SukhminderBagi7ਮੈਂ ਉਸ ਨੂੰ ਟਾਲਣ ਲਈ ਕਿਹਾ ਦਿੱਤਾ ਕਿ ਮੇਰਾ ਧਰਮ ‘ਇਨਸਾਨੀਅਤ’ ਹੀ ਲਿਖ ਲਵੋ ...

(ਫਰਵਰੀ 23, 2016)

 

ਮੇਰੇ ਸਤਿਕਾਰਯੋਗ ਭਾਰਤ ਵਾਸੀਓ, ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਤੁਹਾਨੂੰ ਕਿਵੇਂ ਸੰਬੋਧਨ ਕਰਾਂ, ਕਿਉਂਕਿ ਨਾ ਤਾਂ ਮੈਨੂੰ ਮੇਰੀ ਕੌਮ ਦਾ ਪਤਾ ਹੈ ਅਤੇ ਨਾ ਹੀ ਮੈਨੂੰ ਮੇਰੇ ਧਰਮ ਬਾਰੇ ਕੋਈ ਜਾਣਕਾਰੀ ਹੈ। ਖੈਰ ਮੈਂ ‘ਇਨਸਾਨੀਅਤ ਦੀ ਜੈ’ ਨਾਲ ਹੀ ਸੰਬੋਧਿਤ ਹੋ ਕੇ ਤੁਹਾਨੂੰ ਇਹ ਖਤ ਲਿਖ ਰਿਹਾ ਹਾਂ। ...

ਇਹ ਖਤ ਲਿਖਣਾ ਮੇਰੀ ਮਜ਼ਬੂਰੀ ਹੈ ਕਿਉਂਕਿ ਮੈਂ ਜਦੋਂ ਲੋਕਲ ਰਜਿਸਟਰਾਰ ਜਨਮ ਅਤੇ ਮੌਤ ਕੋਲ ਆਪਣਾ ਜਨਮ ਸਰਟੀਫਿਕੇਟ ਬਣਾਉਣ ਲਈ ਗਿਆ ਸੀ ਤਾਂ ਉਸ ਰਜਿਸਟਰਾਰ ਵੱਲੋਂ ਜਨਮ ਸਰਟੀਫੇਕਟ ਦਾ ਫਾਰਮ ਭਰਨ ਸਮੇਂ ਕੀਤੇ ਸਵਾਲਾਂ ਦਾ ਮੇਰੇ ਕੋਲ ਕੋਈ ਵੀ ਜਵਾਬ ਨਹੀਂ ਸੀ। ਹੁਣ ਤੁਸੀਂ ਹੀ ਮੈਨੂੰ ਸਵਾਲਾਂ ਦਾ ਜਵਾਬ ਦਿਉ ਤਾਂ ਕਿ ਮੈਂ ਆਪਣਾ ਜਨਮ ਸਰਟੀਫਿਕੇਟ ਬਣਾ ਸਕਾਂ। ਰਜਿਸਟਰਾਰ ਨੇ ਜਦੋਂ ਮੇਰੀ ਜਨਮ ਤਰੀਕ ਪੁੱਛੀ ਤਾਂ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਜੰਮਣ ਵਾਲੀ ਨੇ ਕਿੰਨੇ ਦਿਨਾਂ ਬਾਅਦ ਮੈਨੂੰ ਪੰਘੂੜੇ ਦੇ ਸਪੁਰਦ ਕੀਤਾ ਸੀ। ਉਸ ਵੱਲੋਂ ਕੀਤਾ ਦੂਜਾ ਸਵਾਲ ਮੇਰੇ ਮਾਤਾ ਤੇ ਪਿਤਾ ਦਾ ਨਾਂ? ਇਹ ਸੁਣ ਮੇਰਾ ਸਿਰ ਚਕਰਾ ਗਿਆ ਕਿ ਮੈਨੂੰ ਤਾਂ ਮੇਰੇ ਮਾਤਾ ਪਿਤਾ ਬਾਰੇ ਕੁਝ ਵੀ ਪਤਾ ਨਹੀਂ ਕਿ ਉਹ ਕੌਣ ਸਨ। ਮੈਂ ਉਸ ਨੂੰ ਆਪਣੇ ਮਾਤਾ ਪਿਤਾ ਦੇ ਨਾਂ ਦੀ ਥਾਂ ‘ਪੰਘੂੜਾਲਿਖਣ ਲਈ ਕੀ ਕਹਿ ਬੈਠਾ ਕਿ ਵਿਚਾਰੇ ਰਜਿਸਟਰਾਰ ਦੇ ਹੱਥੋਂ ਕਲਮ ਡਿੱਗਦੀ ਡਿੱਗਦੀ ਮਸਾਂ ਹੀ ਬਚੀ।

ਜਦੋਂ ਰਜਿਸਟਰਾਰ ਨੇ ਮੈਨੂੰ ਜਦੋਂ ਮੇਰੀ ਜਾਤ ਬਾਰੇ ਪੁੱਛਿਆ ਤਾਂ ਮੇਰੇ ਹੋਸ਼ ਹੀ ਟਿਕਾਣੇ ਨਾ ਰਹੇ। ਮੈਂ ਅਣਭੋਲਪੁਣੇ ਵਿੱਚ ਉਸ ਤੋਂ ਪੁੱਛ ਬੈਠਾ ਕਿ ਇਹ ਜਾਤ ਕੀ ਬਲਾ ਹੁੰਦੀ ਹੈ? ਰਜਿਸਟਰਾਰ ਨੇ ਕਿਹਾ ਮਾਂ-ਬਾਪ ਦੀ ਜਾਤ ਹੀ ਉਨ੍ਹਾਂ ਤੋਂ ਪੈਦਾ ਹੋਏ ਬੱਚੇ ਦੀ ਜਾਤ ਹੁੰਦੀ ਹੈ। ਇਹ ਸੁਣ ਮੈਨੂੰ ਪਤਾ ਚੱਲਿਆ ਕਿ ਇੱਥੇ ਤਾਂ ਮਨੁੱਖ ਜਾਤਾਂ-ਪਾਤਾਂ ਵਿੱਚ ਵੰਡਿਆ ਹੋਇਆ ਹੈ।

ਖੈਰ ... ਮੈਂ ਅਜੇ ਇਸ ਜਾਤ ਦੇ ਝਮੇਲੇ ਵਿੱਚੋਂ ਹੀ ਨਹੀਂ ਸੀ ਨਿੱਕਲਿਆ ਕਿ ਰਜਿਸਟਰਾਰ ਨੇ ਆਪਣਾ ਅਗਲਾ ਸਵਾਲ ਦਾਗ ਦਿੱਤਾ, “ਕਾਕਾ ਤੇਰਾ ਧਰਮ ਕੀ ਹੈ?” ਮੈਂ ਉਸ ਨੂੰ ਟਾਲਣ ਲਈ ਕਿਹਾ ਦਿੱਤਾ ਕਿ ਮੇਰਾ ਧਰਮ ‘ਇਨਸਾਨੀਅਤਹੀ ਲਿਖ ਲਵੋ। ਵਿਚਾਰਾ ਰਜਿਸਟਰਾਰ ਰੋਣਹਾਕੀ ਆਵਾਜ ਵਿਚ ਬੋਲਿਆ, “ਬੇਟਾ, ਇਨਸਾਨੀਅਤਕੋਈ ਧਰਮ ਨਹੀਂ ਹੁੰਦਾ। ਸਰਕਾਰ ਨੇ ਅਤੇ ਲੋਕਾਂ ਨੇ ਵੱਖ ਵੱਖ ਧਰਮ ਬਣਾਏ ਹੋਏ ਨੇ। ਹਰੇਕ ਧਰਮ ਦੀ ਆਪੋ ਆਪਣੀ ਪਹਿਚਾਣ ਹੈ ਅਤੇ ਸਰਕਾਰ ਨੇ ਇਨ੍ਹਾਂ ਨੂੰ ਕਾਨੂੰਨੀ ਮਾਨਤਾ ਵੀ ਦਿੱਤੀ ਹੋਈ ਹੈ। ਖੈਰ ਮੈਂ ਤੇਰਾ ਧਰਮ ਵਾਲਾ ਖਾਨਾ ਖਾਲੀ ਛੱਡ ਦਿੰਦਾ ਹਾਂ ਤੂੰ ਕਿਸੇ ਤੋਂ ਪੁੱਛ ਕੇ ਧਰਮ ਦਾ ਖਾਨਾ ਆਪਣੇ ਆਪ ਹੀ ਭਰ ਲਵੀਂ। ਮੈਂ ਇਹ ਇਸ ਕਰਕੇ ਨਹੀਂ ਭਰਦਾ ਕਿਉਂਕਿ ਇੱਥੇ ਘੱਟ ਗਿਣਤੀ ਅਤੇ ਵੱਧ ਗਿਣਤੀ ਕਰਕੇ ਧਰਮਾਂ ਦਾ ਰੋਲ-ਘਚੋਲਾ ਪਿਆ ਹੀ ਰਹਿੰਦਾ ਹੈ। ਫਿਰ ਤੂੰ ਮੈਨੂੰ ਦੋਸ਼ ਦੇਵੇਂਗਾ ਕਿ ਮੈਂ ਘੱਟ ਗਿਣਤੀ ਵਾਲਾ ਧਰਮ ਕਿਉਂ ਭਰ ਦਿੱਤਾ।”

ਖੈਰ ... ਉਸ ਨੇ ਮੈਨੂੰ ਆਖਰੀ ਸਵਾਲ ਕੀਤਾ, “ਕਾਕਾ ਤੇਰਾ ਪਿੰਡ, ਡਾਕਘਰ, ਤਹਿਸੀਲ ਅਤੇ ਜ਼ਿਲ੍ਹਾ ਕਿਹੜਾ ਹੈ?

ਮੈਂ ਉਸ ਨੂੰ ਬੇਨਤੀ ਕੀਤੀ ਕਿ ਮੈਨੂੰ ਤਾਂ ਇਨ੍ਹਾਂ ਬਾਰੇ ਕੁੱਝ ਵੀ ਪਤਾ ਨਹੀਂ। ਨਰਮ ਦਿਲ ਰਜਿਸਟਰਾਰ ਨੇ ਅੱਖਾਂ ਭਰਦੇ ਹੋਏ ਕਿਹਾ ਕਿ ਬੇਟਾ ਮਨੁੱਖ ਨੇ ਇਸ ਧਰਤੀ ਉੱਤੇ ਲੀਕਾਂ ਖਿੱਚ ਕੇ ਇਸ ਧਰਤੀ ਨੂੰ ਦੇਸ਼ਾਂ, ਸਰਹੱਦਾਂ, ਪਿੰਡਾਂ, ਸ਼ਹਿਰਾਂ, ਕਸਬਿਆਂ ਤੇ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਉਹ ਇਨ੍ਹਾਂ ਤੇ ਕਬਜ਼ਾ ਜਮਾਈ ਰੱਖਣ ਲਈ ਹਰ ਵਕਤ ਕੋਸ਼ਿਸ਼ ਕਰਦਾ ਰਹਿੰਦਾ ਹੈ।”

ਮੈਂ ਸਮਝ ਗਿਆ ਕਿ ਧਰਤੀ ਨੂੰ ਛੋਟੇ ਛੋਟੇ ਟੋਟਿਆਂ ਵਿਚ ਵੰਡ ਕੇ ਉਨ੍ਹਾਂ ਦੇ ਨਾਂ ਰੱਖੇ ਹੋਏ ਹਨ। ਮੈਂ ਰਜਿਸਟਰਾਰ ਨੂੰ ਕਿਹਾ, “ਮੈਨੂੰ ਸਿਰਫ ਪੰਘੂੜੇ ਬਾਰੇ ਹੀ ਪਤਾ ਹੈ। ਇੱਥੇ ਵੀ ਤੁਸੀਂ ਸਿਰਫ ਪੰਘੂੜਾ ਹੀ ਲਿਖ ਦਿਉ।”

ਉੁਸ ਰਜਿਸਟਰਾਰ ਨੇ ਜਬਤ ਵਿਚ ਰਹਿੰਦਿਆਂ ਮੈਨੂੰ ਮੇਰਾ ਜਨਮ ਸਰਟੀਫਿਕੇਟ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਤੇ ਐਨਕ ਦੇ ਸ਼ੀਸ਼ੇ ਸਾਫ ਕਰਦਾ ਰਜਿਸਟਰ ਚੁੱਕ ਕੇ ਅਲਮਾਰੀ ਵਿੱਚ ਰੱਖਦਾ ਹੋਇਆ ਮੇਰੇ ਕੋਲੋਂ ਅੱਖਾਂ ਚੁਰਾਉਣ ਦੀ ਕੋਸ਼ਿਸ਼ ਕਰਨ ਲੱਗਾ। ...

ਹੇ ਭਾਰਤ ਵਾਸੀਓ! ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੈਂ ਮਾਂ ਦੇ ਪੇਟੋਂ ਜਨਮਿਆ ਹਾਂ, ਜਾਂ ਫਿਰ ਤੁਹਾਡੇ ਉੱਪਰਲੇ ਰੱਬ ਨੇ ਸਿੱਧਾ ਹੀ ਮੈਨੂੰ ਪੰਘੂੜੇ ਵਿੱਚ ਸੁੱਟ ਦਿੱਤਾ ਹੈ। ਖੈਰ ... ਮੇਰਾ ਜਨਮ ਸਰਟੀਫਿਕੇਟ ਬਣੇ ਨਾ ਬਣੇ, ਹਾਂ ਮੈਂ ਇਹ ਬੇਨਤੀ ਜ਼ਰੂਰ ਕਰਦਾ ਹਾਂ ਕਿ ਜੇਕਰ ਕੋਈ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਹ ਉਸਨੂੰ ਲੋਰੀਆਂ ਜ਼ਰੂਰ ਦੇਵੇ ਅਤੇ ਮਾਂ ਦੀ ਮਮਤਾ ਦਾ ਗਲ਼ਾ ਨਾ ਘੁੱਟੇ। ਜੋ ਤੁਸੀਂ ਇਹ ਨਵਾਂ ਪੰਘੂੜਾ ਕਲਚਰ ਚਲਾਇਆ ਹੈ, ਇਸ ਨੂੰ ਬੰਦ ਕਰ ਦਿਉ, ਕਿਉਂਕਿ ਪੰਘੂੜੇ ਵਿੱਚ ਮੇਰੇ ਵਰਗੇ/ਵਰਗੀਆਂ ਬਦਨਸੀਬ ਬੱਚੇ-ਬੱਚੀਆਂ, ਜਿਨ੍ਹਾਂ ਨੂੰ ਨਾ ਤਾਂ ਆਪਣੇ ਮਾਂ ਬਾਪ, ਭੈਣ, ਭਰਾ ਤੇ ਹੋਰ ਸਾਰੇ ਰਿਸ਼ਤੇਦਾਰਾਂ, ਇੱਥੋਂ ਤੱਕ ਕਿ ਤੁਹਾਡੇ ਬਣਾਏ ਧਰਮਾਂ, ਜਾਤਾਂ, ਪਾਤਾਂ, ਪਿੰਡਾਂ ਅਤੇ ਸ਼ਹਿਰਾਂ ਤੱਕ ਦਾ ਕੋਈ ਵੀ ਪਤਾ ਨਹੀਂ, ਉਹ ਆਪਣਾ ਜਨਮ ਸਰਟੀਫਿਕੇਟ ਕਿਵੇਂ ਬਣਾਉਣ ਅਤੇ ਆਪਣੀ ਪਹਿਚਾਣ ਕਿਵੇਂ ਸਿੱਧ ਕਰਨ?

ਜਿਸ ਤੇਜ਼ੀ ਨਾਲ ਸਾਡੀ ਗਿਣਤੀ ਲਗਾਤਾਰ ਵਧ ਰਹੀ ਹੈ, ਕਿਤੇ ਇੱਕ ਦਿਨ ਅਜਿਹਾ ਨਾ ਆਵੇ ਕਿ ਤੁਹਾਨੂੰ ਹਰੇਕ ਗਲੀ-ਮੁਹੱਲੇ ਵਿਚ ਪੰਘੂੜੇ ਘਰ ਖੋਲ੍ਹਣੇ ਪੈ ਜਾਣ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ, ਸੰਭਲ ਜਾਉ ਤੇ ਹੋਸ਼ ਕਰੋ। ਇਸ ਧਰਤੀ ’ਤੇ ਆਉਣ ਵਾਲੇ ਹਰੇਕ ਬੱਚੇ ਬੱਚੀ ਨੂੰ ਮਾਂ ਬਾਪ ਦਾ ਨਾਮ ਜ਼ਰੂਰ ਦਿਉ ਤਾਂ ਹੀ ਇਹ ਭਾਰਤ ‘ਸਾਡਾ ਭਾਰਤ ਮਹਾਨ’ ਬਣਿਆ ਰਹਿ ਸਕੇਗਾ।

*****

(195)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਸੁਖਮਿੰਦਰ ਬਾਗ਼ੀ

ਸੁਖਮਿੰਦਰ ਬਾਗ਼ੀ

Adarsh Nagar, Samrala, Punjab, India.
Mobile: (94173 - 94805)
Email: (baggisukhminder@gmail.com)

More articles from this author