KesarSBhangu7“ਭਾਰਤ ਤੇਜ਼ੀ ਨਾਲ ਜਨਸੰਖਿਆ ਵਿੱਚ ਤਬਦੀਲੀਆਂ ਅਤੇ ਵਧਦੇ ਬੁੱਢੇਪਣ ਦੀ ...”
(1 ਅਕਤੂਬਰ 2026)

 

ਦੁਨੀਆ ਭਰ ਵਿੱਚ ਲਗਭਗ ਸਾਰੇ ਦੇਸ਼ ਜਨਸੰਖਿਆ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਦਾ ਸਾਹਮਣਾ ਕਰ ਰਹੇ ਹਨ। ਖਾਸ ਕਰਕੇ ਲੋਕ ਲੰਬੀ ਉਮਰ ਤਕ ਜਿਊਂਦੇ ਰਹਿ ਰਹੇ ਹਨ ਅਤੇ ਔਰਤਾਂ ਵਿੱਚ ਪ੍ਰਜਣਨ ਦੀ ਦਰ ਲਗਾਤਾਰ ਘਟ ਰਹੀ ਹੈ। ਕੁੱਲ ਅਬਾਦੀ ਵਿੱਚ ਬਜ਼ੁਰਗਾਂ ਦੀ ਵਧ ਰਹੀ ਹਿੱਸੇਦਾਰੀ ਮਹੱਤਵਪੂਰਨ ਵਿਸ਼ਵਵਿਆਪੀ ਮੁੱਦਿਆਂ ਵਜੋਂ ਉੱਭਰ ਰਹੀ ਹੈ। ਉਦਾਹਰਨ ਦੇ ਤੌਰ ਜੇ ਗੱਲ ਕਰੀਏ ਤਾਂ ਜਾਪਾਨ ਵਿੱਚ 2026 ਵਿੱਚ ਪਹਿਲੀ ਵਾਰ 100 ਜਾਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 1,07,677 ਹੋ ਗਈ ਹੈ ਜਿਸ ਵਿੱਚ 88 ਪ੍ਰਤੀਸ਼ਤ ਔਰਤਾਂ ਹਨ। ਇਵੇਂ ਹੀ ਭਾਰਤ ਵਿੱਚ ਇਹ ਅੰਕੜਾ 35 ਹਜ਼ਾਰ ਦੇ ਨੇੜੇ ਹੈ ਅਤੇ ਇਸ ਮਾਮਲੇ ਵਿੱਚ ਦੁਨੀਆ ਵਿੱਚ ਚੌਥੇ ਸਥਾਨ ’ਤੇ ਹੈ। ਇਸ ਵਰਤਾਰੇ ਦੇ ਵਿਸ਼ਵ ਪੱਧਰ ’ਤੇ ਦੂਰਗਾਮੀ ਸਮਾਜਿਕ ਅਤੇ ਆਰਥਿਕ ਪ੍ਰਭਾਵ ਪੈ ਰਹੇ ਹਨ ਅਤੇ ਅੱਗੇ ਹੋਰ ਵੀ ਪੈਣਗੇ। ਇਨ੍ਹਾਂ ਤਬਦੀਲੀਆਂ ਲਈ ਬਜ਼ੁਰਗ ਨਾਗਰਿਕਾਂ ਦੀਆਂ ਗੁੰਝਲਦਾਰ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਮਜ਼ਬੂਤ ਸਿਹਤ ਸੰਭਾਲ ਸਹੂਲਤਾਂ, ਮਜ਼ਬੂਤ ਸਮਾਜਿਕ ਸੁਰੱਖਿਆ, ਖੁਰਾਕ ਸੁਰੱਖਿਆ ਅਤੇ ਨਵੀਨਤਾਕਾਰੀ ਨੀਤੀਗਤ ਨੀਤੀਆਂ ਦੀ ਲੋੜ ਹੈ। ਸੰਕਲਾ ਫਾਊਂਡੇਸ਼ਨ ਨੇ ਨੀਤੀ ਆਯੋਗ, ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਹਿਯੋਗ ਨਾਲ 2025 ਵਿੱਚ ਦੇਸ਼ ਦੇ ਬਜ਼ੁਰਗਾਂ ਦੇ ਹਾਲਾਤ ਦਾ ਅਧਿਐਨ ਕਰ ਕੇ ਇੱਕ ਰਿਪੋਰਟ, “ਦੇਸ਼ ਦੀ ਅਬਾਦੀ ਦਾ ਉਮਰ ਵਾਧਾ: ਚਣੌਤੀਆਂ ਅਤੇ ਮੌਕੇ”, ਜਾਰੀ ਕੀਤੀ ਸੀ। ਇਸ ਰਿਪੋਰਟ ਦੇ ਮੁੱਖ ਮਕਸਦਾਂ ਵਿੱਚ ਸ਼ਾਮਲ ਸਨ, ਪਹਿਲਾਂ, ਦੇਸ਼ ਵਿੱਚ ਬੁੱਢੇਪਣ/ਅਬਾਦੀ ਦੀ ਉਮਰ ਵਧਣ ਦਾ ਮਤਲਬ ਕੀ ਹੈ। ਦੂਜਾ, ਅਬਾਦੀ ਦੀ ਉਮਰ ਵਧਣ ਦੇ ਆਰਥਿਕ, ਸਿਹਤ ਉੱਤੇ ਅਤੇ ਸਮਾਜਿਕ ਪ੍ਰਭਾਵ ਕੀ ਹਨ। ਤੀਜਾ, ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਵਿੱਚ ਬਜ਼ੁਰਗ ਹੋਣ ਵਾਲੀ ਅਬਾਦੀ ਲਈ ਅਨੁਮਾਨਿਤ ਜਨਸੰਖਿਆ ਵਿੱਚ ਕਿਹੜੀਆਂ ਤਬਦੀਲੀਆਂ ਆਉਣਗੀਆਂ। ਇੱਥੇ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਰਿਪੋਰਟ ਦੇ ਅਧਾਰ ’ਤੇ ਦੇਸ਼ ਦੇ ਬਜ਼ੁਰਗ, ਅਜ਼ਾਦੀ ਦੇ 80 ਸਾਲਾਂ ਬਾਅਦ ਦੇ ਕਿਹੋ ਜਿਹੇ ਹਾਲਾਤ ਹਨ। ਪਹਿਲਾਂ ਉਹ ਕਿਸ ਕਿਸਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਦੂਜਾ, ਉਹ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਉਸ ਉੱਤੇ ਚਾਨਣਾ ਪਾਇਆ ਜਾ ਸਕੇ।

ਸਭ ਤੋਂ ਪਹਿਲਾਂ ਵੱਖ ਵੱਖ ਦੇਸ਼ਾਂ ਵਿੱਚ ਕਿਸੇ ਵੀ ਬਜ਼ੁਰਗ ਵਿਅਕਤੀ ਦੀ ਪ੍ਰੀਭਾਸ਼ਾ ਕੀ ਹੈ, ਇਸ ਨੂੰ ਜਾਣਨਾ ਜ਼ਰੂਰੀ ਹੈ। ਭਾਰਤ ਦੇ ਸੰਦਰਭ ਵਿੱਚ ਭਾਰਤ ਦੀ ਜਨਗਣਨਾ ਦੁਆਰਾ 60 ਸਾਲ ਅਤੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਬਜ਼ੁਰਗ ਵਜੋਂ ਅਪਣਾਇਆ ਗਿਆ ਹੈ। ਅੰਕੜੇ ਸਪਸ਼ਟ ਕਰਦੇ ਹਨ ਕਿ ਦੇਸ਼ ਵਿੱਚ ਬਜ਼ੁਰਗ ਅਬਾਦੀ ਦੀ ਹਿੱਸੇਦਾਰੀ ਕੁੱਲ ਅਬਾਦੀ ਵਿੱਚ ਲਗਾਤਾਰ ਵਧ ਰਹੀ ਹੈ। ਭਾਰਤ ਦੀਆਂ ਪਿਛਲੇ ਸਮੇਂ ਦੀਆਂ ਜਨਗਣਨਾ ਦੇ ਨਤੀਜਿਆਂ ਤੋਂ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਬਜ਼ੁਰਗ ਵਿਅਕਤੀਆਂ ਦੀ ਅਬਾਦੀ 1961 ਵਿੱਚ 2.47 ਕਰੋੜ, ਭਾਵ ਕੁੱਲ ਅਬਾਦੀ ਦਾ 5.6 ਪ੍ਰਤੀਸ਼ਤ ਸੀ, ਤੋਂ ਵਧ ਕੇ 2011 ਤਕ 10.38 ਕਰੋੜ, ਕੁੱਲ ਅਬਾਦੀ ਦਾ 8.6 ਪ੍ਰਤੀਸ਼ਤ ਹੋ ਗਈ ਸੀ। ਬਜ਼ੁਰਗਾਂ ਦੀ ਅਬਾਦੀ 2021 ਵਿੱਚ 10.1 ਪ੍ਰਤੀਸ਼ਤ ਅਤੇ ਅੰਦਾਜ਼ਿਆਂ ਮੁਤਾਬਿਕ 2031 ਵਿੱਚ 13.1 ਪ੍ਰਤੀਸ਼ਤ ਤਕ ਪਹੁੰਚ ਜਾਵੇਗੀ। ਇਨ੍ਹਾਂ 50 ਸਾਲਾਂ ਦੌਰਾਨ ਬਜ਼ੁਰਗਾਂ ਦੀ ਅਬਾਦੀ ਵਿੱਚ ਚਾਰ ਗੁਣਾ ਤੋਂ ਵੀ ਜ਼ਿਆਦਾ ਵਾਧਾ ਹੋਇਆ ਹੈ ਅਤੇ ਆਉਣ ਵਾਲੇ ਸਮੇਂ, ਭਾਵ 2050 ਵਿੱਚ ਇਹ ਅਬਾਦੀ 34.7 ਕਰੋੜ ਹੋ ਜਾਵੇਗੀ ਜਿਹੜੀ ਕੁੱਲ ਅਬਾਦੀ ਦਾ ਲਗਭਗ 20-21 ਪ੍ਰਤੀਸ਼ਤ ਹੋ ਜਾਵੇਗੀ।

ਅਬਾਦੀ ਦਾ ਹੋਰ ਡੂੰਘਾ ਅਧਿਐਨ ਕਰਨ ਲਈ ਉਨ੍ਹਾਂ ਦੀ ਅਬਾਦੀ ਨੂੰ ਵੀ ਤਿੰਨ ਮੁੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲਾ, ਜਵਾਨ-ਬਜ਼ੁਰਗ (60-69 ਸਾਲ), ਦੂਜਾ, ਬਜ਼ੁਰਗ-ਬਜ਼ੁਰਗ (70-79 ਸਾਲ) ਅਤੇ ਤੀਜਾ, ਬਹੁਤ ਬਜ਼ੁਰਗ-ਬਜ਼ੁਰਗ (80 ਸਾਲ ਤੋਂ ਵੱਧ)। ਇਵੇਂ ਹੀ ਦੇਸ਼ ਦੀ ਅਬਾਦੀ ਵਿੱਚ ਦੋ ਹੋਰ ਮਹੱਤਵਪੂਰਨ ਬਦਲਾਅ ਦੇਖਣ ਨੂੰ ਮਿਲਦੇ ਹਨ। ਪਹਿਲਾ, Total Fertility Rate, ਭਾਵ ਇੱਕ ਔਰਤ ਦੁਆਰਾ ਜ਼ਿੰਦਗੀ ਵਿੱਚ ਕੁੱਲ ਬੱਚੇ ਜਾਣਨ ਦੀ ਦਰ 5.90 ਤੋਂ ਘਟ ਕੇ ਅੱਜ ਕੱਲ੍ਹ 2.05 ਰਹਿ ਗਈ ਹੈ ਅਤੇ ਅੰਦਾਜ਼ਿਆਂ ਮੁਤਾਬਿਕ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਘਟ ਕੇ 1.79 ਹੋ ਜਾਵੇਗੀ। ਦੂਜਾ, Life expectancy at birth, ਭਾਵ ਨਵਜੰਮੇ ਬੱਚੇ ਦੀ ਕੁੱਲ ਅੰਦਾਜ਼ਨ ਉਮਰ 36.98 ਸਾਲ ਤੋਂ ਵਧ ਕੇ ਹੁਣ 71.43 ਸਾਲ ਹੋ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਧ ਕੇ 75.34 ਸਾਲ ਹੋ ਜਾਵੇਗੀ।

ਦੇਸ਼ ਦੀ ਅਜ਼ਾਦੀ ਦੇ ਲਗਭਗ ਅੱਠ ਦਹਾਕਿਆਂ ਬਾਅਦ ਵੀ ਜਦੋਂ ਦੇਸ਼ ਵਿੱਚ ਬਜ਼ੁਰਗਾਂ ਦੇ ਆਰਥਿਕ ਹਾਲਾਤ ’ਤੇ ਨਜ਼ਰ ਮਾਰਦੇ ਹਾਂ ਤਾਂ ਬਹੁਤ ਨਿਰਾਸ਼ਾਜਨਕ ਹਾਲਾਤ ਸਾਹਮਣੇ ਆਉਂਦੇ ਹਨ ਕਿਉਂਕਿ ਲਗਭਗ ਦੇਸ਼ ਦੇ 70 ਪ੍ਰਤੀਸ਼ਤ ਬਜ਼ੁਰਗ ਆਪਣੀਆਂ ਰੋਜ਼ਮਰ੍ਹਾ ਦੀਆਂ ਖਾਣ ਪੀਣ, ਦਵਾਈਆਂ, ਕੱਪੜੇ ਆਦਿ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੂਜਿਆਂ ਉੱਤੇ ਨਿਰਭਰ ਹਨ। ਅਜਿਹੇ ਹਾਲਾਤ ਵਿੱਚ ਉਨ੍ਹਾਂ ਨੂੰ ਵੱਡੀ ਉਮਰ ਵਿੱਚ ਵੀ ਕੰਮ ਕਰਨਾ ਪੈਂਦਾ ਹੈ, ਜਿਹੜਾ ਕਿ ਬਜ਼ੁਰਗਾਂ ਲਈ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰਦਾ ਹੈ। ਭਾਵੇਂ ਬਹੁਤੇ ਬਜ਼ੁਰਗ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਹਨ ਪਰ ਫਿਰ ਵੀ 2.5 ਪ੍ਰਤੀਸ਼ਤ ਆਦਮੀ ਅਤੇ 8.6 ਪ੍ਰਤੀਸ਼ਤ ਔਰਤਾਂ ਇਕੱਲੀਆਂ ਰਹਿ ਰਹੀਆਂ ਹਨ। ਮੰਦੀ ਆਰਥਿਕ ਸਥਿਤੀ ਕਾਰਨ ਲਗਭਗ 32 ਪ੍ਰਤੀਸ਼ਤ ਬਜ਼ੁਰਗ ਜ਼ਿੰਦਗੀ ਬਤੀਤ ਕਰਨ ਤੋਂ ਸੰਤੁਸ਼ਟ ਨਹੀਂ ਹਨ ਅਤੇ ਨਾਲ ਹੀ ਸਿਹਤ ਦੀਆਂ ਸਮੱਸਿਆਵਾਂ, ਮਨੋਚਕਿਤਸਕ ਸਥਿਤੀ ਅਤੇ ਆਪਣਿਆਂ ਅਤੇ ਲੋਕਾਂ ਵੱਲੋਂ ਬਜ਼ੁਰਗ ਹੋਣ ਕਾਰਨ ਅਣਗੌਲਿਆ ਕੀਤੇ ਜਾਣ ਤੋਂ ਵੀ ਖਫਾ ਅਤੇ ਅਸੰਤੁਸ਼ਟ ਹਨ। ਬਜ਼ੁਰਗਾਂ ਵੱਲੋਂ ਉਨ੍ਹਾਂ ਨੂੰ ਅਣਗੌਲਿਆ ਕਰਨ ਲਈ ਮੁੱਖ ਜ਼ਿੰਮੇਵਾਰ ਕਾਰਨਾਂ ਵਿੱਚ ਬੁੱਢੇ ਹੋਣਾ (10.3 ਪ੍ਰਤੀਸ਼ਤ), ਆਰਥਿਕ ਮੰਦਹਾਲੀ (6.14 ਪ੍ਰਤੀਸ਼ਤ) ਅਤੇ ਜਾਤ (1.93 ਪ੍ਰਤੀਸ਼ਤ) ਨੂੰ ਮੰਨਦੇ ਹਨ। ਅੱਜ ਕੱਲ੍ਹ ਨਵੀਂਆਂ ਤਕਨੀਕਾਂ ਵਿਅਕਤੀਆਂ, ਖਾਸ ਕਰਕੇ ਬਜ਼ੁਰਗਾਂ ਦੇ ਜੀਵਨ ਦੀ ਗੁਣਵੱਤਾ ਨੂੰ ਵਧਾਉਣ ਅਤੇ ਸੁਖਾਲਾ ਬਣਾਉਣ ਵਿੱਚ ਮਦਦ ਕਰ ਸਕਦੀਆਂ ਹਨ। ਉਨ੍ਹਾਂ ਨੂੰ ਲੋਕਾਂ ਨਾਲ ਜੁੜਨ, ਸਿਹਤ ਸੰਭਾਲ ਤਕ ਪਹੁੰਚ ਕਰਨ, ਬੈਂਕਿੰਗ ਕਾਰਜ ਕਰਨ, ਜਾਣਕਾਰੀ ਪ੍ਰਾਪਤ ਕਰਨ, ਮਨੋਰੰਜਨ ਅਤੇ ਹੋਰ ਬਹੁਤ ਕੁਝ ਕਰਨ ਦੇ ਯੋਗ ਬਣਾ ਕੇ ਜ਼ਿੰਦਗੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਪਰ ਇਹ ਦੇਖਣ ਵਿੱਚ ਆਇਆ ਹੈ ਕਿ ਬਜ਼ੁਰਗਾਂ ਵਿੱਚ ਤਕਨਾਲੋਜੀ ਦੀ ਵਰਤੋਂ ਨੌਜਵਾਨਾਂ ਦੇ ਮੁਕਾਬਲੇ ਕਾਫੀ ਘੱਟ ਹੈ ਕਿਉਂਕਿ ਬਜ਼ੁਰਗਾਂ ਨੂੰ ਸੁਰੱਖਿਆ ਚਿੰਤਾਵਾਂ ਜਾਂ ਨਵੇਂ ਹੁਨਰ ਹਾਸਲ ਕਰਨ ਦੀ ਘਟਦੀ ਇੱਛਾ ਦੇ ਕਾਰਨ, ਬਜ਼ੁਰਗ ਲੋਕ ਅਕਸਰ ਨਵੀਂ ਤਕਨਾਲੋਜੀ ਦੀ ਵਰਤੋਂ ਕਰਨ ਤੋਂ ਝਿਜਕਦੇ ਹਨ। ਬਜ਼ੁਰਗਾਂ ਵਿਰੁੱਧ ਸਾਈਬਰ ਅਪਰਾਧ ਦਾ ਵਧਿਆ ਹੋਇਆ ਪ੍ਰਚਲਨ ਉਨ੍ਹਾਂ ਦੇ ਡਰ ਨੂੰ ਹੋਰ ਵੀ ਪੱਕਾ ਕਰਦਾ ਹੈ ਅਤੇ ਵਧਾਉਂਦਾ ਹੈ।

ਬਜ਼ੁਰਗਾਂ ਵਿੱਚ ਸਰੀਰਕ ਕਾਰਜਕੁਸ਼ਲਤਾ ਦੀਆਂ ਸੀਮਾਵਾਂ ਦੇ ਨਾਲ ਨਾਲ ਅਪਾਹਜਤਾਵਾਂ ਦੇ ਉੱਚ ਜੋਖਮ ਵੀ ਪਾਏ ਜਾਂਦੇ ਹਨ। ਅਪਾਹਜਤਾਵਾਂ ਬਜ਼ੁਰਗਾਂ ਦੀਆਂ ਸਮਰੱਥਾਵਾਂ ਨੂੰ ਘਟਾਉਂਦੀਆਂ ਹਨ, ਉਨ੍ਹਾਂ ਨੂੰ ਸੁਤੰਤਰ ਤੌਰ ’ਤੇ ਰੁਜ਼ਾਨਾ ਦੀਆਂ ਗਤੀਵਿਧੀਆਂ ਕਰਨ ਵਿੱਚ ਅੜਿੱਕਾ ਬਣਦੀਆਂ ਹਨ। ਦੇਸ਼ ਵਿੱਚ 2011 ਦੀ ਜਨਗਣਨਾ ਦੇ ਅਨੁਸਾਰ 20.82 ਪ੍ਰਤੀਸ਼ਤ ਬਜ਼ੁਰਗ ਅਪਾਹਜਤਾ ਦਾ ਸ਼ਿਕਾਰ ਸਨ। ਇਹ ਅਪਾਹਜਤਾਵਾਂ ਮੁੱਖ ਤੌਰ ’ਤੇ ਤੁਰਨ ਫਿਰਨ ਅਤੇ ਕੰਮਕਾਰ ਕਰਨ ਵਿੱਚ ਕਮਜ਼ੋਰੀ ਆ ਜਾਣਾ (6 ਪ੍ਰਤੀਸ਼ਤ), ਨਿਗਾਹ ਅਤੇ ਦਿਸਣ ਵਿੱਚ ਕਮਜ਼ੋਰੀ ਹੋਣਾ (4 ਪ੍ਰਤੀਸ਼ਤ), ਮਾਨਸਿਕ ਕੰਮਜ਼ੋਰੀ (3 ਪ੍ਰਤੀਸ਼ਤ) ਅਤੇ ਸੁਣਨ ਦੀ ਕਮਜ਼ੋਰੀ (3 ਪ੍ਰਤੀਸ਼ਤ), ਅਤੇ ਬੋਲਣ ਦੀ ਕਮਜ਼ੋਰੀ (0.9 ਪ੍ਰਤੀਸ਼ਤ) ਹਨ।

ਇਹ ਵੀ ਦੇਖਣ ਵਿੱਚ ਆਇਆ ਹੈ ਕਿ ਬਹੁਤੇ ਬਜ਼ੁਰਗ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਹਨ ਅਤੇ ਇਹ ਸਰੀਰਕ ਤੰਦਰੁਸਤੀ ਅਤੇ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਨਾਲ ਹੀ ਬਜ਼ੁਰਗਾਂ ਵਿੱਚ ਮਨੋਵਿਗਿਆਨਕ ਅਤੇ ਬੋਧਾਤਮਕ ਸਮਰੱਥਾ ਘਟ ਜਾਣ ਕਾਰਨ ਅਤੇ ਵਧੇਰੇ ਸੰਵੇਦਨਸ਼ੀਲ ਹੋਣ ਕਾਰਨ ਬਜ਼ੁਰਗ ਡਿਪਰੈਸ਼ਨ ਦਾ ਵਧੇਰੇ ਸ਼ਿਕਾਰ ਹੁੰਦੇ ਹਨ। ਬਜ਼ੁਰਗਾਂ ਵਿੱਚ ਉੱਚ ਪੱਧਰੀ ਰੋਗਾਂ ਦੇ ਕਾਰਨ ਉਹ ਬਾਲਗ ਨੌਜਵਾਨਾਂ ਨਾਲੋਂ ਕਿਤੇ ਜ਼ਿਆਦਾ ਸਿਹਤ ਸੰਭਾਲ ਸੇਵਾਵਾਂ ਦੀ ਵਰਤੋਂ ਕਰਦੇ ਹਨ; ਹਾਲਾਂਕਿ ਬਜ਼ੁਰਗਾਂ ਦੀ ਸਿਹਤ ਸੰਭਾਲ ਸੇਵਾਵਾਂ ਤਕ ਮੁਕਾਬਲਤਨ ਘੱਟ ਪਹੁੰਚ ਹੁੰਦੀ ਹੈ। ਲਗਭਗ 70 ਪ੍ਰਤੀਸ਼ਤ ਬਜ਼ੁਰਗ ਅਬਾਦੀ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ ਅਤੇ ਕੇਵਲ ਦੇਸ਼ ਦੀਆਂ 25 ਪ੍ਰਤੀਸ਼ਤ ਸਿਹਤ ਸਹੂਲਤਾਂ ਹੀ ਪੇਂਡੂ ਖੇਤਰਾਂ ਵਿੱਚ ਸਥਿਤ ਹਨ। ਪੇਂਡੂ ਖੇਤਰਾਂ ਵਿੱਚ ਸੰਪਰਕ ਅਤੇ ਆਵਾਜਾਈ ਸਹੂਲਤਾਂ ਦੀ ਘਾਟ ਬਜ਼ੁਰਗਾਂ ਦੀ ਸਿਹਤ ਸਹੂਲਤਾਂ ਤਕ ਪਹੁੰਚ ਕਰਨ ਵਿੱਚ ਹੋਰ ਵੀ ਰੁਕਾਵਟਾਂ ਪੈਦਾ ਕਰਦੀਆਂ ਹਨ।

ਬਜ਼ੁਰਗਾਂ ਵਿੱਚ ਖੁਰਾਕ ਦੀ ਸੁਰੱਖਿਆ ਅਤੇ ਪੋਸ਼ਣ ਦੀ ਸਥਿਤੀ ਸਮਾਜਿਕ-ਆਰਥਿਕ ਸਥਿਤੀ, ਰਿਹਾਇਸ਼ ਦੀ ਜਗ੍ਹਾ ਅਤੇ ਲਿੰਗ ਸਮੇਤ ਕਈ ਕਾਰਕਾਂ ਦੁਆਰਾ ਪ੍ਰਭਾਵਿਤ ਹੁੰਦੀ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਇਨ੍ਹਾਂ ਕਾਰਨਾਂ ਕਰਕੇ 6.4 ਪ੍ਰਤੀਸ਼ਤ ਬਜ਼ੁਰਗਾਂ ਨੇ ਆਪਣੇ ਭੋਜਨ ਦੀ ਮਾਤਰਾ ਘਟਾ ਦਿੱਤੀ ਸੀ। 5.6 ਪ੍ਰਤੀਸ਼ਤ ਨੇ ਭੁੱਖੇ ਹੋਣ ਦੇ ਬਾਵਜੂਦ ਖਾਣਾ ਨਹੀਂ ਖਾਧਾ ਅਤੇ 4.2 ਪ੍ਰਤੀਸ਼ਤ ਨੇ ਪਿਛਲੇ 12 ਮਹੀਨਿਆਂ ਵਿੱਚ ਕਈ ਦਿਨ ਖਾਣਾ ਨਹੀਂ ਖਾਧਾ। ਦੇਸ਼ ਦੀ ਬਜ਼ੁਰਗਾਂ ਦੀ ਅਬਾਦੀ ਇੱਕ ਹੋਰ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ ਕਿਉਂਕਿ ਲਗਭਗ ਦੇਸ਼ ਦੇ 78 ਪ੍ਰਤੀਸ਼ਤ ਬਜ਼ੁਰਗ ਕਿਸੇ ਵੀ ਪੈਨਸ਼ਨ ਜਾਂ ਸਮਾਜਿਕ ਸੁਰੱਖਿਆ ਦੇ ਘੇਰੇ ਵਿੱਚ ਨਹੀਂ ਆਉਂਦੇ ਹਨ। ਜਿਹੜੀ ਥੋੜ੍ਹੀ ਬਹੁਤੀ ਸਮਾਜਿਕ ਸੁਰੱਖਿਆ ਮਿਲਦੀ ਹੈ, ਬਹੁਤ ਸਾਰੇ ਉਸ ਤੋਂ ਅਣਜਾਣ ਹਨ ਅਤੇ ਕੁਝ ਸਹੀ ਦਸਤਾਵੇਜ਼ ਨਾ ਹੋਣ ਕਾਰਨ ਜਾਂ ਸਬੰਧਤ ਦਫਤਰਾਂ ਵਿੱਚ ਨਾ ਪ੍ਰਦਾਨ ਕਰਨ ਵਿੱਚ ਮੁਸ਼ਕਿਲ ਕਾਰਨ ਅਯੋਗ ਠਹਿਰਾ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ, ਬਜ਼ੁਰਗਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਸਮਾਜਿਕ ਸੁਰੱਖਿਆ ਸਕੀਮਾਂ ਦੀ ਰਕਮ ਵੀ ਮਾਮੂਲੀ ਹੈ। ਪੇਂਡੂ ਖੇਤਰਾਂ ਵਿੱਚ ਰਹਿ ਰਹੇ ਬਜ਼ੁਰਗ ਸ਼ਹਿਰੀ ਖੇਤਰਾਂ ਵਿੱਚ ਰਹਿ ਰਹੇ ਬਜ਼ੁਰਗਾਂ ਮੁਕਾਬਲੇ ਖੁਰਾਕ ਸੁਰੱਖਿਆ, ਪੋਸਣ ਅਤੇ ਸਿਹਤ ਸਹੂਲਤਾਂ ਤਕ ਪਹੁੰਚ ਲਈ ਵੱਡੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਦੋਹਾਂ ਖੇਤਰਾਂ ਵਿੱਚ ਰਹਿੰਦੇ ਜਵਾਨ-ਬਜ਼ੁਰਗਾਂ ਦੇ ਮੁਕਾਬਲੇ ਬਜ਼ੁਰਗ-ਬਜ਼ੁਰਗ ਅਤੇ ਬਹੁਤ ਬਜ਼ੁਰਗ-ਬਜ਼ੁਰਗ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਤਕਲੀਫਾਂ ਦਾ ਵਧੇਰੇ ਸ਼ਿਕਾਰ ਹੁੰਦੇ ਹਨ ਅਤੇ ਸਾਹਮਣਾ ਕਰਦੇ ਹਨ। ਇਸ ਲਈ ਬਜ਼ੁਰਗਾਂ ਦੇ ਇਨ੍ਹਾਂ ਦੋਹਾਂ ਵਰਗਾਂ ਦਾ ਸਰਕਾਰ ਅਤੇ ਸਰਕਾਰੀ ਅਦਾਰਿਆਂ ਵੱਲੋਂ ਨੀਤੀਆਂ ਬਣਾਉਣ ਸਮੇਂ ਉਨ੍ਹਾਂ ਦੀਆਂ ਹਰ ਤਰ੍ਹਾਂ ਦੀਆਂ ਲੋੜਾਂ ਅਤੇ ਜ਼ਰੂਰਤਾਂ ਦਾ ਬਹੁਤ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ।

ਅੱਜ ਕੱਲ੍ਹ ਜਲਵਾਯੂ ਪਰਿਵਰਤਨ ਅਤੇ ਵਿਗਾੜ ਦੇ ਨਤੀਜਿਆਂ ਵਜੋਂ ਅਤਿਅੰਤ ਮੌਸਮੀ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਬਜ਼ੁਰਗ ਕਮਜ਼ੋਰ ਹੋਣ ਕਾਰਨ ਇਨ੍ਹਾਂ ਸਥਿਤੀਆਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ, ਕਿਉਂਕਿ ਉਹ ਕਈ ਬਿਮਾਰੀਆਂ ਦੇ ਸ਼ਿਕਾਰ, ਕਮਜ਼ੋਰ ਇਮਿਊਨਿਟੀ ਅਤੇ ਘੱਟ ਕਾਰਜਸ਼ੀਲ ਸਮਰੱਥਾਵਾਂ ਰੱਖਦੇ ਹਨ। ਕਮਜ਼ੋਰ ਸਮਾਜਿਕ-ਆਰਥਿਕ ਸਥਿਤੀ ਉਨ੍ਹਾਂ ਨੂੰ ਸੰਕਟ ਦੀਆਂ ਸਥਿਤੀਆਂ ਵਿੱਚ ਵਿੱਤੀ ਤੌਰ ’ਤੇ ਕਮਜ਼ੋਰ ਬਣਾਉਂਦੀਆਂ ਹਨ। ਨਤੀਜੇ ਵਜੋਂ ਕਾਰਜਸ਼ੀਲ ਅਪਾਹਜਤਾਵਾਂ ਉਨ੍ਹਾਂ ਨੂੰ ਮਦਦ, ਬਚਾਅ ਅਤੇ ਦੇਖਭਾਲ ਲਈ ਦੂਜਿਆਂ ’ਤੇ ਨਿਰਭਰ ਬਣਾਉਂਦੀਆਂ ਹਨ।

ਉਪਰੋਕਤ ਅਧਿਐਨ ਸਪਸ਼ਟ ਕਰਦਾ ਹੈ ਕਿ ਭਾਰਤ ਤੇਜ਼ੀ ਨਾਲ ਜਨਸੰਖਿਆ ਵਿੱਚ ਤਬਦੀਲੀਆਂ ਅਤੇ ਵਧਦੇ ਬੁੱਢੇਪਣ ਦੀ ਤਬਦੀਲੀ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਇਹ ਤਬਦੀਲੀਆਂ ਦਿਨ ਪ੍ਰਤੀ ਦਿਨ ਵਧ ਰਹੀਆਂ ਹਨ। ਹੁਣ ਇਹ ਬਹੁਤ ਜ਼ਰੂਰੀ ਹੈ ਕਿ ਵਧਦੇ ਬੁੱਢੇਪਣ ਨੂੰ ਇੱਕ ਖਾਸ ਰਾਸ਼ਟਰੀ ਤਰਜੀਹ ਵਜੋਂ ਲਿਆ ਜਾਣਾ ਚਾਹੀਦਾ ਹੈ। ਬਜ਼ੁਰਗ ਵਿਅਕਤੀਆਂ ਦੀ ਭਲਾਈ ਨੂੰ ਇੱਕ ਤਾਲਮੇਲ ਵਾਲੇ, ਬਹੁ-ਖੇਤਰੀ ਪਹੁੰਚ ਵਜੋਂ ਸੰਬੋਧਿਤ ਕਰਨ ਦੀ ਲੋੜ ਹੈ, ਜੋ ਵਿੱਤੀ ਸੁਰੱਖਿਆ, ਖੁਰਾਕ ਸੁਰੱਖਿਆ, ਗੁਣਵੱਤਾ ਵਾਲੀਆਂ ਸਿਹਤ ਸੰਭਾਲ ਅਤੇ ਸਹੂਲਤਾਂ ਤਕ ਪਹੁੰਚ, ਬਜ਼ੁਰਗਾਂ ਦਾ ਮਾਣ ਸਨਮਾਨ ਅਤੇ ਸਮਾਜ ਵਿੱਚ ਸ਼ਮੂਲੀਅਤ ’ਤੇ ਜ਼ੋਰ ਦਿੰਦਾ ਹੋਵੇ। ਭਾਵ ਇੱਕ ਅਹਿਜਾ ਸਮਾਜ ਸਿਰਜਣ ਦੀ ਲੋੜ ਹੈ ਜਿਸ ਵਿੱਚ ਬਜ਼ੁਰਗ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਹੁੰਦਾ ਹੋਵੇ, ਉਨ੍ਹਾਂ ਵਿੱਚ ਮੌਜੂਦ ਸੰਭਾਵਨਾ ਦੀ ਕਦਰ ਕਰਦਾ ਹੋਵੇ ਅਤੇ ਜੀਵਨ ਦੇ ਆਖਰੀ ਸਾਲਾਂ ਵਿੱਚ ਉਨ੍ਹਾਂ ਦੀ ਵੱਧ ਤੋਂ ਵੱਧ ਭਲਾਈ ਲਈ ਵਚਨਬੱਧ ਅਤੇ ਯਤਨਸ਼ੀਲ ਹੁੰਦਾ ਹੋਵੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਕੇਸਰ ਸਿੰਘ ਭੰਗੂ

ਡਾ. ਕੇਸਰ ਸਿੰਘ ਭੰਗੂ

Ex Dean And Professor, Punjabi University Patiala, Punjab, India.
Phone: (91 - 98154 - 27127)
Email: (kesarbhangoo@gmail.com)

More articles from this author