“ਜੇਕਰ ਕੈਨੇਡਾ ਵਾਂਗ ਭਾਰਤ ਅਤੇ ਪੰਜਾਬ ਸਮੇਤ ਹੋਰ ਸੂਬਿਆਂ ਦੇ ਭ੍ਰਿਸ਼ਟ ...”
(28 ਜੁਲਾਈ 2026)
ਅਗਸਤ 1956 ਦੀ ਘਟਨਾ ਹੈ ਜਦੋਂ ਆਂਧਰਾ ਪ੍ਰਦੇਸ਼ ਅੰਦਰ ਇੱਕ ਰੇਲ ਹਾਦਸੇ ਵਿੱਚ 112 ਯਾਤਰੀ ਮਾਰੇ ਗਏ। ਮਰਹੂਮ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਕੈਬਿਨਟ ਵਿੱਚ ਰੇਲ ਮੰਤਰੀ ਹੁੰਦੇ ਸਨ। ਉਹਨਾਂ ਨੇ ਇਸ ਦਰਦਨਾਕ ਹਾਦਸੇ ਦੀ ਨੈਤਿਕ ਤੌਰ ’ਤੇ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ। ਪਰ ਪੰਡਿਤ ਨਹਿਰੂ ਨੇ ਅਸਤੀਫਾ ਸਵੀਕਾਰ ਨਾ ਕੀਤਾ ਅਤੇ ਉਹਨਾਂ ਨੂੰ ਕੰਮ ਜਾਰੀ ਰੱਖਣ ਲਈ ਕਿਹਾ। ਨਵੰਬਰ 23, 1956 ਨੂੰ ਤਾਮਿਲਨਾਡੂ ਵਿੱਚ ਇੱਕ ਰੇਲਵੇ ਪੁਲ ਡਿਗਣ ਕਰਕੇ ਹੋਏ ਹਾਦਸੇ ਵਿੱਚ 140 ਲੋਕ ਮਰ ਗਏ। ਇਸ ਵਾਰ ਸ੍ਰੀ ਸ਼ਾਸਤਰੀ ਜੀ ਨੇ ਨਾ ਸਿਰਫ ਨੈਤਿਕ ਜ਼ਿੰਮੇਵਾਰੀ ਲੈਂਦੇ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨੂੰ ਭੇਜਿਆ ਬਲਕਿ ਜ਼ਿਦ ਕੀਤੀ ਕਿ ਉਹਨਾਂ ਦਾ ਅਸਤੀਫਾ ਹਰ ਹਾਲਤ ਵਿੱਚ ਮਨਜ਼ੂਰ ਕਰ ਲਿਆ ਜਾਵੇ।
ਨੀਟ ਇਮਤਿਹਾਨ ਸੰਬੰਧੀ ਲੀਕ ਪੇਪਰ ਦੇ ਪ੍ਰਸ਼ਨ ’ਤੇ ਜੇਕਰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਆਪਣੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪ ਦਿੰਦੇ ਤਾਂ ਕਾਕਰੋਚ ਜਨਤਾ ਪਾਰਟੀ ਅਤੇ ਵਿਰੋਧੀ ਧਿਰ ਵੱਲੋਂ ਵਿਰੋਧ ਅਤੇ ਐੱਨਡੀਏ ਸਰਕਾਰ ਲਈ ਪਰੇਸ਼ਾਨੀਆਂ ਪੈਦਾ ਨਾ ਹੁੰਦੀਆਂ। ਦੇਸ਼ ਵਿਦੇਸ਼ ਅੰਦਰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦਾ ਇਸ ਕਦਰ ਜਨਾਜ਼ਾ ਨਾ ਨਿਕਲਦਾ।
ਕਿਸੇ ਵੀ ਲੋਕਤੰਤਰ ਦੀ ਖੂਬਸੂਰਤੀ ਉਸਦੀ ਸਰਕਾਰ ਦੀ ਨਿੱਤ ਪ੍ਰਤੀ ਪਾਰਦਰਸ਼ੀ ਅਤੇ ਇਮਾਨਦਾਰਾਨਾ ਜਵਾਬਦੇਹੀ ’ਤੇ ਟਿਕੀ ਹੋਈ ਹੁੰਦੀ ਹੈ। ਇਸੇ ਅਸੂਲ ’ਤੇ ਚਲਦੇ ਪੱਛਮੀ ਦੇਸ਼ਾਂ ਦੇ ਲੋਕਤੰਤਰ ਸਿਸਟਮ ਨੂੰ ਸਲਾਹਿਆ ਜਾਂਦਾ ਹੈ। ਸੱਚ ਸਾਹਮਣੇ ਹੈ ਕਿ ਕਿਵੇਂ ਲੋਕਤੰਤਰ ਵਿੱਚ ਜਵਾਬਦੇਹੀ ਸਿਸਟਮ ਦੀ ਖੂਬਸੂਰਤੀ ਨੂੰ ਕਾਇਮ ਰੱਖਣ ਲਈ ਵਿਸ਼ਵ ਦੀ ਸਭ ਤੋਂ ਪੁਰਾਣੇ ਬ੍ਰਿਟਿਸ਼ ਲੋਕਤੰਤਰ ਅੰਦਰ 10 ਸਾਲਾਂ ਵਿੱਚ 7 ਪ੍ਰਧਾਨ ਮੰਤਰੀ ਬਦਲੇ ਗਏ। ਸੱਤਵੇਂ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਆਪਣੇ ਪੂਰਵਧਿਕਾਰੀ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਅਸਤੀਫਾ ਦੇਣ ’ਤੇ ਉਸੇ ਦਿਨ 20 ਜੁਲਾਈ, 2026 ਨੂੰ ਆਪਣਾ ਪਦ ਸੰਭਾਲ ਲਿਆ।
ਕੈਨੇਡੀਅਨ ਮਿਸਾਲ:
ਇਸੇ ਮਹੀਨੇ ਪਿਛਲੇ ਦਿਨੀਂ ਕੈਨੇਡਾ ਦੇ ਓਂਟਾਰੀਓ ਰਾਜ ਦੇ ਮੁੱਖ ਮੰਤਰੀ ਡਗ ਫੋਰਡ ਦੀ ਕੈਬਨਿਟ ਦੇ ਦੋ ਮੰਤਰੀਆਂ ਨੂੰ ਵਿੱਤੀ ਬੇਨਿਯਮੀਆਂ ਕਰਕੇ ਗਲਤੀਆਂ ਸਵੀਕਾਰਦੇ ਹੋਏ ਆਪਣੇ ਪਦਾਂ ਤੋਂ ਅਸਤੀਫੇ ਸੌਂਪਣੇ ਪਏ ਅਤੇ ਕਈ ਵਿਧਾਇਕਾਂ ਨੂੰ ਵਿੱਤੀ ਬੇਨਿਯਮੀਆਂ ਕਰਕੇ ਖਰਚ ਕੀਤੇ ਡਾਲਰ ਵਾਪਸ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੇ ਪਏ।
ਦਰਅਸਲ ਓਂਟੇਰੀਓ ਸੂਬੇ ਦੀ ਟੋਰਾਂਟੋ ਸਥਿਤ ਕੁਵੀਨਜ਼ ਪਾਰਕ ਅਸੈਂਬਲੀ ਦਾ ਇਹ ਅਸੂਲ ਹੈ ਕਿ ਜੋ ਵਿਧਾਇਕ ਇਸਦੇ 50 ਕਿਲੋਮੀਟਰ ਘੇਰੇ ਦੇ ਹਲਕਿਆਂ ਦੀ ਨੁਮਾਇੰਦਗੀ ਕਰਦੇ ਹਨ, ਉਹਨਾਂ ਨੂੰ ਅਸੈਂਬਲੀ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਨੇੜੇ ਦੇ ਹੋਟਲਾਂ ਵਿੱਚ ਰਾਤ ਨੂੰ ਠਹਿਰਨ ਸੰਬੰਧੀ ਕੋਈ ਭਤੇ ਨਹੀਂ ਮਿਲਣਗੇ। ਸਿਰਫ ਮੌਸਮ ਖਰਾਬ, ਟਰੈਫਿਕ ਜਾਮ, ਟੋਰਨੈਡੋ ਚਿਤਾਵਣੀ ਜਾਂ ਐਮਰਜੈਂਸੀ ਹੋਣ ਕਰਕੇ ਹੀ ਅਜਿਹੀ ਇਜਾਜ਼ਤ ਹੋਵੇਗੀ।
ਪੰਜਾਬੀ ਦੀ ਕਹਾਵਤ ਹੈ, “ਜੇ ਕੁੱਤੀਆਂ ਗੰਦ ਖਾਣੋ ਹਟ ਜਾਣ ਤਾਂ ਅੰਨੀਆਂ ਨਾ ਹੋ ਜਾਣ।” (ਇਹ ਕਹਾਵਤ ਇਉਂ ਕਿਉਂ ਨਹੀਂ ਬਣਾਈ ਗਈ: “ਜੇ ਕੁੱਤੇ ਗੰਦ ਖਾਣੋ ਹਟ ਜਾਣ ਤਾਂ ਅੰਨ੍ਹੇ ਨਾ ਹੋ ਜਾਣ।” ਕਿਉਂਕਿ ਕਹਾਵਤ ਬਣਾਉਣ ਵਾਲਾ ਕੁੱਤਿਆਂ ਦੀ ਬਰਾਦਰੀ ਵਿੱਚੋਂ ਸੀ – ਸੰਪਾਦਕ)। ਸੋ ਅਜਿਹਾ ਅਨਸਰ ਹਰ ਦੇਸ਼ ਵਿੱਚ ਮਿਲ ਜਾਂਦਾ ਹੈ। ਮੁੱਖ ਮੰਤਰੀ ਡੱਗ ਫੋਰਡ ਦੇ ਕੈਬਿਨਟ ਵਿੱਚ ਟੂਰਿਜ਼ਮ, ਕਲਚਰ ਅਤੇ ਗੇਮਿੰਗ ਮੰਤਰੀ ਸਟਾਨ ਚੋਅ ਦਾ ਅਸੈਂਬਲੀ ਹਲਕਾ ਵਿਲੋਡੇਲ ਅਸੈਬਲੀ ਤੋਂ 6 ਕਿਲੋਮੀਟਰ ਤੋਂ ਘੱਟ ਦੂਰੀ ’ਤੇ ਪੈਂਦਾ ਹੈ। ਲੇਕਿਨ ਉਸਨੇ ਨਿਯਮਾਂ ਦੇ ਪਰਖਚੇ ਉਡਾਉਂਦੇ ਹੋਏ ਟਰਾਂਟੋ ਵਿਖੇ ਹੋਟਲ ਕਮਰੇ ਬੁੱਕ ਕਰਕੇ ਗੁਲਛਰੇ ਉਡਾਉਂਦੇ ਜਨਤਕ ਟੈਕਸਾਂ ਤੋਂ ਪ੍ਰਾਪਤ 16,203 ਡਾਲਰ ਪਿਛਲੇ ਤਿੰਨ ਸਾਲਾਂ ਵਿੱਚ ਖਰਚ ਕਰ ਦਿੱਤੇ। ਮੁੱਖ ਮੰਤਰੀ ਨੇ ਸਪਸ਼ਟ ਕਿਹਾ ਕਿ ਅਜਿਹਾ ਗੈਰ ਕਾਨੂੰਨੀ ਖਰਚਾ ਬਿਲਕੁਲ ਬਰਦਾਸ਼ਤ ਤੋਂ ਬਾਹਰ ਹੈ। ਸਟਾਨ ਚੋਅ ਨੇ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਕੈਬਨਟ ਤੋਂ ਅਸਤੀਫਾ ਦੇ ਦਿੱਤਾ ਜੋ ਮੁੱਖ ਮੰਤਰੀ ਨੇ 17 ਜੁਲਾਈ ਨੂੰ ਸਵੀਕਾਰ ਕਰ ਲਿਆ। ਲੇਕਿਨ ਉਹਨਾਂ ਇਹ ਵੀ ਕਿਹਾ ਕਿ ਉਹ ਪ੍ਰੋਵਿਨਸ਼ੀਅਲ ਪਾਰਲੀਮੈਂਟ (ਵਿਧਾਨ ਸਭਾ) ਵਿੱਚ ਵਿਲੋਡੇਲ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਰਹੇਗਾ। ਇਵੇਂ ਰਾਜ ਦੇ ਕੈਬਨਟ ਮੰਤਰੀ ਵਜੋਂ ਜੋ ਉਹ 240,975 ਡਾਲਰ ਤਨਖਾਹ, ਭੱਤੇ ਪ੍ਰਤੀ ਸਾਲ ਵਸੂਲ ਕਰਦਾ ਸੀ, ਹੁਣ 163,275 ਡਾਲਰ ਪ੍ਰਤੀ ਸਾਲ ਬਤੌਰ ਵਿਧਾਇਕ ਪ੍ਰਾਪਤ ਕਰੇਗਾ। ਉਸਨੇ ਸਾਫ ਕਿਹਾ ਕਿ ਉਸਨੇ ਇਹ ਗਲਤੀ ਕੀਤੀ ਹੈ, ਜਿਸਦੀ ਉਹ ਪੂਰੀ ਜ਼ਿੰਮੇਵਾਰੀ ਲੈਂਦਾ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਰਾਜ ਦੇ ਵਿਕਾਸ ਯੋਜਨਾ ਸੰਬੰਧੀ ਆਰਥਿਕਤਾ, ਲੋਕਾਂ ਅਤੇ ਸੁਰੱਖਿਅਤ ਜੀਵਨ ਅਤੇ ਇਸ ਰਾਜ ਦੀ ਵਿਕਾਸਮਈ ਉਸਾਰੀ ’ਤੇ ਕੋਈ ਫਰਕ ਪਵੇ। ਲੇਕਿਨ ਚੋਅ ’ਤੇ ਆਪਣੇ ਹਲਕੇ ਦੀ ਐਸੋਸੀਏਸ਼ਨ ਰਾਹੀਂ ਖਾਣ ਪੀਣ ਅਤੇ ਮੌਜ ਮਸਤੀ ਲਈ ਇੱਕ ਲੱਖ ਡਾਲਰ ਖਰਚਣ ਦੇ ਦੋਸ਼ ਹਨ, ਜਿਨ੍ਹਾਂ ਵਿੱਚ ਟਰਾਂਟੋ ਬਲੂ ਜੇਅਜ਼ ਮੀਟਿੰਗ ਵਿੱਚ ਖਰਚੇ 6970 ਡਾਲਰ ਵੀ ਸ਼ਾਮਲ ਹਨ।
ਦੂਸਰੇ ਪਾਸੇ ਮੁੱਖ ਮੰਤਰੀ ਡੱਗ ਫੋਰਡ ਨੇ ਬੜੀ ਸਖਤੀ ਨਾਲ ਹੁਕਮ ਦਿੱਤੇ ਕਿ ਜੋ ਵੀ ਮੰਤਰੀ ਅਤੇ ਵਿਧਾਇਕ ਗ੍ਰੇਟਰ ਟਰਾਂਟੋ ਖੇਤਰ ਦੇ ਹਲਕਿਆਂ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਜਿਨ੍ਹਾਂ ਨੇ 120,000 ਡਾਲਰ ਦੇ ਕਰੀਬ ਜਨਤਕ ਟੈਕਸਾਂ ਦੇ ਪੈਸੇ ਪਿਛਲੇ ਤਿੰਨ ਸਾਲਾਂ ਵਿੱਚ ਹੋਟਲਾਂ ਦੀ ਅਦਾਇਗੀ ਲਈ ਖਰਚੇ ਹਨ, ਵਾਪਸ ਖਜ਼ਾਨੇ ਵਿੱਚ ਜਮ੍ਹਾਂ ਕਰਾਉਣ। ਹਰ ਇੱਕ ਵਿਧਾਇਕ ਨੂੰ ਬੇਨਿਯਮਤ ਖਰਚੀ ਗਈ ਇੱਕ ਇੱਕ ਪੈਨੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੀ ਪਵੇਗੀ, ਅਜਿਹੀਆਂ ਬੇਨਿਯਮੀਆਂ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ। ਉਹਨਾਂ ਨੇ ਸਨ 2018 ਵਿੱਚ ਓਂਟੇਰੀਓ ਨਿਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਟੈਕਸ ਪੇਅਰ ਧਨ ਨਾਲ ਪਾਰਟੀਆਂ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਕੈਬਨਟ ਮੰਤਰੀ ਚੋਅ ਅਜਿਹੀ ਉਲੰਘਣਾ ਕਰਦੇ ਵੀ ਪਾਏ ਗਏ ਸਨ।
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਐੱਨਡੀਪੀ ਦੇ ਆਗੂ ਮਾਰਟ ਸਟਾਈਲਜ਼ ਦਾ ਕਹਿਣਾ ਹੈ ਕਿ 20 ਮੌਜੂਦਾ ਅਤੇ ਸਾਬਕਾ ਗ੍ਰੇਟਰ ਟਰਾਂਟੋ ਖੇਤਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ 121,409 ਡਾਲਰ ਬੇਨਿਯਮਤ ਖਰਚੇ ਹਨ। ਉਹਨਾਂ ਕਿਹਾ ਕਿ ਵਿਧਾਇਕ ਹਰਦੀਪ ਗਰੇਵਾਲ (ਬਰੈਂਪਟਨ ਪੂਰਬ) ਨੇ 2023 ਤੋਂ 2025 ਤੱਕ ਡਾਊਨ ਟਾਊਨ ਵਿਖੇ ਹੋਟਲ ਬੁਕਿੰਗ ਤੇ 27,275 ਡਾਲਰ, ਵਿਧਾਇਕਾਂ ਮੀਨਾ ਟਾਂਗਰੀ ਨੇ 18,976 ਡਾਲਰ ਜਦੋਂ ਕਿ ਚਾਰਮੇਨ ਵਿਲੀਅਮਜ਼ ਨੇ 15,865 ਡਾਲਰ ਦੇ ਬੇਨਿਯਮਤ ਤੌਰ ’ਤੇ ਖਰਚ ਕੀਤੇ। ਖੇਡ ਮੰਤਰੀ ਨੀਲ ਲਮਰਜਡੈਨ ’ਤੇ ਵੀ ਦੋਸ਼ ਹਨ, ਜੋ ਕੈਬਨਟ ਅਤੇ ਵਿਧਾਇਕ ਵਜੋਂ ਸੇਵਾ ਮੁਕਤ ਹੋ ਗਏ ਹਨ। ਵਿਰੋਧੀ ਧਿਰ ਦੇ ਆਗੂ ਨੇ ਵਿਧਾਇਕ ਹਰਦੀਪ ਗਰੇਵਾਲ ਦੀ ਜਾਂਚ ਦੀ ਸ਼ਿਕਾਇਤ ਭ੍ਰਿਸ਼ਟਾਚਾਰ ਵਿਰੋਧੀ ਇਮਾਨਦਾਰੀ ਜਾਂਚ ਕਮਿਸ਼ਨ ਕੋਲ ਕੀਤੀ ਹੈ, ਜਿਸਨੇ ਨਾ ਸਿਰਫ ਡਾਊਨ ਟਾਊਨ ਹੋਟਲਾਂ ਵਿੱਚ ਕਮਰੇ ਬੁੱਕ ਕਰਨ ’ਤੇ ਬੇਨਿਯਮਤ ਤੌਰ ’ਤੇ ਜਨਤਕ ਟੈਕਸਾਂ ਤੋਂ ਇਕੱਤਰ ਧਨ ਖਰਚਿਆ ਬਲਕਿ ਆਪਣੇ ਹਲਕੇ ਦੇ ਫੰਡਾਂ ਨੂੰ ਆਪਣੇ ਪਿਤਾ ਵੱਲੋਂ ਚਲਾਏ ਜਾਂਦੇ ਅਖਬਾਰ ਵਿੱਚ ਇਸ਼ਤਿਹਾਰ ਦੇਣ ਲਈ ਖਰਚਿਆ।
ਇਸ ਤੋਂ ਇਲਾਵਾ ਪਾਲ ਕਲੰਦਰਾ ਨੇ 6,924 ਡੇਵਡ ਸਮਿੱਥ ਨੇ 6,895 ਅਮਰਜੋਤ ਸੰਧੂ ਨੇ 4,027 ਮਾਈਕਲ ਫੋਰਡ ਨੇ 3,546 ਸਿਲਵੀਆ ਗੁਆਲਟੇਰੀ ਨੇ 3,177 ਫਿਰਨ ਮੁਹੰਮਦ ਨੇ 2,379 ਡਾਲਰ ਅਤੇ ਇਵੇਂ ਹੀ ਗ੍ਰਾਹਮ ਮੈਕਗਰੈਗਰ ਅਤੇ ਨਾਟਾਲੀਆ ਕੁਸੈਡੋਆ ਬਾਸ਼ਤਾ ਆਦਿ ਨੇ ਵੀ ਬੇਨਿਯਮਤ ਤੌਰ ’ਤੇ ਜਨਤਕ ਧਨ ਦੀ ਕੁਵਰਤੋਂ ਕੀਤੀ ਹੈ। ਮੁੱਖ ਮੰਤਰੀ ਡੱਗ ਫੋਰਡ ਅਨੁਸਾਰ ਹਰ ਇੱਕ ਨੂੰ ਇੱਕ ਇੱਕ ਪੈਨੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੀ ਪਵੇਗੀ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਹੈ ਅਜੋਕੇ ਕੈਨੇਡਾ ਲੋਕਤੰਤਰ ਅੰਦਰ ਜਵਾਬਦੇਹੀ ਦੀ ਜਿੰਦਾ ਮਿਸਾਲ।
ਸੰਨ 1873 ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਸਰ ਜੌਹਨ ਏ ਮੈਕਡਾਨਲਡ ’ਤੇ ਕਨੇਡੀਅਨ ਪੈਸੇਫਿਕ ਉਸਾਰੀ ਸਮੇਂ ਰਿਸ਼ਵਤ ਲੈਣ ਦੇ ਦੋਸ਼ਾਂ ਕਰਕੇ ਅਸਤੀਫਾ ਦੇਣਾ ਪਿਆ ਸੀ। ਲੇਕਿਨ ਇਹ ਦੋਸ਼ ਸਾਬਤ ਨਹੀਂ ਸਨ ਹੋਏ। ਉਹ ਫਿਰ ਬਾਅਦ ਵਿੱਚ ਪੰਜ ਸਾਲ ਪ੍ਰਧਾਨ ਮੰਤਰੀ ਰਹੇ। ਕੈਨੇਡੀਅਨ ਮੰਤਰੀ “ਬੇਵ ਓਡਾ” ਬੇਵਿਰਲੀ ਜੋਅਨਜ਼ ਜੋ ਸਟੀਫਨ ਹਾਰਪਰ ਸਰਕਾਰ ਵਿੱਚ 2006-2012 ਤਕ ਮੰਤਰੀ ਰਹੀ ਤੇ ਬੇਵਜਾਹ ਖਜ਼ਾਨੇ ਦੇ ਪੈਸੇ ਖਰਚਣ ਦੇ ਦੋਸ਼ ਲਗਦੇ ਰਹੇ। ਜਦੋਂ ਮੀਡੀਆ ਵਿੱਚ ਜ਼ਿਆਦਾ ਖੇਹ ਉੱਡੀ ਤਾਂ ਉਸ ਨੂੰ 135281 ਡਾਲਰ ਵਾਪਸ ਖਜ਼ਾਨੇ ਵਿੱਚ ਜਮਾ ਕਰਾਉਣੇ ਪਏ। ਉਸ ’ਤੇ 16 ਡਾਲਰ ਔਰੰਜ ਜੂਸ ਗਲਾਸ, 665 ਡਾਲਰ ਹੋਟਲ ਕਮਰੇ ਦਾ ਕਿਰਾਇਆ, ਹੋਟਲ ਤੋਂ ਦੋ ਕਿਲੋਮੀਟਰ ਕਾਨਫਰੰਸ ਹਾਲ ਤਕ 1000 ਡਾਲਰ ਪ੍ਰਤੀ ਦਿਨ ਲਿਮੋਜ਼ੀਨ ਕਿਰਾਏ ਤੇ ਲੈਣ ਦੇ ਦੋਸ਼ ਸਨ।
ਭਾਰਤ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਸ਼ਾਇਦ ਹੀ ਪਿਛਲੇ 80 ਸਾਲਾਂ ਵਿੱਚ ਕੋਈ ਅਜਿਹੀ ਸਰਕਾਰ ਹੋਵੇ ਜਿਸਦੇ ਮੰਤਰੀਆਂ, ਵਿਧਾਇਕਾਂ ਅਤੇ ਅਫਸਰਸ਼ਾਹਾਂ ’ਤੇ ਭ੍ਰਿਸ਼ਟਾਚਾਰ ਅਤੇ ਵਿੱਤੀ ਬੇਨਿਯਮੀਆਂ ਦੇ ਦੋਸ਼ ਨਾ ਲੱਗੇ ਹੋਣ। ਕਈ ਆਗੂਆਂ ਅਤੇ ਅਫਸਰਸ਼ਾਹਾਂ ਉੱਤੇ ਵਿਦੇਸ਼ਾਂ ਵਿੱਚ ਕਰੋੜਾਂ ਡਾਲਰ ਧਨ ਨਾਮੀ-ਬੇਨਾਮੀ ਤੌਰ ’ਤੇ ਜਮ੍ਹਾਂ ਕਰਨ ਦੇ ਦੋਸ਼ ਹਨ। 17 ਜੁਲਾਈ ਨੂੰ ਆਪਣੇ ਪੰਜਾਬ ਦੌਰੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਈਮਾਨਾਂ ਦੀ ਸਰਕਾਰ ਗਰਦਾਨ ਕੇ ਗਏ, ਜਿਸਦੇ ਕਈ ਮੰਤਰੀ ਅਤੇ ਵਿਧਾਇਕ ਰਿਸ਼ਵਤ ਲੈਣ ਅਤੇ ਮਨੀ ਲਾਂਡਰਿੰਗ ਦੋਸ਼ਾਂ ਵਿੱਚ ਸ਼ਾਮਲ ਹਨ। ਅਜੇ ਦੋ ਤਿੰਨ ਦਿਨ ਪਹਿਲਾਂ ਹੀ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਪੁਲਿਸ ਨੂੰ ਨਸ਼ਿਆਂ ਵਿੱਚ ਗਲਤਾਨ ਦਰਸਾਇਆ। ਨਸ਼ਿਆਂ ਦੀ ਤਸਕਰੀ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਦਰਸਾਈ। ਯੁੱਧ ਨਸ਼ਿਆਂ ਵਿਰੁੱਧ ਅਭਿਆਨ ਅਸਫਲ ਦਰਸਾਇਆ। ਰਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ ’ਤੇ ਡੂੰਘੀ ਚਿੰਤਾ ਜਤਾਈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ’ਤੇ ਅਜਿਹੇ ਦੋਸ਼ ਬੋਫਰਜ਼ ਤੋਪ ਦੇ ਗੋਲਿਆਂ ਤੋਂ ਘੱਟ ਨਹੀਂ। ਦੂਜੇ ਪਾਸੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਦੋਸ਼ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਹੋ ਰਹੀ ਹੈ।
ਕੁਝ ਵੀ ਹੋਵੇ, ਜੇਕਰ ਕੈਨੇਡਾ ਵਾਂਗ ਭਾਰਤ ਅਤੇ ਪੰਜਾਬ ਸਮੇਤ ਹੋਰ ਸੂਬਿਆਂ ਦੇ ਭ੍ਰਿਸ਼ਟ ਮੰਤਰੀਆਂ, ਵਿਧਾਇਕਾਂ ਅਤੇ ਅਫਸਰਸ਼ਾਹਾਂ ਤੋਂ ਜਨਤਕ ਟੈਕਸਾਂ ਦਾ ਬਟੋਰਿਆ ਇੱਕ ਇੱਕ ਪੈਸਾ ਸਮੇਂ ਸਿਰ ਖਜ਼ਾਨੇ ਵਿੱਚ ਉਹਨਾਂ ਤੋਂ ਵਾਪਸ ਕਰਵਾਇਆ ਹੁੰਦਾ ਤਾਂ ਨਾ ਅੱਜ ਦੇਸ਼ ਦਾ ਆਰਥਿਕ ਤੌਰ ’ਤੇ ਇੰਨਾ ਮਾੜਾ ਹਾਲ ਹੋਇਆ ਹੁੰਦਾ ਅਤੇ ਨਾ ਹੀ 1.3 ਬਿਲੀਅਨ ਭਾਰਤੀਆਂ ਨੂੰ 3.10 ਡਾਲਰ ਤੋਂ ਘੱਟ ਅਤੇ 250 ਮਿਲੀਅਨ ਭਾਰਤੀਆਂ ਨੂੰ 2 ਡਾਲਰ ਤੋਂ ਪ੍ਰਤੀ ਦਿਨ ਘੱਟ ਆਮਦਨ ਨਾਲ ਗੁਰਬਤ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹੋਣਾ ਪੈਂਦਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)
























































































































