DarbaraSKahlon8“ਇਸ ਨਵੇਂ ਪ੍ਰਧਾਨ ਦੇ ਨਾਂ ਦੇ ਐਲਾਨ ਤੋਂ ਬਾਅਦ ਇੰਝ ਲਗਦਾ ਹੈ ਜਿਵੇਂ ਬਿਜਲੀ ਦੇ ...”
(6 ਅਕਤੂਬਰ 2026)

 

ਦੋ ਅਕਤੂਬਰ 2026 ਨੂੰ ਗਾਂਧੀ ਜਯੰਤੀ ਦੇ ਇਤਿਹਾਸਿਕ ਮੌਕੇ ਕਾਂਗਰਸ ਪਾਰਟੀ ਨੇ ਆਪਣੇ ਸੁਪਰੀਮ ਆਗੂ ਰਾਹਲ ਗਾਂਧੀ ਦੀ ਅਗਵਾਈ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੀਡਰਸ਼ਿੱਪ ਸੰਬੰਧੀ ਚੱਲ ਰਹੀ ਖਾਨਾਜੰਗੀ ਨੂੰ ਠੱਲ੍ਹ ਪਾਉਂਦੇ ਹੋਏ ਰਾਜਨੀਤਿਕ ਇੱਛਾ ਦਾ ਪ੍ਰਗਟਾਵਾ ਕਰਦੇ ਸਾਬਕਾ ਨਾਮਵਰ ਹਾਕੀ ਓਲੰਪੀਅਨ, ਪੁਲਿਸ ਐੱਸਪੀ, ਡਾਇਰੈਕਟਰ ਸਪੋਰਟਸ ਅਤੇ ਸਿੱਖਿਆ ਅਤੇ ਸਪੋਰਟਸ ਮੰਤਰੀ ਰਹੇ, ਅਰਜਨ ਅਵਾਰਡ ਅਤੇ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਜਲੰਧਰ ਕੈਂਟ ਤੋਂ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਦੀ ਨਾ ਸਿਰਫ ਕਾਂਗਰਸ ਬਲਕਿ ਪੰਜਾਬ ਦੇ ਸਮਾਜਿਕ, ਰਾਜਨੀਤਿਕ, ਧਾਰਮਿਕ ਅਤੇ ਸੱਭਿਆਚਾਰ ਹਲਕਿਆਂ ਵਿੱਚ ਵੱਡੇ ਪੈਮਾਨੇ ’ਤੇ ਸ਼ਲਾਘਾ ਕੀਤੀ ਜਾ ਰਹੀ ਹੈ। ਸਰਦਾਰ ਪ੍ਰਗਟ ਸਿੰਘ ਦਾ ਪ੍ਰੋਫੈਸਰ ਪੂਰਨ ਸਿੰਘ ਦੇ ਅਗੰਮੀ ਸ਼ਬਦਾਂ “ਪੰਜਾਬ ਜਿਊਂਦਾ ਗੁਰਾਂ ਦੇ ਨਾਂਅ ’ਤੇ” ਵਿੱਚ ਪੂਰਨ ਵਿਸ਼ਵਾਸ ਹੋਣ ਕਰਕੇ ਪੰਜਾਬ ਦੇ ਸਭ ਵਰਗਾਂ ਦੇ ਲੋਕ ਉਨ੍ਹਾਂ ਦੀ ਨਿਯੁਕਤੀ ਨੂੰ ਖੁਸ਼ ਆਮਦੀਦ ਕਹਿ ਰਹੇ ਹਨ।

ਟੇਢੀ ਖੀਰ:

ਪੰਜਾਬ ਕਾਂਗਰਸ ਕਈ ਧੜਿਆਂ ਵਿੱਚ ਵੰਡੀ ਹੋਣ, ਲੀਡਰਸ਼ਿੱਪ ਟਕਰਾਅ, ਜਾਤੀਵਾਦੀ ਖਿੱਚੋਤਾਣ ਅਤੇ ਖੇਤਰੀ ਪੈਂਤੜੇਬਾਜ਼ੀ ਕਰਕੇ ਬਹੁਤ ਹੀ ਕਸੂਤੀ ਰਾਜਨੀਤਿਕ ਜਿੱਲ੍ਹਣ ਵਿੱਚ ਫਸੀ ਪਈ ਹੈ। ਸਨ 2021 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸਣੇ ਕੁਰਸੀ ਮੁੱਖ ਮੰਤਰੀ ਵਜੋਂ ਸੱਤਾ ਵਿੱਚੋਂ ਬਾਹਰ ਵਗਾਹ ਮਾਰਨ ਬਾਅਦ ਅਜੇ ਤਕ ਕਾਂਗਰਸ ਨੂੰ ਪੰਜਾਬ ਵਿੱਚ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਅਗਵਾਈ ਨਹੀਂ ਸੀ ਮਿਲ ਰਹੀ। ਨਵਜੋਤ ਸਿੰਘ ਸਿੱਧੂ ਤੋਂ ਬਾਅਦ 22 ਅਪ੍ਰੈਲ 2022 ਨੂੰ ਨੌਜਵਾਨ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 111 ਦਿਨ ਸ਼ਾਸਨ ਕਾਲ ਬਾਅਦ ਕਾਂਗਰਸ ਪਾਰਟੀ ਸਨ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਚੁੱਕੀ ਸੀ। ਉਸ ਨੂੰ 117 ਮੈਂਬਰੀ ਵਿਧਾਨ ਸਭਾ ਵਿੱਚ ਸਿਰਫ 18 ਸੀਟਾਂ ਹਾਸਲ ਹੋਈਆਂ ਸਨ। ਲਗਾਤਾਰ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਪਾਰਟੀ ਸਰਕਾਰਾਂ ਦੇ ਕੁਸ਼ਾਸਨ ਤੋਂ ਅੱਕੇ ਹੋਏ ਪੰਜਾਬੀਆਂ ਨੇ ਆਮ ਆਦਮੀ ਪਾਰਟੀ (ਆਪ) ਦੇ ਝੂਠੇ ਵਾਅਦਿਆਂ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜੁਮਲਿਆਂ ਵਿੱਚ ਵਿਸ਼ਵਾਸ ਕਰਕੇ ਅੰਨ੍ਹੇਵਾਹ ਵੋਟਿੰਗ ਕਰਕੇ ਉਸ ਨੂੰ 92 ਸੀਟਾਂ ’ਤੇ ਜਿਤਾ ਦਿੱਤਾ। ਹੈਰਾਨੀ ਇਹ ਹੋਈ ਕਿ ਮੁੱਖ ਮੰਤਰੀ ਚੰਨੀ ਖੁਦ ਚਮਕੌਰ ਸਾਹਿਬ ਅਤੇ ਭਦੌੜ ਵਿਧਾਨ ਸਭਾ ਤੋਂ ਹਾਰ ਗਿਆ।

ਲੇਕਿਨ ਸ਼ੁਰੂ ਤੋਂ ਹੀ ਆਪ ਦੀ ਭਗਵੰਤ ਮਾਨ ਸਰਕਾਰ ਦੀਆਂ ਲਗਾਮਾਂ ਦਿੱਲੀ ਦੇ ਆਕਾਵਾਂ ਵੱਲੋਂ ਕੱਸ ਕੇ ਆਪਣੇ ਹੱਥ ਰੱਖਣ ਅਤੇ ਮਨ ਆਏ ਏਕਾਧਿਕਾਰਵਾਦੀ ਫੈਸਲਿਆਂ ਕਰਕੇ ਪੰਜਾਬੀਆਂ ਦਾ ਆਪ ਪਾਰਟੀ ਤੋਂ ਮੋਹ ਭੰਗ ਹੋਣ ਲੱਗਾ। ਸਨ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਮੁੜ ਕਾਂਗਰਸ ਪਾਰਟੀ ਵਿੱਚ ਵਿਸ਼ਵਾਸ ਪ੍ਰਗਟ ਕਰਦਿਆਂ ਇਸ ਨੂੰ 13 ਵਿੱਚੋਂ ਸੱਤ ਲੋਕ ਸਭਾ ਸੀਟਾਂ ’ਤੇ ਜਿਤਾਇਆ। ਚੰਡੀਗੜ੍ਹ ਲੋਕ ਸਭਾ ਸੀਟ ਵੀ ਇਸਦੀ ਝੋਲੀ ਪਾਈ। ਨਿਸ਼ਚਿਤ ਤੌਰ ’ਤੇ ਇਸ ਜਿੱਤ ਨੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਦਿਸ਼ਾ ਕਾਂਗਰਸ ਦੇ ਹੱਕ ਵਿੱਚ ਤੈਅ ਕਰਕੇ ਰੱਖ ਦਿੱਤੀ। ਬੱਸ! ਇੱਥੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਟਪਲਾ ਖਾ ਗਿਆ। ਉਸਨੇ ਪਾਰਟੀ ਅੰਦਰ ਸਭ ਨੂੰ ਨਾਲ ਲੈ ਕੇ ਚੱਲਣ ਦੀ ਥਾਂ ਧੜੇਬੰਦੀ ਨੂੰ ਪੱਕਾ ਕਰਨਾ ਸ਼ੁਰੂ ਕਰ ਦਿੱਤਾ। ਵਧਦੀ ਧੜੇਬੰਦੀ ਨੂੰ ਰੋਕਣ ਲਈ ਕਾਂਗਰਸ ਹਾਈ ਕਮਾਨ ਨੇ ਦਵਿੰਦਰ ਯਾਦਵ ਦੀ ਥਾਂ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਏਆਈਸੀਸੀ ਜਨਰਲ ਸਕੱਤਰ ਭੂਪੇਸ਼ ਬਘੇਲ ਨੂੰ ਪੰਜਾਬ ਕਾਂਗਰਸ ਮਾਮਲਿਆਂ ਦਾ ਇੰਚਾਰਜ ਥਾਪਿਆ। ਇਹ ਉਹ ਵਿਅਕਤੀ ਹੈ ਜਿਸ ਨੂੰ ਛੱਤੀਸਗੜ ਰਾਜ ਵਿੱਚ ਸਨ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਕਾਂਗਰਸ ਆਗੂ ਟੀਐੱਸ ਦਿਓ ਨਾਲ ਲੀਡਰਸ਼ਿੱਪ ਝਗੜੇ ਦੇ ਨਿਪਟਾਰੇ ਲਈ ਢਾਈ-ਢਾਈ ਸਾਲ ਲਈ ਮੁੱਖ ਮੰਤਰੀਸ਼ਿੱਪ ਸੰਭਾਲਣ ਦਾ ਫੈਸਲਾ ਕੀਤਾ ਗਿਆ ਸੀ ਲੇਕਿਨ ਇਸਨੇ ਅੜ ਕੇ ਢਾਈ ਸਾਲ ਬਾਅਦ ਮੁੱਖ ਮੰਤਰੀ ਦਾ ਅਹੁਦਾ ਨਹੀਂ ਸੀ ਛੱਡਿਆ। ਉਸ ਸਮੇਂ ਕਮਜ਼ੋਰ ਹਾਈ ਕਮਾਨ ਅੱਗੇ ਚੁੱਪ ਰਹਿਣ ਬਗੈਰ ਕੋਈ ਹੋਰ ਚਾਰਾ ਨਹੀਂ ਸੀ। ਇਸਨੇ ਲਗਾਤਾਰ ਰਾਜਾ ਵੜਿੰਗ ਨਾਲ ਮਿਲ ਕੇ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਉਕਸਾ ਕੇ ਇਸਦਾ ਬੇੜਾ ਕਰਨ ਵਿੱਚ ਕੋਈ ਅਸਰ ਨਹੀਂ ਸੀ ਛੱਡੀ। ਟਕਰਾਅ ਰੋਕਣ ਲਈ ਹਾਈ ਕਮਾਨ ਵੱਲੋਂ ਨਿਯੁਕਤ ਜੂਨ 2026 ਵਿੱਚ ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਦੇ ਅਧਾਰ ’ਤੇ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ। ਉਸ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਈ ਰੱਖਣ ਦਾ ਫੈਸਲਾ ਕੀਤਾ ਜਦਕਿ ਵੱਖ-ਵੱਖ ਆਗੂਆਂ ਦੀ ਅਗਵਾਈ ਵਿੱਚ ਵੱਖ-ਵੱਖ ਚੋਣਾਂ ਸੰਬੰਧੀ ਪੈਨਲਾਂ ਦਾ ਗਠਨ ਕੀਤਾ ਗਿਆ। ਲੇਕਿਨ ਧੜੇਬੰਦੀ ਨੇ ਹੋਰ ਤੇਜ਼ੀ ਫੜ ਲਈ। ਆਖਰ ਵਿਧਾਨ ਸਭਾ ਚੋਣਾਂ ਸਿਰ ’ਤੇ ਖੜ੍ਹੀਆਂ ਹੋਣ ਕਾਰਨ ਕਾਂਗਰਸ ਹਾਈ ਕਮਾਨ ਨੇ ਭੁਪੇਸ਼ ਬਘੇਲ ਨੂੰ ਚਲਦਾ ਕਰਕੇ ਉਸਦੀ ਥਾਂ 5 ਸਤੰਬਰ, 2026 ਨੂੰ ਰਾਜਸਥਾਨ ਤੋਂ ਸੂਝਵਾਨ ਕਾਂਗਰਸ ਆਗੂ ਸਚਿਨ ਪਾਇਲਟ ਪੰਜਾਬ ਕਾਂਗਰਸ ਕਮੇਟੀ ਦੇ ਮਾਮਲਿਆਂ ਦਾ ਇੰਚਾਰਜ ਥਾਪਿਆ।

ਸਚਿਨ ਕਾਰਜ:

ਸਚਿਨ ਪਾਇਲਟ ਇੱਕ ਅਜਿਹਾ ਕਾਂਗਰਸ ਆਗੂ ਹੈ ਜਿਸਨੇ ਰਾਜਸਥਾਨ ਵਿੱਚ ਪਾਰਟੀ ਖਾਨਾਜੰਗੀ ਆਪਣੇ ਪਿੰਡੇ ’ਤੇ ਹੰਢਾਈ ਹੋਈ ਹੈ। ਉਸ ਨੂੰ ਅਜਿਹੀ ਖਾਨਾਜੰਗੀ ਨੂੰ ਮੈਨੇਜ ਕਰਨ ਦਾ ਭਰਪੂਰ ਤਜਰਬਾ ਹੈ। ਹਾਈ ਕਮਾਨ ਨੇ ਪੰਜਾਬ ਖਾਨਾਜੰਗੀ ਮੈਨੇਜ ਕਰਨ ਲਈ ਉਸਦੀ ਨਿਯੁਕਤੀ ਕਰ ਦਿੱਤੀ। ਉਸਦਾ ਮੁੱਖ ਕਾਰਜ ਸੀ, 1. ਹਾਈ ਕਮਾਨ ਦੁਆਰਾ ਗਠਤ ਕਮੇਟੀਆਂ ਦੀ ਰਾਖੀ ਕਰਨਾ। 2. ਪਾਰਟੀ ਜਥੇਬੰਦੀ ਨੂੰ ਸੰਗਠਿਤ ਕਰਨਾ। 3. ਪਾਰਟੀ ਅੰਦਰ ਧੜੇਬੰਦੀ ਰਹਿਤ ਲੀਡਰਸ਼ਿੱਪ ਸਥਾਪਿਤ ਕਰਨਾ। 4. ਕਾਂਗਰਸ ਅੰਦਰ ਖੇਤਰੀ, ਜਾਤੀਵਾਦੀ, ਵਰਗਵਾਦੀ ਅਤੇ ਭਾਈਚਾਰਕ ਸਾਂਝ ਸੰਤੁਲਿਤ ਰੱਖਣਾ।

ਸਚਿਨ ਪਾਇਲਟ ਨੇ ਆਪਣੀ ਸੂਝਵਾਨ ਅਤੇ ਦੂਰ ਅੰਦੇਸ਼ ਰਾਜਨੀਤਿਕ ਲੀਡਰਸ਼ਿੱਪ ਦਾ ਮੁਜ਼ਾਹਰਾ ਕਰਦੇ ਰਾਜਾ ਵੜਿੰਗ ਨੂੰ ਸਪਸ਼ਟ ਸੰਕੇਤ ਦੇ ਦਿੱਤਾ ਕਿ ਉਸਦੀ ਧੜੇਬੰਦਕ ਅਤੇ ਮੂੰਹ ਫੱਟ ਅਗਵਾਈ ਦੀ ਲੋੜ ਨਹੀਂ। ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਕੇ ਉਸਨੇ ਹਾਈ ਕਮਾਨ ਨੂੰ ਰਿਪੋਰਟ ਦੇ ਦਿੱਤੀ। ਉਸਨੇ ਚਰਨਜੀਤ ਚੰਨੀ ਦੀ ਖੌਰੂਵਾਦੀ ਲੀਡਰਸ਼ਿੱਪ ਨੂੰ ਵੀ ਸਪਸ਼ਟ ਸੰਕੇਤ ਦੇ ਦਿੱਤੇ।

ਚੋਣ:

ਪੰਜਾਬ ਵਿੱਚ ਹਿੰਦੂ ਭਾਈਚਾਰਾ 40 ਪ੍ਰਤੀਸ਼ਤ, ਦਲਿਤ ਭਾਈਚਾਰਾ 33 ਪ੍ਰਤੀਸ਼ਤ ਅਤੇ ਭਾਰੂ ਜੱਟ ਸਿੱਖ ਭਾਈਚਾਰਾ 22 ਪ੍ਰਤੀਸ਼ਤ ਹੈ। ਦਲਿਤ ਆਗੂਆਂ ਵਜੋਂ ਚਰਨਜੀਤ ਸਿੰਘ ਚੰਨੀ, ਅਮਰ ਸਿੰਘ ਅਤੇ ਅਰੁਣਾ ਚੌਧਰੀ, ਹਿੰਦੂ ਭਾਈਚਾਰੇ ਸੰਬੰਧੀ ਵਿਜੇ ਇੰਦਰ ਸਿੰਗਲਾ, ਰਾਣਾ ਕੇਪੀ ਸਿੰਘ ਅਤੇ ਜੱਟ ਸਿੱਖ ਭਾਈਚਾਰੇ ਵਿੱਚੋਂ ਪ੍ਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਦੇ ਨਾਮ ਰਾਜਾ ਵੜਿੰਗ ਦੇ ਬਦਲ ਵੱਲੋਂ ਚੱਲ ਰਹੇ ਸਨ। ਆਖਰੀ ਮਰਹਲੇ ’ਤੇ ਵਿਜੇ ਇੰਦਰ ਸਿੰਗਲਾ, ਪ੍ਰਗਟ ਸਿੰਘ, ਰਾਣਾ ਗੁਰਜੀਤ ਸਿੰਘ, ਗੁਰਜੀਤ ਔਜਲਾ ਦੇ ਨਾਮ ਚੱਲ ਰਹੇ ਸਨ। ਮਲਕ ਅਰਜਨ ਖੜਗੇ ਅਗਾਮੀ ਵਿਧਾਨ ਸਭਾ ਚੋਣਾਂ ਅੰਵਿੱਚ ਹਿੰਦੂ ਪੱਤਾ ਖੇਡਣ ਲਈ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਸਨ ਜਦੋਂ ਕਿ ਸਚਿਨ ਪਾਇਲਟ ਭਾਜਪਾ ਪੰਜਾਬ ਇਕਾਈ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਆਪ ਤੇ ਮੁੱਖ ਮੰਤਰੀ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਖਬੀਰ ਬਾਦਲ ਅਤੇ ਗਰਮ ਖਿਆਲੀ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਦੇ ਅੰਮ੍ਰਿਤਪਾਲ ਸਿੰਘ ਆਦਿ ਜੱਟ ਸਿੱਖ ਲੀਡਰਸ਼ਿੱਪ ਮੁਕਾਬਲੇ ਸੂਝਵਾਨ ਅਤੇ ਤਰਕਸ਼ੀਲ ਜੱਟ ਸਿੱਖ ਆਗੂ ਪ੍ਰਗਟ ਸਿੰਘ ਦੇ ਹੱਕ ਵਿੱਚ ਸਨ। ਸੋ ਰਾਹੁਲ ਗਾਂਧੀ, ਖੜਗੇ, ਵੇਣੂ ਗੋਪਾਲ ਆਦਿ ਸਮੇਤ ਹਾਜ਼ਰ ਹਾਈ ਕਮਾਨ ਨੇ ਪ੍ਰਗਟ ਸਿੰਘ ਦੇ ਨਾਮ ’ਤੇ ਮੋਹਰ ਲਾ ਦਿੱਤੀ।

ਮਿਸਾਲ:

ਪ੍ਰਗਟ ਸਿੰਘ ਕਿੰਨੇ ਖੂਬਸੂਰਤ ਅਤੇ ਸਵਿਧਾਨਿਕ ਅਮਲ ਵਾਲੇ ਵਿਅਕਤੀ ਹਨ! ਜਦੋਂ ਲੇਖਕ ਰਾਜ ਸੂਚਨਾ ਕਮਿਸ਼ਨਰ ਸੀ ਤਾਂ ਇੱਕ ਕੇਸ ਵਿੱਚ ਉਨ੍ਹਾਂ ਨੂੰ ਡਾਇਰੈਕਟਰ ਸਪੋਰਟਸ ਵਜੋਂ ਉਕਾਈ ਕਰਨ ’ਤੇ ਤਲਬ ਕੀਤਾ ਗਿਆ। ਕਾਨੂੰਨ ਦੀ ਉਲੰਘਣਾ ਕਾਰਨ ਉਨ੍ਹਾਂ ਨੂੰ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਉਨ੍ਹਾਂ ਨਿਮਰਤਾ ਸਹਿਤ ਆਪਣੀ ਗਲਤੀ ਮੰਨ ਲਈ ਅਤੇ ਇਹ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾ ਦਿੱਤੀ। 39 ਸਾਲ ਦੀ ਉਮਰ ਵਿੱਚ ਸੰਨ 2005 ਵਿੱਚ ਉਹ ਡਾਇਰੈਕਟਰ ਸਪੋਰਟਸ ਬਣੇ। ਸਨ 2012 ਵਿੱਚ ਅਸਤੀਫਾ ਦੇ ਕੇ ਅਕਾਲੀ ਦਲ ਦੀ ਟਿਕਟ ਤੇ ਜਲੰਧਰ ਕੈਂਟ ਤੋਂ ਵਿਧਾਇਕ ਬਣੇ। ਸਾਲਿਡ ਵੇਸਟ ਟਰੀਟਮੈਂਟ ਪਲਾਂਟ ਕਰਕੇ ਉਨ੍ਹਾਂ ਦੀ ਸੁਖਬੀਰ ਬਾਦਲ ਨਾਲ ਖੜਕਣ ਲੱਗੀ। ਉਨ੍ਹਾਂ ਨੇ ਮੁੱਖ ਪਾਰਲੀਮੈਂਟਰੀ ਸਕੱਤਰ ਦਾ ਅਹੁਦਾ ਠੁਕਰਾ ਦਿੱਤਾ। ਸਨ 2016 ਵਿੱਚ ਉਨ੍ਹਾਂ ਨੂੰ ਅਕਾਲੀ ਦਲ ਵਿੱਚੋਂ ਬਾਹਰ ਕਰ ਦਿੱਤਾ ਗਿਆ। ਇਸੇ ਸਾਲ ਉਨ੍ਹਾਂ ਨਵਜੋਤ ਸਿੱਧੂ ਅਤੇ ਬੈਂਸ ਭਰਾਵਾਂ ਨਾਲ ਮਿਲ ਕੇ “ਅਵਾਜ਼ ਏ ਪੰਜਾਬ” ਫਰੰਟ ਗਠਤ ਕੀਤਾ। ਲੇਕਿਨ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਬੱਸ ਫਿਰ ਚੱਲ ਸੋ ਚੱਲ।

ਇਸ ਨਵੇਂ ਪ੍ਰਧਾਨ ਦੇ ਨਾਂ ਦੇ ਐਲਾਨ ਤੋਂ ਬਾਅਦ ਇੰਝ ਲਗਦਾ ਹੈ ਜਿਵੇਂ ਬਿਜਲੀ ਦੇ ਕਰੰਟ ਵਾਂਗ ਪੰਜਾਬ ਦੀ ਕਾਂਗਰਸ ਲੀਡਰਸ਼ਿੱਪ ਵਿੱਚ ਜਬਰਦਸਤ ਇੱਕਜੁੱਟਤਾਵਾਦੀ ਹਮਲਾਵਰ ਢੰਗ ਦੀ ਊਰਜਾ ਪੈਦਾ ਹੋ ਗਈ ਹੋਵੇ। ਸਭ ਨੇ ਇਸ ਨਿਯੁਕਤੀ ਨੂੰ ਜੀ ਆਇਆਂ ਕਿਹਾ। ਰਾਣਾ ਗੁਰਜੀਤ ਸਿੰਘ ਨੇ ਬੜੇ ਖੂਬਸੂਰਤ ਢੰਗ ਨਾਲ ਇਸ ਨਿਯੁਕਤੀ ਨੂੰ “ਦੇਰ ਆਇਦ ਦਰੁਸਤ ਆਇਦ” ਗਰਦਾਨਿਆ। ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਾਜਾ ਵੜਿੰਗ, ਅਮਰ ਸਿੰਘ, ਗੁਰਜੀਤ ਔਜਲਾ, ਸ਼ੇਰ ਸਿੰਘ ਘੁਬਾਇਆ, ਧਰਮਵੀਰ ਗਾਂਧੀ, ਰਾਣਾ ਕੇਪੀ ਆਦਿ ਅਤੇ ਕੈਨੇਡਾ ਦੌਰੇ ’ਤੇ ਆਏ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਇਸ ਨਿਯੁਕਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨੋ ਕੋਈ ਨਹੀਂ ਰੋਕ ਸਕਦਾ। ਵਿਧਾਨ ਸਭਾ ਚੋਣਾਂ ਵਿੱਚ ਵਧੀਆ ਕਾਰਗੁਜ਼ਾਰੀ ਬਦਲੇ ਉਹ ਮੁੱਖ ਮੰਤਰੀ ਵੀ ਥਾਪੇ ਜਾ ਸਕਦੇ ਹਨ।

ਚੁਣੌਤੀ:

ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਦੇ ਨਾਮਵਰ ਕਪਤਾਨ ਰਹੇ ਪ੍ਰਗਟ ਸਿੰਘ ਲਈ ਨਿਸ਼ਚਿਤ ਤੌਰ ’ਤੇ ਪਾਰਟੀ ਨੂੰ ਇੱਕ ਟੀਮ ਦੀ ਤਰ੍ਹਾਂ ਇੱਕਜੁੱਟ ਕਰਨਾ, ਪਾਰਟੀ ਅੰਦਰ ਸਭ ਵਰਗਾਂ, ਜਾਤਾਂ, ਧਰਮਾਂ, ਖੇਤਰਾਂ ਦੇ ਆਗੂਆਂ ਨੂੰ ਨਾਲ ਲੈ ਕੇ ਚੱਲਣਾ, ਵਿਧਾਨ ਸਭਾ ਚੋਣਾਂ ਵਿੱਚ ਵਧੀਆ ਉਮੀਦਵਾਰਾਂ ਦੀ ਚੋਣ ਕਰਨਾ ਉਨ੍ਹਾਂ ਅੱਗੇ ਵੱਡੀ ਚੁਣੌਤੀ ਹੈ। ਇੱਕਜੁੱਟਤਾ ਹੀ ਜਿੱਤ ਦਾ ਅਧਾਰ ਹੁੰਦੀ ਹੈ ਅਤੇ ਵਧੀਆ ਗਤੀਸ਼ੀਲ ਅਗਵਾਈ ਦੇ ਬਲਬੂਤੇ ਹੀ ਜਿੱਤ ਦਾ ਪਰਚਮ ਲਹਿਰਾਉਂਦਾ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author