DarbaraSKahlon8ਅਜਿਹੀ ਸੰਵੇਦਨਸ਼ੀਲ ਸਥਿਤੀ ਵਿੱਚ ਇੱਕ ਪਾਸੇ ਰਾਜ ਵਿੱਚ ਸੱਤਾਧਾਰੀ ਆਪ ਅੰਦਰ ...
(13 ਮਈ 2026)


ਪੰਜਾਬ ਵਿੱਚ ਇੱਕ ਵਾਰ ਫਿਰ ਅਤੀ ਚਿੰਤਾਜਨਕ ਰਾਜਨੀਤਿਕ
, ਧਾਰਮਿਕ, ਸਮਾਜਿਕ ਤੌਰ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ ਟਕਰਾਅ ਭਰੇ ਸਾੜ੍ਹਸਤੀ ਵਾਲੇ ਹਾਲਾਤ ਪੈਦਾ ਹੋ ਰਹੇ ਹਨ। ਸ਼ੁਰੂਆਤ ਆਮ ਆਦਮੀ ਪਾਰਟੀ (ਆਪ) ਦੇ ਅਜੋਕੇ ਰਾਜਨੀਤਕ ਢਾਂਚੇ ਨੂੰ ਸੁਨਿਆਰ ਦੀ ਨਹੀਂ ਲੁਹਾਰ ਦੇ ਵਦਾਨ ਵਾਲੀ ਸੱਟ ਮਾਰਦਿਆਂ ਇਸ ਨਾਲ ਸੰਬੰਧਿਤ ਸੱਤ ਰਾਜ ਸਭਾ ਮੈਂਬਰ ਤੋੜਨ ਦੀ ਭਾਜਪਾ ਦੀ ਰਾਜਨੀਤਿਕ ਪ੍ਰਕਿਰਿਆ ਰਾਹੀਂ ਸ਼ੁਰੂ ਹੁੰਦੇ ਹਨ। ਇਸ ਪ੍ਰਕਿਰਿਆ ਦੀ ਤਾਬ ਨਾ ਝੱਲਦਾ ਪੰਜਾਬ ਵਿੱਚ ਆਪ ਨੇ ਜੋ ਭਾਨਮਤੀ ਦਾ ਕੁਨਬਾ ਜੋੜ ਕੇ ਰਾਜਨੀਤਿਕ ਖਿੱਦੋ ਗੁੰਦਿਆ ਸੀ, ਬੁਰੀ ਤਰ੍ਹਾਂ ਉੱਧੜ ਗਿਆ ਹੈ। ਡਰ ਪੈਦਾ ਹੋ ਗਿਆ ਕਿ ਕਿਤੇ ਇਹ ਫੀਤਾ-ਫੀਤਾ ਹੀ ਨਾ ਹੋ ਜਾਵੇ। ਇਸ ਲਈ ਇਸ ਨੂੰ ਸਹੀ ਸਲਾਮਤ ਅਤੇ ਇੱਕ ਜੁੱਟ ਗੁੰਦਿਆ ਹੋਣ ਦਾ ਪ੍ਰਭਾਵ ਦੇਣ ਲਈ ਪਹਿਲੀ ਮਈ ਮਜ਼ਦੂਰ ਦਿਵਸ ’ਤੇ ਸੱਦੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਵਿੱਚ ਭਗਵੰਤ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਆਪ ਸਰਕਾਰ ਨੇ ਭਰੋਸੇ ਦਾ ਮੱਤ ਪ੍ਰਾਪਤ ਕਰਕੇ ਸਾਬਤ ਕਰਨ ਦਾ ਯਤਨ ਕੀਤਾ। ਲੇਕਿਨ ਆਪ ਦੇ ਇਸ ਰਾਜਨੀਤਿਕ ਖਿੱਦੋ ’ਤੇ ਚਾਕੂ ਲਟਕਣ ਕਰਕੇ ਇਸਦੇ ਫੀਤਾ ਫੀਤਾ ਹੋਣ ਦਾ ਖੌਫ ਲਗਾਤਾਰ ਅੰਦਰੋ ਅੰਦਰ ਖਾ ਰਿਹਾ ਹੈ।

ਪਰੇਡ:

ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਅੰਦਰ ਆਪਣੀ ਸਰਕਾਰ ਲਈ ਭਰੋਸੇ ਦਾ ਮੱਤ ਪ੍ਰਾਪਤ ਕਰ ਲਿਆ ਸੀ ਤਾਂ ਉਹਨਾਂ ਨੂੰ ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦਰੋਪਤੀ ਮੁਰਮੋ ਦੇ ਸਾਹਮਣੇ ਵਿਧਾਇਕਾਂ ਦੀ ਪਰੇਡ ਕਰਾਉਣਾ ਜਾਂ ਮਿਲ ਕੇ ਭਰੋਸੇ ਦਾ ਮੱਤ ਪ੍ਰਾਪਤ ਕਰਨ ਸਬੰਧੀ ਮਤਾ ਦਿਖਾਉਣ ਦੀ ਕੋਈ ਲੋੜ ਨਹੀਂ ਰਹਿ ਜਾਂਦੀ ਸੀ। ਲੇਕਿਨ ਦਲ ਬਦਲੀ ਕਰਨ ਵਾਲੇ ਸੱਤ ਸਾਬਕਾ ਆਪ ਰਾਜਸਭਾ ਸੰਸਦ ਮੈਂਬਰਾਂ ਅਤੇ ਭਾਜਪਾ ਨਾਲ ਰਾਜਨੀਤਿਕ ਟਕਰਾਅ ਦਾ ਪਟਾਰਾ ਖੋਲ੍ਹਣ ਦੀ ਪਹਿਲ ਮੁੱਖ ਮੰਤਰੀ ਦੀ ਰਾਜਨੀਤਿਕ ਬੇਸਮਝੀ ਕਰਕੇ ਪੈਦਾ ਹੋਈ। ਉਨ੍ਹਾਂ ਨੇ 5 ਮਈ ਨੂੰ ਰਾਸ਼ਟਰਪਤੀ ਨੂੰ ਮਿਲਣ ਲਈ 12 ਵਜੇ ਦੁਪਹਿਰ ਦਾ ਸਮਾਂ ਲੈ ਰੱਖਿਆ ਸੀ। ਲੇਕਿਨ ਉਹਨਾਂ ਦੀ ਇਸ ਚਾਲ ਨੂੰ ਮਾਤ ਦੇਣ ਲਈ ਦਲ ਬਦਲੂ ਮੈਂਬਰਾਂ ਨੇ ਉਸੇ ਦਿਨ ਰਾਸ਼ਟਰਪਤੀ ਨੂੰ ਮਿਲ ਕੇ ਉਹਨਾਂ ਵਿਰੁੱਧ ਮਾਨ ਸਰਕਾਰ ਵੱਲੋਂ ਕੀਤੀ ਜਾ ਰਹੀ ਰਾਜਨੀਤਿਕ ਬਦਲਾਖੋਰੀ ਨੂੰ ਬੇਨਕਾਬ ਕਰਨ ਲਈ 10:40 ਵਜੇ ਸਵੇਰ ਦਾ ਸਮਾਂ ਲੈ ਲਿਆ। ਇਸ ਨਾਲ ਪੰਜਾਬ ਅੰਦਰ ਭਾਜਪਾ ਅਤੇ ਮਾਨ ਸਰਕਾਰ ਦਰਮਿਆਨ ਰਾਜਨੀਤਕ ਡਿੰਗ-ਡੌਂਗ ਸ਼ੁਰੂ ਹੋ ਗਈ।

ਰਾਜਨੀਤਕ ਬਦਲਾਖੋਰੀ:

ਜੋ ਕੱਲ੍ਹ ਇਸ ਕੱਟੜ ਇਮਾਨਦਾਰ ਆਪ ਰਾਜਨੀਤਿਕ ਸੰਗਠਨ ਦੇ ਕੱਟੜ ਇਮਾਨਦਾਰ ਅਤੇ ਵਫਾਦਾਰ ਆਗੂ ਸਨ ਉਹ ਰਾਜਨੀਤਿਕ ਵਫਾਦਾਰੀ ਬਦਲਦੇ ਹੀ ਕੱਟੜ ਭ੍ਰਿਸ਼ਟਾਚਾਰੀ, ਦੁਰਾਚਾਰੀ ਅਤੇ ਗਦਾਰ ਕਹੇ ਜਾਣ ਲੱਗੇ। ਅਰਵਿੰਦ ਕੇਜਰੀਵਾਲ ਦਾ ਸੱਜੇ ਅਤੇ ਖੱਬੇ ਹੱਥ ਵਜੋਂ ਜਾਣੇ ਜਾਂਦੇ ਰਾਘਵ ਚੱਢਾ ਅਤੇ ਸੰਦੀਪ ਪਾਠਕ ਅਤੇ ਉਹਨਾਂ ਦੀ ਪਾਰਟੀ ਦੀ ਤਿਜੌਰੀ ਮੰਨੇ ਜਾਂਦੇ ਰਾਜਸਭਾ ਮੈਂਬਰ ਰਜਿੰਦਰ ਗੁਪਤਾ, ਅਸ਼ੋਕ ਮਿੱਤਲ, ਵਿਕਰਮਜੀਤ ਸਾਹਨੀ ਆਦਿ ਵੱਲੋਂ ਦਲ ਬਦਲੀ ਕਰਨ ਨੂੰ ਪਾਰਟੀ ਨਾਲ ਗਦਾਰੀ ਅਤੇ ਲੀਡਰਸ਼ਿੱਪ ਦੀ ਪਿੱਠ ਵਿੱਚ ਛੁਰਾ ਮਾਰਨ ਸਮਾਨ ਮੰਨਿਆ ਗਿਆ। ਪਾਰਟੀ ਸੁਪਰੀਮੋ ਸ਼੍ਰੀ ਕੇਜਰੀਵਾਲ ਹਮੇਸ਼ਾ ਗਦਾਰੀ ਕਰਨ ਵਾਲਿਆਂ ਨਾਲ ਬਹੁਤ ਸਖਤੀ ਨਾਲ ਪੇਸ਼ ਆਉਂਦੇ ਰਹੇ ਹਨ ਜਿਵੇਂ ਕਿ ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਆਦਿ ਵਿਰੁੱਧ ਕੀਤੀ ਗਈ ਪੁਲਿਸ ਕਾਰਵਾਈ ਤੋਂ ਸਭ ਜਾਣੂ ਹਨ। ਰਾਜਨੀਤਿਕ ਬਦਲਾਖੋਰੀ ਅਧੀਨ ਸਖਤ ਕਾਰਵਾਈ ਕਰਦੇ ਕ੍ਰਿਕਟਰ ਰਾਜਸਭਾ ਮੈਂਬਰ ਹਰਭਜਨ ਸਿੰਘ ਭੱਜੀ ਦੀ ਸੁਰੱਖਿਆ ਤੁਰੰਤ ਵਾਪਸ ਲਈ ਗਈ ਜਿਸ ’ਤੇ ਉਹ ਪੰਜਾਬ ਸਰਕਾਰ ਵਿਰੁੱਧ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇਨਸਾਫ ਲਈ ਚਲੇ ਗਏ ਭਾਵੇਂ ਉਹਨਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕੇਂਦਰੀ ਅਰਧ ਸੁਰੱਖਿਆ ਬਲਾਂ ਦੀ ਸੁਰੱਖਿਆ ਮੁਹਈਆ ਕਰ ਦਿੱਤੀ ਗਈ ਸੀ। ਸਰਦਾਰ ਬਾਦਲ, ਕੈਪਟਨ ਅਮਰਿੰਦਰ ਅਤੇ ਭਗਵੰਤ ਮਾਨ ਸਰਕਾਰ ਦੇ ਚਹੇਤੇ ਰਹੇ ਪੰਜਾਬ ਯੋਜਨਾ ਬੋਰਡ ਦੇ ਉਪ ਚੇਅਰਮੈਨ ਅਤੇ ਟਰਾਈਡੈਂਟ ਗਰੁੱਪ ਦੇ ਮਾਲਕ ਰਜਿੰਦਰ ਗੁਪਤਾ ਦੀਆਂ ਫੈਕਟਰੀਆਂ ’ਤੇ ਲਗਾਮ ਕੱਸਣ ਲਈ ਪੰਜਾਬ ਸਰਕਾਰ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਟੀਮਾਂ ਭੇਜੀਆਂ ਗਈਆਂ। ਉਹਨਾਂ ਵੀ ਇਸ ਵਿਰੁੱਧ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਜਾ ਦਸਤਕ ਦਿੱਤੀ। ਪਤਾ ਲੱਗਾ ਹੈ ਕਿ ਲੱਡੂ ਕਾਰੋਬਾਰ ਤੋਂ ਲਵਲੀ ਯੂਨੀਵਰਸਿਟੀ ਦੇ ਫਾਊਂਡਰ ਅਤੇ ਚਾਂਸਲਰ ਬਣੇ ਅਸ਼ੋਕ ਮਿੱਤਲ ਦੀਆਂ ਬੇਨਿਯਮਤ ਜ਼ਮੀਨਾਂ ਅਤੇ ਉਸਾਰੀਆਂ ਉੱਤੇ ਸ਼ਿਕੰਜਾ ਕੱਸਣ ਲਈ ਪ੍ਰਸ਼ਾਸਨ ਅਤੇ ਮਾਲ ਵਿਭਾਗ ਦੀਆਂ ਟੀਮਾਂ ਛਾਣਬੀਣ ਕਰ ਰਹੀਆਂ ਹਨ। ਆਪ ਦੇ ਨੀਤੀਕਾਰ ਅਤੇ ਸੰਗਠਨ ਦੇ ਕੁੰਜੀਵਤ ਮੁਖੀ ਰਹੇ ਸੰਦੀਪ ਪਾਠਕ ਉੱਤੇ ਦੋ ਕੇਸ ਦਰਜ ਕਰਕੇ ਪੰਜਾਬ ਪੁਲਿਸ ਨੇ ਉਹਨਾਂ ਦੀ ਦਿੱਲੀ ਰਿਹਾਇਸ਼ ਅਤੇ ਹੋਰ ਥਾਂਈਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਬਾਕੀ ਦਲ ਬਦਲੂਆਂ ਉੱਤੇ ਕੀ ਕੀ ਕਾਰਵਾਈ ਹੋਣੀ ਹੈ, ਇਹ ਭਵਿੱਖ ਦੀ ਬੁੱਕਲ ਵਿੱਚ ਹੈ।

ਸੋ ਪੰਜਾਬ ਸਰਕਾਰ ਦੀ ਬਦਲਾਖੋਰੀ ਰਾਸ਼ਟਰਪਤੀ ਦੇ ਧਿਆਨ ਵਿੱਚ ਲਿਆਉਂਦੇ ਦਲ ਬਦਲੂ ਸੰਸਦਾਂ ਨੇ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਗੁਹਾਰ ਲਾਈ ਸੀ। ਇੱਥੇ ਹੈਰਾਨਗੀ ਇਸ ਗੱਲ ਦੀ ਹੈ ਕਿ ਭਾਰਤੀ ਰਾਜਨੀਤੀ ਅਤੇ ਸੱਤਾ ਕਿਵੇਂ ਕੰਮ ਕਰਦੀ ਹੈ? ਇੱਕ ਪਾਸੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਨ 2023 ਤੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਕਰੀਬ 25 ਲੱਖ ਸਿੱਖਾਂ ਦੇ ਦਸਤਖਤਾਂ ਵਾਲਾ ਪ੍ਰਾਰਥਨਾ ਪੱਤਰ ਰਾਸ਼ਟਰਪਤੀ ਨੂੰ ਦੇਣ ਲਈ ਉਨ੍ਹਾਂ ਵੱਲੋਂ ਸਮਾਂ ਨਹੀਂ ਦਿੱਤਾ ਜਾਂਦਾ, ਦੂਸਰੇ ਪਾਸੇ ਸੱਤ ਦਲ ਬਦਲੂਆਂ ਨੂੰ ਰਾਸ਼ਟਰਪਤੀ ਤੁਰੰਤ ਸਮਾਂ ਦੇ ਦਿੰਦੇ ਹਨ। ਬਦਲਾਖੋਰੀ ਦੀ ਰਾਜਨੀਤੀ ਹਰ ਸਰਕਾਰ ਅਤੇ ਲੀਡਰਸ਼ਿੱਪ ਲਈ ਲੋਕਤੰਤਰ ’ਤੇ ਲਾਇਆ ਜਾਣ ਵਾਲਾ ਅਮਿਟ ਸੰਗੀਨ ਦਾਗ ਹੈ, ਜਿਸ ਤੋਂ ਸਭ ਨੂੰ ਕਿਨਾਰਾ ਕਰਨ ਦੀ ਲੋੜ ਹੈ। ਕਾਸ਼! ਕਿ ਭਾਰਤੀ ਲੋਕਤੰਤਰ ਦੀ ਖੂਬਸੂਰਤੀ ਅਤੇ ਪਵਿੱਤਰਤਾ ਕਾਇਮ ਰੱਖਣ ਲਈ ਅਜਿਹਾ ਹੋ ਸਕਦਾ।

ਪੰਜਾਬ ਵਿੱਚ ਉੱਪਰੋਥਲੀ ਦੋ ਬੰਬ ਬਲਾਸਟ, ਇੱਕ ਬੀਐੱਸਐੱਫ ਹੈੱਡ ਕੁਆਰਟਰ ਜਲੰਧਰ ਅਤੇ ਦੂਜਾ ਆਰਮੀ ਹੈੱਡਕੁਆਟਰ ਅੰਮ੍ਰਿਤਸਰ ਵਿਖੇ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਆ ਦੇਖਿਆ ਨਾ ਤਾਅ, ਇਨ੍ਹਾਂ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਜਦੋਂ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਸ ਪਿੱਛੇ ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ਆਈਐੱਸਆਈ ਦਾ ਹੱਥ ਦੱਸਿਆ। ਪੰਜਾਬ ਦੇ ਭਾਜਪਾ ਆਗੂਆਂ ਨੇ ਇਸਦਾ ਸਖਤ ਨੋਟਿਸ ਲੈਂਦੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਨ੍ਹਾਂ ਦੀ ਜਾਂਚ ਦੀ ਮੰਗ ਕੀਤੀ।

ਜਿਸ ਪੁਲਿਸ ਸ਼ਕਤੀ ਦੇ ਬਲਬੂਤੇ ਮਾਨ ਸਰਕਾਰ ਰਾਜਨੀਤਿਕ ਬਦਲਾਖੋਰੀ ਅਧੀਨ ਵਿਰੋਧੀਆਂ ਨੂੰ ਸਖਤ ਸਬਕ ਸਿਖਾਉਣਾ ਚਾਹੁੰਦੀ ਹੈ, ਉਸੇ ਨਾਲ ਸੰਬੰਧਿਤ ਡੀਜੀਪੀ ਰੈਂਕ ਦੇ ਚਾਰ ਵੱਡੇ ਅਫਸਰਾਂ ਨੇ ਰਾਜਸਭਾ ਮੈਂਬਰਾਂ ਦੀ ਦਲ ਬਦਲੀ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਡੀਪ ਸਟੇਟ ਨਾ ਸਿਰਫ ਵਿਰੋਧੀਆਂ ਬਲਕਿ ਸੱਤਾਧਾਰੀਆਂ ’ਤੇ ਵੀ ਬਾਜ਼ ਦੀ ਅੱਖ ਵਰਗੀ ਨਜ਼ਰ ਰੱਖਦੀ ਹੈ। ਇਹ ਸਭ ਕੁਝ ਦਿਨ ਪ੍ਰਤੀ ਦਿਨ ਰਿਕਾਰਡ ਉੱਤੇ ਦਰਜ ਹੁੰਦਾ ਹੈ। ਡਰ ਇਹ ਵੀ ਸੀ ਕਿ ਅਜਿਹੀ ਹੀ ਗਾਜ਼ ਕਿਤੇ ਭਵਿੱਖ ਵਿੱਚ ਆਪ ਦੇ ਵਿਧਾਇਕ ਦਲ ’ਤੇ ਹੀ ਨਾ ਡਿਗ ਪਵੇ? ਅਤੇ ਕੁਝ ਇੰਝ ਹੀ ਹੁੰਦਾ ਵਿਖਾਈ ਦਿੰਦਾ ਹੈ।

7 ਮਈ, 2026 ਨੂੰ ਕੇਂਦਰੀ ਏਜੰਸੀ ਈਡੀ ਨੇ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਕਰੀਬ ਇੱਕ ਦਰਜਨ ਥਾਂਵਾਂ ’ਤੇ ਛਾਪਾਮਾਰੀ ਕੀਤੀ। ਇੱਕ ਕਰੋੜ ਰੁਪਏ ਦੀ ਰਾਸ਼ੀ ਜ਼ਬਤ ਕੀਤੀ। ਵੈਸਟਰਨ ਟਾਵਰਜ਼ ਦੇ 96 ਨੰਬਰ ਫਲੈਟ ਤੋਂ ਈਡੀ ਰੇਡ ਦੌਰਾਨ ਦੋ 5-5 ਸੌ ਰੁਪਏ ਦੇ ਨੋਟਾਂ ਵਾਲੀਆਂ ਥੱਬੀਆਂ ਵਾਲੇ ਬੈਗ ਥੱਲੇ ਡਿਗੇ, ਜਿਨ੍ਹਾਂ ਵਿੱਚੋਂ 21 ਲੱਖ ਰੁਪਏ ਜ਼ਬਤ ਕੀਤੇ ਗਏ। ਇੰਜ ਹੀ ਪੰਜਾਬ ਵਿੱਚ ਕਦੇ ਪੀਪੀਐੱਸਸੀ ਦੇ ਚੇਅਰਮੈਨ ਰਵੀ ਸਿੱਧੂ ਦੇ ਘਰੋਂ ਨੋਟਾਂ ਦੇ ਥੱਬੇ ਅਤੇ ਪੱਛਮੀ ਬੰਗਾਲ ਅੰਦਰ ਮੁੱਖ ਮੰਤਰੀ ਬਣਨ ਜਾ ਰਹੇ ਸੁਵਿੰਦੁ ਅਧਿਕਾਰੀ ਤੋਂ ਫੜੇ ਗਏ ਸਨ। ਹੋਰ ਵੀ ਸੈਂਕੜੇ ਮਿਸਾਲਾਂ ਮਿਲਦੀਆਂ ਹਨ। ਈਡੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੈਸਰਜ਼ ਸਨਟੈਕ ਸਿਟੀ ਦਾ ਮਾਲਕ ਗੌਰਵ ਧੀਰ ਅਤੇ ਸਬੰਧਤ ਦੋ ਵਿਚੋਲੀਏ ਨਿਤਨ ਗੋਹਲ ਅਤੇ ਪ੍ਰਿਤਪਾਲ ਸਿੰਘ ਢੀਂਡਸਾ ਇਸ ਕੰਪਨੀ ਵੱਲੋਂ ਕੀਤੀ ਗਈ ਮਨੀ ਲਾਂਡਰਿੰਗ ਵਿੱਚ ਸ਼ਾਮਲ ਹਨ। ਇਨ੍ਹਾਂ ਦੇ ਸਬੰਧ ਆਪ ਦੇ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ ਨਾਲ ਜੋੜੇ ਜਾ ਰਹੇ ਹਨ, ਜਿਨ੍ਹਾਂ ਨੇ ਇਸ ਨੂੰ ਬੇਬੁਨਿਆਦ ਦੱਸਿਆ ਹੈ। ਇਨ੍ਹਾਂ ਦੇ ਨਾਮ ਮੁੱਖ ਮੰਤਰੀ ਓਐੱਸਡੀ ਰਾਜਬੀਰ ਸਿੰਘ ਨਾਲ ਵੀ ਜੋੜੇ ਜਾ ਰਹੇ ਹਨ ਜਦਕਿ ਮੁੱਖ ਮੰਤਰੀ ਨੇ ਸਾਫ ਕਿਹਾ ਹੈ ਕਿ ਇਨ੍ਹਾਂ ਛਾਪਿਆਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਪੁਰਾਣੇ ਕੇਸ ਹਨ। ਇੱਥੇ ਲੱਖ ਟਕੇ ਦਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਕੱਲ੍ਹ ਨੂੰ ਇਨ੍ਹਾਂ ਦੇ ਤਾਰ ਆਪ ਅਤੇ ਇਸਦੇ ਆਗੂਆਂ, ਮੰਤਰੀਆਂ ਜਾਂ ਮੁੱਖ ਮੰਤਰੀ ਨਾਲ ਜੁੜਦੇ ਹਨ ਤਾਂ ਫਿਰ ਇਸ ਕੱਟੜ ਇਮਾਨਦਾਰ ਪਾਰਟੀ ਦਾ ਕੀ ਬਣੇਗਾ?

ਇਸੇ ਦੌਰਾਨ 13 ਅਪਰੈਲ, 2026 ਨੂੰ ਪੰਜਾਬ ਵਿਧਾਨ ਸਭਾ ਵਿੱਚ ਸਰਬ ਸੰਮਤੀ ਨਾਲ ਪਾਸ ਕੀਤੇ ਜਾਗਤ ਜੋਤ ਸਤਿਕਾਰ ਐਕਟ, 2008 ਸਬੰਧੀ ਸੋਧ ਐਕਟ ਨੂੰ ਸ੍ਰੀ ਅਕਾਲ ਤਖਤ ਵੱਲੋਂ ਸੱਦੇ ਗਏ ਪੰਥਕ ਜਥੇਬੰਦੀਆਂ ਦੇ ਇਕੱਠ ਵਿੱਚ ਰੱਦ ਕਰ ਦਿੱਤਾ ਗਿਆ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਸ਼ਾਇਦ ਕਿਸੇ ਡੂੰਘੀ ਰਾਜਨੀਤਿਕ ਅਤੇ ਧਾਰਮਿਕ ਚਾਲ ਅਧੀਨ ਅੰਦਰਖਾਤੇ ਇਸ ਐਕਟ ਦਾ ਵਿਰੋਧ ਕਰਨ ਵਾਲੀ ਰਾਜਨੀਤਿਕ ਅਤੇ ਧਾਰਮਿਕ ਜਮਾਤ ਪਹਿਲਾਂ ਹੀ ਸ਼ਹਿ ਵੱਟ ਕੇ ਬੈਠੀ ਰਹੀ ਹੋਵੇ। ਪੰਜਾਬ ਵਿੱਚ ਇਹ ਕਹਾਵਤ ਮਸ਼ਹੂਰ ਹੈ ਕਿ “ਡਿਗੀ ਖੋਤੇ ਤੋਂ, ਗੱਸਾ ਘੁਮਿਆਰ ’ਤੇ” ਅਨੁਸਾਰ ਜਥੇਦਾਰ ਸ੍ਰੀ ਅਕਾਲ ਤਖਤ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਇਸ ਬਿੱਲ ਦੇ ਸਪਸ਼ਟੀਕਰਨ ਸਬੰਧੀ ਸ੍ਰੀ ਅਕਾਲ ਤਖਤ ’ਤੇ ਸੱਦਿਆ ਜਦੋਂ ਕਿ ਉਹਨਾਂ ਦਾ ਇਸ ਨਾਲ ਕੋਈ ਲਾਗਾ ਦੇਗਾ ਨਹੀਂ। ਇਹ ਬਿੱਲ ਸਰਬ ਸੰਮਤੀ ਨਾਲ ਪਾਸ ਹੋਇਆ ਅਤੇ ਇਸ ਨੂੰ ਸਦਨ ਦੇ ਆਗੂ ਵਜੋਂ ਮੁੱਖ ਮੰਤਰੀ ਪੰਜਾਬ ਨੇ ਪੇਸ਼ ਅਤੇ ਪਾਸ ਕਰਵਾਇਆ। ਸਪਸ਼ਟੀਕਰਨ ਲਈ ਉਹਨਾਂ ਨੂੰ ਸੱਦਣਾ ਬਣਦਾ ਸੀ। ਸੋ ਇਹ ਸਭ ਰਾਜਨੀਤਿਕ ਅਤੇ ਧਾਰਮਿਕ ਰੋਲ਼ ਘਚੋਲ਼ਾ ਹੋ ਰਿਹਾ ਹੈ ਜੋ ਪੰਜਾਬ ਦੇ ਭਵਿੱਖ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਸੇ ਦੌਰਾਨ ਮੁੱਖ ਮੰਤਰੀ ਵੱਲੋਂ ਇਸ ਐਕਟ ਦਾ ਰਾਜਨੀਤਿਕ ਲਾਹਾ ਲੈਣ ਲਈ ਕੱਢੀ ਗਈ 6 ਤੋਂ 9 ਮਈ ਸ਼ੁਕਰਾਨਾ ਯਾਤਰਾ ਨੂੰ ਕੋਈ ਵੱਡਾ ਹੁੰਗਾਰਾ ਨਹੀਂ ਮਿਲਿਆ। ਇਸ ਯਾਤਰਾ ਵਿੱਚ ਖਲਲ ਦੇ ਡਰ ਕਰਕੇ ਬੇਰੁਜ਼ਗਾਰ ਅਧਿਆਪਕਾਂ ਅਤੇ ਕਿਸਾਨਾਂ ਦੇ ਆਗੂਆਂ ਦੀ ਫੜੋਫੜੀ ਨੇ ਇਸਦੀ ਕਿਰਕਰੀ ਕਰਕੇ ਰੱਖ ਦਿੱਤੀ।

ਤਹਿਲਕਾ:

ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਦੌਰਾਨ ਰਈਆ (ਬਾਬਾ ਬਕਾਲਾ) ਨੇੜੇ ਪੰਜਾਬ ਦੀ ਰਾਜਨੀਤੀ ਵਿੱਚ ਤਹਿਲਕਾ ਉਦੋਂ ਮਚਿਆ ਜਦੋਂ ਅਸਾਮ ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਪੁਰਾਤਨ ਅਕਾਲੀ ਸਿੰਘਣੀਆਂ ਦੀ ਦਲੇਰੀ, ਸਿਦਕ ਅਤੇ ਜਲਾਲ ਦੇ ਕਿਰਦਾਰ ਨੂੰ ਉਜਾਗਰ ਕਰਦੀ, ਸੁਰੱਖਿਆ ਦਾ ਘੇਰਾ ਚੀਰਦੀ ਮੁੱਖ ਮੰਤਰੀ ਭਗਵੰਤ ਮਾਨ ਕੋਲ ਪੁੱਜੀ ਅਤੇ ਸਵਾਲ ਕੀਤਾ ਕਿ ਉਸਦੇ ਪੁੱਤਰ ਤੋਂ ਐੱਨਐੱਸਏ ਦੀ ਵਾਪਸੀ ਦੇ ਬਾਵਜੂਦ ਉਸ ਨੂੰ ਪੰਜਾਬ ਵਿੱਚ ਕਿਉਂ ਨਹੀਂ ਲਿਆਇਆ ਜਾਂਦਾ। ਪਹਿਲਾਂ ਤਾਂ ਮਾਨ ਨੇ ਉਸਦਾ ਹੱਥ ਫੜ ਕੇ ਗੱਲ ਸੁਣਨੀ ਚਾਹੀ ਪਰ ਜਦੋਂ ਉਸਨੇ ਦੱਸਿਆ ਕਿ ਉਹ ਅੰਮ੍ਰਿਤਪਾਲ ਦੀ ਮਾਂ ਹੈ ਤਾਂ ਉਸ ਤੋਂ ਇਵੇਂ ਇੱਕ ਝਟਕੇ ਨਾਲ ਹੱਥ ਛੁਡਾਇਆ ਜਿਵੇਂ ਕੋਈ ਕਰੰਟ ਲੱਗਾ ਹੋਵੇ। ਉਸਨੇ ਉਸ ਨੂੰ ਬੇਬਾਕੀ ਨਾਲ ਕਿਹਾ ਕਿ ਆਖਰ ਤੂੰ ਵੀ ਕਿਸੇ ਮਾਂ ਦਾ ਪੁੱਤ ਹੈਂ? ਘਬਰਾਹਟ ਕਰਕੇ ਸੰਵਾਦ ਅਤੇ ਗੱਲਬਾਤ ਤੇ ਮਾਹਿਰ ਭਗਵੰਤ ਮਾਨ ਨੂੰ ਜਵਾਬ ਵਜੋਂ ਇੱਕ ਸ਼ਬਦ ਨਹੀਂ ਔਹੜਿਆ। ਇਹ ਘਟਨਾ ਪੂਰੇ ਪੰਜਾਬ ਹੀ ਨਹੀਂ ਬਲਕਿ ਭਾਰਤ ਅਤੇ ਦੇਸ ਪ੍ਰਦੇਸ ਵਿੱਚ ਸੋਸ਼ਲ ਮੀਡੀਆ ਰਾਹੀਂ ਜੰਗਲ ਦੀ ਅੱਗ ਵਾਂਗ ਫੈਲ ਗਈ ਜਿਸਦਾ ਪੰਜਾਬ ਦੀ ਰਾਜਨੀਤੀ ਅਤੇ ਸਿੱਖ ਸੰਗਤ ਉੱਤੇ ਵੱਡਾ ਪ੍ਰਭਾਵ ਪੈਣਾ ਨਿਸ਼ਚਿਤ ਹੈ।

ਅਜਿਹੀ ਸੰਵੇਦਨਸ਼ੀਲ ਸਥਿਤੀ ਵਿੱਚ ਇੱਕ ਪਾਸੇ ਰਾਜ ਵਿੱਚ ਸੱਤਾਧਾਰੀ ਆਪ ਅੰਦਰ ਖਾਨਾਜੰਗੀ ਅਤੇ ਬਦਲਾਖੋਰੀ ਦੀ ਰਾਜਨੀਤੀ, ਦੂਸਰੇ ਪਾਸੇ ਭਗਵੰਤ ਮਾਨ ਸਰਕਾਰ ਅਤੇ ਪੰਥਕ ਧਿਰਾਂ ਦਰਮਿਆਨ ਅਤੇ ਤੀਸਰੇ ਪਾਸੇ ਪੰਜਾਬ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਰਮਿਆਨ ਟਕਰਾਅ ਨੇ ਪਹਿਲਾਂ ਹੀ ਨਸ਼ਿਆਂ, ਫਿਰੌਤੀਆਂ, ਗੈਂਗਸਟਰਾਂ ਤੋਂ ਤੰਗ ਆਏ ਪੰਜਾਬੀਆਂ ਦੇ ਸਾਹ ਸੂਤੇ ਹੋਏ ਹਨ। ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਸ ਸੰਵੇਦਨਸ਼ੀਲ ਸਰਹੱਦੀ ਸੂਬੇ ਵਿੱਚ ਪੈਦਾ ਹੋ ਰਹੀ ਰਾਜਨੀਤਿਕ ਅਤੇ ਧਾਰਮਿਕ ਟਕਰਾਅ ਭਰੀ ਸਥਿਤੀ ਨਾਲ ਨਜਿੱਠਣ ਲਈ ਤੁਰੰਤ ਲੋੜੀਂਦੇ ਅਤੇ ਉਚਿਤ ਕਦਮ ਪੁੱਟਣੇ ਚਾਹੀਦੇ ਹਨ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author