KesarSBhangu7“ਭੋਜਨ ਪ੍ਰਣਾਲੀ ਦੇ ਸਹੀ ਸ਼ਾਸਨ ਨੂੰ ਯਕੀਨੀ ਬਣਾਉਣ ਲਈ ਨਵੀਂਆਂ ਸੰਸਥਾਵਾਂ ...”
(4 ਅਕਤੂਬਰ 2026)

 

ਅੱਜ ਕੱਲ੍ਹ ਦੁਨੀਆ ਦੇ ਲਗਭਗ ਸਾਰੇ ਹੀ ਦੇਸ਼ ਜਲਵਾਯੂ ਤਬਦੀਲੀਆਂ ਕਾਰਨ ਵਾਤਾਵਰਣ ਵਿੱਚ ਬਹੁਤ ਸਾਰੇ ਵਿਗਾੜਾਂ ਦਾ ਅਨੁਭਵ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਵਿਗਾੜਾਂ ਦੇ ਪ੍ਰਭਾਵ ਹੋਰ ਵੀ ਗਹਿਰੇ ਹੋਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਦੁਨੀਆ ਦੇ ਸਾਰੇ ਦੇਸ਼ ਅਤੇ ਦੁਨੀਆ ਭਰ ਦੀਆਂ ਅਨੇਕਾਂ ਸੰਸਥਾਵਾਂ ਜਲਵਾਯੂ ਤਬਦੀਲੀਆਂ, ਇਨ੍ਹਾਂ ਤਬਦੀਲੀਆਂ ਕਾਰਨ ਹੋਏ ਵਿਗਾੜਾਂ ਅਤੇ ਪਲੀਤ ਹੋਏ ਵਾਤਾਵਰਣ ਨੂੰ ਬਚਾਉਣ ਲਈ ਉਪਰਾਲੇ ਅਤੇ ਜੱਦੋ-ਜਹਿਦ ਕਰ ਰਹੀਆਂ ਹਨ। ਪਰ ਜਲਵਾਯੂ ਅਤੇ ਵਾਤਾਵਰਣ ਨੂੰ ਸੰਭਾਲਣ ਅਤੇ ਬਚਾਉਣ ਦੇ ਇਨ੍ਹਾਂ ਉਪਰਾਲਿਆਂ ਅਤੇ ਜੱਦੋ-ਜਹਿਦਾਂ ਨੂੰ ਹੁਣ ਤਕ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਕਿਸੇ ਕਿਸਮ ਦੇ ਕਾਰਗਰ ਨਤੀਜੇ ਹਾਲੇ ਤਕ ਸਾਹਮਣੇ ਨਹੀਂ ਆਏ ਹਨ। ਇਹ ਜ਼ਰੂਰ ਦੇਖਣ ਵਿੱਚ ਆਇਆ ਹੈ ਕਿ ਸੰਸਾਰ ਪੱਧਰ ’ਤੇ ਵਾਤਾਵਰਣ ਅਤੇ ਜਲਵਾਯੂ ਵਿੱਚ ਵਿਗਾੜ ਅਤੇ ਤਬਦੀਲੀਆਂ ਲਗਭਗ ਹਰ ਦੇਸ਼ ਨੂੰ ਕਈ ਪੱਖਾਂ ਤੋਂ ਪ੍ਰਭਾਵਿਤ ਕਰ ਰਹੀਆਂ ਹਨ। ਖਾਸ ਕਰਕੇ ਇਹ ਵਿਗਾੜ ਸਾਡੀਆਂ ਭੋਜਨ ਪ੍ਰਣਾਲੀਆਂ, ਭਾਵ ਭੋਜਨ ਪੈਦਾ ਕਰਨ ਦੇ ਤਰੀਕਿਆਂ ਤੋਂ ਲੈ ਕੇ ਖਪਤ ਅਤੇ ਖੁਰਾਕ ਉੱਪਰ ਬਹੁਤ ਮਾੜੇ ਪ੍ਰਭਾਵ ਪਾਉਂਦੇ ਸਾਫ ਦਿਖਾਈ ਦੇ ਰਹੇ ਹਨ। ਇਸਦਾ ਸਿੱਧਾ ਅਤੇ ਸਪਸ਼ਟ ਮਤਲਬ ਹੈ ਕਿ ਜਿਹੜੇ ਦੇਸ਼ ਮੁੱਖ ਤੌਰ ’ਤੇ ਖੇਤੀਬਾੜੀ ਅਤੇ ਭੋਜਨ ਪੈਦਾ ਕਰਨ ਲਈ ਸਿੱਧੇ ਅਤੇ ਅਸਿੱਧੇ ਤੌਰ ’ਤੇ ਨਿਰਭਰ ਹਨ, ਉਹ ਦੇਸ਼ ਇਨ੍ਹਾਂ ਵਿਗਾੜਾਂ ਦੇ ਵਧੇਰੇ ਮਾੜੇ ਪ੍ਰਭਾਵ ਝੱਲ ਰਹੇ ਹਨ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵੀ ਵਧੇਰੇ ਪ੍ਰਭਾਵ ਝੱਲਣੇ ਪੈਣਗੇ।

ਇਹ ਇੱਕ ਮਹੱਤਵਪੂਰਨ ਗੱਲ ਹੈ ਕਿ ਜਲਵਾਯੂ ਤਬਦੀਲੀਆਂ ਅਤੇ ਵਿਗਾੜਾਂ ਨੂੰ ਗਹਿਰਾ ਕਰਨ ਵਿੱਚ ਅਮੀਰ ਦੇਸ਼ਾਂ ਅਤੇ ਅਮੀਰ ਲੋਕਾਂ ਦਾ ਵਧੇਰੇ ਹਿੱਸਾ ਹੈ ਪਰ ਇਸਦਾ ਖਮਿਆਜ਼ਾ ਦੁਨੀਆ ਦੇ ਗਰੀਬ ਦੇਸ਼ਾਂ ਅਤੇ ਗਰੀਬ ਲੋਕਾਂ ਨੂੰ ਵਧੇਰੇ ਭੁਗਤਣਾ ਪੈ ਰਿਹਾ ਹੈ ਅਤੇ ਭਵਿੱਖ ਵਿੱਚ ਹੋਰ ਵੀ ਭੁਗਤਣਾ ਪਵੇਗਾ ਕਿਉਂਕਿ ਜਿਸ ਕਿਸਮ ਦਾ ਦੁਨੀਆ ਭਰ ਵਿੱਚ ਪਿਛਲੇ ਸਮਿਆਂ ਵਿੱਚ ਵਿਕਾਸ ਦੇ ਤਰੀਕੇ ਅਪਣਾ ਕੇ ਵਿਕਾਸ ਕੀਤਾ ਗਿਆ ਹੈ ਉਸਨੇ ਸਿੱਧਮ-ਸਿੱਧਾ ਜਲਵਾਯੂ ਵਿੱਚ ਬਹੁਤ ਸਾਰੇ ਵਿਗਾੜ ਪੈਦਾ ਕੀਤੇ ਹਨ। ਵਿਕਾਸ ਲਈ ਦੁਨੀਆ ਭਰ ਵਿੱਚ ਕੁਦਰਤੀ ਸੋਮਿਆਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਜਾਂ ਦੁਰਵਰਤੋਂ ਕੀਤੀ ਗਈ ਹੈ ਅਤੇ ਕੀਤੀ ਜਾ ਰਹੀ ਹੈ; ਜਿਸ ਨਾਲ ਦਰਿਆ, ਸਮੁੰਦਰ ਅਤੇ ਪਾਣੀ ਦੇ ਹੋਰ ਸੋਮੇਂ ਪਲੀਤ ਹੋਏ ਹਨ, ਹਵਾ ਦੂਸ਼ਤ ਹੋਈ ਹੈ। ਨਾਲ ਹੀ ਜੰਗਲਾਂ ਦੀ ਵੱਡੇ ਪੱਧਰ ’ਤੇ ਕਟਾਈ ਅਤੇ ਖੇਤੀਬਾੜੀ ਕਰਨ ਦੇ ਢੰਗ ਤਰੀਕਿਆਂ ਨੇ ਵੀ ਵਾਤਾਵਰਣ ਨੂੰ ਖਰਾਬ ਕੀਤਾ ਹੈ। ਵਾਤਾਵਰਣ ਦੀ ਸੰਭਾਲ ਦੀ ਅਣਹੋਂਦ ਅਤੇ ਘਾਟ ਨੇ ਵੀ ਇਸ ਨੂੰ ਹੋਰ ਗਹਿਰਾਇਆ ਹੈ। ਭਾਰਤ ਵੀ ਜਲਵਾਯੂ ਤਬਦੀਲੀਆਂ ਅਤੇ ਵਿਗਾੜਾਂ ਤੋਂ ਬਚ ਨਹੀਂ ਸਕਿਆ ਅਤੇ ਇਨ੍ਹਾਂ ਤਬਦੀਲੀਆਂ ਨੇ ਪਾਣੀ, ਹਵਾ ਅਤੇ ਕੁਦਰਤ ਦੇ ਹੋਰ ਸੋਮਿਆਂ ਨੂੰ ਬਹੁਤ ਪਲੀਤ ਕੀਤਾ ਹੈ।

ਭਾਰਤ ਦੁਨੀਆ ਦਾ ਇੱਕ ਖੇਤੀਬਾੜੀ ਪ੍ਰਧਾਨ, ਵੱਡੀ ਅਤੇ ਵਧ ਰਹੀ ਅਰਥਵਿਵਸਥਾ ਹੈ ਜਿਸ ਕੋਲ ਦੁਨੀਆ ਦਾ ਸਭ ਤੋਂ ਵੱਡਾ ਵਾਹੀਯੋਗ/ਖੇਤੀਯੋਗ ਜ਼ਮੀਨੀ ਖੇਤਰ ਹੈ। ਖੇਤੀਬਾੜੀ ਭਾਰਤੀ ਲੋਕਾਂ ਦੀ ਰੋਜ਼ੀ-ਰੋਟੀ ਦਾ ਸਭ ਤੋਂ ਵੱਡਾ ਸਰੋਤ ਹੈ ਅਤੇ ਖੇਤੀਬਾੜੀ ਖੇਤਰ ਦੇਸ਼ ਦੇ ਕੁੱਲ ਘਰੇਲੂ ਉਤਪਾਦ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਅਜ਼ਾਦੀ ਤੋਂ ਪਹਿਲਾਂ ਅਤੇ ਅਜ਼ਾਦੀ ਵੇਲੇ ਦੇਸ਼ ਭੋਜਨ ਦੀ ਅਤਿਅੰਤ ਘਾਟ ਵਾਲੇ ਦੇਸ਼ਾਂ ਵਿੱਚ ਸ਼ਾਮਲ ਸੀ ਪਰ ਹੌਲੀ-ਹੌਲੀ ਖੇਤੀ ਖੇਤਰ ਵਿੱਚ ਸੁਧਾਰਾਂ ਨਾਲ ਖੇਤੀ ਉਤਪਾਦਨ ਅਤੇ ਉਤਪਾਦਕਤਾ ਵਿੱਚ ਵਾਧਾ ਹੋਣ ਨਾਲ ਦੇਸ਼ ਖੁਰਾਕ ਸੁਰੱਖਿਆ ਪ੍ਰਦਾਨ ਕਰਨ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ। ਇਸਦੇ ਬਾਵਜੂਦ ਵੀ ਦੇਸ਼ ਵਿੱਚ ਬੱਚਿਆਂ, ਔਰਤਾਂ ਅਤੇ ਗਰੀਬਾਂ ਦੀ ਪੌਸ਼ਟਿਕ ਅਤੇ ਸਹੀ ਗੁਣਵੱਤਾ ਵਾਲੇ ਭੋਜਨ ਤਕ ਵਿਆਪਕ ਪਹੁੰਚ ਦੀ ਘਾਟ ਨੇ ਸਿਹਤ-ਸਬੰਧਤ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਜਨਮ ਦਿੱਤਾ ਹੈ। ਜਿਵੇਂ ਕਿ ਭਾਰਤ ਵਿੱਚ ਦੁਨੀਆ ਦੇ ਸਭ ਤੋਂ ਵੱਧ ਕੁਪੋਸ਼ਿਤ ਬੱਚੇ ਹਨ। ਨਾਲ ਹੀ ਵੱਡੀ ਗਿਣਤੀ ਵਿੱਚ ਅਤਿ ਗਰੀਬ ਅਬਾਦੀ ਲਈ ਖੁਰਾਕ ਸੁਰੱਖਿਆ ਵੀ ਯਕੀਨੀ ਨਹੀਂ ਹੈ। ਇਨ੍ਹਾਂ ਸਭ ਦੇ ਵਿਚਕਾਰ ਜਲਵਾਯੂ ਪਰਿਵਰਤਨ ਦੇ ਵਿਆਪਕ ਮਾੜੇ ਪ੍ਰਭਾਵ ਇਨ੍ਹਾਂ ਸਮੱਸਿਆਵਾਂ ਨੂੰ ਹੋਰ ਗਹਿਰਾ ਕਰ ਰਹੇ ਹਨ ਅਤੇ ਵਧੇਰੇ ਟਿਕਾਊ ਅਤੇ ਬਰਾਬਰ ਭੋਜਨ ਵੰਡ ਪ੍ਰਣਾਲੀਆਂ ਵਿੱਚ ਰੁਕਾਵਟਾਂ ਵੀ ਖੜ੍ਹੀਆਂ ਕਰ ਰਹੇ ਹਨ। ਇਸ ਸੰਦਰਭ ਵਿੱਚ ਦੇਸ਼ ਵਿੱਚ ਵਾਤਾਵਰਣ ਤਬਦੀਲੀਆਂ ਦੇ ਵਿਗਾੜਾਂ, ਖਾਸ ਕਰਕੇ ਖੇਤੀ ਜਿਣਸਾਂ ਦੇ ਉਤਪਾਦਨ ਵਿੱਚ ਘਾਟ, ਭੁੱਖਮਰੀ ਦੀ ਸਥਿਤੀ ਨੂੰ ਜਾਣਨ ਲਈ ਅਤੇ ਇਨ੍ਹਾਂ ਪ੍ਰਭਾਵਾਂ ਨੂੰ ਘਟਾਉਣ ਲਈ, ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ (IFPRI) ਦੀਆਂ ਰਿਪੋਰਟਾਂ ਅਤੇ ਇਸ ਸੰਬੰਧੀ ਹੋਰ ਰਿਪੋਰਟਾਂ ਉੱਤੇ ਨਿਗਾਹ ਮਾਰਨੀ ਚਾਹੀਦੀ ਹੈ ਤਾਂ ਕਿ ਜਲਵਾਯੂ ਤਬਦੀਲੀਆਂ, ਖੇਤੀ ਉਤਪਾਦਨ ਅਤੇ ਭੁੱਖਮਰੀ ਸੰਬੰਧੀ ਬਦਲ ਰਹੇ ਹਾਲਾਤ ਨੂੰ ਸਮਝਿਆ ਜਾ ਸਕੇ। ਇਨ੍ਹਾਂ ਰਿਪੋਰਟਾਂ ਵਿੱਚ ਜਲਵਾਯੂ ਅਤੇ ਵਾਤਾਵਰਣ ਤਬਦੀਲੀਆਂ ਅਤੇ ਵਿਗਾੜਾਂ ਦੇ ਖੇਤੀ ਖੇਤਰ, ਅੰਨ ਸੁਰੱਖਿਆ ਅਤੇ ਭੁੱਖਮਰੀ ’ਤੇ ਕੀ ਪ੍ਰਭਾਵ ਪੈਣ, ਦੀਆਂ ਪੇਸ਼ਨਗੋਈਆਂ ਕੀਤੀਆਂ ਗਈਆਂ ਹਨ। ਨਾਲ ਹੀ ਇਨ੍ਹਾਂ ਵਿਗਾੜਾਂ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਕੀ ਕੀਤਾ ਜਾਵੇ, ਦੇ ਵਿਸ਼ੇ ’ਤੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਸਭ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਪਤਾ ਲਗਦਾ ਹੈ ਕਿ ਖੇਤੀਬਾੜੀ ਦਾ ਖੇਤਰ ਅਤੇ ਖੇਤੀ ਜਿਣਸਾਂ ਦੇ ਉਤਪਾਦਨ ਉੱਤੇ ਜਲਵਾਯੂ ਪਰਿਵਰਤਨ ਦੁਆਰਾ ਸਭ ਤੋਂ ਮਾੜੇ ਤਰੀਕਿਆਂ ਨਾਲ ਪ੍ਰਭਾਵ ਪਾਉਂਦੇ ਨਜ਼ਰ ਪੈਂਦੇ ਹਨ। ਇਨ੍ਹਾਂ ਮਾੜੇ ਪ੍ਰਭਾਵਾਂ ਵਿੱਚ ਮੁੱਖ ਤੌਰ ’ਤੇ ਮਿੱਟੀ ਦੀ ਉਪਜਾਊ ਸ਼ਕਤੀ ਦਾ ਘਟਣਾ, ਖੇਤੀ ਉਪਜ ਦੀ ਉਤਪਾਦਕਤਾ ਘਟਣਾ, ਕੀੜਿਆਂ ਅਤੇ ਹੋਰ ਹਮਲਾਵਰ ਕਿਸਮਾਂ ਦੇ ਵਧਦੇ ਹੋਏ ਖਤਰੇ, ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੋਣਾ ਅਤੇ ਪਾਣੀ ਦਾ ਮੁੱਕ ਜਾਣਾ, ਵਪਾਰਕ ਅਤੇ ਹੋਰ ਕੰਮਾਂ ਲਈ ਖਪਤ ਕਾਰਨ ਵਾਹੀਯੋਗ ਜ਼ਮੀਨ ਦਾ ਵੱਡੇ ਪੱਧਰ ’ਤੇ ਤਬਦੀਲ ਹੋਣਾ। ਗਲੋਬਲ ਫੂਡ ਪਾਲਿਸੀ ਦੇ ਅੰਦਾਜ਼ਿਆਂ ਅਨੁਸਾਰ ਵਿਸ਼ਵ ਪੱਧਰ ’ਤੇ 2050 ਤਕ ਭੋਜਨ ਉਤਪਾਦਨ ਵਿੱਚ 8 ਪ੍ਰਤੀਸ਼ਤ ਘਟਣ ਦੇ ਖਦਸੇ ਪ੍ਰਗਟਾਏ ਗਏ ਹਨ। ਭਾਰਤ ਵਿੱਚ ਕੁੱਲ ਭੋਜਨ ਉਤਪਾਦਨ ਵਿੱਚ 16 ਪ੍ਰਤੀਸ਼ਤ ਦੀ ਕਮੀ ਦਾ ਅਨੁਮਾਨ ਲਾਇਆ ਗਿਆ ਹੈ, ਜੋ ਕਿ ਦੱਖਣੀ ਏਸ਼ੀਆਈ ਖੇਤਰ ਵਿੱਚ ਸਭ ਤੋਂ ਵੱਧ ਹੈ। ਦੂਜੇ ਦੇਸ਼ਾਂ ਵਿੱਚ, ਸੰਯੁਕਤ ਰਾਜ ਅਮਰੀਕਾ ਲਈ ਅਨੁਮਾਨ 34 ਪ੍ਰਤੀਸ਼ਤ, ਆਸਟਰੇਲੀਆ ਲਈ 18 ਪ੍ਰਤੀਸ਼ਤ, ਜਾਪਾਨ 17 ਪ੍ਰਤੀਸ਼ਤ, ਬਰਤਾਨੀਆ ਲਈ 7 ਪ੍ਰਤੀਸ਼ਤ ਅਤੇ ਚੀਨ ਲਈ 5 ਪ੍ਰਤੀਸ਼ਤ ਘਟਣ ਦਾ ਅਨੁਮਾਨ ਹੈ। ਇਨ੍ਹਾਂ ਅੰਕੜਿਆਂ ਤੋਂ ਸਾਫ ਪਤਾ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਖੇਤੀ ਜਿਣਸਾਂ ਦੀ ਪੈਦਾਵਾਰ ਘਟਣ ਕਾਰਨ ਦੁਨੀਆ ਵਿੱਚ ਖੁਰਾਕ ਸੁਰੱਖਿਆ ਨੂੰ ਢਾਹ ਲੱਗੇਗੀ, ਖਾਸ ਕਰਕੇ ਗਰੀਬ ਲੋਕਾਂ ਅਤੇ ਗਰੀਬ ਦੇਸ਼ਾਂ ਵਿੱਚ ਪੌਸ਼ਟਿਕ ਭੋਜਨ ਅਤੇ ਲੋੜੀਂਦਾ ਭੋਜਨ ਪਹੁੰਚ ਤੋਂ ਬਾਹਰ ਹੋ ਜਾਵੇਗਾ। ਅਜਿਹੀ ਸਥਿਤੀ ਵਿੱਚ ਇਹ ਸੁਭਾਵਿਕ ਹੈ ਕਿ ਵਪਾਰੀ ਅਤੇ ਕਾਰਪੋਰੇਟ ਘਰਾਣੇ ਆਪਣੇ ਮੁਨਾਫੇ ਲਈ ਖੇਤੀ ਜਿਣਸਾਂ ਦੀ ਜ਼ਖੀਰੇਬਾਜ਼ੀ ਅਤੇ ਕਾਲਾ-ਬਾਜ਼ਾਰੀ ਕਰਨ ਤੋਂ ਸੰਕੋਚ ਨਹੀਂ ਕਰਨਗੇ। ਨਤੀਜੇ ਵਜੋਂ ਸੰਸਾਰ ਪੱਧਰ ’ਤੇ ਭੁੱਖਮਰੀ ਦੀ ਕਗਾਰ ’ਤੇ ਖੜ੍ਹੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਸੁਭਾਵਿਕ ਹੈ।

ਅੰਦਾਜ਼ਿਆਂ ਮੁਤਾਬਿਕ 2030 ਤਕ ਵਿਸ਼ਵ ਪੱਧਰ ’ਤੇ ਲਗਭਗ 6.5 ਕਰੋੜ ਹੋਰ ਲੋਕ ਜਲਵਾਯੂ ਪਰਿਵਰਤਨ ਦੇ ਵਿਗਾੜਾਂ ਕਾਰਨ ਭੁੱਖਮਰੀ ਦੇ ਖਤਰੇ ਵਿੱਚ ਚਲੇ ਜਾਣਗੇ। ਆਲਮੀ ਜਲਵਾਯੂ ਤਬਦੀਲੀ-ਪ੍ਰੇਰਿਤ ਭੁੱਖਮਰੀ ਦੇ ਜੋਖਮ ਵਿੱਚ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਦੱਖਣੀ ਏਸ਼ੀਆ, ਭਾਰਤ ਸਮੇਤ, ਸਭ ਤੋਂ ਉੱਪਰ ਹੈ। ਸਾਡੇ ਦੇਸ਼ ਵਿੱਚ ਸਾਰੀ ਦੁਨੀਆ ਤੋਂ ਵੱਧ, ਲਗਭਗ 1.7 ਕਰੋੜ ਹੋਰ ਲੋਕ ਭੁੱਖਮਰੀ ਦੀ ਕਗਾਰ ’ਤੇ ਪਹੁੰਚ ਜਾਣਗੇ ਦੂਜੇ ਸਥਾਨ ’ਤੇ ਡੈਮੋਕਰੈਟਿਕ ਰੀਪਬਲਿਕ ਆਫ ਕਾਂਗੋ ਵਿੱਚ 48 ਲੱਖ ਲੋਕ ਭੁੱਖਮਰੀ ਦੇ ਖਤਰੇ ਵਿੱਚ ਚਲੇ ਜਾਣਗੇ।

ਇੱਥੇ ਹੀ ਬੱਸ ਨਹੀਂ, ਇਹ ਵੀ ਅੰਦਾਜ਼ੇ ਲਾਏ ਗਏ ਹਨ ਕਿ ਜੇਕਰ ਜਲਵਾਯੂ ਤਬਦੀਲੀਆਂ ਅਤੇ ਵਿਗਾੜ ਨਹੀਂ ਹੁੰਦੇ ਤਾਂ ਵੀ ਭਾਰਤ ਵਿੱਚ 2030 ਤਕ ਭੁੱਖਮਰੀ ਦੀ ਕਗਾਰ ’ਤੇ ਖੜ੍ਹੇ ਲੋਕਾਂ ਦੀ ਗਿਣਤੀ 7.39 ਕਰੋੜ ਹੋਵੇਗੀ ਅਤੇ 2050 ਤਕ ਘਟ ਕੇ 4.5 ਕਰੋੜ ਹੋ ਜਾਵੇਗੀ। ਜੇਕਰ ਜਲਵਾਯੂ ਤਬਦੀਲੀਆਂ ਅਤੇ ਵਿਗਾੜ ਇਵੇਂ ਹੀ ਜਾਰੀ ਰਹਿੰਦੇ ਹਨ ਤਾਂ 2030 ਵਿੱਚ ਭਾਰਤ ਵਿੱਚ ਭੁੱਖਮਰੀ ਦੀ ਕਗਾਰ ’ਤੇ ਖੜ੍ਹੇ ਲੋਕਾਂ ਦੀ ਗਿਣਤੀ 9.06 ਕਰੋੜ ਹੋ ਜਾਵੇਗੀ। ਇਹ ਸਪਸ਼ਟ ਹੈ ਕਿ ਜਲਵਾਯੂ ਪਰਿਵਰਤਨ ਅਤੇ ਵਿਗਾੜ ਵਿਸ਼ਵ ਪੱਧਰ ’ਤੇ ਕੁੱਲ ਭੋਜਨ ਉਤਪਾਦਨ ਵਿੱਚ ਬਦਲਾਅ ਲਿਆ ਸਕਦੇ ਹਨ। ਨਾਲ ਹੀ ਇਹ ਵਰਨਣਯੋਗ ਹੈ ਕਿ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਲੰਬੇ ਸਮੇਂ ਤਕ ਚੱਲਣ ਵਾਲੇ ਹਨ। ਜੇਕਰ ਜਲਵਾਯੂ ਤਬਦੀਲੀਆਂ ਦੇ ਮਾੜੇ ਪ੍ਰਭਾਵਾਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਕਰੋੜਾਂ ਲੋਕ, ਖਾਸ ਕਰਕੇ ਗਰੀਬ ਭੁੱਖਮਰੀ ਅਤੇ ਮੌਤ ਦੇ ਖਤਰੇ ਵਿੱਚ ਪੈ ਜਾਣਗੇ।

ਹੁਣ ਜੇ ਗੱਲ ਕਰੀਏ ਤਾਂ ਰਿਪੋਰਟਾਂ ਨੇ ਜਲਵਾਯੂ ਤਬਦੀਲੀਆਂ ਅਤੇ ਵਿਗਾੜਾਂ ਦੇ ਕੁਝ ਪ੍ਰਮੁੱਖ ਕਾਰਨ ਦੱਸੇ ਹਨ ਅਤੇ ਉਨ੍ਹਾਂ ਨੂੰ ਠੀਕ ਕਰਨ ਲਈ ਕੁਝ ਸੁਝਾ ਵੀ ਦਿੱਤੇ ਹਨ। ਜਲਵਾਯੂ ਪਰਿਵਰਤਨ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਕਾਰਨਾਂ ਵਿੱਚ ਮੱਧਮ ਅਤੇ ਅਤਿਅੰਤ ਤਾਪਮਾਨਾਂ ਵਿੱਚ ਵਾਧਾ, ਅਤੇ ਇਸ ਰੁਝਾਨ ਦੇ ਜਾਰੀ ਰਹਿਣ ਦੀ ਉੱਚੀਆਂ ਸੰਭਾਵਨਾਵਾਂ ਹਨ। ਹਿਮਾਲੀਅਨ ਗਲੇਸ਼ੀਅਰਾਂ ਵਿੱਚ ਪਿਘਲਣ ਦੀ ਬੇਮਿਸਾਲ ਦਰ ਅਤੇ ਗਰਮੀ ਵਧਣ ਅਤੇ ਵਧੇ ਹੋਏ ਔਸਤ ਵਰਖਾ ਕਾਰਨ ਮੌਨਸੂਨ ਦੀਆਂ ਤਬਾਹੀ ਵਾਲੀਆਂ ਬਾਰਸ਼ਾਂ ਸ਼ਾਮਲ ਹਨ। ਇਸਦੀ ਤਾਜ਼ਾ ਮਿਸਾਲ ਹੁਣੇ ਹੀ ਨਿਪਾਲ ਵਿੱਚ ਆਏ ਹੜ੍ਹਾਂ ਦੀ ਹੈ ਜਿਸ ਕਾਰਨ ਨਿਪਾਲ ਵਿੱਚ ਬਹੁਤ ਤਬਾਹੀ ਹੋਈ ਹੈ ਅਤੇ ਬਹੁਤ ਲੋਕਾਂ ਦੀ ਜਾਨ ਚਲੀ ਗਈ। ਜਲਵਾਯੂ ਪਰਿਵਰਤਨ ਅਤੇ ਵਿਗਾੜਾਂ ਦੇ ਇਹ ਖਤਰੇ ਭਵਿੱਖ ਵਿੱਚ ਹੋਰ ਵਧਣ ਅਤੇ ਗਹਿਰੇ ਹੋਣ ਦੇ ਸੰਕੇਤ ਹਨ। ਰਿਪੋਰਟਾਂ ਦੇ ਅਨੁਸਾਰ 2100 ਤਕ ਪੂਰੇ ਭਾਰਤ ਵਿੱਚ ਔਸਤ ਤਾਪਮਾਨ 2.4 ਡਿਗਰੀ ਸੈਲਸੀਅਸ ਅਤੇ 4.4 ਡਿਗਰੀ ਸੈਲਸੀਅਸ ਦੇ ਵਿਚਕਾਰ ਵਧਣ ਦਾ ਅਨੁਮਾਨ ਹੈ। ਇਸੇ ਤਰ੍ਹਾਂ, ਭਾਰਤ ਵਿੱਚ 2100 ਤਕ ਗਰਮੀ ਦੀਆਂ ਲਹਿਰਾਂ ਵਿੱਚ ਤਿੰਨ ਗੁਣਾ ਜਾਂ ਚਾਰ ਗੁਣਾ ਵਾਧਾ ਹੋਣ ਦਾ ਵੀ ਅਨੁਮਾਨ ਹੈ।

ਜਲਵਾਯੂ ਪਰਿਵਰਤਨ ਅਤੇ ਵਿਗਾੜਾਂ ਦੇ ਇਨ੍ਹਾਂ ਪ੍ਰਭਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਰਿਪੋਰਟਾਂ ਇਨ੍ਹਾਂ ਪ੍ਰਭਾਵਾਂ ਨੂੰ ਕੁਝ ਘਟਾਉਣ ਵਾਲੇ ਉਪਾਵਾਂ ਦਾ ਪ੍ਰਸਤਾਵ ਵੀ ਕਰਦੀਆਂ ਹਨ। ਫਸਲੀ ਵੰਨ-ਸੁਵੰਨਤਾ ਨੂੰ ਅਪਣਾਉਣਾ ਸਭ ਤੋਂ ਮਹੱਤਵਪੂਰਨ ਹੱਲ ਸੁਝਾਇਆ ਗਿਆ ਹੈ। ਖੇਤੀਬਾੜੀ ਵਿੱਚ ਉਹ ਫਸਲਾਂ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਜਲਵਾਯੂ ਉੱਤੇ ਮਾੜੇ ਪ੍ਰਭਾਵ ਨਾ ਪਾਉਂਦੀਆਂ ਹੋਣ। ਨਾਲ ਹੀ ਖੇਤੀਬਾੜੀ ਖੋਜ ਅਤੇ ਵਿਕਾਸ ਵਿੱਚ ਜਨਤਕ ਨਿਵੇਸ਼ ਵਧਾਉਣਾ ਚਾਹੀਦਾ ਹੈ। ਇੱਥੇ ਦੱਸਣਯੋਗ ਹੈ ਕਿ ਭਾਰਤ ਵਿੱਚ ਖੇਤੀਬਾੜੀ ਵਿੱਚ ਜਨਤਕ ਨਿਵੇਸ਼ ਨਿਗੂਣਾ ਹੈ। ਇਸ ਨੂੰ ਵਧਾਉਣਾ ਸਮੇਂ ਦੀ ਲੋੜ ਹੈ।

ਖੇਤੀ ਮਸ਼ੀਨੀਕਰਨ ਅਤੇ ਮਿੱਟੀ ਦੀ ਨਮੀ ਦੀ ਸੰਭਾਲ ਨੂੰ ਫੌਰੀ ਅਤੇ ਤਰਜੀਹੀ ਅਧਾਰ ’ਤੇ ਅਪਣਾਉਣਾ ਚਾਹੀਦਾ ਹੈ। ਖਾਦ ਸਬਸਿਡੀਆਂ, ਊਰਜਾ ਨੀਤੀ, ਅਤੇ ਖੇਤੀਬਾੜੀ ਸਹਾਇਤਾ ਵਿਧੀਆਂ ਵਿੱਚ ਸੁਧਾਰਾਂ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਭੋਜਨ ਪ੍ਰਣਾਲੀ ਦੇ ਸਹੀ ਸ਼ਾਸਨ ਨੂੰ ਯਕੀਨੀ ਬਣਾਉਣ ਲਈ ਨਵੀਂਆਂ ਸੰਸਥਾਵਾਂ ਦੀ ਸਥਾਪਨਾ ਸਮੇਂ ਦੀ ਲੋੜ ਹੈ ਅਤੇ ਮਹਾਂਮਾਰੀਆਂ ਦੇ ਦੌਰਾਨ ਖੇਤੀਬਾੜੀ ਭੋਜਨ ਪ੍ਰਣਾਲੀਆਂ ਦੁਆਰਾ ਪ੍ਰਦਰਸ਼ਿਤ ਲਚਕਤਾ ਦਾ ਲਾਭ ਉਠਾਉਣਾ ਅਤੇ ਇਸ ਸੈਕਟਰ ਨੂੰ ਵਧੇਰੇ ਸਮਿਲਤ, ਟਿਕਾਊ ਅਤੇ ਲਚਕੀਲਾ ਬਣਾਉਣਾ ਬਹੁਤ ਮਹੱਤਵਪੂਰਨ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਡਾ. ਕੇਸਰ ਸਿੰਘ ਭੰਗੂ

ਡਾ. ਕੇਸਰ ਸਿੰਘ ਭੰਗੂ

Ex Dean And Professor, Punjabi University Patiala, Punjab, India.
Phone: (91 - 98154 - 27127)
Email: (kesarbhangoo@gmail.com)

More articles from this author