“ਆਰਥਿਕ ਵਿਕਾਸ ਅਤੇ ਸਮਾਜਿਕ ਨਿਆਂ ਨੂੰ ਇੱਕ-ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ।”
(23 ਨਵੰਬਰ 2026)
ਆਮ ਤੌਰ ’ਤੇ ਦੁਨੀਆ ਦੀ ਆਰਥਿਕ ਤਰੱਕੀ ਦਾ ਪੈਮਾਨਾ ਕੁੱਲ ਘਰੇਲੂ ਉਤਪਾਦ ਪੱਧਰ (ਜੀਡੀਪੀ), ਵਿਕਾਸ ਦਰ, ਵਿਦੇਸ਼ੀ ਨਿਵੇਸ਼ ਅਤੇ ਪ੍ਰਤੀ ਵਿਅਕਤੀ ਆਮਦਨ ਵਰਗੇ ਸੂਚਕਾਂ ਨੂੰ ਮੰਨਿਆ ਜਾਂਦਾ ਹੈ ਪਰ ਇੱਕ ਬੁਨਿਆਦੀ ਸਵਾਲ ਨੂੰ ਅਕਸਰ ਅਣਗੌਲਿਆ ਕਰ ਦਿੱਤਾ ਜਾਂਦਾ ਹੈ ਕਿ ਇਸ ਤਰੱਕੀ ਦੇ ਲਾਭ ਕਿਸ ਨੂੰ ਮਿਲ ਰਹੇ ਹਨ ਅਤੇ ਕੌਣ ਲੋਕ ਇਨ੍ਹਾਂ ਤੋਂ ਵਾਂਝੇ ਰਹਿ ਜਾਂਦੇ ਹਨ? ਜੇਕਰ ਵਿਸ਼ਵ ਅਸਮਾਨਤਾ ਲੈਬ (World Inequality Lab) ਦੀ ਵਿਸ਼ਵ ਅਸਮਾਨਤਾ ਰਿਪੋਰਟ 2026 ਨੂੰ ਗਹੂ ਨਾਲ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਇਹ ਰਿਪੋਰਟ ਇਸ ਸਵਾਲ ਨੂੰ ਦੁਨੀਆ ਦੀ ਆਰਥਿਕਤਾ ਦੇ ਕੇਂਦਰ ਵਿੱਚ ਲਿਆਉਂਦੀ ਹੈ ਕਿਉਂਕਿ ਇਹ ਰਿਪੋਰਟ ਆਮਦਨ, ਦੌਲਤ, ਲਿੰਗਕ ਪਾੜੇ, ਜਲਵਾਯੂ ਸੰਕਟ ਅਤੇ ਕੌਮਾਂਤਰੀ ਵਿੱਤੀ ਪ੍ਰਬੰਧ ਦੀਆਂ ਅਸਮਾਨਤਾਵਾਂ ਦਾ ਵਿਸ਼ਲੇਸ਼ਣ ਕਰਦੀ ਹੈ। ਰਿਪੋਰਟ ਦਾ ਬੁਨਿਆਦੀ ਸੰਦੇਸ਼ ਸਪਸ਼ਟ ਹੈ ਕਿ ਦੁਨੀਆ ਪਹਿਲਾਂ ਨਾਲੋਂ ਵਧੇਰੇ ਅਮੀਰ ਹੋਈ ਹੈ, ਪਰ ਇਸ ਅਮੀਰੀ ਦੀ ਵੰਡ ਬੇਹੱਦ ਨਾਬਰਾਬਰੀ ਵਾਲੀ ਹੈ। ਇਸ ਲਈ ਆਰਥਿਕ ਵਿਕਾਸ ਦਰ ਨੂੰ ਹੀ ਲੋਕਾਂ ਦੀ ਭਲਾਈ ਦਾ ਅੰਤਿਮ ਪੈਮਾਨਾ ਮੰਨਣਾ ਗੰਭੀਰ ਨੀਤੀਗਤ ਭੁੱਲ ਹੈ।
ਦੁਨੀਆ ਦੇ ਸਭ ਤੋਂ ਵੱਧ ਅਮੀਰ ਅਰਬਾਂ-ਖਰਬਾਂਪਤੀ 0.001 ਫੀਸਦੀ ਲਗਭਗ 60 ਹਜ਼ਾਰ ਲੋਕਾਂ ਕੋਲ ਦੁਨੀਆ ਦੇ ਹੇਠਲੇ 50 ਫੀਸਦੀ ਲੋਕਾਂ ਦੀ ਜਾਇਦਾਦ ਤੋਂ ਤਿੰਨ ਗੁਣਾ ਜ਼ਿਆਦਾ ਜਾਇਦਾਦ ਹੈ। ਸਾਲ 1995 ਵਿੱਚ ਇਨ੍ਹਾਂ ਦਾ ਜਾਇਦਾਦ ਵਿੱਚ ਹਿੱਸਾ 4 ਫੀਸਦੀ ਤੋਂ ਵਧ ਕੇ 2025 ਵਿੱਚ 6 ਫੀਸਦੀ ਹੋ ਗਿਆ ਸੀ। ਉੱਪਰਲੀ 10 ਫੀਸਦੀ ਅਮੀਰ ਅਬਾਦੀ ਕੋਲ ਕੁੱਲ ਵਿਸ਼ਵ ਦੌਲਤ ਦਾ ਲਗਭਗ 75 ਫੀਸਦੀ ਹਿੱਸਾ ਹੈ, ਜਦੋਂਕਿ ਹੇਠਲੇ 50 ਫੀਸਦੀ ਲੋਕਾਂ ਕੋਲ ਕੇਵਲ 2 ਫੀਸਦੀ ਦੌਲਤ ਹੈ। ਆਮਦਨ ਦੀ ਵੰਡ ਵੀ ਇਸੇ ਤਰ੍ਹਾਂ ਨਾ-ਬਰਾਬਰ ਹੈ। ਦੁਨੀਆ ਦੀ ਸਿਖਰਲੀ 10 ਫੀਸਦੀ ਅਬਾਦੀ ਕੁੱਲ ਆਮਦਨ ਦਾ ਲਗਭਗ 53 ਫੀਸਦੀ ਹਿੱਸਾ ਹਾਸਲ ਕਰਦੀ ਹੈ, ਜਦੋਂਕਿ ਹੇਠਲੇ 50 ਫੀਸਦੀ ਲੋਕਾਂ ਦੇ ਹਿੱਸੇ ਵਿੱਚ ਕੇਵਲ 8 ਫੀਸਦੀ ਆਮਦਨ ਆਉਂਦੀ ਹੈ।
ਇਹ ਅੰਕੜੇ ਕੇਵਲ ਅਮੀਰਾਂ ਅਤੇ ਗਰੀਬਾਂ ਵਿਚਕਾਰ ਆਮਦਨ ਦੇ ਫਰਕ ਨੂੰ ਹੀ ਨਹੀਂ ਦਰਸਾਉਂਦੇ, ਸਗੋਂ ਆਰਥਿਕ ਪ੍ਰਬੰਧ ਦੀ ਬੁਨਿਆਦੀ ਬਣਤਰ ਉੱਤੇ ਵੀ ਸਵਾਲ ਖੜ੍ਹੇ ਕਰਦੇ ਹਨ। ਜਦੋਂ ਆਰਥਿਕ ਵਿਕਾਸ ਦੇ ਵੱਡੇ ਲਾਭ ਸੀਮਿਤ ਲੋਕਾਂ ਕੋਲ ਇਕੱਠੇ ਹੁੰਦੇ ਜਾਣ ਤਾਂ ਬਹੁਗਿਣਤੀ ਦੀ ਖਰੀਦ ਸ਼ਕਤੀ, ਜੀਵਨ ਪੱਧਰ ਅਤੇ ਆਰਥਿਕ ਸੁਰੱਖਿਆ ਵਿੱਚ ਉਸੇ ਅਨੁਪਾਤ ਨਾਲ ਸੁਧਾਰ ਨਹੀਂ ਹੁੰਦਾ। ਅਰਥਚਾਰੇ ਵਿੱਚ ਵਸਤਾਂ ਅਤੇ ਸੇਵਾਵਾਂ ਦਾ ਉਤਪਾਦਨ ਵਧਣ ਦੇ ਬਾਵਜੂਦ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਦੀ ਘਾਟ ਇਸੇ ਵਿਰੋਧਾਭਾਸ ਦਾ ਨਤੀਜਾ ਹੈ।
ਇੱਥੇ ਆਮਦਨ ਅਤੇ ਦੌਲਤ ਵਿਚਲਾ ਫਰਕ ਸਮਝਣਾ ਵੀ ਜ਼ਰੂਰੀ ਹੈ। ਆਮਦਨ ਕਿਸੇ ਸਮੇਂ ਦੌਰਾਨ ਹੋਣ ਵਾਲੀ ਕਮਾਈ ਹੈ, ਜਦੋਂਕਿ ਦੌਲਤ ਵਿੱਚ ਜ਼ਮੀਨ, ਮਕਾਨ, ਵਿੱਤੀ ਸੰਪਤੀਆਂ ਅਤੇ ਹੋਰ ਜਾਇਦਾਦਾਂ ਵਿੱਚੋਂ ਕਰਜ਼ੇ ਘਟਾਉਣ ਮਗਰੋਂ ਬਚੀ ਕੀਮਤ/ਮੁੱਲ ਸ਼ਾਮਲ ਹੁੰਦਾ ਹੈ। ਜੇ ਕਿਸੇ ਪਰਿਵਾਰ ਕੋਲ ਜਾਇਦਾਦ, ਵਿਰਾਸਤੀ ਪੂੰਜੀ ਅਤੇ ਵਿੱਤੀ ਨਿਵੇਸ਼ ਹਨ, ਤਾਂ ਉਹ ਕਿਰਤ ਤੋਂ ਮਿਲਣ ਵਾਲੀ ਆਮਦਨ ਤੋਂ ਇਲਾਵਾ ਕਿਰਾਇਆ, ਬਿਆਜ, ਲਾਭਅੰਸ਼ ਅਤੇ ਪੂੰਜੀਗਤ ਵਾਧੇ ਤੋਂ ਵੀ ਕਮਾਈ ਕਰ ਸਕਦਾ ਹੈ। ਇਸਦੇ ਉਲਟ, ਜਾਇਦਾਦ ਤੋਂ ਵਾਂਝਾ ਪਰਿਵਾਰ ਆਪਣੀ ਰੋਜ਼ੀ-ਰੋਟੀ ਲਈ ਮੁੱਖ ਤੌਰ ’ਤੇ ਮਜ਼ਦੂਰੀ ਜਾਂ ਤਨਖਾਹ ਉੱਤੇ ਨਿਰਭਰ ਰਹਿੰਦਾ ਹੈ। ਇਸੇ ਕਰਕੇ ਦੌਲਤ ਦੀ ਨਾ-ਬਰਾਬਰੀ ਆਉਣ ਵਾਲੀਆਂ ਪੀੜ੍ਹੀਆਂ ਤਕ ਆਰਥਿਕ ਅਤੇ ਸਮਾਜਿਕ ਪਾੜਿਆਂ ਨੂੰ ਕਾਇਮ ਰੱਖ ਸਕਦੀ ਹੈ।
ਭਾਰਤ ਲਈ ਰਿਪੋਰਟ ਦੇ ਅੰਕੜੇ ਵਿਸ਼ੇਸ਼ ਤੌਰ ’ਤੇ ਚਿੰਤਾਜਨਕ ਹਨ। ਸਾਲ 2024 ਦੇ ਅੰਕੜਿਆਂ ਅਨੁਸਾਰ ਦੇਸ਼ ਦੀ ਸਿਖਰਲੀ 10 ਫੀਸਦੀ ਅਬਾਦੀ ਕੋਲ ਕੌਮੀ ਆਮਦਨ ਦਾ ਲਗਭਗ 57.7 ਫੀਸਦੀ ਹਿੱਸਾ ਹੈ, ਜਦੋਂਕਿ ਹੇਠਲੇ 50 ਫੀਸਦੀ ਲੋਕਾਂ ਨੂੰ ਕੇਵਲ 15 ਫੀਸਦੀ ਆਮਦਨ ਮਿਲਦੀ ਹੈ। ਦੌਲਤ ਦੀ ਵੰਡ ਹੋਰ ਵੀ ਨਾ-ਬਰਾਬਰ ਹੈ ਕਿਉਂਕਿ ਸਿਖਰਲੇ 10 ਫੀਸਦੀ ਕੋਲ ਕੁੱਲ ਦੌਲਤ ਦਾ ਲਗਭਗ 65 ਫੀਸਦੀ ਅਤੇ ਸਿਖਰਲੇ ਇੱਕ ਫੀਸਦੀ ਕੋਲ ਤਕਰੀਬਨ 40 ਫੀਸਦੀ ਹਿੱਸਾ ਹੈ। ਇਸਦੇ ਉਲਟ, ਹੇਠਲੇ 50 ਫੀਸਦੀ ਲੋਕਾਂ ਕੋਲ ਕੁੱਲ ਦੌਲਤ ਦਾ ਕੇਵਲ 6.4 ਫੀਸਦੀ ਹੈ।
ਇਨ੍ਹਾਂ ਅੰਕੜਿਆਂ ਦਾ ਅਰਥ ਹੈ ਕਿ ਭਾਰਤ ਦੀ ਆਰਥਿਕ ਤਰੱਕੀ ਦੇ ਲਾਭ ਸਮਾਜ ਦੇ ਸਾਰੇ ਵਰਗਾਂ ਤਕ ਬਰਾਬਰ ਨਹੀਂ ਪਹੁੰਚ ਰਹੇ। ਇੱਕ ਪਾਸੇ ਵੱਡੇ ਕਾਰੋਬਾਰੀ, ਵਿੱਤੀ ਸੰਪਤੀਆਂ ਅਤੇ ਜਾਇਦਾਦਾਂ ਦੀ ਕੀਮਤ ਵਿੱਚ ਵਾਧੇ ਨਾਲ ਉੱਚ ਆਮਦਨ ਵਾਲੇ ਵਰਗਾਂ ਦੀ ਦੌਲਤ ਵਧਦੀ ਹੈ; ਦੂਜੇ ਪਾਸੇ ਮਜ਼ਦੂਰਾਂ, ਛੋਟੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਅਸੰਗਠਿਤ ਖੇਤਰ ਦੇ ਕਾਮਿਆਂ ਲਈ ਸਥਿਰ ਆਮਦਨ, ਰੁਜ਼ਗਾਰ ਦੀ ਸੁਰੱਖਿਆ ਅਤੇ ਸਮਾਜਿਕ ਸੁਰੱਖਿਆ ਹਾਸਲ ਕਰਨਾ ਮੁਸ਼ਕਿਲ ਬਣਿਆ ਰਹਿੰਦਾ ਹੈ।
ਭਾਰਤ ਦੀ ਪ੍ਰਤੀ ਵਿਅਕਤੀ ਔਸਤ ਮਹੀਨਾਵਾਰ ਆਮਦਨ ਖਰੀਦ ਸ਼ਕਤੀ ਸਮਾਨਤਾ (ਪੀਪੀਪੀ) ਦੇ ਅਧਾਰ ’ਤੇ ਲਗਭਗ 518 ਯੂਰੋ ਦਰਸਾਈ ਗਈ ਹੈ। ਪਰ ਔਸਤ ਦਾ ਅੰਕੜਾ ਸਮਾਜ ਅੰਦਰਲੀ ਵੰਡ ਨੂੰ ਆਪਣੇ ਆਪ ਨਹੀਂ ਦਿਖਾਉਂਦਾ। ਜੇ ਕੁਝ ਲੋਕਾਂ ਦੀ ਆਮਦਨ ਬਹੁਤ ਉੱਚੀ ਹੋਵੇ ਅਤੇ ਵੱਡੀ ਅਬਾਦੀ ਦੀ ਆਮਦਨ ਘੱਟ ਹੋਵੇ, ਤਾਂ ਔਸਤ ਅਸਲ ਜੀਵਨ ਹਾਲਤਾਂ ਦੀ ਤਸਵੀਰ ਨੂੰ ਧੁੰਦਲਾ ਕਰ ਸਕਦੀ ਹੈ। ਇਸੇ ਲਈ ਆਮਦਨ ਦੀ ਔਸਤ ਦੇ ਨਾਲ-ਨਾਲ ਉਸਦੀ ਵੰਡ, ਰੁਜ਼ਗਾਰ ਦੀ ਗੁਣਵੱਤਾ, ਸਿੱਖਿਆ, ਸਿਹਤ, ਪੋਸ਼ਣ ਖਾਸ ਕਰਕੇ ਬੱਚਿਆਂ ਵਿੱਚ ਅਤੇ ਸਮਾਜਿਕ ਸੁਰੱਖਿਆ ਦੇ ਸੂਚਕਾਂ ਨੂੰ ਵੀ ਦੇਖਣਾ ਲਾਜ਼ਮੀ ਹੈ।
ਇਸ ਸੰਦਰਭ ਵਿੱਚ ਭਾਰਤ ਦੇ ਵਿਕਾਸ ਮਾਡਲ ਦੀ ਆਲੋਚਨਾਤਮਕ ਸਮੀਖਿਆ ਜ਼ਰੂਰੀ ਹੈ। ਉੱਚ ਜੀਡੀਪੀ ਵਿਕਾਸ ਦਰ ਆਪਣੇ ਆਪ ਵਿੱਚ ਨਾ ਤਾਂ ਰੁਜ਼ਗਾਰ ਦੀ ਗਰੰਟੀ ਹੈ, ਨਾ ਹੀ ਉਚਿਤ ਮਜ਼ਦੂਰੀ ਦੀ ਅਤੇ ਨਾ ਹੀ ਜਨਤਕ ਸੇਵਾਵਾਂ ਤਕ ਬਰਾਬਰ ਪਹੁੰਚ ਦੀ। ਜੇ ਵਿਕਾਸ ਦੇ ਨਾਲ ਮਜ਼ਦੂਰਾਂ ਦੀ ਸੌਦੇਬਾਜ਼ੀ ਦੀ ਤਾਕਤ ਕਮਜ਼ੋਰ ਹੋਵੇ, ਸਥਾਈ ਨੌਕਰੀਆਂ ਦੀ ਥਾਂ ਅਸਥਾਈ ਅਤੇ ਠੇਕਾ ਪ੍ਰਣਾਲੀ ਫੈਲੇ ਅਤੇ ਜਨਤਕ ਸਿੱਖਿਆ ਅਤੇ ਸਿਹਤ ਉੱਤੇ ਪਰਿਵਾਰਾਂ ਦਾ ਆਪਣਾ ਖਰਚਾ ਵਧੇ ਤਾਂ ਵਿਕਾਸ ਦੇ ਲਾਭਾਂ ਦੀ ਵੰਡ ਹੋਰ ਵੀ ਨਾ-ਬਰਾਬਰੀ ਵਾਲੀ ਹੋ ਸਕਦੀ ਹੈ।
ਇੱਕ ਹੋਰ ਅਹਿਮ ਨੁਕਤਾ ਇਹ ਹੈ ਕਿ ਵਿਸ਼ਵ ਦੀ ਦੌਲਤ ਵਿੱਚ ਵਾਧੇ ਦਾ ਵੱਡਾ ਹਿੱਸਾ ਨਿੱਜੀ ਖੇਤਰ ਦੀਆਂ ਸੰਪਤੀਆਂ ਵਿੱਚ ਇਕੱਠਾ ਹੋਇਆ ਹੈ, ਜਦੋਂਕਿ ਜਨਤਕ ਦੌਲਤ ਦਾ ਵਾਧਾ ਇਸਦੇ ਮੁਕਾਬਲੇ ਸੀਮਿਤ ਰਿਹਾ ਹੈ। 1990ਵਿਆਂ ਤੋਂ ਅਰਬਪਤੀਆਂ ਅਤੇ ਅਤਿ-ਅਮੀਰ ਲੋਕਾਂ ਦੀ ਦੌਲਤ ਵਿੱਚ ਸਲਾਨਾ ਵਾਧਾ ਲਗਭਗ 8 ਫੀਸਦੀ ਰਿਹਾ ਹੈ, ਜੋ ਹੇਠਲੇ 50 ਫੀਸਦੀ ਲੋਕਾਂ ਦੀ ਦੌਲਤ ਦੇ ਵਾਧੇ ਨਾਲੋਂ ਕਾਫੀ ਤੇਜ਼ ਹੈ। ਇਹ ਤੱਥ ਦਰਸਾਉਂਦੇ ਹਨ ਕਿ ਦੌਲਤ ਦਾ ਕੇਂਦਰੀਕਰਨ ਕੋਈ ਅਸਥਾਈ ਘਟਨਾ ਨਹੀਂ, ਸਗੋਂ ਆਰਥਿਕ ਪ੍ਰਬੰਧ ਦੀ ਇੱਕ ਡੂੰਘੀ ਸੰਰਚਨਾਤਮਕ ਸਮੱਸਿਆ ਹੈ।
ਜਦੋਂ ਪੂੰਜੀ ਤੋਂ ਹੋਣ ਵਾਲੀ ਆਮਦਨ ਮਜ਼ਦੂਰੀ ਤੋਂ ਹੋਣ ਵਾਲੀ ਆਮਦਨ ਨਾਲੋਂ ਤੇਜ਼ੀ ਨਾਲ ਵਧਦੀ ਹੈ ਤਾਂ ਜਾਇਦਾਦ ਦੇ ਮਾਲਕਾਂ ਅਤੇ ਆਪਣੀ ਕਿਰਤ ਵੇਚ ਕੇ ਗੁਜ਼ਾਰਾ ਕਰਨ ਵਾਲਿਆਂ ਵਿਚਲਾ ਪਾੜਾ ਵਧਦਾ ਜਾਂਦਾ ਹੈ। ਇਸ ਸਥਿਤੀ ਵਿੱਚ ਸਿਰਫ ਬਜ਼ਾਰ ਦੀਆਂ ਤਾਕਤਾਂ ’ਤੇ ਭਰੋਸਾ ਕਰਨਾ ਕਾਫੀ ਨਹੀਂ। ਮਜ਼ਦੂਰਾਂ ਲਈ ਉਚਿਤ ਉਜਰਤਾਂ, ਸਮੂਹਿਕ ਸੌਦੇਬਾਜ਼ੀ ਦੇ ਹੱਕ, ਸਮਾਜਿਕ ਸੁਰੱਖਿਆ ਅਤੇ ਜਨਤਕ ਸੇਵਾਵਾਂ ਦੀ ਮਜ਼ਬੂਤੀ ਤੋਂ ਬਿਨਾਂ ਵਿਕਾਸ ਦੇ ਲਾਭਾਂ ਦੀ ਵਿਆਪਕ ਵੰਡ ਸੰਭਵ ਨਹੀਂ।
ਇਸਦਾ ਮਤਲਬ ਇਹ ਨਹੀਂ ਕਿ ਨਿੱਜੀ ਉੱਦਮ ਜਾਂ ਨਿਵੇਸ਼ ਆਰਥਿਕ ਵਿਕਾਸ ਲਈ ਮਹੱਤਵਹੀਣ ਹਨ। ਸਵਾਲ ਇਹ ਹੈ ਕਿ ਉਤਪਾਦਨ ਅਤੇ ਨਿਵੇਸ਼ ਤੋਂ ਪੈਦਾ ਹੋਣ ਵਾਲੀ ਦੌਲਤ ਵਿੱਚ ਮਜ਼ਦੂਰਾਂ ਅਤੇ ਸਮਾਜ ਦਾ ਹਿੱਸਾ ਕਿੰਨਾ ਹੈ ਅਤੇ ਇਸਦੇ ਲਾਭਾਂ ਦੀ ਵੰਡ ਕਿਹੜੇ ਨਿਯਮਾਂ ਅਨੁਸਾਰ ਹੁੰਦੀ ਹੈ। ਆਰਥਿਕ ਕੁਸ਼ਲਤਾ ਅਤੇ ਸਮਾਜਿਕ ਨਿਆਂ ਨੂੰ ਇੱਕ-ਦੂਜੇ ਦੇ ਵਿਰੋਧੀ ਮੰਨਣ ਦੀ ਥਾਂ ਦੋਵਾਂ ਨੂੰ ਇਕੱਠੇ ਅੱਗੇ ਵਧਾਉਣਾ ਸਮੇਂ ਦੀ ਲੋੜ ਹੈ।
ਰਿਪੋਰਟ ਔਰਤਾਂ ਅਤੇ ਮਰਦਾਂ ਵਿਚਕਾਰ ਆਮਦਨ ਦੀ ਅਸਮਾਨਤਾ ਨੂੰ ਵੀ ਉਜਾਗਰ ਕਰਦੀ ਹੈ। ਵਿਸ਼ਵ ਪੱਧਰ ’ਤੇ ਕਿਰਤ ਤੋਂ ਪੈਦਾ ਹੋਣ ਵਾਲੀ ਕੁੱਲ ਆਮਦਨ ਵਿੱਚ ਔਰਤਾਂ ਦਾ ਹਿੱਸਾ ਲਗਭਗ ਇੱਕ-ਤਿਹਾਈ ਹੈ। ਜਦੋਂ ਬਿਨਾਂ ਤਨਖਾਹ ਵਾਲੇ ਘਰੇਲੂ ਕੰਮ ਨੂੰ ਵੀ ਗਿਣਤੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਔਰਤਾਂ ਦੀ ਪ੍ਰਤੀ ਘੰਟਾ ਆਮਦਨ ਮਰਦਾਂ ਦੀ ਆਮਦਨ ਦੇ ਮੁਕਾਬਲੇ ਹੋਰ ਘੱਟ ਦਿਖਾਈ ਦਿੰਦੀ ਹੈ। ਔਰਤਾਂ ਬੱਚਿਆਂ ਦੀ ਦੇਖਭਾਲ, ਬਜ਼ੁਰਗਾਂ ਦੀ ਸੇਵਾ ਅਤੇ ਘਰੇਲੂ ਕੰਮਾਂ ਵਿੱਚ ਵੱਡਾ ਯੋਗਦਾਨ ਪਾਉਂਦੀਆਂ ਹਨ, ਪਰ ਇਸ ਕਿਰਤ ਨੂੰ ਅਕਸਰ ਆਰਥਿਕ ਉਤਪਾਦਨ ਅਤੇ ਨੀਤੀਗਤ ਫੈਸਲਿਆਂ ਵਿੱਚ ਉਚਿਤ ਮਹੱਤਤਾ ਨਹੀਂ ਮਿਲਦੀ।
ਭਾਰਤ ਬਾਰੇ ਰਿਪੋਰਟ ਵਿੱਚ ਦਰਸਾਈ ਗਈ ਔਰਤਾਂ ਦੀ ਕਿਰਤ-ਆਮਦਨ ਦੀ ਹਿੱਸੇਦਾਰੀ ਲਗਭਗ 15.7 ਫੀਸਦੀ ਹੈ। ਇਹ ਅੰਕੜਾ ਔਰਤਾਂ ਦੀ ਆਰਥਿਕ ਭਾਗੀਦਾਰੀ ਅਤੇ ਕਮਾਈ ਦੇ ਮੌਕਿਆਂ ਬਾਰੇ ਗੰਭੀਰ ਚਿੰਤਾ ਪੈਦਾ ਕਰਦਾ ਹੈ। ਹਾਲਾਂਕਿ ਇਸ ਸੂਚਕ ਨੂੰ ਔਰਤਾਂ ਦੀ ਕੁੱਲ ਕਿਰਤ-ਸ਼ਕਤੀ ਭਾਗੀਦਾਰੀ ਦੀ ਦਰ ਦੇ ਬਰਾਬਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਦੋਵਾਂ ਦੀ ਗਣਨਾ ਵੱਖ-ਵੱਖ ਢੰਗ ਨਾਲ ਹੁੰਦੀ ਹੈ।
ਔਰਤਾਂ ਲਈ ਸੁਰੱਖਿਅਤ ਕੰਮਕਾਜੀ ਥਾਂਵਾਂ, ਬਰਾਬਰ ਮਜ਼ਦੂਰੀ, ਬੱਚਿਆਂ ਦੀ ਦੇਖਭਾਲ ਦੀਆਂ ਜਨਤਕ ਸਹੂਲਤਾਂ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨਾ ਜ਼ਰੂਰੀ ਹੈ। ਇਸਦੇ ਨਾਲ ਹੀ ਘਰੇਲੂ ਕਿਰਤ ਦੀ ਸਮਾਜਿਕ ਮਾਨਤਾ ਅਤੇ ਮਰਦਾਂ ਵੱਲੋਂ ਘਰੇਲੂ ਜ਼ਿੰਮੇਵਾਰੀਆਂ ਦੀ ਵਧੇਰੇ ਸਾਂਝ ਵੀ ਲਿੰਗਕ ਬਰਾਬਰੀ ਲਈ ਅਹਿਮ ਹੈ।
ਰਿਪੋਰਟ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਹ ਜਲਵਾਯੂ ਪਰਿਵਰਤਨ ਨੂੰ ਸਿਰਫ ਵਾਤਾਵਰਣ ਦੀ ਸਮੱਸਿਆ ਨਹੀਂ, ਸਗੋਂ ਦੌਲਤ ਦੀ ਅਸਮਾਨ ਵੰਡ ਨਾਲ ਜੁੜਿਆ ਮਸਲਾ ਮੰਨਦੀ ਹੈ। ਨਿੱਜੀ ਪੂੰਜੀ ਦੀ ਮਾਲਕੀ ਨਾਲ ਜੁੜੇ ਕਾਰਬਨ ਨਿਕਾਸ ਦੇ ਹਿਸਾਬ ਅਨੁਸਾਰ ਦੁਨੀਆ ਦੇ ਸਭ ਤੋਂ ਅਮੀਰ 10 ਫੀਸਦੀ ਲੋਕਾਂ ਦਾ ਹਿੱਸਾ ਲਗਭਗ 77 ਫੀਸਦੀ ਹੈ, ਜਦੋਂਕਿ ਹੇਠਲੇ 50 ਫੀਸਦੀ ਲੋਕਾਂ ਦਾ ਹਿੱਸਾ ਕੇਵਲ 3 ਫੀਸਦੀ ਹੈ। ਇਹ ਅੰਕੜੇ ਖਪਤ ਨਾਲ ਜੁੜੇ ਨਿਕਾਸ ਦੀ ਬਜਾਏ ਨਿੱਜੀ ਪੂੰਜੀ ਦੀ ਮਾਲਕੀ ਨਾਲ ਸੰਬੰਧਿਤ ਨਿਕਾਸ ਦੇ ਮਾਪ ’ਤੇ ਆਧਾਰਿਤ ਹਨ।
ਇਸ ਤੋਂ ਸਪਸ਼ਟ ਹੁੰਦਾ ਹੈ ਕਿ ਜਲਵਾਯੂ ਸੰਕਟ ਦੀ ਜ਼ਿੰਮੇਵਾਰੀ ਸਾਰੇ ਲੋਕਾਂ ’ਤੇ ਇੱਕੋ ਜਿਹੀ ਨਹੀਂ ਪਾਈ ਜਾ ਸਕਦੀ। ਅਤਿ-ਅਮੀਰ ਵਰਗ ਦੀ ਉੱਚ ਖਪਤ, ਵੱਡੀਆਂ ਸੰਪਤੀਆਂ ਅਤੇ ਕਾਰਬਨ - ਸੰਘਣੀਆਂ ਆਰਥਿਕ ਸਰਗਰਮੀਆਂ ਦਾ ਵਾਤਾਵਰਣ ’ਤੇ ਵੱਡਾ ਪ੍ਰਭਾਵ ਪੈਂਦਾ ਹੈ। ਦੂਜੇ ਪਾਸੇ, ਗਰੀਬ ਵਰਗਾਂ ਨੂੰ ਹੜ੍ਹਾਂ, ਸੋਕੇ, ਗਰਮੀ ਦੀਆਂ ਲਹਿਰਾਂ ਅਤੇ ਖੇਤੀਬਾੜੀ ਦੇ ਨੁਕਸਾਨ ਦਾ ਮੁਕਾਬਲਤਨ ਵੱਧ ਖਤਰਾ ਝੱਲਣਾ ਪੈਂਦਾ ਹੈ।
ਇਸ ਲਈ ਵਾਤਾਵਰਣ ਦੀ ਰੱਖਿਆ ਲਈ ਅਜਿਹੀਆਂ ਨੀਤੀਆਂ ਦੀ ਲੋੜ ਹੈ ਜਿਹੜੀਆਂ ਵੱਡੇ ਪ੍ਰਦੂਸ਼ਕਾਂ ਅਤੇ ਵਧੇਰੇ ਸਰੋਤਾਂ ਦੀ ਵਰਤੋਂ ਕਰਨ ਵਾਲਿਆਂ ਤੋਂ ਉਨ੍ਹਾਂ ਦੀ ਸਮਰੱਥਾ ਅਨੁਸਾਰ ਯੋਗਦਾਨ ਲੈਣ, ਪਰ ਗਰੀਬ ਲੋਕਾਂ ਦੀ ਰੋਜ਼ੀ-ਰੋਟੀ ਉੱਤੇ ਬੇਲੋੜਾ ਬੋਝ ਨਾ ਪਾਉਣ। ਭਾਰਤ ਵਰਗੇ ਦੇਸ਼ ਵਿੱਚ ਸਾਫ ਊਰਜਾ, ਜਨਤਕ ਆਵਾਜਾਈ, ਜਲ ਸੰਭਾਲ ਅਤੇ ਜਲਵਾਯੂ ਅਨੁਕੂਲ ਖੇਤੀ ਵਿੱਚ ਜਨਤਕ ਨਿਵੇਸ਼ ਇਸ ਦਿਸ਼ਾ ਵਿੱਚ ਮਹੱਤਵਪੂਰਨ ਹੋ ਸਕਦਾ ਹੈ।
ਅਸਮਾਨਤਾ ਘਟਾਉਣ ਲਈ ਰਿਪੋਰਟ ਪ੍ਰਗਤੀਸ਼ੀਲ ਕਰ ਪ੍ਰਣਾਲੀ ਅਤੇ ਅਤਿ-ਅਮੀਰ ਲੋਕਾਂ ਦੀ ਦੌਲਤ ’ਤੇ ਘੱਟੋ-ਘੱਟ ਪ੍ਰਭਾਵਸ਼ਾਲੀ ਕਰ ਲਾਉਣ ਦੀ ਵਕਾਲਤ ਕਰਦੀ ਹੈ। ਰਿਪੋਰਟ ਵਿੱਚ ਵਿਸ਼ਵ ਪੱਧਰ ’ਤੇ ਅਰਬਪਤੀਆਂ ਦੀ ਦੌਲਤ ’ਤੇ 2 ਫੀਸਦੀ ਘੱਟੋ-ਘੱਟ ਸਲਾਨਾ ਟੈਕਸ ਤੋਂ ਸਲਾਨਾ 200 ਤੋਂ 250 ਅਰਬ ਡਾਲਰ ਇਕੱਠੇ ਕੀਤੇ ਜਾ ਸਕਣ ਦੀ ਸੰਭਾਵਨਾ ਦਰਸਾਈ ਗਈ ਹੈ। ਇਹ ਅਸਲ ਵਿੱਚ ਇਕੱਠੀ ਹੋਈ ਰਕਮ ਨਹੀਂ, ਸਗੋਂ ਨੀਤੀਗਤ ਅਨੁਮਾਨ ਹੈ, ਜਿਸਦੀ ਪ੍ਰਾਪਤੀ ਲਈ ਅੰਤਰਰਾਸ਼ਟਰੀ ਸਹਿਯੋਗ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਜ਼ਰੂਰੀ ਹੋਣਗੇ।
ਭਾਰਤ ਵਿੱਚ ਵੀ ਕਰਾਂ ਦੀ ਪ੍ਰਣਾਲੀ ਨੂੰ ਵਧੇਰੇ ਨਿਆਂਪੂਰਨ ਬਣਾਉਣ, ਕਰ ਚੋਰੀ ਰੋਕਣ, ਜਾਇਦਾਦ ਅਤੇ ਪੂੰਜੀ ਤੋਂ ਹੋਣ ਵਾਲੀ ਆਮਦਨ ਦੀ ਬਿਹਤਰ ਨਿਗਰਾਨੀ ਕਰਨ ਅਤੇ ਜਨਤਕ ਖਰਚਿਆਂ ਦੀ ਪਾਰਦਰਸ਼ਤਾ ਵਧਾਉਣ ਦੀ ਲੋੜ ਹੈ। ਅਜਿਹੇ ਸਰੋਤਾਂ ਦੀ ਵਰਤੋਂ ਸਰਕਾਰੀ ਸਕੂਲਾਂ, ਹਸਪਤਾਲਾਂ, ਪੋਸ਼ਣ ਪ੍ਰੋਗਰਾਮਾਂ, ਰੁਜ਼ਗਾਰ ਸਿਰਜਣਾ ਅਤੇ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ।
ਅਸਮਾਨਤਾ ਦਾ ਸੰਬੰਧ ਲੋਕਤੰਤਰ ਦੀ ਗੁਣਵੱਤਾ ਨਾਲ ਵੀ ਹੈ। ਜਦੋਂ ਆਰਥਿਕ ਸਰੋਤ ਕੁਝ ਹੱਥਾਂ ਵਿੱਚ ਇਕੱਠੇ ਹੁੰਦੇ ਹਨ ਤਾਂ ਨੀਤੀਆਂ ਅਤੇ ਜਨਤਕ ਬਹਿਸ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਵੀ ਅਸਮਾਨ ਹੋ ਸਕਦੀ ਹੈ। ਇਸ ਲਈ ਲੋਕਤੰਤਰ ਦਾ ਅਰਥ ਕੇਵਲ ਵੋਟ ਪਾਉਣ ਦਾ ਅਧਿਕਾਰ ਨਹੀਂ, ਸਗੋਂ ਹਰ ਵਰਗ ਦੀ ਅਵਾਜ਼ ਨੂੰ ਨੀਤੀ-ਨਿਰਮਾਣ ਵਿੱਚ ਢੁੱਕਵੀਂ ਥਾਂ ਮਿਲਣਾ ਵੀ ਹੈ।
ਵਿਸ਼ਵ ਅਸਮਾਨਤਾ ਰਿਪੋਰਟ 2026 ਦਾ ਸਭ ਤੋਂ ਮਹੱਤਵਪੂਰਨ ਸਬਕ ਇਹ ਹੈ ਕਿ ਆਰਥਿਕ ਵਿਕਾਸ ਅਤੇ ਸਮਾਜਿਕ ਨਿਆਂ ਨੂੰ ਇੱਕ-ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਜੇ ਵਿਕਾਸ ਦੇ ਫਲ ਕੁਝ ਲੋਕਾਂ ਦੀ ਦੌਲਤ ਵਿੱਚ ਬੇਹੱਦ ਵਾਧੇ ਅਤੇ ਬਹੁਗਿਣਤੀ ਦੀ ਆਰਥਿਕ ਅਸੁਰੱਖਿਆ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ ਤਾਂ ਅਜਿਹੇ ਵਿਕਾਸ ਦੀ ਗੁਣਵੱਤਾ ਉੱਤੇ ਸਵਾਲ ਉੱਠਣੇ ਸੁਭਾਵਿਕ ਹਨ।
ਭਾਰਤ ਲਈ ਲੋੜ ਹੈ ਕਿ ਜੀਡੀਪੀ ਵਿਕਾਸ ਦਰ ਦੇ ਨਾਲ ਰੁਜ਼ਗਾਰ ਦੀ ਗੁਣਵੱਤਾ, ਮਜ਼ਦੂਰੀ, ਆਮਦਨ ਦੀ ਵੰਡ, ਜਨਤਕ ਸਿੱਖਿਆ ਅਤੇ ਸਿਹਤ, ਔਰਤਾਂ ਦੀ ਆਰਥਿਕ ਭਾਗੀਦਾਰੀ ਅਤੇ ਵਾਤਾਵਰਨਕ ਨਿਆਂ ਨੂੰ ਵੀ ਵਿਕਾਸ ਦੇ ਕੇਂਦਰੀ ਮਾਪਦੰਡ ਬਣਾਇਆ ਜਾਵੇ। ਪ੍ਰਗਤੀਸ਼ੀਲ ਕਰ ਪ੍ਰਣਾਲੀ, ਮਜ਼ਦੂਰ ਹੱਕਾਂ ਦੀ ਰੱਖਿਆ, ਸਰਵਜਨਕ ਸਮਾਜਿਕ ਸੁਰੱਖਿਆ ਅਤੇ ਜਨਤਕ ਸੇਵਾਵਾਂ ਵਿੱਚ ਵਧੇਰੇ ਨਿਵੇਸ਼ ਰਾਹੀਂ ਹੀ ਵਿਕਾਸ ਨੂੰ ਵਿਆਪਕ ਖੁਸ਼ਹਾਲੀ ਵਿੱਚ ਬਦਲਿਆ ਜਾ ਸਕਦਾ ਹੈ।
ਅਸਲ ਸਵਾਲ ਇਹ ਨਹੀਂ ਕਿ ਦੁਨੀਆ ਕੋਲ ਕਿੰਨੀ ਦੌਲਤ ਹੈ, ਸਗੋਂ ਇਹ ਹੈ ਕਿ ਉਸ ਦੌਲਤ ਦੀ ਵੰਡ ਕਿੰਨੀ ਨਿਆਂਪੂਰਨ ਹੈ। ਜਦੋਂ ਤਕ ਇਸ ਸਵਾਲ ਦਾ ਸੰਤੋਸ਼ਜਨਕ ਜਵਾਬ ਨਹੀਂ ਮਿਲਦਾ, ਆਰਥਿਕ ਵਿਕਾਸ ਦੇ ਵੱਡੇ ਦਾਅਵੇ ਸਮਾਜਿਕ ਨਿਆਂ ਦੀ ਕਸੌਟੀ ’ਤੇ ਅਧੂਰੇ ਹੀ ਰਹਿਣਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































