SukhminderBagi7ਜੇਕਰ ਅਸੀਂ ਅਜੇ ਵੀ ਸੁਚੇਤ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ...
(21 ਅਗਸਤ 2018)

 

ਲੋਕਾਂ ਨੂੰ ਬੁੱਧੂ ਬਣਾ ਕੇ ਰਾਜ ਗੱਦੀ ’ਤੇ ਬੈਠਣ ਲਈ ਮੋਦੀ ਜੀ ਦਾ ਹਰੇਕ ਦੇ ਖਾਤੇ ਵਿੱਚ 15-15 ਲੱਖ ਜਮ੍ਹਾਂ ਕਰਾਉਣ ਦਾ ਇਹ ਕੋਈ ਜੁਮਲਾ ਨਹੀਂ, ਇਹ ਇੱਕ ਠੋਸ ਸੱਚਾਈ ਹੈ। ਇਸ ਨੂੰ ਸਮਝਣਾ ਅਤੇ ਅਮਲ ਕਰਨਾ ਹਰਕੇ ਵਿਅਕਤੀ ਦੇ ਵੱਸ ਦੀ ਗੱਲ ਨਹੀਂ। ਇੱਕ ਹੋਟਲ ਮਾਲਕ ਨੇ ਆਪਣੇ ਹੋਟਲ ਮੂਹਰੇ ਇੱਕ ਬੋਰਡ ’ਤੇ ਇਹ ਲਿਖਾ ਦਿੱਤਾ, “ਮੁਫਤ ਖਾਓ, ਬਿਲ ਤੁਹਾਡੇ ਪੋਤੇ ਦੇਣਗੇ।“ ਉਸ ਹੋਟਲ ’ਤੇ ਮੁਫਤ ਖਾਣਾ ਖਾਣ ਲਈ ਭੀੜਾਂ ਲੱਗਣੀਆਂ ਸ਼ੁਰੂ ਹੋ ਗਈਆਂ। ਪਰ ਜਦੋਂ ਵੀ ਕੋਈ ਖਾਣਾ ਖਾ ਕੇ ਹਟਦਾ ਤਾਂ ਉਸ ਮੂਹਰੇ ਥਾਲੀ ਵਿੱਚ ਇੱਕ ਪਰਚੀ ਰੱਖ ਦਿੱਤੀ ਜਾਂਦੀ ਕਿ ਐਨੇ ਰੁਪਏ ਦੇ ਦਿਓ। ਕਈ ਤਾਂ ਇਹ ਦੇਖ ਕੇ ਲਾਲ ਪੀਲੇ ਹੋ ਕੇ ਲੜਨ ਤੱਕ ਪਹੁੰਚ ਜਾਂਦੇ। ਪਰ ਹੋਟਲ ਦਾ ਮਾਲਕ ਹੱਥ ਜੋੜ ਕੇ ਨਿਮਰਤਾ ਸਹਿਤ ਉਨ੍ਹਾਂ ਨੂੰ ਕਹਿੰਦਾ, “ਸਰਦਾਰ ਜੀ, ਭਾਅ ਜੀ, ਤੁਸੀਂ ਮੇਰੇ ਬੋਰਡ ਦੀ ਪੂਰੀ ਲਾਈਨ ਨਹੀਂ ਪੜ੍ਹੀ। ਇਹ ਖਰਚਾ ਤੁਹਾਡੇ ਖਾਣ ਦਾ ਨਹੀਂ, ਇਹ ਤਾਂ ਤੁਹਾਡੇ ਦਾਦਾ ਜੀ ਦੇ ਖਾਣੇ ਦਾ ਬਿੱਲ ਹੈ” ਉਹ ਵਿਅਕਤੀ ਬੁੜਬੁੜ ਕਰਦਾ ਜੇਬ ਵਿੱਚੋਂ ਪੈਸੇ ਕੱਢ ਕੇ ਦੇ ਦਿੰਦਾ ਪਰ ਸੋਚਦਾ ਵਿਚਾਰਦਾ ਕੁਝ ਨਹੀਂ। ਉਹ ਇਹ ਨਹੀਂ ਜਾਣਦਾ ਕਿ ਸਾਡੇ ਦੇਸ਼ ਦੇ ਸਿਆਸਤਦਾਨ ਪਿਛਲੇ ਸੱਤਰ ਸਾਲਾਂ ਤੋਂ ਇਸ ਹੋਟਲ ਦੇ ਮਾਲਕ ਵਾਂਗ ਸਾਡੀਆਂ ਵੋਟਾਂ ਲੈ ਕੇ ਖੁਦ ਐਸ਼ੋ ਇਸ਼ਰਤ ਦੀ ਜ਼ਿੰਦਗੀ ਬਤੀਤ ਕਰਦੇ ਹਨ ਅਤੇ ਟੈਕਸ ’ਤੇ ਟੈਕਸ ਲਾ ਕੇ ਸਾਡੀ ਮਿਹਨਤ ਨਾਲ ਕੀਤੀ ਕਮਾਈ ਨੂੰ ਲੁੱਟ ਕੇ ਵਿਦੇਸ਼ੀ ਬੈਂਕਾਂ ਵਿੱਚ ਧਨ ਜਮ੍ਹਾਂ ਕਰਾਈ ਜਾਂਦੇ ਹਨਅਸੀਂ ਟੁੱਟੀਆਂ ਸੜਕਾਂ ’ਤੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਾਂ ਅਤੇ ਦਿਨੋਂ ਦਿਨ ਮਹਿੰਗਾਈ ਦੀ ਚੱਕੀ ਵਿੱਚ ਪਿਸਦੇ ਹੋਏ ਗੁਰਬਤ ਦੀ ਜ਼ਿੰਦਗੀ ਜਿਉਂ ਰਹੇ ਹਾਂ।

ਮੈਂ ਜਦੋਂ ਵੀ ਟੈਲੀਵਿਜ਼ਨ ’ ਖ਼ਬਰਾਂ ਦੇਖਦਾ ਹਾਂ ਤਾਂ ਸਾਉਣ ਦੇ ਮਹੀਨੇ ਵਿੱਚ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਸਾਡੀਆਂ ਸੜਕਾਂ, ਗਲੀਆਂ, ਨਹਿਰਾਂ ਨਦੀਆਂ ਦਾ ਰੂਪ ਧਾਰ ਲੈਂਦੀਆਂ ਹਨ ਤੇ ਹਰ ਸਾਲ ਹਜ਼ਾਰਾਂ ਲੋਕ ਇਨ੍ਹਾਂ ਦਿਨਾਂ ਵਿੱਚ ਹੜ੍ਹਾਂ ਦੀ ਭੇਟ ਚੜ੍ਹਕੇ ਆਪਣੀਆਂ ਜ਼ਿੰਦਗੀਆਂ ਗਵਾ ਦਿੰਦੇ ਹਨ। ਮੈਂ ਅੱਜ ਤੱਕ ਕੋਈ ਸਿਆਸਤਦਾਨ ਜਾਂ ਸਰਮਾਏਦਾਰ ਇਨ੍ਹਾਂ ਹੜ੍ਹਾਂ ਦੀ ਭੇਂਟ ਚੜ੍ਹਦਾ ਨਹੀਂ ਵੇਖਿਆ। ਸਿਰਫ ਗਰੀਬਾਂ ਨੂੰ ਹੀ ਇਨ੍ਹਾਂ ਹੜ੍ਹਾਂ ਵਿੱਚ ਡੁੱਬਦੇ ਦੇਖਿਆ ਹੈ। ਹਰ ਪੰਜ ਸਾਲਾਂ ਬਾਅਦ ਸਾਨੂੰ ਹੋਟਲ ਮਾਲਕ ਦੀ ਤਰ੍ਹਾਂ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ ਪਰ ਫਿਰ ਵੀ ਅਸੀਂ ਉਸ ਵਿਅਕਤੀ ਦੀ ਤਰ੍ਹਾਂ ਬੁੜਬੁੜ ਕਰਦੇ ਹੋਏ ਆਪਣੀ ਵੋਟ ਪਰਚੀ ’ਤੇ ਲੁਟੇਰੇ ਸਿਆਸਤਦਾਨਾਂ ਨੂੰ ਜਿਤਾਉਣ ਲਈ ਇਨ੍ਹਾਂ ਦੇ ਚੋਣ ਨਿਸ਼ਾਨ ’ਤੇ ਮੋਹਰ ਲਾ ਕੇ ਚੋਣ ਬੂਥ ਵਿੱਚੋਂ ਬਾਹਰ ਆ ਜਾਂਦੇ ਹਾਂ। ਸਾਨੂੰ ਇਹ ਸਿਆਸਤਦਾਨ ‘ਮੁਫਤ’ ਦੇ ਮਾਇਆਜਾਲ ਵਿੱਚ ਫਸਾ ਕੇ ਲੁੱਟ ਰਹੇ ਹਨ ਅਤੇ ਜੇਕਰ ਅਸੀਂ ਅਜੇ ਵੀ ਸੁਚੇਤ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਵੀ ਇਹ ਸਾਨੂੰ ਇਸੇ ਤਰ੍ਹਾਂ ਲੁੱਟਦੇ ਰਹਿਣਗੇ।

‘ਮੁਫਤ’ ਇੱਕ ਅਜਿਹਾ ਸ਼ਬਦ ਹੈ ਜਿਸ ’ਤੇ ਗਰੀਬ ਤਾਂ ਕੀ ਹਰੇਕ ਅਮੀਰ ਇੱਥੋਂ ਤੱਕ ਕਿ ਅਰਬਾਂ ਖਰਬਾਂ ਦੇ ਮਾਲਕਾਂ ਦੀਆਂ ਵੀ ਲਾਲਾਂ ਵਗਣ ਲੱਗ ਪੈਂਦੀਆਂ ਹਨ। ਐੱਮ.ਐੱਲ.ਏ, ਐੱਮ.ਪੀਆਂ ਦੇ ਕੋਟੇ ਵਿੱਚੋਂ ਮੁਫਤ ਥਾਵਾਂ ਅਤੇ ਪੈਸੇ ਲੈਣ ਲਈ ਅਮੀਰਾਂ ਨੂੰ ਲਿਲਕੜੀਆਂ ਕੱਢਦਿਆਂ ਆਮ ਹੀ ਵੇਖਿਆ ਜਾ ਸਕਦਾ ਹੈ। ਦੋ ਦੇ ਨਾਲ ਇੱਕ ‘ਮੁਫਤ’ ਦੀ ਆੜ ਹੇਠ ਕੰਪਨੀਆਂ ਘਟੀਆ ਮਾਲ ਵੇਚ ਮੋਟੀ ਕਮਾਈ ਕਰ ਲੈਂਦੀਆਂ ਹਨ ਅਤੇ ਕੱਪੜੇ ਦੇ ਦੁਕਾਨਦਾਰ ਧਮਾਕੇਦਾਰ ਸੇਲ ਦੀ ਆੜ ਹੇਠ ਘਟੀਆ ਅਤੇ ਚਿਰਾਂ ਦਾ ਪਿਆ ਬੋਦਾ ਕੱਪੜਾ ਵੇਚ ਲੈਂਦੇ ਹਨ। ਵੱਡੇ ਵੱਡੇ ਬੋਰਡ ਲਗਾ ਕੇ ਸੇਲ ਦੇ ਨਾਂ ਹੇਠ 1000/- ਵਾਲਾ 750/- ਦਾ ਅਤੇ 500 ਵਾਲਾ 350/- ਦਾ ਸੂਟ ਵੇਚਣ ਸਮੇਂ ਲੋਕਾਂ ਨੂੰ ਬੁੱਧੂ ਬਣਾਇਆ ਜਾਂਦਾ ਹੈ। ਹਰੇਕ ਸੇਲ ਵਿੱਚ ਹਮੇਸ਼ਾ ਹੀ ਔਰਤਾਂ ਦੀ ਭੀੜ ਹੁੰਦੀ ਹੈ। ਉਹ ‘ਸੇਲ’ ਅੰਗਰੇਜ਼ੀ ਦੇ ਸ਼ਬਦ ਦਾ ਪੰਜਾਬੀ ਅਰਥ ‘ਵੇਚਣਾ’ ਨਹੀਂ ਸਮਝਦੀਆਂ। ਚਲਾਕ ਦੁਕਾਨਦਾਰ ਉਨ੍ਹਾਂ ਦੀ ਇਸੇ ਬੁੱਧੀ ਦਾ ਫਾਇਦਾ ਉਠਾਉਂਦੇ ਹਨ। ਸਾਡੇ ਦਿਮਾਗ ਨੇ ਕਦੇ ਨਹੀਂ ਸੋਚਿਆ ਕਿ ਕੋਈ ਦੁਕਾਨਦਾਰ ਲਾਗਤ ਮੁੱਲ ਤੋਂ ਘੱਟ ਮੁੱਲ ਤੇ ਵਧੀਆ ਕੁਆਲਟੀ ਦਾ ਕੱਪੜਾ ਕਿਵੇਂ ਵੇਚ ਸਕਦਾ ਹੈ। ਜਦੋਂ ਕਿ ਉਸਨੇ ਘਰ ਦਾ ਖਰਚਾ, ਦੁਕਾਨ ਦਾ, ਬਿਜਲੀ ਦਾ ਬਿੱਲ ਅਤੇ ਆਪਣੇ ਰੱਖੇ ਨੌਕਰਾਂ ਨੂੰ ਤਨਖਾਹ ਵੀ ਦੇਣੀ ਹੁੰਦੀ ਹੈ। ਜੇ ਮਜ਼ਦੂਰ ਦੀ ਦਿਹਾੜੀ 400 ਰੁਪਏ ਹੈ ਤਾਂ ਤੁਸੀਂ ਉਸਨੂੰ 300/- ਰੁਪਏ ’ਤੇ ਦਿਹਾੜੀ ਲਿਜਾ ਕੇ ਦਿਖਾਓ, ਉਹ ਕਦੇ ਨਹੀਂ ਜਾਵੇਗਾ? ਅਸੀਂ ਦੁਕਾਨਦਾਰ ਦੀ ਚਲਾਕੀ ਨਹੀਂ ਸਮਝ ਰਹੇ। ਬਾਬਾ ਰਾਮ ਦੇਵ ਸੇਲ ਦੀ ਥਾਂ ’ਤੇ ਸਵਦੇਸ਼ੀ ਤੇ ਪਤੰਜਲੀ ਦਾ ਲੇਬਲ ਲਗਾ ਕੇ ਅਰਬਾਪਤੀ ਬਣ ਗਿਆ ਹੈ ਜਦ ਕਿ ਉਸਦੀਆਂ ਕਈ ਵਸਤਾਂ ਪ੍ਰਯੋਗਸ਼ਾਲਾ (ਲੈਬੌਰੇਟਰੀ) ਵਿੱਚੋਂ ਫੇਲ ਹੋ ਚੁੱਕੀਆਂ ਹਨ। ਪਰ ਅਸੀਂ ਫਿਰ ਵੀ ਬੁੱਧੂ ਬਣਕੇ ਉਸਦੀਆਂ ਵਸਤੂਆਂ ਖਰੀਦ ਰਹੇ ਹਾਂ। ਸਰਮਾਏਦਾਰਾਂ ਨੇ ਸਰਕਾਰ ਦੀ ਮਿਲੀ ਭੁਗਤ ਨਾਲ ਧਰਤੀ ਹੇਠਲਾ ਕੁਦਰਤੀ ਤੇ ਸਾਫ ਪਾਣੀ ਗੰਧਲਾ ਕਰਕੇ ਪਾਣੀ ਬੋਤਲਾਂ ਵਿੱਚ ਪਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ। ਧਰਤੀ ਹੇਠਲੇ ਪਾਣੀ ਨੂੰ ਗੰਧਲਾ ਕਰਨ ਤੋਂ ਰੋਕਣ ਟੋਕਣ ਵਾਲਾ ਕੋਈ ਨਹੀਂ। ਇੱਥੇ ਤਾਂ ਉਹ ਹਾਲ ਹੈ - ਮੈਂ ਡਿਪਟੀ ਦੀ ਸਾਲੀ ਕੈਦ ਕਰਾ ਦੇਊਂਗੀ।

ਸਿਆਸਤਦਾਨਾਂ, ਅਪਰਾਧੀਆਂ ਅਤੇ ਸਰਮਾਏਦਾਰਾਂ ਵਿਚਲਾ ਗੱਠਜੋੜ ਤੋੜਨ ਲਈ ਅਤੇ ਵੋਹਰਾ ਕਮੇਟੀ ਦੀਆਂ ਸਿਫਾਰਸ਼ਾਂ ਵਾਲੀ ਫਾਈਲ ਤੋਂ ਮਿੱਟੀ ਝੜਾਉਣ ਲਈ ਸਾਨੂੰ ਸਰਕਾਰ ਨੂੰ ਮਜਬੂਰ ਕਰਨਾ ਚਾਹੀਦਾ ਹੈ। ਸ਼ਾਇਦ ਸਰਮਾਏਦਾਰ, ਸਰਕਾਰ ਅਤੇ ਸਾਡੇ ਲੋਕ ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਦੇ ਵਾਕ ਨੂੰ ਭੁੱਲ ਗਏ ਹਨ। ਵਿਕਾਸ ਦੇ ਨਾਂ ’ਤੇ ਦੇਸ਼ ਦਾ ਵਿਨਾਸ਼ ਕੀਤਾ ਜਾ ਰਿਹਾ ਹੈ। ਚਾਰ-ਅੱਠ ਮਾਰਗੀ ਸੜਕਾਂ ਬਣਾਉਣ ਦੀ ਆੜ ਹੇਠ ਦਰਖਤਾਂ ਦਾ ਸਫ਼ਾਇਆ ਕਰਕੇ, ਧਰਤੀ ਉੱਤੋ ਆਕਸੀਜਨ ਖਤਮ ਕੀਤੀ ਜਾ ਰਹੀ ਹੈ। ਅਸੀਂ ਵੇਖ ਰਹੇ ਹਾਂ ਆਬਾਦੀ ਦਿਨੋਂ ਦਿਨ ਵਧ ਰਹੀ ਹੈ ਪਰ ਆਕਸੀਜਨ ਦੇਣ ਵਾਲੇ ਰੁੱਖ ਕੱਟੇ ਜਾ ਰਹੇ ਹਨ। ਇੱਕ ਦਿਨ ਇਹ ਸਰਮਾਏਦਾਰ ਸਰਕਾਰ ਨਾਲ ਮਿਲ ਕੇ ਸਾਡੀਆਂ ਪਿੱਠਾਂ ’ਤੇ ਆਕਸੀਜਨ ਦੇ ਸਿਲੰਡਰ ਲੱਦ ਦੇਣਗੇ।

ਸਰਮਾਏਦਾਰ ਸਰਕਾਰ ਨਾਲ ਮਿਲੀ ਭੁਗਤ ਕਰਕੇ ਸਾਡੇ ਕੁਦਰਤੀ ਸੋਮਿਆਂ ਪਾਣੀ, ਹਵਾ ਅਤੇ ਧਰਤੀ ਨੂੰ ਪ੍ਰਦੂਸ਼ਿਤ ਕਰਕੇ ਸਾਫ ਅਤੇ ਸ਼ੁੱਧ ਪਾਣੀ ਤੇ ਹਵਾ ਦੇਣ ਦੇ ਦਾਅਵੇ ਕਰਕੇ ਸਾਨੂੰ ਲੁੱਟ ਰਹੇ ਹਨ। ਪਾਣੀ, ਹਵਾ, ਰੇਤਾ ਅਤੇ ਬਜਰੀ ਵਰਗੇ ਕੁਦਰਤੀ ਖਜ਼ਾਨਿਆਂ ਦੀ ਲੁੱਟ ਕਰਕੇ ਸਾਨੂੰ ਦਿਨੋਂ ਦਿਨ ਗਰੀਬ ਕਰ ਰਹੇ ਹਨ। ਪਿਛਲੇ ਸਮੇਂ ਵਿੱਚ ਸਾਡੇ ਬਾਪ, ਦਾਦਿਆਂ ਨੇ ਇਨ੍ਹਾਂ ਨੂੰ ਰੋਕਣ ਦਾ ਕੋਈ ਵੀ ਠੋਸ ਤੇ ਕਾਰਗਰ ਢੰਗ ਤਰੀਕਾ ਨਹੀਂ ਅਪਣਾਇਆ। ਇਸੇ ਕਰਕੇ ਅਸੀਂ ਆਪਣੇ ਦਾਦਿਆਂ ਦੇ ਬਿੱਲ ਚੁਕਾ ਰਹੇ ਹਾਂ ਅਤੇ ਸਾਡੇ ਪੁੱਤ-ਪੋਤਰੇ ਸਾਡੇ ਪਿਤਾ ਦਾ ਅਤੇ ਸਾਡਾ ਬਿੱਲ ਚੁਕਾਉਣਗੇ।

ਕੀ ਅਸੀਂ ਕਦੇ ਸੋਚਿਆ ਹੈ ਕਿ ਕੁਦਰਤੀ ਸਾਧਨਾਂ ਦੀ ਸਰਮਾਏਦਾਰਾਂ ਅਤੇ ਸਰਕਾਰਾਂ ਵੱਲੋਂ ਜੇ ਇਸੇ ਤਰ੍ਹਾਂ ਲੁੱਟ ਕੀਤੀ ਜਾਂਦੀ ਰਹੀ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਕੀ ਹਾਲਤ ਹੋਵੇਗੀ। ਅਜੇ ਵੀ ਵੇਲਾ ਹੈ ਕਿ ਸਰਕਾਰ ਅਤੇ ਸਰਮਾਏਦਾਰਾਂ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਇਕੱਠੇ ਹੋ ਕੇ ਰੋਕਣ ਦਾ ਯਤਨ ਕਰੀਏ। ਉਸ ਹੋਟਲ ਦੇ ਮਾਲਕ ਵੱਲੋਂ ਕੀਤੀ ਚਲਾਕੀ ਨੂੰ ਸਮਝਕੇ ਇੱਕ ਲੋਕ ਪੱਖੀ ਸਰਕਾਰ ਚੁਣਨ ਦਾ ਯਤਨ ਕਰੀਏ ਤਾਂ ਕਿ ਸਾਡੇ ਖਾਧੇ ਪੀਤੇ ਦਾ ਬਿਲ ਸਾਡੇ ਪੋਤਿਆਂ ਨੂੰ ਨਾ ਚੁਕਾਉਣਾ ਪਵੇ।

*****

(1271)

About the Author

ਸੁਖਮਿੰਦਰ ਬਾਗ਼ੀ

ਸੁਖਮਿੰਦਰ ਬਾਗ਼ੀ

Adarsh Nagar, Samrala, Punjab, India.
Mobile: (94173 - 94805)
Email: (baggisukhminder@gmail.com)

More articles from this author