“ਮੋਹ ਮਾਇਆ ਅਤੇ ਪਦਾਰਥਵਾਦ ਦੀ ਦੌੜ ਵਿੱਚ ਮਸਰੂਫ਼ ਹੋ ਕੇ ਅੱਜ ਮਨੁੱਖ ਆਪਣੀ ਹਸਤੀ ...”
(26 ਜੁਲਾਈ 2025)
ਕਿਤੇ ਵੀ ਕੋਈ ਗੱਲ ਚਲਦੀ ਹੋਵੇ, ਕੋਈ ਮੁਲਾਕਾਤ ਹੋਵੇ ਜਾਂ ਇੰਟਰਵਿਊ, ਪਹਿਲਾ ਸਵਾਲ ਇਹ ਹੁੰਦਾ ਹੈ ਕਿ ਆਪਣੀ ਜਾਣ-ਪਛਾਣ ਕਰਵਾਉ। ਕੁਝ ਦੱਸੋ ਆਪਣੇ ਬਾਰੇ, ਪਿਛੋਕੜ ਬਾਰੇ ਤੇ ਆਪਣੀ ਯੋਗਤਾ ਜਾਂ ਫਿਰ ਪ੍ਰਾਪਤੀਆਂ ਬਾਰੇ? ਜਦੋਂ ਤਕ ਮਹਿਮਾਨ ਜਾਂ ਮੇਜ਼ਬਾਨ ਨੂੰ ਤੁਹਾਡੇ ਬਾਰੇ ਕੁਝ ਪਤਾ ਹੀ ਨਹੀਂ ਹੋਵੇਗਾ, ਉਹ ਸਰੋਤਿਆਂ ਨੂੰ ਦੱਸੇਗਾ ਹੀ ਕੀ? ਫਿਰ ਲੰਬੀ ਚੌੜੀ ਸੂਚੀ ਕੱਢ ਕੇ ਅਸੀਂ ਲੱਗ ਪੈਂਦੇ ਹਾਂ ਦੱਸਣ ਆਪਣੇ ਬਾਰੇ, ਘਰਦਿਆਂ ਬਾਰੇ, ਪਿਛੋਕੜ ਬਾਰੇ, ਅੰਤਰਰਾਸ਼ਟਰੀ ਮੰਚ ਹੋਵੇ ਤਾਂ ਦੇਸ਼ ਬਾਰੇ, ਦੇਸ਼ ਵਿੱਚ ਹੀ ਹੋਈਏ ਤਾਂ ਪ੍ਰਾਂਤ ਬਾਰੇ। ਅਸੀਂ ਆਪਣੀ ਵਿੱਦਿਅਕ ਯੋਗਤਾ ਬਾਰੇ ਇੰਨੀਆਂ ਘੁੰਮਣ-ਘੇਰੀਆਂ ਪਾ ਕੇ ਵੱਧ ਤੋਂ ਵੱਧ ਡਿਗਰੀਆਂ ਅਤੇ ਡਿਪਲੋਮੇ ਆਪਣੇ ਨਾਮ ਨਾਲ ਜੋੜ ਲੈਂਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਭੱਲ ਬਣਾਉਣ ਲਈ ਅਤੇ ਵਾਹ ਵਾਹ ਖੱਟਣ ਲਈ ਉਹ ਯੋਗਤਾਵਾਂ ਵੀ ਆਪਣੇ ਨਾਮ ਨਾਲ ਜੋੜ ਲਈਏ ਜੋ ਅਸੀਂ ਪ੍ਰਾਪਤ ਵੀ ਨਹੀਂ ਕੀਤੀਆਂ ਹੁੰਦੀਆਂ। ਅੱਜ ਕੱਲ੍ਹ ਏ ਆਈ ਦਾ ਜ਼ਮਾਨਾ ਹੈ। ਬਣਾਉਟੀ ਚੀਜ਼ਾਂ ਅਤੇ ਡਿਗਰੀਆਂ ਅਸਲੀ ਨਾਲੋਂ ਵੀ ਵੱਧ ਮੁਹਾਰਤ ਦਰਸਾਉਂਦੀਆਂ ਹਨ। ਕਦੇ ਉਹ ਜ਼ਮਾਨਾ ਹੁੰਦਾ ਸੀ, ਜਦੋਂ ਡਿਗਰੀਆਂ ਜਾਂ ਸਰਟੀਫਿਕੇਟ ਪ੍ਰੋਫਾਰਮੇ ਵਿੱਚ ਹੱਥ ਨਾਲ ਲਿਖ ਕੇ ਹੀ ਜਾਰੀ ਕੀਤੇ ਜਾਂਦੇ ਸਨ। ਫਿਰ ਟਾਈਪ ਅਤੇ ਕੰਪਿਊਟਰਾਈਜ਼ਡ ਮਸ਼ੀਨਾਂ ਅਤੇ ਨਵੇਂ ਫੌਂਟ ਈਜਾਦ ਹੋ ਗਏ। ਉਹਨਾਂ ਡਿਗਰੀਆਂ ਦਾ ਸਟੇਟਸ ਅਤੇ ਟੌਹਰ ਵੀ ਬਦਲ ਗਿਆ। ਅਸੀਂ ਆਪਣੀ ਪੂਛ ਲੰਬੀ ਕਰਨ ਲਈ ਕਈ ਮੁਹਾਰਤਾਂ ਆਪਣੇ ਨਾਮ ਨਾਲ ਜੋੜ ਕੇ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕਰਨ ਵਿੱਚ ਮਸਰੂਫ਼ ਰਹਿੰਦੇ ਹਾਂ ਪਰ ਇਹ ਭੁੱਲ ਜਾਂਦੇ ਹਾਂ ਕਿ ਇਹ ਦੁਨੀਆ ਤਾਂ ਮਹਿਜ਼ ਛਲਾਵੇ ਮਾਤਰ ਨਾਟਕ ਹੈ। ਫੋਕੇ ਅਡੰਬਰਾਂ ਦਾ ਕੋਈ ਲਾਭ ਨਹੀਂ ਹੁੰਦਾ। ਪਰ ਲਾਲਸਾ ਨਾਲ ਭਰਿਆ ਹੋਇਆ ਮਨੁੱਖ ਸਮਝਦਾ ਕਿੱਥੇ ਹੈ? ਚਲੋ ਛੱਡੋ! ਕੋਈ ਗੱਲ ਨਹੀਂ, ਮਨੁੱਖ ਭੁੱਲਣਹਾਰ ਹੈ। ਗ਼ਲਤੀ ਹੋ ਹੀ ਜਾਂਦੀ ਹੈ। ਮਨੁੱਖ ਗ਼ਲਤੀਆਂ ਦਾ ਪੁਤਲਾ ਜੋ ਹੋਇਆ। ਪਰ ਜੇ ਗ਼ਲਤੀ ਕਰਕੇ ਬੰਦਾ ਮੰਨ ਲਵੇ ਤਾਂ ਉਹ ਗ਼ਲਤੀ ਨਹੀਂ ਰਹਿੰਦੀ। ਮਨੁੱਖਤਾ ਦਾ ਹਿਰਦਾ ਕੁਦਰਤ ਨੇ ਬੜਾ ਵਿਸ਼ਾਲ ਬਣਾਇਆ ਹੈ। ਅਨਜਾਣੇ ਵਿੱਚ ਹੋਈ ਗ਼ਲਤੀ ਨੂੰ ਲੋਕ ਝੱਟ ਮਾਫ਼ ਵੀ ਕਰ ਦਿੰਦੇ ਹਨ। ਪਰ ਜੇ ਹੁਸ਼ਿਆਰੀ ਜਾਂ ਚਲਾਕੀ ਵਰਤੀ ਜਾਵੇ ਤਾਂ ਫਿਰ ਗ਼ਲਤੀ ਗ਼ਲਤੇ ਵਿੱਚ ਵੀ ਬਦਲ ਜਾਂਦੀ ਹੈ। ਫਿਰ ਵਕਤੀ ਤੌਰ ’ਤੇ ਭਾਵੇਂ ਉਸਦਾ ਨਤੀਜਾ ਸਾਹਮਣੇ ਨਾ ਆਵੇ ਪਰ ਦੇਰ ਸਵੇਰ ਜ਼ਰੂਰ ਭੁਗਤਣਾ ਹੀ ਪੈਂਦਾ ਹੈ।
ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਅਸੀਂ ਸਾਰੇ ਬਾਬਾ ਨਾਨਕ ਵੀ ਕਹਿ ਲੈਂਦੇ ਹਾਂ। ਸਿੱਖ ਧਰਮ ਦੇ ਬਾਨੀ ਸਨ। ਪਰ ਉਹ ਕੇਵਲ ਸਿੱਖਾਂ ਤਕ ਹੀ ਸੀਮਿਤ ਨਹੀਂ ਰਹੇ। ਦੇਸ਼ ਦੇਸ਼ਾਂਤਰਾਂ ਤਕ ਪੈਦਲ ਹੀ ਦੁਨੀਆ ਗਾਹ ਮਾਰੀ ਸੀ ਉਹਨਾਂ ਨੇ। ਨਾਲ ਇੱਕ ਸਾਥੀ ਮਰਦਾਨਾ ਤੇ ਉਸਦੀ ਰਬਾਬ। ਮਰਦਾਨੇ ਦੀ ਰਬਾਬ ਵੱਜਦੀ ਤੇ ਬਾਬਾ “ਧੁਰ ਕੀ ਬਾਣੀ” ਉਚਾਰਨ ਲੱਗ ਜਾਂਦਾ। ਕਹਿੰਦੇ ਨੇ ਬਾਬੇ ਦੇ ਕੋਲ ਕਿਤਾਬ ਵੀ ਹੁੰਦੀ ਸੀ ਤੇ ਉਹ ਬਾਣੀ ਉਸ ਵਿੱਚ ਦਰਜ ਵੀ ਕਰ ਲੈਂਦੇ ਸਨ। ਫਿਰ ਪੰਜਵੇਂ ਪਾਤਸ਼ਾਹ, ਸ਼ਹੀਦਾਂ ਦੇ ਸਿਰਤਾਜ, ਗੁਰੂ ਅਰਜਨ ਦੇਵ ਜੀ ਨੇ ਜਦੋਂ ਆਦਿ-ਗ੍ਰੰਥ ਦੀ ਸੰਪਾਦਨਾ ਕੀਤੀ ਤਾਂ ਉਹ ਸਾਰੀ ਬਾਣੀ ਉਸ ਵਿੱਚ ਦਰਜ ਕਰ ਦਿੱਤੀ। ਬਾਬੇ ਨੇ ਸਾਰੀ ਉਮਰ ਹੱਕ ਸੱਚ ਦਾ ਹੋਕਾ ਦਿੱਤਾ। ਤਰਕ ਨਾਲ ਵਿਰੋਧੀਆਂ ਨੂੰ ਵੀ ਸ਼ਾਂਤ ਕੀਤਾ ਤੇ ਭਰਮ-ਭੁਲੇਖੇ, ਅਤੇ ਵਹਿਮਾਂ ਭਰਮਾਂ ਦਾ ਡਟ ਕੇ ਖੰਡਨ ਕੀਤਾ। ਨਾ ਕੋਈ ਹਥਿਆਰ ਫੜਿਆ ਨਾ ਕਿਸੇ ਨੂੰ ਫੜਨ ਲਈ ਹੀ ਸੰਕੇਤ ਦਿੱਤਾ ਸਗੋਂ ਸ਼ਾਂਤੀ ਤੇ ਪਿਆਰ ਨਾਲ ਅਹਿੰਸਾ ਦੇ ਪੁਜਾਰੀ ਬਣ ਕੇ ਜਾਤਾਂ-ਪਾਤਾਂ ਤੇ ਧਰਮਾਂ ਦੀ ਪ੍ਰਵਾਹ ਕੀਤੇ ਬਿਨਾਂ, ਉੱਥੇ ਵੀ ਜਾ ਡੇਰਾ ਲਾਇਆ ਜਿੱਥੇ ਇੱਕ ਖ਼ਾਸ ਧਰਮ ਦੇ ਲੋਕਾਂ ਤੋਂ ਬਿਨਾਂ ਕੋਈ ਹੋਰ ਜਾ ਹੀ ਨਹੀਂ ਸੀ ਸਕਦਾ? ਜੋ ਵੀ ਗੱਲ ਕਿਸੇ ਨੂੰ ਕਹੀ ਮੂੰਹ ’ਤੇ ਆਖੀ। ਚਾਹੇ ਗਿੱਟੇ ਲੱਗੇ ਜਾਂ ਗੋਡੇ, ਉਹਨਾਂ ਸਚਾਈ ’ਤੇ ਪਹਿਰਾ ਦਿੱਤਾ।
ਸਮੇਂ ਦੇ ਹਾਕਮ ਬਾਬਰ ਨਾਲ ਸਾਹਮਣਾ ਹੋਇਆ। ਉਹ ਬੜਾ ਜ਼ਾਲਮ ਹੋ ਕੇ ਵਿਚਰਦਾ ਸੀ। ਲੁੱਟ ਮਾਰ ਅਤੇ ਕੁੱਟ-ਮਾਰ ਕਰਕੇ ਉਸਨੇ ਦੁਨੀਆ ਭੈ-ਭੀਤ ਕਰ ਛੱਡੀ ਸੀ। ਬਾਬੇ ਨੇ ਉਸਦੀ ਬਾਦਸ਼ਾਹੀ ਦੀ ਪ੍ਰਵਾਹ ਨਾ ਕਰਦੇ ਹੋਏ ਜਦੋਂ ਉਹਨੂੰ, ‘ਜਾਬਰ’ ਕਿਹਾ ਤਾਂ ਉਸਦੀ ਹੋਸ਼ ਟਿਕਾਣੇ ਆ ਗਈ। ਇੱਕ ਹੋਰ ਸ਼ਾਹੀ ਠਾਠ-ਬਾਠ ਵਾਲਾ ਹਾਕਮ ਮਲਿਕ ਭਾਗੋ, ਉਸ ਵੇਲੇ ਦੇ ਸ਼ਹਿਰ ਏਮਨਾਬਾਦ ਦਾ ਬਾਸ਼ਿੰਦਾ ਸ਼ਾਹੀ ਭੋਜ ਨਾਲ ਲੋਕਾਂ ਵਿੱਚ ਆਪਣੀ ਪੈਂਠ ਬਣਾ ਰਿਹਾ ਸੀ। ਗ਼ਰੀਬ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਦੇ ਘਰ ਠਹਿਰੇ ਹੋਏ ਬਾਬੇ ਨਾਨਕ ਨੂੰ ਵੀ ਉਸਨੇ ਸ਼ਾਹੀ ਭੋਜ ਦਾ ਨਿਉਂਦਾ ਜਾ ਦਿੱਤਾ। ਪਰ ਬਾਬਾ ਉੱਥੇ ਨਹੀਂ ਗਿਆ। ਲਾਲ ਪੀਲਾ ਹੋਇਆ ਹਾਕਮ ਬਾਬੇ ਕੋਲ ਬੜੇ ਰੋਹਬ ਨਾਲ ਗਿਆ ਤੇ ਉਸਦਾ ਸੱਦਾ ਠੁਕਰਾਉਣ ਦਾ ਕਾਰਨ ਪੁੱਛਿਆ। ਬਾਬੇ ਨੇ ਬੜੀ ਸ਼ਾਂਤੀ ਨਾਲ ਜਵਾਬ ਦਿੱਤਾ- ਭਾਈ ਤੇਰੇ ਭੋਜ ਵਿੱਚੋਂ ਗ਼ਰੀਬਾਂ ਦੇ ਖ਼ੂਨ ਦੀ ਮੁਸ਼ਕ ਆਉਂਦੀ ਹੈ। ਅਸੀਂ ਤਾਂ ਹੱਕ ਹਲਾਲ ਦੀ ਕ੍ਰਿਤ ਕਰਨ ਵਾਲੇ ਤੇ ਖਾਣ ਵਾਲੇ ਸਧਾਰਨ ਲੋਕ ਹਾਂ। ਸ਼ਾਹੀ ਭੋਜ ਸਾਡੇ ਕਿਸ ਕੰਮ? ਮਲਿਕ ਭਾਗੋ ਨਿਰਉੱਤਰ ਹੋ ਵਾਪਸ ਪਰਤ ਗਿਆ ਸੀ।
ਮਨੁੱਖੀ ਪਛਾਣ ਬਾਰੇ ਬਾਬੇ ਨਾਨਕ ਦੇ ਵਿਚਾਰ ਅੱਖਾਂ ਖੋਲ੍ਹਣ ਵਾਲੇ ਹਨ। ਅਸੀਂ ਲੋਕ ਤਾਂ ਬੜੀਆਂ ਲੰਬੀਆਂ ਵਿਉਂਤਾਂ ਘੜ ਕੇ ਬੈਠ ਜਾਂਦੇ ਹਾਂ। ਆਸ ਕਰਨੀ ਵੀ ਬਣਦੀ ਹੈ। ਆਸ ਨਾਲ ਹੀ ਜਹਾਨ ਹੁੰਦਾ ਹੈ। ਪਰ ਬਾਬੇ ਨਾਨਕ ਨੇ ਕਿਹਾ ਕਿ ਸਾਹ ਵਾਲੀ ਚੀਜ਼ ਦਾ ਕੀ ਵਸਾਹ? “ਹਮ ਆਦਮੀ ਹਾਂ ਇਕਦਮੀ ਮੁਹਲਿਤ ਮੁਹਤੁ ਨਾ ਜਾਣਾ।। ਨਾਨਕੁ ਬਿਨਵੈ ਤਿਸੇ ਸਰੇਵਹੁ ਜਾ ਕੇ ਜੀਅ ਪਰਾਣਾ।। ਬਾਬੇ ਨਾਨਕ ਦੀ ਸੋਚ ਬੜੀ ਵਿਸ਼ਾਲ ਅਤੇ ਕਹਿਣ ਦੇ ਅਰਥ ਬੜੇ ਗੰਭੀਰ ਸਨ। ਪੰਜ ਤੱਤਾਂ ਦਾ ਪੁਤਲਾ ਹੈ ਮਨੁੱਖ। ਪ੍ਰਿਥਵੀ, ਅੱਗ, ਪਾਣੀ, ਹਵਾ ਅਤੇ ਅਕਾਸ਼। ਇੱਕ ਸਾਹ ਬਾਅਦ ਜੇ ਦੂਜਾ ਆ ਗਿਆ ਤਾਂ ਆਦਮੀ ਨਹੀਂ ਤਾਂ ਪੰਜ ਤੱਤਾਂ ਵਿੱਚ ਮਿਲ ਜਾਣ ਵਾਲੀ ਮਿੱਟੀ। ਅਸੀਂ ਫਿਰ ਵੀ ਲੰਬੀਆਂ ਚੌੜੀਆਂ ਸੂਚੀਆਂ ਬਣਾਉਣ ਲੱਗੇ ਹੋਏ ਹਾਂ, ਕਾਹਦੇ ਵਾਸਤੇ?
ਮੋਹ ਮਾਇਆ ਅਤੇ ਪਦਾਰਥਵਾਦ ਦੀ ਦੌੜ ਵਿੱਚ ਮਸਰੂਫ਼ ਹੋ ਕੇ ਅੱਜ ਮਨੁੱਖ ਆਪਣੀ ਹਸਤੀ ਨੂੰ ਹੀ ਭੁੱਲਿਆ ਬੈਠਾ ਹੈ। ਝੂਠ ਫਰੇਬ, ਮਨਘੜਤ ਕਹਾਣੀਆਂ ਘੜ ਕੇ, ਡਰ ਅਤੇ ਦਹਿਸ਼ਤ ਵਾਲਾ ਵਾਤਾਵਰਣ ਸਿਰਜ ਕੇ ਤਾਕਤ ਦੀ ਕਰਸ਼ੀ ’ਤੇ ਕਾਬਜ਼ ਹੋਣ ਵਾਲੇ ਮਨੁੱਖ ਨੂੰ ਘੜੀ ਦਾ ਪਤਾ ਨਹੀਂ ਕਿ ਦੂਜਾ ਸਾਹ ਆਉਣਾ ਹੈ ਜਾਂ ਨਹੀਂ? ਹੁਣੇ ਹੁਣੇ ਹੀ ਹਿਰਦੇ ਵਲੂੰਧਰਨ ਵਾਲੀ ਹਵਾਈ ਜਹਾਜ਼ ਦੀ ਦੁਰਘਟਨਾ ਹੋ ਕੇ ਹਟੀ ਹੈ। ਹੱਸਦੇ ਖੇਡਦੇ ਪਰਿਵਾਰ, ਛੋਟੇ-ਵੱਡੇ, ਵੱਖ ਵੱਖ ਦੇਸ਼ਾਂ ਤੇ ਧਰਮਾਂ ਦੇ ਪੈਰੋਕਾਰ ਅੱਖ ਦੇ ਫੌਰ ਵਿੱਚ ਹੀ ਅੱਗ ਦੇ ਗੋਲੇ ਵਿੱਚ ਘਿਰ ਕੇ ਨਸ਼ਟ ਹੋ ਗਏ। ਕਿਵੇਂ ਬੀਤੀ ਹੋਊ ਮਸੂਮ ਬੱਚਿਆਂ ਨਾਲ ਅਤੇ ਆਸਾਂ ਉਮੰਗਾਂ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਮਕਸਦ ਨਾਲ ਉਸ ਬਦਕਿਸਮਤ ਹਵਾਈ ਜਹਾਜ਼ ਵਿੱਚ ਸਵਾਰ ਹੋਏ ਉਹਨਾਂ ਲੋਕਾਂ ਨਾਲ? ਕਿੰਨਾ ਭਿਆਨਕ ਹੋਵੇਗਾ ਮੌਤ ਨਾਲ ਘੁਲਣ ਵਾਲਾ ਉਹ ਭਿਆਨਕ ਦ੍ਰਿਸ਼? ਸਭ ਸੁਪਨੇ ਅਤੇ ਭਵਿੱਖ ਮਿੰਟ ਭਰ ਵਿੱਚ ਹੀ ਤਬਾਹ ਹੋ ਗਏ। ਤੇ ਜਿਸਦਾ ਸਾਹ ਬਾਕੀ ਸੀ, ਉਹ ਆਦਮੀ ਇਸ ਭਿਆਨਕ ਦ੍ਰਿਸ਼ ਵਿੱਚੋਂ ਵੀ ਸਾਫ਼ ਬਚ ਨਿਕਲਿਆ। ਹਾਲਾਂਕਿ ਉਸਦਾ ਦੂਸਰਾ ਭਰਾ, ਜਿਸ ਨੂੰ ਉਹ ਜ਼ਬਰਦਸਤੀ ਨਾਲ ਲੈ ਕੇ ਜਾ ਰਿਹਾ ਸੀ, ਉਹ ਵਿਚਾਰਾ ਉੱਥੇ ਹੀ ਰਹਿ ਗਿਆ।
ਇਹ ਸਿਸਟਮ, ਇਹ ਦੁਨੀਆਦਾਰੀ ਬੜੀ ਅਜੀਬ ਕਿਸਮ ਦੀ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵਿੱਚ ਲੁਪਤ। ਪਰ ਹੈ ਕੇਵਲ ਇੱਕ ਨਾਟਕ, ਡਰਾਮਾ! ਸਟੇਜ ’ਤੇ ਖੇਡੇ ਜਾਣ ਵਾਲੇ ਨਾਟਕ ਵਾਂਗ ਆਪੋ ਆਪਣੇ ਹਿੱਸੇ ਦਾ ਰੋਲ ਅਦਾ ਕਰਕੇ ਹਰੇਕ ਨੂੰ ਸਟੇਜ ਤੋਂ ਉੱਤਰਨਾ ਹੀ ਪੈਣਾ ਹੈ। ਰਾਜਾ ਹੋਵੇ ਜਾਂ ਰੰਕ, ਹਾਕਮ ਹੋਵੇ ਜਾਂ ਨੌਕਰ, ਉੱਥੇ ਕੋਈ ਸਿਫ਼ਾਰਸ਼ ਨਹੀਂ ਚਲਦੀ। ਹਾਦਸੇ ਵਾਲੀ ਅੱਗ ਦੀਆਂ ਲਪਟਾਂ ਨੇ ਬੱਚੇ-ਬੁੱਢੇ, ਅਮੀਰ ਜਾਂ ਗ਼ਰੀਬ ਕਿਸੇ ਨਾਲ ਕੋਈ ਫ਼ਰਕ ਨਹੀਂ ਕੀਤਾ। ਬੜੀਆਂ ਲੰਬੀਆਂ ਡਿਗਰੀਆਂ ਤੇ ਅਹੁਦਿਆਂ ਵਾਲੇ ਯਾਤਰੀ ਹੋਣਗੇ ਉਸ ਬਦਕਿਸਮਤ ਹਵਾਈ ਜਹਾਜ਼ ਵਿੱਚ। ਅਸੀਂ ਤਾਂ ਉਂਜ ਵੀ ਧਾਰਮਿਕ ਰਹੁ-ਰੀਤਾਂ ਨਾਲ ਲਬਰੇਜ਼ ਰਿਸ਼ੀਆਂ-ਮੁਨੀਆਂ ਦੀ ਧਰਤੀ ਦੇ ਵਸਨੀਕ ਹਾਂ। ਸਾਨੂੰ ਤਾਂ ਨੈਤਿਕ ਕਦਰਾਂ ਕੀਮਤਾਂ ਦਾ ਅਹਿਸਾਸ ਹੋਣਾ ਚਾਹੀਦਾ ਹੈ। ਹਿੰਸਾ ਅਤੇ ਦੁਰਘਟਨਾ ਕਿਤੇ ਵੀ ਵਾਪਰੇ, ਚਾਹੇ ਉਹ ਯੁੱਧ ਜਾਂ ਲੜਾਈ ਦੇ ਰੂਪ ਵਿੱਚ ਹੋਵੇ ਜਾਂ ਫਿਰ ਸਮਾਜਿਕ ਅਫਰਾ-ਤਫ਼ਰੀ ਤੇ ਬਦ-ਅਮਨੀ ਕਰਕੇ ਫੈਲੀ ਹੋਵੇ, ਮਨੁੱਖਤਾ ਨੂੰ ਕਦੇ ਵੀ ਰਾਸ ਨਹੀਂ ਆਉਂਦੀ। ਕੁਦਰਤ ਦੇ ਕਾਦਰ ਨੇ ਮਨੁੱਖਤਾ ਨੂੰ ਸਰਬ ਸਾਂਝੇ ਮਹਾਜ਼ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹੋਏ ਖ਼ੁਸ਼ਹਾਲ ਜੀਵਨ ਜਿਊਣ ਦੀ ਸੇਧ ਦਿੱਤੀ ਹੈ। ਜ਼ਿੰਦਗੀ ਦੇ ਜੋ ਵੀ ਪਲ ਸਾਨੂੰ ਨਸੀਬ ਹੋਏ ਹਨ, ਬਿਨਾਂ ਕਿਸੇ ਡਰ-ਭੈਅ, ਵੈਰ-ਵਿਰੋਧ ਦੀ ਭਾਵਨਾ ਅਤੇ ਹਿੰਸਾ ਦੇ, ਪ੍ਰੇਮ ਪਿਆਰ ਨਾਲ ਬਤੀਤ ਕਰਨੇ ਚਾਹੀਦੇ ਹਨਕਿਉਂਕਿ ਪਿਆਰ ਹੀ ਪ੍ਰਮਾਤਮਾ ਹੈ ਤੇ ਪ੍ਰਮਾਤਮਾ ਪਿਆਰ ਦਾ ਹੀ ਸੰਦੇਸ਼ ਦਿੰਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (