SukhminderBagi7

ਬਾਬਾ ਜੀ ਭਗਤੀ ਵਿਚ ਲੀਨ ਹੋ ਗਏ ਹਨ,  ਬਾਕੀ ਪੁੱਛਾਂ ਅਤੇ ਇਲਾਜ ਅਗਲੇ ਵੀਰਵਾਰ ਨੂੰ ...

(ਮਈ 7, 2016)

 

ਗਰਮੀਆਂ ਦੀਆਂ ਛੁੱਟੀਆਂ ਵਿੱਚ ਮੈਂ ਪਿੰਡ ਗਿਆ ਤਾਂ ਮੇਰੇ ਦੋਸਤ ਨੇ ਮੈਨੂੰ ਇੱਕ ਨਵੀਂ ਹੀ ਗੱਲ ਦੱਸੀ ਕਿ ਉਹ ਲੁਧਿਆਣੇ ਇੱਕ ਮੁਹੱਲੇ ਵਿੱਚ ਕਿਸੇ ਦੇ ਘਰ ਇੱਕ ਬਾਬਾ ਜੀ ਵੱਲੋਂ ਰਖਵਾਏ ਪਾਠ ਵਿੱਚ ਪਾਠੀ ਦੀ ਰੌਲ਼ ਲਾਉਣ ਗਿਆ ਸੀ। ਉਸ ਘਰ ਵਿੱਚ ਕੱਪੜੇ ਕੱਟੇ ਜਾਂਦੇ ਸਨ ਅਤੇ ਚੀਜ਼ਾਂ ਗੁੰਮ ਹੋ ਜਾਂਦੀਆਂ ਸਨ। ਜਦੋਂ ਮੇਰਾ ਦੋਸਤ ਨਹਾਉਣ ਦੀ ਤਿਆਰੀ ਕਰਨ ਲੱਗਾ ਤਾਂ ਜਿਹੜੀ ਸਾਬਣ ਦੀ ਚਾਕੀ ਬਾਥਰੂਮ ਵਿੱਚ ਪਈ ਸੀ, ਉਹ ਗੁੰਮ ਹੋ ਗਈ। ਜਿਹੜਾ ਤੌਲੀਆ ਉਸ ਨੇ ਟੰਗਿਆ ਸੀ, ਉਹ ਵੀ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ। ਮੈਂ ਪਿੰਡ ਤੋਂ ਦੂਰ ਨੌਕਰੀ ਕਰਦਾ ਸੀ ਅਤੇ ਛੁੱਟੀਆਂ ਵਿਚ ਹੀ ਪਿੰਡ ਜਾਂਦਾ ਸੀ ਪਰ ਮੇਰੇ ਦੋਸਤ ਨੂੰ ਪਤਾ ਸੀ ਕਿ ਮੈਂ ਭੂਤਾਂ ਪ੍ਰੇਤਾਂ ਨੂੰ ਨਹੀਂ ਮੰਨਦਾ ਅਤੇ ਤਰਕਸ਼ੀਲ ਸੁਸਾਇਟੀ ਵਿਚ ਕੰਮ ਕਰਦਾ ਹਾਂ। ਇਸੇ ਕਰਕੇ ਉਸ ਨੇ ਮੇਰੇ ਨਾਲ ਇਹ ਗੱਲ ਸਾਂਝੀ ਕੀਤੀ ਸੀ। ਖੂਨ ਦੇ ਛਿੱਟੇ ਡਿੱਗਣੇ, ਇੱਟਾਂ ਰੋੜੇ ਡਿੱਗਣੇ, ਜਿੰਦਰਾ ਲੱਗੀ ਪੇਟੀ ਵਿਚ ਬੰਦ ਪਏ ਕੱਪੜਿਆਂ ਨੂੰ ਅੱਗ ਲੱਗ ਜਾਣੀ ਅਤੇ ਚੀਜ਼ਾਂ ਗੁੰਮ ਹੋ ਜਾਣੀਆਂ ਵਰਗੇ ਕੇਸ ਹੱਲ ਕਰਨ ਕਰਕੇ ਮੈਨੂੰ ਜ਼ਰਾ ਵੀ ਸਮਝਣ ਵਿਚ ਦੇਰ ਨਾ ਲੱਗੀ ਕਿ ਅਜਿਹਾ ਕਿਵੇਂ ਹੋਇਆ ਹੋਵੇਗਾ। ਮੈਂ ਆਪਣੇ ਦੋਸਤ ਦਾ ਵਹਿਮ ਦੂਰ ਕਰਨ ਲਈ ਉਸ ਤੋਂ ਕੁੱਝ ਗੱਲਾਂ ਪੁੱਛੀਆਂ ਤਾਂ ਉਹ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਕਿ ਇਹ ਗੱਲਾਂ ਤਾਂ ਮੇਰੇ ਦਿਮਾਗ ਵਿਚ ਆ ਹੀ ਨਹੀਂ ਸੀ ਸਕਦੀਆਂ। ਮੈਂ ਆਪਣੇ ਦੋਸਤ ਨੂੰ ਕਿਹਾ ਕਿ ਉਹ ਮੈਨੂੰ ਉਸ ਬਾਬਾ ਜੀ ਨਾਲ ਮਿਲਾਵੇ, ਜਿਸ ਨਾਲ ਉਹ ਪਾਠ ਕਰਨ ਗਿਆ ਸੀ।

ਇਹ 1986 ਦੀ ਗੱਲ ਹੈ। ਉਨ੍ਹਾਂ ਦਿਨਾਂ ਵਿਚ ਮੋਬਾਇਲ ਫੋਨ ਨਹੀਂ ਹੁੰਦੇ ਸਨ ਅਤੇ ਲੈਂਡ ਲਾਈਨ ਟੈਲੀਫੋਨ ਵੀ ਬਹੁਤੇ ਪਿੰਡਾਂ ਵਿਚ ਨਹੀਂ ਸਨ। ਮੇਰਾ ਦੋਸਤ ਮੈਨੂੰ ਉਨ੍ਹਾਂ ਪਾਠੀਆਂ ਕੋਲ ਲੈ ਗਿਆ, ਜਿਹੜੇ ਉਸ ਨਾਲ ਪਾਠ ਕਰਨ ਗਏ ਸੀ। ਉਹ ਪਾਠੀ ਵੀ ਮੇਰੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਏ ਅਤੇ ਸੋਚਣ ਲੱਗੇ ਕਿ ਕਿਸ ਤਰ੍ਹਾਂ ਦੇ ਆਦਮੀ ਨਾਲ ਵਾਹ ਪਿਆ ਹੈ ਜੋ ਭੂਤਾਂ ਪ੍ਰੇਤਾਂ ਤੋਂ ਉੱਕਾ ਹੀ ਨਹੀਂ ਡਰਦਾ। ਉਹ ਕਹਿਣ ਲੱਗੇ ਕਿ ਸਾਨੂੰ ਤਾਂ ਭੂਤਾਂ ਪ੍ਰੇਤਾਂ ਦਾ ਨਾਂ ਸੁਣਦਿਆ ਹੀ ਡਰ ਲੱਗਣ ਲੱਗ ਪੈਦਾ ਹੈ। ਉਨ੍ਹਾਂ ਪਾਠੀਆਂ ਵਿੱਚੋਂ ਬਾਬਾ ਜੀ ਦੀ ਨੇੜਤਾ ਵਾਲਾ ਪਾਠੀ ਬੋਲਿਆ ਕਿ ਮੈਂ ਤੁਹਾਨੂੰ ਬਾਬਾ ਜੀ ਨਾਲ ਮਿਲਾ ਸਕਦਾ ਹਾਂ। ਉਸ ਨੇ ਦੋ ਤਿੰਨ ਦਿਨ ਦਾ ਸਮਾਂ ਮੰਗਿਆ। ਚੌਥੇ ਕੁ ਦਿਨ ਉਸ ਪਾਠੀ ਦਾ ਸੁਨੇਹਾ ਮਿਲਿਆ ਕਿ ਬਾਬਾ ਜੀ ਘਰ ਹੀ ਹਨ, ਤੁਸੀਂ ਚਾਰ ਕੁ ਵਜੇ ਆ ਜਾਣਾ।

ਮਿਥੇ ਸਮੇਂ ਉੱਤੇ ਮੈਂ ਅਤੇ ਮੇਰਾ ਦੋਸਤ ਉਸ ਪਾਠੀ ਸਮੇਤ ਬਾਬਾ ਜੀ ਦੇ ਘਰ ਪਹੁੰਚ ਗਏ। ਘਰ ਪਹੁੰਚਣ ’ਤੇ ਪਤਾ ਲੱਗਾ ਕਿ ਬਾਬਾ ਜੀ ਹੁਣੇ ਹੀ ਕਿਸੇ ਸ਼ਰਧਾਲੂ ਦੇ ਘਰ ਗਏ ਹਨ ਅਤੇ ਅਸੀਂ ਆਪਣੇ ਸਾਈਕਲ ਉਸ ਸ਼ਰਧਾਲੂ ਦੇ ਘਰ ਵੱਲ ਰੇੜ੍ਹ ਲਏ ਜਿੱਥੇ ਬਾਬਾ ਜੀ ਗਏ ਸਨ।

ਦੋ ਕੁ ਕਿਲੋਮੀਟਰ ਦਾ ਸਫਰ ਸੀ। ਜਦੋਂ ਅਸੀਂ ਉਸ ਸ਼ਰਧਾਲੂ ਦੇ ਘਰ ਦਾ ਕੁੰਡਾ ਖੜਕਾਇਆ ਤਾਂ ਇੱਕ ਬੱਚੇ ਨੇ ਕੁੰਡਾ ਖੋਲਦਿਆਂ ਪੁੱਛਿਆ, ਕਿਸ ਨੂੰ ਮਿਲਣਾ ਹੈ? ਅੱਗੋਂ ਬਾਬਾ ਜੀ ਦੀ ਨਜ਼ਰ ਉਸ ਪਾਠੀ ’ਤੇ ਪਈ ਤਾਂ ਬਾਬਾ ਜੀ ਨੇ ਅੰਦਰ ਆਉਣ ਲਈ ਆਵਾਜ਼ ਮਾਰ ਲਈ। ਇੱਕ 15 ਕੁ ਸਾਲ ਦੇ ਮੁੰਡੇ ਤੋਂ ਬਾਬਾ ਜੀ ਆਪਣੇ ਪੈਰਾਂ ਦੇ ਨਹੁੰ ਕਟਵਾ ਰਹੇ ਸਨ। ਪਾਣੀ ਧਾਣੀ ਪੀਣ ਤੋਂ ਬਾਅਦ ਪਾਠੀ ਨੇ ਸਾਡੇ ਬਾਰੇ ਬਾਬਾ ਜੀ ਨੂੰ ਜਾਣਕਾਰੀ ਦਿੱਤੀ। ਜਦੋਂ ਉਸ ਪਾਠੀ ਨੇ ਮੇਰੇ ਤਰਕਸ਼ੀਲ ਹੋਣ ਅਤੇ ਸਕੂਲ ਵਿੱਚ ਅਧਿਆਪਕ ਲੱਗਾ ਹੋਣ ਦੀ ਗੱਲ ਕੀਤੀ ਤਾਂ ਬਾਬਾ ਜੀ ਕੁੱਝ ਸੋਚਾਂ ਵਿਚ ਪੈ ਗਏ।  ਪਰ ਜਲਦੀ ਹੀ ਆਪਣੀ ਪੈਂਠ ਬਣਾਉਣ ਅਤੇ ਮੇਰੇ ’ਤੇ ਭਾਰੂ ਹੋਣ ਲਈ ਉਨ੍ਹਾਂ ਨੇ ਕੁੱਝ ਕੁ ਟੂਣੇ ਟੋਟਕੇ ਅਤੇ ਡਰਾਉਣੀਆਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ।

ਬਾਬਾ ਜੀ ਨੇ ਸ਼ਿਲਾ ਕੱਢਣਾ, ਕਾਲਾ ਜਾਦੂ ਅਤੇ ਸਿਵੇ ਜਗਾਉਣ ਜਿਹੀਆਂ ਗੱਲਾਂ ਕਰਕੇ ਮੈਨੂੰ ਡਰਾਉਣ ਦੀ ਬੜੀ ਕੌਸ਼ਿਸ਼ ਕੀਤੀ। ਭਾਵੇਂ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਮੇਰਾ ਦੋਸਤ ਅਤੇ ਨਾਲ ਆਇਆ ਪਾਠੀ ਮਨ ਹੀ ਮਨ ਵਿਚ ਡਰ ਰਹੇ ਸਨ ਪਰ ਮੇਰੇ ਉੱਤੇ ਬਾਬਾ ਜੀ ਦੀਆਂ ਗੱਲਾਂ ਦਾ ਕੋਈ ਵੀ ਅਸਰ ਨਹੀਂ ਸੀ ਹੋ ਰਿਹਾ। ਅਖੀਰ ਵਿੱਚ ਸਭ ਕੁੱਝ ਸੁਣ ਕੇ ਮੈਂ ਬਾਬਾ ਜੀ ਨੂੰ ਅਸਲ ਮੁੱਦੇ ’ਤੇ ਆਉਣ ਲਈ ਕਿਹਾ। ਮੈਂ ਬਾਬਾ ਜੀ ਨੂੰ ਤਰਕਸ਼ੀਲ ਸੁਸਾਇਟੀ ਵੱਲੋਂ ਰੱਖੀਆਂ 21 ਸ਼ਰਤਾਂ ਵਿੱਚੋਂ ਕੋਈ ਇੱਕ ਸ਼ਰਤ ਪੂਰੀ ਕਰਕੇ ਦਿਖਾਉਣ ਅਤੇ ਇੱਕ ਲੱਖ ਰੁਪਏ ਦਾ ਇਨਾਮ ਜਿੱਤਣ ਲਈ ਪ੍ਰੇਰਿਆ। ਉਨ੍ਹਾਂ ਸਮਿਆਂ ਵਿਚ ਇੱਕ ਲੱਖ ਰੁਪਏ ਦੀ ਬਹੁਤ ਕੀਮਤ ਹੁੰਦੀ ਸੀ। ਬਾਬਾ ਜੀ ਇਹ ਸੁਣ ਕੇ ਭੌਂਚੱਕੇ ਰਹਿ ਗਏ। ਉਨ੍ਹਾਂ ਨੇ ਮੈਨੂੰ ਵੀਰਵਾਰ ਵਾਲੇ ਦਿਨ ਦੀ ਕੋਈ ਤਰੀਕ ਮੁਕਰਰ ਕਰਨ ਲਈ ਕਿਹਾ। ਬਾਬਾ ਜੀ ਲੱਖ ਰੁਪਏ ਦੇ ਲਾਲਚ ਵਿੱਚ ਫਸ ਚੁੱਕਾ ਸੀ। ਅਸੀਂ ਬਾਬਾ ਜੀ ਨੂੰ ਤਰੀਕ ਦੱਸਣ ਲਈ ਜਲਦੀ ਮਿਲਣ ਦਾ ਵਾਅਦਾ ਕਰਕੇ ਘਰ ਨੂੰ ਚਾਲੇ ਪਾ ਦਿੱਤੇ।

ਮੇਰਾ ਦੋਸਤ ਦੁਚਿੱਤੀ ਵਿਚ ਸੀ ਕਿ ਕਿਤੇ ਬਾਬਾ ਜੀ ਇੱਕ ਲੱਖ ਰੁਪਏ ਦਾ ਇਨਾਮ ਜਿੱਤ ਤਾਂ ਨਹੀਂ ਜਾਣਗੇ ਪਰ ਮੈਂ ਨਿਸ਼ਚਿੰਤ ਸੀ। ਛੁੱਟੀਆਂ ਮਾਨਣ ਦਾ ਆਨੰਦ ਭੁੱਲ ਕੇ ਮੈਂ ਦੂਸਰੇ ਦਿਨ ਹੀ ਵਾਪਸ ਮਾਛੀਵਾੜਾ ਵੱਲ ਚਾਲੇ ਪਾ ਦਿੱਤੇ। ਇੱਥੇ ਆ ਕੇ ਤਰਕਸ਼ੀਲ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਮੈਂ ਵੀਰਵਾਰ ਵਾਲੇ ਦਿਨ ਦੀ ਤਰੀਕ ਪੱਕੀ ਕਰਕੇ ਵਾਪਸ ਪਿੰਡ ਆ ਗਿਆ ਅਤੇ ਬਾਬਾ ਜੀ ਨੂੰ ਵੀ ਉਸ ਤਰੀਕ ’ਤੇ ਕਰਾਮਾਤ ਦਿਖਾਉਣ ਲਈ ਕਹਿ ਦਿੱਤਾ।

ਮਿਥੀ ਤਰੀਕ ਤੇ ਅਸੀਂ ਸੱਤ ਅੱਠ ਸਾਥੀ ਬਾਬਾ ਜੀ ਦੇ ਘਰ (ਜਿੱਥੇ ਉਹ ਚੌਕੀ ਲਗਾ ਕੇ ਪੁੱਛਾਂ ਦਿੰਦੇ ਸਨ) ਪਹੁੰਚ ਗਏ। ਬਾਬਾ ਜੀ ਸਾਨੂੰ ਵੇਖ ਕੇ ਭਮੰਤਰ ਗਏ। ਬਾਬਾ ਜੀ ਨੇ ਘਰ ਵਿੱਚ ਇੱਕ ਭੋਰਾ ਬਣਾਇਆ ਹੋਇਆ ਸੀ। ਉੱਥੇ ਬੈਠ ਕੇ ਹੀ ਉਹ ਪੁੱਛਾਂ ਦਿੰਦੇ ਅਤੇ ਇਲਾਜ ਕਰਦੇ ਸਨ। ਉਨ੍ਹਾਂ ਦਾ ਇੱਕ ਚੇਲਾ ਬਾਹਰੋਂ ਸੰਗਤ ਵਿੱਚੋਂ ਲੋਕਾਂ ਦੇ ਪਤੇ, ਉਨ੍ਹਾਂ ਦੀ ਕੋਈ ਸਮੱਸਿਆ ਜਾਂ ਕੋਈ ਦੁੱਖ ਤਕਲੀਫ ਪੁੱਛਕੇ ਉਨ੍ਹਾਂ ਨੂੰ ਇਕੱਲੇ ਇਕੱਲੇ ਨੂੰ ਭੋਰੇ ਵਿਚ ਬਾਬਾ ਜੀ ਕੋਲ ਲੈ ਕੇ ਜਾਂਦਾ ਸੀ। ਮੈਂ ਵੀ ਉਸ ਚੇਲੇ ਨੂੰ ਆਪਣੇ ਆਉਣ ਦਾ ਕਾਰਨ ਦੱਸਿਆ ਪਰ ਬਾਬਾ ਜੀ ਹਰ ਵਾਰ ਹੀ ਚੇਲੇ ਨੂੰ ਟਾਲ ਦਿੰਦੇ ਅਤੇ ਸਾਨੂੰ ਆਪਣੇ ਕੋਲ ਨਾ ਸੱਦਦੇ।

ਅਸੀਂ ਦੇਖਿਆ ਕਿ ਬਾਬਾ ਜੀ ਸੰਗਤ ਦੇ ਜਾਣ ਦੀ ਉਡੀਕ ਵਿੱਚ ਹਨ ਤਾਂ ਕਿ ਸੰਗਤ ਵਿੱਚ ਉਨ੍ਹਾਂ ਦਾ ਪੋਲ ਨਾ ਖੁੱਲ੍ਹ ਜਾਵੇ। ਅਖੀਰ ਵਿੱਚ ਅਸੀਂ ਸਾਰੇ ਉੱਠ ਕੇ ਉੱਚੀ ਉੱਚੀ ਬੋਲਣ ਲੱਗ ਪਏ ਅਤੇ ਟੋਲੀਆਂ ਬਣਾਕੇ ਬਾਬਾ ਜੀ ਕੋਲ ਆਏ ਲੋਕਾਂ ਨੂੰ ਦੱਸਣ ਲੱਗ ਪਏ ਕਿ ਬਾਬਾ ਜੀ ਨੇ ਸਾਨੂੰ ਕਰਾਮਾਤ ਦਿਖਾਉਣ ਲਈ ਸੱਦਿਆ ਸੀ ਪਰ ਉਹ ਹੁਣ ਕਰਾਮਾਤ ਦਿਖਾਉਣ ਤੋਂ ਭੱਜ ਰਹੇ ਹਨ। ਅਸੀਂ ਇਕੱਠੇ ਹੋਏ ਲੋਕਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਭੂਤ ਪ੍ਰੇਤਾਂ ਦੀ ਕੋਈ ਹੋਂਦ ਨਹੀਂ ਹੈ। ਇਹ ਬਾਬੇ ਸਾਨੂੰ ਭੂਤ ਪ੍ਰੇਤਾਂ ਦਾ ਡਰ ਦੇ ਕੇ ਲੁੱਟ ਰਹੇ ਹਨ। ਇਹ ਵੀ ਸਾਡੇ ਵਰਗੇ ਸਾਧਾਰਨ ਇਨਸਾਨ ਹਨ। ਬਿਮਾਰ ਪੈਣ ’ਤੇ ਇਹ ਵੀ ਆਪਣੇ ਇਲਾਜ ਲਈ ਡਾਕਟਰਾਂ ਕੋਲ ਜਾਂਦੇ ਹਨ। ਤੁਸੀਂ ਬਾਬਾ ਜੀ ਨੂੰ ਕਹੋ ਕਿ ਇਹ ਸਾਡੀਆਂ 21 ਸ਼ਰਤਾਂ ਵਿਚੋਂ ਕੋਈ ਇੱਕ ਸ਼ਰਤ ਪੂਰੀ ਕਰਕੇ ਲੱਖ ਰੁਪਏ ਦਾ ਇਨਾਮ ਸਾਡੇ ਕੋਲੋਂ ਪ੍ਰਾਪਤ ਕਰ ਲੈਣ।

ਅਸੀਂ ਲੋਕਾਂ ਨੂੰ ਸਮਝਾਇਆ ਕਿ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ, ਦੋ ਤਰ੍ਹਾਂ ਦੀਆਂ ਬੀਮਾਰੀਆਂ ਲੱਗਦੀਆਂ ਹਨ। ਇਨ੍ਹਾਂ ਦਾ ਇਲਾਜ ਡਾਕਟਰਾਂ ਕੋਲ ਹੈ। ਇਹ ਬਾਬਾ ਜੀ ਵਰਗੇ ਚਲਾਕ ਲੋਕ ਸਾਧਾਰਨ ਲੋਕਾਂ ਨੂੰ ਡਰ ਅਤੇ ਲਾਲਚ ਦੇ ਕੇ ਲੁੱਟਦੇ ਹਨ। ਜੇਕਰ ਅਸੀਂ ਆਪਣੇ ਮਨਾਂ ਵਿੱਚ ਵਸੇ ਡਰ ਨੂੰ ਬਾਹਰ ਕੱਢ ਕੇ ਤਰਕ ਨਾਲ ਜ਼ਿੰਦਗੀ ਗੁਜਾਰੀਏ ਤਾਂ ਇਨ੍ਹਾਂ ਪਖੰਡੀ ਬਾਬਿਆਂ, ਸਾਧਾਂ, ਜੋਤਸ਼ੀਆਂ ਅਤੇ ਪਾਂਡਿਆਂ ਹੱਥੋਂ ਹੁੰਦੀ ਲੁੱਟ ਤੋਂ ਬਚ ਸਕਦੇ ਹਾਂ।

ਅਸੀਂ ਅਜੇ ਲੋਕਾਂ ਨਾਲ ਗੱਲਾਂ ਕਰ ਹੀ ਰਹੇ ਸੀ ਕਿ ਅੰਦਰੋਂ ਸੁਨੇਹਾ ਆ ਗਿਆ ਕਿ ਬਾਬਾ ਜੀ ਭਗਤੀ ਵਿਚ ਲੀਨ ਹੋ ਗਏ ਹਨ, ਬਾਕੀ ਪੁੱਛਾਂ ਅਤੇ ਇਲਾਜ ਅਗਲੇ ਵੀਰਵਾਰ ਨੂੰ ਕਰਨਗੇ। ਸਾਡੀਆਂ ਗੱਲਾਂ ਸੁਣ ਕੇ ਲੋਕਾਂ ਨੂੰ ਯਕੀਨ ਹੋ ਗਿਆ ਕਿ ਬਾਬਾ ਜੀ ਨੇ ਅਜਿਹਾ ਕਿਉਂ ਕੀਤਾ ਹੈ। ਉਨ੍ਹਾਂ ਦੇ ਮਨਾਂ ਵਿੱਚੋਂ ਵੀ ਬਾਬੇ ਵੱਲੋਂ ਭਰਿਆ ਡਰ ਖਤਮ ਹੋ ਗਿਆ ਸੀ। ਸਾਨੂੰ ਦੋ ਤਿੰਨ ਦਿਨਾਂ ਬਾਅਦ ਹੀ ਪਤਾ ਲੱਗ ਗਿਆ ਕਿ ਬਾਬਾ ਜੀ ਨੂੰ ਪੁਲਿਸ ਫੜ ਕੇ ਲੈ ਗਈ ਹੈ ਕਿਉਂਕਿ ਬਾਬਾ ਜੀ ਨੂੰ ਇੱਕ ਨੌਜੁਆਨ ਕੁੜੀ ਨਾਲ ਇਤਰਾਜ਼ਯੋਗ ਹਾਲਤ ਵਿੱਚ ਲੋਕਾਂ ਨੇ ਫੜ ਲਿਆ ਸੀ। ਬਾਬਾ ਜੀ ਦੀ ਚੌਂਕੀ ਲੱਗਣੀ ਬੰਦ ਹੋ ਗਈ ਸੀ ਅਤੇ ਬਾਬਾ ਜੀ ਤਰਕਸ਼ੀਲਾਂ ਨਾਲ ਪੰਗਾ ਲੈ ਕੇ ਪਛਤਾ ਰਹੇ ਸਨ।

*****

(279)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਸੁਖਮਿੰਦਰ ਬਾਗ਼ੀ

ਸੁਖਮਿੰਦਰ ਬਾਗ਼ੀ

Adarsh Nagar, Samrala, Punjab, India.
Mobile: (94173 - 94805)
Email: (baggisukhminder@gmail.com)

More articles from this author