“ਇਸ ਹਲਕੇ ਦੇ ਹਰ ਵਰਗ, ਹਰ ਜਾਤ, ਹਰ ਮਜ਼ਹਬ ਅਤੇ ਹਰ ਉਮਰ ਦੇ ਲੋਕਾਂ ਨੇ ...”
(10 ਅਗਸਤ 2026)
ਇਸ ਸਮੇਂ ਪਾਠਕ: 2219.

ਸ਼ਾਇਦ ਭਾਰਤ ਦੇ ਰਾਜਨੀਤਿਕ ਪੰਡਤਾਂ ਦੇ ਚਿੱਤ ਚੇਤੇ ਵਿੱਚ ਵੀ ਨਾ ਹੋਵੇ ਕਿ ਬਿਹਾਰ ਪ੍ਰਦੇਸ਼ ਦੇ ਬਾਂਕੀਪੁਰ ਵਿਧਾਨ ਸਭਾ ਉਪ ਚੋਣ ਵਿੱਚ ਜਨ ਸੁਰਾਜ ਪਾਰਟੀ ਦਾ ਸੁਪਰੀਮੋ ਪ੍ਰਸ਼ਾਂਤ ਕਿਸ਼ੋਰ, ਜੋ ਪੂਰੇ ਦੇਸ਼ ਵਿੱਚ ਰਣਨੀਤਕ ਚੋਣਕਾਰ ਵਿਸ਼ੇਸ਼ਗ ਵਜੋਂ ਮਸ਼ਹੂਰ ਹੈ, ਦੇਸ਼ ਦੀ ਕੇਂਦਰੀ ਅਤੇ ਬਿਹਾਰ ਸੱਤਾ ਦੀ ਅਗਵਾਈ ਕਰ ਰਹੀ ਭਾਜਪਾ ਦੇ ਉਮੀਦਵਾਰ ਨੂੰ ਹਰਾ ਦੇਵੇਗਾ। ਵੈਸੇ ਵੀ ਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੰਧੀ “ਮੋਦੀ ਹੈ ਤੋਂ ਮੁਮਕਿਨ ਹੈ” ਅਤੇ ਭਾਜਪਾ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚਾਣਕੀਯਵਾਦੀ ਚੋਣ ਚੱਕਰਵਿਊ ਨੂੰ ਤੋੜਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਅਜੇ ਨਵੰਬਰ 2025 ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੇ 243 ਮੈਂਬਰੀ ਵਿਧਾਨ ਸਭਾ ਵਿੱਚ 201 ਸੀਟਾਂ ਜਿੱਤ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ।
ਪ੍ਰਸ਼ਾਂਤ ਕਿਸ਼ੋਰ ਦੀ ਅਗਵਾਈ ਵਾਲੀ ਜਨ ਸੁਰਾਜ ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ 238 ਉਮੀਦਵਾਰ ਖੜ੍ਹੇ ਕੀਤੇ ਸਨ, ਜੋ ਸਭ ਹਾਰ ਗਏ ਅਤੇ 236 ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ। ਇਸ ਪਾਰਟੀ ਨੂੰ ਮਸਾਂ 3.5 ਪ੍ਰਤੀਸ਼ਤ ਵੋਟਾਂ ਹਾਸਲ ਹੋਈਆਂ। ਪ੍ਰਸ਼ਾਂਤ ਕਿਸ਼ੋਰ ਦਾ ਸਾਰੇ ਬਿਹਾਰ ਦਾ ਦੌਰਾ, ਭੂਤ ਵਿੱਚ ਸਨ 2014 ਵਿੱਚ ਸ੍ਰੀ ਨਰਿੰਦਰ ਮੋਦੀ ਅਤੇ ਦੇਸ਼ ਦੇ 12 ਮੁੱਖ ਮੰਤਰੀਆਂ ਦੇ ਚੋਣ ਰਣਨੀਤੀਕਾਰ ਦਾ ਵੱਡਾ ਤਜਰਬਾ ਕੋਈ ਜਲਵਾ ਨਾ ਦਿਖਾ ਸਕਿਆ।
3 ਅਗਸਤ, 2026 ਨੂੰ ਬਿਹਾਰ ਵਿੱਚ ਬਾਂਕੀਪੁਰ, ਮੱਧ ਪ੍ਰਦੇਸ਼ ਵਿੱਚ ਦਾਤੀਆ ਅਤੇ ਗੁਜਰਾਤ ਵਿੱਚ ਮੰਜ਼ਿਲਪੁਰ ਵਿਧਾਨ ਸਭਾ ਹਲਕਿਆਂ ਵਿੱਚ ਭਾਰਤੀ ਚੋਣ ਕਮਿਸ਼ਨ ਵੱਲੋਂ ਉਪ ਚੋਣਾਂ ਕਰਵਾਈਆਂ ਗਈਆਂ। ਗੁਜਰਾਤ ਦੇ ਮੰਜ਼ਿਲਪੁਰ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਦੇ ਉਮੀਦਵਾਰ ਸਤੀਸ਼ ਕੁਮਾਰ ਨੇ ਕਾਂਗਰਸ ਦੇ ਉਮੀਦਵਾਰ ਭਿਖਾ ਭਾਈ ਰਬਾਰੀ ਨੂੰ 30 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਮੱਧ ਪ੍ਰਦੇਸ਼ ਵਿੱਚ ਦਾਤੀਆ ਵਿਧਾਨ ਸਭਾ ਉਪਚੋਣ ਵਿੱਚ ਭਾਜਪਾ ਦੇ ਆਸ਼ੂਤੋਸ਼ ਤਿਵਾੜੀ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਕੁੰਵਰ ਘਨਸ਼ਾਮ ਸਿੰਘ ਨੇ 6016 ਵੋਟਾਂ ਨਾਲ ਹਰਾ ਦਿੱਤਾ। ਘਨਸ਼ਾਮ ਸਿੰਘ ਨੂੰ 66 ਹਜ਼ਾਰ 757 ਜਦਕਿ ਆਸ਼ੂਤੋਸ਼ ਤਿਵਾੜੀ ਨੂੰ 60 ਹਜ਼ਾਰ 741 ਵੋਟਾਂ ਪ੍ਰਾਪਤ ਹੋਈਆਂ। ਸਨ 2023 ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਜਿੰਦਰ ਭਾਰਤੀ ਨੇ ਭਾਜਪਾ ਦੀ ਸਰਕਾਰ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੂੰ ਹਰਾਇਆ ਸੀ। ਲੇਕਿਨ ਰਜਿੰਦਰ ਭਾਰਤੀ ਨੂੰ ਅਦਾਲਤ ਨੇ 28 ਸਾਲ ਤੋਂ ਚੱਲ ਰਹੇ ਇੱਕ ਬੈਂਕ ਫਰਾਡ ਦੇ ਕੇਸ ਵਿੱਚ ਦੋਸ਼ੀ ਠਹਿਰਾਉਂਦੇ ਤਿੰਨ ਸਾਲ ਦੀ ਕੈਦ ਸੁਣਾਈ, ਜਿਸ ਕਰਕੇ ਉਸ ਨੂੰ ਵਿਧਾਨ ਸਭਾ ਦੇ ਮੈਂਬਰ ਵਜੋਂ ਅਯੋਗ ਠਹਿਰਾਇਆ ਗਿਆ। ਇਸ ਵਜਾਹ ਕਰਕੇ ਇਹ ਉਪ ਚੋਣ ਕਰਵਾਈ ਗਈ ਸੀ। ਲੇਕਿਨ ਸਿਤਮ ਦੀ ਗੱਲ ਇਹ ਹੈ ਕਿ ਬਿਹਾਰ ਵਿੱਚ ਬਾਂਕੀਪੁਰ ਵਿਧਾਨ ਸਭਾ ਹਲਕੇ ਦੀ ਉਪ ਚੋਣ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਦੇ ਉਮੀਦਵਾਰ ਨੀਰਜ ਕੁਮਾਰ ਸਿਨਹਾ ਨੂੰ 19 ਹਜ਼ਾਰ 324 ਵੋਟਾਂ ਨਾਲ ਸ਼ਿਕਸਤ ਦੇ ਦਿੱਤੀ। ਪ੍ਰਸ਼ਾਂਤ ਕਿਸ਼ੋਰ ਨੇ 64 ਹਜ਼ਾਰ 151 ਵੋਟ ਪ੍ਰਾਪਤ ਕੀਤੇ ਜਦਕਿ ਭਾਜਪਾ ਦੇ ਉਮੀਦਵਾਰ ਨੀਰਜ ਕੁਮਾਰ ਸਿਨਹਾ ਨੇ 44 ਹਜ਼ਾਰ 827 ਵੋਟ ਪ੍ਰਾਪਤ ਕੀਤੇ। ਮਜ਼ੇ ਦੀ ਗੱਲ ਇਹ ਹੈ ਕਿ ਅਜੇ ਨਵੰਬਰ, 2025 ਨੂੰ ਹੋਈਆਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਇਸ ਸੀਟ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਨ ਨਾਬੀਨ ਨੇ 51 ਹਜ਼ਾਰ 936 ਦੇ ਫਰਕ ਨਾਲ ਜਿੱਤਿਆ ਸੀ। ਇਹ ਸੀਟ ਸਨ 1995 ਤੋਂ ਹੀ ਭਾਜਪਾ ਦਾ ਗੜ੍ਹ ਰਹੀ ਹੈ। ਚਾਰ ਵਾਰ ਇਸ ਸੀਟ ਤੋਂ ਨਿਤਨ ਨਬੀਨ ਦੇ ਪਿਤਾ ਅਤੇ ਸੰਨ 2010 ਤੋਂ ਉਹ ਖੁਦ ਪੰਜ ਵਾਰੀ ਜੇਤੂ ਰਹੇ।
ਦਾਅਵਾ:
ਬਿਹਾਰ ਵਿੱਚ ਬਾਂਕੀਪੁਰ ਸੀਟ ਤੋਂ ਭਾਜਪਾ ਨੂੰ ਜਿੱਤਣ ਦੀ 100 ਪ੍ਰਤੀਸ਼ਤ ਉਮੀਦ ਸੀ। ਇਹ ਸੀਟ ਨਿਤਨ ਨਾਬੀਨ ਨੂੰ ਰਾਸ਼ਟਰੀ ਪ੍ਰਧਾਨ ਬਣਾਏ ਜਾਣ ਕਰਕੇ ਖਾਲੀ ਹੋਈ ਸੀ। ਸੋ ਵਿਸ਼ਵ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਦੇ ਪ੍ਰਧਾਨ ਦੀ ਸੀਟ ਕਿਵੇਂ ਹਾਰੀ ਜਾ ਸਕਦੀ ਸੀ? ਜਿਸ ਪਾਰਟੀ ਦਾ ਦਿਓਕਦ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਵੇ ਅਤੇ ਮੋਰੀਆ ਕਾਲ ਦੇ ਪ੍ਰਸਿੱਧ ਅਰਥ ਸ਼ਾਸਤਰੀ ਚਾਣਕੀਯ ਵਾਗੂੰ ਜਾਣਿਆ ਜਾਂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਵੇ, ਰਾਜ ਵਿੱਚ ਬਹੁਬਲੀ ਰਾਜਨੀਤੀਵਾਨ ਸਮਰਾਟ ਚੌਧਰੀ ਮੁੱਖ ਮੰਤਰੀ ਹੋਵੇ ਉਸਦਾ ਉਮੀਦਵਾਰ ਕਿਵੇਂ ਹਾਰ ਸਕਦਾ ਸੀ?
ਹੈਰਾਨੀ ਦੀ ਗੱਲ ਇਹ ਹੈ ਕਿ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਮੂੰਹ ਫੱਟ ਬਿਆਨਬਾਜ਼ੀ ਕਰਦਿਆਂ ਐਲਾਨ ਕੀਤਾ ਸੀ ਕਿ ਬਾਂਕੀਪੁਰ ਸੀਟ ਤੋਂ ਜੇ ਭਾਜਪਾ ਕਿਸੇ ਕੁੱਤੇ-ਬਿੱਲੇ ਨੂੰ ਵੀ ਟਿਕਟ ਦੇ ਦੇਵੇ ਤਾਂ ਉਹ ਜਿੱਤ ਜਾਵੇਗਾ। ਭਾਵੇਂ ਉਹ ਬਾਅਦ ਵਿੱਚ ਇਸ ਬਿਆਨ ਤੋਂ ਮੁੱਕਰ ਗਏ ਸਨ। ਪਰ ਅਜਿਹੇ ਦਾਅਵੇ ਤੋਂ ਸਪਸ਼ਟ ਹੁੰਦਾ ਹੈ ਕਿ ਭਾਜਪਾ ਨੂੰ ਇਸ ਸੀਟ ’ਤੇ ਜਿੱਤ ਦਾ ਪੂਰਾ ਵਿਸ਼ਵਾਸ ਸੀ। ਲੇਕਿਨ ਹੋਇਆ ਇਹ, “ਜਿਨ ਸਫੀਨੋ ਨੇ ਕਬੀ ਤੋੜਾ ਥਾ ਮੌਜੋਂ ਕਾ ਗਰੂਰ, ਉਸ ਜਗ੍ਹਾ ਡੂਬੇ ਜਹਾਂ ਦਰਿਆ ਮੇ ਤੁਗਿਆਨੀ ਨਾ ਥੀ।”
ਸੰਪੂਰਨ ਜਿੱਤ:
ਇਸ ਹਲਕੇ ਦੇ ਹਰ ਵਰਗ, ਹਰ ਜਾਤ, ਹਰ ਮਜ਼ਹਬ ਅਤੇ ਹਰ ਉਮਰ ਦੇ ਲੋਕਾਂ ਨੇ ਭਾਜਪਾ ਤੋਂ ਮੂੰਹ ਮੋੜ ਲਿਆ ਅਤੇ ਦਲੇਰੀ ਨਾਲ ਪ੍ਰਸ਼ਾਂਤ ਕਿਸ਼ੋਰ ਨੂੰ ਵੋਟਾਂ ਪਾਈਆਂ ਹਨ। ਹਲਕੇ ਦੇ ਬ੍ਰਾਹਮਣ, ਕੁਰਮੀ, ਵੈਸ਼ ਅਤੇ ਦਲਿਤਾਂ ਨੇ ਉਸਦਾ ਸਾਥ ਦਿੱਤਾ ਹਾਲਾਂਕਿ ਉਨ੍ਹਾਂ ਨੂੰ ਇਹ ਪਤਾ ਸੀ ਕਿ ਇੱਕ ਵਿਅਕਤੀ ਦੇ ਜਿੱਤਣ ਨਾਲ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੂੰ ਰਾਜ ਵਿੱਚ ਕੋਈ ਫਰਕ ਨਹੀਂ ਪੈਣ ਵਾਲਾ। ਲੇਕਿਨ ਬਾਂਕੀਪੁਰ ਦੇ ਲੋਕ ਕੇਂਦਰ ਅਤੇ ਰਾਜ ਵਿੱਚ ਏਕਾਧਿਕਾਰਵਾਦੀ ਭਾਜਪਾ ਸ਼ਾਸਕਾਂ ਨੂੰ ਇੱਕ ਰਾਜਨੀਤਿਕ ਝਟਕਾ ਦੇਣ ਦਾ ਮਨ ਬਣਾਈ ਬੈਠੇ ਸਨ। ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਉਹ ਭਾਜਪਾ ਦੇ ਬੰਧੂਆ ਵੋਟਰ ਨਹੀਂ ਹਨ। ਉਨ੍ਹਾਂ ਦਰਸਾ ਦਿੱਤਾ ਕਿ ਹੁਣ ਭਾਜਪਾ ਦੇ ਖੌਫਨਾਕਵਾਦੀ ਰਾਜਨੀਤੀ ਦੇ ਦਿਨ ਲੱਦ ਚੁੱਕੇ ਹਨ। ਹੁਣ ਇਹ ਨਹੀਂ ਹੋਵੇਗਾ ਕਿ ਭਾਜਪਾ ਜਿਸ ਮਰਜ਼ੀ ਐਰੇ ਗੈਰੇ ਨੱਥੂ ਖੈਰੇ ਨੂੰ ਚੋਣ ਮੈਦਾਨ ਵਿੱਚ ਉਤਾਰ ਦੇਵੇ ਅਤੇ ਉਹ ਜਿੱਤ ਜਾਵੇਗਾ। ਹਾਲਤ ਇਹ ਸੀ ਕਿ ਭਾਜਪਾ ਦੇ ਉਮੀਦਵਾਰ ਨੂੰ ਜਦੋਂ ਇਹ ਸਵਾਲ ਪੁੱਛਿਆ ਕਿ ਉਨ੍ਹਾਂ ਦੀ ਲੜਾਈ ਕਿਸ ਨਾਲ ਹੈ ਤਾਂ ਉਹ ਕੋਈ ਜਵਾਬ ਨਾ ਦੇ ਸਕਿਆ।
ਸਹੀ ਫੈਸਲਾ:
ਜਨ ਸੁਰਾਜ ਪਾਰਟੀ ਸੁਪਰੀਮੋ ਪ੍ਰਸ਼ਾਂਤ ਕਿਸ਼ੋਰ ਅਜੇ ਤਕ ਖੁਦ ਚੋਣ ਮੈਦਾਨ ਵਿੱਚ ਨਹੀਂ ਸੀ ਉੱਤਰਿਆ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਬਾਅਦ ਉਸਨੇ ਨਿਸ਼ਚਾ ਕੀਤਾ ਕਿ ਜਿੰਨਾ ਚਿਰ ਕਿਸੇ ਫੌਜ ਦਾ ਜਰਨੈਲ ਰਣ ਤੱਤੇ ਵਿੱਚ ਨਾ ਉੱਤਰੇ, ਫੌਜਾਂ ਦਾ ਜਿੱਤਣਾ ਸੰਭਵ ਨਹੀਂ ਹੁੰਦਾ। ਇਸ ਲਈ ਉਸਨੇ ਬਾਂਕੀਪੁਰ ਉਪ ਚੋਣ ਲੜਨ ਦਾ ਫੈਸਲਾ ਕੀਤਾ ਅਤੇ ਬਿਹਾਰ ਵਿਧਾਨ ਸਭਾ ਵਿੱਚ ਰਾਜ ਦੇ ਲੋਕਾਂ ਦੇ ਅਸਲ ਮੁੱਦੇ, ਮਸਲੇ ਅਤੇ ਸਮੱਸਿਆਵਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਲਈ ਅੱਗੇ ਆਉਣ ਦਾ ਫੈਸਲਾ ਕੀਤਾ। ਉਸਦਾ ਇਹ ਫੈਸਲਾ ਸਮੇਂ, ਕਾਲ ਅਤੇ ਰਾਜਨੀਤਕ ਤੌਰ ’ਤੇ ਸਹੀ ਸਾਬਤ ਹੋਇਆ।
ਚੋਣ ਏਜੰਡਾ:
ਪ੍ਰਸ਼ਾਂਤ ਕਿਸ਼ੋਰ ਨੇ ਕਰੀਬ ਇੱਕ ਸਾਲ ਪੂਰੇ ਬਿਹਾਰ ਦਾ ਦੌਰਾ ਕਰਕੇ ਇਸ ਰਾਜ ਦੀਆਂ ਸਮੱਸਿਆਵਾਂ ਦੀ ਜੜ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਬੈਲਗਾੜੀ ਚਲਾਉਣ ਵਾਲੇ ਪਿਤਾ ਦਾ ਪੁੱਤਰ, ਜੋ ਪਿੰਡ ਦੇ ਸਕੂਲ ਤੋਂ ਪੜ੍ਹ ਕੇ ਵਿਦੇਸ਼ ਤੋਂ ਡਿਗਰੀ ਲੈ ਕੇ ਵਾਪਸ ਆਇਆ ਸੀ, ਨੇ ਆਪਣੀ ਵਿਦਵਤਾ ਰਾਹੀਂ ਬਿਹਾਰ ਦੀ ਅਜੋਕੀ ਦੁਰਦਸ਼ਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਉਸਨੇ ਬਿਹਾਰ ਦੀ ਤਕਦੀਰ ਬਦਲਣ ਲਈ 1. ਸਿੱਖਿਆ 2. ਸਿਹਤ 3. ਰੁਜ਼ਗਾਰ 4. ਗੁਰਬਤ ਸੰਬੰਧੀ ਏਜੰਡਾ ਲੋਕਾਂ ਸਾਹਮਣੇ ਰੱਖਿਆ। ਉਸਨੇ ਵਾਅਦਾ ਕੀਤਾ ਕਿ ਉਹ ਉੰਨਾ ਚਿਰ ਚੈਨ ਨਾਲ ਨਹੀਂ ਬੈਠੇਗਾ ਜਿੰਨਾ ਚਿਰ ਉਹ ਇੱਕ ਅਜਿਹਾ ਖੁਸ਼ਹਾਲ ਬਿਹਾਰ ਨਹੀਂ ਸਿਰਜ ਲੈਂਦਾ ਜਿੱਥੇ ਹਰਿਆਣਾ, ਪੰਜਾਬ, ਮੁੰਬਈ ਆਦਿ ਦੇ ਲੋਕ ਕੰਮ ਕਰਨ ਲਈ ਆਉਣ ਦੀ ਚੇਸ਼ਟਾ ਰੱਖਣ। ਉਹ ਬਿਹਾਰ ਨੂੰ ਜਾਤੀਵਾਦ ਦੀ ਜਿੱਲ੍ਹਣ ਭਰੀ ਰਾਜਨੀਤੀ ਵਿੱਚੋਂ ਬਾਹਰ ਕੱਢਣਾ ਚਾਹੁੰਦਾ ਹੈ।
ਵਿਡੰਬਨਾ:
ਇਸ ਚੋਣ ਦੀ ਵਿਡੰਬਨਾ ਇਹ ਵੀ ਰਹੀ ਕਿ ਇਸ ਵਿੱਚੋਂ ਜਨਤਾ ਦਲ ਯੂ ਦੇ ਸਾਬਕਾ ਮੁੱਖ ਮੰਤਰੀ ਨਤੀਸ਼ ਕੁਮਾਰ ਅਤੇ ਆਰਜੇ ਡੀ ਆਗੂ ਤੇਜਸਵੀ ਯਾਦਵ ਗਾਇਬ ਰਹੇ। ਆਰਜੇ ਡੀ ਆਗੂ ਤੇਜਸਵੀ ਯਾਦਵ ਨੇ ਇਹ ਚੋਣ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਥਿਆਰ ਸੁੱਟ ਦਿੱਤੇ ਸਨ। ਬਿਹਾਰ ਦੇ ਲੋਕਾਂ ਨੂੰ ਹੁਣ ਲਾਲੂ ਕਨਬੇ ਦੀ ਥਾਂ ਪ੍ਰਸ਼ਾਂਤ ਕਿਸ਼ੋਰ ਵਰਗਾ ਦੂਰ ਅੰਦੇਸ਼ ਅਤੇ ਦਮਦਾਰ ਆਗੂ ਮਿਲ ਗਿਆ ਹੈ। ਜਿਵੇਂ 1994 ਵਿੱਚ ਰਾਜ ਵਿੱਚ ਸਮਤਾ ਪਾਰਟੀ ਜਾਰਜ ਫਰਨਾਡਿਸ ਅਤੇ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਤੀਸਰੀ ਸ਼ਕਤੀ ਵਜੋਂ ਉੱਭਰੀ ਸੀ, ਕੁਝ ਅਜਿਹਾ ਹੀ ਇਨਕਲਾਬ ਪ੍ਰਸ਼ਾਂਤ ਕਿਸ਼ੋਰ ਦੀ ਅਗਵਾਈ ਵਿੱਚ ਆਉਣ ਵਾਲਾ ਲਗਦਾ ਹੈ।
ਬਦਲਾਅ ਦੇ ਸੰਕੇਤ:
ਅਪਰੇਸ਼ਨ ਸੰਧੂਰ, ਰਾਮ ਮੰਦਰ ਚੋਰੀ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਪ੍ਰਧਾਨ ਮੰਤਰੀ ਮੋਦੀ ਨੂੰ ਬਾਰ ਬਾਰ ਡਿਕਟੇਸ਼ਨਾਂ, ਖੇਤੀ ਸੈਕਟਰ ਵਿੱਚ ਅਮਰੀਕੀ ਘੁਸਪੈਠ, ਡਾਲਰ ਮੁਕਾਬਲੇ ਭਾਰਤੀ ਰੁਪਏ ਦਾ ਗਿਰਨਾ, ਨੀਟ ਪੇਪਰ ਲੀਕ, ਕਾਕਰੋਚ ਜਨਤਾ ਪਾਰਟੀ ਅੰਦੋਲਨ ਕਰਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਅਤੇ ਜੈਨ ਜ਼ੈੱਡ ਅੰਦੋਲਨਕਾਰੀਆਂ ਉੱਤੇ ਅਣਮਨੁੱਖੀ ਪੁਲਿਸ ਤਸ਼ੱਦਦ ਨੇ ਮੋਦੀ ਅਤੇ ਰਾਜ ਭਾਜਪਾ ਸਰਕਾਰਾਂ ਦੀ ਸ਼ਵ੍ਹੀ ਨੂੰ ਵੱਡੀ ਠੇਸ ਪਹੁੰਚਾਈ ਹੈ। ਅਜਿਹੀ ਸਥਿਤੀ ਵਿੱਚ ਦੇਸ਼ ਦੀ ਨਿਆਂਪਾਲਿਕਾ ਅਤੇ ਮੀਡੀਆ ਨੇ ਦੇਸ਼ ਅਤੇ ਲੋਕਾਂ ਪ੍ਰਤੀ ਆਪੋ ਆਪਣੀ ਜ਼ਿੰਮੇਵਾਰੀ ਨੂੰ ਪਛਾਣਦਿਆ ਮੁੜ ਬੇਖੌਫ ਖੜ੍ਹੇ ਹੋਣ ਦਾ ਨਿਸ਼ਚਾ ਕੀਤਾ ਹੈ। ਇਹ ਬਹੁਤ ਵੱਡੀ ਤਬਦੀਲੀ ਦਾ ਸੰਕੇਤ ਹੈ। ਭਾਵੇਂ ਪ੍ਰਸ਼ਾਂਤ ਕਿਸ਼ੋਰ ਦੀ ਜਿੱਤ ਨਾਲ ਹਾਲ ਦੀ ਘੜੀ ਕੋਈ ਵੱਡਾ ਫਰਕ ਨਹੀਂ ਪੈਣ ਵਾਲਾ ਪਰ ਸਮਝਿਆ ਜਾ ਰਿਹਾ ਹੈ ਕਿ ਇਸ ਵਿੱਚ ਬਿਹਾਰ ਦਾ ਮੁੱਖ ਮੰਤਰੀ, ਭਾਜਪਾ ਰਾਸ਼ਟਰੀ ਪ੍ਰਧਾਨ, ਭਾਜਪਾ ਰਾਜਨੀਤੀ ਦਾ ਚਾਣਕੀਯ ਅਤੇ ਸਰਵਉੱਚ ਆਗੂ ਹਾਰਿਆ ਹੈ। ਸੋ ਭਵਿੱਖ ਵਿੱਚ ਰਾਜਨੀਤਿਕ ਤਬਦੀਲੀ ਦਾ ਸਪਸ਼ਟ ਸੰਦੇਸ਼ ਦਿਖਾਈ ਦੇ ਰਿਹਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































