SukhminderBagi7ਜੇਕਰ ਆਬਾਦੀ ਦੇ ਵਾਧੇ ਨੂੰ ਠੱਲ੍ਹ ਪੈ ਜਾਵੇ ਤਾਂ ਬੇਰੋਜ਼ਗਾਰੀਨਸ਼ਾਖੋਰੀ ਅਤੇ ਗਰੀਬੀ ਜਿਹੀਆਂ ...
(11 ਜੁਲਾਈ 2017)

 

(11 ਜੁਲਾਈ ਵਿਸ਼ਵ ਅਾਬਾਦੀ ਦਿਵਸ ਹੈ)

ਅੱਜ ਵਿਸ਼ਵ ਆਬਾਦੀ ਦਿਵਸ ਹੈ। ਇਹ ਦਿਵਸ ਸਿਰਫ ਦਿਵਸ ਬਣ ਕੇ ਹੀ ਰਹਿ ਜਾਂਦਾ ਹੈ ਕਿਉਂਕਿ ਵਧਦੀ ਆਬਾਦੀ ਨੂੰ ਰੋਕਣ ਲਈ ਕੋਈ ਵੀ ਠੋਸ ਤੇ ਕਾਰਗਰ ਢੰਗ ਤਰੀਕਾ ਨਹੀਂ ਅਪਣਾਇਆ ਜਾਂਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਧਰਤੀ ਤੇ ਦਿਨੋਂ-ਦਿਨ ਆਬਾਦੀ ਦਾ ਬੋਝ ਵਧਦਾ ਜਾ ਰਿਹਾ ਹੈ। ਅਨਾਜ ਪੈਦਾ ਕਰਨ ਲਈ ਧਰਤੀ ਸੁੰਗੜਦੀ ਜਾ ਰਹੀ ਹੈ ਅਤੇ ਜਰਖੇਜ਼ ਉਪਜਾਊ ਜ਼ਮੀਨ ਉੱਤੇ ਵੱਡੀਆਂ-ਵੱਡੀਆਂ ਇਮਾਰਤਾਂ ਬਣਾ ਕੇ ਰੀਅਲ ਅਸਟੇਟ ਕਾਰੋਬਾਰੀ ਆਪਣੇ ਹੱਥ ਰੰਗ ਰਹੇ ਹਨ ਅਤੇ ਅੰਨ ਉਪਜਾਉਣ ਵਾਲਾ ਅੰਨਦਾਤਾ (ਕਿਸਾਨ) ਖੁਦਕੁਸ਼ੀਆਂ ਕਰ ਰਿਹਾ ਹੈ। ਅਮੀਰੀ ਅਤੇ ਗਰੀਬੀ ਦਾ ਪਾੜਾ ਦਿਨੋਂ ਦਿਨ ਵਧ ਰਿਹਾ ਹੈ। ਬੇਰੁਜ਼ਗਾਰੀ ਦੇ ਦੈਂਤ ਨੇ ਇੱਕ ਵਿਕਰਾਲ ਰੂਪ ਧਾਰ ਲਿਆ ਹੈ ਅਤੇ ਕਰੋੜਾਂ ਦੀ ਗਿਣਤੀ ਵਿੱਚ ਪੜ੍ਹੇ ਲਿਖੇ ਬੇਰੋਜ਼ਗਾਰਾਂ ਦੀ ਫੌਜ ਦਿਨੋਂ ਦਿਨ ਵਧ ਰਹੀ ਹੈ।  ਰੋਜ਼ਗਾਰ ਨਾ ਮਿਲਣ ਕਰਕੇ ਵਿਹਲੜ ਨੌਜਵਾਨ ਨਸ਼ਿਆਂ, ਲੁੱਟਾਂ-ਖੋਹਾਂ ਅਤੇ ਕਤਲਾਂ ਦੀ ਦਲਦਲ ਵਿੱਚ ਧਸ ਰਹੇ ਹਨ। ਹਰ ਕੋਈ ਵਧਦੀ ਆਬਾਦੀ ਤੋਂ ਚਿੰਤਤ ਹੈ। ਸਰਕਾਰ ਭਾਵੇਂ ਅਨੇਕਾਂ ਉਪਰਾਲੇ ਕਰ ਰਹੀ ਹੈ ਪਰ ਫਿਰ ਵੀ ਇਸ ਵਧਦੀ ਆਬਾਦੀ ਨੂੰ ਪਤਾ ਨਹੀਂ ਕਿਉਂ ਠੱਲ੍ਹ ਨਹੀਂ ਪੈ ਰਹੀ। ਵੱਡੇ ਵੱਡੇ ਕਈ ਵਿਦਵਾਨ ਇਸ ਨੂੰ ਸਮੱਸਿਆ ਨਹੀਂ ਮੰਨ ਰਹੇ, ਉਹ ਸਿਰਫ ਪ੍ਰਬੰਧ ਵਿੱਚ ਸੁਧਾਰ ਦੀ ਮੰਗ ਕਰਕੇ ਅਨੇਕਾਂ ਦਲੀਲਾਂ ਨਾਲ ਹੀ ਲੋਕਾਂ ਨੂੰ ਧਰਵਪਸ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

 ਆਬਾਦੀ ਵਧਣ ਦੇ ਅਨੇਕਾਂ ਕਾਰਨ ਹੋ ਸਕਦੇ ਹਨ। ਪਰ ਭਾਰਤ ਵਿੱਚ ਸਭ ਤੋਂ ਵੱਡਾ ਕਾਰਨ ਲੋਕਤੰਤਰ ਹੈ। ਸਰਕਾਰ ਨੂੰ ਸਿਰਫ “ਵੋਟ ਬੈਂਕ” ਚਾਹੀਦਾ ਹੈ। ਜੇਕਰ ਉਹ ਵੋਟ ਬੈਂਕ ਗਰੀਬ ਤੇ ਅਨਪੜ੍ਹ ਹੋਵੇ ਤਾਂ ਇਹ ਸੋਨੇ ਤੇ ਸੁਹਾਗੇ ਦੀ ਗੱਲ ਹੋਵੇਗੀ। ਅੱਜ ਤੱਕ ਕਿਸੇ ਵੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਲੋਕਾਂ ਨਾਲ ਝੂਠੇ ਵਾਅਦੇ ਅਤੇ ਸੁਪਨੇ ਵਿਖਾਉਣ ਤੋਂ ਬਿਨਾਂ ਆਬਾਦੀ ਨੂੰ ਕੰਟਰੋਲ ਕਰਨ ਦਾ ਇੱਕ ਵੀ ਵਾਅਦਾ ਨਹੀਂ ਕੀਤਾ।

ਮਨੁੱਖ ਨੇ ਅੱਜ ਅਜਿਹੀਆਂ ਐਕਸ ਕਿਰਨਾਂ ਦੀ ਖੋਜ ਕਰ ਲਈ ਹੈ ਜਿਹੜੀਆਂ ਮਨੁੱਖ ਦੇ ਪੂਰੇ ਸਰੀਰ ਅੰਦਰਲੀ ਤਸਵੀਰ ਸਾਹਮਣੇ ਲਿਆ ਦਿੰਦੀਆਂ ਹਨ ਅਤੇ ਮਨੁੱਖੀ ਸਰੀਰ ਦੀਆਂ ਅੰਦਰੂਨੀ ਬਿਮਾਰੀਆਂ ਨੂੰ ਬਿਨਾਂ ਸਰੀਰ ਦੀ ਚੀੜ-ਫਾੜ ਕੀਤਿਆਂ ਉਨ੍ਹਾਂ ਨੂੰ ਠੀਕ ਕਰਨ ਦੀ ਸਮਰੱਥਾ ਪ੍ਰਾਪਤ ਕਰ ਲਈ ਹੈ ਪਰ ਫੇਰ ਪਤਾ ਨਹੀਂ ਇਸ ਆਬਾਦੀ ਦੇ ਵਾਧੇ ਮੂਹਰੇ ਮਨੁੱਖ ਬੇਵੱਸ ਕਿਉਂ ਹੈ। ਆਬਾਦੀ ਦੇ ਵਾਧੇ ਨੂੰ ਰੋਕਣ ਦੀ ਜ਼ਿੰਮੇਵਾਰੀ ਸਿਹਤ ਮਹਿਕਮੇ ਦੇ ਸਿਰ ਹੈ। ਅੱਗੋਂ ਸਿਹਤ ਮਹਿਕਮੇ ਨੇ ਅਬਾਦੀ ਦੇ ਵਾਧੇ ਨੂੰ ਰੋਕਣ ਲਈ ਆਪਣੇ ਵਿਭਾਗ ਵਿੱਚ ਕੰਮ ਕਰਦੀਆਂ ਏ.ਐਨ.ਐਮਜ਼ ਦੇ ਸਿਰ ਤੇ ਜ਼ਿੰਮੇਵਾਰੀ ਸੁੱਟ ਕੇ ਸਿਹਤ ਮਹਿਕਮਾ ਖੁਦ ਸੁਰਖੁਰੂ ਹੋ ਜਾਂਦਾ ਹੈ। ਕੀ ਆਬਾਦੀ ਦੇ ਵਾਧੇ ਨੂੰ ਰੋਕਣ ਦਾ ਜ਼ਿੰਮਾ ਸਿਰਫ ਏ.ਐਨ.ਐਮਜ਼ ਦਾ ਹੀ ਹੈ।

ਜੇਕਰ ਸਿਹਤ ਮਹਿਕਮੇ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਬਾਦੀ ਵਧ ਰਹੀ ਹੈ ਤਾਂ ਸਾਨੂੰ ਸੋਚਣਾ ਪੈਣਾ ਹੈ ਕਿ ਗਲਤੀ ਕਿੱਥੇ ਹੈ ਇਸ ਨੂੰ ਕਿਵੇਂ ਸੁਧਾਰਿਆ ਜਾਵੇ ਤਾਂ ਕਿ ਵਧਦੀ ਆਬਾਦੀ ਤੇ ਰੋਕ ਲੱਗ ਸਕੇ। ਸਭ ਤੋਂ ਸੌਖੀ ਤੇ ਸਪਸ਼ਟ ਉਦਾਹਰਣ ਸਾਡੇ ਸਾਹਮਣੇ ਚੀਨ ਦੀ ਹੈ, ਜਿਸ ਨੇ ਇਹ ਕਾਨੂੰਨ ਬਣਾਇਆ ਹੈ ਕਿ “ਇੱਕ ਜੋੜਾ ਇੱਕ ਬੱਚਾ”। ਸਾਡੇ ਸਿਹਤ ਮਹਿਕਮੇ ਨੇ ਪਹਿਲਾਂ ਨਾਅਰਾ ਲਾਇਆ ਸੀ ‘ਦੋ ਜਾਂ ਤਿੰਨ ਬੱਚੇ, ਹੁੰਦੇ ਨੇ ਘਰ ’ਚ ਅੱਛੇ।’ ਉਸ ਤੋਂ ਬਾਅਦ ਇਹ ਨਾਅਰਾ ਬਦਲ ਦਿੱਤਾ ਗਿਆ ਤੇ ਨਵਾਂ ਨਾਅਰਾ ਆਇਆ “ਅਸੀਂ ਦੋ ਸਾਡੇ ਦੋ”। ਸਰਕਾਰੀ ਮਹਿਕਮਿਆਂ ਵਿੱਚ ਕੰਮ ਕਰਦੀਆਂ ਔਰਤਾਂ ਨੂੰ ਪਹਿਲਾਂ ਤਿੰਨ ਬੱਚਿਆਂ ਲਈ ਜਣੇਪਾ ਛੁੱਟੀ ਦਿੱਤੀ ਜਾਂਦੀ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਦੋ ਬੱਚਿਆਂ ਲਈ ਜਣੇਪਾ ਛੁੱਟੀ ਕੀਤੀ ਗਈ ਹੈ ਜੋ ਕਿ ਕਾਬਲੇ ਗੌਰ ਵੀ ਹੈ ਅਤੇ ਕਾਬਲੇ ਤਾਰੀਫ ਵੀ। ਸਾਡੇ ਸਿਹਤ ਮਹਿਕਮੇ ਵੱਲੋਂ ਪ੍ਰਚਾਰ ਰਾਹੀਂ ਆਬਾਦੀ ਦਿਵਸ ’ਤੇ ਆਬਾਦੀ ਘਟਾਉਣ ਦਾ ਸੁਨੇਹਾ ਦਿੱਤਾ ਜਾਂਦਾ ਹੈ। ਪਰ ਸਾਡੇ ਭਾਰਤੀ ਲੋਕ ਐਨੇ ਸਿਆਣੇ ਨਹੀਂ ਕਿ ਉਹ ਸਿਰਫ ਭਾਸ਼ਣਾਂ ਰਾਹੀਂ ਹੀ ਵਧਦੀ ਆਬਾਦੀ ਨੂੰ ਕੰਟਰੋਲ ਕਰਨ ਵਿੱਚ ਸਹਿਯੋਗ ਕਰਨ ਲੱਗ ਪੈਣਗੇ। ਇਸ ਲਈ ਸਾਨੂੰ ਵਧਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਕੁਝ ਠੋਸ ਅਤੇ ਨਿੱਗਰ ਕਦਮ ਚੁੱਕ ਕੇ ਹੀ ਇਸ ਵਧਦੀ ਆਬਾਦੀ ਦੇ ਦੈਂਤ ਨੂੰ ਕਾਬੂ ਕਰਨ ਲਈ ਨਿਯਮ, ਕਾਨੂੰਨ ਬਣਾਉਣੇ ਪੈਣਗੇ ਤਾਂ ਹੀ ਵਧਦੀ ਆਬਾਦੀ ਦਾ ਦੈਂਤ ਬੋਤਲ ਵਿੱਚ ਬੰਦ ਕੀਤਾ ਜਾ ਸਕਦਾ ਹੈ।

 ਵਧਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਜੇਕਰ ਅਸੀਂ ਚੀਨ ਵਰਗਾ ਤਰੀਕਾ ‘ਇੱਕ ਬੱਚਾ’ ਨਹੀਂ ਆਪਣਾ ਸਕਦੇ ਤਾਂ ਇਸ ਲਈ ਅਸੀਂ ਆਪਣੇ ਕੁਝ ਕਾਨੂੰਨ ਬਣਾ ਸਕਦੇ ਹਾਂ, ਜਿਨ੍ਹਾਂ ’ਤੇ ਬਿਨਾਂ ਕੋਈ ਭੇਦ-ਭਾਵ ਕੀਤਿਆਂ ਅਮਲ ਕੀਤਾ ਜਾ ਸਕੇ। ਸਭ ਤੋਂ ਪਹਿਲਾਂ ਘੱਟੋ-ਘੱਟ ਸਿਹਤ ਵਿਭਾਗ ਦਾ ਨਾਅਰਾ “ਅਸੀਂ ਦੋ ਸਾਡੇ ਦੋ” ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ। ਜੇਕਰ ਕੋਈ ਵੀ ਚਾਹੇ ਉਹ ਅਮੀਰ ਹੈ ਜਾਂ ਗਰੀਬ, ਜੇਕਰ ਤੀਜਾ ਬੱਚਾ ਪੈਦਾ ਕਰਦਾ ਹੈ ਤਾਂ ਉਸ ਤੋਂ ਜਾਂ ਤਾਂ ਖਜ਼ਾਨੇ ਵਿੱਚ ਪੈਸੇ ਜਮ੍ਹਾਂ ਕਰਾਏ ਜਾਣ ਜਾਂ ਫਿਰ ਉਨ੍ਹਾਂ ਨੂੰ ਮਿਲਦੀਆਂ ਸਰਕਾਰੀ ਸਹੂਲਤਾਂ ਬੰਦ ਕਰ ਦਿੱਤੀਆਂ ਜਾਣ। ਇਸ ਤੋਂ ਬਾਅਦ ਤੀਜੇ ਬੱਚੇ ਦੇ ਪੈਦਾ ਹੋਣ ’ਤੇ ਇੱਕ ਨਿਸਚਤ ਰਕਮ ਹਰ ਮਹੀਨੇ ਉਸ ਬੱਚੇ ਦੇ ਖਾਤੇ ਵਿੱਚ ਜਮ੍ਹਾਂ ਕਰਾਉਣ ਲਈ ਵੀ ਮਾਂ ਪਿਉ ਨੂੰ ਕਿਹਾ ਜਾ ਸਕਦਾ ਹੈ, ਤਾਂ ਕਿ ਉਹ ਬੱਚਾ ਵੱਡਾ ਹੋ ਕੇ ਆਪਣੀ ਜ਼ਿੰਦਗੀ ਸੁਧਾਰ ਸਕੇ। ਜੇਕਰ ਕੋਈ ਵੀ ਜੋੜਾ ਇੱਕ ਬੱਚੇ ’ਤੇ ਹੀ ਨਸਬੰਦੀ ਜਾਂ ਨਲਬੰਦੀ ਕਰਵਾਉਂਦਾ ਹੈ, ਉਸ ਬੱਚੇ ਨੂੰ ਜਨਮ ਤੋਂ ਲੈ ਕੇ ਉਸ ਦੇ ਜਵਾਨ ਹੋਣ ਤੱਕ ਸਿਹਤ ਅਤੇ ਸਿੱਖਿਆ ਦਾ ਸਾਰਾ ਖਰਚਾ ਸਰਕਾਰ ਕਰੇ ਅਤੇ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਹੋ ਸ਼ਰਤ ਦੋ ਬੱਚਿਆਂ ’ਤੇ ਅਜਿਹਾ ਅਪ੍ਰੇਸ਼ਨ ਕਰਵਾਉਣ ਵੇਲੇ ਵੀ ਲਾਗੂ ਕੀਤੀ ਜਾਵੇ।

ਭਾਰਤ ਇੱਕ ਲੋਕਤੰਤਰਕ ਦੇਸ਼ ਹੈ। ਇਸ ਵਿੱਚ ਮੰਤਰੀਆਂ ਤੋਂ ਲੈ ਕੇ ਹੇਠਾਂ ਪੰਚਾਇਤ ਮੈਂਬਰਾਂ ਲਈ ਸਿਰਫ ਦੋ ਬੱਚਿਆਂ ਤੱਕ ਅਤੇ ਸਰਕਾਰੀ ਕਰਮਚਾਰੀਆਂ ਲਈ ਸਿਰਫ ਦੋ ਬੱਚੇ ਪੈਦਾ ਕਰਨ ਲਈ ਵੀ ਅਜਿਹਾ ਕਾਨੂੰਨ ਬਣੇ ਤੇ ਇਹ ਕਾਨੂੰਨ ਬਿਨਾਂ ਜਾਤ-ਪਾਤ, ਧਰਮ ਅਤੇ ਆਮਦਨ ਹੱਦ ਦੇ ਲਾਗੂ ਕੀਤਾ ਜਾਵੇ ਤਾਂ ਆਬਾਦੀ ਦੇ ਵਾਧੇ ਨੂੰ ਠੱਲ੍ਹ ਪੈ ਸਕਦੀ ਹੈ। ਆਬਾਦੀ ਦੇ ਵਾਧੇ ਲਈ ਭਾਵੇਂ ਕਿੰਨੇ ਵੀ ਤਰੀਕੇ ਅਪਣਾਏ ਜਾਣ, ਜੇਕਰ ਉਨ੍ਹਾਂ ਨੂੰ ਸੱਚੇ ਦਿਲੋਂ ਲਾਗੂ ਨਹੀਂ ਕੀਤਾ ਜਾਂਦਾ ਤਾਂ ਇਸਦੇ ਸਾਰਥਕ ਨਤੀਜੇ ਸਾਹਮਣੇ ਨਹੀਂ ਆਉਦੇ। ਬਿਨਾਂ ਸ਼ੱਕ ਕਿਹਾ ਜਾ ਸਕਦਾ ਹੈ ਕਿ ਵਧਦੀ ਅਬਾਦੀ ਲਈ ਭ੍ਰਿਸ਼ਟਾਚਾਰ ਵੀ ਅਜਿਹਾ ਕਾਰਨ ਹੈ ਜੋ ਸਾਡੇ ਦੇਸ਼ ਦੀ ਉਨਤੀ ਤੇ ਖੁਸ਼ਹਾਲੀ ਦੇ ਰਾਹ ਵਿੱਚ ਅੜਿੱਕੇ ਖੜ੍ਹੇ ਕਰਦਾ ਹੈ। ਇਸ ਵਿੱਚ ਸਰਮਾਏਦਾਰ, ਸਰਕਾਰ ਅਤੇ ਭ੍ਰਿਸ਼ਟ ਅਫਸਰਸ਼ਾਹੀ ਦੇ ਨਾਂ ਸ਼ਾਮਲ ਕੀਤੇ ਜਾ ਸਕਦੇ ਹਨ। ਕਿਉਂਕਿ ਪਰਿਵਾਰ ਨਿਯੋਜਨ ਲਈ ਕਾਪਰ ਟੀ, ਕੰਡੋਮ, ਓਰਲ ਪਿਲਜ਼ ਗੋਲੀਆਂ ਦੀ ਖਰੀਦੋ ਫਰੋਖਤ ਸਮੇਂ ਜੋ ਭ੍ਰਿਸ਼ਟਾਚਾਰ ਕੀਤਾ ਜਾਂਦਾ ਹੈ ਉਹ ਸਭ ਦੀਆਂ ਨਜ਼ਰਾਂ ਤੋਂ ਉਹਲੇ ਹੈ। ਫਿਰ ਜਦੋਂ ਕਾਨੂੰਨ ਬਣ ਗਿਆ ਤਾਂ ਇਨ੍ਹਾਂ ਮਸਨੂਈ ਢੰਗ ਤਰੀਕਿਆਂ ਦੀ ਲੋੜ ਹੀ ਨਹੀਂ ਰਹਿਣੀ ਫਿਰ ਅਫਸਰਸ਼ਾਹੀ ਤੇ ਸਰਮਾਏਦਾਰ ਆਪਣੇ ਹੱਥ ਨਹੀਂ ਰੰਗ ਸਕਣਗੇ। ਭਾਰਤ ਵਰਗਾ ਦੇਸ਼ ਜੋ ਸੋਨੇ ਦੀ ਚਿੜੀ ਕਹਾਉਂਦਾ ਸੀ ਇਸ ਭ੍ਰਿਸ਼ਟਾਚਾਰ ਦੇ ਕਾਰਨ ਹੀ ਇੱਕ ਨਰਕ ਕੁੰਡ ਦਾ ਰੂਪ ਧਾਰਨ ਕਰ ਗਿਆ ਹੈ। ਅੱਜ ਅਸੀਂ ਵਿਸ਼ਵ ਆਬਾਦੀ ਦਿਵਸ ਮਨਾ ਰਹੇ ਹਾਂ, ਤਾਂ ਸਾਨੂੰ ਜ਼ਰੂਰ ਸੋਚਣਾ ਪੈਣਾ ਹੈ ਕਿ ਇਸ ਧਰਤੀ ਉਤਲੇ ਸਵਰਗ ਨੂੰ ਕਿਵੇਂ ਬਚਾਉਣਾ ਹੈ ਅਤੇ ਜੇਕਰ ਆਬਾਦੀ ਦੇ ਵਾਧੇ ਨੂੰ ਠੱਲ੍ਹ ਪੈ ਜਾਵੇ ਤਾਂ ਬੇਰੋਜ਼ਗਾਰੀ, ਨਸ਼ਾਖੋਰੀ ਅਤੇ ਗਰੀਬੀ ਜਿਹੀਆਂ ਅਲਾਮਤਾਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ। ਆਓ ਵਧਦੀ ਅਬਾਦੀ ਨੂੰ ਸਾਰਥਿਕ ਤਰੀਕਿਆਂ ਨਾਲ ਕੰਟਰੋਲ ਕਰੀਏ, ਸਿਰਫ ਭਾਸ਼ਣ ਦੇ ਕੇ ਗੋਂਗਲੂਆਂ ਤੋਂ ਮਿੱਟੀ ਨਾ ਝਾੜੀਏ।

*****

(760)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਖਮਿੰਦਰ ਬਾਗ਼ੀ

ਸੁਖਮਿੰਦਰ ਬਾਗ਼ੀ

Adarsh Nagar, Samrala, Punjab, India.
Mobile: (94173 - 94805)
Email: (baggisukhminder@gmail.com)

More articles from this author