DarbaraSKahlon8ਇਸ ਆਰਥਿਕ ਅਤੇ ਵਿੱਤੀ ਸੰਕਟ ਕਾਲ ਸਮੇਂ ਰਾਜ ਸਰਕਾਰਾਂ ਨੂੰ ਵਧ ਚੜ੍ਹ ਕੇ ਯੋਗਦਾਨ ...
(18 ਮਈ 2026)


ਰੂਸ-ਯੁਕਰੇਨ
, ਗਾਜ਼ਾ ਬਰਬਾਦੀ, ਟਰੰਪ ਟੈਰਰ ਟੈਰਿਫ ਤੋਂ ਇਰਾਨ ਅਤੇ ਅਮਰੀਕਾ-ਇਜ਼ਰਾਇਲ ਜੰਗ ਤਕ ਪਹੁੰਚਦੇ-ਪਹੁੰਚਦੇ ਵਿਸ਼ਵ ਭਰ ’ਤੇ ਆਰਥਿਕ ਅਤੇ ਵਿੱਤੀ ਸੰਕਟ ਬੁਰੀ ਤਰ੍ਹਾਂ ਮੰਡਲਾਉਂਦਾ ਦਿਖਾਈ ਦੇਣ ਲੱਗਾ ਹੈ। ਇਸਦਾ ਮੰਦ ਪ੍ਰਭਾਵ ਅਮਰੀਕਾ, ਚੀਨ, ਰੂਸ ਵਰਗੀਆਂ ਮਹਾਂ ਸ਼ਕਤੀਆਂ ਉੱਤੇ ਹੀ ਨਹੀਂ ਬਲਕਿ ਵਿਸ਼ਵ ਦੇ ਹਰ ਛੋਟੇ-ਵੱਡੇ ਦੇਸ਼ ਦੀ ਆਰਥਿਕਤਾ ’ਤੇ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਵੀ ਇਸ ਤੋਂ ਵੱਡੀ ਪੱਧਰ ’ਤੇ ਪ੍ਰਭਾਵਿਤ ਹੋਇਆ ਸਾਫ ਦਿਖਾਈ ਦੇ ਰਿਹਾ ਹੈ।

ਇਨਕਸ਼ਾਫ:

ਪਿਛਲੇ ਦਿਨੀਂ ਜਦੋਂ ਵਿਸ਼ਵ ਮੁਦਰਾ ਕੋਸ਼ ਦੀ 2025-2026 ਵਿਸ਼ਲੇਸ਼ਣ (ਅਨੁਮਾਨ) ਰਿਪੋਰਟ ਸਾਹਮਣੇ ਆਈ ਤਾਂ ਇਸ ਅਨੁਸਾਰ ਭਾਰਤ ਦੀ ਗਲੋਬਲ ਪੱਧਰ ’ਤੇ ਜੀਡੀਪੀ ਛੇਵੇਂ ਨੰਬਰ ’ਤੇ ਡਿਗੀ ਦਰਸਾਈ ਗਈ। ਭਾਵੇਂ ਭਾਰਤ ਦੀ ਵਿਕਾਸ ਦਰ ਸਥਿਰ ਦਰਸਾਈ ਗਈ ਪਰ ਜਿਸ ਤੇਜ਼ੀ ਨਾਲ ਡਾਲਰ ਮੁਕਾਬਲੇ ਭਾਰਤੀ ਰੁਪਇਆ ਤਾਸ਼ ਦੇ ਪੱਤਿਆਂ ਵਾਂਗ ਡਿਗਦਾ ਨਜ਼ਰ ਆਇਆ, ਉਸਦਾ ਇਸਦੀ ਗਲੋਬਲ ਵਿੱਤੀ ਰੈਂਕਿੰਗ ’ਤੇ ਅਸਰ ਵਿਖਾਈ ਦੇਣ ਲੱਗਾ। ਭਾਰਤ ਦੀ ਕੁੱਲ ਆਰਥਿਕਤਾ 23 ਅਪਰੈਲ 2026 ਵਿੱਚ ਵਿਸ਼ਵ ਮੁਦਰਾ ਕੋਸ਼ ਅਨੁਸਾਰ ਸਨ 2025 ਵਿੱਚ 3.92 ਟਰਿਲੀਅਨ ਡਾਲਰ ਦਰਸਾਈ ਗਈ ਜਦਕਿ ਬ੍ਰਿਟੇਨ ਦੀ 4ਟ੍ਰਿਲੀਅਨ ਡਾਲਰ, ਜਪਾਨ ਦੀ 4.44 ਦਰਸਾਈ ਗਈ। ਸਨ 2024 ਵਿੱਚ ਭਾਰਤ ਦੀ ਜੀਡੀਪੀ 3.5 ਟਰਿਲੀਅਨ ਡਾਲਰ ਖੜ੍ਹੀ ਦਿਖਾਈ ਦਰਸਾਈ ਗਈ ਸੀ ਜਦਕਿ ਬ੍ਰਿਟਨ ਦੀ 3.4 ਟਰਲੀਅਨ ਡਾਲਰ। ਉਸ ਸਮੇਂ ਲੱਗ ਰਿਹਾ ਸੀ ਕਿ ਭਾਰਤ ਆਰਥਿਕ ਅਤੇ ਵਿਧੀ ਰਸਾਤਲ ਵਿੱਚ ਧਸ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ਰੂਰ ਇਸ ਸੰਬੰਧੀ ਆਪਣੇ ਆਰਥਿਕ ਅਤੇ ਵਿੱਤੀ ਮਾਹਿਰਾਂ ਨਾਲ ਡੂੰਘਾ ਸਲਾਹ ਮਸ਼ਵਰਾ ਕੀਤਾ ਹੋਵੇਗਾ। ਨਤੀਜੇ ਵਜੋਂ ਉਹਨਾਂ ਨੇ ਦੇਸ਼ ਨੂੰ ਆਰਥਿਕ ਅਤੇ ਵਿੱਚੀ ਰਸਾਤਲ ਵੱਲ ਵਧਣ ਤੋਂ ਬਚਾਉਣ ਲਈ ਸੱਤ ਨੁਕਾਤੀ ਅਪੀਲ ਤਿਆਰ ਕਰਕੇ ਭਵਿੱਖੀ ਆਰਥਿਕ ਸੰਕਟ ਤੋਂ ਬਚਣ ਲਈ ਆਰਥਿਕ?”ਸ਼ ਭਗਤੀ?”ਨਾਅਰੇ ਹੇਠ ਸੰਕਲਪ ਨੂੰ ਉਜਾਗਰ ਕੀਤਾ।

ਅਪੀਲ:

ਤਿਲੰਗਾਨਾ ਪ੍ਰਦੇਸ਼ ਵਿੱਚ ਸਿਕੰਦਰਾਵਾਦ (ਵਾਰੰਗਲ) ਵਿਖੇ 4900 ਕਰੋੜ ਪ੍ਰਧਾਨ ਮੰਤਰੀ ਨੇ ਮਿੱਤਰ ਪਾਰਕ ਪ੍ਰੋਜੈਕਟਾਂ ਦਾ ਉਦਘਾਟਨ ਕਰਦੇ ਸਮੇਂ ਇੱਕ ਵਿਸ਼ਾਲ ਜਨਤਕ ਰੈਲੀ ਵਿੱਚ ਸੱਤ ਨੁਕਾਤੀ ਕੁੰਜੀਵਤ ਅਪੀਲ ਕੋਵਿਡ-19 ਦੇ ਸੰਕਟ ਕਲੀਨ ਸਮੇਂ ਵਾਂਗ ਦੇਸ਼ ਵਾਸੀਆਂ ਨੂੰ ਅਤੀ ਭਾਵਪੂਰਕ ਢੰਗ ਨਾਲ ਕੀਤੀ। ਪ੍ਰਧਾਨ ਮੰਤਰੀ ਨੇ ਇਸਦਾ ਮੁੱਖ ਕਾਰਨ ਅਮਰੀਕਾ-ਇਰਾਨ ਜੰਗ ਅਤੇ ਕੌਮਾਂਤਰੀ ਪੱਧਰ ’ਤੇ ਉਤਪੰਨ ਆਰਥਿਕ ਅਤੇ ਵਿੱਤੀ ਅਸਥਿਰਤਾ ਨੂੰ ਦਰਸਾਇਆ ਹੈ।

ਹਕੀਕਤ:

ਸਭ ਜਾਣਦੇ ਹਨ ਕਿ ਵਿਸ਼ਵ ਦੇ 20 ਪ੍ਰਤੀਸ਼ਤ ਤੇਲ ਗੈਸ ਦਾ ਵਪਾਰ ਹੌਰਮੀਜ਼ ਜਲ ਡਮਰੂ ਰਸਤੇ ਰਾਹੀਂ ਹੁੰਦਾ ਹੈ, ਜੋ ਅੱਜ ਦੋਵਾਂ, ਅਮਰੀਕਾ ਅਤੇ ਇਰਾਨ ਦੀ ਨਾਕਾਬੰਦੀ ਕਰਕੇ ਬੰਦ ਪਿਆ ਹੈ। ਨਤੀਜੇ ਵਜੋਂ ਵਿਸ਼ਵ ਬਜ਼ਾਰ ਵਿੱਚ ਤੇਲ ਦੀਆਂ ਕੀਮਤਾਂ 105 ਡਾਲਰ ਪ੍ਰਤੀ ਬੈਰਲ ਤਕ ਪੁੱਜ ਗਈਆਂ ਹਨ, ਜੋ ਪਹਿਲਾਂ ਮਸਾਂ 70-75 ਡਾਲਰ ਪ੍ਰਤੀ ਬੈਰਲ ਹੁੰਦੀਆਂ ਸਨ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਰਾਨ ਦਾ ਸ਼ਾਂਤੀ ਪ੍ਰਸਤਾਵ ਠਕਰਾਉਣ ਕਰਕੇ ਇਸ ਖੇਤਰ ਵਿੱਚ ਜੰਗ ਅਤੇ ਬਰਬਾਦੀ ਦੇ ਬੱਦਲ ਹੋਰ ਗਹਿਰੇ ਹੋਣ ਕਰਕੇ ਪੂਰੇ ਵਿਸ਼ਵ ਦੀਆਂ ਸਟਾਕ ਮਾਰਕੀਟਾਂ ਉਥਲ ਪੁਥਲ ਦਾ ਸ਼ਿਕਾਰ ਬਣ ਰਹੀਆਂ ਹਨ। ਜ਼ਾਹਰ ਹੈ ਕਿ ਅਜੇ ਤੇਲ-ਗੈਸ ਸੰਕਟ ਅਤੇ ਤੇਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਵੇਗਾ। ਅਜਿਹੀ ਸਥਿਤੀ ਵਿੱਚ ਭਾਰਤੀ ਪ੍ਰਧਾਨ ਮੰਤਰੀ ਨੇ 140 ਕਰੋੜ ਭਾਰਤ ਵਾਸੀਆਂ ਨੂੰ ਭਾਰਤੀ ਆਰਥਿਕਤਾ ਅਤੇ ਵਿੱਤੀ ਪੁਜ਼ੀਸ਼ਨ ਨੂੰ ਕੰਟਰੋਲ ਹੇਠ ਰੱਖਣ ਲਈ “ਆਰਥਿਕ ਦੇਸ਼ ਭਗਤੀ?” ਮਾਰਗ ਦਰਸ਼ਨ ਕਰਦਿਆਂ ਸੰਜਮ, ਬੱਚਤ ਅਤੇ ਆਯਾਤ ਘਟਾਉਣ ਦੀ 7 ਨੁਕਾਤੀ ਅਪੀਲ ਕੀਤੀ।

ਸੱਤ ਨੁਕਾਤੀ ਅਪੀਲ:

(1) ਇਸ ਪ੍ਰੋਗਰਾਮ ਵਿੱਚ ਘਰ ਤੋਂ ਹੀ ਕੰਮ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਆਵਾਜਾਈ ’ਤੇ ਖਰਚ ਕਰਨ ਤੋਂ ਨਜਾਤ ਮਿਲ ਸਕੇ। ਕੋਵਿਡ 19 ਤੋਂ ਘਰ ਤੋਂ ਕੰਮ ਕਰਨ ਦਾ ਜੋ ਕਿਰਤ ਸੱਭਿਆਚਾਰ ਪੈਦਾ ਹੋਇਆ ਸੀ, ਉਹ ਅੱਜ ਵੀ ਅਮਰੀਕਾ, ਕੈਨੇਡਾ, ਯੂਰਪੀਅਨ ਯੂਨੀਅਨ ਅਤੇ ਚੀਨ ਵਰਗੇ ਦੇਸ਼ਾਂ ਦੀ ਕਿਰਤ ਦਾ ਅਭਿਨ ਅੰਗ ਬਣਿਆ ਪਿਆ ਹੈ। ਇਸ ਨੂੰ ਭਾਰਤ ਵਿੱਚ ਵੀ ਸਫਲਤਾ ਪੂਰਵਕ ਲਾਗੂ ਕਰਨ ਦੀ ਲੋੜ ਹੈ।

(2) ਪ੍ਰਧਾਨ ਮੰਤਰੀ ਨੇ ਇੱਕ ਸਾਲ ਲਈ ਭਾਰਤ ਵਾਸੀਆਂ ਨੂੰ ਸੋਨਾ ਨਾ ਖਰੀਦਣ ਦੀ ਅਪੀਲ ਕੀਤੀ ਹੈ। ਭਾਰਤ ਵਿਦੇਸ਼ਾਂ ਤੋਂ ਇਸ ਸਮੇਂ ਕਰੀਬ 72 ਬਿਲੀਅਨ ਡਾਲਰ ਦਾ ਸੋਨਾ ਸਲਾਨਾ ਖਰੀਦ ਰਿਹਾ ਹੈ। ਸਨ 2024 ਵਿੱਚ ਭਾਰਤ ਨੇ 83 ਟਨ ਸੋਨਾ ਅਯਾਤ ਕੀਤਾ ਸੀ ਜਦਕਿ ਘਰੋਗੀ ਤੌਰ ’ਤੇ ਉਤਪਾਦਨ ਸਿਰਫ 1.6 ਟਨ ਸੀ। ਇਸਦਾ ਸਿੱਧਾ ਮਤਲਬ ਹੈ ਕਿ ਭਾਰਤ ਨੂੰ ਵਿਦੇਸ਼ੀ ਮੁਦਰਾ ਭੰਡਾਰ ਬਚਾਉਣ ਦੀ ਲੋੜ ਹੈ ਜੋ ਇਸ ਸਮੇਂ 690 ਬਿਲੀਅਨ ਡਾਲਰ ਹੈ। ਭਾਰਤੀਆਂ ਨੂੰ ਵਿਆਹ ਸ਼ਾਦੀਆਂ ਅਤੇ ਹੋਰ ਸਮਾਰੋਹਾਂ ਵਿੱਚ ਇਸਦੀ ਖਰੀਦ ਤੋਂ ਤੌਬਾ ਕਰਨੀ ਚਾਹੀਦੀ ਹੈ।

(3) ਡੀਜ਼ਲ ਅਤੇ ਪੈਟਰੋਲ ਦੀ ਉਪਭੋਗਤਾ ਵਿੱਚ ਕਮੀ ਲਿਆਉਣੀ ਚਾਹੀਦੀ ਹੈ ਤਾਂ ਕਿ ਘਰੋਗੀ ਬਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੰਟਰੋਲ ਕੀਤਾ ਜਾ ਸਕੇ। ਜਦੋਂ ਡੀਜ਼ਲ, ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ ਤਾਂ ਕਿਰਾਏ ਭਾੜੇ ਵਿੱਚ ਵਾਧਾ ਹੋਣ ਕਰਕੇ ਗਰੌਸਰੀ, ਸਬਜ਼ੀਆਂ, ਫਲਾਂ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਨਿਸ਼ਚਿਤ ਹੁੰਦਾ ਹੈ।

(4) ਘਰੇਲੂ ਸੁਆਣੀਆਂ ਨੂੰ ਅਪੀਲ ਕਰਦੇ ਉਨ੍ਹਾਂ ਘਰੇਲੂ ਰਸੋਈ ਵਿੱਚ ਵਰਤੇ ਜਾਣ ਵਾਲੇ ਤੇਲ ਵਿੱਚ ਕਟੌਤੀ ਲਈ ਕਿਹਾ ਹੈ ਕਿ ਅਸੀਂ 55% ਕੁਕਿੰਗ ਤੇਲ ਬਾਹਰੋਂ ਆਯਾਤ ਕਰਦੇ ਹਾਂ। ਅੱਜ ਕੱਲ੍ਹ ਤਾਂ ਤੇਲ ਦੇ ਤੜਕੇ ਬਗੈਰ ਵਧੀਆ ਅਤੇ ਪੌਸ਼ਟਿਕ ਕੁਕਿੰਗ ਦਾ ਰਿਵਾਜ਼ ਵਧ ਰਿਹਾ ਹੈ ਜੋ ਹਰ ਸਵਾਣੀ ਨੂੰ ਅਪਣਾਉਣਾ ਚਾਹੀਦਾ ਹੈ।

(5) ਕਿਸਾਨੀ ਨੂੰ ਰਸਾਇਣਿਕ ਖਾਦਾਂ ਦੀ ਥਾਂ ਦੇਸੀ ਰੂੜੀ, ਜੋ ਸਾਡੇ ਪੁਰਾਣੇ ਭਾਰਤੀ ਖੇਤੀ ਸੱਭਿਆਚਾਰ ਦਾ ਅਮੀਰ ਵਿਰਸਾ ਸਮਝਿਆ ਜਾਂਦਾ ਹੈ ਦੀ ਵਰਤੋਂ ’ਤੇ ਜ਼ੋਰ ਦਿੱਤਾ। ਇਸ ਨਾਲ ਹੀ ਜੈਵਿਕ ਅਤੇ ਕੁਦਰਤੀ ਖੇਤੀ ਵੱਲ ਰੁਝਾਨ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਹੈ ਜੋ ਕਿ ਪਬਲਿਕ ਸਿਹਤ ਲਈ ਵੀ ਲਾਹੇਵੰਦ ਹੈ। ਸਾਡੀ ਧਰਤੀ ਰਸਾਇਣਿਕ ਖਾਦਾਂ ਅਤੇ ਦਵਾਈਆਂ ਕਰਕੇ ਜ਼ਹਿਰੀਲੀ ਹੋ ਚੁੱਕੀ ਹੈ। ਇਸਨੇ ਸਾਡੀ ਧਰਤੀ ਹੇਠਲਾ ਪਾਣੀ ਵੀ ਜ਼ਹਿਰ ਬਣਾ ਛੱਡਿਆ ਹੈ। ਪੰਜਾਬ ਰਾਜ ਦੇ 153 ਬਲਾਕਾਂ ਵਿੱਚੋਂ ਪਹਿਲਾਂ ਹੀ 117 ਡਾਰਕ ਜ਼ੋਨ ਵਿੱਚ ਪਹੁੰਚ ਚੁੱਕੇ ਹਨ। ਇਹ ਪੰਜਾਬ ਲਈ ਹਰੀ ਕ੍ਰਾਂਤੀ ਲਿਆਉਣ ਦਾ ਸਰਾਪ ਬਣ ਚੁੱਕਾ ਹੈ।

(6) ਪ੍ਰਧਾਨ ਮੰਤਰੀ ਨੇ ਵਿਦੇਸ਼ੀ ਮੁਦਰਾ ਦੀ ਰਾਖੀ ਲਈ ਦੇਸ਼ ਵਾਸੀਆਂ ਨੂੰ ਵਧੇ ਹੋਏ ਹਵਾਈ ਜਹਾਜ਼ ਭਾੜੇ ਸਨਮੁਖ ਵਿਦੇਸ਼ਾਂ ਵਿੱਚ ਵਿਆਹ ਸ਼ਾਦੀਆਂ ਵਿੱਚ ਜਾਣ ਤੋਂ ਗੁਰੇਜ਼ ਕਰਨ ਅਤੇ ਵਿਦੇਸ਼ੀਂ ਸੈਰ ਸਪਾਟੇ ਦੀ ਥਾਂ ਭਾਰਤ ਅੰਦਰ ਸੈਰ ਸਪਾਟੇ ਨੂੰ ਤਰਜੀਹ ਦੇਣ ’ਤੇ ਜ਼ੋਰ ਦਿੱਤਾ ਹੈ। ਇਸ ਨਾਲ ਭਾਰਤੀ ਰੁਪਏ ਨੂੰ ਮਜ਼ਬੂਤੀ ਨਾਲ ਖੜ੍ਹਾ ਕਰਨ ਵਿੱਚ ਮਦਦ ਮਿਲ ਸਕੇਗੀ।

(7) ਪ੍ਰਧਾਨ ਮੰਤਰੀ ਨੇ ਆਤਮ ਨਿਰਭਰ ਭਾਰਤ ਲਈ ਸਵਦੇਸ਼ੀ ਵਸਤਾਂ ਖਰੀਦਣ ਅਤੇ ਸਵਦੇਸ਼ੀ ਬਜ਼ਾਰ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ।

ਰਾਸ਼ਟਰੀ ਚਰਿੱਤਰ:

ਦੇਸ਼ ਅੰਦਰ ਸੰਕਟ ਕਾਲ ਵਿੱਚ ਸਭ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਨੂੰ ਰਾਸ਼ਟਰੀ ਇੱਕਜੁੱਟਤਾ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ ਨਾ ਕਿ ਸੱਤਾਧਾਰੀ ਧਿਰ ਅਤੇ ਖਾਸ ਕਰਕੇ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਨੀ ਅਰੰਭ ਕਰ ਦੇਣੀ ਚਾਹੀਦੀ ਹੈ। ਅਸੀਂ ਵਿਦੇਸ਼ਾਂ ਵਿੱਚ ਬੈਠੇ ਹੈਰਾਨ ਹਾਂ, ਕੀ ਇਹ ਹੈ ਅਜੋਕੇ ਭਾਰਤੀ ਆਗੂਆਂ ਦਾ ਰਾਸ਼ਟਰੀ ਚਰਿੱਤਰ? ਹਿੰਦ-ਚੀਨ ਯੁੱਧ ਵੇਲੇ ਪੰਡਿਤ ਜਵਾਹਰਵਾਲ ਨਹਿਰੂ ਨੇ ਰਾਸ਼ਟਰ ਨੂੰ ਸੋਨਾ ਦਾਨ ਕਰਨ ਦੀ ਅਪੀਲ ਕੀਤੀ ਸੀ। ਸਭ ਜਾਣਦੇ ਹਨ ਕਿ ਹੋਰਨਾਂ ਤੋਂ ਇਲਾਵਾ ਪੰਜਾਬੀਆਂ ਨੇ ਸਭ ਤੋਂ ਵੱਧ ਸੋਨੇ ਦਾ ਯੋਗਦਾਨ ਪਾਇਆ ਸੀ। “ਮੇਰੇ ਵਤਨ ਕੇ ਲੋਗੋ” ਗਾ ਕੇ ਲਤਾ ਮੰਗੇਸ਼ਕਰ ਨੇ ਨਹਿਰੂ ਦੀਆਂ ਅੱਖਾਂ ਨਮ ਕਰ ਦਿੱਤੀਆਂ ਸਨ। ਥੀਏਟਰਾਂ ਵਿੱਚ ਫਿਲਮ ਸ਼ੁਰੂ  ਹੋਣ ਤੋਂ ਪਹਿਲਾਂ “ਆਵਾਜ਼ ਦੋ ਹਮ ਏਕ ਹੈਂ“ ਗੀਤ ਚਲਦਾ ਸੀ। ਲੇਖਕ ਉਦੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਪੜ੍ਹਦਾ ਸੀ। ਸਕੂਲ ਵਿੱਚ ਪੰਜਾਬ ਦੇ ਗ੍ਰਹਿ ਮੰਤਰੀ ਪੰਡਤ ਮੋਹਨ ਲਾਲ ਦੇ ਆਉਣ ’ਤੇ ਲੇਖਕ ਵੱਲੋਂ ਹਿੰਦ-ਚੀਨ ਜੰਗ ਸੰਬੰਧੀ ਗੀਤ ਗਾਇਆ “ਫੜ ਸ਼ਮਸ਼ੀਰ ਹਿੰਦੀਆਂ, ਅੱਗੇ ਕਦਮ ਵਧਾ ਤੂੰ ਸ਼ੇਰਾ, ਕਿਤੇ ਸ਼ਤਰੂ ਨੇ ਪਾ ਲਿਆ ਘੇਰਾ।” ਇਸ ਗੀਤ ਨੇ ਨਾ ਸਿਰਫ ਗ੍ਰਹਿ ਮੰਤਰੀ ਬਲਕਿ ਪੂਰੇ ਗੁਰਦਾਸਪੁਰ ਵਿੱਚ ਦੇਸ਼ ਭਗਤੀ ਦਾ ਤਹਿਲਕਾ ਮਚਾ ਦਿੱਤਾ ਸੀ। ਦਰਅਸਲ ਦੇਸ਼ ਭਗਤੀ ਦੀ ਰੂਹ ਬੋਲ ਰਹੀ ਸੀ। 1965 ਦੀ ਭਾਰਤ-ਪਾਕ ਜੰਗ ਵੇਲੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ “ਜੈ ਜਵਾਨ, ਜੈ ਕਿਸਾਨ” ਦੇ ਨਾਅਰੇ ਨਾਲ ਦੇਸ਼ ਵਾਸੀਆਂ ਨੂੰ ਹਫਤੇ ਵਿੱਚ ਇੱਕ ਦਿਨ ਵਰਤ ਰੱਖਣ ਦੀ ਅਪੀਲ ਕੀਤੀ ਸੀ ਜਿਸਦਾ ਸਭ ਰਾਜਨੀਤਿਕ ਆਗੂਆਂ ਅਤੇ ਦੇਸ਼ ਵਾਸੀਆਂ ਨੇ ਸਵਾਗਤ ਕੀਤਾ ਸੀ।

ਸੋਵੀਅਤ ਰੂਸ ਅੰਦਰ ਦੂਸਰੇ ਵਿਸ਼ਵ ਯੁੱਧ ਵਿੱਚ ਦੇਸ਼ ਭਗਤੀ ਦੀ ਅਜ਼ੀਮ ਮਿਸਾਲ ਬਾਰੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਆਪਣੀ ਆਤਮ ਕਥਾ ਵਿੱਚ ਲਿਖਦੇ ਹਨ ਕਿ ਉਨ੍ਹੀਂ ਦਿਨੀਂ ਉਹ ਉੱਥੇ ਸਟਾਲਿਨ ਨੂੰ ਮਿਲਣ ਗਏ। ਵਾਪਸੀ ਤੋਂ ਪਹਿਲਾਂ ਉਹ ਸਟਾਲਿਨ ਦੇ ਕਹਿਣ ’ਤੇ ਇਕੱਲੇ ਉਸਦੇ ਘਰ ਗਏ। ਉਹ ਤਿੰਨ ਕਮਰਿਆਂ ਦੇ ਫਲੈਟ ਵਿੱਚ ਰਹਿੰਦੇ ਸਨ। ਖਾਣਾ ਖੁਦ ਅਤੇ ਉਨ੍ਹਾਂ ਦੀ ਪਤਨੀ ਮਿਲ ਕੇ ਬਣਾਉਂਦੇ ਸਨ। ਉਹਨਾਂ ਕੋਲ ਕੋਈ ਕੁਕ ਨਹੀਂ ਸੀ। ਜਦੋਂ ਚਰਚਿਲ ਨੇ ਉਹਨਾਂ ਨੂੰ ਕਿਹਾ ਕਿ ਅੱਜ ਅਸੀਂ ਗੱਪ ਛੱਪ ਲਾਉਂਦੇ ਹਾਂ ਅਤੇ ਉਹਨਾਂ ਦੀ ਪਤਨੀ ਖਾਣਾ ਤਿਆਰ ਕਰ ਲੈਂਦੀ ਹੈ। ਸਟਾਲਿਨ ਦਾ ਜਵਾਬ ਸੁਣ ਕੇ ਉਹ ਹੈਰਾਨ ਰਹਿ ਗਏ। ਉਹਨਾਂ ਕਿਹਾ ਕਿ ਉਹਨਾਂ ਦੀ ਪਤਨੀ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ ਅਤੇ ਉੱਥੇ ਕੰਮ ਕਰਨ ਗਈ ਹੋਈ ਹੈ। 5 ਵਜੇ ਵਾਪਸ ਆਵੇਗੀ ਤੇ ਫਿਰ ਖਾਣਾ ਤਿਆਰ ਕਰੇਗੀ। ਸੰਕਟ ਕਾਲ ਸਮੇਂ ਕਿਸੇ ਵੀ ਦੇਸ਼ ਦੇ ਆਗੂ ਲਈ ਅਜਿਹਾ ਰਾਸ਼ਟਰੀ ਚਰਿੱਤਰ ਅੱਜ ਵੀ ਇੱਕ ਚੁਣੌਤੀ ਭਰੀ ਮਿਸਾਲ ਹੈ।

ਆਲੋਚਨਾ:

ਵਿਰੋਧੀ ਧਿਰ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਸ ਅਪੀਲ ਨੂੰ ਮੋਦੀ ਸਰਕਾਰ ਦੀ ਅਸਫਲਤਾ ਅਤੇ ਗਲੋਬਲ ਆਰਥਿਕ ਅਸਥਿਰਤਾ ਵੇਲੇ ਲੋਕਾਂ ’ਤੇ ਜ਼ਿੰਮੇਵਾਰੀ ਸੁੱਟਣ ਦਾ ਦੋਸ਼ ਲਾਇਆ। ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਵੀ ਅਜਿਹੀ ਹੀ ਬੋਲੀ ਰਾਹੀਂ ਆਲੋਚਨਾ ਕੀਤੀ। ਸਮਾਜਵਾਦੀ ਪਾਰਟੀ ਆਗੂ ਅਖਲੇਸ਼ ਯਾਦਵ ਨੇ ਇਸ ਨੂੰ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਅਸਫਲਤਾ ਦਾ ਪ੍ਰਗਟਾਵਾ ਦਰਸਾਇਆ। ਅਖੇ, ਚੋਣਾਂ ਵੇਲੇ ਅਜਿਹਾ ਯਾਦ ਨਹੀਂ ਆਇਆ? ਸੀਪੀਆਈ ਸਾਂਸਦ ਪੀ ਸੰਦੋਸ਼ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਅਜੋਕੇ ਆਰਥਿਕ ਸੰਕਟ ਨੂੰ ਨਜਿੱਠਣ ਵਿੱਚ ਬੁਰੀ ਤਰ੍ਹਾਂ ਨਕਾਮ ਰਹੀ ਹੈ। ਡੀਐੱਮ ਕੇ ਬੁਲਾਰੇ ਟੀਕੇ ਐੱਸ ਏਲਾਂਗੋਵਿੰਨ ਅਨੁਸਾਰ ਕੇਂਦਰ ਸਰਕਾਰ ਤੇਲ ਗੈਸ ਦੀਆਂ ਕੀਮਤਾਂ ਵਧਾਉਣ ਦਾ ਅਧਾਰ ਤਿਆਰ ਕਰ ਰਹੀ ਹੈ।

ਦਰਅਸਲ ਇਸ ਆਰਥਿਕ ਅਤੇ ਵਿੱਤੀ ਸੰਕਟ ਕਾਲ ਸਮੇਂ ਰਾਜ ਸਰਕਾਰਾਂ ਨੂੰ ਵਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਆਪਣੇ ਖਰਚੇ ਘਟਾਉਣੇ ਚਾਹੀਦੇ ਹਨ। ਕਾਫਲਿਆਂ ਅਤੇ ਪਬਲਿਕ ਰੈਲੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਸੀਂ ਸਮੂਹ ਦੇਸ਼ ਵਾਸੀਆਂ ਅਤੇ ਰਾਜਨੀਤਿਕ ਨੇਤਾਵਾਂ ਨੂੰ ਪੁਰਜ਼ੋਰ ਸਨਿਮਰ ਬੇਨਤੀ ਕਰਦੇ ਹਾਂ ਕਿ ਇਸ ਆਰਥਿਕ ਅਤੇ ਵਿਤੀ ਸੰਕਟ ਦੀ ਘੜੀ ਵਿੱਚ ਸਭ ਮਿਲ ਕੇ ਪ੍ਰਧਾਨ ਮੰਤਰੀ ਦੀ ਅਪੀਲ ਵਿੱਚ ਸਹਿਯੋਗ ਕਰਕੇ ਭਾਰਤੀ ਰਾਸ਼ਟਰੀ ਚਰਿੱਤਰ ਦਾ ਮੁਜ਼ਾਹਰਾ ਕਰਨ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author