰਲੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ ਹੋਰਨਾਂ ਨੇ ਇੰਦਰਾ ਗਾਂਧੀ ਉੱਤੇ ਇਸ ਕਾਰਵਾਈ ਲਈ ਦਬਾਅ ਪਾਇਆ ਸੀ (“ਮਾਈ ਕੰਟਰੀ-ਮਾਈ ਲਾਈਫ”) ਇਵੇਂ ਹੀ ਹਿੰਦੂ-ਸਿੱਖ ਏਕਤਾ ਇੰਦਰਾ ਗਾਂਧੀ ਦੇ ਕਤਲ ਬਾਅਦ ਨਵੰਬਰ 1984 ਦੇ ਸਿੱਖ ਭਾਈਚਾਰੇ ਦੇ ਕਤਲ ਏ ਆਮ ਸਮੇਂ ਕਿੱਥੇ ਸੀ? ਇਹੀ ਏਕਤਾ ਪੰਜਾਬੀਅਤ ਨੂੰ ਦੋ ਦੇਸ਼ਾਂ ਅਤੇ ਧਰਮਾਂ, ਜਾਤਾਂ ਅਤੇ ਵਰਗਾਂ ਵਿੱਚ ਵੰਡਣ ਲਈ ਦੋਸ਼ੀ ਹੈ ਕਿਉਂਕਿ ਇਸ ਵਿੱਚੋਂ ਇਸਾਈ, ਮੁਸਲਿਮ ਅਤੇ ਦਲਿਤ ਭਾਈਚਾਰੇ ਮਨਫੀ ਹਨ। ਕੀ ਪੰਜਾਬੀ ਅਜਿਹੇ ਪੰਜਾਬੀਅਤ ਵਿਰੋਧੀ ਸਿਧਾਂਤਹੀਣ ਗੱਠਜੋੜ ਦੇ ਹੱਕ ਵਿੱਚ ਹਨ?
ਬੁਨਿਆਦੀ ਮੁੱਦੇ:
ਇਸ ਬਿਨਾਂ ਸ਼ਰਤ ਗੱਠਜੋੜ ਦਾ ਕੀ ਮਹੱਤਵ ਰਹਿ ਜਾਂਦਾ ਹੈ ਜਦੋਂ ਪੰਜਾਬ ਦੇ ਬੁਨਿਆਦੀ ਮੁੱਦਿਆਂ ਜਿਵੇਂ ਰਾਜਧਾਨੀ ਚੰਡੀਗੜ੍ਹ, ਪਾਣੀਆਂ, ਹੈੱਡਵਰਕਸਾਂ, ਪੰਜਾਬੀ ਭਾਸ਼ਾਈ ਇਲਾਕੇ ਦੀ ਪੰਜਾਬ ਵਿੱਚ ਸ਼ਮੂਲੀਅਤ ਬਾਰੇ ਗੱਲ ਨਹੀਂ ਕੀਤੀ; ਨਾ ਹੀ ਬੰਦੀ ਸਿੰਘਾਂ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਅੰਮ੍ਰਿਤਪਾਲ ਸਿੰਘ ਦੀ ਰਿਹਾਈ। ਨਾ ਹੀ ਆਰਐੱਸਐੱਸ ਅਤੇ ਭਾਜਪਾ ਵੱਲੋਂ ਸਿੱਖਾਂ ਨੂੰ ਇੱਕ ਵੱਖਰੀ ਕੌਮ ਮੰਨਣ, ਕੇਂਦਰ ਵਿੱਚ ਘੱਟ ਗਿਣਤੀ ਕਮਿਸ਼ਨ ਸਥਾਪਿਤ ਕਰਨ ਅਤੇ ਉਸਦੇ ਚੇਅਰਮੈਨ ਸਿੱਖ ਸ਼ਖਸੀਅਤਾਂ ਨੂੰ ਨਿਯੁਕਤ ਕਰਨ ਦੇ ਬਾਵਜੂਦ ਸੰਵਿਧਾਨ ਦੀ ਧਾਰਾ 25 ਵਿੱਚੋਂ ਸਿੱਖ ਕੌਮ ਨੂੰ ਬਾਹਰ ਰੱਖਣ ਦੀ ਗੱਲ ਕੀਤੀ ਗਈ ਹੈ।
ਵਾਵੇਲਾ:
ਅਕਾਲੀ ਦਲ ਬਾਦਲ ਅਤੇ ਸੁਪਰੀਮੋ ਸੁਖਬੀਰ ਬਾਦਲ ਦੀਆਂ ਯੂਟਿਊਬ ਰੀਲਾਂ ਦੀ ਟਣਕਾਰ ਪੰਜਾਬੀਆਂ ਦੇ ਕੰਨ ਵੱਢ ਵੱਢ ਖਾ ਰਹੀ ਹੈ ਜਿਸ ਵਿੱਚ ਉਹ ਭਾਜਪਾ ਅਤੇ ਉਨ੍ਹਾਂ ਵਿਰੁੱਧ ਸ੍ਰੀ ਅਕਾਲ ਤਖਤ ਤੋਂ 2 ਦਸੰਬਰ, 2024 ਨੂੰ ਜਾਰੀ ਹੁਕਮਨਾਮੇ, ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਬੋਰਡਾਂ, ਦਿੱਲੀ ਅਤੇ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੀਆਂ ਸੰਸਥਾਵਾਂ ’ਤੇ ਕਬਜ਼ੇ ਦਾ ਦੋਸ਼ ਮੜ੍ਹਦੇ ਸਨ। ਕੀ ਇਸ ਸਮਝੌਤੇ ਵੇਲੇ ਇਨ੍ਹਾਂ ਦੀ ਮੁਕਤੀ ਬਾਰੇ ਕੋਈ ਇਕਰਾਰ ਹੋਇਆ?
ਭਾਜਪਾ ਦੂਸਰੇ ਧਰਮਾਂ ਅਤੇ ਭਾਈਚਾਰਿਆਂ ਦੀਆਂ ਸੰਸਥਾਵਾਂ ਅਤੇ ਖੇਤਰੀ ਰਾਜਨੀਤਿਕ ਪਾਰਟੀਆਂ ਨੂੰ ਹੜਪਣ ਲਈ ਬਦਨਾਮ ਹੈ। ਨਿਤੀਸ਼ ਕੁਮਾਰ ਦੇ ਜਨਤਾ ਦਲ (ਯੂ), ਮਹਾਰਾਸ਼ਟਰ ਦੀ ਸ਼ਿਵ ਸੈਨਾ, ਉੜੀਸਾ ਦੇ ਬੀਜੂ ਜਨਤਾ ਦਲ ਆਦਿ ਵਾਂਗ ਭਾਜਪਾ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਨੂੰ ਚਿੱਟੇ ਦਿਨ ਨਿਗਲ ਰਹੀ ਹੈ। ਅਮਿਤ ਸ਼ਾਹ ਨੇ ਕੱਖੋਂ ਹੌਲੇ ਅਤੇ ਪਾਣੀਉਂ ਪਤਲੇ ਹੋਏ ਅਕਾਲੀ ਦਲ ਬਾਦਲ ਨੂੰ ਵਿਅੰਗਆਤਮਿਕ ਹਾਸੀ ਰਾਹੀਂ ਖੁਸ਼ ਕਰਦਿਆਂ ਕਿਹਾ ਕਿ ਇਹ ਦਲ ਪੰਜਾਬ ਵਿੱਚ ਗੱਠਜੋੜ ਦਾ “ਵੱਡਾ ਭਰਾ “ਹੋਵੇਗਾ ਅਤੇ ਵੱਡਾ ਭਰਾ ਹੀ ਮੁੱਖ ਮੰਤਰੀ ਹੋਵੇਗਾ। ਸੰਨ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਰਮਨਾਕ ਤਿੰਨ ਸੀਟਾਂ ਜਿੱਤਣ ਵਾਲਾ ਅਕਾਲੀ ਦਲ ਅਤੇ ਇਸਦਾ ਆਗੂ ਸੁਖਬੀਰ ਬਾਦਲ ਇਸ ਵਿਅੰਗ ਉੱਤੇ ਅੰਦਰ ਹੀ ਅੰਦਰ ਕਿੱਕਲੀ ਪਾਉਂਦਾ ਵਿਖਾਈ ਦਿੱਤਾ।
ਸਿੱਖ ਕੌਮ ਦੀ ਬੁਨਿਆਦ:
ਅਜੋਕੇ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਬੁਨਿਆਦ ਸਮਝੀ ਜਾਂਦੀ ਰਹੀ ਹੈ ਜੋ ਭਾਜਪਾ ਨੇ ਟੁਕੜੇ ਟੁਕੜੇ ਕਰਕੇ ਰੱਖ ਦਿੱਤੀ ਹੋਈ ਹੈ। ਇਹ ਸੰਸਥਾ ਸਿੱਖ ਸਿਧਾਂਤਾਂ, ਸਿੱਖ ਗੁਰਦੁਆਰਿਆਂ, ਸਿੱਖ ਕੌਮ ਦੀ ਰਾਖੀ ਅਤੇ ਸਿੱਖੀ ਦੇ ਪ੍ਰਚਾਰ ਲਈ ਸਥਾਪਿਤ ਕੀਤੀ ਗਈ ਸੀ। ਪੰਜਾਬੀ ਸੂਬੇ ਦੀ ਪਹਿਲੀ ਨਵੰਬਰ, 1966 ਵਿੱਚ ਪ੍ਰਾਪਤੀ ਦੇ ਬਾਅਦ ਪੰਜਾਬ ਅਸੈਂਬਲੀ ਸਮੁੱਚੇ ਸਿੱਖ ਪੰਥ ਦੀ ਢਾਲ ਵਜੋਂ ਸਥਾਪਿਤ ਕਰਨ ਲਈ ਅਹਿਦ ਕੀਤਾ ਗਿਆ ਸੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਦਿਸ਼ਾਹੀਣ ਲੀਡਰਸ਼ਿੱਪ ਨੇ ਮਲੀਆਮੇਟ ਕਰ ਦਿੱਤਾ। ਅੱਜ ਕੋਈ ਅਜਿਹਾ ਸਿੱਖ ਆਗੂ ਨਹੀਂ ਹੈ ਜੋ ਸਿੱਖ ਕੌਮ, ਸਿੱਖ ਪੰਥ ਅਤੇ ਇਸਦੀਆਂ ਸ਼ਾਨਾਂਮੱਤੀਆਂ ਸਿਰਮੌਰ ਸੰਸਥਾਵਾਂ ਦੀ ਰਾਖੀ ਲਈ ਆਪਣੇ ਨਿੱਜੀ ਅਤੇ ਰਾਜਨੀਤਿਕ ਹਿਤ ਕੁਰਬਾਨ ਕਰਨ ਵਾਲਾ ਹੋਵੇ। ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ, ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਅਤੇ ਹੋਰ ਅਨੇਕ ਸਿੱਖ ਧੜੇ ਵੀ ਹਮੇਸ਼ਾ ਭਾਜਪਾ ਨਾਲ ਰਾਜਨੀਤਕ ਸਮਝੌਤੇ ਪ੍ਰਤੀ ਲਿਲ੍ਹਕਦੇ ਵੇਖੇ ਗਏ ਹਨ। ਭਰੋਸੇਯੋਗ ਵਸੀਲੇ ਦੱਸਦੇ ਹਨ ਕਿ ਤਿੰਨ ਘੰਟੇ ਦੀ ਪੈਰੋਲ ਸਮੇਂ ਅੰਮ੍ਰਿਤਪਾਲ ਸਿੰਘ ਨਾਲ ਦਿੱਲੀ ਵਿਖੇ ਕਿਸੇ ਭਾਜਪਾ ਦੇ ਸਿਖਰਲੇ ਆਗੂ ਨੇ ਉਸ ਨਾਲ ਮੁਲਾਕਾਤ ਕੀਤੀ। ਵੈਸੇ ਵੀ ਉਸਦਾ ਪਿਤਾ ਪਹਿਲਾਂ ਕਾਂਗਰਸ ਪਾਰਟੀ ਦਾ ਕਾਰਕੁਨ ਰਿਹਾ ਹੈ।
ਭਾਜਪਾ ਸਥਿਤੀ:
ਸਨ 2014 ਵਿੱਚ ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ਦੇ ਗਠਨ ਬਾਅਦ ਆਰਥਿਕ ਮੰਦਹਾਲੀ ਦੇ ਸ਼ਿਕਾਰ ਪੰਜਾਬ ਨੂੰ ਅੱਜ ਤਕ ਕੋਈ ਆਰਥਿਕ ਪੈਕੇਜ ਨਹੀਂ ਦਿੱਤਾ। 70-80 ਹਜ਼ਾਰ ਛੋਟੇ ਵੱਡੇ ਅੱਤਵਾਦ ਵੇਲੇ ਉੱਜੜੇ ਸਨਅਤੀ ਯੂਨਿਟ ਮੁੜ ਤੋਂ ਸਥਾਪਿਤ ਕਰਨ ਲਈ ਕੁਝ ਨਹੀਂ ਕੀਤਾ। ਸਰਹੱਦੀ 553 ਕਿਲੋਮੀਟਰ ਖੇਤਰ ਨਾਲ 50 ਕਿਲੋਮੀਟਰ ਇਲਾਕੇ ’ਤੇ ਕੇਂਦਰ ਸਰਕਾਰ ਨੇ ਕਬਜ਼ਾ ਤਾਂ ਕਰ ਲਿਆ ਪਰ ਇਸ ’ਤੇ ਵਿਕਾਸ, ਸਰਹੱਦੋਂ ਪਾਰੋਂ ਡਰੋਨਾ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ, ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਵਾਹਗਾ, ਹੁਸੈਨੀ ਵਾਲਾ, ਕਰਤਾਰਪੁਰ ਲਾਂਘੇ ਖੋਲ੍ਹਣ, ਕਾਲੇ ਖੇਤੀ ਕਾਨੂੰਨ ਵਾਪਸ ਲੈਣ ਅਤੇ ਬਾਵਜੂਦ ਕਿਸਾਨੀ ਦੇ ਮਸਲੇ ਹੱਲ ਨਾ ਕਰਨ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਾ ਦੇਣ, ਹੈੱਡਵਰਕਸਾਂ ਅਤੇ ਪਾਣੀਆਂ ’ਤੇ ਕਬਜ਼ਾ ਕਰਨ, ਬੰਦੀ ਸਿੰਘ ਰਿਹਾ ਨਾ ਕਰਨ, ਸ਼੍ਰੋਮਣੀ ਕਮੇਟੀ ਦੀਆਂ 2011 ਬਾਅਦ ਚੋਣਾਂ ਨਾ ਕਰਾਉਣ ਅਤੇ ਸਿੱਖ ਸੰਸਥਾਵਾਂ ਊੱਤੇ ਕਬਜ਼ਾ ਕਰਨ ਕਰਕੇ ਪੰਜਾਬੀ ਅਤੇ ਪੰਜਾਬ ਭਾਜਪਾ ਯੂਨਿਟ ਦਾ ਕਾਂਗਰਸੀਕਰਨ ਕਰਕੇ ਕੇਵਲ ਸਿੰਘ ਢਿੱਲੋਂ ਵਰਗੇ ਕਾਂਗਰਸੀ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕਰਨ ਕਰਕੇ ਟਕਸਾਲੀ ਭਾਜਪਾਈ ਨਰਾਜ਼ ਹਨ। 31 ਦਸੰਬਰ 2029 ਤਕ ਪੰਜਾਬ ਨਸ਼ਾ ਮੁਕਤੀ ਦਾ ਐਲਾਨ ਪੰਜਾਬ ਨਾਲ ਵੱਡਾ ਮਜ਼ਾਕ ਸਿੱਧ ਹੋ ਰਿਹਾ ਹੈ। ਅਮਿਤ ਸ਼ਾਹ ਸਮੇਤ ਸਭ ਆਗੂ 117 ਵਿਧਾਨ ਸਭਾ ਸੀਟਾਂ ’ਤੇ ਲੜਨ ਦੇ ਜੁਮਲੇ ਸੁਣਾ ਸਨ। ਹਕੀਕਤ ਵਿੱਚ ਉਨ੍ਹਾਂ ਕੋਲ ਇੰਨੇ ਉਮੀਦਵਾਰ ਹੀ ਨਹੀਂ ਸਨ। ਮੰਦੀ ਰਾਜਨੀਤਿਕ ਹਾਲਤ ਕਰਕੇ ਹੀ ਸਮਝੌਤਾ ਕਰਨਾ ਪਿਆ।
ਸੁਖਬੀਰ ਬਾਦਲ:
ਸੁਖਬੀਰ ਬਾਦਲ ਇਸ ਗੈਰ ਸਿਧਾਂਤਿਕ ਸਮਝੌਤੇ ਕਰਕੇ ਪੰਜਾਬ ਵਿੱਚ ਇੱਕ ਅਤਿ ਘਿਰਣਤ ਰਾਜਨੀਤਿਕ ਆਗੂ ਵਜੋਂ ਉੱਭਰਿਆ ਹੈ। ਬਿਕਰਮ ਮਜੀਠੀਆ ਦਾ ਪਿੱਛਾ ਚਿੱਟਾ ਨਹੀਂ ਛੱਡ ਰਿਹਾ। ਗੁਰੂ ਗ੍ਰੰਥ ਸਾਹਿਬ ਬੇਅਦਬੀ, ਇਸ ਸੰਬੰਧੀ ਗੋਲੀ ਕਾਂਡ 2015, ਸਿੱਖ ਨੌਜਵਾਨਾਂ ਦੇ ਕਾਤਲ ਸੁਮੇਧ ਸੈਣੀ ਦੀ ਡੀਜੀਪੀ ਵਜੋਂ ਨਿਯੁਕਤੀ, ਸਿਰਸੇ ਵਾਲੇ ਬਾਬੇ ਸੰਬੰਧੀ ਮੁਆਫੀ ਕਾਂਡ, 2 ਦਸੰਬਰ 2024 ਦੇ ਹੁਕਮਨਾਮੇ ਤੋਂ ਭਗੌੜੇ ਹੋਣਾ, ਸੰਘਵਾਦ ਨੂੰ ਪਿੱਠ ਦੇਣਾ, ਪੰਜਾਬ ਲੁੱਟ ਕੇ ਵੱਡੀ ਆਰਥਿਕ ਸਲਤਨਤ ਕਾਇਮ ਕਰਨਾ ਆਦਿ ਗੁਨਾਹ ਉਸਦਾ ਪਿੱਛਾ ਨਹੀਂ ਛੱਡ ਰਹੇ। ਪੈਰੀਂ ਡਿਗੇ ਨਾਲ ਸਮਝੌਤਾ (ਸ਼ਾਇਦ ਸੀਟ ਵੰਡ 71-46 ਅਨੁਸਾਰ) ਕਰਨ ਵਾਲੀ ਭਾਜਪਾ ਉਸਦੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੇੜੀ ਪਾਰ ਲਾਉਣ ਦੀ ਥਾਂ ਡੋਬਣ ਦਾ ਵੱਡਾ ਕੰਮ ਕਰੇਗੀ। ਇੰਜ ਲਗਦਾ ਹੈ ਕਿ ਕਿਤੇ ਉਹ ਵੀ ਜਿਵੇਂ ਸਾਰੀ ਉਮਰ ਮਰਹੂਮ ਰਾਸ਼ਟਰਪਤੀ ਪ੍ਰਣਾਬ ਮੁਕਰਜੀ ਅਤੇ ਲਾਲ ਕ੍ਰਿਸ਼ਨ ਅਡਵਾਨੀ ਪ੍ਰਧਾਨ ਮੰਤਰੀਸ਼ਿੱਪ ਲਈ ਤਰਸਦੇ ਰਹੇ ਵਾਂਗ ਤਰਸਦਾ ਹੀ ਨਾ ਰਹਿ ਜਾਵੇ। ਖੈਰ, ਫੈਸਲਾ ਪੰਜਾਬੀਆਂ ਨੇ ਕਰਨਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































