“ਸੱਚ ਤੁਹਾਡੇ ਸਾਹਮਣੇ ਹੈ, ਇਸ ਨੂੰ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਇੱਛਾ ਹੈ ...”
(19 ਅਪਰੈਲ 2020)
ਜਦੋਂ ਵੀ ਕੋਈ ਮਹਾਂਮਾਰੀ ਫੈਲਦੀ ਹੈ ਤਾਂ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ। ਅੰਧਵਿਸ਼ਵਾਸੀਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਲੁੱਟਣ ਵਾਲੇ ਪਾਖੰਡੀ ਜੋਤਸ਼ੀਆਂ, ਅਖੌਤੀ ਧਾਰਮਿਕ ਸਾਧਾਂ, ਸੰਤਾਂ ਗੁਰੂਆਂ, ਡੇਰਿਆਂ ਵਾਲਿਆਂ, ਸਤਿਗੁਰੂਆਂ, ਬਾਪੂਆਂ, ਮਹਾਰਾਜਾਂ ਅਤੇ ਫਿਰਕਾਪ੍ਰਸਤ ਤਾਕਤਾਂ ਦੀ ਚਾਂਦੀ ਹੋ ਜਾਂਦੀ ਹੈ। ਅੱਜ ਦੇ ਸਮੇਂ ਵਿੱਚ ਕੁਝ ਇੱਕ ਨੂੰ ਛੱਡ ਕੇ ਪੂਰੇ ਭਾਰਤ ਦੇ ਮਾਪੇ ਆਪਣੇ ਬੱਚਿਆਂ ਦੀ ਰਗ ਰਗ ਅਤੇ ਦਿਮਾਗ ਵਿੱਚ ਵਿੱਚ ਅੰਧ ਵਿਸ਼ਵਾਸ ਬਚਪਨ ਤੋਂ ਹੀ ਕੁੱਟ ਕੁੱਟ ਕੇ ਭਰ ਦਿੰਦੇ ਹਨ, ਜਿਸਦਾ ਸੰਤਾਪ ਬਹੁਤੇ ਬੱਚੇ ਸਾਰੀ ਉਮਰ ਭੋਗਦੇ ਹਨ। ਅਸੀਂ ਆਪਣੇ ਬੱਚਿਆਂ ਨੂੰ ਲਕੀਰ ਦੇ ਫ਼ਕੀਰ ਬਣਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਦੇ। ਬਚਪਨ ਤੋਂ ਹੀ ਧਾਰਮਿਕ ਸਥਾਨਾਂ ’ਤੇ ਲਿਜਾ ਕੇ ਉਨ੍ਹਾਂ ਨੂੰ ਮੱਥੇ ਘਸਾਉਣ, ਹੱਥ ਜੋੜ ਕੇ ਅਰਦਾਸਾਂ ਕਰਨ ਅਤੇ ਇੱਕ-ਦੋ ਰੁਪਏ ਦੇ ਕੇ ਚੜ੍ਹਾਵਾ ਚੜ੍ਹਾਉਣ ਦੀ ਆਦਤ ਪਾ ਦਿੱਤੀ ਜਾਂਦੀ ਹੈ। ਇਸ ਆਦਤ ਕਾਰਨ ਹੀ ਉਹ ਆਪਣੀ ਸਾਰੀ ਉਮਰ ਇਸ ਚੱਕਰਵਿਊ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ। ਉਨ੍ਹਾਂ ਦੀ ਇਸ ਆਦਤ ਕਾਰਨ ਹੀ ਪੁਜਾਰੀ ਵਰਗ ਦਾ ਧੰਦਾ ਚੱਲਦਾ ਰਹਿੰਦਾ ਹੈ। ਬਚਪਨ ਤੋਂ ਹੀ ਇਹ ਪੁਜਾਰੀ ਵਰਗ ਬੱਚਿਆਂ ਦੇ ਦਿਮਾਗ ਵਿੱਚ ਇਹ ਗੱਲ ਕੁੱਟ ਕੁੱਟ ਕੇ ਭਰ ਦਿੰਦਾ ਹੈ ਕਿ ਕਰਮਾਂ ਵਿੱਚ ਜੋ ਲਿਖਿਆ ਹੈ ਉਹ ਭੋਗਣਾ ਹੀ ਪੈਣਾ ਹੈ। ਸਾਡੇ ਮਾਪੇ ਵੀ ਸਾਡੀ ਲੁੱਟ ਖਸੁੱਟ ਜਾਰੀ ਰੱਖਣ ਲਈ ਪੁਜਾਰੀ ਵਰਗ ਦਾ ਪੂਰਾ ਸਾਥ ਦਿੰਦੇ ਹਨ।
ਨਵੇਂ ਘਰ ਦੇ ਗ੍ਰਹਿ ਪ੍ਰਵੇਸ਼, ਵਿਆਹ ਸ਼ਾਦੀਆਂ ਤੋਂ ਪਹਿਲਾਂ ਜਾਂ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਗਮੀ ਸਮੇਂ ਧਾਰਮਿਕ ਸਮਾਗਮ ਕਰਵਾਉਣੇ ਇਸਦੀਆਂ ਮੂੰਹ ਬੋਲਦੀਆਂ ਉਦਾਹਰਣਾਂ ਹਨ। ਮਾਪਿਆਂ ਨੇ ਕਦੇ ਵੀ ਆਪਣੀ ਔਲਾਦ ਨੂੰ ਇਹ ਨਹੀਂ ਸਮਝਾਇਆ ਕਿ ਕੁਦਰਤ ਨੇ ਸਾਨੂੰ ਕੰਮ ਕਰਨ ਲਈ ਹੱਥ ਪੈਰ ਅਤੇ ਅਨੇਕਾਂ ਅੰਗ ਦਿੱਤੇ ਹਨ, ਸੋਚਣ ਲਈ ਸਾਨੂੰ ਦਿਮਾਗ ਦਿੱਤਾ ਹੈ। ਇਸ ਦਿਮਾਗ ਦੀ ਵਰਤੋਂ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ। ਹੱਥ ਜੋੜ ਕੇ ਅਰਦਾਸਾਂ ਕਰਨ ਨਾਲ ਸਾਡੀ ਜ਼ਿੰਦਗੀ ਨਹੀਂ ਸੁਧਰਨੀ, ਸਗੋਂ ਵਿਗੜਨੀ ਹੀ ਹੈ। ਇਹ ਹੱਥ ਕੁਦਰਤ ਨੇ ਸਾਨੂੰ ਇਸ ਲਈ ਦਿੱਤੇ ਹੋਏ ਹਨ ਤਾਂ ਕਿ ਅਸੀਂ ਕੰਮ ਕਰਕੇ ਆਪਣੀ ਜ਼ਿੰਦਗੀ ਸੁਧਾਰ ਸਕੀਏ। ਆਪਣਾ ਜੀਵਨ ਸੁਖੀ ਬਣਾ ਸਕੀਏ। ਪਰ ਸਾਨੂੰ ਤਾਂ ਪੁਜਾਰੀ ਵਰਗ ਨੇ ਕਿਸਮਤਵਾਦੀ ਬਣਾ ਧਰਿਆ ਹੈ।
ਪੀ ਐੱਚ ਡੀ ਕਰਕੇ ਆਪਣੇ ਨਾਂਵਾਂ ਅੱਗੇ ਡਾਕਟਰ ਲਿਖਵਾ ਕੇ ਮਾਣ ਮਹਿਸੂਸ ਕਰਨ ਵਾਲੇ ਵੀ ਅਨਪੜ੍ਹਾਂ ਵਾਂਗ ਧਾਰਮਿਕ ਸਥਾਨਾਂ, ਗ੍ਰੰਥਾਂ ਅਤੇ ਪੱਥਰ ਦੀਆਂ ਮੂਰਤੀਆਂ ਅੱਗੇ ਮੱਥੇ ਟੇਕਦੇ ਅਤੇ ਚੜ੍ਹਾਵਾ ਝੜ੍ਹਾਉਂਦੇ ਆਮ ਹੀ ਦੇਖੇ ਜਾ ਸਕਦੇ ਹਨ। ਫਿਰ ਪੜ੍ਹੇ ਲਿਖੇ ਅਤੇ ਅਨਪੜ੍ਹ ਵਿੱਚ ਕੀ ਫ਼ਰਕ ਹੋਇਆ?
ਅੱਜ ਕੋਰੋਨਾ ਵਾਇਰਸ ਦੇ ਰਾਜ ਵਿੱਚ ਵੀ ਸੰਪਰਦਾਇਕਤਾ, ਜਾਤ-ਪਾਤ ਦੇ ਨਫ਼ਰਤੀ ਬਾਣਾਂ ਦੀ ਖੂਬ ਵਰਤੋਂ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਜਿਸ ਤਰ੍ਹਾਂ ਅਮਰੀਕਾ ਦਾ ਰਾਸ਼ਟਰਪਤੀ ਚੀਨ ਅਤੇ ਭਾਜਪਾ ਸਿਆਸਤਦਾਨ ਤਬਲੀਗੀ ਮਰਕਜ਼ (ਮੁਸਲਮਾਨਾਂ) ਪ੍ਰਤੀ ਆਪਣਾ ਜ਼ਹਿਰ ਉਗਲ ਰਹੇ ਹਨ, ਇਸੇ ਤਰ੍ਹਾਂ ਹੀ ਲੁਟੇਰਾ ਅਖੌਤੀ ਧਾਰਮਿਕ ਅਤੇ ਸਿਆਸੀ ਗਿਰੋਹ ਵੀ ਲੋਕਾਂ ਵਿੱਚ ਅੰਧਵਿਸ਼ਵਾਸ ਦੀਆਂ ਜੜ੍ਹਾਂ ਪੱਕੀਆਂ ਕਰ ਰਿਹਾ ਹੈ।
ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਤਾਂ ਲਗਾਤਾਰ ਹੋ ਰਹੀ ਹੈ ਪਰ ਲਾਕ ਡਾਊਨ, ਕਰਫਿਊ ਅਤੇ ਸਮਾਜਿਕ ਦੂਰੀ ਰੱਖਣ ਕਾਰਨ ਜਿਹੜੇ ਲੱਖਾਂ ਮਜ਼ਦੂਰ ਭੁੱਖ ਨਾਲ ਮਰਨਗੇ, ਉਨ੍ਹਾਂ ਬਾਰੇ ਕੋਈ ਗੱਲ ਨਹੀਂ ਕਰ ਰਿਹਾ।
ਕੋਰੋਨਾ ਵਾਇਰਸ ਦੇ ਬਹੁਤ ਸਾਰੇ ਮਰੀਜ਼ ਡਾਕਟਰਾਂ ਦੇ ਓਹੜ ਪੋਹੜ ਨਾਲ, ਵਾਇਰਸ ਲਈ ਪੌਣਪਾਣੀ ਦੀ ਅਨੁਕੂਲਤਾ ਕਾਰਨ ਜਾਂ ਫਿਰ ਮਨੁੱਖੀ ਸਰੀਰ ਦੀ ਅੰਦਰੂਨੀ ਸ਼ਕਤੀ ਦੀ ਸਮਰਥਾ ਕਾਰਨ ਮੌਤ ਤੋਂ ਬਚ ਰਹੇ ਹਨ ਹੈ ਪਰ ਕੋਰੋਨਾ ਵਾਇਰਸ ਦੇ ਜਾਣ ਤੋਂ ਬਾਅਦ ਇਹ ਧੂੰਆਂਧਾਰ ਪ੍ਰਚਾਰ ਕੀਤਾ ਜਾਵੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਅਤੇ ਉਨ੍ਹਾਂ ਦੇ ਮਨ ਕੀ ਬਾਤ, ਥਾਲੀਆਂ ਖੜਕਾਉਣ, ਦੀਵੇ ਜਗਾਉਣ ਅਤੇ ਅਖੌਤੀ ਧਾਰਮਿਕ ਲੁਟੇਰਿਆਂ ਵੱਲੋਂ ਅਰਦਾਸਾਂ ਅਤੇ ਧਾਰਮਿਕ ਗੁਰੂਆਂ ਵੱਲੋਂ ਹਵਨ ਕਰਨ ਜਾਂ ਫਿਰ ਜੋਤਸ਼ੀਆਂ ਵੱਲੋਂ ਤੇ ਤਾਂਤਰਿਕਾਂ ਵੱਲੋਂ ਕੀਤੇ ਉਪਰਾਲਿਆਂ ਸਦਕਾ ਇਸ ਕੋਰੋਨਾ ਵਾਇਰਸ ਨੂੰ ਡਰਾ ਧਮਕਾ ਕੇ ਭਜਾਇਆ ਗਿਆ ਹੈ ਅਤੇ ਮਨੁੱਖੀ ਜਾਨਾਂ ਬਚਾਈਆਂ ਜਾ ਸਕੀਆਂ ਹਨ। ਫਿਰ ਸਭ ਦਾ ਧੰਨਵਾਦ ਕਰਨ ਲਈ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ।
ਅੱਜ ਸੱਚ ਸਾਡੇ ਸਾਹਮਣੇ ਹੈ ਕਿ ਕੋਰੋਨਾ ਵਾਇਰਸ ਦੀ ਕੋਈ ਦਵਾਈ ਨਹੀਂ ਹੈ। ਧਾਰਮਿਕ ਸਥਾਨਾਂ ਨੂੰ ਜਿੰਦੇ ਲੱਗੇ ਹੋਏ ਹਨ ਅਤੇ ਸਭ ਕੋਰੋਨਾ ਵਾਇਰਸ ਤੋਂ ਬਚਣ ਲਈ ਲੁਕੇ ਬੈਠੇ ਹਨ। ਸਰਕਾਰੀ ਹਸਪਤਾਲਾਂ ਵਿੱਚ ਹੋਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਡਾਕਟਰ ਕੋਰੋਨਾ ਵਾਇਰਸ ਦੇ ਡਰ ਕਾਰਨ ਹੱਥ ਤੱਕ ਨਹੀਂ ਲਾ ਰਹੇ। ਹਫ਼ਤੇ ਬਾਅਦ ਮੋਦੀ ਸਾਹਿਬ ਟੀ ਵੀ ਚੈਨਲਾਂ ’ਤੇ ਦਿਸ਼ਾ ਨਿਰਦੇਸ਼ ਜਾਰੀ ਕਰ ਕੇ ਪਤਾ ਨਹੀਂ ਕਿੱਥੇ ਲੁਕ ਛਿਪ ਜਾਂਦੇ ਹਨ, ਪਿਛਲੇ ਸਾਲਾਂ ਵਿੱਚ ਵਿਦੇਸ਼ਾਂ ਵਿੱਚ ਹੀ ਘੁੰਮਦੇ ਰਹਿੰਦੇ ਸਨ।
ਸੱਚ ਤੁਹਾਡੇ ਸਾਹਮਣੇ ਹੈ, ਇਸ ਨੂੰ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਇੱਛਾ ਹੈ। ਸੱਚ ਕੁਨੀਨ ਦੀ ਗੋਲੀ ਨਹੀਂ, ਜਿਸ ਨੂੰ ਪਾਣੀ ਵਿੱਚ ਘੋਲ ਕੇ ਉਸ ਤਰ੍ਹਾਂ ਪਿਲਾਇਆ ਜਾ ਸਕਦਾ ਹੈ ਜਿਵੇਂ ਮਲੇਰੀਏ ਦੇ ਮਰੀਜ਼ ਨੂੰ ਪਿਲਾ ਕੇ ਮਲੇਰੀਆ ਭਜਾਇਆ ਜਾ ਸਕਦਾ ਹੈ। ਸੱਚ ਸਮਝਣ ਲਈ ਕੁਦਰਤ ਨੇ ਹਰੇਕ ਵਿਅਕਤੀ ਨੂੰ ਦਿਮਾਗ਼ ਦਿੱਤਾ ਹੈ। ਇਸਦੀ ਵਰਤੋਂ ਕਰਕੇ ਸੁਚੇਤ ਹੋਵੋ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਕਰਨ ਲਈ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦਿਉ। ਉਸ ਦੇ ਦਿੱਤੇ ਕਾਜ਼ ਨੂੰ ਉਸ ਤਰ੍ਹਾਂ ਪੂਰਾ ਕਰੋ ਜਿਵੇਂ ਤੁਸੀਂ ਸਾਰੇ ਪੜ੍ਹਦੇ ਸਮੇਂ ਅਧਿਆਪਕ ਵੱਲੋਂ ਪੜ੍ਹਨ ਲਿਖਣ ਲਈ ਘਰ ਦਾ ਦਿੱਤਾ ਗਿਆ ਕੰਮ ਕਰਦੇ ਸੀ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2067)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)