“ਇਨ੍ਹਾਂ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਭਾਰਤੀ ਰਾਜਨੀਤੀ ਵਿੱਚ ਭਵਿੱਖੀ ਤਬਦੀਲੀ ਲਈ ...”
(11 ਅਪਰੈਲ 2026)
ਭਾਰਤ ਦੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਵਿੱਚ ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ, ਅਸਾਮ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪੁੱਡੀਚੇਰੀ ਸ਼ਾਮਲ ਹਨ। ਇਹ ਚੋਣਾਂ ਇਸ ਗਲੋਬ ’ਤੇ ਅਮਰੀਕਾ-ਇਸਰਾਈਲ ਵੱਲੋਂ ਇਰਾਨ ਤੇ ਕੀਤੇ ਜਾ ਰਹੇ ਹਮਲਿਆਂ ਤੋਂ ਉਤਪੰਨ ਭਿਆਨਕ ਯੁੱਧ, ਤੇਲ-ਗੈਸ ਦੀ ਕਿੱਲਤ ਅਤੇ ਵਿਸ਼ਵ ਪੱਧਰ ’ਤੇ ਬਦਲਦੇ ਜੀਉ ਪੋਲੀਟੀਕਲ ਮੰਜ਼ਰ ਵਿੱਚ ਹੋ ਰਹੀਆਂ ਹਨ। ਇਹ ਚੋਣਾਂ ਨੌਂ ਅਪਰੈਲ ਤੋਂ 29 ਅਪਰੈਲ ਦਰਮਿਆਨ ਸੰਪੰਨ ਹੋਣਗੀਆਂ। ਚਾਰ ਮਈ ਨੂੰ ਨਤੀਜੇ ਐਲਾਨੇ ਜਾਣਗੇ।
ਅਤੀ ਮਹੱਤਵਪੂਰਨ:
ਤਿੰਨ ਰਾਜਾਂ ਜਿਵੇਂ ਕਿ ਪੱਛਮੀ ਬੰਗਾਲ, ਕੇਰਲ ਅਤੇ ਤਾਮਿਲਨਾਡੂ ਵਿੱਚ ਸੱਤਾਧਾਰੀ ਆਗੂ ਅਤੇ ਗੱਠਜੋੜ ਇਸ ਗੱਲ ’ਤੇ ਪੂਰਾ ਜ਼ੋਰ ਲਾ ਰਹੇ ਹਨ ਕਿ ਇਨ੍ਹਾਂ ਰਾਜਾਂ ਵਿੱਚ ਭਾਜਪਾ ਅਤੇ ਇਸਦੀ ਪਿੱਠ ਭੂਮੀ ’ਤੇ ਖੜ੍ਹੇ ਤਾਕਤਵਰ ਭਗਵਾ ਬ੍ਰਿਗੇਡ ਨੂੰ ਦਾਖਲ ਨਾ ਹੋਣ ਦਿੱਤਾ ਜਾਵੇ। ਦੂਸਰੇ ਪਾਸੇ ਕੇਂਦਰ ਅੰਦਰ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਦੀ ਐੱਨਡੀਏ ਸਰਕਾਰ ਡਬਲ ਇੰਜਨ ਸਰਕਾਰਾਂ ਅਤੇ ਰਾਸ਼ਟਰੀ ਭਗਵਾਂਕਰਨ ਦੀ ਨੀਤੀ ਹੇਤ ਰਾਸ਼ਟਰੀ ਚੋਣ ਕਮਿਸ਼ਨ ਅਤੇ ਦੂਸਰੀਆਂ ਤਾਕਤਵਰ ਕੇਂਦਰੀ ਏਜੰਸੀਆਂ ਰਾਹੀਂ ਇਨ੍ਹਾਂ ਰਾਜਾਂ ਵਿੱਚ ਸੱਤਾ ਤਬਦੀਲੀ ਲਈ ਹਰ ਮੁਮਕਿਨ ਹੱਥਕੰਡੇ ਵਰਤ ਰਹੀ ਹੈ। ਪੱਛਮੀ ਬੰਗਾਲ ਵਿੱਚ ਪਿਛਲੇ 15 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਅਤੇ ਇਸਦੇ ਭਗਵਾ ਬ੍ਰਿਗੇਡ ਨੂੰ ਰਾਜ ਵਿੱਚ ਸੱਤਾ ਤੋਂ ਦੂਰ ਰੱਖਣ ਲਈ ਤ੍ਰਿਣਾਮੂਲ ਕਾਂਗਰਸ (ਟੀ ਐੱਮਸੀ) ਸੁਪਰੀਮੋ ਕੁਮਾਰੀ ਮਮਤਾ ਬੈਨਰਜੀ ਇੱਕ ਲੋਹ ਪੁਰਖ ਵਿਰਾਗਣਾ ਵਜੋਂ ਡਟੀ ਹੋਈ ਹੈ।
ਤਾਮਿਲਨਾਡੂ ਵਿੱਚ ਡੀਐੱਮ ਕੇ ਅਧਾਰਤ ਐੱਮ ਕੇ ਸਟਾਲਨ ਦੀ ਅਗਵਾਈ ਵਾਲਾ ਸੈਕੂਲਰ ਪ੍ਰਗਤੀਸ਼ੀਲ ਗੱਠਜੋੜ ਕਿਸੇ ਵੀ ਤਰ੍ਹਾਂ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੂੰ ਰਾਜ ਵਿੱਚ ਘੁਸਣ ਨਹੀਂ ਦੇਣਾ ਚਾਹੁੰਦਾ ਜੋ ਰਾਜ ਵਿੱਚ ਦੂਸਰੀ ਵਾਰ ਸੱਤਾ ਵਿੱਚ ਕਾਬਜ਼ ਰਹਿਣ ਲਈ ਚੋਣ ਮੈਦਾਨ ਵਿੱਚ ਡਟਿਆ ਪਿਆ ਹੈ। ਇਵੇਂ ਹੀ ਕੇਰਲ ਅੰਦਰ ਪਿਛਲੇ 10 ਸਾਲ ਤੋਂ ਸੀਪੀਐੱਮ ਆਗੂ ਪਿਨਰਾਈ ਵਿਜਿਨ ਦੀ ਅਗਵਾਈ ਵਿੱਚ ਸੱਤਾ ਵਿੱਚ ਚੱਲ ਰਹੀ ਖੱਬਾ ਲੋਕਤੰਤਰੀ ਮੋਰਚਾ ਸਰਕਾਰ ਭਾਜਪਾ ਅਤੇ ਉਸਦੇ ਭਗਵਾ ਬ੍ਰਿਗੇਡ ਨੂੰ ਦਾਖਲ ਨਹੀਂ ਹੋਣ ਦੇਣਾ ਚਾਹੁੰਦੀ। ਅਸਾਮ ਵਿੱਚ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਦੀ ਭਾਜਪਾ ਦੀ ਅਗਵਾਈ ਵਾਲਾ ਗੱਠਜੋੜ ਸੱਤਾ ਵਿੱਚ ਹੈ ਅਤੇ ਉਹ ਮੁੜ ਹਰ ਹਾਲਤ ਵਿੱਚ ਸੱਤਾ ਪ੍ਰਾਪਤੀ ਲਈ ਯਤਨਸ਼ੀਲ ਹੈ। ਮੁੱਖ ਮੰਤਰੀ ਇੱਕ ਪਾਸੇ ਰਾਜ ਵਿੱਚ ਫਿਰ ਜ਼ਹਿਰ ਉਗਲ ਰਿਹਾ ਹੈ ਅਤੇ ਦੂਸਰੇ ਪਾਸੇ ਬੰਗਲਾਦੇਸ਼ ਅੰਦਰ ਹੋਏ ਰਾਜ ਪਲਟੇ ਨੂੰ ਚੋਣਾਂ ਖਾਤਰ ਅਗਨ ਯੰਤਰ ਵਜੋਂ ਵਰਤ ਰਿਹਾ ਹੈ। ਭਾਜਪਾ ਹਰ ਹਾਲਤ ਵਿੱਚ ਸੱਤਾ ਵਿੱਚ ਬਣੀ ਰਹਿਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।
ਕੇਂਦਰੀ ਸ਼ਾਸਿਤ ਪ੍ਰਦੇਸ਼ ਪੁਡੂਚਿਰੀ ਵਿੱਚ ਸੱਤਾਧਾਰੀ ਐੱਨਡੀਏ ਗੱਠਜੋੜ ਏ ਆਈ ਐੱਨ ਆਰ ਕਾਂਗਰਸ ਆਗੂ ਮੁੱਖ ਮੰਤਰੀ ਐੱਨ ਰੰਗਾ ਸੁਆਮੀ ਦੀ ਅਗਵਾਈ ਵਿੱਚ ਸੱਤਾ ਬਰਕਰਾਰ ਰੱਖਣ ਲਈ ਹਰ ਤਰ੍ਹਾਂ ਜ਼ੋਰ ਅਜ਼ਮਾਈ ਕਰ ਰਿਹਾ ਹੈ।
ਪੱਛਮੀ ਬੰਗਾਲ:
ਪੱਛਮੀ ਬੰਗਾਲ ਵਿਧਾਨ ਸਭਾ 294 ਮੈਂਬਰਾਂ ’ਤੇ ਅਧਾਰਤ ਹੈ। ਰਾਜ ਦੇ 6.44 ਕਰੋੜ ਅਤੇ ਸਪਲੀਮੈਂਟਰੀ ਸੂਚੀ ਵਿੱਚ ਦਰਜ ਵੋਟਰ ਦੋ ਪੜਾਵਾਂ ਵਿੱਚ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰਦਿਆਂ ਰਾਜ ਵਿੱਚ ਅਗਲੀ ਸਰਕਾਰ ਲਈ ਫਤਵਾ ਦੇਣਗੇ। ਪਹਿਲੇ ਪੜਾਅ ਵਿੱਚ 152 ਹਲਕਿਆਂ ਵਿੱਚ 23 ਅਪਰੈਲ ਅਤੇ ਦੂਜੇ ਪੜਾਅ ਵਿੱਚ 142 ਹਲਕਿਆਂ ਵਿੱਚ 29 ਅਪਰੈਲ ਨੂੰ ਵੋਟਿੰਗ ਹੋਵੇਗੀ।
ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਭਾਜਪਾ ਅਤੇ ਇਸਦੇ ਭਗਵਾ ਬ੍ਰਿਗੇਡ ਨੂੰ ਰਾਜ ਵਿੱਚ ਦਾਖਲ ਹੋਣ ਤੋਂ ਰੋਕਣ ਲਈ ‘ਕਰੋ ਜਾਂ ਮਰੋ’ ਰਣਨੀਤੀ ਤਹਿਤ ਲੜਾਈ ਲੜ ਰਹੀ ਹੈ। ਉਸਨੇ ਇਨ੍ਹਾਂ ਚੋਣਾਂ ਵਿੱਚ ਮੁੱਖ ਮੁੱਦਾ ਐੱਸਆਈਆਰ ਨੂੰ ਬਣਾਇਆ ਹੋਇਆ ਹੈ। ਕੇਂਦਰ ਸਰਕਾਰ ਨੇ ਚੋਣ ਕਮਿਸ਼ਨ ਰਾਹੀਂ ਸਨ 2024 ਦੀਆਂ ਲੋਕ ਸਭਾ ਚੋਣਾਂ ਵੇਲੇ ਜਿਨ੍ਹਾਂ 89 ਸੀਟਾਂ ’ਤੇ ਟੀਐੱਮਸੀ ਨੇ 10 ਹਜ਼ਾਰ ਵੋਟਾਂ ਨਾਲ ਲੀਡ ਲਈ ਸੀ, ਉਹਨਾਂ ਵਿੱਚੋਂ ਬੇਨਾਮੀ ਅਤੇ ਘੁਸਪੈਠੀਏ ਵੋਟਰਾਂ ਦੇ ਨਾਮ ਹਟਾ ਦਿੱਤੇ ਹਨ। ਇਨ੍ਹਾਂ ਵਿੱਚੋਂ 6.17 ਲੱਖ ’ਤੇ ਲੀਕ ਫਿਰ ਚੁੱਕੀ ਹੈ ਅਤੇ 6 ਲੱਖ ਫੈਸਲੇ ਅਧੀਨ ਹਨ। ਮਿਸਾਲ ਵਜੋਂ ਸਨ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਵਾਨੀਪੁਰ ਸੀਟ ਮੁੱਖ ਮੰਤਰੀ ਮਮਤਾ ਬੈਨਰਜੀ ਨੇ 58832 ਵੋਟਾਂ ਨਾਲ ਜਿੱਤੀ ਸੀ ਪਰ ਲੋਕ ਸਭਾ ਚੋਣਾਂ ਵਿੱਚ ਫਰਕ 8291 ਵੋਟਾਂ ਦਾ ਰਹਿ ਗਿਆ ਸੀ। ਐੱਸਆਈਆਰ ਤਹਿਤ ਇਸ ਹਲਕੇ ਵਿੱਚੋਂ 47 ਹਜ਼ਾਰ ਵੋਟਾਂ ਕੱਟੀਆਂ ਜਾ ਚੁੱਕੀਆਂ ਹਨ ਅਤੇ 14000 ਕੇਸ ਅਦਾਲਤ ਦੇ ਵਿਚਾਰ ਅਧੀਨ ਹਨ। ਅਜਿਹੀ ਪ੍ਰਕਿਰਿਆ ਹੀ ਦੂਸਰੇ ਹਲਕਿਆਂ ਵਿੱਚ ਚੱਲ ਰਹੀ ਹੈ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਮਮਤਾ ਸਰਕਾਰ ਅਤੇ ਸਕੂਲ ਸੇਵਾ ਕਮਿਸ਼ਨ ਸਕੈਮ, ਰਾਸ਼ਨ ਸਕੈਮ ਅਤੇ ਐੱਮਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਅਗਸਤ 2024 ਵਿੱਚ ਮੈਡੀਕਲ ਵਿਦਿਆਰਥਨ ਦੇ ਰੇਪ ਅਤੇ ਕਤਲ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾ ਰਹੀ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਰਾਜ ਦੌਰੇ ਦੌਰਾਨ ਅਮਨ ਕਾਨੂੰਨ, ਸਰਕਾਰੀ ਫੰਡਾਂ ਦੀ ਵਰਤੋਂ ਅਤੇ ਕੇਂਦਰੀ ਵਿਕਾਸ ਪ੍ਰੋਜੈਕਟਾਂ ਦੀ ਅਣਦੇਖੀ ਦੇ ਮੁੱਦੇ ਉਠਾਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੱਖ ਮੰਤਰੀ ਤੇ “ਵਿਕਟਮ ਕਾਰਡ” ਖੇਡਣ ਅਤੇ ਰਾਜ ਨੂੰ ਘੁਸਪੈਠੀਆਂ ਦਾ ‘ਮੁੱਖ ਲਾਂਘਾ’ ਬਣਾਉਣ ਦਾ ਦੋਸ਼ ਲਾਇਆ। ਭਾਜਪਾ ਰਾਸ਼ਟਰੀ ਬੁਲਾਰਾ ਤੋਹਨ ਸਿਨਹਾ ਨੇ ਪ੍ਰਸ਼ਾਸਨਿਕ ਕੁਪ੍ਰਬੰਧ ਅਤੇ 20 ਲੱਖ ਕਰਮਚਾਰੀਆਂ ਨੂੰ ਡੀ ਏ ਭੱਤੇ ਤੋਂ ਵੰਚਤ ਰੱਖਣ ਦਾ ਮੁੱਦਾ ਉਠਾਇਆ। ਟੀਐੱਮਸੀ ਤੋਂ ਵੱਖ ਹੋਇਆ ਬਾਹੂਬਲੀ ਹਮਾਯੂ ਕਬੀਰ “ਜਨਤਾ ਉਨਾਯਨ ਪਾਰਟੀ” ਖੜ੍ਹੀ ਕਰਕੇ ਬੇਲਡਾਂਗਾ, ਜ਼ਿਲ੍ਹਾ ਮੁਰਸ਼ਦਾਬਾਦ ਵਿੱਚ ਬਾਬਰੀ ਮਸਜਿਦ ਉਸਾਰਨ ਦਾ ਮੁੱਦਾ ਭੜਕਾ ਰਿਹਾ ਹੈ।
ਟੀਐੱਮਸੀ ਆਗੂ ਮਹੂਆ ਮਿੱਤਰਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੋਦੀ ਸਰਕਾਰ ’ਤੇ ਜਬਰਦਸਤ ਹਮਲਾ ਕਰਦੇ ਕਿਹਾ ਕਿ ਤਖਤ ’ਤੇ ਬੈਠ ਕੇ ਕੋਈ ਬਾਦਸ਼ਾਹ ਨਹੀਂ ਬਣ ਜਾਂਦਾ ਬਲਕਿ ਉਹ ਰਾਜ ਸਰਕਸ ਬਣ ਜਾਂਦਾ ਹੈ।
ਸਨ 2001 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਟੀਐੱਮਸੀ ਨੇ 48 ਪ੍ਰਤੀਸ਼ਤ ਵੋਟਾਂ ਨਾਲ 215 ਸੀਟਾਂ, ਭਾਜਪਾ ਨੇ 38 ਪ੍ਰਤੀਸ਼ਤ ਵੋਟਾਂ ਨਾਲ 77 ਸੀਟਾਂ ਪ੍ਰਾਪਤ ਕੀਤੀਆਂ ਸਨ। ਸਾਂਝਾ ਮੋਰਚਾ ਸਿਰਫ 10 ਪ੍ਰਤੀਸ਼ਤ ਵੋਟਾਂ ਲੈ ਕੇ ਇੱਕ ਸੀਟ ਤਕ ਸੀਮਿਤ ਰਿਹਾ। ਲੋਕ ਸਭਾ ਚੋਣਾਂ 2024 ਵਿੱਚ ਟੀਐੱਮਸੀ ਨੇ 46% ਵੋਟਾਂ ਨਾਲ 29, ਭਾਜਪਾ ਨੇ 39 ਪ੍ਰਤੀਸ਼ਤ ਵੋਟਾਂ ਨਾਲ 12 ਅਤੇ ਖੱਬੇ ਮੋਰਚੇ ਨੇ 11% ਵੋਟਾਂ ਨਾਲ ਸਿਰਫ ਇੱਕ ਸੀਟ ਪ੍ਰਾਪਤ ਕੀਤੀ ਸੀ। ਰਾਜ ਵਿੱਚ ਵਿਧਾਨ ਸਭਾ ਚੋਣਾਂ “ਬੰਗਾਲੀ ਅਸਮਿਤਾ ਅਤੇ ਹਿੰਦੂ ਪਰਿਚੇ” ਵਿਚਾਰਧਾਰਕ ਟਕਰਾ ਬਣ ਚੁੱਕੀਆਂ ਹਨ।
ਕੇਰਲ:
ਦੇਖਣ ਨੂੰ ਤਾਂ ਇਵੇਂ ਲਗਦਾ ਹੈ ਜਿਵੇਂ ਕੇਰਲ ਅੰਦਰ ਸੱਤਾਧਾਰੀ ਖੱਬੇ ਲੋਕਤੰਤਰੀ ਮੋਰਚੇ ਵਿਰੁੱਧ ਲਹਿਰ ਜ਼ੋਰ ਪਕੜਦੀ ਹੋਵੇ ਅਤੇ ਸਾਂਝੇ ਲੋਕਤੰਤਰੀ ਮੋਰਚੇ ਦੇ ਹੱਕ ਵਿੱਚ ਹਵਾ ਚਲਦੀ ਹੋਵੇ। ਪਿਛਲੇ 10 ਸਾਲ ਖੱਬੇ ਮੋਰਚੇ ਦੀ ਪਿੰਨਰਾਈ ਵਿਜੇਨ ਸਰਕਾਰ ਦੀ ਸੱਤਾ ਵਿਰੁੱਧ ਕੁਦਰਤੀ ਤੌਰ ’ਤੇ ਆਵਾਜ਼ ਉੱਠਣਾ ਸੁਭਾਵਿਕ ਹੋ ਸਕਦਾ ਹੈ ਪਰ ਇਹ ਵੀ ਸੱਚ ਹੈ ਕਿ ਮੁੱਖ ਮੰਤਰੀ ਅੰਦਰ ਜਨਤਕ ਵਿਸ਼ਵਾਸ ਲਗਾਤਾਰ ਪਰਪੱਕ ਵਿਖਾਈ ਦਿੰਦਾ ਹੈ। ਇਸ ਵਾਰ ਰਾਜ ਵਿੱਚ ਤੀਸਰੀ ਸ਼ਕਤੀ ਭਾਜਪਾ, ਭਗਵਾ ਬ੍ਰਿਗੇਡ ਅਤੇ ਆਰ ਐੱਸ ਐੱਸ ਕਾਰੀਆ ਕਰਤਾਵਾਂ ਬਲਬੂਤੇ ਰਾਜਨੀਤਿਕ ਘੁਸਪੈਠ ਲਈ ਤਤਪਰ ਬੈਠੀ ਹੈ। ਰਾਜ ਵਿੱਚ 140 ਸੀਟਾਂ ਅਧਾਰਤ ਵਿਧਾਨ ਸਭਾ ਦੀ ਚੋਣ ਲਈ 9 ਅਪਰੈਲ ਨੂੰ 2,69,53644 ਵੋਟਰ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰਨਗੇ। ਸਨ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੀਪੀਐੱਮ ਨੇ 62 (25.35), ਕਾਂਗਰਸ ਨੇ 21 (25.12), ਸੀਪੀਆਈ ਨੇ 17 (7.58), ਆਈ ਯੂ ਐੱਮ ਐੱਲ ਨੇ 15 (8.28) ਆਜ਼ਾਦਾਂ ਨੇ 6 (5.8) ਅਤੇ ਹੋਰਨਾਂ 19 (27.6) ਸੀਟਾਂ ਪ੍ਰਾਪਤ ਕੀਤੀਆਂ। ਸਨ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਾਂਝਾ ਲੋਕਤੰਤਰੀ ਮੋਰਚਾ ਜਿੱਤ ਪ੍ਰਾਪਤ ਕਰ ਗਿਆ ਸੀ। ਕਾਂਗਰਸ ਨੇ 14 (35.8) ਆਈ ਯੂਐੱਮਐੱਲ ਨੇ 2 (6.07) ਸੀਪੀਐੱਮ ਨੇ 1 (26ਪ੍ਰਤੀਸ਼ਤ) ਭਾਜਪਾ 1ਨੇ (16.68) ਆਰ ਐਸਪੀ ਨੇ 1 (2.24) ਸੀਟਾਂ ਹਾਸਲ ਕੀਤੀਆਂ।
ਕਾਂਗਰਸ ਅੰਦਰ ਡੀ ਡੀ ਸਾਥੀਸਨ ਅਤੇ ਬਜ਼ੁਰਗ ਆਗੂ ਰਮੇਸ਼ ਚੇਨੀਥਾਲਾ, ਸ਼ਸ਼ੀ ਥਰੂਰ ਅਤੇ ਜਥੇਬੰਦਕ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਰਾਜ ਅੰਦਰ ਵਣਿਆੜ ਤੋਂ ਚੁਣੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਇਸ ਵਾਰ ਸੱਤਾ ਪ੍ਰਾਪਤੀ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ।
ਇਸ ਰਾਜ ਵਿੱਚ ਧਰਮ, ਜਾਤ ਅਤੇ ਇਲਾਕਾ ਚੋਣਾਂ ਵਿੱਚ ਵੱਡਾ ਪ੍ਰਭਾਵ ਰੱਖਦੇ ਹਨ। ਖਾੜੀ ਦੇਸ਼ਾਂ ਵਿੱਚ ਕਰੀਬ 30 ਲੱਖ ਕੇਰਲ ਨਿਵਾਸੀ ਕੰਮ ਕਰਦੇ ਹਨ, ਜਿਨ੍ਹਾਂ ਦਾ ਅਜੋਕੀ ਜੰਗ ਵਿੱਚ ਕੇਂਦਰ ਵਿੱਚ ਮੋਦੀ ਸਰਕਾਰ ਨੇ ਕੋਈ ਧਿਆਨ ਨਹੀਂ ਰੱਖਿਆ। ਇਸਦੀ ਕੀਮਤ ਭਾਜਪਾ ਨੂੰ ਚੁਕਾਉਣੀ ਪੈ ਸਕਦੀ ਹੈ। ਲੇਕਿਨ ਭਾਜਪਾ ਰਾਜ ਵਿੱਚ ਖੱਬੇ ਅਤੇ ਸਾਂਝੇ ਫਰੰਟ ਨੂੰ ਇੱਕੋ ਥਾਲੀ ਦੇ ਚੱਟੇ ਵੱਟੇ ਕਰਾਰ ਦੇ ਕੇ ਬਦਨਾਮ ਕਰਨ ਦਾ ਯਤਨ ਕਰ ਰਹੀ ਹੈ।
ਤਾਮਿਲਨਾਡੂ:
ਤਾਮਿਲਨਾਡੂ ਰਾਜ ਵਿੱਚ 56707380ਵੋਟਰ 23 ਅਪਰੈਲ ਨੂੰ 234 ਸੀਟਾਂ ਅਧਾਰਤ ਵਿਧਾਨ ਸਭਾ ਲਈ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰਨਗੇ। ਸਾਨੂੰ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ 10 ਸਾਲ ਸੱਤਾ ਵਿੱਚੋਂ ਬਾਹਰ ਰਹਿਣ ਬਾਅਦ ਡੀਐਮਕੇ ਨੇ ਐਮਕੇ ਸਟਾਲਨ ਦੀ ਅਗਵਾਈ ਵਿੱਚ 133, ਏਡੀਐੱਮ ਕੇ ਨੇ 66 ਕਾਂਗਰਸ ਨੇ 18 ਪੀਐੱਮ ਕੇ ਨੇ 5, ਭਾਜਪਾ ਨੇ 4, ਵੀ ਸੀ ਕਿ ਨੇ 4, ਸੀਪੀਐੱਮ ਨੇ 2 ਅਤੇ ਸੀਪੀਆਈ ਨੇ 2 ਸੀਟਾਂ ਪ੍ਰਾਪਤ ਕੀਤੀਆਂ। ਸਨ ਵੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਡੀਐੱਮ ਕੇ ਅਤੇ ਇੰਡੀਆ ਗੱਠਜੋੜ ਨੇ 39 ਦੀਆਂ 39 ਸੀਟਾਂ 46.97ਪ੍ਰਤੀਸ਼ਤ ਵੋਟ ਹਾਸਲ ਕਰਕੇ ਪ੍ਰਾਪਤ ਕੀਤੀਆਂ। ਏਡੀਐੱਮ ਕੇ ਦੀ ਅਗਵਾਈ ਵਾਲੇ ਮੋਰਚੇ ਨੇ28.05 ਅਤੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੇ 18.28ਪਤੀਸ਼ਤ ਵੋਟਾਂ ਹਾਸਲ ਕੀਤੀਆਂ। ਅਜੋਕੀਆਂ ਅਸੈਂਬਲੀ ਚੋਣਾਂ ਸੱਤਾਧਾਰੀ ਡੀਐਮਕੇ ਦੀ ਅਗਵਾਈ ਵਾਲੇ ਮੋਰਚੇ ਦੇ ਮੁੱਖ ਮੰਤਰੀ ਐਮਕੇ ਸਟਾਲਨ ਲਈ ਰੈਫਰੈਂਡਮ ਸਾਬਤ ਹੋਣਗੀਆਂ।
ਤਾਮਿਲਨਾਡੂ ਦੇ ਰਾਜਨੀਤੀਵਾਨ ਪਾਪੂਲਿਸਟ ਪ੍ਰੋਗਰਾਮ ਦੇਣ ਲਈ ਸਾਰੇ ਦੇਸ਼ ਵਿੱਚ ਬਦਨਾਮ ਹਨ। ਮੁੱਖ ਮੰਤਰੀ ਨੇ ਆਪਣੀ ਪਾਰਟੀ ਡੀਐੱਮ ਕੇ ਦਾ ਮੈਨੀਫੈਸਟੋ ਜਾਰੀ ਕਰਦਿਆਂ ਕਿਸਾਨਾਂ ਨੂੰ ਮੁਫਤ ਵਾਟਰ ਪੰਪ, 10 ਲੱਖ ਨਵੇਂ ਘਰ ਉਸਾਰਨਾ, 25ਲੱਖ ਵਿਦਿਆਰਥੀਆਂ ਨੂੰ ਲੈਪਟਾਪ, ਵਿਦਿਆਰਥੀਆਂ ਨੂੰ 15 00ਰੁਪਏ ਮਾਸਿਕ, ਮੁੱਖ ਮੰਤਰੀ ਮੈਡੀਕਲ ਕਵਰ ਅਪ 15 ਲੱਖ, ਬੁਢਾਪਾ ਪੈਨਸ਼ਨ 2000 ਔਰਤਾਂ ਨੂੰ 2000 ਕੈਸ਼, ਅਪਾਹਜਾਂ ਨੂੰ 2500 ਕੈਸ਼, 1.5ਲੱਖ ਨੌਕਰੀਆਂ ਅਤੇ ਪਤਾ ਨਹੀਂ ਹੋਰ ਕੀ ਕੀ। ਭਾਵ ਉਹ ਹਰ ਹਾਲਤ ਵਿੱਚ ਵਿਧਾਨ ਸਭਾ ਚੋਣਾਂ ਦੂਸਰੀ ਵਾਰ ਜਿੱਤਣ ਲਈ ਬਜ਼ਿੱਦ ਲਗਦੇ ਹਨ। ਵਿਰੋਧੀ ਧਿਰ ਅਤੇ ਤਾਮਲ ਵੈਟਰੀ ਕਜਗਮ ਦੇ ਨਵੇਂ ਉੱਭਰੇ ਆਗੂ ਵਿਜੇ ਅਤੇ ਏਡੀਆਈ ਐੱਮ ਦੇ ਕੇ ਪਲਾਨੀ ਸਵਾਮੀ ਵਾਅਦਿਆਂ ਦੀ ਬਾਰਿਸ਼ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਖਜ਼ਾਨਾ ਲੋਕਾਂ ਦਾ ਅਤੇ ਸ਼ਗੂਫੇ ਆਗੂਆਂ ਦੇ। ਵਾਹ ਕਿਆ ਕਮਾਲ ਹੈ?
ਅਸਾਮ:
ਅਸਾਮ ਵਿੱਚ 25021413ਮੱਤਦਾਤਾ 126 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਨਵੀਂ ਸਰਕਾਰ ਨੂੰ ਫਤਵਾ ਦੇਣ ਲਈ 9ਅਪ੍ਰੈਲ ਨੂੰ ਵੋਟ ਕਰਨਗੇ। ਸਨ 2023 ਵਿੱਚ ਰਾਜ ਵਿੱਚ ਹਲਕਿਆਂ ਦੀ ਹੱਦਬੰਦੀ ਬਾਅਦ ਪਹਿਲੀ ਵਾਰ ਚੋਣਾਂ ਹੋ ਰਹੀਆਂ ਹਨ। ਮੁਸਲਿਮ ਸੀਟਾਂ 29 ਤੋਂ ਘਟਾ ਕੇ 22 ਕਰ ਦਿੱਤੀਆਂ ਹਨ। ਸਨ 2021 ਵਿੱਚ ਭਾਜਪਾ ਨੇ ਸਰਬਨੰਦ ਸੋਨੇਵਾਲ ਦੀ ਅਗਵਾਈ ਵਿੱਚ ਚੋਣਾਂ ਜਿੱਤੀਆਂ ਸਨ ਲੇਕਿਨ ਉਸ ਨੂੰ ਕੇਂਦਰੀ ਮੰਤਰੀ ਬਣਾ ਕੇ ਉਸਦੀ ਥਾਂ ਹਿੰਮਤ ਵਿਸਵਾ ਸ਼ਰਮਾ ਨੂੰ ਮੁੱਖ ਮੰਤਰੀ ਥਾਪ ਦਿੱਤਾ ਗਿਆ। ਸਾਨੂੰ ਵੀ 2021 ਦੀਆਂ ਚੋਣਾਂ ਵਿੱਚ ਭਾਜਪਾ ਨੇ 60 (33.21) ਕਾਂਗਰਸ ਨੇ 29 (29.67) ਏਆਈ ਯੂਡੀਐੱਫ 1 ਨੇ 6 (9.29) ਏਜੀਪੀ ਨੇ 9 (7.91) ਯੂ ਪੀਪੀਐੱਲ 6 ਨੇ (3.39) ਆਜ਼ਾਦ 1 (5.93) ਹੋਰਨਾਂ 5 ਨੇ (9.6) ਸੀਟਾਂ ਹਾਸਲ ਕੀਤੀਆਂ। ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ 9 (37.9) 3ਕਾਂਗਰਸ ਨੇ (37.9) ਏਜੀਪੀ ਨੇ 1 (6.6) ਅਤੇ ਯੂਪੀ ਪੀਐੱਲ ਨੇ 1 (2.5) ਸੀਟਾਂ ਹਾਸਲ ਕੀਤੀਆਂ। ਇਹ ਚੋਣਾਂ ਰਾਜ ਵਿੱਚ ਭਾਜਪਾ ਅਤੇ ਕਾਂਗਰਸ ਵਿਚਕਾਰ ਰਾਜਨੀਤਿਕ ਲੜਾਈ ਬਰਾਬਰ ਖੜ੍ਹੀ ਕਰਦੀਆਂ ਹਨ। ਕਾਂਗਰਸ ਪਾਰਟੀ ਗੌਰਵ ਗੁਗੋਈ ਦੀ ਅਗਵਾਈ ਵਿੱਚ ਬੜੀ ਸ਼ਿੱਦਤ ਨਾਲ ਸੱਤਾ ਹਾਸਲ ਕਰਨ ਲਈ ਯਤਨਸ਼ੀਲ ਹੈ।
ਪੁਡੂਚਿਰੀ:
ਕੇਂਦਰੀ ਸ਼ਾਸਤ ਪ੍ਰਦੇਸ਼ ਪੁਡੂਚਿਰੀ ਦੀ ਵਿਧਾਨ ਸਭਾ ਦੇ ਕੁੱਲ 33 ਮੈਂਬਰ ਹਨ ਇਨ੍ਹਾਂ ਵਿੱਚੋਂ 30 ਮੈਂਬਰ ਚੁਣੇ ਜਾਂਦੇ ਹਨ ਜਦੋਂ ਕਿ 3 ਮੈਂਬਰ ਕੋਆਪਟ ਕੀਤੇ ਜਾਂਦੇ ਹਨ। 9 ਅਪ੍ਰੈਲ ਨੂੰ 944211ਵੋਟਰ ਇਸ ਰਾਜ ਲਈ ਮਤ ਅਧਿਕਾਰ ਰਾਹੀਂ ਫਤਵਾ ਦੇਣਗੇ। ਰਾਜ ਵਿੱਚ ਏ ਆਈ ਐਨ ਆਰ ਕਾਂਗਰਸ ਦੇ ਆਗੂ ਇਹ ਐਨ ਰੰਗਾਸੁਆਮੀ ਦੀ ਅਗਵਾਈ ਵਿੱਚ ਐਨਡੀਏ ਗੱਠਜੋੜ ਸੱਤਾ ਵਿੱਚ ਹੈ। ਸਨ 2021 ਵਿੱਚ ਏ ਆਈ ਐਨ ਆਰਸੀ ਨੇ 10, ਡੀਐੱਮ ਕੇ ਨੇ 6, ਭਾਜਪਾ ਨੇ ਕਾਂਗਰਸ ਨੇ 2 ਅਜਾਦਾ ਨੇ 6ਸੀਟਾਂ ਤੇ ਜਿੱਤ ਹਾਸਲ ਕੀਤੀ ਸੀ। ਸਨ 201 6 ਤੋਂ ਬਾਅਦ ਰਾਜ ਵਿੱਚ ਕੋਈ ਕਾਂਗਰਸ ਦੀ ਸਰਕਾਰ ਨਹੀਂ ਸੀ ਬਣ ਸਕੀ। ਇਸ ਵਾਰ ਪੀਣ ਵਾਲੇ ਸਾਫ ਪਾਣੀ, ਬੇਰੁਜ਼ਗਾਰੀ, ਅਮਨ ਕਾਨੂੰਨ, ਭ੍ਰਿਸ਼ਟਾਚਾਰ, ਨਸ਼ੀਲੇ ਪਦਾਰਥਾਂ ਦੀ ਵਿਕਰੀ ਦੇ ਮੁੱਦੇ ਉਠਾ ਕੇ ਕਾਂਗਰਸ ਪਾਰਟੀ ਆਪਣੇ ਆਗੂ ਵੀ ਵੈਥੀਲੰਘਮ ਅਗਵਾਈ ਵਿੱਚ ਸੱਤਾ ਪ੍ਰਾਪਤੀ ਲਈ ਯਤਨਸ਼ੀਲ ਹੈ। ਇਸ ਰਾਜ ਦਾ ਕਮਾਲ ਇਹ ਹੈ ਕਿ ਵਿਧਾਨ ਸਭਾ ਦੀਆਂ 30 ਵਿੱਚੋਂ 23 ਸੀਟਾਂ ਪੁਡੂਚੀਰੀ ਸ਼ਹਿਰ ਨਾਲ ਸੰਬੰਧਿਤ ਹਨ। ਸੱਤਾਧਾਰੀ ਐੱਨਡੀਏ ਗੱਠਜੋੜ ਵਿੱਚ ਏ ਆਈ ਐਨ ਆਰ ਸੀ 16, ਭਾਜਪਾ 10, ਏਆਈਡੀਐੱਮ ਕੇ 2ਅਤੇ 2ਐੱਲਜੇ ਕੇ 2ਸੀਟਾਂ ਤੇ ਅਤੇ ਸੈਕੂਲਰ ਅਗਾਂਹ ਵਧੂ ਗੱਠਜੋੜ ਵਿੱਚ ਕਾਂਗਰਸ 28, ਡੀਐੱਮ ਕੇ 13ਸੀਟਾਂ ਤੇ ਚੋਣ ਲੜ ਰਹੇ ਹਨ। ਟੀਵੀ ਕੇ ਗੱਠਜੋੜ ਵਿੱਚ ਟੀਵੀ ਕੇ 28ਅਤੇ ਐਨ ਐੱਮ ਕੇ 2ਸੀਟਾਂ ਤੇ ਜ਼ੋਰ ਅਜ਼ਮਾਈ ਕਰ ਰਹੇ ਹਨ।
ਨਿਸ਼ਚਿਤ ਤੌਰ ’ਤੇ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਭਾਰਤੀ ਰਾਜਨੀਤੀ ਵਿੱਚ ਭਵਿੱਖੀ ਤਬਦੀਲੀ ਲਈ ਅਹਿਮ ਭੂਮਿਕਾ ਨਿਭਾਉਣਗੀਆਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































