DarbaraSKahlon8ਯੂਐੱਨ ਸੁਰੱਖਿਆ ਕੌਂਸਲ ਅਜਿਹੇ ਹਮਲਾਵਰ ਅਪਰਾਧੀਆਂ ਵਿਰੁੱਧ ਵਪਾਰਕਹਥਿਆਰ ...
(6 ਜਨਵਰੀ 2026)


ਇੱਕ ਪਾਸੇ ਤਾਂ ਭਾਰਤ ਦੇ ਪੰਜਾਬ ਪ੍ਰਾਂਤ ਵਿੱਚ ਸਥਿਤ ਸਿੱਖ ਧਰਮ ਹੀ ਨਹੀਂ ਬਲਕਿ ਸਾਰੀ ਲੁਕਾਈ ਦੇ ਮੁਕੱਦਸ ਸਥਾਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਤੋਂ ਮੁੱਖਵਾਕ
3, ਜਨਵਰੀ ਸੰਨ 2026 ਨੂੰ ਅੰਮ੍ਰਿਤ ਵੇਲੇ “ਜਗਤੁ ਜਲੰਦਾ ਰੱਖਿ ਲੈ ਆਪਣੀ ਕਿਰਪਾ ਧਾਰਿ। ਜਿਤੁ ਦੁਆਰੈ ਉਬਰੈ ਤਿਤੈ ਲੇਹੁ ਉਬਾਰ। ਸਤਿਗੁਰਿ ਸੁਖੁ ਵੇਖਾਲਿਆ ਸੱਚਾ ਸ਼ਬਦੁ ਬੀਚਾਰ। ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸ਼ਣਹਾਰ॥ ਕੁੱਲ ਜਗਤ ਸਰਵਣ ਕਰ ਰਿਹਾ ਸੀ ਦੂਸਰੇ ਪਾਸੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਹਿਟਲਰਾਨਾ ਅਤੀ ਨਿੰਦਣਯੋਗ ਫੌਜੀ ਕਾਰਵਾਈ ਰਾਹੀਂ ਪ੍ਰਭੂਸੱਤਾ ਸੰਪੰਨ ਆਜ਼ਾਦ ਲਤੀਨੀ ਅਮਰੀਕੀ ਦੇਸ਼ ਵੈਨਜ਼ੁਵੇਲਾ ਦੇ ਕੱਟੜ ਪੰਥੀ ਸੋਸ਼ਲਿਸਟ ਸ਼ਾਸਕ ਰਾਸ਼ਟਰਪਤੀ ਨਿਕਲਸ ਮਾਦੂਰੋ ਅਤੇ ਉਸਦੀ ਪਤਨੀ ਸੀਲੀਆ ਫਲੋਰਸ ਨੂੰ ਅਗਵਾ ਕਰਨ ਦੇ ਘਿਨਾਉਣੇ ਕਾਰਜ ਵਿੱਚ ਰੁੱਝਿਆ ਹੋਇਆ ਸੀ। ਇਹ ਪ੍ਰਮਾਣਿਤ ਸੱਚ ਹੋ ਨਿੱਬੜਿਆ ਕਿ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ 10 ਘੰਟੇ 30 ਮਿੰਟ ਪਹਿਲਾਂ ਪ੍ਰਭੂ ਅੱਗੇ ਬੇਨਤੀ ਕਰ ਰਹੇ ਸਨ ਕਿ ਇਸ ਧਰਤੀ ’ਤੇ ਵੈਨਜ਼ਵੇਲਾ ਅਤੇ ਆਸ ਪਾਸ ਦੇ ਬੇਗੁਨਾਹ ਲੋਕਾਂ, ਬਨਸਪਤੀ, ਜੀਵ ਜੰਤੂਆਂ ਨੂੰ ਟਰੰਪ ਅਤੇ ਅਮਰੀਕਾ ਦੀ ਤਾਨਾਸ਼ਾਹੀ ਕਾਰਵਾਈ ਤੋਂ ਬਚਾ ਲਵੋ। ਕਾਸ਼ ਕੋਈ ਗੁਰੂ ਸਾਹਿਬ ਦੇ ਮਹਾਂਵਾਕ ਦੀ ਰਮਜ਼ ਸਮਝਦਾ, ਟਰੰਪ ਨੂੰ ਗੁਨਾਹਗਾਰੀ ਤੋਂ ਬਚਾ ਲੈਂਦਾ ਅਤੇ ਵੈਨਜ਼ਵੇਲਾ ਦਾ ਬਚਾ ਕਰ ਲੈਂਦਾ।

ਕਾਰਵਾਈ:

ਅਮਰੀਕੀ ਰਾਸ਼ਟਰਪਤੀ ਦੇਸ਼ ਦੀ ਡੁੱਬਦੀ ਅਰਥਵਿਵਸਥਾ ਨੂੰ ਠੁੰਮਣੇ ਦੇਣ ਲਈ ਅਤੇ ਆਪਣੇ ਆਪ ਨੂੰ ਇਪਸਟੀਨ ਫਾਈਲਾਂ ਅਨੁਸਾਰ ਕੀਤੇ ਜਿਣਸੀ ਸ਼ੋਸ਼ਣ ਦੇ ਗੁਨਾਹਾਂ ਤੋਂ ਬਚਾਉਣ ਲਈ ਲਗਾਤਾਰ ਗੁਨਾਹ-ਦਰ-ਗੁਨਾਹ ਕਰਦਾ ਅਪਰਾਧਿਕ ਦਲਦਲ ਵਿੱਚ ਫਸ ਰਿਹਾ ਹੈ। ਵੈਸੇ ਤਾਂ ਉਹ ਹਰ ਗੁਆਂਢੀ ਦੇਸ਼ ’ਤੇ ਅਮਰੀਕਾ ਅੰਦਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਲਾ ਕੇ ਧਮਕੀਆਂ ਦਿੰਦਾ ਆ ਰਿਹਾ ਹੈ। ਟਰੰਪ ਟੈਰਫ ਰਾਹੀਂ ਸਥਾਪਿਤ ਵਿਸ਼ਵ ਨਿਜ਼ਾਮ ਬਦਲਣ ਦੇ ਦਮਗਜ਼ੇ ਮਾਰ ਰਿਹਾ ਹੈ। ਕਨੇਡਾ ਅਤੇ ਮੈਕਸੀਕੋ ਦਾ ਜਿਊਣਾ ਹਰਾਮ ਕਰ ਰਿਹਾ ਹੈ। ਟਰੰਪ ਟੈਰਫ ਨਾਲ ਵਿਸ਼ਵ ਆਰਥਿਕ ਐਮਰਜੈਂਸੀ ਲਾ ਰੱਖੀ ਹੈ। ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ, ਪਨਾਮਾ ਨਹਿਰ ’ਤੇ ਕਬਜ਼ਾ, ਗਰੀਨਲੈਂਡ ਜਜ਼ੀਰੇ ’ਤੇ ਕਬਜ਼ਾ, ਗਾਜ਼ਾ ਪੱਟੀ ਉੱਤੇ ਟਰੰਪ ਰਵੇਰੀਆ ਉਸਾਰਨ ਦੀਆਂ ਧਮਕੀਆਂ ਜਾਰੀ ਕਰਦਾ ਰਹਿੰਦਾ ਹੈ।

ਵੈਨਜ਼ਵੇਲਾ ਲਾਤੀਨੀ ਅਮਰੀਕਾ ਦਾ ਪੂਰੇ ਵਿਸ਼ਵ ਵਿੱਚ ਸਭ ਤੋਂ ਵੱਡਾ ਭਾਵ 303 ਬਿਲੀਅਨ ਬੈਰਲ ਤੇਲ ਜ਼ਖੀਰਾ ਰੱਖਣ ਵਾਲਾ ਦੇਸ਼ ਹੈ। ਉਹ ਲੰਬੇ ਸਮੇਂ ਤੋਂ ਉਸਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ’ਤੇ ਕੋਕੀਨ ਤਸਕਰੀ ਦਾ ਵੱਡਾ ਬਦਨਾਮ ਤਸਕਰ ਹੋਣ ਦਾ ਦੋਸ਼ ਲਾ ਰਿਹਾ ਹੈ। ਅਮਰੀਕਾ ਦੀ ਫੈਡਰਲ ਅਦਾਲਤ ਨੇ ਸਨ 2020 ਵਿੱਚ ਮਾਦੂਰੋ ਨੂੰ ਟੰਨਾਂ ਦੇ ਹਿਸਾਬ ਕੋਕੀਨ ਕੌਮਾਂਤਰੀ ਤਸਕਰ ਕਾਲ ਦੀ ਲੋਸ ਸੋਲਜ ਜ਼ਰੀਏ ਭੇਜਣ ਲਈ ਦੋਸ਼ੀ ਠਹਿਰਾਇਆ, ਜੋ ਦੋਸ਼ ਉਸਨੇ ਨਕਾਰ ਦਿੱਤਾ ਸੀ।

ਦਰਅਸਲ ਸਾਰਾ ਖੇਲ ਤੇਲ, ਸੋਨੇ ਅਤੇ ਹੋਰ ਕੁਦਰਤੀ ਭੰਡਾਰਾਂ ਦਾ ਹੈ। ਮਾਦੂਰੋ ਅਮਰੀਕਾ ਦਾ ਪਿੱਠੂ ਬਣਨ ਲਈ ਤਿਆਰ ਨਹੀਂ ਸੀ। ਸੋ ਪਿਛਲੇ ਚਾਰ ਮਹੀਨੇ ਤੋਂ ਸਮੁੰਦਰੀ ਜਹਾਜ਼ਾਂ, 15,000 ਨੇਵੀ ਲੜਾਕੂਆਂ ਨਾਲ ਕਰੇਬੀਅਨ ਪਾਣੀਆਂ ਅਤੇ ਵੈਨਜ਼ਵੇਲਾ ਦੀ ਹਵਾਈ ਆਵਾਜਾਈ ਦੀ ਨਾਕਾਬੰਦੀ ਟਰੰਪ ਨੇ ਕੀਤੀ ਹੋਈ ਸੀ। ਉਸ ਵਿਰੁੱਧ ਆਰਥਿਕ ਪਾਬੰਦੀਆਂ ਲਗਾਈਆਂ ਹੋਈਆਂ ਸਨ। ਦੋ ਦਰਜਨ ਹਮਲਿਆਂ ਵਿੱਚ ਸਮੁੰਦਰੀ ਕਿਸ਼ਤੀਆਂ ਵਿੱਚ ਸਵਾਰ 110 ਦੇ ਕਰੀਬ ਲੋਕ ਤਸਕਰੀ ਦੇ ਦੋਸ਼ਾਂ ਹੇਠ ਮਾਰ ਮੁਕਾਏ ਸਨ।

ਹਮਲਾ:

ਸਨਿੱਚਰਵਾਰ ਤਿੰਨ ਦਸੰਬਰ 2020 ਨੂੰ ਰਾਤ 2 ਵਜੇ ਅਮਰੀਕਾ ਨੇ ਵੈਨਜ਼ਵੇਲਾ ਦੀ ਰਾਜਧਾਨੀ ਕਰਾਕਸ ’ਤੇ ਹਮਲਾ ਕਰਦੇ 90 ਮਿੰਟ ਤਾਬਰ ਤੋੜ ਬੰਬਾਰੀ ਕੀਤੀ। ਮੀਰਾਂਡਾ, ਰਾਗੁਆ ਅਤੇ ਲਾ ਗਵੇਰਾ ਨਾਮਕ ਤਿੰਨ ਪ੍ਰਾਂਤਾਂ ’ਤੇ ਵੀ ਹਮਲਾ ਕੀਤਾ, ਜਿਸ ਵਿੱਚ 150 ਹਵਾਈ ਜਹਾਜ਼ਾਂ ਨੇ ਭਾਗ ਲਿਆ। ਰਾਸ਼ਟਰਪਤੀ ਮਾਦੂਰੋ ਦੀ ਰਿਹਾਇਸ਼ ’ਤੇ ਕਬਜ਼ਾ ਕਰ ਲਿਆ ਗਿਆ। ਉਹ ਪਤਨੀ ਸਮੇਤ ਸਟੀਲ ਚੈਂਬਰ ਵਿੱਚ ਪਨਾਹ ਲੈਣ ਵਾਲਾ ਹੀ ਸੀ ਕਿ ਕੁੰਡਾ ਨਾ ਵੱਜ ਸਕਿਆ ਅਤੇ ਪਕੜਿਆ ਗਿਆ। ਉਸ ਨੂੰ ਯੂਐੱਸਐੱਸ ਐੱਮਪੀਫੀਬੀਐੱਸ ਵਿੱਚ ਹੈਲੀਕਾਪਟਰ ਰਾਹੀਂ ਲਿਆਂਦਾ ਉੱਥੋਂ ਨਿਊਯਾਰਕ ਹਿਰਾਸਤ ਕੇਂਦਰ ਵਿੱਚ ਲਿਆਂਦਾ। ਸੋਮਵਾਰ ਮੈਨਹਾਟਨ ਫੈਡਰਲ ਕੋਰਟ ਵਿੱਚ ਪੇਸ਼ ਕੀਤੇ ਜਾਣ ਬਾਅਦ ਜੇਲ੍ਹ ਭੇਜਿਆ ਗਿਆ।

ਪਹਿਲੇ ਸ਼ਿਕਾਰ ਸ਼ਾਸਕ:

ਸਨ 1989 ਵਿੱਚ ਪਨਾਮਾ ਦਾ ਰਾਸ਼ਟਰਪਤੀ ਮੈਨੂਅਲ ਨੋਰੀਗਾ ਅਜਿਹੀ ਹੀ ਫੌਜੀ ਕਾਰਵਾਈ ਵਿੱਚ ਨਸ਼ਾ ਤਸਕਰੀ ਦੋਸ਼ਾਂ ਵਿੱਚ ਪਕੜਿਆ, ਮੁਕੱਦਮਾ ਚਲਾਇਆ। ਉਹ ਸਨ 2007 ਵਿੱਚ ਜੇਲ੍ਹ ਵਿੱਚ ਮਰ ਗਿਆ। ਦਸੰਬਰ 13, 2003 ਵਿੱਚ ਇਰਾਕ ’ਤੇ ਹਮਲੇ ਦੇ ਨੌ ਮਹੀਨੇ ਬਾਅਦ ਰਾਸ਼ਟਰਪਤੀ ਸਦਾਮ ਹੁਸੈਨ ਧਰਤੀ ਹੇਠ ਬਸੇਰੇ ਵਿੱਚੋਂ ਪਕੜਿਆ। ਮੁਕੱਦਮਾ ਚਲਾ ਕੇ 30 ਦਸੰਬਰ ਨੂੰ ਫਾਂਸੀ ਲਾ ਦਿੱਤਾ। ਫਰਵਰੀ 2022 ਵਿੱਚ ਹੌਂਡੂਰਸ ਦਾ ਰਾਸ਼ਟਰਪਤੀ ਹਰਨੈਂਡਸ ਪਕੜਿਆ। ਮੁਕੱਦਮੇ ਵਿੱਚ 45 ਸਾਲ ਸਜ਼ਾ ਦਿੱਤੀ ਗਈ ਲੇਕਿਨ ਦਸੰਬਰ ਇੱਕ 2025 ਨੂੰ ਟਰੰਪ ਨੇ ਮੁਆਫੀ ਦੇ ਕੇ ਰਿਹਾ ਕਰ ਦਿੱਤਾ।

ਮਾਦੂਰੋ ਕੌਣ ਹੈ:

23 ਨਵੰਬਰ 1962 ਨੂੰ ਜਨਮਿਆ ਮਾਦੂਰੋ ਇੱਕ ਗਰੀਬ ਘਰ ਦਾ ਤਿੰਨ ਭੈਣਾਂ ਦਾ ਇੱਕੋ ਇੱਕ ਭਰਾ ਹੈ। ਉਸਦਾ ਪਿਤਾ ਟਰੇਡ ਯੂਨੀਅਨ ਆਗੂ ਸੀ। ਮੈਟਰਿਕ ਕਰਕੇ ਉਹ ਬੱਸ ਚਾਲਕ ਬਣਿਆ ਅਤੇ ਫਿਰ ਟਰੇਡ ਯੂਨੀਅਨ ਆਗੂ। ਕਮਿਊਨਿਸਟ ਲਹਿਰ ਤੋਂ ਪ੍ਰਭਾਵਿਤ ਹੋ ਕੇ ਉਹ ਫੀਡਲ ਕਾਸਤਰੋ ਦੇ ਕਿਊਬਾ ਵਿੱਚ ਖੱਬੇ ਪੱਖੀ ਵਿਚਾਰਧਾਰਾ ਅਤੇ ਟ੍ਰੇਨਿੰਗ ਲਈ ਕੁਝ ਸਮਾਂ ਰਿਹਾ। ਉਸਨੇ ਯੂਨਾਈਟਿਡ ਸੋਸ਼ਲਿਸਟ ਪਾਰਟੀ ਦੀ ਮੈਂਬਰਸ਼ਿੱਪ ਲੈ ਲਈ। ਸੰਨ 2000 ਵਿੱਚ ਨੈਸ਼ਨਲ ਅਸੈਂਬਲੀ ਲਈ ਚੁਣਿਆ ਗਿਆ। ਛੇਤੀ ਰਾਸ਼ਟਰਪਤੀ ਹੂਗੋ ਸ਼ਾਵੇਜ਼ ਨੇੜੇ ਚਲਾ ਗਿਆ। ਇਹ ਉਹ ਸ਼ਾਵੇਜ ਸੀ, ਜਿਸਨੇ ਯੂਐੱਨ ਜਨਰਲ ਅਸੈਂਬਲੀ ਵਿੱਚ ਬੋਲਦੇ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੂੰ ਸ਼ੈਤਾਨ ਕਹਿਣ ਦੀ ਜੁਰਅਤ ਕੀਤੀ। ਮਾਦੂਰੋ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ, ਵਿਦੇਸ਼ ਮੰਤਰੀ ਸੰਨ 2006 ਤੋਂ 2012 ਅਤੇ ਉਪਰਾਸ਼ਟਰਪਤੀ ਸੰਨ 2012-13 ਵਿੱਚ ਰਿਹਾ। ਸ਼ਾਵੇਜ਼ ਦੀ ਮੌਤ ਬਾਅਦ ਉਹ 2013 ਵਿੱਚ 50.6, ਸੰਨ 2018 ਵਿੱਚ 67.8 ਅਤੇ ਸੰਨ 2024 ਵਿੱਚ 51.2% ਵੋਟ ਲੈ ਕੇ ਰਾਸ਼ਟਰਪਤੀ ਬਣਦਾ ਰਿਹਾ। ਸੰਨ 2025 ਵਿੱਚ ਉਸਨੇ ਇਸ ਪਦ ਦੀ ਸੌਂਹ ਚੁੱਕੀ ਸੀ। ਉਸ ਨੂੰ ਹਮੇਸ਼ਾ ਅਮਰੀਕਾ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ।

ਨੋਬਲ ਇਨਾਮ ਵਿਜੇਤਾ ਵਿਰੋਧੀ ਧਿਰ ਦੀ ਆਗੂ ਮਾਰੀਆ ਕੋਰੀਨਾ ਮਚਾਡੋ ਨੇ ਕਿਹਾ ਕਿ 18 ਮਹੀਨੇ ਪਹਿਲਾਂ ਉਸਨੇ ਚੋਣਾਂ ਜਿੱਤੀਆਂ ਸਨ। ਦੇਸ਼ ਦੀ ਅਗਵਾਈ ਕਰਨਾ ਉਸਦਾ ਲੋਕਤੰਤਰੀ ਹੱਕ ਸੀ। ਉਸਦੇ ਚੀਨ, ਰੂਸ, ਲਤੀਨੀ ਅਮਰੀਕੀ ਦੇਸ਼ਾਂ ਨਾਲ ਚੰਗੇ ਸੰਬੰਧ ਰਹੇ। ਉਹ ਬ੍ਰਿਕਸ ਸੰਗਠਨ ਦਾ ਮੈਂਬਰ ਬਣਨਾ ਚਾਹੁੰਦਾ ਸੀ। ਉਸਦੀ ਰਾਖੀ ਲਈ ਚੀਨ ਅਤੇ ਰੂਸ ਅੱਗੇ ਨਹੀਂ ਆਏ ਜਿਵੇਂ ਕਿ ਸਾਨੂੰ 1962 ਵਿੱਚ ਮਿਸਾਈਲ ਸੰਕਟ ਵੇਲੇ ਅਮਰੀਕੀ ਰਾਸ਼ਟਰਪਤੀ ਜਹਾਨ ਐਫ ਕੈਨੇਡੀ ਵਿਰੁੱਧ ਰੂਸੀ ਆਗੂ ਨਿਕੇਤਾ ਖਰੋਸਚੇਵ ਅੱਗੇ ਆਏ ਸਨ। ਉਦੋਂ ਵਿਸ਼ਵ ਦੀ ਤੀਸਰੀ ਮਹਾ ਜੰਗ ਲਗਦੇ ਲੱਗਦੇ ਰੁਕੀ ਸੀ।

ਥੂਹ ਥੂਹ:

ਅਮਰੀਕੀ ਰਾਸ਼ਟਰਪਤੀ ਟਰੰਪ ਦੀ ਇਸ ਅਤਿ ਘਿਨਾਉਣੀ ਕਾਰਵਾਈ ਦੀ ਪੂਰੇ ਵਿਸ਼ਵ ਵਿੱਚ ਥੂਹ ਥੂਹ ਹੋ ਰਹੀ ਹੈ। ਨੋਬਲ ਸ਼ਾਂਤੀ ਇਨਾਮ ਲਈ ਟੱਕਰਾਂ ਅਤੇ ਦਬਾਅ ਬਣਾਉਣ ਵਾਲੇ ਇਸ ਆਗੂ ਦਾ ਹਿੰਸਕ, ਨਫਰਤੀ ਅਤੇ ਰਾਖਸ਼ ਚਿਹਰਾ ਵਿਸ਼ਵ ਸਾਹਮਣੇ ਬੇਨਕਾਬ ਹੋ ਗਿਆ ਹੈ।

51ਵਾਂ ਰਾਜ:

ਕਨੇਡਾ ਨੇ ਤਾਂ ਇਸਦਾ 51ਵਾਂ ਰਾਜ ਕੀ ਬਣਨਾ ਸੀ, ਵੈਨਜ਼ਵੇਲਾ ਸਹੀ ਆਗੂ ਮਿਲਣ ਤਕ ਅਮਰੀਕਾ ਦਾ 51ਵਾਂ ਰਾਜ ਬਣ ਗਿਆ ਹੈ। ਟਰੰਪ ਕਹਿੰਦਾ ਹੈ ਕਿ ਵੈਨਜ਼ਵੇਲਾ ਕਾਰਵਾਈ ’ਤੇ ਅਮਰੀਕਾ ਦਾ ਧੇਲਾ ਖਰਚ ਨਹੀਂ ਹੋਇਆ। ਉਸਦੀਆਂ ਕੰਪਨੀਆਂ ਇਸਦੇ ਤੇਲ, ਸੋਨੇ ਅਤੇ ਹੋਰ ਖਣਿਜਾਂ ’ਤੇ ਕਬਜ਼ਾ ਕਰਨਗੀਆਂ ਅਤੇ ਅਮਰੀਕੀ ਖਜ਼ਾਨੇ ਭਰਨਗੀਆਂ। ਟਰੰਪ ਨੇ ਐਲਾਨ ਕੀਤਾ ਕਿ ਪੱਛਮੀ ਅਰਧ-ਗੋਲੇ ਦਾ ਪੂਰੀ ਤਰ੍ਹਾਂ ਅਮਰੀਕਾ ਮਾਲਕ ਹੈ। ਸਨ 1823 ਵਿੱਚ ਅਮਰੀਕੀ ਰਾਸ਼ਟਰਪਤੀ ਮੁਨਰੋ ਦੇ ਸਿਧਾਂਤ ਕਿ ਅਮਰੀਕਾ ਅਮਰੀਕੀਆਂ ਦਾ ਹੈ, ਮੁੜ ਸੁਰਜੀਤ ਕੀਤਾ ਗਿਆ ਹੈ।

ਘਰੋਗੀ ਆਲੋਚਨਾ:

ਸੈਨੇਟ ਵਿੱਚ ਵਿਰੋਧੀ ਧਿਰ ਆਗੂ ਚੱਕ ਸੁਮਰ ਅਨੁਸਾਰ ਟਰੰਪ ਦਾ ਐਲਾਨ ਅਮਰੀਕੀਆਂ ਦੇ ਦਿਲਾਂ ਵਿੱਚ ਡਰ ਅਤੇ ਖੌਫ ਪੈਦਾ ਕਰੇਗਾ। ਇਹ ਸੰਤਾਪ ਉਹਨਾਂ ਨੂੰ ਆਪਣੇ ਪਿੰਡੇ ’ਤੇ ਭੋਗਣਾ ਪਵੇਗਾ। ਬਰਨੀ ਸੈਂਡਰਜ਼ ਵਰਮੌਂਟ ਤੋਂ ਆਜ਼ਾਦ ਸੈਨੀਟਰ ਦਾ ਕਹਿਣਾ ਹੈ ਕਿ ਵੈਨਜ਼ਵੇਲਾ ਦੇ ਤੇਲ ਭੰਡਾਰਾਂ ’ਤੇ ਅਮਰੀਕੀ ਕਬਜ਼ਾ ਸਰਮਾਏਦਾਰੀ ਬਸਤੀਵਾਦ ਹੈ, ਜੋ ਇਤਿਹਾਸ ਵਿੱਚ ਕਾਲੇ ਅਧਿਆਏ ਵਜੋਂ ਦਰਜ ਹੋਵੇਗਾ। ਕਮਲਾ ਹੈਰਿਸ ਅਮਰੀਕੀ ਫੌਜੀ ਕਾਰਵਾਈ ਨੂੰ ਗੈਰ ਕਾਨੂੰਨੀ ਅਤੇ ਬੇਵਕੂਫਾਨਾ ਦੱਸਦੀ ਹੈ।

ਵਿਦੇਸ਼ੀ ਆਲੋਚਨਾ:

ਚੀਨ ਨੇ ਰਾਸ਼ਟਰਪਤੀ ਮਾਦੂਰੋ ਦੀ ਅਮਰੀਕੀ ਹਿਰਾਸਤ ਵਿੱਚੋਂ ਰਿਹਾਈ ਦੀ ਮੰਗ ਕੀਤੀ ਹੈ। ਰੂਸ ਅਤੇ ਇਰਾਨ ਨੇ ਸਖਤ ਸ਼ਬਦਾਂ ਵਿੱਚ ਨਖੇਧੀ ਕੀਤੀ ਹੈ। ਸਪੇਨ, ਬਰਾਜ਼ੀਲ, ਚਿੱਲੀ, ਕੋਲੰਬੀਆ, ਮੈਕਸੀਕੋ, ਯੁਰਾਗਵੇ ਨੇ ਸਾਂਝੇ ਬਿਆਨ ਵਿੱਚ ਅਮਰੀਕੀ ਹਮਲਿਆਂ ਨੂੰ ਬਹੁਤ ਹੀ ਖਤਰਨਾਕ ਮਿਸਾਲ ਕਰਾਰ ਦਿੱਤਾ ਹੈ। ਭਾਰਤ ਵੀ ਇਸ ਮਸਲੇ ’ਤੇ ਤਿੱਖੀ ਨਜ਼ਰ ਰੱਖ ਰਿਹਾ ਹੈ।

ਅੰਤ੍ਰਿਮ ਸਰਕਾਰ:

ਉਪਰਾਸ਼ਟਰਪਤੀ ਡਲਸੀ ਰੋਡਰੀਗਸ ਨੂੰ ਵੈਨਜ਼ਵੇਲਾ ਸੰਵਿਧਾਨਕ ਚੈਂਬਰ ਸੁਪਰੀਮ ਕੋਰਟ ਵੱਲੋਂ ਅੰਤ੍ਰਿਮ ਰਾਸ਼ਟਰਪਤੀ ਬਣਾਇਆ ਗਿਆ ਹੈ। ਮਾਦੂਰੋ ਦੇ ਸਹਿਯੋਗੀ ਸਰਕਾਰ ’ਤੇ ਕਾਬਜ਼ ਹਨ। ਉਪਰਾਸ਼ਟਰਪਤੀ ਨੇ ਰਾਸ਼ਟਰਪਤੀ ਮਾਦੂਰੋ ਅਤੇ ਪਤਨੀ ਦੀ ਰਿਹਾਈ ਦੀ ਮੰਗ ਕੀਤੀ ਹੈ। ਅਮਰੀਕੀ ਵਿਦੇਸ਼ ਸਕੱਤਰ ਮਾਰਕੋ ਰੂਬੀਓ ਦਾ ਕਹਿਣਾ ਹੈ ਕਿ ਅਮਰੀਕਾ ਵੈਨਜ਼ਵੇਲਾ ਨਾਲ ਜੰਗ ਨਹੀਂ ਲੜ ਰਿਹਾ। ਉਹ ਉੱਥੋਂ ਦੀ ਸਰਕਾਰ ਨਾਲ ਮਿਲਵਰਤਣ ਕਰੇਗਾ। ਪਰ ਟਰੰਪ ਉੱਤੇ ਕਿਸੇ ਵਿਸ਼ਵ ਆਗੂ ਨੂੰ ਇਤਬਾਰ ਨਹੀਂ ਕਿ ਅਗਲੇ ਪਲ ਕੀ ਕਰ ਗੁਜ਼ਰੇ।

ਸਥਿਤੀ:

ਕੌਮਾਂਤਰੀ ਕਾਨੂੰਨ ਦੇ ਮਾਹਿਰਾਂ ਅਨੁਸਾਰ ਅਮਰੀਕਾ ਇਸ ਕਾਰਵਾਈ ਨੂੰ ਸਵੈ ਰੱਖਿਆ ਦੱਸੇਗਾ; ਵਿਸ਼ਵ ਭਾਈਚਾਰੇ, ਲੋਕਤੰਤਰ ਦੇਸ਼ਾਂ ਅਤੇ ਸ਼ਾਂਤੀ ਪ੍ਰੇਮੀ ਲੋਕਾਂ ਦੇ ਗੁੱਸੇ ਅਤੇ ਤ੍ਰਿਸਕਾਰ ਤੋਂ ਬਚਣ ਦਾ ਯਤਨ ਕਰੇਗਾ। ਅਮਰੀਕਾ ਨੇ ਯੂਐੱਨ ਚਾਰਟਰ ਅਕਤੂਬਰ 1945 ’ਤੇ ਦਸਤਕ ਦਸਤਖਤ ਕੀਤੇ ਹੋਏ ਹਨ ਜੋ ਦੋ ਵਿਸ਼ਵ ਜੰਗਾਂ ਬਾਅਦ ਕੋਈ ਤੀਜੀ ਜੰਗ ਨਾ ਲੱਗੇ ਦਾ ਭਰਪੂਰ ਉਪਰਾਲਾ ਹੈ। ਯੂਐੱਨ ਚਾਰਟਰ ਦੀ ਧਾਰਾ 2 (4) ਵਿੱਚ ਦਰਜ ਹੈ ਕਿ ਰਾਜਾਂ ਨੂੰ ਦੂਸਰੇ ਦੇਸ਼ਾਂ ’ਤੇ ਫੌਜੀ ਸ਼ਕਤੀ ਵਰਤਣ ਤੋਂ ਗੁਰੇਜ਼ ਕਰਨਾ ਹੋਵੇਗਾ ਅਤੇ ਉਹਨਾਂ ਦੀ ਪ੍ਰਭੂ ਸੱਤਾ ਦੀ ਕਦਰ ਕਰਨੀ ਹੋਵੇਗੀ। ਅਮਰੀਕਾ ਨੇ ਹਮਲਾ ਕਰਕੇ ਅਪਰਾਧ ਕੀਤਾ ਹੈ, ਜੋ ਨਿਊਰਮਬਰਗ ਅਦਾਲਤ ਨੇ ਸਰਵਉੱਚ ਅਪਰਾਧ ਗਰਦਾਨਿਆ ਹੋਇਆ ਹੈ। ਕਿੰਗਸਟਨ ਯੂਨੀਵਰਸਿਟੀ ਵਿੱਚ ਕੌਮਾਂਤਰੀ ਕਾਨੂੰਨ ਦੇ ਪ੍ਰੋਫੈਸਰ ਇਲਵੀਰਾ ਡੋਮੀਗਿਊਜਾ ਰੋਡੋਡੋ ਇਸ ਨੂੰ ਗੈਰ ਕਾਨੂੰਨੀ ਤੌਰ ’ਤੇ ਦੂਸਰੇ ਦੇਸ਼ ਵਿਰੁੱਧ ਵਰਤੀ ਸ਼ਕਤੀ ਅਤੇ ਹਮਲਾਵਰ ਅਪਰਾਧ ਮੰਨਦੇ ਹਨ। ਯੂਐੱਨ ਜੰਗੀ ਅਪਰਾਧ ਅਦਾਲਤ ਦੇ ਸਾਬਕਾ ਪ੍ਰਧਾਨ ਜੈਫਰੀ ਰਾਬਰਟਸਨ ਇਸ ਨੂੰ ਯੂਐਨ ਚਾਰਟਰ ਦੀ ਉਲੰਘਣਾ ਕਰਾਰ ਦਿੰਦੇ ਹਨ।

ਯੂਐੱਨ ਸੁਰੱਖਿਆ ਕੌਂਸਲ ਅਜਿਹੇ ਹਮਲਾਵਰ ਅਪਰਾਧੀਆਂ ਵਿਰੁੱਧ ਵਪਾਰਕ, ਹਥਿਆਰ ਖਰੀਦ ਫਰੋਖਤ ਅਤੇ ਦੂਸਰੇ ਦੇਸ਼ਾਂ ਵਿੱਚ ਯਾਤਰਾ ’ਤੇ ਪਾਬੰਦੀਆਂ ਲਾ ਸਕਦੀ ਹੈ, ਲੇਕਿਨ ਕੌਂਸਲ ਦੇ ਪੰਜ ਮੈਂਬਰਾਂ ਰੂਸ, ਅਮਰੀਕਾ, ਯੂਕੇ, ਫਰਾਂਸ ਅਤੇ ਚੀਨ ਕੋਲ ਵੀਟੋ ਸ਼ਕਤੀ ਹੋਣ ਕਰਕੇ ਅਮਰੀਕਾ ਵਿਰੁੱਧ ਅਜਿਹਾ ਸੰਭਵ ਨਹੀਂ। ਸਪਸ਼ਟ ਹੈ ਕਿ ਸੁਰੱਖਿਆ ਕੌਂਸਲ ਬੇਕਾਰ ਸੰਸਥਾ ਬਣ ਕੇ ਰਹਿ ਚੁੱਕੀ ਹੈ।

ਪ੍ਰਭਾਵ:

ਅਮਰੀਕਾ ਦਾ ਵੈਨਜ਼ਵੇਲਾ ’ਤੇ ਹਿਟਲਰੀ ਹਮਲਾ ਮਾਹਿਰਾਂ ਅਨੁਸਾਰ ਦੂਸਰੇ ਤਾਕਤਵਰ ਦੇਸ਼ਾਂ ਲਈ ਅਜਿਹਾ ਕਰਨ ਲਈ ਹੌਸਲਾ ਅਫਜ਼ਾਈ ਸਾਬਤ ਹੋਵੇਗਾ, ਭਾਵੇਂ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਿਉਂ ਨਾ ਹੋਵੇ? ਚੀਨ ਤਾਈਵਾਨ ਨੂੰ ਅਤੇ ਰੂਸ ਯੁਕਰੇਨ ਨੂੰ ਸ਼ਿਕਾਰ ਬਣਾਉਣਗੇ। ਸੁਰੱਖਿਆ ਕੌਂਸਲ, ਜੋ ਤੀਸਰੀ ਵੱਡੀ ਜੰਗ ਰੋਕਣ ਲਈ ਇੱਕ ਸਿਸਟਮ ਖੜ੍ਹਾ ਕੀਤਾ ਸੀ, ਅਮਰੀਕਾ ਨੇ ਉਸਦਾ ਬੇੜਾ ਗਰਕ ਕਰ ਦਿੱਤਾ ਹੈ। ਇਰਾਕ ਉੱਤੇ ਹਮਲੇ ਵੇਲੇ ਯੂਕੇ ਨੇ ਵੀ ਅਜਿਹਾ ਗੁਨਾਹ ਕੀਤਾ ਸੀ। ਹੁਣ ਯੂਕੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਕੀਰਨੇ ਪਾ ਰਿਹਾ ਹੈ ਕਿ ਸਭ ਨੂੰ ਕੌਮਾਂਤਰੀ ਕਾਨੂੰਨ ਦੀ ਰਾਖੀ ਕਰਨੀ ਚਾਹੀਦੀ ਹੈ। ਪ੍ਰੋਫੈਸਰ ਰਾਬਰਟਾਸਨ ਦਾ ਕਹਿਣਾ ਹੈ ਕਿ ਨਿਊਰਮਬਰਗ ਸਿਧਾਂਤਾਂ ਦੇ ਰਾਖੇ ਵਜੋਂ ਯੂਕੇ ਦਾ ਫਰਜ਼ ਹੈ ਕਿ ਉਹ ਅਮਰੀਕਾ ਵੱਲੋਂ ਕੌਮਾਂਤਰੀ ਕਾਨੂੰਨ ਦਾ ਉਲੰਘਣ ਕਰਨ ਕਰਕੇ ਅਮਰੀਕਾ ਦੀ ਆਲੋਚਨਾ ਕਰੇ। ਜੰਗ ਸ਼ੁਰੂ ਕਰਨ ਵਾਲੇ ਜੰਗ  ਵਿੱਚ ਹੁੰਦੀਆਂ ਮੌਤਾਂ ਅਤੇ ਤਬਾਹੀ ਲਈ ਦੋਸ਼ੀ ਹੁੰਦੇ ਹਨ ਪਰ ਯੂਕੇ ਐਸੀ ਰਾਖੀ ਦੀ ਜੁਰਅਤ ਗਵਾ ਬੈਠਾ ਹੈ। ਟਰੰਪ ਖੂੰਖਾਰ ਗਲੋਬਲ ਜੰਗਬਾਜ਼ ਅਤੇ ਵਿਸ਼ਵ ਵਿਆਪੀ ਖਤਰਾ ਬਣ ਚੁੱਕਾ ਹੈ। ਫਿਰ ਵੀ ਉਹ ਅਰਧ ਹੈਂਕੜ ਦਾ ਸ਼ਿਕਾਰ ਹੋਇਆ ਕਹਿੰਦਾ ਹੈ ਕਿ ਉਹ ਪੂਤਨ ਤੋਂ ਖੁਸ਼ ਨਹੀਂ। ਰੂਸ ਯੁਕਰੇਨ ਵਿੱਚ ਬਹੁਤ ਗਿਣਤੀ ਵਿੱਚ ਲੋਕਾਂ ਨੂੰ ਮਾਰ ਰਿਹਾ ਹੈ। ਵਾਹ! ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ?

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author