“ਜੇ ਕਿਤੇ ਮੇਰਾ ਵੱਸ ਚੱਲੇ ਤਾਂ ਮੈਂ ਚੜ੍ਹਦੇ-ਲਹਿੰਦੇ ਪੰਜਾਬ ਦੀ ਸਰਹੱਦ ਨੂੰ ਵਗਾਹ ...”
(29 ਅਗਸਤ 2026)
ਅਸੀਂ ਇਸ ਸਮੇਂ ਕੈਨੇਡਾ ਦੇ ਕਿੰਗਸਟਨ ਸ਼ਹਿਰ ਜੋ 1841 ਤੋਂ 1844 ਤਕ ਇਸਦੀ ਰਾਜਧਾਨੀ ਰਿਹਾ, ਦੀ ਖੂਬਸੂਰਤ ਅਤੇ ਕੁਦਰਤੀ ਨਜ਼ਾਰਿਆਂ ਨਾਲ ਲਬਰੇਜ ਨਵੀਂ ਉੱਸਰ ਰਹੀ ਬਸਤੀ ਵੈਸਟਬਰੁਕ ਵਿੱਚ ਰਹਿੰਦੇ ਹਾਂ। ਮੈਂ ਸ਼ਾਮ ਨੂੰ 7 ਵਜੇ ਖਾਣਾ ਖਾਣ ਬਾਅਦ ਛੋਟੀ ਜਿਹੀ ਸੈਰ ਕਰਨ ਦਾ ਆਦੀ ਹਾਂ। ਇੱਕ ਦਿਨ ਜਦੋਂ ਮੈਂ ਵਾਪਸ ਪਰਤ ਰਿਹਾ ਸੀ ਤਾਂ ਸੜਕੋਂ ਪਾਰੋਂ ਕਾਰ ਵਿੱਚੋਂ ਉੱਤਰ ਕੇ ਇੱਕ ਘੁੰਗਰਾਲੇ ਵਾਲਾਂ ਵਾਲਾ ਦਰਮਿਆਨੇ ਕੱਦ ਦਾ ਖੂਬਸੂਰਤ ਨੌਜਵਾਨ ਕਾਹਲੀ-ਕਾਹਲੀ ਮੇਰੇ ਵੱਲ ਆਇਆ। ਆਉਂਦੇ ਕਹਿੰਦਾ, “ਸਤਿ ਸ੍ਰੀ ਅਕਾਲ ਜੀ।”
ਮੈਂ ਜਵਾਬ ਵਿੱਚ ਸਤਿ ਸ੍ਰੀ ਅਕਾਲ ਬੁਲਾਉਂਦੇ ਪੁੱਛਿਆ, “ਕਾਕਾ, ਪਿੱਛੋਂ ਕਿੱਥੋਂ ਦੇ ਰਹਿਣ ਵਾਲੇ ਹੋ?”
ਉਸਨੇ ਤਪਾਕ ਜਵਾਬ ਦਿੱਤਾ, “ਲਾਹੌਰ ਤੋਂ।”
“ਵਾਹ! ਤੂੰ ਤਾਂ ਆਪਣਾ ਪੁੱਤਰ ਹੈਂ।” ਮੈਂ ਇਹ ਕਹਿੰਦਿਆਂ ਘੁੱਟ ਕੇ ਸੀਨੇ ਨਾਲ ਲਾ ਲਿਆ। ਫਿਰ ਅਸਾਂ ਇੱਕ ਦੂਜੇ ਨਾਲ ਜਾਣ ਪਛਾਣ ਕਰਵਾਈ। ਉਹ ਠੇਠ ਟਕਸਾਲੀ ਪੰਜਾਬੀ ਬੋਲ ਰਿਹਾ ਸੀ। ਉਸਨੇ ਦੱਸਿਆ ਕਿ ਉਸਦਾ ਨਾਂ ਡਾਕਟਰ ਖੁਰਮ ਮੁਨੀਰ ਹੈ ਅਤੇ ਕੁਝ ਸਮਾਂ ਪਹਿਲਾਂ ਇੰਗਲੈਂਡ ਤੋਂ ਕੈਨੇਡਾ ਆ ਵਸਿਆ ਹੈ। ਫਿਰ ਉਸਨੇ ਕਾਰ ਵਿੱਚ ਬੈਠੀ ਤ੍ਰੀਮਤ, ਜੋ ਉਸਦੀ ਪਤਨੀ ਅਤੇ ਪੇਸ਼ੇ ਵਜੋਂ ਡਾਕਟਰ ਹੈ, ਨਾਲ ਜਾਣ ਪਛਾਣ ਕਰਵਾਈ। ਉਹ ਤੁਰੰਤ ਕਾਰ ਵਿੱਚੋਂ ਉੱਤਰੀ ਅਤੇ ਬੜੇ ਅਦਬ ਸਤਿਕਾਰ ਨਾਲ ਉਸਨੇ ਮੈਨੂੰ ਦੁਆ ਸਲਾਮ ਕੀਤੀ ਤੇ ਮੈਂ ਉਸਨੂੰ ਬੜੇ ਪਿਆਰ-ਮੁਹੱਬਤ ਨਾਲ ਅਸ਼ੀਰਵਾਦ ਦਿੱਤੀ। ਉਸਨੇ ਆਪਣਾ ਪਛਾਣ ਕਾਰਡ ਦਿੰਦੇ ਹੋਏ ਮੈਨੂੰ ਕਿਹਾ ਕਿ ਜਦੋਂ ਵੀ ਕਿਸੇ ਤਰ੍ਹਾਂ ਦੀ ਲੋੜ ਹੋਵੇ ਤਾਂ ਮੈਂ ਉਸ ਨੂੰ ਮਿਲ ਸਕਦਾ ਹਾਂ। ਹਾਲਾਂਕਿ ਇੱਥੇ ਹਰ ਪਰਿਵਾਰ ਸਰਕਾਰ ਵੱਲੋਂ ਨਿਸ਼ਚਿਤ ਵਿਸ਼ੇਸ਼ ਡਾਕਟਰ ਨਾਲ ਰਜਿਸਟਰਡ ਹੁੰਦਾ ਹੈ ਲੇਕਿਨ ਉਸਨੇ ਮੈਨੂੰ ਕਿਹਾ ਕਿ ਜਦੋਂ ਮਰਜ਼ੀ ਉਸ ਦੇ ਘਰ ਜਾਂ ਕਲੀਨਿਕ ਵਿੱਚ ਮੈਂ ਉਨ੍ਹਾਂ ਨੂੰ ਮਿਲ ਸਕਦਾ ਹਾਂ। ਉਸਨੇ ਇਹ ਵੀ ਕਿਹਾ ਕਿ ਕੋਈ ਵੀ ਵਿਅਕਤੀ ਮੇਰਾ ਨਾਮ ਦੱਸ ਕੇ ਉਨ੍ਹਾਂ ਕੋਲ ਆ ਸਕਦਾ ਹੈ।
ਮੈਂ ਆਪਣੇ ਜੀਵਨ ਵਿੱਚ ਦੂਸਰਾ ਅਜਿਹਾ ਧਰਤੀ ਨਾਲ ਜੁੜਿਆ ਹੋਇਆ ਨੌਜਵਾਨ ਡਾਕਟਰ ਦੇਖਿਆ ਹੈ ਜੋ ਇਸ ਪਵਿੱਤਰ ਕਿਤੇ ਵਜੋਂ ਖੁੱਲ੍ਹਦਿਲੀ ਅਤੇ ਚਾਅ ਨਾਲ ਜਨਤਕ ਸੈਵਾ ਪ੍ਰਤੀ ਸਮਰਪਿਤ ਹੋਵੇ। ਪਹਿਲਾ ਅਜਿਹਾ ਮਨਿਆ-ਪ੍ਰਮਨਿਆ ਜ਼ਹੀਨ ਡਾਕਟਰ ਅਨੁਰਾਗ ਮਿਲਿਆ ਸੀ ਜੋ ਪਹਿਲਾਂ ਮੁੱਖ ਮੰਤਰੀ ਪੰਜਾਬ ਅਤੇ ਹੁਣ ਗਵਰਨਰ ਪੰਜਾਬ ਦੀ ਸੇਵਾ ਵਿੱਚ ਤਾਇਨਾਤ ਹੈ।
ਇਹ ਡਾਕਟਰ ਲੜਕਾ ਕਿੰਨਾ ਪਿਆਰਾ, ਸੁਹਜਵਾਨ, ਸਾਦਾ, ਨਿਮਰ ਅਤੇ ਵਧੀਆ ਸਲੀਕੇ ਵਾਲਾ ਹੈ ਜਿਸਦੇ ਹਿਰਦੇ ਵਿੱਚ ਬੇਸ਼ੁਮਾਰ ਅਪਣੱਤ ਦਾ ਸਮੁੰਦਰ ਵਹਿ ਰਿਹਾ ਹੈ, ਇਸਦਾ ਮੈਨੂੰ ਉਦੋਂ ਪਤਾ ਚੱਲਿਆ ਜਦੋਂ ਇੱਕ ਦਿਨ ਮੈਂ ਸ਼ਾਮ ਨੂੰ ਸੈਰ ਤੋਂ ਵਾਪਸ ਪਰਤ ਰਿਹਾ ਸੀ ਤਾਂ ਅਚਾਨਕ ਨਿੱਕੀ ਨਿੱਕੀ ਕਣੀ ਦਾ ਮੀਂਹ ਬਰਸਣ ਲੱਗ ਪਿਆ। ਇੱਕ ਚੌਰਾਹੇ ਕੋਲ ਡਾਕਟਰ ਖੁਰਮ ਅਤੇ ਉਸਦੀ ਪਤਨੀ ਦੋਵੇਂ ਵੱਖੋ ਵੱਖ ਛਤਰੀਆ ਲਈ ਸੈਰ ਨੂੰ ਨਿਕਲੇ ਮਿਲ ਪਏ। ਹਾਲ ਚਾਲ ਜਾਣਨ ਬਾਅਦ ਉਸਨੇ ਮੈਨੂੰ ਆਪਣੀ ਛਤਰੀ ਦਿੰਦੇ ਕਿਹਾ, “ਤੁਸੀਂ ਭਿੱਜ ਜਾਓਗੇ ਅਤੇ ਬਿਮਾਰ ਹੋ ਜਾਵੋਗੇ। ਇਹ ਛਤਰੀ ਲੈ ਲਵੋ।”
ਮੈਂ ਉਸਨੂੰ ਕਿਹਾ ਕਿ ਕੋਈ ਇੰਨੀ ਤੇਜ਼ ਬਾਰਿਸ਼ ਨਹੀਂ ਹੈ, ਘਰ ਵੀ ਨੇੜੇ ਹੈ, ਮੈਂ ਚਲਾ ਜਾਵਾਂਗਾ। ਤੁਹਾਡਾ ਧੰਨਵਾਦ। ਹੈਰਾਨੀ ਦੀ ਗੱਲ ਇਹ ਰਹੀ ਕਿ ਉਹ ਇੱਕ ਬੱਚੇ ਵਾਂਗ ਮੇਰੇ ਖਹਿੜੇ ਪੈ ਗਿਆ ਅਤੇ ਕਹਿਣ ਲੱਗਾ ਮੇਰੀ ਪਤਨੀ ਕੋਲ ਛਤਰੀ ਹੈ ਅਸੀਂ ਸਾਰ ਲਵਾਂਗੇ, ਤੁਸੀਂ ਇਹ ਛਤਰੀ ਪਕੜੋ। ਮੈਂ ਨਾਂਹ ਨੁੱਕਰ ਕਰ ਰਿਹਾ ਸੀ। ਲੇਕਿਨ ਉਸਨੇ ਕਮਾਲ ਦੀ ਅਪਣੱਤ ਅਤੇ ਸੰਵੇਦਨਸ਼ੀਲਤਾ ਭਰੇ ਸਲੀਕੇ ਨਾਲ ਕਿਹਾ, ਜੋ ਸ਼ਾਇਦ ਇਵੇਂ ਮੇਰਾ ਹੋਰ ਕੋਈ ਰਿਸ਼ਤੇਦਾਰ ਜਾਂ ਮਿੱਤਰ ਕਦੇ ਨਾ ਕਹਿੰਦਾ ਅਤੇ ਨਾ ਹੀ ਕਿਸੇ ਨੇ ਅੱਜ ਤਕ ਅਜਿਹਾ ਕਿਹਾ, “ਚਲੋ! ਫਿਰ ਮੈਂ ਇਸ ਛਤਰੀ ਨਾਲ ਤੁਹਾਨੂੰ ਘਰ ਛੱਡ ਕੇ ਆਉਂਦਾ ਹਾਂ, ਮੈਂ ਇੰਜ ਨਹੀਂ ਜਾਣ ਦੇਣਾ।”
ਜਿਸ ਸ਼ਿੱਦਤ ਅਤੇ ਅਪਣੱਤ ਭਰੇ ਲਹਿਜੇ ਨਾਲ ਉਹ ਇਹ ਸ਼ਬਦ ਕਹਿੰਦਿਆਂ ਮੇਰੇ ਨਾਲ ਤੁਰਨ ਲੱਗਾ, ਇਸ ਅੰਦਾਜ਼ ਨੇ ਮੇਰਾ ਦਿਲ ਇੱਕ ਡੂੰਘੀ ਅਪਣੱਤ ਨਾਲ ਟੁੰਬ ਸੁਟਿਆ ਅਤੇ ਮੇਰੀਆਂ ਅੱਖਾਂ ਇਸ ਅਜੀਬ ਮੋਹ ਨਾਲ ਨਮ ਹੋ ਗਈਆਂ। ਇੰਨੇ ਨੂੰ ਕੁਦਰਤੀ ਤੌਰ ’ਤੇ ਬਰਸ ਰਹੀ ਨਿੱਕੀ ਨਿੱਕੀ ਕਣੀ ਠਹਿਰ ਗਈ ਤੇ ਮੈਂ ਉਸਦੀ ਗੱਲ੍ਹ ਨੂੰ ਪਿਆਰ ਨਾਲ ਥੱਪ ਥਪਾਉਂਦੇ ਕਿਹਾ, “ਬਾਰਿਸ਼ ਰੁਕ ਗਈ ਹੈ, ਤੁਸੀਂ ਸੈਰ ਕਰ ਆਉ। ਤੁਹਾਡਾ ਬਹੁਤ ਬਹੁਤ ਧੰਨਵਾਦ।”
“ਅੰਕਲ, ਦਵਾਈ ਸਮੇਂ ਸਿਰ ਲੈ ਲਿਆ ਕਰੋ। ਮੈਨੂੰ ਪਤਾ ਹੈ ਕਿ ਤੁਸੀਂ ਵਿੱਚੇ ਵਿੱਚ ਠੂੰਗਾ ਮਾਰ ਜਾਂਦੇ ਹੋ।” ਇਹ ਕਹਿੰਦਿਆਂ ਉਹ ਸੈਰ ਨੂੰ ਨਿਕਲ ਗਏ। ਇੰਜ ਲੱਗਾ ਜਿਵੇਂ ਮੇਰਾ ਆਪਣਾ ਪੁੱਤਰ, ਸਨੇਹੀ ਮੈਨੂੰ ਇੰਜ ਕਹਿ ਰਿਹਾ ਹੋਵੇ। ਇਸ ਨਾਲ ਹੀ ਧਨੀ ਰਾਮ ਚਾਤਰਿਕ ਦੀ ਕਵਿਤਾ ਵਾਲੇ ਬੋਲ, “ਮੁਸਮੁਸੀਆ ਝਰਨਾਟਾਂ, ਸਖੀਓ! ਪ੍ਰੇਮ ਦੀਆਂ।” ਵਾਂਗ ਮੇਰਾ ਦਿਲ ਸਰਸ਼ਾਰ ਹੋ ਗਿਆ।
ਡੂੰਘੀ ਸੋਚ ਉਡਾਰੀ ਲਾਉਂਦੇ ਮੇਰਾ ਦਿਲ ਇਹ ਕਹਿ ਰਿਹਾ ਸੀ ਕਿ ਜੇ ਕਿਤੇ ਮੇਰਾ ਵੱਸ ਚੱਲੇ ਤਾਂ ਮੈਂ ਚੜ੍ਹਦੇ-ਲਹਿੰਦੇ ਪੰਜਾਬ ਦੀ ਸਰਹੱਦ ਨੂੰ ਵਗਾਹ ਸਮੁੰਦਰ ਵਿੱਚ ਮਾਰਾਂ ਅਤੇ ਸਦਾ ਲਈ ਇਸਦਾ ਟੰਟਾ ਹੀ ਮੁਕਾ ਦਿਆਂ। ਐਨੀ ਅਪਣੱਤ, ਖਲੂਸ, ਸਨੇਹ, ਮੁਹੱਬਤ, ਹਮਦਰਦੀ ਅਤੇ ਮਾਣ ਸਨਮਾਨ ਕਰਨ ਵਾਲਾ ਮੁਸਲਿਮ ਪੰਜਾਬੀ ਭਾਈਚਾਰਾ ਵਸਦਾ ਹੈ ਉਸ ਪਾਰ।
ਇੱਥੇ ਬੱਸ ਨਹੀਂ, ਸਾਡੇ ਗੁਆਂਢ ਵਿੱਚ ਬੇਗਮ ਰਾਣਾ, ਜੋ ਪਿੱਛੋਂ ਬਹਾਵਲਪੁਰ ਨਿਵਾਸੀ ਹਨ, ਆਪਣੇ ਸਰੂ ਵਰਗੇ ਜਵਾਨ ਪੁੱਤਰ ਹਸਨ ਰਾਣਾ ਅਤੇ ਬੇਟੀਆਂ ਰੁਬਾਬ ਅਤੇ ਇਮਾਨ ਨਾਲ ਰਹਿੰਦੀ ਹੈ। ਉਸਦੇ ਬੱਚੇ ਮੈਨੂੰ ਆਪਣੇ ਅੱਬਾ ਵਾਂਗ ਹੀ ਪਿਆਰ ਮੁਹੱਬਤ ਕਰਦੇ ਹਨ। ਬੇਗਮ ਰਾਣਾ ਵੰਨ ਸੁਵੰਨੇ ਪਕਵਾਨ ਪਕਾਉਣ ਵਿੱਚ ਬਹੁਤ ਮਸ਼ਹੂਰ ਹੈ। ਅਕਸਰ ਵਿਸ਼ੇਸ਼ ਪਕਵਾਨ ਤਿਆਰ ਕਰਕੇ ਸਾਡੇ ਘਰ ਭੇਜਦੀ ਰਹਿੰਦੀ ਹੈ। ਕਿੰਨੇ ਅਪਣੱਤ, ਮੁਹੱਬਤ ਅਤੇ ਭਾਈਚਾਰਕ ਸਾਂਝ ਭਰੀ ਸੋਚ ਹੈ ਉਸ ਬੇਗਮ ਦੀ। ਕਿਉਂ ਨਾ ਕੋਈ ਨਤ ਮਸਤਕ ਹੋਵੇ ਅਜਿਹੀ ਸਿਹਤਮੰਦ ਸੋਚ ਅਤੇ ਅਪਣੱਤ ਪ੍ਰਤੀ!
ਸਭ ਤੋਂ ਪਹਿਲਾਂ ਮੈਨੂੰ ਆਪਣੀ ਇਸ ਬਸਤੀ ਵਿੱਚ ਅਚਾਨਕ ਬੇਟੇ ਉਮਰ ਦੇ ਘਰ ਅੱਗੇ ਗਜਾਲਾ ਅਜ਼ੀਜ਼ ਨਾਮਕ ਸਿਆਲਕੋਟ ਨਿਵਾਸੀ ਔਰਤ ਮਿਲੀ ਸੀ ਜੋ ਇਸ ਸ਼ਹਿਰ ਦੀ ਰੂਹ ਏ ਰਵਾਂ ਬਣੀ ਪਈ ਹੈ। ਉਸਦੀ ਪੰਜਾਬੀ ਬੋਲੀ ਇੰਨੀ ਮਿੱਠੀ ਅਤੇ ਦਿਲਕਸ਼ ਅਤੇ ਅੰਦਾਜ਼-ਏ-ਬਿਆਂ ਇੱਡਾ ਜੁੰਬਸ਼ ਭਰਿਆ ਹੈ ਕਿ ਇੰਜ ਲਗਦਾ ਹੈ ਕਿ ਜਿਵੇਂ ਗੁਲਾਬ ਦੀਆਂ ਪੱਤੀਆਂ ਦੀ ਖੁਸ਼ਬੂ ਹਵਾ ਦੇ ਕਣ ਕਣ ਵਿੱਚ ਬਿਖਰ ਰਹੀ ਹੋਵੇ। ਉਹ ਇਸ ਸ਼ਹਿਰ ਦੀ ਮਸ਼ਹੂਰ ਕਾਰ ਡਰਾਈਵਿੰਗ ਟਰੇਨਰ ਹੈ ਜੋ ਅੰਗਰੇਜ਼ੀ, ਅਰਬੀ, ਫਾਰਸੀ, ਉਰਦੂ ਅਤੇ ਪੰਜਾਬੀ ਭਾਸ਼ਾ ਦਾ ਗਿਆਨ ਰੱਖਦੀ ਹੈ।
ਟੈਕਸੀਆਂ ਦਾ ਕਾਰੋਬਾਰ ਕਰ ਰਹੇ ਉਮਰ ਦਾ ਪਿਛੋਕੜ ਨਨਕਾਣਾ ਸਾਹਿਬ ਅਤੇ ਉਸਦੀ ਪਤਨੀ ਇਕਰਾ ਦਾ ਪਿਛੋਕੜ ਲਾਹੌਰ ਨਾਲ ਸਬੰਧਤ ਹੈ। ਬੀਬਾ ਇਕਰਾ ਜਦੋਂ ਮੈਨੂੰ ਸਤਿਕਾਰ ਨਾਲ “ਵਡਿਓ “ਕਹਿ ਕੇ ਬੁਲਾਉਂਦੀ ਹੈ ਤਾਂ ਆਪਣੀ ਧੀ ਵਾਂਗ ਪਿਆਰੀ, ਮਿੱਠੀ ਅਤੇ ਆਪਣੀ ਲਗਦੀ ਹੈ। ਇਸ ਜੋੜੇ ਦਾ ਅੱਠ ਕੁ ਸਾਲ ਦਾ ਲੜਕਾ ਮੇਰੇ ਨਾਲ ਬਹੁਤ ਮੋਹ ਕਰਦਾ ਹੈ।
ਕਿੰਗਸਟਨ ਨਿਵਾਸ ਤੋਂ ਪਹਿਲਾਂ ਅਸੀਂ ਬਹੁਤ ਹੀ ਕੁਦਰਤੀ ਖੂਬਸੂਰਤੀ ਭਰਪੂਰ ਸ਼ਹਿਰ ਕੈਂਬਲਫੋਰਡ ਵਿਖੇ ਰਹਿੰਦੇ ਸਾਂ। ਸਾਡੇ ਸ਼ਹਿਰ ਨਜ਼ਦੀਕ ਛੋਟੇ ਜਿਹੇ ਸ਼ਹਿਰ ਸਟਰਲਿੰਗ ਵਿਖੇ ਗੁਲਾਮ ਮੁਹੰਮਦ, ਜੋ ਲਹਿੰਦੇ ਪੰਜਾਬ ਅੰਦਰ ਝੰਗ ਸਿਆਲ ਨਾਲ ਸੰਬੰਧਿਤ ਸੀ, ਇੱਕ ਸਟੋਰ ਅਤੇ ਗੈਸ ਸਟੇਸ਼ਨ ਦਾ ਮਾਲਕ ਹੈ ਜੋ ਕਮਾਲ ਦਾ ਪਿਜ਼ਾ ਤਿਆਰ ਕਰਨ ਲਈ ਮਸ਼ਹੂਰ ਹੈ। ਇੱਕ ਦਿਨ ਮੇਰਾ ਬੇਟਾ ਮੈਨੂੰ ਉਸ ਤੋਂ ਪੀਜ਼ਾ ਲੈਣ ਲਈ ਆਪਣੇ ਨਾਲ ਲੈ ਗਿਆ। ਜਦੋਂ ਅਸੀਂ ਉਸਦੇ ਸਟੋਰ ਵਿੱਚ ਦਾਖਲ ਹੋਏ ਤਾਂ ਉਸਨੇ ਸਤਿਕਾਰ ਵਜੋਂ ਮੇਰੇ ਪੈਰੀਂ ਹੱਥ ਲਾਉਂਦੇ ਜੀ ਆਇਆਂ ਕਿਹਾ। ਸਾਡੇ ਨਾਂਹ-ਨੁੱਕਰ ਕਰਨ ਦੇ ਬਾਵਜੂਦ ਕਾਫੀ ਤਿਆਰ ਕਰਵਾ ਲਈ। ਬੇਟੇ ਨੇ ਦੋ ਪੀਜ਼ੇ ਤਿਆਰ ਕਰਨ ਲਈ ਕਿਹਾ। ਉਸਨੇ ਬਹੁਤ ਹੀ ਉਮਦਾ ਢੰਗ ਨਾਲ ਤਿਆਰ ਕਰਵਾਏ। ਜਦੋਂ ਬੇਟਾ ਪੈਸੇ ਦੇਣ ਲੱਗਾ ਤਾਂ ਲੱਖ ਜ਼ੋਰ ਦੇਣ ਦੇ ਬਾਵਜੂਦ ਵੀ ਉਸਨੇ ਇਨਕਾਰ ਕਰ ਦਿੱਤਾ। ਉਹ ਕਹਿੰਦਾ ਕਿ ਪਹਿਲੀ ਵਾਰ ਬਜ਼ੁਰਗ ਮੇਰੇ ਸਟੋਰ ’ਤੇ ਆਏ ਹਨ, ਮੈਂ ਪੈਸੇ ਨਹੀਂ ਲੈਣੇ। ਸਾਡੇ ਸਾਂਝੇ ਪੰਜਾਬੀ ਸੱਭਿਆਚਾਰ ਦੀ ਇਸ ਤੋਂ ਵੱਡੀ ਮਾਣ ਸਤਿਕਾਰ, ਪਿਆਰ ਮੁਹੱਬਤ ਅਤੇ ਅਪਣੱਤ ਦੀ ਹੋਰ ਕਿਹੜੀ ਮਿਸਾਲ ਹੋ ਸਕਦੀ ਹੈ! ਕਿੰਨਾ ਖੂਬਸੂਰਤ, ਅਪਣੱਤ ਭਰਿਆ, ਸਦੀਵੀ ਮੁਹੱਬਤਾਂ ਨਾਲ ਲਬਰੇਜ਼ ਹੈ ਸਾਡੇ ਚੜ੍ਹਦੇ ਪੰਜਾਬੀਆਂ ਲਈ ਸਾਡਾ ਮੁਸਲਿਮ ਭਾਈਚਾਰਾ!
ਦਰਅਸਲ ਸੰਨ 1947 ਵਿਚ ਭਾਰਤ ਦੀ ਵੰਡ ਸਮੇਂ ਜਿਸ ਪੰਜਾਬ ਦੀ ਪੰਜ ਦਰਿਆਵਾਂ ਦੀ ਸਦੀਵੀ ਭੂਗੋਲਿਕਤਾ, ਸੱਭਿਆਚਾਰ ਅਤੇ ਮਾਂ ਬੋਲੀ ਪੰਜਾਬੀ ਦੀ “ਰੂਹ” ਨੂੰ ਫਿਰਕਾ ਪ੍ਰਸਤੀ ਦੇ ਅਧਾਰ ’ਤੇ ਅਣਮਨੁੱਖੀ, ਪਾਗਲਾਨਾ ਅਤੇ ਫਿਰਕੂ ਜ਼ਹਿਰ ਭਰੀ ਕਤਲੋਗਾਰਤ ਰਾਹੀਂ ਦੋਫਾੜ ਕਰਨ ਦਾ ਯਤਨ ਕੀਤਾ ਗਿਆ, ਉਹ ਅੱਜ ਵੀ ਸਮੂਹ ਚੜ੍ਹਦੇ ਅਤੇ ਲਹਿੰਦੇ ਪੰਜਾਬੀ ਭਾਈਚਾਰੇ ਦੇ ਦਿਲਾਂ ਵਿੱਚ ਇਕਸਾਰ ਵਸ ਰਹੀ ਹੈ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਫਿਰਕਾਪ੍ਰਸਤ ਸਰਹੱਦ ਉਸ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਰੂਹ ਨੂੰ ਦੁਫਾੜ ਨਹੀਂ ਕਰ ਸਕੀ। ਸ਼ਾਲਾ! ਅਸੀਂ ਰਲਮਿਲ ਘੁੱਗ ਵਸੀਏ ਅਤੇ ਨੱਚੀਏ ਨਾਲ ਪਿਆਰਾਂ ਦੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































