SukhminderBagi7“ਜਦੋਂ ਵੀ ਕੋਈ ਚਾਨਣ ਦਾ ਛੱਟਾ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ...”
(8 ਜੂਨ 2017)

 

ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਵੱਡੇ-ਵਡੇਰੇ ਹਮੇਸ਼ਾ ਹੀ ਛੋਟੇ ਬੱਚਿਆਂ ਦੇ ਪੁੱਛਣ ’ਤੇ ਝੂਠ ਬੋਲਦੇ ਹਨ, ਬੱਚਿਆਂ ਨੂੰ ਦੱਸਦੇ ਹਨ ਕਿ ਬੱਚਾ ਰੱਬ ਨੇ ਭੇਜਿਆ ਹੈ, ਉੱਪਰੋਂ ਆਇਆ ਹੈ ਜਾਂ ਫਿਰ ਕੋਠੇ ਤੋਂ ਆਇਆ ਹੈ। ਛੋਟੇ ਬੱਚਿਆਂ ਦੇ ਆਸੇ-ਪਾਸੇ ਹਮੇਸ਼ਾ ਹੀ ਝੂਠ ਦਾ ਪਸਾਰਾ ਕੀਤਾ ਜਾਂਦਾ ਹੈ। ਨਵੇਂ ਬੱਚੇ ਦੇ ਵੱਡੇ ਹੋਣ ’ਤੇ ਜਿਸ ਮਾਂ ਦੀ ਕੁੱਖ ਵਿੱਚੋਂ ਉਹ ਪੈਦਾ ਹੋਇਆ ਹੈ, ਉਸ ਦੀ ਜਾਤ ਅਤੇ ਧਰਮ ਉਸ ਬੱਚੇ ’ਤੇ ਠੋਸ ਦਿੱਤੇ ਜਾਂਦੇ ਹਨ। ਉਹ ਨਾ ਤਾਂ ਮਨੁੱਖ ਰਹਿੰਦਾ ਹੈ, ਨਾ ਔਰਤ, ਅਤੇ ਨਾ ਹੀ ਇਨਸਾਨ। ਉਹ ਸਿਰਫ ਹਿੰਦੂ, ਸਿੱਖ, ਇਸਾਈ, ਮੁਸਲਿਮ ਹੁੰਦਾ ਹੈ ਜਾਂ ਫਿਰ ਜੱਟ, ਬ੍ਰਾਹਮਣ, ਬਾਲਮੀਕ, ਰਾਮਦਾਸੀਆ, ਜਾਂ ਕੋਈ ਵੀ ਹੋਰ ਜਾਤ ਉਸ ਦੇ ਨਾਲ ਜੋੜ ਦਿੱਤੀ ਜਾਂਦੀ ਹੈ। ਉਸ ਦੇ ਜਨਮ ਸਮੇਂ ਹੀ ਆਖ ਦਿੱਤਾ ਜਾਂਦਾ ਹੈ ਕਿ ਵਿਧ ਮਾਤਾ ਨੇ ਇਸਦੀ ਕਿਸਮਤ ਲਿਖ ਦਿੱਤੀ ਹੈ ਅਤੇ ਇਹ ਆਪਣੀ ਲਿਖੀ ਕਿਸਮਤ ਅਨੁਸਾਰ ਹੀ ਇਸ ਦੁਨੀਆਂ ’ਤੇ ਦੁੱਖ ਅਤੇ ਸੁੱਖ ਭੋਗੇਗਾ। ਉਸ ਬੱਚੇ ਨੂੰ ਆਮ ਹੀ ਸਿਖਾਇਆ ਜਾਂਦਾ ਹੈ ਕਿ ‘ਲਿਖੀਆਂ ਲੇਖਾਂ ਦੀਆਂ, ਭੋਗ ਮਨਾ ਚਿੱਤ ਲਾ ਕੇ’ ਜਾਂ ਫਿਰ ‘ਨਾ ਜਾਹ ਬਰਮਾ ਨੂੰ ਲੇਖ ਜਾਣਗੇ ਨਾਲੇ’। ਉਸ ਬੱਚੇ ਨੂੰ ਜਨਮ ਤੋਂ ਹੀ ਕਿਸਮਤਵਾਦੀ ਬਣਾ ਦਿੱਤਾ ਜਾਂਦਾ ਹੈ।

ਜਨਮ ਲੈਣ ਵਾਲਾ ਬੱਚਾ ਜਾਂ ਬੱਚੀ ਵੱਡਿਆਂ ਦੀ ਦੇਖਾ ਦੇਖੀ ਹੀ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਉਂਦਾ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਤੋਰਨਾ ਸ਼ੁਰੂ ਕਰ ਦਿੰਦਾ ਹੈ। ਉਸਦੇ ਆਲੇ-ਦੁਆਲੇ ਧਰਮ, ਜਾਤਾਂ, ਗੋਤਾਂ ਅਤੇ ਅਖੌਤੀ ਸਮਾਜ ਦੀਆਂ ਅਜਿਹੀਆਂ ਤੰਗ ਵਲਗਣਾ ਵਲ ਦਿੱਤੀਆਂ ਜਾਂਦੀਆਂ ਹਨ ਕਿ ਉਹ ਇਨ੍ਹਾਂ ਤੰਗ ਵਲਗਣਾ ਵਿੱਚੋਂ ਬਾਹਰ ਨਿਕਲ ਹੀ ਨਹੀਂ ਸਕਦਾ। ਜੇਕਰ ਉਹ ਆਪਣੀ ਆਜ਼ਾਦ ਸੋਚ ਦੇ ਸਹਾਰੇ ਇਨ੍ਹਾਂ ਵਲਗਣਾਂ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ’ਤੇ ਅਨੇਕਾਂ ਦੋਸ਼ ਲਾਏ ਜਾਂਦੇ ਹਨ। ਉਸ ਨੂੰ ਉਸ ਦੇ ਆਪਣਿਆਂ ਵੱਲੋਂ ਡਰਾਇਆ, ਧਮਕਾਇਆ ਵੀ ਜਾਂਦਾ ਹੈ ਅਤੇ ਲੋਕ ਕੀ ਕਹਿਣਗੇ ਜਿਹੇ ਲਫ਼ਜ ਵਰਤ ਕੇ ਉਸ ਨੂੰ ਉਨ੍ਹਾਂ ਤੰਗ ਵਲਗਣਾ ਵਿੱਚ ਬੰਦ ਕਰਕੇ ਜ਼ਿੰਦਗੀ ਜਿਊਣ ਲਈ ਮਜ਼ਬੂਰ ਕੀਤਾ ਜਾਂਦਾ ਹੈ।

ਪਿਛਲੇ ਸਮੇਂ ਵਿੱਚ ਬਾਬੇ ਨਾਨਕ ਨੇ ਮਨੁੱਖ ਨੂੰ ਇਨ੍ਹਾਂ ਤੰਗ ਵਲ਼ਗਣਾ ਵਿੱਚੋਂ ਬਾਹਰ ਕੱਢ ਕੇ ਚੰਗੀ ਜ਼ਿੰਦਗੀ ਜਿਊਣ ਦੀ ਸੋਝੀ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਵੀ ਇੱਥੋਂ ਦੇ ਚਲਾਕ ਸਰਮਾਏਦਾਰਾਂ ਨੇ ਕੁਰਾਹੀਆ ਤੱਕ ਕਹਿ ਦਿੱਤਾ ਸੀ। ਅਸਲ ਵਿੱਚ ਇਸ ਸੰਸਾਰ ਵਿੱਚ ਅਜਿਹੀ ਇੱਕ ਅਣਦਿਸਦੀ ਜੰਗ ਚੱਲ ਰਹੀ ਹੈ, ਜਿਸ ਵਿੱਚ ਕਿਰਤ ਦੀ ਲੁੱਟ ਕੀਤੀ ਜਾਂਦੀ ਹੈ ਅਤੇ ਬਿਨਾਂ ਕੋਈ ਵੀ ਕੰਮ ਕੀਤਿਆਂ ਚਲਾਕ ਮਨੁੱਖ ਸਾਧਾਰਨ ਲੋਕਾਂ ਨੂੰ ਲੁੱਟ ਰਿਹਾ ਹੈ ਅਤੇ ਖੁਦ ਐਸ਼ ਕਰ ਰਿਹਾ ਹੈ। ਇੱਕ ਕਵੀ ਨੇ ਦੋ ਖੂਬਸੂਰਤ ਲਾਈਨਾਂ ਨਾਲ ਇਸ ਦਾ ਇਸ ਤਰ੍ਹਾਂ ਵਿਖਿਆਨ ਕੀਤਾ ਹੈ:

ਦੋ ਧੜਿਆਂ ਵਿੱਚ ਖਲਕਤ ਵੰਡੀ,
ਇੱਕ ਲੋਕਾਂ ਦਾ, ਇੱਕ ਜੋਕਾਂ ਦਾ।

ਚਲਾਕ ਸਰਮਾਏਦਾਰਾਂ ਨੇ ਅਜਿਹੇ ਹੱਥ-ਕੰਡੇ ਅਪਣਾਏ ਹੋਏ ਨੇ ਕਿ ਉਹ ਨਿੱਤ ਕੋਈ ਨਾ ਕੋਈ ਅਜਿਹੀ ਕਾਢ ਕੱਢ ਰਹੇ ਹਨ, ਜਿਸ ਵਿੱਚ ਭੋਲੇ ਭਾਲੇ ਆਮ ਲੋਕ ਫਸਦੇ ਹੀ ਚਲੇ ਜਾਂਦੇ ਹਨ। ਚਲਾਕ ਸਰਮਾਏਦਾਰਾਂ ਨੇ ਵਿਗਿਆਨਕ ਕਾਢਾਂ ਨੂੰ ਵੀ ਆਪਣੇ ਹਿਤ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਕਾਢਾਂ ਵਿੱਚ ਟੈਲੀਵਿਜ਼ਨ (ਬੁੱਧੂ ਬਕਸਾ) ਇਸਦੀ ਜਿਊਂਦੀ ਜਾਗਦੀ ਮਿਸਾਲ ਹੈ। ਇਸ ਵਿੱਚ ਸਵੇਰੇ ਤੋਂ ਹੀ ਲੋਕਾਂ ਨੂੰ ਭਰਮਜਾਲ ਵਿੱਚ ਫਸਾਉਣ ਲਈ ਅਖੌਤੀ ਧਰਮ ਪ੍ਰਚਾਰਕਾਂ ਵੱਲੋਂ ਮੱਥੇ ਤੇ ਵੱਡੇ-ਵੱਡੇ ਟਿੱਕੇ ਲਾ ਕੇ ਲੋਕਾਂ ਨੂੰ ਕਿਸਮਤਵਾਦ ਵਿੱਚ ਉਲਝਾਇਆ ਜਾਂਦਾ ਹੈ। ਲੋਕਾਂ ਨੂੰ ਪੱਥਰ ਪਹਿਨਣ ਲਈ ਪ੍ਰੇਰਿਆ ਜਾਂਦਾ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਨਗ ਪਹਿਨ ਕੇ (ਜੋ ਦਿਖਾਵੇ ਲਈ ਉਨ੍ਹਾਂ ਨੇ ਖੁਦ ਵੀ ਪਹਿਨੇ ਹੁੰਦੇ ਹਨ) ਆਪਣੀ ਜ਼ਿੰਦਗੀ ਨੂੰ ਤਰੱਕੀ ਦੀਆਂ ਰਾਹਾਂ ’ਤੇ ਤੋਰਨ ਲਈ ਕਿਰਤ ਕਰਨ ਤੋਂ ਭਟਕਾਉਣ ਦੇ ਰਸਤੇ ਪਾਇਆ ਜਾਂਦਾ ਹੈ।

ਜੋਤਸ਼ੀਆਂ, ਪਾਂਡਿਆਂ ਅਤੇ ਅਖੌਤੀ ਧਾਰਮਿਕ ਪ੍ਰਚਾਰਕਾਂ ਦੀ ਇੱਕ ਵੱਡੀ ਫੌਜ ਹੈ ਜੋ ਕਿਰਤੀ ਲੋਕਾਂ ਦੀ ਲੁੱਟ ਹੀ ਨਹੀਂ ਕਰਦੇ ਸਗੋਂ ਉਨ੍ਹਾਂ ਨੂੰ ਕਿਰਤ ਕਰਕੇ ਚੰਗੀ ਜ਼ਿੰਦਗੀ ਜਿਊਣ ਦੀ ਥਾਂ ਕਿਸਮਤਵਾਦੀ ਬਣਾਉਣ ਲਈ ਆਪਣਾ ਹਰ ਹੱਥਕੰਡੇ ਵਰਤਦੇ ਹਨ। ਸਮਝਦਾਰ ਮਨੁੱਖ ਇਸੇ ਕਰਕੇ ਟੀ.ਵੀ, ਨੂੰ ‘ਬੁੱਧੂ ਬਕਸਾ’ ਕਹਿੰਦੇ ਹਨ। ਸਰਮਾਏਦਾਰੀ ਦੀ ਇਹ ਕਾਢ 24 ਘੰਟੇ ਉਨ੍ਹਾਂ ਦੇ ਹਿਤਾਂ ਦੀ ਰਖਵਾਲੀ ਕਰਦੀ ਹੈ ਅਤੇ ਭੋਲੇ ਭਾਲੇ ਲੋਕਾਂ ਨੂੰ ਬੁੱਧੂ ਬਣਾਉਂਦੀ ਹੈ। ਮਨੁੱਖ ਨੂੰ ਉਸ ਦੀਆਂ ਮੁੱਢਲੀਆਂ ਲੋੜਾਂ ਕੁੱਲੀ, ਗੁੱਲੀ ਤੇ ਜੁੱਲੀ ਵਿੱਚੋਂ ਕੱਢ ਕੇ ਬੇਲੋੜੀਆਂ ਇੱਛਾਵਾਂ ਦੇ ਜੰਜਾਲ ਵਿਚ ਫਸਾਇਆ ਜਾ ਰਿਹਾ ਹੈ। ਧਰਮ ਅਤੇ ਜਾਤ-ਪਾਤ ਦੀਆਂ ਵੰਡੀਆਂ ਪਾ ਕੇ ਕਿਰਤੀ ਮਨੁੱਖਾਂ ਨੂੰ ਇੱਕ ਦੂਜੇ ਦਾ ਵੈਰੀ ਬਣਾਇਆ ਜਾ ਰਿਹਾ ਹੈ। ਚਲਾਕ ਸਰਮਾਏਦਾਰਾਂ, ਅਖੌਤੀ ਧਾਰਮਿਕ ਦੰਭੀਆਂ ਅਤੇ ਸਿਆਸਤਦਾਨਾਂ ਨੇ ਅਜਿਹਾ ਨਾਪਾਕ ਗਠਜੋੜ ਬਣਾ ਲਿਆ ਹੈ, ਜਿਸਦੇ ਸਦਕਾ ਇਹ ਤਿੰਨੇ ਰਲ਼ ਕੇ ਖੁਦ ਐਸ਼ ਕਰ ਰਹੇ ਹਨ ਅਤੇ ਸਾਧਾਰਨ ਮਨੁੱਖਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਰਹੇ ਹਨ। ਜਦੋਂ ਵੀ ਕੋਈ ਚਾਨਣ ਦਾ ਛੱਟਾ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਉਸ ਨੂੰ ਸਦਾ ਦੀ ਨੀਂਦ ਸੁਲਾ ਦਿੰਦੇ ਹਨ। ਨਰਿੰਦਰ ਦਭੋਲਕਰ, ਗੋਬਿੰਦ ਪਨਸਾਰੇ ਅਤੇ ਕਲਬੁਰਗੀ ਦੀਆਂ ਸ਼ਹਾਦਤਾਂ ਇਸ ਦੀਆਂ ਮੂੰਹੋਂ ਬੋਲਦੀਆਂ ਉਦਾਹਰਣਾਂ ਹਨ।

ਧਰਮ ਅਤੇ ਅੰਨ੍ਹੇ ਰਾਸ਼ਟਰਵਾਦ ਦੇ ਨਾਂ ’ਤੇ ਮਨੁੱਖ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਇਹ ਅਖੌਤੀ ਰਾਸ਼ਟਰਵਾਦੀ ਸਮੇਂ ਦੇ ਚੱਲਦੇ ਚੱਕਰ ਨੂੰ ਪੁੱਠਾ ਗੇੜ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਅੱਜ ਲੋੜ ਇਸ ਗੱਲ ਦੀ ਹੈ ਕਿ ਮਨੁੱਖ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹੱਥਾਂ ਵਿੱਚ ਲਕੀਰਾਂ ਸਾਡੀ ਕਿਸਮਤ ਦੀਆਂ ਨਹੀਂ ਇਹ ਲਕੀਰਾਂ ਤਾਂ ਜਨਮ ਸਮੇਂ ਸਾਡੀਆਂ ਮੁੱਠੀਆਂ ਬੰਦ ਹੋਣ ਕਰਕੇ ਪੈ ਗਈਆਂ ਹਨ। ਇਹ ਹੱਥ ਕਿਰਤ ਕਰਨ ਲਈ ਹਨ ਨਾ ਕਿ ਧਾਰਮਿਕ ਪਖੰਡੀਆਂ ਤੇ ਅਖੌਤੀ ਬਾਬਿਆਂ ਅੱਗੇ ਜੋੜਣ ਲਈ। ਇਨ੍ਹਾਂ ਹੱਥਾਂ ਨਾਲ ਅਰਦਾਸਾਂ ਕਰਕੇ ਆਪਣੀ ਕਿਸਮਤ ਨਹੀਂ ਬਣਾਈ ਜਾ ਸਕਦੀ। ਹਾਂ, ਇਨ੍ਹਾਂ ਹੱਥਾਂ ਨਾਲ ਕੰਮ ਕਰਕੇ ਆਪਣੀ ਕਿਸਮਤ ਜ਼ਰੂਰ ਚਮਕਾਈ ਜਾ ਸਕਦੀ ਹੈ।

*****

(725)

ਆਪਣੇ ਵਿਚਾਰ ਸਾਂਝੇੇ ਕਰੋ: (This email address is being protected from spambots. You need JavaScript enabled to view it.)

About the Author

ਸੁਖਮਿੰਦਰ ਬਾਗ਼ੀ

ਸੁਖਮਿੰਦਰ ਬਾਗ਼ੀ

Adarsh Nagar, Samrala, Punjab, India.
Mobile: (94173 - 94805)
Email: (baggisukhminder@gmail.com)

More articles from this author