SukhminderBagi7ਤੁਸੀਂ ਇਨ੍ਹਾਂ ਝੂਠੇ ਮੈਨੀਫੈਸਟੋਆਂ ਦੀ ਆੜ ਵਿਚ ਹਮੇਸ਼ਾ ਹੀ ਸਾਨੂੰ ਲੁੱਟਿਆ ਤੇ ਕੁੱਟਿਆ ਹੈ ...
(ਜੁਲਾਈ 14, 2016)


ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਦਾ ਲੋਕਤੰਤਰ ਪੂਰੀ ਦੁਨੀਆਂ ਵਿਚ ਜਾਣਿਆਂ ਜਾਂਦਾ ਹੈ। ਭਾਵੇਂ ਇਹ ਲੋਕਤੰਤਰ ਹੁਣ ਜੋਕਤੰਤਰ ਦੇ ਰੂਪ ਵਿਚ ਸਾਡੇ ਸਭ ਦੇ ਸਾਹਮਣੇ ਹੈ, ਪਰ ਫਿਰ ਵੀ ਇਸਦੇ ਹਮੇਸ਼ਾ ਹੀ ਸੋਹਲੇ ਗਾਏ ਜਾਂਦੇ ਹਨ। ਲੋਕਤੰਤਰ ਵਿਚ ਸਿਆਸਤਦਾਨਾਂ ਨੂੰ ਵੋਟਰਾਂ ਦੀ ਲੋੜ ਹੁੰਦੀ ਹੈ। ਭਾਰਤ ਦੇ ਲੋਕਾਂ ਨੂੰ ਸਿਰਫ ਵੋਟ ਦੇ ਰੂਪ ਵਿਚ ਹੀ ਵੇਖਿਆ ਜਾਂਦਾ ਹੈ। ਖੈਰ ਵੋਟਾਂ ਬਟੋਰਨ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਂਦੇ ਹਨ। ਕਿਤੇ ਨਸ਼ੇ ਦੇ ਰੂਪ ਵਿਚ, ਕਿਤੇ ਧੰਨ ਵੰਡਣ ਦੇ ਰੂਪ ਵਿਚ, ਕਿਤੇ ਕਿਤੇ ਡਰ ਤੇ ਧੌਂਸ ਦੇ ਰੂਪ ਵਿਚ ਇਹ ਸਭ ਹੱਥਕੰਡੇ ਆਮ ਲੋਕਾਂ, ਨਿਆਂ ਪਾਲਿਕਾ ਸਮੇਤ ਚੋਣ ਕਮਿਸ਼ਨ, ਸਭ ਨੂੰ ਸਾਹਮਣੇ ਨਜ਼ਰ ਆਉਂਦੇ ਹਨ।

ਇਕ ਹੋਰ ਹੱਥ ਕੰਡਾ ਹੈ, ਜਿਸ ਨੂੰ ਚੋਣ ਮੈਨੀਫੈਸਟੋ (ਚੋਣ ਮਨੋਰਥ ਪੱਤਰ) ਵੀ ਕਹਿੰਦੇ ਹਨ। ਇਸ ਚੋਣ ਮਨੋਰਥ ਪੱਤਰ ਵਿਚ ਲੋਕਾਂ ਦੀਆਂ ਵੋਟਾਂ ਬਟੋਰਨ ਲਈ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਝੂਠੇ ਵਾਅਦੇ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਸਹੂਲਤਾਂ ਦੇਣ ਲਈ ਕਈ ਪ੍ਰਕਾਰ ਦੇ ਸ਼ਬਜ਼ ਬਾਗ ਦਿਖਾਏ ਜਾਂਦੇ ਹਨ। ਗਰੀਬੀ ਦੂਰ ਕਰਕੇ ਦੇਸ਼ ਨੂੰ ਅਤੇ ਸੂਬਿਆਂ ਨੂੰ ਖੁਸ਼ਹਾਲ ਬਣਾਉਣ ਦੇ ਸੁਪਨੇ ਦਿਖਾਏ ਜਾਂਦੇ ਹਨ। ਇਹ ਢੰਗ ਤਰੀਕੇ ਅਪਣਾ ਕੇ ਸਧਾਰਨ ਲੋਕਾਂ ਦੀਆਂ ਵੋਟਾਂ ਨੂੰ ਚਲਾਕ ਸਿਆਸਤਦਾਨ ਆਪਣੇ ਵੋਟ ਬਕਸਿਆਂ ਵਿਚ ਬੰਦ ਕਰ ਲੈਂਦੇ ਹਨ। ਫਿਰ ਜਦੋਂ ਇਹ ਸਿਆਸਤਦਾਨ ਗੱਦੀਆਂ ਉੱਤੇ ਕਾਬਜ ਹੋ ਜਾਂਦੇ ਹਨ, ਇਹ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਨੂੰ ਚੋਣ ਜੁਮਲਾ ਕਹਿ ਕੇ ਲੋਕਾਂ ਦਾ ਮਖੌਲ ਉਡਾਉਂਦੇ ਹਨ। ਚੰਗੇ ਦਿਨਾਂ ਦੀ ਉਮੀਦ ਜਗਾ ਕੇ ਖੁਦ ਆਪਣੇ ਚੰਗੇ ਦਿਨਾਂ ਦਾ ਲੁਤਫ ਉਠਾਉਂਦੇ ਹਨ ਅਤੇ ਸਧਾਰਨ ਲੋਕਾਂ ਦੇ ਮਾੜੇ ਦਿਨਾਂ ਦੀ ਸ਼ੁਰੂਆਤ ਕਰਨ ਵਿਚ ਭੋਰਾ ਵੀ ਦੇਰ ਨਹੀਂ ਲਾਉਂਦੇ। ਇਹ ਚੋਣ ਮੈਨੀਫੈਸਟੋ ਕਿਉਂਕਿ ਕਿਸੇ ਵੀ ਕਾਨੂੰਨੀ ਦਾਇਰੇ ਵਿਚ ਨਹੀਂ ਆਉਂਦਾ, ਇਸ ਲਈ ਲੋਕ ਵਿਚਾਰੇ ਇਨ੍ਹਾਂ ਸਿਆਸਤਦਾਨਾਂ ਨੂੰ ਸਬਕ ਸਿਖਾਉਣ ਲਈ ਕਿਸੇ ਅਦਾਲਤ ਦਾ ਦਰਵਾਜ਼ਾ ਵੀ ਨਹੀਂ ਖੜਕਾ ਸਕਦੇ।

ਸਾਡੇ ਸੰਵਿਧਾਨ ਵਿਚ ਮਨੁੱਖੀ ਹੱਕਾਂ ਦੀ ਰਾਖੀ ਲਈ ਮੌਲਿਕ ਅਧਿਕਾਰ ਹਨ। ਕਈ ਅਜਿਹੇ ਕਾਨੂੰਨ ਹਨ ਜਿਨ੍ਹਾਂ ਦੀ ਸਹਾਇਤਾਂ ਨਾਲ ਧੋਖੇਬਾਜਜ਼ਾ, ਲੁਟੇਰਿਆਂ, ਚੋਰਾਂ ਅਤੇ ਮੁਜ਼ਰਿਮਾਂ ਨੂੰ ਸਜ਼ਾ ਦਿਵਾਈ ਜਾ ਸਕਦੀ ਹੈ। ਜਿਵੇਂ ਕਤਲ ਲਈ ਉਕਸਾਉਣ ’ਤੇ ਧਾਰਾ ਮੌਜੂਦ ਹੈ ਅਤੇ ਧੋਖਾ ਦੇਣ ਲਈ, ਧੋਖੇ ਨਾਲ ਕਿਸੇ ਦੀ ਜ਼ਮੀਨ ਹਥਿਆਉਣ ਤੇ ਧਾਰਾ 420 ਅਤੇ ਹੋਰ ਅਨੇਕਾਂ ਧਾਰਾਵਾਂ ਲਗਾਈਆਂ ਜਾਂਦੀਆਂ ਹਨ। ਪਰ ਇਸ ਚੋਣ ਮੈਨੀਫੈਸਟੋ ’ਤੇ ਕੋਈ ਵੀ ਕਾਨੂੰਨ ਦੀ ਧਾਰਾ ਲਾਗੂ ਨਹੀਂ ਹੁੰਦੀ। ਲੋਕਾਂ ਨਾਲ ਝੂਠੇ ਵਾਅਦੇ ਕਰਕੇ ਉਨ੍ਹਾਂ ਦੀ ਵੋਟਾਂ ਲੁੱਟ ਕੇ ਰਾਜ ਗੱਦੀਆਂ ਉੱਤੇ ਚਲਾਕ ਸਿਆਸਤਦਾਨ ਲੰਮੇ ਸਮੇਂ ਤੋਂ ਕਾਬਜ਼ ਹੁੰਦੇ ਆ ਰਹੇ ਹਨ ਅਤੇ  ਹੁਣ ਵੀ ਹੋ ਰਹੇ ਹਨ। ਪਰ ਹੁਣ ਵੇਲਾ ਆ ਗਿਆ ਹੈ ਕਿ ਇਨ੍ਹਾਂ ਝੂਠੇ ਅਤੇ ਮਕਾਰ ਸਿਆਸਤਦਾਨਾਂ ਨੂੰ ਆਪਾਂ ਰਲ਼ ਮਿਲ਼ ਕੇ ਸਬਕ ਸਿਖਾਈਏ ਅਤੇ ਅੱਜ ਤੋਂ ਆਪਣਾ ਵੋਟ ਮੈਨੀਫੈਸਟੋ ਤਿਆਰ ਕਰਕੇ ਇਨ੍ਹਾਂ ਚਲਾਕ ਸਿਆਸਦਾਨਾਂ ਤੋਂ ਛੁਟਕਾਰਾ ਪਾਈਏ।

ਸਾਡਾ ਵੋਟ ਮੈਨੀਫੈਸਟੋ ਸਾਰੀਆਂ ਪਾਰਟੀਆਂ ਦੇ ਸਿਆਸਤਦਾਨਾਂ ਨੂੰ ਬੇਨਤੀ ਕਰਦਾ ਹੈ ਕਿ ਪਿਆਰੇ ਸਿਆਸਦਾਨੋਂ, ਹੁਣ ਉਹ ਸਮਾਂ ਲੰਘ ਗਿਆ ਹੈ ਜਦੋਂ ਸਾਰੀਆਂ ਮਾਵਾਂ ਦਹੀਂ ਨਾਲ ਟੁੱਕ ਦਿੰਦੀਆਂ ਸਨ। ਪਿਛਲੇ 70 ਸਾਲਾਂ ਤੋਂ ਤੁਹਾਡੇ ਚੋਣ ਮੈਨੀਫੈਸਟੋਆਂ ਦੇ ਲਾਲੀ-ਪੌਪ, ਹੁਣ ਸਾਡੀ ਸਮਝ ਵਿਚ ਆ ਗਏ ਹਨ। ਤੁਸੀਂ ਇਨ੍ਹਾਂ ਝੂਠੇ ਮੈਨੀਫੈਸਟੋਆਂ ਦੀ ਆੜ ਵਿਚ ਹਮੇਸ਼ਾ ਹੀ ਸਾਨੂੰ ਲੁੱਟਿਆ ਤੇ ਕੁੱਟਿਆ ਹੈ। ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਤੁਸੀਂ ਦੇਸ਼ ਦਾ ਪੈਸਾ ਸਵਿਟਜ਼ਰਲੈਂਡ ਦੀਆਂ ਬੈਂਕਾਂ ਵਿਚ ਜਮ੍ਹਾਂ ਕਰਦੇ ਸੀ। ਹਰ ਵਾਰੀ ਤੁਸੀਂ ਟੈਕਸਾਂ ਦੇ ਰੂਪ ਵਿਚ ਸਾਡੀ ਹੱਡ ਭੰਨਵੀਂ ਮਿਹਨਤ ਨਾਲ ਕਮਾਇਆ ਪੈਸਾ ਲੁੱਟਦੇ ਅਤੇ ਐਸ਼ ਕਰਦੇ ਰਹੇ ਹੋ। ਦੂਜੇ ਪਾਸੇ ਸਾਡੇ ਦੇਸ਼ ਦਾ ਅੰਨਦਾਤਾ ਖੁਦ ਕਰਜ਼ਿਆਂ ਦੇ ਬੋਝ ਥੱਲੇ ਦੱਬਿਆ ਜਾਂਦਾ ਰਿਹਾ ਅਤੇ ਉਸ ਨੂੰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਰਿਹਾ। ਤੁਸੀਂ ਸਿਆਸੀ ਲੋਕ ਸਧਾਰਨ ਲੋਕਾਂ ਦਾ ਪੈਸਾ ਲੁੱਟ ਕੇ ਲੁਟੇਰੇ ਸਰਮਾਏਦਾਰਾਂ ਨੂੰ ਵਿਦੇਸ਼ਾਂ ਵਿਚ ਸੈੱਟ ਕਰਦੇ ਰਹੇ ਹੋ।

ਸਾਡੀਆਂ ਸੜਕਾਂ ਥਾਂ ਥਾਂ ਟੋਇਆਂ ਨਾਲ ਭਰੀਆਂ ਪਈਆਂ ਹਨ ਤੇ ਨਿੱਤ ਨਵੇਂ ਦਿਨ ਸੜਕ ਹਾਦਸਿਆਂ ਵਿਚ ਪਰਿਵਾਰਾਂ ਦੇ ਪਰਿਵਾਰ ਖ਼ਤਮ ਹੋ ਰਹੇ ਹਨ। ਤੁਸੀਂ ਪਾਣੀ ਵਿਚ ਬੱਸਾਂ ਚਲਾਉਣ ਦੇ ਜੁਮਲੇ ਛੱਡ ਰਹੇ ਹੋ। ਸਭ ਤੋਂ ਪਹਿਲਾਂ ਸਾਰੀਆਂ ਸੜਕਾਂ ਬਣਾ ਕੇ ਸਾਡੇ ਕੋਲ ਵੋਟ ਮੰਗਣ ਆਇਓ। ਤੁਸੀਂ ਸਰਕਾਰ ਬਣਾਉਣੀ ਹੈ ਤਾਂ ਇਹ ਟੋਲ ਪਲਾਜ਼ੇ, ਜਿੱਥੇ ਲੋਕਾਂ ਦੀ ਲੁੱਟ ਹੁੰਦੀ ਹੈ, ਇਨ੍ਹਾਂ ਨੂੰ ਬੰਦ ਕਰਾਓ। ਸਿਹਤ ਅਤੇ ਸਿੱਖਿਆ ਸਭ ਲਈ ਇੱਕੋ ਜਿਹੀ ਤੇ ਮੁਫ਼ਤ ਮੁਹੱਈਆ ਕਰਾਓ। ਪਿੰਡਾਂ ਦੀ ਬਦਤਰ ਹਾਲਤ ਨੂੰ ਪਹਿਲਾਂ ਬਿਹਤਰ ਬਣਾਓ ਫਿਰ ਸਾਡੇ ਕੋਲ ਵੋਟਾਂ ਮੰਗਣ ਆਓ।

ਪਿਛਲੇ ਸਮੇਂ ਵਿਚ ਜੋ ਤੁਸੀਂ ਚੋਣ ਮੈਨੀਫੈਸਟੋ ਜਾਰੀ ਕੀਤੇ ਹਨ ਉਨ੍ਹਾਂ ਦੀ ਲਿਸਟ ਨਾਲ ਲੈ ਕੇ ਆਓ ਅਤੇ ‘ਵਿਕਾਸ’ ਦਾ ਜੋ ਵੀ ਨਾਹਰਾ ਲਾਇਆ ਹੈ, ਉਹ ‘ਵਿਕਾਸ’ ਲੋਕਾਂ ਨੂੰ ਵਿਖਾਓ। ਫਿਰ ਨਾ ਕਹਿਣਾ ਕਿ ਵਿਰੋਧੀ ਸਾਨੂੰ ਬਦਨਾਮ ਕਰਦੇ ਹਨ। ਅਸੀਂ ਲੰਮੇ ਸਮੇਂ ਤੋਂ ਵੇਖ ਰਹੇ ਹਾਂ, ਤੁਸੀਂ ਹਮੇਸ਼ਾ ਹੀ 'ਉੱਤਰ ਕਾਟੋ ਮੈਂ ਚੜ੍ਹਾਂ' ਦੀ ਖੇਡ ਖੇਡਦੇ ਰਹੋ। ਅੱਜ ਜੋ ਵਿਰੋਧੀ ਹਨ ਪਿਛਲੇ ਸਮੇਂ ਵਿਚ ਉਹ ਰਾਜ ਸੱਤਾ’ ਤੇ ਕਾਬਜ਼ ਸੀ ਤੇ ਤੁਸੀਂ ਵਿਰੋਧੀ ਪਾਰਟੀ ਅਖਵਾਉਂਦੇ ਸੀ। ਇਹ ਚੂਹੇ ਬਿੱਲੀ ਦੀ ਖੇਡ ਬਹੁਤ ਦੇਰ ਤੋਂ ਖੇਡੀ ਜਾ ਰਹੀ ਹੈ। ਇਸ ਨੂੰ ਬੰਦ ਕਰਨ ਦਾ ਹੁਣ ਵੇਲਾ ਆ ਗਿਆ ਹੈ॥. ਸੱਚ ਉੱਤੇ ਪਰਦਾ ਕਦੋਂ ਤੱਕ ਪਾਉਂਦੇ ਰਹੋਗੇ? ਜੇਕਰ ਤੁਸੀਂ ਅਜੇ ਵੀ ਨਹੀਂ ਸੰਭਲੋਗੇ ਤਾਂ ਫਿਰ ਸਾਨੂੰ ਦੋਸ਼ ਨਾ ਦੇਣਾ ਕਿ ਲੋਕ ਮੂਰਖ ਹਨ, ਇਨ੍ਹਾਂ ਨੂੰ ਸਾਡਾ ਕੀਤਾ ‘ਵਿਕਾਸ’ ਨਜ਼ਰ ਨਹੀਂ ਆਇਆ।

ਇਹ ਧੂੜ ਮਿੱਟੀ ਵਿਚ ਲਿਬੜੇ ਲੋਕ ਜਦੋਂ ਆਜ਼ਾਦ ਸੋਚ ਦੇ ਮਾਲਕ ਬਣ ਗਏ ਫਿਰ ਇਹ ਵੱਡਿਆਂ ਵੱਡਿਆਂ ਨੂੰ ਅਰਸ਼ ਤੋਂ ਫਰਸ਼ ’ਤੇ ਸੁੱਟਣ ਵਿਚ ਜ਼ਰਾ ਵੀ ਦੇਰ ਨਹੀਂ ਲਾਉਂਦੇ। ਦਿੱਲੀ ਦਾ ਇਤਿਹਾਸ ਤੁਹਾਡੇ ਸਭ ਦੇ ਸਾਹਮਣੇ ਹੈ।

ਸਾਨੂੰ ਆਸ ਹੈ ਕਿ ਤੁਸੀਂ ਸਾਡਾ ਵੋਟ ਮੈਨੀਫੈਸਟੋ ਪੜ੍ਹ ਕੇ ਸੁਧਰਨ ਦੀ ਕੋਸ਼ਿਸ਼ ਕਰੋਗੇ ਅਤੇ ਆਉਣ ਵਾਲਾ ਸਮਾਂ ਕੰਧ ’ਤੇ ਲਿਖਿਆ ਪੜ੍ਹ ਲਵੋਗੇ। ਫਿਰ ਨਾ ਕਹਿਣਾ ਕਿ ਲੋਕ ਤਾਂ ਮੂਰਖ ਨੇ ਇਹ ਕੁੱਝ ਨਾ ਕੁੱਝ ਬੋਲਦੇ ਹੀ ਰਹਿੰਦੇ ਹਨ। ਖੈਰ ਸਾਡੇ ਵੋਟ ਮੈਨੀਫੈਸਟੋ ਦੀ ਹੁਣ ਜੈ ਕਰਨ ਲਈ ਅਸੀਂ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਲਈ ਹੈ। ਇਸ ਨੂੰ ਸਿਰਫ ਵਿਅੰਗ ਸਮਝ ਕੇ ਅਣਗੌਲਿਆ ਕਰਨਾ ਤੁਹਾਡੀ ਸਭ ਤੋਂ ਵੱਡੀ ਭੁੱਲ ਹੋਵੇਗੀ।

*****

(353)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਸੁਖਮਿੰਦਰ ਬਾਗ਼ੀ

ਸੁਖਮਿੰਦਰ ਬਾਗ਼ੀ

Adarsh Nagar, Samrala, Punjab, India.
Mobile: (94173 - 94805)
Email: (baggisukhminder@gmail.com)

More articles from this author