“ਇੱਥੋਂ ਜੰਗਲ ਵਿੱਚੋਂ ਦੋ ਦਿਨ ਪਹਿਲਾਂ ਜੰਮੇ ਬੱਚੇ ਦੀ ਲਾਸ਼ ਬਰਾਮਦ ਹੁੰਦੀ ਹੈ। ਕਾਂਸਟੇਬਲ ...”![]()
(28 ਮਈ 2026)

ਕੈਨੇਡਾ ਵਿੱਚ ਹੁਣੇ ਹੁਣੇ ਵਾਪਰੀਆਂ ਦੋਂਹ ਅਪਰਾਧਿਕ ਘਟਨਾਵਾਂ ਨੇ ਨਾ ਸਿਰਫ ਲੇਖਕ ਬਲਕਿ ਦੇਸ਼ ਵਿਦੇਸ਼ ਵਿੱਚ ਵਸਦੇ ਸਮੂਹ ਸਿੱਖ ਭਾਈਚਾਰੇ ਦੇ ਹਿਰਦੇ ਬੁਰੀ ਤਰ੍ਹਾਂ ਛਲਣੀ ਕਰਕੇ ਰੱਖ ਦਿੱਤੇ ਹਨ। ਇਨ੍ਹਾਂ ਦੁਸ਼-ਘਟਨਾਵਾਂ ਨੇ ਸਿੱਖ ਪੰਥ ਦੇ ਉੱਚੇ ਸੁੱਚੇ ਕਿਰਦਾਰ ਦੇ ਮੱਥੇ ’ਤੇ ਬਦਨਾਮੀ ਦਾ ਟਿੱਕਾ ਲਾ ਕੇ ਰੱਖ ਦਿੱਤਾ ਹੈ। ਦੂਸਰੇ ਭਾਈਚਾਰਿਆਂ ਦੇ ਲੋਕ ਹੈਰਾਨ ਹਨ ਕਿ ਕੀ ਸਿੱਖ ਅਜਿਹੇ ਗਿਰੇ ਹੋਏ ਅਣਮਨੁੱਖੀ ਅਤੇ ਅਪਰਾਧਿਕ ਕਿਰਦਾਰ ਵਾਲੇ ਵੀ ਹੋ ਸਕਦੇ ਹਨ?
ਪਹਿਲੀ ਘਟਨਾ:
ਪਹਿਲੀ ਅਣਮਨੁੱਖੀ ਅਤੇ ਅਤੀ ਸੰਵੇਦਨਸ਼ੀਲ ਘਟਨਾ ਪਿਛਲੇ ਸ਼ੁੱਕਰਵਾਰ 22 ਮਈ ਦੀ ਹੈ ਜਦੋਂ ਇੱਕ ਸਿੱਖ ਨੌਜਵਾਨ ਸਿਹਤ ਪੱਖੋਂ ਬੇਹੱਦ ਗੰਭੀਰ ਹਾਲਤ ਵਾਲੀ 23 ਸਾਲਾ ਲੜਕੀ ਨੂੰ ਹੈਲੀਫੈਕਸ (ਨੋਵਾ ਸਕੋਸ਼ੀਆ) ਵਿਖੇ ਕਲੇਟਨ ਪਾਰਕ ਅਰਬਨ ਵਿਖੇ ਵਿਲੈਟ ਸਟਰੀਟ ਅਪਾਰਟਮੈਂਟ ਵਿੱਚੋਂ ਹਸਪਤਾਲ ਲੈ ਕੇ ਜਾਂਦਾ ਹੈ। ਜਾਂਚ ਤੋਂ ਪਤਾ ਲਗਦਾ ਹੈ ਕਿ ਉਸ ਵੱਲੋਂ ਇੱਕ ਬੱਚੇ ਨੂੰ ਜਨਮ ਦਿੰਦੇ ਸਮੇਂ ਅਜਿਹੀ ਦੁਰਦਸ਼ਾ ਹੋਈ ਹੈ। ਲੇਕਿਨ ਘਟਨਾਸਥਲ ਤੋਂ ਨਵਜਨਮਿਆ ਬੱਚਾ ਪ੍ਰਾਪਤ ਨਹੀਂ ਹੁੰਦਾ। ਪੁਲਿਸ ਚਾਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲੈਂਦੀ ਹੈ। ਬੱਚੇ ਦੀ ਤਲਾਸ਼ ਵਿੱਚ 60 ਥਾਂਵਾਂ ’ਤੇ ਪੁਲਿਸ ਅਤੇ ਵਲੰਟਰੀਆਂ ਨੇ ਵੀਕਐਂਡ ਸਮੇਂ ਕਲੇਟਨ ਪਾਰਕ ਏਰੀਆ ਖੰਘਾਲ ਮਾਰਿਆ। ਇਸੇ ਦੌਰਾਨ ਕਾਂਸਟੇਬਲ ਮਾਰਟਿਨ ਕਰਾਮਵਿਲ ਅਨੁਸਾਰ ਇੱਕ ਹੋਰ ਲੋਕੇਸ਼ਨ ਦਾ ਪਤਾ ਚਲਦਾ ਹੈ। ਇਹ ਜਗ੍ਹਾ ਵਿਲੈਟ ਸਟਰੀਟ ਤੋਂ ਜੰਗਲੀ ਖੇਤਰ ਵੱਲ ਜਾਂਦੀ ਕੋਚ ਰੋਡ ’ਤੇ 10 ਕਿਲੋਮੀਟਰ ਦੂਰੀ ’ਤੇ ਹੁੰਦੀ ਹੈ। ਪੂਰੀ ਪੁਲਿਸ ਨਫਰੀ ਅਤੇ ਵਲੰਟੀਅਰ ਉਸ ਸਥਾਨ ਨੂੰ ਖੰਗਾਲਣਾ ਸ਼ੁਰੂ ਕਰ ਦਿੰਦੇ ਹਨ। ਇੱਥੋਂ ਜੰਗਲ ਵਿੱਚੋਂ ਦੋ ਦਿਨ ਪਹਿਲਾਂ ਜੰਮੇ ਬੱਚੇ ਦੀ ਲਾਸ਼ ਬਰਾਮਦ ਹੁੰਦੀ ਹੈ। ਕਾਂਸਟੇਬਲ ਕਰਾਮਵੈਲ ਦਾ ਕਹਿਣਾ ਹੈ ਕਿ ਉਹ ਪੁਲਿਸ ਵਿਭਾਗ ਵਿੱਚ ਪਿਛਲੇ 20 ਸਾਲਾਂ ਤੋਂ ਕੰਮ ਕਰ ਰਿਹਾ ਹੈ, ਉਸਨੇ ਅਜਿਹਾ ਸੰਗੀਨ ਹਿਰਦੇਵੇਦਕ ਦਿਲ ਦਹਿਲਾ ਦੇਣ ਵਾਲੀ ਕਰਤੂਤ ਇਸ ਤੋਂ ਪਹਿਲਾਂ ਕਦੀ ਦੇਖੀ ਸੁਣੀ ਨਹੀਂ ਸੀ। ਨਿਸ਼ਚੇ ਹੀ ਇਹ ਅਸਹਿਣਯੋਗ ਦੁਖਦਾਈ ਘਟਨਾ ਹੈ।
ਪੁਲਿਸ ਨੇ ਚਾਰ ਸ਼ੱਕੀ ਵਿਅਕਤੀਆਂ ਵਿੱਚੋਂ ਦੋਂਹ ਨੂੰ ਛੱਡ ਦਿੱਤਾ ਅਤੇ ਦੋ, ਜਿਨ੍ਹਾਂ ਵਿੱਚ ਸੁਖਪ੍ਰੀਤ ਸਿੰਘ 23, ਉਸਦੀ ਪਤਨੀ ਰਮਨਦੀਪ ਕੌਰ 26 ਨੂੰ ਗ੍ਰਿਫਤਾਰ ਕਰ ਲਿਆ। ਇਹ ਦੋਵੇਂ ਪੀੜਿਤ ਲੜਕੀ ਦੇ ਅਤੀ ਨਜ਼ਦੀਕੀ ਰਿਸ਼ਤੇਦਾਰ ਹਨ। ਇਨ੍ਹਾਂ ਉੱਤੇ ਬੱਚੇ ਦੀ ਲਾਸ਼ ਛੁਪਾਉਣ, ਖੁਰਦ-ਬੁਰਦ ਕਰਨ, ਪੁਲਿਸ ਜਾਂਚ ਵਿੱਚ ਰੋਕ ਪਾਉਣ ਅਤੇ ਲਾਸ਼ ਨਾਲ ਖਿਲਵਾੜ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਇਨ੍ਹਾਂ ਨੂੰ ਹੈਲੀਫੈਕਸ ਪ੍ਰੋਵਿਨਸ਼ੀਅਲ ਕੋਰਟ ਵਿੱਚ ਪੇਸ਼ ਕਰਕੇ ਮੁਕੱਦਮਾ ਸ਼ੁਰੂ ਕਰ ਦਿੱਤਾ ਗਿਆ ਹੈ। ਪੂਰੇ ਇਲਾਕੇ ਦੇ ਲੋਕ ਅਤੇ ਗੋਰਿਆਂ ਨਾਲ ਸੰਬੰਧਿਤ ਭਾਈਚਾਰਾ ਸਿੱਖ ਕਿਰਦਾਰ ਉੱਤੇ ਥੂਹ ਥੂਹ ਕਰਦਾ ਦੇਖਿਆ ਜਾ ਰਿਹਾ ਹੈ। ਇਨ੍ਹਾਂ ਦੇ ਇਸ ਘਿਨਾਉਣੇ ਕਾਰਨਾਮੇ ਨੇ ਪੂਰੇ ਖੇਤਰ ਵਿੱਚ ਸਿੱਖ ਭਾਈਚਾਰੇ ਨੂੰ ਬੇਹੱਦ ਸ਼ਰਮਸਾਰ ਕਰ ਦਿੱਤਾ ਦਿੱਤਾ ਹੈ। (ਨੋਟ: ਦੁਖੀ ਮਨ ਨਾਲ ਦੱਸਣਾ ਪੈ ਰਿਹਾ ਹੈ, ਇਸ ਸਮੇਂ ਅੰਗਰੇਜ਼ੀ ਟੀਵੀ ਉੱਪਰ ਖਬਰ ਚੱਲ ਰਹੀ ਹੈ ਕਿ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ --- ਸੰਪਾਦਕ)
ਦੂਸਰੀ ਘਟਨਾ:
ਦੂਸਰੀ ਘਟਨਾ ਵਿੱਚ 17 ਪੰਜਾਬੀ ਅਤੇ ਖਾਸ ਕਰਕੇ ਸਿੱਖ ਨੌਜਵਾਨ ਓਂਟੇਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਸਰੀ (ਬ੍ਰਿਟਿਸ਼ ਕੋਲੰਬੀਆ) ਦੇ ਆਰ ਸੀ ਐੱਮ ਪੀ ਪੁਲਿਸ, ਕੈਨੇਡਾ ਬਾਰਡਰ ਸਰਵਿਸ ਏਜੰਸੀ, ਅਮਰੀਕਨ ਐੱਫਬੀਆਈ ਅਤੇ ਫਿਨਟਰੈਕ ਏਜੰਸੀਆਂ ਨਾਲ ਮਿਲ ਕੇ ਜਬਰੀ ਵਸੂਲੀ, ਅੱਗਜ਼ਨੀ, ਗੋਲੀ ਕਾਂਡ, ਹਿੰਸਾ ਅਤੇ ਧਮਕੀਆਂ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਦੀ ਭਾਲ ਅਤੇ ਛਾਣਬੀਣ ਇਹ ਏਜੰਸੀਆਂ ਮਿਲ ਕੇ ਪਿਛਲੇ ਸਾਲ ਤੋਂ ਕਰਨ ਲੱਗੀਆਂ ਹੋਈਆਂ ਸਨ। ਫੜੇ ਗਏ ਦੋਸ਼ੀਆਂ ਵਿੱਚ ਬਰੈਂਪਟਨ (ਓਂਟੇਰੀਓ) ਨਾਲ ਸੰਬੰਧਿਤ ਇੱਕਬਾਲ ਸਿੰਘ ਬਾਗੜੀਆ 25, ਦਿਲਾਵਰ ਪ੍ਰੀਤ ਸਿੰਘ 20, ਪ੍ਰਭਦੀਪ ਸਿੰਘ ਸੋਹਲ 22, ਅਜੇ ਦੀਪ ਸਿੰਘ 29, ਪ੍ਰਤਾਪ ਵੀਰ ਸਿੰਘ ਘੁੰਮਣ 22, ਨਵਰੂਪ ਸਿੰਘ 24, ਮਹਿੰਦਰ ਸਿੰਘ 30, ਮਨਦੀਪ ਸਿੰਘ 21, ਅੰਮ੍ਰਿਤਜੋਤ ਸਿੰਘ 22, ਜਸ਼ਨਪ੍ਰੀਤ ਸਿੰਘ 22, ਗੋਨੀਤ ਗੋਨੀਤ 27, ਸੁਖਵਿੰਦਰ ਸਿੰਘ 32, ਬੈਰੀ ਤੋਂ ਰਾਜਨ ਸਿੰਘ 28, ਸਰੀ (ਬ੍ਰਿਟਿਸ਼ ਕੋਲੰਬੀਆ) ਤੋਂ ਜਸ਼ਨਬੀਰ ਸਿੰਘ 21 ਅਤੇ ਰਵਿੰਦਰ ਸਿੰਘ 25, ਨੌਰਵੈਲ ਤੋਂ ਆਕਾਸ਼ਦੀਪ ਸਿੰਘ 24, ਗੌਤਮ ਗੌਤਮ 22, ਮਨਟੇਕਾ (ਕੈਲੇਫੋਰਨੀਆ) ਸ਼ਾਮਲ ਸਨ। ਇਨ੍ਹਾਂ ਨੇ ਟਰਾਂਟੋ ਦੇ ਪੀਲ ਇਲਾਕੇ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਹੋਰ ਸ਼ਹਿਰਾਂ, ਅਮਰੀਕਾ ਅਤੇ ਭਾਰਤ ਤਕ ਆਪਣਾ ਜਾਲ਼ ਵਿਛਾਇਆ ਹੋਇਆ ਸੀ। ਪੁਲਿਸ ਨੇ ਇਨ੍ਹਾਂ ਤੋਂ ਗੈਰ ਕਾਨੂੰਨੀ ਹਥਿਆਰ, ਨਸ਼ੀਲੇ ਪਦਾਰਥ, ਜਾਅਲੀ ਪਛਾਣ ਪੱਤਰ ਅਤੇ ਹੋਰ ਸ਼ੱਕੀ ਕਾਗਜ਼ ਪੱਤਰ ਪ੍ਰਾਪਤ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਅਜੇ ਹੋਰ ਵੀ ਬਹੁਤ ਸਾਰੇ ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਪੁਲਿਸ ਏਜੰਸੀਆਂ ਦੀ ਸਾਂਝੀ ਮੁਹਿੰਮ ਜਾਰੀ ਹੈ।
ਗ੍ਰੋਹ:
ਪੁਲਿਸ ਅਨੁਸਾਰ ਇਹ ਅੰਤਰਰਾਸ਼ਟਰੀ ਗ੍ਰੋਹ “ਫਾਰ ਬਰਦਰਜ਼” ਕੌਮਾਂਤਰੀ ਗੈਂਗ ਨਾਲ ਸੰਬੰਧਿਤ ਹੈ ਜੋ ਵੱਖ ਵੱਖ ਦੇਸ਼ਾਂ ਵਿੱਚ ਵੱਡੇ ਪੱਧਰ ’ਤੇ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਹੈ।
ਨਿਸ਼ਾਨਾ:
ਇਸ ਗ੍ਰੋਹ ਦਾ ਨਿਸ਼ਾਨਾ ਸਾਊਥ ਏਸ਼ੀਅਨ ਕਾਰੋਬਾਰੀ ਲੋਕਾਂ, ਹੋਟਲ, ਰੈਸਟੋਰੈਂਟ, ਟਰੱਕਿੰਗ ਕਾਰੋਬਾਰੀਆਂ ਤੋਂ ਜਬਰੀ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅਪਰਾਧਿਕ ਕਾਰਜ ਪਾਏ ਗਏ ਹਨ।
ਢੰਗ ਤਰੀਕਾ:
ਇਹ ਜਬਰੀ ਵਸੂਲੀ ਦੀਆਂ ਧਮਕੀਆਂ ਜਾਰੀ ਕਰਦੇ ਸਨ ਅਤੇ ਜਿਹੜੇ ਕਾਰੋਬਾਰੀ ਨਹੀਂ ਮਨਦੇ ਸਨ, ਉਨ੍ਹਾਂ ਨੂੰ ਹਿੰਸਾ, ਬਾਰ ਬਾਰ ਧਮਕੀਆਂ, ਗੋਲੀਬਾਰੀ ਅਤੇ ਆਗਜਨੀ ਦਾ ਸ਼ਿਕਾਰ ਬਣਾਉਂਦੇ ਸਨ।
ਦੋਸ਼:
ਇਨ੍ਹਾਂ ਉੱਤੇ ਕਰੀਬ 106 ਦੋਸ਼ ਆਇਦ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 11 ਜਬਰੀ ਵਸੂਲੀ, 75 ਗੈਰ ਕਾਨੂੰਨੀ ਹਥਿਆਰ ਰੱਖਣਾ, 24 ਵਿੱਚੋਂ 16 ਸੰਗੀਨ ਹਿੰਸਕ ਘਟਨਾਵਾਂ ਵਿੱਚ ਸ਼ਾਮਲ ਹੋਣਾ ਦਰਜ ਕੀਤੇ ਗਏ ਹਨ।
ਕੈਨੇਡਾ ਪੁਲਿਸ ਨੇ ਹੁਣ ਤਕ 496 ਜਬਰੀ ਵਸੂਲੀ ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿੱਚੋਂ 180 ਟਰਾਂਟੋ ਏਰੀਏ ਨਾਲ ਸਬੰਧਤ ਹਨ। ਪੁਲਿਸ ਨੇ ਹੁਣ ਇਨ੍ਹਾਂ ਦੋਸ਼ੀਆਂ ਨੂੰ ਇਨ੍ਹਾਂ ਦੇ ਪਿਤਰੀ ਦੇਸ਼ਾਂ ਵਿੱਚ ਵਾਪਸ ਭੇਜਣ ਦੀ ਨੀਤੀ ਅਪਣਾਈ ਹੈ। ਹੁਣ ਤਕ ਦੀ ਰਿਪੋਰਟ ਅਨੁਸਾਰ 118 ਦੋਸ਼ੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 55 ਡਿਪੋਰਟ ਕਰ ਦਿੱਤੇ ਗਏ ਹਨ। ਅਜੋਕੇ ਫੜੇ ਗਏ 17 ਗੈਂਗਸਟਰਾਂ ਵਿਰੁੱਧ ਵੀ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਤਿੰਨ ਡਿਪੋਰਟ ਕਰ ਦਿੱਤੇ ਗਏ ਹਨ।
ਭਾਰਤੀ ਪੰਜਾਬ:
ਭਾਰਤੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬੇਕਾਬੂ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੇ “ਯੁੱਧ ਨਸ਼ਿਆਂ ਵਿਰੁੱਧ” ਅਭਿਆਨ, ਫਿਰੌਤੀਆਂ, ਹਿੰਸਾ, ਲੁੱਟਾਂ ਖੋਹਾਂ ਅਤੇ ਜਬਰੀ ਵਸੂਲੀ ਨਾਲ ਸੰਬੰਧਿਤ ਗੈਂਗਸਟਰਾਂ ਵਿਰੁੱਧ ਪੁਲਿਸ ਕਾਰਵਾਈ ਨੂੰ ਕਿਧਰੇ ਵੀ ਬੂਰ ਪੈਂਦਾ ਵਿਖਾਈ ਨਹੀਂ ਦਿੰਦ। ਇਨ੍ਹਾਂ ਵਿੱਚ ਸ਼ਾਮਲ ਸਿੱਖ ਨੌਜਵਾਨਾਂ ਕਰਕੇ ਸਿੱਖ ਭਾਈਚਾਰਾ ਬਦਨਾਮ ਹੋ ਰਿਹਾ ਹੈ। ਇਸ ਸਚਾਈ ਕਿਸੇ ਤੋਂ ਛੁਪੀ ਨਹੀਂ। ਵੈਸੇ ਇਨ੍ਹਾਂ ਸਾਰੀਆਂ ਘਟਨਾਵਾਂ ਪਿੱਛੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਰਾਜਨੀਤਿਕ ਆਗੂ, ਉੱਚ ਅਫਸਰਸ਼ਾਹ ਅਤੇ ਦੇਸੀ-ਵਿਦੇਸ਼ੀ ਬਾਹੂਬਲੀ ਗੈਂਗਸਟਰ ਸ਼ਾਮਲ ਹਨ। ਹੁਣੇ ਹੁਣੇ ਚੌਕਸੀ ਵਿਭਾਗ ਦੇ ਮੁਖੀ ਦਾ ਨਾਮ ਨਿਹਾਦ ਰੀਡਰ ਭ੍ਰਿਸ਼ਟਾਚਾਰੀ ਜਬਰੀ ਵਸੂਲੀ ਵਿੱਚ ਸ਼ਾਮਲ ਪਾਇਆ ਗਿਆ ਹੈ। ਐੱਫਆਈਆਰ ਵਿੱਚ ਚੌਕਸੀ ਵਿਭਾਗ ਦੇ ਮੁਖੀ ਦਾ ਨਾਮ ਵੀ ਦਰਜ ਹੈ। ਦਰਅਸਲ ਚੌਕਸੀ ਵਿਭਾਗ ਦੇ ਸਾਬਕਾ ਨਾਮਵਰ ਅਤੇ ਇਮਾਨਦਾਰ ਮੁਖੀ ਸ੍ਰੀ ਵਰਿੰਦਰ ਕੁਮਾਰ ਆਈਪੀਐੱਸ ਤੋਂ ਬਾਅਦ ਇਹ ਵਿਭਾਗ ਬਿਲਕੁਲ ਲਾਵਾਰਸ ਦਿਖਾਈ ਦੇ ਰਿਹਾ ਹੈ। ਹੁਣ ਤਾਂ ਸਥਿਤੀ ਇਵੇਂ ਹੈ ਜਿਵੇਂ ਵਾੜ ਹੀ ਖੇਤ ਨੂੰ ਖਾ ਰਹੀ ਹੋਵੇ।
ਪੰਜਾਬ ਦੇ ਹਿਤਾਂ ਅਤੇ ਹੱਕਾਂ ਲਈ ਲੜਨ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਈ ਗੁੱਟਾਂ ਵਿੱਚ ਵੰਡੀ ਹੋਈ ਹੈ। ਹੈਰਾਨਗੀ ਇਸ ਗੱਲ ਦੀ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਮਾਇਆਧਾਰੀ ਸੁਖਬੀਰ ਬਾਦਲ ਦੀ ਬਚਗਾਨੀ ਅਤੇ ਦਿਸ਼ਾਹੀਣ ਲੀਡਰਸ਼ਿੱਪ ਨੇ ਕੀਤਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਬੇੜਾ ਗਰਕ ਮਾਇਆਧਾਰੀ ਮਨਪ੍ਰੀਤ ਸਿੰਘ ਇਆਲੀ ਨੇ ਕਰ ਦਿੱਤਾ ਹੈ। ਇਹ ਹੁਣ ਵਾਰਸ ਪੰਜਾਬ ਅਕਾਲੀ ਦਲ ਨੂੰ “ਵਾਇਰਸ ਪੰਜਾਬ ਅਕਾਲੀ ਦਲ” ਬਣਾ ਕੇ ਬਦਨਾਮ ਕਰਕੇ ਛੱਡੇਗਾ। ਗੁਰਬਾਣੀ ਵਿੱਚ ਸਾਫ ਦਰਜ ਹੈ “ਮਾਇਆਧਾਰੀ ਅਤਿ ਅੰਨਾ ਬੋਲਾ। ਸ਼ਬਦ ਨ ਸੁਣਈ ਬਹੁ ਰੋਲ ਘੁਚੋਲਾ।”
ਸਿੱਖਾਂ ਦੇ ਪੰਥਕ ਹਿਤਾਂ ਦੀ ਰਖਵਾਲੀ ਲਈ ਮਸ਼ਹੂਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਨ 2011 ਤੋਂ ਬਾਅਦ ਹਰ ਪੰਜ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਨਾ ਹੋਣ ਕਰਕੇ ਇਹ ਕਮੇਟੀ ਸਾਹ ਸਤਹੀਣ ਹੋ ਚੁੱਕੀ ਹੈ। ਇਸ ’ਤੇ ਕਾਬਜ਼ ਮੂਰਖਾਨਾ ਲੀਡਰਸ਼ਿੱਪ ਨੇ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ੀਮ ਹਸਤੀ ਨੂੰ ਬੁਰੀ ਤਰ੍ਹਾਂ ਰੋਲ ਕੇ ਰੱਖ ਦਿੱਤਾ ਹੈ। ਸੁਖਬੀਰ ਬਾਦਲ ਵਰਗਾ ਸਿੱਖ ਸਿਧਾਂਤਾਂ ਤੋਂ ਕੋਰਾ ਆਗੂ ਜੇ ਅੱਜ ਇਹ ਕਹਿੰਦਾ ਹੈ ਕਿ ਤਖਤ ਸ਼੍ਰੀ ਪਟਨਾ ਸਾਹਿਬ, ਤਖਤ ਸ਼੍ਰੀ ਹਜ਼ੂਰ ਸਾਹਿਬ, ਦਿੱਲੀ ਅਤੇ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਭਾਰਤੀ ਜਨਤਾ ਪਾਰਟੀ ਚਲਾ ਰਹੀ ਹੈ ਤਾਂ ਕੀ ਇਸ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਇਸਦੀ ਲੀਡਰਸ਼ਿੱਪ ਜ਼ਿੰਮੇਵਾਰ ਨਹੀਂ? ਅਤੇ ਕੀ ਅਜਿਹੀ ਸਿੱਖ ਲੀਡਰਸ਼ਿੱਪ ਨੂੰ ਚੱਪਣੀ ਵਿੱਚ ਨੱਕ ਡੋਬ ਕੇ ਨਹੀਂ ਮਰ ਜਾਣਾ ਚਾਹੀਦਾ?
ਡੇਰਾਵਾਦ:
ਪੰਜਾਬ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਅੰਦਰ ਡੇਰਾਦਾਰ ਬਾਬਿਆਂ ਨੇ ਸਿੱਖ ਪੰਥ ਨੂੰ ਵੱਡੀ ਢਾਹ ਲਾਈ ਹੈ। ਇਨ੍ਹਾਂ ਦੇ ਆਪੋ ਆਪਣੇ ਧਾਰਮਿਕ ਅਸੂਲ ਅਤੇ ਮਰਯਾਦਾਵਾਂ ਹਨ। ਬਹੁਗਿਣਤੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਮਰਯਾਦਾ ਤੋਂ ਆਕੀ ਹਨ। ਇਹ ਅਤੀ ਸ਼ਹਾਨਾ ਅਤੇ ਵਿਲਾਸੀ ਜੀਵਨ ਬਤੀਤ ਕਰਦੇ ਹਨ। ਭੇਖਾਧਾਰੀ ਮਹੰਤ ਬਣੇ ਬੈਠੇ ਸਿੱਖ ਪੰਥ ਨੂੰ ਵੱਖ ਵੱਖ ਧਾਰਮਿਕ ਮਾਨਤਾਵਾਂ ਵਿੱਚ ਵੰਡ ਕੇ ਧ੍ਰੋਹ ਕਮਾ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤੇ ਸ਼ੱਕੀ, ਬਦਚਲਣ, ਭ੍ਰਿਸ਼ਟਾਚਾਰੀ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਂਗਸਟਰਵਾਦੀ ਚਾਲ ਚੱਲਣ ਵਾਲੇ ਸਿੱਖੀ ਨੂੰ ਕੁਰਾਹੇ ਪਾ ਰਹੇ ਹਨ।
ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਪੂਰੇ ਸਿੱਖ ਅਤੇ ਪੰਥ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ “ਧਰਮੁ ਸਰਮੁ ਦੁਇ ਛਿਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ” ਲਾਗੂ ਹੁੰਦਾ ਹੋਵੇ।
ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ’ਤੇ ਸ਼ਾਂਤੀ ਅਤੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਲਈ ਆਪਸੀ ਮੇਲ ਮਿਲਾਪ, ਪਿਆਰ, ਤਿਆਗ, ਸੰਜਮ, ਸੇਵਾ, ਦਇਆ, ਉਪਕਾਰ ਅਤੇ ਸਹਿਣਸ਼ੀਲਤਾ ਨਾਲ ਸਰਸ਼ਾਰ “ਸਚਿਆਰ” ਸਿੱਖ ਅਤੇ ਉਸਦੇ ਅਧਾਰਤ ਸਿੱਖ ਪੰਥ ਚਲਾਇਆ ਸੀ। ਇਸ ਪੰਥ ਨੂੰ ਭਾਈ ਗੁਰਦਾਸ ਜੀ ਨਿਰਮਲ ਪੰਥ ਦਾ ਨਾਮ ਦਿੰਦੇ ਲਿਖਦੇ ਹਨ:
“ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਯਾ।”
ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵਿੱਚ ਖਾਲਸਾ ਸ਼ਾਮਲ ਕਰਕੇ ਇਸ ਨੂੰ ਖਾਲਸਾ ਪੰਥ ਸਜ਼ਾ ਕੇ ਸ਼ਾਂਤੀ, ਵਿਕਾਸ, ਆਪਸੀ ਸਹਿਹੋਂਦ ਨੂੰ ਹੋਰ ਮਜ਼ਬੂਤ ਕੀਤਾ। ਇਸ ਪੰਥ ਦਾ ਮਨੁੱਖੀ ਕਦਰਾਂ ਕੀਮਤਾਂ, ਇਨਸਾਫ, ਸਮਾਜਿਕ ਬਰਾਬਰੀ, ਜ਼ੁਲਮ ਤੋਂ ਰਾਖੀ ਲਈ ਇੱਕ ਵਿਲੱਖਣ ਕੁਰਬਾਨੀਆਂ ਭਰਿਆ ਇਤਿਹਾਸ ਹੈ। ਇਹ ਅਟੱਲ, ਅਜਿੱਤ ਅਤੇ ਅਟੁੱਟ ਸੰਸਥਾਤਮਿਕ ਸਚਾਈ ਹੈ। ਵਿਸ਼ਵ ਵਿੱਚ ਕੋਈ ਅਜਿਹੀ ਸ਼ਕਤੀ ਨਾ ਬਣੀ ਹੈ ਨਾ ਬਣੇਗੀ ਜੋ ਇਸ ਨੂੰ ਮਿਟਾ ਸਕੇ। ਇਤਿਹਾਸ ਇਸਦਾ ਸਾਕਸ਼ੀ ਹੈ।
ਸਿੱਖ ਪੰਥ ਅੱਜ ਪੂਰੇ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਇਸਦੀਆਂ ਅਜ਼ੀਮ ਪ੍ਰਾਪਤੀਆਂ ਤੋਂ ਸਭ ਜਾਣੂ ਹਨ। ਵੱਖ ਵੱਖ ਦੇਸ਼ਾਂ ਵਿੱਚ ਸਿੱਖ ਆਹਲਾ ਅਹੁਦਿਆਂ ਉੱਤੇ ਤਾਇਨਾਤ ਹਨ। ਨਾਨਕ ਵੱਲੋਂ ਬਖਸ਼ੇ ਕਿਰਤ ਸੱਭਿਆਚਾਰ ਅਨੁਸਾਰ ਸਿੱਖਾਂ ਦੇ ਕਿਰਤੀ ਸੁਭਾਅ ਦੀ ਪੂਰਾ ਵਿਸ਼ਵ ਕਦਰ ਕਰਦਾ ਹੈ। ਸੇਵਾ, ਸਿਮਰਨ, ਲੋੜਵੰਦਾਂ ਦੀ ਸਹਾਇਤਾ ਅਤੇ ਮਹਾਂਮਾਰੀਆਂ ਸਮੇਂ ਮਾਨਵ ਸੇਵਾ ਲਈ ਮਹਾਨ ਰੋਲ ਅਦਾ ਕਰਨ ਵਜੋਂ ਇਨ੍ਹਾਂ ਨੇ ਇਸ ਧਰਤੀ ਦੇ ਹਰ ਕੋਨੇ ਵਿੱਚ ਨਾਮਣਾ ਖਟਿਆ ਹੈ। ਲੇਕਿਨ ਪੰਜਾਬ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੇ ਬੋਲਾਂ ਅਨੁਸਾਰ “ਪੰਜਾਬ ਜੀਂਦਾ ਗੁਰਾਂ ਦੇ ਨਾਮ ’ਤੇ ਦੀ ਸਚਾਈ ਨੂੰ ਹਰ ਧਰਮ, ਵਰਗ, ਜਾਤ ਦੇ ਲੋਕ ਮੰਨਦੇ ਹਨ, ਸਿੱਖ ਭਾਈਚਾਰੇ ਨੂੰ ਇੱਕਜੁੱਟ ਹੋਣ ਦੀ ਲੋੜ ਹੈ। ਸਿੱਖ ਪੰਥ ਦੀ ਹੋਂਦ, ਬੋਲਬਾਲੇ ਅਤੇ ਜਾਹੋ ਜਲਾਲ ਨੂੰ ਕਾਇਮ ਰੱਖਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਦਸੰਬਰ 2, ਸਨ 2024 ਹੁਕਮਨਾਮੇ ਅਨੁਸਾਰ ਸਭ ਨੂੰ ਹਉਮੈਂ ਤਿਆਗ ਕੇ ਅਤੇ ਸਭ ਰਾਜਨੀਤਿਕ ਚੁੱਲ੍ਹੇ ਸਮੇਟ ਕੇ ਇੱਕਜੁੱਟ ਹੋ ਜਾਣਾ ਚਾਹੀਦਾ ਹੈ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਆਪਣੀ ਨੌਜਵਾਨ ਪੀੜ੍ਹੀ ਨੂੰ ਸਿੱਖ ਸਿਧਾਂਤਾਂ ਅਨੁਸਾਰ ਸੰਭਾਲਣਾ ਜ਼ਰੂਰੀ ਹੈ। ਇੱਕ ਵੀ ਨੌਜਵਾਨ ਸਿੱਖੀ ਸਿਧਾਂਤਾਂ ਤੋਂ ਭਟਕਣਾ ਨਹੀਂ ਚਾਹੀਦਾ ਅਤੇ ਇੱਕ ਦੀ ਵੀ ਅਜਾਈਂ ਜਾਨ ਨਹੀਂ ਜਾਣੀ ਚਾਹੀਦੀ। ਸਿੱਖ ਅਤੇ ਸਿੱਖੀ ਦੇ ਉੱਚੇ-ਸੁੱਚੇ ਜਾਹੋ ਜਲਾਲ ਭਰੇ ਕਿਰਦਾਰ ਨੂੰ ਮੁੜ ਪਰਜਵਲਤ ਕਰਨ ਦਾ ਬੀੜਾ ਉਠਾਉਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































