“ਗੋਲਡੀ ਬਰਾੜ ਨੂੰ ਬਿਸ਼ਨੋਈ ਦਾ ਲੰਗੋਟੀਆ ਯਾਰ ਦਰਸਾਇਆ ਗਿਆ ਹੈ, ਜੋ ...”
(18 ਜੁਲਾਈ 2026)
ਇੱਕ ਵਾਰ ਫਿਰ ਕੌਮਾਂਤਰੀ ਮੀਡੀਆ ਅਤੇ ਕੌਮਾਂਤਰੀ ਪੱਧਰ ’ਤੇ ਭਾਰਤ ਸਥਿਤ ਬਦਨਾਮ ਬਿਸ਼ਨੋਈ ਗੈਂਗ ਸਮੇਤ ਤਿੰਨ ਵੱਖ-ਵੱਖ ਭਾਰਤੀ ਅਪਰਾਧਿਕ ਗੈਂਗਸਟਰਵਾਦੀਆਂ ਦਾ ਖੁਲਾਸਾ ਕੀਤਾ ਗਿਆ ਹੈ। 7 ਜੁਲਾਈ 2026 ਨੂੰ ਇੱਕ ਭਰਵੀਂ ਪ੍ਰੈੱਸ ਕਾਨਫਰੰਸ ਵਿੱਚ ਕੈਨੇਡੀਅਨ ਆਰਸੀ ਐੱਮਪੀ ਕਮਿਸ਼ਨਰ ਮਾਈਕ ਡੂਹੇਮੀ, ਅਮਰੀਕੀ ਸਥਾਨਕ ਪੁਲਿਸ ਅਤੇ ਐੱਫਬੀਆਈ ਅਧਿਕਾਰੀ ਨੇ ਇੱਕ ਭਰਵੀਂ ਪ੍ਰੈੱਸ ਕਾਨਫਰੰਸ ਵਿੱਚ ਲਾਸ ਏਜਲਸ ਵਿਖੇ ਦੱਸਿਆ ਕਿ ਉਹਨਾਂ ਵੱਲੋਂ ਤਿੰਨ ਭਾਰਤੀ ਅਪਰਾਧਿਕ ਸੰਗਠਨਾਂ ਵਿਰੁੱਧ ਜੋ ਧੋਖਾਘੜੀ, ਕਤਲਾਂ, ਫਿਰੌਤੀਆਂ, ਜਬਰੀ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵਿਸ਼ਵ ਭਰ ਵਿੱਚ ਹੋਰ ਅਪਰਾਧਾਂ ਵਿੱਚ ਸ਼ਾਮਲ ਹਨ, ਵਿਰੁੱਧ “ਹਾਰਡ ਬਾਲ ਅਪਰੇਸ਼ਨ” ਅਧੀਨ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਇਸ ਗ੍ਰੋਹ ਵਿੱਚੋਂ 37 ਵਿੱਚੋਂ 24 ਅਪਰਾਧੀ ਦਬੋਚ ਲਏ ਗਏ ਹਨ ਜਿਨ੍ਹਾਂ ਵਿੱਚੋਂ ਤਿੰਨ ਕੈਨੇਡਾ ਵਿੱਚ ਫੜੇ ਹਨ ਅਤੇ ਸੱਤ ਪਹਿਲਾਂ ਹੀ ਜੇਲ੍ਹ ਵਿੱਚ ਹਨ। 10 ਅਪਰਾਧੀ ਭਗੌੜੇ ਹਨ, ਜਿਨ੍ਹਾਂ ਵਿੱਚੋਂ ਸੱਤ ਅਮਰੀਕਾ, 2 ਭਾਰਤ ਅਤੇ ਇੱਕ ਯੂਰਪ ਵਿੱਚ ਹੈ। “ਹਾਰਡ ਬਾਲ ਅਪਰੇਸ਼ਨ” ਅਧੀਨ ਕਾਰਵਾਈ ਵਿੱਚ 1000 ਕਿੱਲੋ ਕੋਕੀਨ, ਇੱਕ ਕਿੱਲੋ ਹੈਰੋਇਨ, 40,000 ਡਾਲਰ ਨਕਦ ਅਤੇ ਇੱਕ ਦਰਜਨ ਦੇ ਕਰੀਬ ਹਥਿਆਰ ਫੜੇ ਗਏ ਹਨ।
ਮਈ ਕਾਂਡ:
ਅਜੇ ਮਈ 2026 ਵਿੱਚ ਕੈਨੇਡਾ ਵਿੱਚ ਓਂਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ 17 ਪੰਜਾਬੀ ਅਤੇ ਖਾਸ ਕਰਕੇ ਸਿੱਖ ਨੌਜਵਾਨਾਂ ਅਧਾਰਤ ਅੰਤਰਰਾਸ਼ਟਰੀ ਗੈਂਗ ਜੋ “ਫਾਰ ਬ੍ਰਦਰਜ਼ ਗੈਂਗ” ਲਈ ਕੰਮ ਕਰਦੇ ਸਨ, ਫੜੇ ਗਏ। ਵੱਖ ਵੱਖ ਦੇਸ਼ਾਂ ਵਿੱਚ ਵੱਡੇ ਪੱਧਰ ’ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਵਾਲਾ ਅਤੇ ਅਪਰਾਧਕ ਘਟਨਾਵਾਂ ਸੰਬੰਧੀ ਇਸ ਕੇਸ ਦੀ ਸਿਆਹੀ ਅਜੇ ਸੁੱਕੀ ਨਹੀਂ ਸੁੱਕੀ ਸੀ ਕਿ ਲਾਸ ਏਜਲਸ ਦੀ ਪ੍ਰੈੱਸ ਕਾਨਫਰਸ ਨੇ ਮੁੜ ਭਾਰਤ ਨੂੰ ਕੌਮਾਂਤਰੀ ਪੱਧਰ ’ਤੇ ਨਸ਼ਰ ਕਰਕੇ ਰੱਖ ਦਿੱਤਾ। ਮਈ ਕਾਰਵਾਈ ਵਿੱਚ ਸਰੀ (ਬ੍ਰਿਟਿਸ਼ ਕੋਲੰਬੀਆ ਦੇ ਆਰਸੀ ਐੱਮਪੀ ਅਧਿਕਾਰੀਆਂ, ਕੈਨੇਡਾ ਬਾਰਡਰ ਸਰਵਿਸ ਏਜੰਸੀ, ਅਮਰੀਕਨ ਐੱਫਬੀਆਈ ਅਤੇ ਫਿਨਟਰੈਕ ਏਜੰਸੀਆਂ ਨਾਲ ਮਿਲ ਕੇ ਪੁਲਿਸ ਨੇ 17, ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਜਬਰੀ ਵਸੂਲੀ, ਅੱਗਜ਼ਨੀ, ਗੋਲੀ ਕਾਂਡ, ਹਿੰਸਾ ਅਤੇ ਧਮਕੀਆਂ ਦੇ ਦੋਸ਼ਾਂ ਹੇਠ ਪਕੜਿਆ ਸੀ। ਇਨ੍ਹਾਂ ਉੱਤੇ 106 ਕੇਸ ਆਇਦ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 11 ਜਬਰੀ ਵਸੂਲੀ, 75 ਗੈਰ ਕਾਨੂੰਨੀ ਹਥਿਆਰ ਰੱਖਣ, 24 ਵਿੱਚੋਂ 16 ਸੰਗੀਨ ਹਿੰਸਕ ਘਟਨਾਵਾਂ ਵਿੱਚ ਸ਼ਾਮਲ ਹੋਣ ਨਾਲ ਸੰਬੰਧਿਤ ਸਨ।
ਅਜੋਕੇ ਦੋਸ਼:
ਅਜੋਕੇ ਦੋਸ਼ਾਂ ਅਨੁਸਾਰ ਭਾਰਤ ਸਥਿਤ ਬਿਸ਼ਨੋਈ ਗੈਂਗ ਅਤੇ ਉਸਦੇ ਕਥਿਤ ਦੋਸ਼ੀ ਅਮਰੀਕੀ ਲਫਟੈਨ ਅਤੇ ਅਮਰੀਕੀ ਸਰਕਾਰੀ ਵਕੀਲਾਂ ਵੱਲੋਂ ਕੈਨੇਡੀਅਨ ਵੱਖਵਾਦੀ ਕਾਰਕੁਨ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਇਹ ਕੇਸ ਜੁਲਾਈ 1, 2026 ਨੂੰ ਦਾਖਲ ਕੀਤਾ ਗਿਆ ਸੀ ਜਿਸ ਨੂੰ ਅਮਰੀਕੀ ਅਦਾਲਤ ਨੇ 7 ਜੁਲਾਈ ਨੂੰ ਖੋਲ੍ਹਿਆ ਅਤੇ ਜਿਸ ਅਨੁਸਾਰ ਲਾਰੰਸ ਬਿਸ਼ਨੋਈ, ਉਸਦੇ ਕਥਿਤ ਦੋਸ਼ੀ ਅਮਰੀਕਾ ਸਥਿਤ ਡਿਪਟੀ ਸਤਿੰਦਰਜੀਤ ਸਿੰਘ ਉਲਫ ਗੋਲਡੀ ਬਰਾੜ ਵੱਲੋਂ ਨਿੱਜਰ ਦੀ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਗੁਰਦੁਆਰੇ ਵਿਖੇ ਹੱਤਿਆ ਦੇ ਹੁਕਮ ਦਿੱਤੇ ਗਏ ਸਨ।
ਇਹ ਖੁਲਾਸੇ ਸੰਗੀਨ ਇਸ ਕਰਕੇ ਹਨ ਕਿ ਇਨ੍ਹਾਂ ਵਿੱਚ ਪਹਿਲੀ ਵਾਰ ਵਿਧੀਵਤ ਤੌਰ ’ਤੇ ਅਦਾਲਤ ਵਿੱਚ ਲਾਰਸ ਬਿਸ਼ਨੋਈ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਸਦੇ ਨਾਲ ਹੀ ਜੱਗੂ ਭਗਵਾਨਪੁਰੀਆ ਨੂੰ ਜੋ ਕਿ ਆਸਾਮ ਜੇਲ੍ਹ ਵਿੱਚ ਬੰਦ ਹੈ। ਇਸ ਗੈਂਗਸਟਰਵਾਦ ਵਿੱਚ ਪੰਜਾਬ ਪੁਲਿਸ ਦੇ ਟਾਂਡਾ ਵਿਖੇ ਤਾਇਨਾਤ ਇੱਕ ਐੱਸ ਐੱਚ ਓ ਪੰਜਾਬ ਪੁਲਿਸ ਦਾ ਨਾਂਅ ਵੀ ਸਾਹਮਣੇ ਆਇਆ (ਜਿਸ ਨੂੰ ਤੁਰੰਤ ਪੰਜਾਬ ਸਰਕਾਰ ਨੇ ਲਾਈਨ ਹਾਜ਼ਰ ਕਰ ਦਿੱਤਾ ਹੈ।) ਇਹ ਪੰਜਾਬ ਸਰਕਾਰ ਵੱਲੋਂ ਇੱਕ ਮਾਰਚ, 2025 ਨੂੰ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੀ ਨਕਾਮੀ ’ਤੇ ਸ਼ਰਮਨਾਕ ਦਾਗ ਹੈ। ਇੱਥੇ ਹੀ ਬੱਸ ਨਹੀਂ, 4 ਜੁਲਾਈ ਨੂੰ ਇੱਕ ਐਡੀਸ਼ਨਲ ਜੇਲ੍ਹ ਸੁਪਰਡੈਂਟ, ਸੈਂਟਰਲ ਜੇਲ੍ਹ ਹੁਸ਼ਿਆਰਪੁਰ, 12 ਹੋਰ ਲੋਕਾਂ ਸਮੇਤ ਜੇਲ੍ਹ ਵਿੱਚ ਨਸ਼ੇ ਵਿਕਾਉਣ ਦੇ ਦੋਸ਼ ਵਿੱਚ ਪਕੜਿਆ ਗਿਆ। ਇਸ ਤੋਂ ਇਲਾਵਾ ਕੁਝ ਨਸ਼ਾ ਤਸਕਰ ਉੱਚ ਪੁਲਿਸ ਅਫਸਰ ਭਗੋੜੇ ਹਨ। ਇੰਝ ਪ੍ਰਤੀਤ ਹੁੰਦਾ ਹੈ ਜਿਵੇਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਉਲਟੀ ਪੰਜਾਬ ਵਿੱਚ ਕੌਮਾਂਤਰੀ ਪੱਧਰ ’ਤੇ ਨਸ਼ੀਲੇ ਪਥਾਰਥਾਂ ਦੇ ਤਸਕਰ, ਅਪਰਾਧੀ ਅਤੇ ਗੈਂਗਸਟਰ ਪੈਦਾ ਕਰਨ ਵਿੱਚ ਸਹਾਈ ਹੋਈ ਹੋਵੇ।
ਅਮਰੀਕੀ ਗਰੈਂਡ ਜਿਊਰੀ ਵੱਲੋਂ ਹਰਦੀਪ ਸਿੰਘ ਨਿੱਜਰ ਨੂੰ “ਐੱਚ ਐੱਸ ਐੱਨ” ਵਜੋਂ ਦਰਸਾਇਆ ਗਿਆ ਹੈ ਜਿਸ ਅਨੁਸਾਰ ਬਿਸ਼ਨੋਈ ਨੇ ਚਾਰ ਬੇਨਾਮੀ ਅਪਰਾਧੀਆਂ ਨੂੰ ਉਸਦੀ ਫੋਟੋ ਅਤੇ ਹੋਰ ਜਾਣਕਾਰੀ ਮੁਹਈਆ ਕਰਵਾਈ ਸੀ। ਗੋਲਡੀ ਬਰਾੜ ਨੂੰ ਬਿਸ਼ਨੋਈ ਦਾ ਲੰਗੋਟੀਆ ਯਾਰ ਦਰਸਾਇਆ ਗਿਆ ਹੈ, ਜੋ ਅਮਰੀਕਾ ਨੂੰ ਭੱਜ ਗਿਆ ਅਤੇ ਉੱਥੇ ਫਿਰੌਤੀਆਂ, ਧਮਕੀਆਂ, ਲੁੱਟਾਂ-ਖੋਹਾਂ, ਕਤਲਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਗੁਰਗਾ ਬਣ ਬੈਠਾ। 33 ਸਾਲਾ ਬਿਸ਼ਨੋਈ (ਗੁਜਰਾਤ ਜੇਲ੍ਹ ਵਿੱਚ ਬੰਦ) ਨੇ ਵਿਦਿਆਰਥੀ ਰਾਜਨੀਤਿਕ ਜੀਵਨ ਤੋਂ ਆਪਣਾ ਅਪਰਾਧਿਕ ਗੈਂਗ ਗਠਿਤ ਕਰ ਲਿਆ ਸੀ ਜੋ ਸਨ 2015 ਤੋਂ ਭਾਰਤੀ ਜੇਲ੍ਹ ਵਿੱਚੋਂ ਸਮਗਲ ਕੀਤੇ ਫੋਨਾਂ ਰਾਹੀਂ ਆਪਣਾ ਅੰਤਰਰਾਸ਼ਟਰੀ ਗੈਂਗ ਦੇਸ਼ ਵਿਦੇਸ਼ ਵਿੱਚ ਚਲਾ ਰਿਹਾ ਹੈ। ਇਸ ਉੱਤੇ ਕੈਨੇਡਾ, ਬ੍ਰਿਟੇਨ, ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਭਾਰਤੀ ਕਾਰੋਬਾਰੀਆਂ, ਰਾਜਨੀਤਿਕ ਕਾਰਕੁਨਾਂ ਅਤੇ ਅਮੀਰ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਹਨ। ਵੈਸੇ ਉਹ ਆਪਣੇ ਆਪ ਨੂੰ ਇੱਕ ਦੇਸ਼ ਭਗਤ ਰਾਸ਼ਟਰਵਾਦੀ ਅਤੇ ਧਾਰਮਿਕ ਵਿਅਕਤੀ ਦਰਸਾਉਂਦਾ ਹੈ।
ਵੱਖਵਾਦੀ ਆਗੂ ਨਿੱਜਰ ਨੂੰ ਮਾਰਨ ਸਮੇਂ ਤਤਕਾਲੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਸਦੇ ਕਤਲ ਵਿੱਚ ਨਵੀਂ ਦਿੱਲੀ ’ਤੇ ਦੋਸ਼ ਲਾਏ ਸਨ, ਜਿਨ੍ਹਾਂ ਨੂੰ ਨਕਾਰ ਦਿੱਤਾ ਗਿਆ ਸੀ। ਉਸ ਸਮੇਂ ਸਥਿਤੀ ਇਸ ਕਦਰ ਵਿਗੜ ਗਈ ਸੀ ਕਿ ਭਾਰਤ ਅਤੇ ਕੈਨੇਡਾ ਨੂੰ ਆਪਣੇ ਡਿਪਲੋਮੈਟਿਕ ਸੰਬੰਧ ਤੋੜਨੇ ਪੈ ਗਏ ਸਨ। ਉਦੋਂ ਕੈਨੇਡੀਅਨ ਪੁਲਿਸ ਦੇ ਦੋ ਸਿੱਖ ਵੱਖਵਾਦੀਆਂ ਅਤੇ ਤਿੰਨ ਕੈਨੇਡੀਅਨਾਂ ਦੇ ਕਤਲ ਦੇ ਵੀ ਦੋਸ਼ ਲਾਏ ਸਨ। ਹੁਣ ਟਰੂਡੋ ਸਰਕਾਰ ਦੀ ਰਾਸ਼ਟਰੀ ਸਲਾਹਕਾਰ ਰਹੀ ਜੂਡੀ ਥਾਮਸ ਨੇ ਅਜੋਕੇ ਕੇਸ ਤੋਂ ਬਾਅਦ ਖੁਲਾਸਾ ਕੀਤਾ ਹੈ ਕਿ ਬਿਸ਼ਨੋਈ ਗੈਂਗ ਕਿਸੇ ਹੋਰ ਤੋਂ ਹੁਕਮਾਂ ਅਧੀਨ ਕੰਮ ਕਰਦਾ ਹੈ। ਉਸਦਾ ਕਹਿਣਾ ਹੈ ਕਿ ਜੇਲ੍ਹ ਵਿੱਚੋਂ ਜੇਕਰ ਅਜਿਹੇ ਗੈਂਗ ਕਾਰਵਾਈ ਕਰ ਰਹੇ ਹਨ ਤਾਂ ਇਸ ਲਈ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।
ਹਾਈ ਕਮਿਸ਼ਨਰ:
ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਇਨ੍ਹਾਂ ਗ੍ਰਿਫਤਾਰੀਆਂ ਦੇ ਦੋਸ਼ਾਂ ਨੂੰ ਸਹੀ ਕਰਾਰ ਦਿੰਦੇ ਕਿਹਾ ਹੈ ਕਿ ਨਵੀਂ ਦਿੱਲੀ ਤਾਂ ਪਹਿਲਾਂ ਹੀ ਸਹਿਯੋਗੀ ਦੇਸ਼ਾਂ ਨੂੰ ਅਜਿਹੇ ਅੰਤਰ ਦੇਸੀ ਗੈਂਗਾਂ ’ਤੇ ਕੜੀ ਕਾਰਵਾਈ ਲਈ ਜ਼ੋਰ ਦਿੰਦੀ ਆ ਰਹੀ ਹੈ। ਭਾਰਤ ਵਿੱਚ ਲੰਮੇ ਸਮੇਂ ਤੋਂ ਦੋਸ਼ ਲਾਏ ਜਾ ਰਹੇ ਸਨ ਕਿ ਅਜਿਹੇ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਅਪਰਾਧੀਆਂ ਵਿਰੁੱਧ ਕਾਰਵਾਈ ਪ੍ਰਤੀ ਉੱਤਰੀ ਅਮਰੀਕੀ ਸਰਕਾਰਾਂ ਅੱਖਾਂ ਮੀਟੀ ਬੈਠੀਆਂ ਸਨ, ਜਿਸ ਕਰਕੇ ਉਹਨਾਂ ਨੂੰ ਹਿੰਸਕ ਕਾਰਨਾਮੇ ਕਰਨ ਲਈ ਉਤਸ਼ਾਹ ਮਿਲਦਾ ਰਿਹਾ ਹੈ। ਪਰ ਅਜੋਕੇ ਸਾਂਝੇ ਵਿਸ਼ੇ ਅਧੀਨ ਕਾਰਵਾਈ ਤੋਂ ਯਕੀਨ ਹੋ ਗਿਆ ਹੈ ਕਿ ਹੁਣ ਉਹ ਸਖਤ ਕਾਰਵਾਈ ਲਈ ਤਿਆਰ ਹਨ। ਉਹਨਾਂ ਨਿਸ਼ਚਾ ਕੀਤਾ ਹੈ ਕਿ ਕੈਨੇਡਾ, ਅਮਰੀਕਾ ਅਤੇ ਵਿਸ਼ਵ ਵਿੱਚ ਸੁਰੱਖਿਆ ਸੁਨਿਸ਼ਚਿਤ ਬਣਾਉਣ ਲਈ ਇਨ੍ਹਾਂ ਗੈਂਗਾਂ ਦਾ ਲੱਕ ਤੋੜਨਾ ਜ਼ਰੂਰੀ ਹੈ। ਸ੍ਰੀ ਪਟਨਾਇਕ ਨੇ ਕਿਹਾ ਕਿ ਜੇਕਰ ਇਨ੍ਹਾਂ ਗੈਂਗਸਟਰਾਂ ਦੀ ਹਵਾਲਗੀ ਦੀ ਮੰਗ ਕੀਤੀ ਜਾਵੇਗੀ ਤਾਂ ਭਾਰਤੀ ਅਦਾਲਤਾਂ ਇਸ ਸੰਬੰਧੀ ਨਿਰਣਾ ਲੈਣਗੀਆਂ।
ਸਰਵੇ:
ਜਦੋਂ ਅਮਰੀਕਾ ਆਪਣੀ 250 ਵੀ ਵਰ੍ਹੇਗੰਡ ਦੇ ਜਸ਼ਨ ਮਨਾ ਰਿਹਾ ਹੈ, ਇੱਕ ਪੋਸਟ ਮੀਡੀਆ-ਲੇਜਰ ਵੱਲੋਂ ਸਰਵੇ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ 64 ਪ੍ਰਤੀਸ਼ਤ ਲੋਕ ਸਮਝਦੇ ਹਨ ਕਿ ਕੈਨੇਡੀਅਨ, ਅਮਰੀਕਨਾਂ ਨਾਲੋਂ ਕਿਤੇ ਵਧੀਆ ਲੋਕ ਹਨ। ਦੋ ਤਿਹਾਈ ਲੋਕਾਂ ਦਾ ਮੱਤ ਹੈ ਕਿ ਅਮਰੀਕੀ ਹੰਕਾਰੀ ਲੋਕ ਹਨ। 82 ਪ੍ਰਤੀਸ਼ਤ ਲੋਕਾਂ ਦਾ ਮੱਤ ਹੈ ਕਿ ਕੈਨੇਡੀਅਨ ਪੂਰੇ ਵਿਸ਼ਵ ਵਿੱਚ ਸਤਿਕਾਰੇ ਜਾਂਦੇ ਲੋਕ ਹਨ। ਕੈਨੇਡੀਅਨ ਕਈ ਖੇਤਰਾਂ ਵਿੱਚ ਅਮਰੀਕੀ ਲੋਕਾਂ ਨਾਲੋਂ ਸ੍ਰੇਸ਼ਟ, ਸਾਊ, ਭੱਦਰਪੁਰਸ਼, ਵਧੀਆ ਸੰਸਕ੍ਰਿਤੀ ਵਾਲੇ ਅਤੇ ਵਧੀਆ ਲੋਕ ਮੰਨੇ ਜਾਂਦੇ ਹਨ। ਲੱਖ ਟਕੇ ਦਾ ਸਵਾਲ ਇਹ ਹੈ ਕਿ ਭਾਰਤੀਆਂ ਬਾਰੇ ਲੋਕ ਅਜਿਹਾ ਕਦੋਂ ਸਮਝਣਗੇ?
ਵਧੀਆ, ਆਦਰਸ਼ਕ ਅਤੇ ਅਨੁਸ਼ਾਸਿਤ ਮਾਹੌਲ ਵਿੱਚ ਪ੍ਰਾਪਤ ਸਿੱਖਿਆ ਇੱਕ ਖੂਬਸੂਰਤ ਵਿਅਕਤੀ ਦਾ ਨਿਰਮਾਣ ਕਰਦੀ ਹੈ। 60ਵੇਂ ਦਹਾਕੇ ਵਿੱਚ ਮੈਂ ਗੁਰਦਾਸਪੁਰ ਖਾਲਸਾ ਹਾਈ ਸਕੂਲ ਤੋਂ ਮੈਟਰਿਕ ਕੀਤੀ। ਸਾਡੇ ਹੈਡਮਾਸਟਰ ਹਰਨਾਮ ਸਿੰਘ ਜੀ ਦਾ ਨਾਮ ਹੀ “ਅਨੁਸ਼ਾਸਨ” ਸੀ। ਅੱਠਵੀਂ ਤਕ ਇੱਕ ਪੀਰੀਅਡ ਧਾਰਮਿਕ ਸਿੱਖਿਆ ਦਾ ਹੁੰਦਾ ਸੀ। ਮੈਂਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੀ ਦਸਵੀਂ ਏ-ਕਲਾਸ ਦੇ 35-40 ਵਿਦਿਆਰਥੀਆਂ ਵਿੱਚੋਂ ਇੱਕ ਵੀ ਅਪਰਾਧੀ ਨਹੀਂ ਸੀ ਨਿਕਲਿਆ। ਕੁਝ ਤਾਂ ਵੱਡੇ ਵੱਡੇ ਸਰਕਾਰੀ ਸਿਵਲ ਅਤੇ ਫੌਜੀ ਅਫਸਰ ਬਣ ਗਏ ਸਨ।
ਪੰਜਾਬ ਵਿੱਚ ਅੱਤਵਾਦ ਵੇਲੇ ਸਿੱਖਿਆ ਦਾ ਢਾਂਚਾ ਅਜਿਹਾ ਬੁਰੀ ਤਰ੍ਹਾਂ ਤਹਿਸ ਨਹਿਸ ਹੋਇਆ ਕਿ ਫਿਰ ਕਦੇ ਪੈਰੀਂ ਨਾ ਆ ਸਕਿਆ। ਦਰਅਸਲ ਜਿਸ ਸੂਬੇ ਜਾ ਦੇਸ਼ ਦਾ ਸਿੱਖਿਆ ਸਿਸਟਮ ਨਕਾਰਾ ਹੋ ਜਾਵੇ ਉੱਥੇ ਵਧੀਆ ਨਾਗਰਿਕਾਂ ਦੀ ਥਾਂ ਬੇਰੁਜ਼ਗਾਰ ਅਪਰਾਧੀਆ ਦੀ ਫੌਜ ਤਿਆਰ ਹੋ ਜਾਂਦੀ ਹੈ। ਇਸੇ ਕਰਕੇ ਪੰਜਾਬ ਵਿੱਚ ਲਗਾਤਾਰ ਅਮਰ ਕਾਨੂੰਨ ਦੀ ਸਥਿਤੀ ਬੇਕਾਬੂ ਬਣੀ ਪਈ ਹੈ। ਵਿਧਾਨ ਸਭਾ ਚੋਣਾਂ ਸਿਰ ’ਤੇ ਹਨ। ਰਾਜ ਵਿੱਚ ਪੰਜਾਬ ਪੁਲਿਸ ਅਤੇ ਸਰਕਾਰ ਨੂੰ ਨਵੀਂ ਦੂਰ ਅੰਦੇਸ਼, ਸਮਰੱਥ, ਮਜਬੂਤ ਅਤੇ ਇੱਛਾ ਸ਼ਕਤੀ ਭਰਪੂਰ ਲੀਡਰਸ਼ਿੱਪ ਦੀ ਲੋੜ ਹੈ ਤਾਂ ਕਿ ਕੌਮਾਂਤਰੀ ਪੱਧਰ ’ਤੇ ਪੰਜਾਬ ਅਤੇ ਪੰਜਾਬੀਆਂ ਉੱਤੇ ਨਸ਼ੀਲੇ ਪਦਾਰਥਾਂ ਦੇ ਮਾਫੀਆ ਹੋਣ ਦਾ ਮੱਥੇ ’ਤੇ ਲੱਗਾ ਕਲੰਕ ਧੋਤਾ ਜਾ ਸਕੇ, ਜਿਸ ਕਰਕੇ ਭਾਰਤ ਦੇਸ਼ ਵੀ ਬਦਨਾਮ ਹੋ ਰਿਹਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)























































































































