“ਵਿਕਾਸ ਦਾ ਅਸਲ ਪੈਮਾਨਾ ਇਹ ਹੋਣਾ ਚਾਹੀਦਾ ਹੈ ਕਿ ਦੇਸ਼ ਦਾ ਕੋਈ ਵੀ ਨਾਗਰਿਕ ...”
(29 ਨਵੰਬਰ 2026)
ਆਰਥਿਕ ਵਿਕਾਸ ਦਾ ਅਸਲ ਪੈਮਾਨਾ ਕੇਵਲ ਗਰੀਬੀ ਦੇ ਅੰਕੜਿਆਂ ਵਿੱਚ ਗਿਰਾਵਟ ਹੀ ਨਹੀਂ ਹੁੰਦਾ, ਸਗੋਂ ਆਮ ਲੋਕਾਂ ਦੇ ਜੀਵਨ ਪੱਧਰ, ਰੁਜ਼ਗਾਰ, ਆਮਦਨ ਅਤੇ ਸਮਾਜਿਕ ਸੁਰੱਖਿਆ ਵਿੱਚ ਆਇਆ ਸੁਧਾਰ ਹੁੰਦਾ ਹੈ ਅਤੇ ਹੋਣਾ ਵੀ ਚਾਹੀਦਾ ਹੈ। ਭਾਰਤ ਵਿੱਚ ਗਰੀਬੀ ਦੇ ਖਾਤਮੇ ਦਾ ਦਾਅਵਾ ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਆਰਥਿਕ ਬਿਰਤਾਂਤ ਦਾ ਇੱਕ ਮਹੱਤਵਪੂਰਨ ਹਿੱਸਾ ਬਣਿਆ ਹੋਇਆ ਹੈ। ਵਿਸ਼ਵ ਬੈਂਕ ਦੇ ਤਾਜ਼ਾ ਅਨੁਮਾਨਾਂ ਨੇ ਇਸ ਬਹਿਸ ਨੂੰ ਮੁੜ ਕੇਂਦਰ ਵਿੱਚ ਲੈ ਆਂਦਾ ਹੈ। ਇਨ੍ਹਾਂ ਅਨੁਮਾਨਾਂ ਅਨੁਸਾਰ ਭਾਰਤ ਵਿੱਚ ਅਤਿਅੰਤ ਗਰੀਬੀ ਵਿੱਚ ਕਾਫੀ ਕਮੀ ਆਈ ਹੈ ਅਤੇ ਕਰੋੜਾਂ ਲੋਕ ਗਰੀਬੀ ਰੇਖਾ ਤੋਂ ਉੱਪਰ ਆਏ ਹਨ। ਇਹ ਪ੍ਰਾਪਤੀ ਨਿਸ਼ਚਿਤ ਤੌਰ ’ਤੇ ਮਹੱਤਵਪੂਰਨ ਹੈ, ਪਰ ਇਸਦੀ ਆਲੋਚਨਾਤਮਕ ਪੜਚੋਲ ਕਰਨੀ ਵੀ ਜ਼ਰੂਰੀ ਹੈ। ਸਵਾਲ ਇਹ ਹੈ ਕਿ ਕੀ ਗਰੀਬੀ ਦੇ ਅੰਕੜਿਆਂ ਵਿੱਚ ਆਈ ਗਿਰਾਵਟ ਭਾਰਤੀ ਲੋਕਾਂ ਦੀ ਅਸਲ ਆਰਥਿਕ ਖੁਸ਼ਹਾਲੀ ਨੂੰ ਪੂਰੀ ਤਰ੍ਹਾਂ ਦਰਸਾਉਂਦੀ ਹੈ ਜਾਂ ਗਰੀਬੀ ਮਾਪਣ ਦੀਆਂ ਵਿਧੀਆਂ ਅਤੇ ਮਾਪਦੰਡਾਂ ਵਿੱਚ ਤਬਦੀਲੀਆਂ ਵੀ ਇਸ ਤਸਵੀਰ ਨੂੰ ਪ੍ਰਭਾਵਿਤ ਕਰ ਰਹੀਆਂ ਹਨ।
ਵਿਸ਼ਵ ਬੈਂਕ ਦੀ ਅਕਤੂਬਰ 2026 ਦੀ Poverty and Equity Brief ਅਨੁਸਾਰ 2011-12 ਤੋਂ 2023-24 ਦਰਮਿਆਨ ਭਾਰਤ ਵਿੱਚ ਅਤਿਅੰਤ ਗਰੀਬੀ (Extreme Poverty) ਦੀ ਦਰ 27.1 ਫੀਸਦੀ ਤੋਂ ਘਟ ਕੇ 2.6 ਫੀਸਦੀ ਰਹਿ ਗਈ ਹੈ। ਇਸੇ ਸਮੇਂ ਦੌਰਾਨ ਹੇਠਲੇ ਮੱਧ-ਆਮਦਨ ਵਾਲੇ ਦੇਸ਼ਾਂ ਲਈ ਨਿਰਧਾਰਤ 4.20 ਡਾਲਰ/85 ਰੁਪਏ ਪ੍ਰਤੀ ਵਿਅਕਤੀ ਪ੍ਰਤੀ ਦਿਨ ਦੀ ਗਰੀਬੀ ਰੇਖਾ ਅਨੁਸਾਰ ਗਰੀਬੀ ਦੀ ਦਰ 57.7 ਫੀਸਦੀ ਤੋਂ ਘਟ ਕੇ 16.1 ਫੀਸਦੀ ਹੋ ਗਈ ਹੈ। ਵਿਸ਼ਵ ਬੈਂਕ ਦਾ ਅਨੁਮਾਨ ਹੈ ਕਿ ਇਸ ਸਮੇਂ ਦੌਰਾਨ ਦੇਸ਼ ਦੇ ਲਗਭਗ 49.6 ਕਰੋੜ ਲੋਕ ਇਸ ਗਰੀਬੀ ਰੇਖਾ ਤੋਂ ਉੱਪਰ ਆਏ ਹਨ।
ਇਹ ਅੰਕੜੇ ਭਾਰਤ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਦਾ ਇੱਕ ਮਹੱਤਵਪੂਰਨ ਪੱਖ ਪੇਸ਼ ਕਰਦੇ ਹਨ। ਵਿਸ਼ਵ ਬੈਂਕ ਅਨੁਸਾਰ 2023-24 ਵਿੱਚ 3 ਡਾਲਰ/63 ਰੁਪਏ ਪ੍ਰਤੀ ਦਿਨ ਦੀ ਅਤਿਅੰਤ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਦੀ ਗਿਣਤੀ ਲਗਭਗ 3.7 ਕਰੋੜ ਸੀ, ਜਦੋਂਕਿ 4.20 ਡਾਲਰ/85 ਰੁਪਏ ਦੀ ਗਰੀਬੀ ਰੇਖਾ ਅਨੁਸਾਰ ਇਹ ਗਿਣਤੀ ਲਗਭਗ 23.2 ਕਰੋੜ ਸੀ। ਇਸ ਤੋਂ ਵੀ ਵੱਧ ਧਿਆਨ ਦੇਣ ਵਾਲੀ ਗੱਲ ਹੈ ਕਿ 8.30 ਡਾਲਰ/174 ਰੁਪਏ ਉੱਚੀ ਮੱਧ-ਆਮਦਨ ਵਾਲੇ ਦੇਸ਼ਾਂ, ਜਿਨ੍ਹਾਂ ਵਿੱਚ ਭਾਰਤ ਸ਼ਾਮਲ ਹੋਣ ਦੇ ਸੁਪਨੇ ਦੇਖ ਰਿਹਾ ਹੈ, ਵਿੱਚ ਪ੍ਰਤੀ ਵਿਅਕਤੀ ਪ੍ਰਤੀ ਦਿਨ ਦੀ ਰੇਖਾ ਅਨੁਸਾਰ ਦੇਸ਼ ਦੀ 80 ਫੀਸਦੀ ਅਬਾਦੀ ਗਰੀਬੀ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਇਹ ਤਿੰਨ ਵੱਖ-ਵੱਖ ਮਾਪਦੰਡ ਭਾਰਤ ਦੀ ਆਰਥਿਕ ਹਕੀਕਤ ਦੇ ਵੱਖਰੇ-ਵੱਖਰੇ ਪੱਖਾਂ ਨੂੰ ਉਜਾਗਰ ਕਰਦੇ ਹਨ। ਇਹ ਗਰੀਬੀ ਰੇਖਾਵਾਂ 2021 ਦੀ ਖਰੀਦ ਸ਼ਕਤੀ ਸਮਾਨਤਾ (Purchasing Power Parity - PPP) ਦੇ ਅਧਾਰ ਉੱਤੇ ਨਿਰਧਾਰਤ ਕੀਤੀਆਂ ਗਈਆਂ ਹਨ, ਜਿਹੜੀ ਕਿ ਇੱਕ ਡਾਲਰ ਲਗਭਗ 21 ਰੁਪਏ ਦੇ ਬਰਾਬਰ ਸੀ। ਇਸ ਲਈ ਇਨ੍ਹਾਂ ਨੂੰ ਸਿੱਧੇ ਤੌਰ ’ਤੇ ਰੁਜ਼ਾਨਾ ਦੀ ਡਾਲਰ-ਰੁਪਇਆ ਵਟਾਂਦਰਾ ਦਰ ਨਾਲ ਗੁਣਾ ਕਰਕੇ ਸਮਝਣਾ ਠੀਕ ਨਹੀਂ ਹੋਵੇਗਾ।
ਜੂਨ 2025 ਵਿੱਚ ਵਿਸ਼ਵ ਬੈਂਕ ਨੇ 2017 ਦੀ ਖਰੀਦ ਸ਼ਕਤੀ ਸਮਾਨਤਾ ਦੀ ਥਾਂ 2021 ਖਰੀਦ ਸ਼ਕਤੀ ਸਮਾਨਤਾ ਨੂੰ ਅਪਣਾਇਆ ਅਤੇ ਅਤਿਅੰਤ ਗਰੀਬੀ ਦੀ ਕੌਮਾਂਤਰੀ ਰੇਖਾ 2.15 ਡਾਲਰ ਤੋਂ ਵਧਾ ਕੇ 3 ਡਾਲਰ ਕਰ ਦਿੱਤੀ। ਇਸੇ ਤਰ੍ਹਾਂ ਹੇਠਲੇ ਮੱਧ-ਆਮਦਨ ਵਾਲੇ ਦੇਸ਼ਾਂ ਦੀ ਗਰੀਬੀ ਰੇਖਾ 3.65 ਡਾਲਰ ਤੋਂ ਵਧਾ ਕੇ 4.20 ਡਾਲਰ ਕਰ ਦਿੱਤੀ ਗਈ, ਉੱਚੀ ਮੱਧ-ਆਮਦਨ ਵਾਲੇ ਦੇਸ਼ਾਂ ਦੀ 8.30 ਡਾਲਰ ਕਰ ਦਿੱਤੀ ਅਤੇ ਅਮੀਰ ਵਿਕਸਿਤ ਦੇਸ਼ਾਂ, ਜਿਨ੍ਹਾਂ ਵਿੱਚ ਭਾਰਤ 2047 ਵਿੱਚ ਸ਼ਾਮਲ ਹੋਣ ਦਾ ਸੁਪਨਾ ਦੇਖ ਰਿਹਾ ਹੈ, ਉਨ੍ਹਾਂ ਦੀ ਗਰੀਬੀ ਰੇਖਾ ਲਗਭਗ 30 ਡਾਲਰ ਪ੍ਰਤੀ ਵਿਅਕਤੀ ਪ੍ਰਤੀ ਦਿਨ ਹੈ। ਇਸ ਤਬਦੀਲੀ ਦਾ ਮਕਸਦ ਵੱਖ-ਵੱਖ ਦੇਸ਼ਾਂ ਵਿੱਚ ਜੀਵਨ-ਨਿਰਬਾਹ ਦੀ ਲਾਗਤ ਅਤੇ ਰਾਸ਼ਟਰੀ ਗਰੀਬੀ ਰੇਖਾਵਾਂ ਨੂੰ ਵਧੇਰੇ ਤਰਕਸੰਗਤ ਢੰਗ ਨਾਲ ਦਰਸਾਉਣਾ ਸੀ।
ਇਸਦੇ ਨਾਲ ਹੀ ਭਾਰਤ ਦਾ ਕੁਝ ਚੋਣਵੇਂ ਵਿਕਸਿਤ ਦੇਸ਼ਾਂ ਨਾਲ ਕੁਝ ਸੂਚਕਾਂ ਜਿਵੇਂ ਕਿ ਮਨੁੱਖੀ ਵਿਕਾਸ ਸੂਚਕ, ਖੇਤੀ ਵਿੱਚ ਲੱਗੇ ਲੋਕਾਂ ਦੀ ਗਿਣਤੀ, ਕੁਪੋਸ਼ਣ ਦਾ ਸ਼ਿਕਾਰ ਲੋਕਾਂ ਦੀ ਗਿਣਤੀ, ਭੁੱਖਮਰੀ, ਜਨਮ ਸਮੇਂ ਬੱਚਿਆਂ ਦੀ ਮੌਤ ਦਰ ਅਤੇ ਔਰਤਾਂ ਦੀ ਕੰਮ ਵਿੱਚ ਹਿੱਸੇਦਾਰੀ ਅਤੇ ਆਰਥਿਕ ਨਾਬਰਾਬਰੀਆ ਦਾ ਮੁਕਾਬਲਤਨ ਅਧਿਐਨ ਕਰਦੇ ਹਾਂ। ਸਭ ਤੋਂ ਪਹਿਲਾਂ ਜੇ ਗੱਲ ਕਰੀਏ ਮਨੁੱਖੀ ਵਿਕਾਸ ਸੂਚਕ ਦਾ ਤਾਂ ਪਤਾ ਲਗਦਾ ਹੈ 2024 ਵਿੱਚ ਇਹ ਭਾਰਤ ਦਾ 0.644 ਅਤੇ ਚੋਣਵੇਂ ਵਿਕਸਿਤ ਦੇਸ਼ਾਂ ਦਾ 0.933 ਤੋਂ ਵੱਧ ਸੀ ਅਤੇ ਇਨ੍ਹਾਂ ਦੇਸ਼ਾਂ ਦੀ ਦੁਨੀਆ ਦੇ ਦੇਸ਼ਾਂ ਵਿੱਚ ਮਨੁੱਖੀ ਵਿਕਾਸ ਸੂਚਕ ਦੀ ਦਰਜਾਬੰਦੀ ਵੀ ਉੱਪਰਲੇ 25 ਦੇਸ਼ਾਂ ਵਿੱਚ ਸੀ ਜਦੋਂ ਕਿ ਭਾਰਤ ਦੀ ਦਰਜਾਬੰਦੀ 134ਵੇਂ ਨੰਬਰ ’ਤੇ ਸੀ। ਸਾਡੇ ਦੇਸ਼ ਦੀ 44 ਪ੍ਰਤੀਸ਼ਤ ਅਬਾਦੀ ਨੂੰ ਖੇਤੀ ਵਿੱਚ ਰੁਜ਼ਗਾਰ ਵਿੱਚ ਲੱਗੀ ਹੋਈ ਹੈ ਜਦੋਂ ਕਿ ਵਿਕਸਿਤ ਦੇਸ਼ਾਂ ਵਿੱਚ ਸਿਰਫ 1 ਤੋਂ 4.1 ਪ੍ਰਤੀਸ਼ਤ ਅਬਾਦੀ ਹੀ ਖੇਤੀ ਵਿੱਚ ਲੱਗੀ ਹੋਈ ਹੈ। ਅੱਜ-ਕੱਲ੍ਹ ਭਾਰਤ ਦੀ 13.7 ਪ੍ਰਤੀਸ਼ਤ ਅਬਾਦੀ ਕੁਪੋਸ਼ਣ ਦਾ ਸ਼ਿਕਾਰ ਹੈ, ਜਦੋਂ ਕਿ ਵਿਕਸਿਤ ਦੇਸ਼ਾਂ ਦੀ 2.5 ਪ੍ਰਤੀਸ਼ਤ ਤੋਂ 3.2 ਪ੍ਰਤੀਸ਼ਤ ਅਬਾਦੀ ਹੀ ਕੁਪੋਸ਼ਣ ਦਾ ਸ਼ਿਕਾਰ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਚੋਣਵੇਂ ਵਿਕਸਿਤ ਦੇਸ਼ਾਂ ਨੂੰ (Global Hunger Index) ਵਿਸ਼ਵਵਿਆਪੀ ਭੁੱਖਮਰੀ ਸੂਚਕ ਦੇ ਸਰਵੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਦੇਸ਼ ਭੁੱਖਮਰੀ ਦਾ ਸ਼ਿਕਾਰ ਨਹੀਂ ਹਨ, ਸਗੋਂ ਇਹ ਦੇਸ਼ (Food Secure) ਖੁਰਾਕ ਸੁਰੱਖਿਅਤ ਹਨ। ਇਸਦੇ ਉਲਟ ਭਾਰਤ ਨੂੰ ਇਸ ਸਰਵੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ। 2014 ਵਿੱਚ ਭੁੱਖਮਰੀ ਸੂਚਕ 28.2 ਅਤੇ ਦੁਨੀਆ ਦੇ ਦੇਸ਼ਾਂ ਵਿੱਚ ਦਰਜਾ 101ਵਾਂ ਸੀ ਅਤੇ 2022 ਭੁੱਖਮਰੀ ਸੂਚਕ ਵਧ ਕੇ 29.1 ਹੋ ਗਿਆ ਅਤੇ ਦਰਜਾ ਹੋਰ ਪਿੱਛੇ ਖਿਸਕ ਕੇ 107ਵੇਂ ’ਤੇ ਪਹੁੰਚ ਗਿਆ। 2024 ਵਿੱਚ ਭੁੱਖਮਰੀ ਸੂਚਕ 27.3 ਅਤੇ ਦਰਜਾ 105ਵਾਂ ਹੈ ਅਤੇ ਭਾਰਤ ਗੰਭੀਰ ਭੁੱਖਮਰੀ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੈ। ਭਾਰਤ ਵਿੱਚ 1000 ਜਨਮੇਂ ਬੱਚਿਆਂ ਵਿੱਚੋਂ 25.8 ਦੀ ਜਨਮ ਵੇਲੇ ਹੀ ਮੌਤ ਹੋ ਜਾਂਦੀ ਹੈ ਜਦੋਂ ਕਿ ਵਿਕਸਿਤ ਦੇਸ਼ਾਂ ਵਿੱਚ ਇਹ ਦਰ 1.7 ਤੋਂ 5.4 ਹੀ ਹੈ। ਸਾਡੇ ਦੇਸ਼ ਵਿੱਚ ਔਰਤ ਵਰਕਰਾਂ ਵਿੱਚੋਂ ਕੇਵਲ 24 ਪ੍ਰਤੀਸ਼ਤ ਹੀ ਕੰਮ ਕਰ ਰਹੀਆਂ ਹਨ ਵਿਕਸਿਤ ਦੇਸ਼ਾਂ ਵਿੱਚ ਇਹ ਪ੍ਰਤੀਸ਼ਤ 41 ਤੋਂ 61 ਹੈ। ਭਾਰਤ ਵਿੱਚ ਆਮਦਨ ਅਤੇ ਧਨ ਦੌਲਤ ਵਿੱਚ ਉੱਚੀ ਪੱਧਰ ਦੀਆਂ ਨਾਬਰਾਬਰੀਆ ਪਾਈਆਂ ਜਾਂਦੀਆਂ ਹਨ ਜਦੋਂ ਕਿ ਵਿਕਸਿਤ ਦੇਸ਼ਾਂ ਵਿੱਚ ਨੀਵੇਂ ਪੱਧਰ ਦੀਆਂ ਨਾਬਰਾਬਰੀਆ ਹਨ।
ਗਰੀਬੀ ਦੀ ਪਰਿਭਾਸ਼ਾ ਕੇਵਲ ਇਹ ਨਹੀਂ ਹੋ ਸਕਦੀ ਕਿ ਕਿਸੇ ਵਿਅਕਤੀ ਦਾ ਰੁਜ਼ਾਨਾ ਖਰਚ ਇੱਕ ਨਿਰਧਾਰਤ ਰਕਮ ਤੋਂ ਘੱਟ ਹੈ ਜਾਂ ਵੱਧ। ਜੇਕਰ ਕਿਸੇ ਪਰਿਵਾਰ ਦੀ ਪ੍ਰਤੀ ਵਿਅਕਤੀ ਖਪਤ ਖਰਚ ਗਰੀਬੀ ਰੇਖਾ ਤੋਂ ਮਾਮੂਲੀ ਜਿਹੀ ਉੱਪਰ ਹੋਵੇ, ਪਰ ਉਸ ਪਰਿਵਾਰ ਕੋਲ ਬਿਮਾਰੀ, ਬੇਰੁਜ਼ਗਾਰੀ ਜਾਂ ਕਿਸੇ ਹੋਰ ਸੰਕਟ ਨਾਲ ਨਜਿੱਠਣ ਲਈ ਕੋਈ ਬੱਚਤ ਨਾ ਹੋਵੇ ਤਾਂ ਉਸ ਨੂੰ ਆਰਥਿਕ ਤੌਰ ’ਤੇ ਖੁਸ਼ਹਾਲ ਕਿਵੇਂ ਕਿਹਾ ਜਾ ਸਕਦਾ ਹੈ। ਇਸ ਸੰਦਰਭ ਵਿੱਚ ਵਿਸ਼ਵ ਬੈਂਕ ਦੇ 8.30 ਡਾਲਰ/174 ਰੁਪਏ ਪ੍ਰਤੀ ਦਿਨ ਵਾਲੇ ਮਾਪਦੰਡ ਨੂੰ ਵੀ ਵਿਚਾਰਨਾ ਚਾਹੀਦਾ ਹੈ। ਇਸ ਅਨੁਸਾਰ 2023-24 ਵਿੱਚ ਭਾਰਤ ਦੀ ਲਗਭਗ 80 ਫੀਸਦੀ ਅਬਾਦੀ ਇਸ ਪੱਧਰ ਤੋਂ ਹੇਠਾਂ ਸੀ। ਭਾਵੇਂ ਇਹ ਰੇਖਾ ਉੱਚ ਮੱਧ-ਆਮਦਨ ਵਾਲੇ ਦੇਸ਼ਾਂ ਲਈ ਨਿਰਧਾਰਤ ਕੀਤੀ ਗਈ ਹੈ ਅਤੇ ਭਾਰਤ ਦੀ ਅਧਿਕਾਰਤ ਗਰੀਬੀ ਦਰ ਵਜੋਂ ਇਸਦੀ ਵਰਤੋਂ ਨਹੀਂ ਕੀਤੀ ਜਾ ਸਕਦੀ, ਪਰ ਇਹ ਦਰਸਾਉਂਦੀ ਹੈ ਕਿ ਭਾਰਤ ਦੀ ਵੱਡੀ ਅਬਾਦੀ ਦਾ ਜੀਵਨ ਪੱਧਰ ਅਜੇ ਵੀ ਵਿਕਸਿਤ ਅਰਥਚਾਰਿਆਂ ਦੇ ਮੁਕਾਬਲੇ ਕਾਫੀ ਨੀਵਾਂ ਹੈ।
ਵਿਸ਼ਵ ਬੈਂਕ ਦੀ ਰਿਪੋਰਟ ਦਾ ਇੱਕ ਮਹੱਤਵਪੂਰਨ ਪੱਖ ਰੁਜ਼ਗਾਰ ਦੀ ਸਥਿਤੀ ਹੈ। ਇਸ ਅਨੁਸਾਰ 2017 ਤੋਂ 2023 ਦਰਮਿਆਨ ਭਾਰਤ ਵਿੱਚ ਲਗਭਗ 13.4 ਕਰੋੜ ਰੁਜ਼ਗਾਰ ਦੇ ਮੌਕੇ ਵਧੇ। ਇਸ ਵਾਧੇ ਵਿੱਚ ਪੇਂਡੂ ਔਰਤਾਂ ਦੀ ਅਦਾਇਗੀ ਵਾਲੇ ਕੰਮਾਂ ਵਿੱਚ ਵਧੀ ਭਾਗੀਦਾਰੀ ਦਾ ਮਹੱਤਵਪੂਰਨ ਯੋਗਦਾਨ ਰਿਹਾ। ਇਹ ਇੱਕ ਹਾਂ-ਪੱਖੀ ਰੁਝਾਨ ਹੈ, ਪਰ ਰੁਜ਼ਗਾਰ ਦੀ ਗਿਣਤੀ ਵਧਣ ਨਾਲ ਹੀ ਰੁਜ਼ਗਾਰ ਦੀ ਗੁਣਵੱਤਾ ਵਿੱਚ ਸੁਧਾਰ ਹੋਣਾ ਲਾਜ਼ਮੀ ਨਹੀਂ। ਵਿਸ਼ਵ ਬੈਂਕ ਨੇ ਸਪਸ਼ਟ ਕੀਤਾ ਹੈ ਕਿ ਰੁਜ਼ਗਾਰ ਦੇ ਵਾਧੇ ਦੇ ਬਾਵਜੂਦ ਅਸਲ ਮਜ਼ਦੂਰੀ ਆਮਦਨ ਵਿੱਚ ਬਹੁਤਾ ਵਾਧਾ ਨਹੀਂ ਹੋਇਆ ਅਤੇ ਨਵੇਂ ਰੁਜ਼ਗਾਰ ਦਾ ਵੱਡਾ ਹਿੱਸਾ ਘੱਟ ਉਤਪਾਦਕਤਾ ਵਾਲੇ ਖੇਤਰਾਂ ਵਿੱਚ ਪੈਦਾ ਹੋਇਆ। ਇਸ ਤੋਂ ਇਲਾਵਾ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ 2025-26 ਦੀ ਪਹਿਲੀ ਤਿਮਾਹੀ ਵਿੱਚ 14.6 ਫੀਸਦੀ ਤੋਂ ਵਧ ਕੇ 2026-27 ਦੀ ਪਹਿਲੀ ਤਿਮਾਹੀ ਵਿੱਚ 15.9 ਫੀਸਦੀ ਹੋ ਗਈ।
ਇਸ ਸਥਿਤੀ ਦਾ ਅਰਥ ਹੈ ਕਿ ਭਾਰਤ ਦੀ ਵਿਕਾਸ ਨੀਤੀ ਵਿੱਚ ਰੁਜ਼ਗਾਰ ਦੀ ਗੁਣਵੱਤਾ, ਸਥਿਰਤਾ ਅਤੇ ਮਜ਼ਦੂਰੀ ਦੀ ਖਰੀਦ ਸ਼ਕਤੀ ਨੂੰ ਪਹਿਲ ਦੇਣ ਦੀ ਲੋੜ ਹੈ। ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਕਰੋੜਾਂ ਮਜ਼ਦੂਰਾਂ ਨੂੰ ਨਾ ਤਾਂ ਨਿਯਮਤ ਰੁਜ਼ਗਾਰ ਦੀ ਗਰੰਟੀ ਹੈ ਅਤੇ ਨਾ ਹੀ ਸਮਾਜਿਕ ਸੁਰੱਖਿਆ ਦੀ। ਠੇਕਾ ਪ੍ਰਣਾਲੀ, ਘੱਟ ਉਜਰਤਾਂ, ਅਸੁਰੱਖਿਅਤ ਕੰਮ ਦੀਆਂ ਹਾਲਤਾਂ ਅਤੇ ਮਹਿੰਗਾਈ ਨੇ ਮਜ਼ਦੂਰ ਵਰਗ ਦੀ ਆਰਥਿਕ ਸਥਿਤੀ ਨੂੰ ਗੰਭੀਰ ਚੁਣੌਤੀ ਦਿੱਤੀ ਹੋਈ ਹੈ। ਇਸੇ ਤਰ੍ਹਾਂ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਵੀ ਚਿੰਤਾਜਨਕ ਹੈ। ਵਿਸ਼ਵ ਬੈਂਕ ਦੀ ਅਕਤੂਬਰ 2025 ਦੀ ਰਿਪੋਰਟ ਅਨੁਸਾਰ 2023-24 ਵਿੱਚ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ 29 ਫੀਸਦੀ ਸੀ। ਇਸ ਤੋਂ ਸਪਸ਼ਟ ਹੈ ਕਿ ਸਿੱਖਿਆ ਅਤੇ ਰੁਜ਼ਗਾਰ ਬਜ਼ਾਰ ਦੀਆਂ ਲੋੜਾਂ ਵਿਚਕਾਰ ਵੱਡਾ ਪਾੜਾ ਹੈ।
ਵਿਸ਼ਵ ਬੈਂਕ ਦੇ ਅਨੁਮਾਨਾਂ ਅਨੁਸਾਰ 2023-24 ਵਿੱਚ 4.20 ਡਾਲਰ/85 ਰੁਪਏ ਦੀ ਗਰੀਬੀ ਰੇਖਾ ਅਨੁਸਾਰ ਪੇਂਡੂ ਖੇਤਰਾਂ ਵਿੱਚ ਗਰੀਬੀ ਦੀ ਦਰ 19.3 ਫੀਸਦੀ ਅਤੇ ਸ਼ਹਿਰੀ ਖੇਤਰਾਂ ਵਿੱਚ 8.6 ਫੀਸਦੀ ਸੀ। ਇਸ ਤੋਂ ਸਪਸ਼ਟ ਹੈ ਕਿ ਪੇਂਡੂ ਭਾਰਤ ਵਿੱਚ ਗਰੀਬੀ ਦੀ ਸਮੱਸਿਆ ਅਜੇ ਵੀ ਵਧੇਰੇ ਗੰਭੀਰ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਤੋਂ ਪੱਛਮੀ ਬੰਗਾਲ ਤਕ ਦੇ ਰਾਜਾਂ ਦੀ ਪੱਟੀ ਵਿੱਚ ਦੇਸ਼ ਦੇ ਲਗਭਗ 57 ਫੀਸਦੀ ਗਰੀਬ ਲੋਕ ਰਹਿੰਦੇ ਹਨ। ਇਹ ਖੇਤਰੀ ਅਸਮਾਨਤਾ ਦਰਸਾਉਂਦੀ ਹੈ ਕਿ ਗਰੀਬੀ ਦੇ ਖਾਤਮੇ ਲਈ ਸਾਰਿਆਂ ਵਾਸਤੇ ਇੱਕੋ ਜਿਹੀ ਨੀਤੀ ਪ੍ਰਭਾਵਸ਼ਾਲੀ ਨਹੀਂ ਹੋ ਸਕਦੀ। ਗਰੀਬੀ ਦਾ ਮੁਲਾਂਕਣ ਕਰਦੇ ਸਮੇਂ ਬਹੁ-ਪੱਖੀ ਗਰੀਬੀ ਸੂਚਕ ਅੰਕ (Multidimensional Poverty Index - MPI) ਨੂੰ ਵੀ ਮਹੱਤਵ ਦੇਣਾ ਚਾਹੀਦਾ ਹੈ। ਵਿਸ਼ਵ ਬੈਂਕ ਅਨੁਸਾਰ ਭਾਰਤ ਵਿੱਚ ਬਹੁ-ਪੱਖੀ ਗਰੀਬੀ 2005-06 ਦੇ 53.8 ਫੀਸਦੀ ਤੋਂ ਘਟ ਕੇ 2019-21 ਵਿੱਚ 16.4 ਫੀਸਦੀ ਰਹਿ ਗਈ। ਇਸਦੇ ਆਪਣੇ ਬਹੁ-ਪੱਖੀ ਮਾਪ ਅਨੁਸਾਰ 2022-23 ਵਿੱਚ ਇਹ ਦਰ 15.5 ਫੀਸਦੀ ਸੀ। ਇਹ ਸਿਹਤ, ਸਿੱਖਿਆ, ਰਿਹਾਇਸ਼ ਅਤੇ ਬੁਨਿਆਦੀ ਸਹੂਲਤਾਂ ਵਿੱਚ ਹੋਏ ਸੁਧਾਰਾਂ ਦਾ ਸੰਕੇਤ ਹੈ। ਪਰ ਇਸ ਪ੍ਰਾਪਤੀ ਨੂੰ ਆਰਥਿਕ ਸਮੱਸਿਆਵਾਂ ਦੇ ਹੱਲ ਵਜੋਂ ਪੇਸ਼ ਕਰਨਾ ਵੀ ਉਚਿਤ ਨਹੀਂ ਹੈ।
ਸਰਕਾਰ ਨੂੰ ਸਭ ਤੋਂ ਪਹਿਲਾਂ ਇੱਕ ਭਰੋਸੇਯੋਗ, ਪਾਰਦਰਸ਼ੀ ਅਤੇ ਨਿਯਮਤ ਰਾਸ਼ਟਰੀ ਗਰੀਬੀ ਮਾਪਣ ਪ੍ਰਣਾਲੀ ਵਿਕਸਿਤ ਕਰਨੀ ਚਾਹੀਦੀ ਹੈ। ਘਰੇਲੂ ਖਪਤ ਸਰਵੇਖਣਾਂ ਦੇ ਅੰਕੜੇ ਸਮੇਂ ਸਿਰ ਜਾਰੀ ਕੀਤੇ ਜਾਣ ਅਤੇ ਸਰਵੇਖਣਾਂ ਦੀ ਤੁਲਨਾਤਮਕਤਾ ਯਕੀਨੀ ਬਣਾਉਣ ਲਈ ਲੋੜੀਂਦੇ ਵਿਗਿਆਨਕ ਪ੍ਰਬੰਧ ਕੀਤੇ ਜਾਣ। ਇਸਦੇ ਨਾਲ ਹੀ ਰਾਸ਼ਟਰੀ ਗਰੀਬੀ ਰੇਖਾ ਨੂੰ ਮਹਿੰਗਾਈ ਅਤੇ ਲੋਕਾਂ ਦੀਆਂ ਬਦਲਦੀਆਂ ਬੁਨਿਆਦੀ ਲੋੜਾਂ ਅਨੁਸਾਰ ਨਵੀਨੀਕਰਨ ਕੀਤਾ ਜਾਣਾ ਚਾਹੀਦਾ ਹੈ। ਦੂਜਾ, ਖੇਤੀਬਾੜੀ ਅਤੇ ਛੋਟੇ ਉਦਯੋਗਾਂ ਨੂੰ ਮਜ਼ਬੂਤ ਕਰਕੇ ਵੱਡੇ ਪੱਧਰ ਉੱਤੇ ਸਥਾਈ ਅਤੇ ਵਧੀਆ ਤਨਖਾਹ ਵਾਲੇ ਰੁਜ਼ਗਾਰ ਪੈਦਾ ਕਰਨੇ ਚਾਹੀਦੇ ਹਨ। ਤੀਜਾ, ਸਿਹਤ, ਸਿੱਖਿਆ, ਪੋਸ਼ਣ ਅਤੇ ਸਮਾਜਿਕ ਸੁਰੱਖਿਆ ਉੱਤੇ ਸਰਕਾਰੀ ਖਰਚ ਵਧਾਉਣਾ ਚਾਹੀਦਾ ਹੈ। ਚੌਥਾ, ਵਧ ਰਹੀ ਆਮਦਨ ਅਤੇ ਦੌਲਤ ਦੀ ਅਸਮਾਨਤਾ ਨੂੰ ਘਟਾਉਣ ਲਈ ਪ੍ਰਗਤੀਸ਼ੀਲ ਕਰ ਪ੍ਰਣਾਲੀ ਅਤੇ ਕਿਰਤੀਆਂ ਦੇ ਹੱਕਾਂ ਦੀ ਰਾਖੀ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਵਿਸ਼ਵ ਬੈਂਕ ਦੇ ਨਵੇਂ ਅਨੁਮਾਨ ਭਾਰਤ ਵਿੱਚ ਗਰੀਬੀ ਘਟਣ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਨੂੰ ਦਰਸਾਉਂਦੇ ਹਨ। ਪਰ 23 ਕਰੋੜ ਤੋਂ ਵੱਧ ਲੋਕਾਂ ਦਾ 4.20 ਡਾਲਰ/85 ਰੁਪਏ ਵਾਲੀ ਗਰੀਬੀ ਰੇਖਾ ਤੋਂ ਹੇਠਾਂ ਰਹਿਣਾ, ਪੇਂਡੂ ਖੇਤਰਾਂ ਵਿੱਚ ਵਧੇਰੇ ਗਰੀਬੀ, ਨੌਜਵਾਨਾਂ ਦੀ ਬੇਰੁਜ਼ਗਾਰੀ ਅਤੇ ਮਜ਼ਦੂਰੀ ਦੀ ਖਰੀਦ ਸ਼ਕਤੀ ਵਿੱਚ ਖੜੋਤ ਗੰਭੀਰ ਚੁਣੌਤੀਆਂ ਹਨ। ਵਿਕਾਸ ਦਾ ਅਸਲ ਪੈਮਾਨਾ ਇਹ ਹੋਣਾ ਚਾਹੀਦਾ ਹੈ ਕਿ ਦੇਸ਼ ਦਾ ਕੋਈ ਵੀ ਨਾਗਰਿਕ ਭੋਜਨ, ਸਿਹਤ, ਸਿੱਖਿਆ, ਰੁਜ਼ਗਾਰ ਅਤੇ ਸਨਮਾਨਜਨਕ ਜੀਵਨ ਤੋਂ ਵਾਂਝਾ ਨਾ ਰਹੇ। ਗਰੀਬੀ ਦੇ ਅੰਕੜਿਆਂ ਵਿੱਚ ਕਮੀ ਇੱਕ ਪ੍ਰਾਪਤੀ ਹੈ, ਪਰ ਗਰੀਬੀ ਅਤੇ ਆਰਥਿਕ ਅਸੁਰੱਖਿਆ ਤੋਂ ਮੁਕਤ ਸਮਾਜ ਦੀ ਸਿਰਜਣਾ ਹੀ ਅਸਲ ਆਰਥਿਕ ਵਿਕਾਸ ਦਾ ਮੰਤਵ ਹੋਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































