“ਅਹਿਮ ਸਵਾਲ ਹੈ ਕਿ ਜਦੋਂ ਹੜ੍ਹ ਆਏ ਸਾਲ ਪੰਜਾਬ ਦੀ ਬਰਬਾਦੀ ਕਰਦੇ ਹਨ ਤਾਂ ਇਨ੍ਹਾਂ ਦੀ ...”
(2 ਸਤੰਬਰ 2025)
ਬਹੁਤਾ ਦੂਰ ਕੀ ਜਾਣਾ ਦੇਸ਼ ਦੀ ਵੰਡ ਬਾਅਦ ਪੰਜਾਬ ਅੰਦਰ ਹੜ੍ਹਾਂ ਦੁਆਰਾ ਬਾਰ-ਬਾਰ ਮਚਾਏ ਜਾਂਦੇ ਕੋਹਰਾਮ ਦੀ ਦਾਸਤਾਨ ਅਤਿ ਪੀੜਾਜਨਕ ਅਤੇ ਬਰਬਾਦੀ ਭਰੀ ਹੈ। ਨਾ ਹੀ ਰਾਜ ਅਤੇ ਨਾ ਹੀ ਕੇਂਦਰ ਸਰਕਾਰਾਂ ਇਨ੍ਹਾਂ ਦੀ ਰੋਕਥਾਮ ਲਈ ਕੋਈ ਸਥਾਈ ਅਤੇ ਪੁਖ਼ਤਾ ਪ੍ਰਬੰਧ ਕਰ ਸਕੀਆਂ ਹਨ ਜਿਸ ਕਰਕੇ ਹੜ੍ਹਾਂ ਦੀ ਮਾਰ ਤੋਂ ਇਸ ਗੁਰੂਆਂ, ਪੀਰਾਂ, ਯੋਧਿਆਂ, ਦੇਸ਼ ਲਈ ਅਜ਼ੀਮ ਕੁਰਬਾਨੀਆਂ ਦੇਣ ਲਈ ਤਤਪਰ ਰਹਿਣ ਵਾਲੇ ਜੁਝਾਰੂ ਸੂਰਮਿਆਂ, ਵਿਸ਼ਵ ਅੰਦਰ ਸਰਵਪ੍ਰਥਮ ਅਸਥਾਨ ਵਾਲੀ ਮਿਹਨਤਕਸ਼ ਕਿਸਾਨੀ ਅਤੇ ਜਾਂਬਾਜ਼ ਖੇਤ ਮਜ਼ਦੂਰਾਂ ਦੀ ਇਸ ਲਾਡਲੀ, ਜ਼ਰਖੇਜ਼ ਅਤੇ ਖੂਬਸੂਰਤ ਧਰਤੀ ਨੂੰ ਬਚਾਇਆ ਜਾ ਸਕੇ। ਇਸ ਨਾਕਾਮੀ ਦਾ ਮੰਜ਼ਰ ਉਦੋਂ ਦੇਸ਼-ਵਿਦੇਸ਼ ਵਿੱਚ ਵਸੇ ਪੰਜਾਬੀਆਂ ਦੇ ਸੀਨੇ ਵਲੂੰਧਰ ਦਿੰਦਾ ਹੈ, ਜਦੋਂ ਇੱਕ ਸਾਬਕਾ ਨਾਮਵਰ ਮੁੱਖ ਸਕੱਤਰ ਪੰਜਾਬ ਆਪਣੇ ਫੇਸਬੁੱਕ ਪੇਜ ’ਤੇ ਅਜੋਕੇ ਅਗਸਤ, 2025 ਦੇ ਪੰਜਾਬ ਵਿੱਚ ਹੜ੍ਹਾਂ ਦੀ ਭਿਆਨਕ ਮਾਰ ਦੀਆਂ ਫੋਟੋਆਂ ਪਾਉਣੋ ਨਾ ਰਹਿ ਸਕਿਆ ਜੋ ਭਾਰਤੀ ਕੇਂਦਰੀ ਅਤੇ ਪੰਜਾਬ ਦੀਆਂ ਰਾਜ ਸਰਕਾਰਾਂ ਦੀਆਂ ਹੜ੍ਹਾਂ ਦੀ ਰੋਕਥਾਮ ਸਬੰਧੀ ਨਾਲਾਇਕੀਆਂ, ਨਾਕਾਮੀਆਂ ਅਤੇ ਭ੍ਰਿਸ਼ਟਾਚਾਰੀ ਨਿਜ਼ਾਮ ਦੀਆਂ ਲਖਾਇਕ ਹਨ। ਉਸ ਵੱਲੋਂ ਇੱਕ ਬਿਹਬਲ ਬਜ਼ੁਰਗ ਵੱਲੋਂ ਗਲ-ਗਲ ਪਾਣੀ ਵਿੱਚੋਂ ਬਜ਼ੁਰਗ ਮਾਂ ਨੂੰ ਬਾਹਰ ਕੱਢਣ ਦਾ ਯਤਨ, ਐਡਾ ਵੱਡਾ ਸੰਵੇਦਨਸ਼ੀਲ ਦ੍ਰਿਸ਼ ਹੈ ਕਿ ਕੋਈ ਵੀ ਦੇਖਣ ਵਾਲੀ ਅੱਖ ਨਮ ਹੋਏ ਬਗੈਰ ਨਹੀਂ ਰਹਿ ਸਕਦੀ।
ਲੇਖਕ ਨੂੰ ਯਾਦ ਹੈ ਜਦੋਂ ਉਹ ਛੋਟਾ ਜਿਹਾ ਬੱਚਾ ਹੁੰਦਾ ਸੀ, ਸੰਨ 1955 ਦੇ ਹੜ੍ਹ ਵੇਲੇ ਠਾਠਾਂ ਮਾਰਦਾ ਪਾਣੀ ਦਾ ਸਮੁੰਦਰ ਪਿੰਡ ਪਾਹੜਾ, ਜ਼ਿਲ੍ਹਾ ਗੁਰਦਾਸਪੁਰ ਦੇ ਲਹਿੰਦੇ ਪਾਸੇ ਵੱਡੇ ਗੁਰਦਵਾਰੇ ਵਿੱਚ, ਜਿੱਥੇ ਉਸਦਾ ਸਕੂਲ ਸੀ, ਵੜ ਗਿਆ ਸੀ। ਗੁਰਦਵਾਰੇ ਦੀ ਲੈਂਟਰ ਵਾਲੀ ਛੱਤ ਚੋਣ ਲੱਗ ਪਈ ਸੀ। ਗਰੀਬਾਂ ਦੇ ਕੱਚੇ ਘਰ ਢਹਿ ਗਏ ਸਨ। ਉਹ ਪਿੰਡ ਦੇ ਜਿਮੀਂਦਾਰਾਂ ਤੋਂ ਛੱਤਾਂ ਨੂੰ ਠੁੰਮਣੇ ਦੇਣ ਲਈ ਲੱਕੜ ਦੀਆਂ ਥੰਮੀਆਂ, ਅਨਾਜ, ਦੁੱਧ ਜਾਂ ਹਵੇਲੀਆਂ ਵਿੱਚ ਬਸੇਰੇ ਦੀ ਮੰਗ ਕਰ ਰਹੇ ਸਨ, ਬਿਮਾਰ ਬੱਚਿਆਂ ਦੇ ਇਲਾਜ ਲਈ ਪੈਸੇ ਧੇਲੇ ਦੀ।
1955 ਹੜ੍ਹ: ਸੰਨ 1955 ਦੇ ਹੜ੍ਹਾਂ ਵਿੱਚ ਉੱਤਰੀ ਭਾਰਤ ਵਿੱਚ ਕਾਫੀ ਨੁਕਸਾਨ ਹੋਇਆ ਸੀ। ਪਰ ਉਸ ਸਮੇਂ ਸਾਂਝੇ ਪੂਰਬੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ। ਉਦੋਂ ਵੀ ਰਾਵੀ, ਬਿਆਸ, ਸਤਲੁਜ ਅਤੇ ਘੱਗਰ ਆਦਿ ਦਰਿਆਵਾਂ ਨੇ ਪੰਜਾਬ ਦੀ ਬਰਬਾਦੀ ਦੇ ਘੱਘਰ ਖੋਲ੍ਹ ਕੇ ਰੱਖ ਦਿੱਤੇ ਸਨ। ਭਾਰਤੀ ਹਵਾਈ ਸੈਨਾ ਨੂੰ ਹੜ੍ਹ ਪੀੜਿਤਾਂ, ਦੂਰ-ਦੁਰੇਡੇ ਅਤੇ ਪਿੰਡਾਂ ਵਿੱਚ ਫਸੇ ਹੋਏ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਦੇ ਪੈਕੇਟ ਪਹੁੰਚਾਉਣ, ਘਰਾਂ ਦੀਆਂ ਛੱਤਾਂ, ਦਰਖ਼ਤਾਂ ਅਤੇ ਟਿੱਬਿਆਂ ’ਤੇ ਚੜ੍ਹ ਭੁੱਖੇ-ਭਾਣੇ ਲੋਕਾਂ, ਬੱਚਿਆਂ, ਬ੍ਰਿਧਾਂ ਨੂੰ ਬਚਾਉਣ ਲਈ ਸੱਦਿਆ ਗਿਆ। ਦੇਸ਼ ਦੇ ਤੱਤਕਾਲੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਖ਼ੁਦ ਹਵਾਈ ਜਹਾਜ਼ ਵਿੱਚ ਹੜ੍ਹ ਮਾਰੇ ਇਲਾਕਿਆਂ, ਲੋਕਾਂ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ।
ਅੱਜ ਜਦੋਂ ਪੰਜਾਬ ਬੁਰੀ ਤਰ੍ਹਾਂ ਹੜ੍ਹਾਂ ਦੀ ਲਪੇਟ ਵਿੱਚ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਤਾਮਿਲਨਾਡੂ ਦਾ ਦੌਰਾ ਰੱਦ ਕਰ ਦੇਣਾ ਚਾਹੀਦਾ ਸੀ। ਨਾ ਉਨ੍ਹਾਂ ਅਤੇ ਨਾ ਕਿਸੇ ਸਲਾਹਕਾਰ, ਨਾ ਦਿੱਲੀ ਟੀਮ ਨੇ ਅਜਿਹਾ ਸੋਚਿਆ। ਪੰਜਾਬੀਆਂ ਨੂੰ ਚੰਗਾ ਲਗਦਾ ਜੇ ਉਹ ਅਜਿਹਾ ਕਰਦੇ। ਉਲਟਾ ਇਸ ਮਾਰੂ ਹੜ੍ਹ ਦੀ ਸਥਿਤੀ ਵਿੱਚ ਕੁਝ ਵਿਧਾਇਕਾਂ ਨੂੰ ਮੁੱਖ ਮੰਤਰੀ ਦੇ ਤਾਮਿਲਨਾਡੂ ਦੇ ਦੌਰੇ ਦੀਆਂ ਪ੍ਰਾਪਤੀਆਂ (ਪਤਾ ਨਹੀਂ ਕਿਹੜੀਆਂ) ਦਾ ਪ੍ਰਚਾਰ ਕਰਨ ਦਾ ਦਬਾਅ ਪਾਇਆ ਤਾਂ ਉਨ੍ਹਾਂ ਸਾਫ਼ ਇਨਕਾਰ ਕਰ ਦਿੱਤਾ। ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੇ ਪ੍ਰਤੀਕਰਮ ਦਾ ਉਨ੍ਹਾਂ ਨੂੰ ਗਿਆਨ ਸੀ।
ਸੰਨ 1955 ਦੇ ਹੜ੍ਹਾਂ ਵਿੱਚ ਪੰਜਾਬ ਦੀ ਕਪਾਹ, ਝੋਨੇ ਅਤੇ ਕਮਾਦ ਦੀਆਂ ਫਸਲਾਂ ਬਰਬਾਦ ਹੋ ਗਈਆਂ ਸਨ। ਕਰੀਬ 30,00000 ਡਾਲਰ ਦਾ ਉਦੋਂ ਨੁਕਸਾਨ ਹੋਇਆ। 1175 ਲੋਕ ਮਾਰੇ ਗਏ ਸਨ। ਕਰੀਬ 8 ਹਜ਼ਾਰ ਪਸ਼ੂ ਰੁੜ੍ਹ ਗਏ ਸਨ।
1988 ਹੜ੍ਹ: ਸੰਨ 1988 ਵਿੱਚ ਮੁੜ ਭਿਆਨਕ ਹੜ੍ਹਾਂ ਦਾ ਪੰਜਾਬ ਨੂੰ ਸਾਹਮਣਾ ਕਰਨਾ ਪਿਆ। ਉਸ ਸਮੇਂ ਪੰਜਾਬ ਵਿੱਚ ਰਾਜਕੀ ਅਤੇ ਗੈਰ-ਰਾਜਕੀ ਅੱਤਵਾਦ ਭਾਰੂ ਸੀ। ਪੂਰਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਅਰਧ ਫ਼ੌਜੀ ਦਲਾਂ ਸਮੇਤ ਇਸ ਭਿਆਨਕ ਅੱਤਵਾਦੀ ਦੁਖਾਂਤ ਵਿੱਚ ਮਸਰੂਫ ਸਨ। ਉਸ ਸਮੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਮੇਜਰ ਜਨਰਲ ਬੀ.ਐੱਨ.ਕੁਮਾਰ ਸੀ। ਉਸ ’ਤੇ ਦੋਸ਼ ਸਨ ਕਿ ਉਸਨੇ ਗਲਤ ਢੰਗ ਨਾਲ ਭਾਖੜਾ ਅਤੇ ਪੌਂਗ ਡੈਮ ਵਿੱਚੋਂ ਪਾਣੀ ਛੱਡਿਆ। ਭਾਰੀ ਬਾਰਸ਼ਾਂ ਅਤੇ ਇਸ ਅਣਉਚਿੱਤ ਪਾਣੀ ਨੇ ਪੰਜਾਬ ਦੇ 12989 ਪਿੰਡਾਂ ਵਿੱਚੋਂ 9 ਹਜ਼ਾਰ ਪਿੰਡਾਂ ਨੂੰ ਪਾਣੀ ਵਿੱਚ ਡੁਬੋ ਕੇ ਰੱਖ ਦਿੱਤਾ। ਕਰੀਬ 2500 ਪਿੰਡ ਤਾਂ ਪੂਰੀ ਤਰ੍ਹਾਂ ਮਲੀਆਮੇਟ ਹੋ ਗਏ ਸਨ। 34 ਲੱਖ ਪੰਜਾਬੀਆਂ ਨੂੰ ਘਰ ਬਾਰ ਛੱਡਣੇ ਪਏ। ਆਪਣੀ ਨਲਾਇਕੀ ਅਤੇ ਮੂਰਖਤਾ ਛੁਪਾਉਣ ਲਈ ਮੇਜਰ ਜਨਰਲ ਕੁਮਾਰ ਨੇ ਮੌਸਮ ਵਿਭਾਗ ਸਿਰ ਦੋਸ਼ ਮੜ੍ਹ ਦਿੱਤਾ। ਪੰਜਾਬ ਦੇ ਜ਼ਰਖੇਜ਼ ਜ਼ਿਲ੍ਹੇ ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਕਪੂਰਥਲਾ ਆਦਿ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। 500 ਲੋਕ ਇਨ੍ਹਾਂ ਹੜ੍ਹਾਂ ਦੀ ਭੇਂਟ ਚੜ੍ਹੇ। ਹਜ਼ਾਰਾਂ ਪਸ਼ੂ ਹੜ੍ਹ ਗਏ ਅਤੇ ਮਰ ਗਏ। ਇਹ ਮੇਜਰ ਜਨਰਲ ਬਾਅਦ ਵਿੱਚ ਖਾੜਕੂ ਅਨਸਰ ਦਾ ਸ਼ਿਕਾਰ ਹੋ ਗਿਆ।
ਹੋਰ ਹੜ੍ਹ: ਸੰਨ 1993 ਵਿੱਚ ਪਟਿਆਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਮਾਨਸਾ, ਗੁਰਦਾਸਪੁਰ ਵਿੱਚ ਭਾਰੀ ਹੜ੍ਹਾਂ ਕਰਕੇ 4 ਹਜ਼ਾਰ ਪਿੰਡ ਨੁਕਸਾਨੇ ਗਏ। ਵੱਡੀ ਪੱਧਰ ’ਤੇ ਸੜਕਾਂ ਰੁੜ੍ਹ ਗਈਆਂ। ਵੱਡਾ ਜਾਨੀ-ਮਾਲੀ ਅਤੇ ਫਸਲਾਂ ਦਾ ਨੁਕਸਾਨ ਹੋਇਆ। ਸੰਨ 2013 ਵਿੱਚ ਹੜ੍ਹਾਂ ਕਰਕੇ ਨਵਾਂ ਸ਼ਹਿਰ, ਮੁਕਤਸਰ, ਗੁਰਦਾਸਪੁਰ, ਕਪੂਰਥਲਾ, ਤਰਨਤਾਰਨ, ਰੋਪੜ ਅਤੇ ਮੋਗਾ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਸੰਨ 2023 ਵਿੱਚ ਹੜ੍ਹਾਂ ਕਰਕੇ ਪੰਜਾਬ ਦੇ 19 ਜ਼ਿਲ੍ਹੇ ਮਾਰ ਹੇਠ ਆਏ। ਸਤਲੁਜ, ਬਿਆਸ, ਰਾਵੀ ਦਰਿਆਵਾਂ ਦੇ ਹੜ੍ਹਾਂ ਨੇ ਹਜ਼ਾਰਾਂ ਏਕੜ ਫਸਲਾਂ ਨੂੰ ਮਲੀਆਂਮੇਟ ਕੀਤਾ। ਇਹ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜੁਮਲਿਆਂ ਵਾਂਗ ਹੜ੍ਹ ਸਾਰੇ ਪੰਜਾਬੀਆਂ ਦੇ ਜ਼ਖਮਾਂ ’ਤੇ ਲੂਣ ਭੁੱਕਣ ਵਾਲਾ ਜੁਮਲਾ ਸਿੱਧ ਹੋਇਆ।
ਅਜੋਕਾ ਹੜ੍ਹ: ਅਗਸਤ, 2025 ਵਿੱਚ ਲਗਾਤਾਰ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਪੰਜਾਬ ਵਿੱਚ ਭਾਰੀ ਬਾਰਿਸ਼ਾਂ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਨੇ ਪੰਜਾਬ ਵਿੱਚ ਹੜ੍ਹਾਂ ਨੂੰ ਮਾਰੂ ਆਫ਼ਤ ਵਿੱਚ ਬਦਲ ਦਿੱਤਾ। ਪੰਜਾਬ ਦੇ 9 ਜ਼ਿਲ੍ਹਿਆਂ ਜਿਵੇਂ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਰੋਪੜ ਅਤੇ ਮੋਗਾ ਆਦਿ ਨੂੰ ਵੱਡੀ ਪੱਧਰ ’ਤੇ ਰਾਵੀ, ਬਿਆਸ, ਸਤਲੁਜ ਆਦਿ ਦਰਿਆਵਾਂ ਨੇ ਆਪਣੀ ਲਪੇਟ ਵਿੱਚ ਲੈ ਲਿਆ। ਵੈਸੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ 16 ਜ਼ਿਲ੍ਹਿਆਂ ਦਾ 44899 ਹੈਕਟੇਅਰ ਫਸਲਾਂ ਭਰਪੂਰ ਇਲਾਕਾ ਬੁਰੀ ਤਰ੍ਹਾਂ ਲਪੇਟ ਵਿੱਚ ਹੈ। ਕਪੂਰਥਲਾ, ਹੁਸ਼ਿਆਰਪੁਰ, ਗੁਰਦਾਸਪੁਰ, ਫਾਜ਼ਿਲਕਾ ਵਿੱਚ ਕਰੀਬ 9000 ਏਕੜ ਫਸਲ ਪਾਣੀ ਵਿੱਚ ਡੁੱਬੀ ਹੋਈ ਹੈ। ਸੁਲਤਾਨਪੁਰ ਲੋਧੀ ਖੇਤਰ ਵਿੱਚ ਸੰਨ 2023 ਦੇ ਹੜ੍ਹਾਂ ਵਾਲੀ ਧੁੱਸੀ ਟੁੱਟਣ ਕਰਕੇ 30-35 ਪਿੰਡਾਂ ਦੀ 10,000 ਏਕੜ ਫਸਲ ਪ੍ਰਭਾਵਿਤ ਹੋਈ ਹੈ।
ਪਠਾਨਕੋਠ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੀ ਬਰਬਾਦੀ ਕਈ ਸਾਲ ਭੁੱਲਣ ਵਾਲੀ ਨਹੀਂ। ਮਾਧੋਪੁਰ ਹੈੱਡਵਰਕਸ ਦੇ 4 ਗੇਟਾਂ ਦਾ ਟੁੱਟਣਾ, ਇੱਕ ਫੋਰਮੈਨ ਦਾ ਰੁੜ੍ਹ ਜਾਣਾ ਜਦਕਿ 50 ਲੋਕ ਸੁਰੱਖਿਅਤ ਕੱਢੇ ਗਏ। ਦੀਨਾਨਗਰ ਦੇ ਰਾਵੀ ਪਾਰਲੇ ਪਿੰਡਾਂ ਦਾ ਸੰਪਰਕ ਭਾਰਤ ਨਾਲੋਂ ਟੁੱਟ ਗਿਆ। ਦੇਸ਼ ਦੀ ਵੰਡ ਬਾਅਦ ਅਜੇ ਤਕ ਕੋਈ ਸਰਕਾਰ ਉਨ੍ਹਾਂ ਨੂੰ ਜੋੜਨ ਲਈ ਪੱਕਾ ਪੁਲ ਨਹੀਂ ਉਸਾਰ ਸਕੀ। ਉਹ ਦੁਖੀ ਹਿਰਦੇ ਨਾਲ ਅਕਸਰ ਨਿਹੋਰਾ ਮਾਰਦੇ ਹਨ ਕਿ ਸਾਨੂੰ ਪਾਕਿਸਤਾਨ ਨੂੰ ਦੇ ਦਿਉ, ਜੇ ਪੁਲ ਨਾਲ ਨਹੀਂ ਜੋੜਨਾ। ਡੇਰਾ ਬਾਬਾ ਨਾਨਕ ਖੇਤਰ ਪਾਣੀ ਵਿੱਚ ਡੁੱਬ ਗਿਆ। ਪਾਕਿਸਤਾਨ ਵਿਚਲਾ ਕਰਤਾਰਪੁਰ ਸਾਹਿਬ ਗੁਰਦੁਵਾਰਾ 7-8 ਫੁੱਟ ਪਾਣੀ ਦੀ ਲਪੇਟ ਵਿੱਚ ਆ ਗਿਆ। ਬਠਿੰਡਾ ਜ਼ਿਲ੍ਹੇ ਵਿੱਚ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਭਾਰੀ ਮੀਂਹ ਕਰਕੇ ਰਸਤੇ ਬੰਦ ਹੋ ਗਏ। ਸਰਕਾਰੀ ਹਸਪਤਾਲ ਦੇ ਡਾਕਟਰਾਂ ਨੂੰ ਖਾਲਸਾ ਸਕੂਲ ਦੀ ਛੱਤ ’ਤੇ ਚੜ੍ਹ ਕੇ ਹਸਪਤਾਲ ਮਰੀਜ਼ਾਂ ਦੀ ਦੇਖਭਾਲ ਲਈ ਜਾਣਾ ਪਿਆ। ਪਾਤੜਾਂ ਵਿੱਚ ਚੋਅ ਦੇ ਟੁੱਟੇ ਬੰਨ੍ਹ ਨੇ ਸੈਂਕੜੇ ਏਕੜ ਫਸਲ ਬਰਬਾਦ ਕਰ ਦਿੱਤੀ। ਹੁਸ਼ਿਆਰਪੁਰ ਵਿੱਚ ਟਾਂਡਾ, ਮੁਕੇਰੀਆਂ, ਫਿਰੋਜ਼ਪੁਰ ਵਿੱਚ ਸਤਲੁਜ ਪਾਰਲੇ 12 ਪਿੰਡ ਜਲ-ਥਲ ਇੱਕ ਹੋ ਗਿਆ। ਦਰਜਨਾਂ ਪਿੰਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਦਰ ਸਹਿਤ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਏ ਗਏ। ਪਸ਼ੂਆਂ ਲਈ ਚਾਰਾ ਨਾ ਹੋਣ ਕਰਕੇ ਭਾਰੀ ਮੁਸੀਬਤ ਬਣੀ ਪਈ ਹੈ। ਹਜ਼ਾਰਾਂ ਲੋਕ ਘਰ ਛੱਡਣ ਲਈ ਮਜਬੂਰ ਹਨ। ਥਾਂ-ਥਾਂ ਲੋਕਾਂ ਨੂੰ ਰੰਜ ਹੈ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ, ਰਾਜਨੀਤੀਵਾਨ ਅਤੇ ਮਾਨ ਸਰਕਾਰ ਉਨ੍ਹਾਂ ਦੇ ਬਚਾ, ਰਾਹਤ ਕਾਰਜ, ਖਾਣ-ਪੀਣ ਦਾ ਸਮਾਨ ਮੁਹਈਆ ਕਰਨ ਅਤੇ ਪਸ਼ੂਆਂ ਦੇ ਚਾਰੇ ਲਈ ਅੱਗੇ ਨਹੀਂ ਆਏ। ਬਿਮਾਰ ਲੋਕਾਂ ਅਤੇ ਪਸ਼ੂਆਂ ਦੇ ਇਲਾਜ ਲਈ ਡਾਕਟਰੀ ਅਮਲਾ ਨਦਾਰਦ ਰਿਹਾ। ਡੇਰੇਦਾਰ, ਬਾਬੇ, ਖਾਲਸਾ ਏਡ ਨਦਾਰਦ ਹਨ। ਹੁਣ ਤਕ 30 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਨਦਾਰਦ: ਪੰਡਤ ਜਵਾਹਰ ਲਾਲ ਨਹਿਰੂ ਵਾਂਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਨ੍ਹਾਂ ਦੀ ਸਾਰ ਲਈ ਨਹੀਂ ਆਇਆ। ਸੱਤਾਧਾਰੀ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਸਲ ਵਿੱਚ ਪੰਜਾਬ ਸਰਕਾਰ ਰਿਮੋਟ ਕੰਟਰੋਲ ਰਾਹੀਂ ਚਲਾਉਂਦੇ ਹਨ। ਸਾਮ, ਦਾਮ, ਦੰਡ, ਭੇਦ, ਸੱਚ-ਝੂਠ, ਸਵਾਲ-ਜਵਾਬ, ਲੜਾਈ-ਝਗੜਾ ਆਦਿ ਰਾਹੀਂ ਸੰਨ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਦਾ ਪੰਜਾਬੀਆਂ ਨੂੰ ਪਾਠ ਪੜ੍ਹਾਉਣ ਵਾਲੇ ਮੁਨੀਸ਼ ਸਿਸੋਧੀਆ, ਸੰਜਯ ਸਿੰਘ, ਸੰਦੀਪ ਪਾਠਕ, ਰਾਘਵ ਚੱਢਾ, ਸਤੇਂਦਰ ਜੈਨ ਸਮੇਤ ਸੁਪਰੀਮੋ ਕੇਜਰੀਵਾਲ ਦੇ ਇਸ ਆਫਤ ਦੀ ਘੜੀ ਕਿਤੇ ਦਿਖਾਈ ਨਹੀਂ ਦਿੱਤੇ। ‘ਪਗ ਯਾਤਰੂ’ ਕਾਂਗਰਸ ਆਗੂ ਰਾਹੁਲ ਗਾਂਧੀ ਵੀ ਗਾਇਬ ਰਹੇ। ਕੇਂਦਰ ਸਰਕਾਰ ਅਤੇ ਉਸਦੀਆਂ ਆਫਤ ਰੋਕੂ ਟੀਮਾਂ ਨਦਾਰਦ ਰਹੀਆਂ। ਰਾਜਪਾਲ ਨਦਾਰਦ ਰਹੇ।
ਹੜ੍ਹ ਕਿਉਂ? ਅਹਿਮ ਸਵਾਲ ਹੈ ਕਿ ਜਦੋਂ ਹੜ੍ਹ ਆਏ ਸਾਲ ਪੰਜਾਬ ਦੀ ਬਰਬਾਦੀ ਕਰਦੇ ਹਨ ਤਾਂ ਇਨ੍ਹਾਂ ਦੀ ਰੋਕਥਾਮ ਸਥਾਈ ਤੌਰ ’ਤੇ ਕਿਉਂ ਨਹੀਂ? ਪਾਕਿਸਤਾਨੀ ਪੰਜਾਬ (ਲਹਿੰਦਾ ਪੰਜਾਬ) ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਨੇ ਲਗਾਤਾਰ ਹੜ੍ਹ ਮਾਰੇ ਇਲਾਕਿਆਂ ਦਾ ਦੌਰਾ ਕਰਕੇ ਦੱਸਿਆ ਕਿ ਉਨ੍ਹਾਂ ਰਾਵੀ ਵਿੱਚ ਕਦੇ ਐਨਾ ਪਾਣੀ ਨਹੀਂ ਤੱਕਿਆ। ਉਨ੍ਹਾਂ ਨੇ ਭਵਿੱਖ ਵਿੱਚ ਹੜ੍ਹ ਰੋਕਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ ਜੋ ਭਵਿੱਖ ਵਿੱਚ ਸਥਾਈ ਰੋਕਥਾਮ ਲਈ ਰਿਪੋਰਟ ਕਰੇਗੀ। ਅਗਲੇ ਸਾਲ ਤੋਂ ਪਹਿਲਾਂ-ਪਹਿਲਾਂ ਇਸ ’ਤੇ ਅਮਲ ਕੀਤਾ ਜਾਵੇਗਾ। ਭਾਰਤੀ ਪੰਜਾਬ ਵਿੱਚ ਵੀ ਅਜਿਹੀ ਸਥਾਈ ਰੋਕਥਾਮ ਯੋਜਨਾ ਦੀ ਲੋੜ ਹੈ। ਕੇਂਦਰ ਇਸ ਲਈ ਧਨ ਜੁਟਾਵੇ। ਆਰਥਿਕ ਬਦਹਾਲੀ ਦਾ ਸ਼ਿਕਾਰ ਪੰਜਾਬ ਇਸ ਸਮਰੱਥ ਨਹੀਂ ਹੈ।
ਸਰਕਾਰ, ਸਬੰਧਿਤ ਸਿੰਜਾਈ ਮੰਤਰੀ, ਅਮਲਾ ਮਈ ਮਹੀਨੇ ਤੋਂ ਪਹਿਲਾਂ ਧੁੱਸੀਆਂ, ਡੈਮਾਂ, ਨਹਿਰਾਂ, ਦਰਿਆਵਾਂ ਦੇ ਦੌਰੇ ਕਰਕੇ ਕਮਜ਼ੋਰੀਆਂ ਦੂਰ ਨਹੀਂ ਕਰਦੇ। ਡਿਪਟੀ ਕਮਿਸ਼ਨਰ ਹੜ੍ਹਾਂ ਸਬੰਧੀ ਨੋਟ ਅਗਲੇ ਉੱਤਰਾਧਿਕਾਰੀਆਂ ਲਈ ਨਹੀਂ ਛੱਡ ਕੇ ਜਾਂਦੇ। ਡੈਮਾਂ, ਬੈਰਾਜਾਂ ਦੇ ਗੇਟ ਚੈੱਕ ਨਹੀਂ ਕੀਤੇ ਜਾਂਦੇ। ਉਨ੍ਹਾਂ ਦੀ ਗਰੀਸਿੰਗ ਨਹੀਂ ਕਰਦੇ। ਧੁੱਸੀ ਬੰਨ੍ਹ ਲਗਾਤਾਰ ਨਜ਼ਰ ਵਿੱਚ ਨਹੀਂ ਰੱਖੇ ਜਾਂਦੇ। ਦਰਿਆਵਾਂ, ਨਹਿਰਾਂ, ਖੱਡਾਂ ਦੀ ਮਾਈਨਿੰਗ ਨਹੀਂ ਰੋਕੀ ਜਾਂਦੀ। ਇਹ ਅਤੇ ਸਿੰਜਾਈ ਵਿਭਾਗ ਰਾਜਨੀਤੀਵਾਨਾਂ, ਅਫਸਰਸ਼ਾਹਾਂ ਅਤੇ ਠੇਕੇਦਾਰਾਂ ਲਈ ਸੋਨੇ ਦੀ ਖਾਣ ਹਨ। ਕੇਂਦਰ ਅਤੇ ਰਾਜ ਆਫਤ ਪ੍ਰਬੰਧਨ ਅਥਾਰਟੀ ਮਜ਼ਬੂਤ ਕੀਤੀ ਜਾਣੀ ਜ਼ਰੂਰੀ ਹੈ। ਵਾਤਾਵਰਣ ਸੰਭਾਲ ਬਗੈਰ ਗਲੋਬਲ ਵਾਰਮਿੰਗ ਸਿਰ ਚੜ੍ਹ ਕੇ ਬੋਲ ਰਹੀ ਹੈ ਜੋ ਹੜ੍ਹਾਂ, ਸੋਕੇ, ਤੂਫਾਨਾਂ ਅਤੇ ਅੱਗਾਂ ਦਾ ਕਾਰਨ ਹੈ। ਇਸ ਨਾਲ ਹੀ ਰਾਜ ਸਰਕਾਰ ‘ਦਰੱਖ਼ਤ ਸੰਭਾਲ ਕਾਨੂੰਨ’ ਬਣਾਵੇ। ਦਰੱਖਤ ਕੱਟਣ ਵਾਲੇ ਨੂੰ 1 ਲੱਖ ਰੁਪਏ ਜੁਰਮਾਨਾ, 10 ਸਾਲ ਕੈਦ ਹੋਣੀ ਚਾਹੀਦੀ ਹੈ। ਦਰਿਆਵਾਂ, ਨਹਿਰਾਂ, ਸੂਇਆਂ, ਵੇਈਆਂ ਅਤੇ ਨਜਾਇਜ਼ ਕਬਜ਼ਾ ਕਰਨ ਵਾਲਿਆਂ ਲਈ ਵੀ ਉਪਰੋਕਤ ਸਜ਼ਾ ਨਿਰਧਾਰਤ ਕੀਤੀ ਜਾਏ। ਢੱਠੇ ਮਕਾਨਾਂ, ਫਸਲ ਖਰਾਬੇ, ਮਰੇ ਪਸ਼ੂਆਂ, ਘਰ ਛੱਡਣ ਵਾਲਿਆਂ ਲਈ ਸਰਕਾਰਾਂ ਮੁਆਵਜ਼ਾ ਭਰਨ।
ਹਰਿਆਣਾ ਸੀ.ਐੱਮ.: ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਹਰ ਮਦਦ ਦਾ ਭਰੋਸਾ ਦਿੱਤਾ ਹੈ। ਇਹ ਸਲਾਹੁਣਯੋਗ ਕਦਮ ਹੈ। ਵੈਸੇ ਵੀ ਉਹ ਪੰਜਾਬ ਵਿੱਚ ਭਾਜਪਾ ਦੇ ਕਾਰਜਕਾਰੀ ਪ੍ਰਭਾਰੀ ਵਜੋਂ ਵਿਚਰ ਰਹੇ ਹਨ।
ਹੀਰੋ: ਇਸ ਆਫਤ ਦੀ ਘੜੀ ਵਿੱਚ ਰਾਣਾ ਗੁਰਜੀਤ ਸਿੰਘ ਦੇ ਲੜਕੇ ਵਿਧਾਇਕ ਸੁਲਤਾਨਪੁਰ ਲੋਧੀ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵੱਡੀ ਭੂਮਿਕਾ ਨਿਭਾਈ। ਉਹ ਆਪਣੇ ਹੜ੍ਹ ਮਾਰੇ ਇਲਾਕੇ ਵਿੱਚ ਪੀੜਿਤ ਲੋਕਾਂ ਨਾਲ ਡਟੇ ਰਹੇ। ਤਿੰਨ ਨਿੱਜੀ ਜੇ ਸੀ.ਬੀ. ਮਸ਼ੀਨਾਂ ਨਾਲ ਬੰਨ੍ਹ ਟੁੱਟਣੋ ਬਚਾਉਣ ਦਾ ਵੱਡਾ ਯਤਨ ਕੀਤਾ ਭਾਵੇਂ ਸਫ਼ਲ ਨਾ ਹੋ ਸਕੇ। ਉਹ ਰਾਜਨੀਤੀਵਾਨਾਂ ਲਈ ਰੋਲ ਮਾਡਲ ਬਣ ਕੇ ਉੱਭਰੇ। ਸਮਾਂ ਵਿਹਾ ਕੇ ਜਦੋਂ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਦੇ ਪ੍ਰਤੀਦੰਦੀ ਨਵਤੇਜ ਚੀਮਾ ਨਾਲ ਉੱਥੇ ਪੁੱਜੇ ਤਾਂ ਦਲੇਰੀ ਨਾਲ ਕਿਹਾ, “ਚਾਚਾ ਜੀ ਹੁਣ ਕਿਵੇਂ?” ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਹੜ੍ਹ ਪੀੜਿਤਾਂ ਦੀ ਮਦਦ, 30 ਹਜ਼ਾਰ ਲੀਟਰ ਡੀਜ਼ਲ, ਪਾਣੀ ਕੱਢਣ ਲਈ ਪੰਪਾਂ ਅਤੇ ਜੇ.ਸੀ.ਬੀ. ਮਸ਼ੀਨਾਂ ਨਾਲ ਮਦਦ ਕੀਤੀ।
ਦਾਲ ਵਿੱਚ ਕਾਲਾ: ਸੰਨ 1988 ਵਾਂਗ ਇਸ ਵਾਰ ਡੈਮਾਂ ਵਿੱਚੋਂ ਪਾਣੀ ਛੱਡਣ ਵਿੱਚ ਕੁਤਾਹੀ ਪੰਜਾਬ ਵਿਰੋਧੀ ਸਾਜ਼ਿਸ ਲਗਦੀ ਹੈ। ਅਜਿਹੀ ਕੁਤਾਈ ’ਤੇ ਵਿਧਾਇਕ ਪ੍ਰਗਟ ਸਿੰਘ ਨੇ ਸਵਾਲ ਚੁੱਕੇ ਹਨ। ਪੌਂਗ ਡੈਮ ਵਿੱਚੋਂ ਪਾਣੀ ਛੱਡਣ ਦਾ ਸਖ਼ਤ ਨੋਟਿਸ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਲਿਆ। ਇਹ ਮਸਲਾ ਹਾਈ ਕੋਰਟ ਜੱਜ ਦੀ ਅਗਵਾਈ ਵਿੱਚ ਜਾਂਚ ਮੰਗਦਾ ਹੈ। ਭਵਿੱਖ ਵਿੱਚ ਹੜ੍ਹ ਰੋਕਣ ਲਈ ਸਥਾਈ ਯੋਜਨਾ ਅਤੇ ਹੜ੍ਹ ਰੋਕੂ ਬੋਰਡ ਗਠਤ ਕੀਤਾ ਜਾਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (