SukhminderBagi7ਜ਼ਿੰਦਗੀ ਵਿਚ ਚੰਗੀਆਂ-ਮਾੜੀਆਂ ਘਟਨਾਵਾਂ ਹਰੇਕ ਦੇ ਹਿੱਸੇ ਆਉਂਦੀਆਂ ਹਨਚਾਹੇ ਕੋਈ ...
(8 ਫਰਬਰੀ 2018)

 

ਕੋਈ ਵੀ ਮਨੁੱਖ ਜਦੋਂ ਪੈਦਾ ਹੁੰਦਾ ਹੈ ਉਹ ਨਾ ਤਾਂ ਆਸਤਿਕ ਹੁੰਦਾ ਹੈ ਅਤੇ ਨਾ ਹੀ ਨਾਸਤਿਕ ਜਿਉਂ ਜਿਉਂ ਉਹ ਵੱਡਾ ਹੁੰਦਾ ਹੈ ਉਹ ਆਪਣੇ ਮਾਤਾ ਪਿਤਾ ਨਾਲ ਉਨ੍ਹਾਂ ਦੀ ਧਾਰਮਿਕ ਸ਼ਰਧਾ ਅਨੁਸਾਰ ਮੰਦਰ, ਗੁਰਦੁਆਰੇ, ਮਸੀਤਾਂ, ਚਰਚ ਜਾਂ ਹੋਰ ਧਾਰਮਿਕ ਸਥਾਨਾਂ ਤੇ ਜਾਣ ਸਮੇਂ ਵੱਡਿਆਂ ਦੀ ਦੇਖਾ ਦੇਖੀ ਮੱਥੇ ਟੇਕਦਾ, ਨਮਾਜ਼ਾਂ ਪੜ੍ਹਦਾ, ਮੰਦਰਾਂ ਵਿਚ ਪੂਜਾ ਕਰਦਾ ਆਸਤਿਕਤਾ ਦੇ ਰਾਹ ਚੱਲਣ ਲੱਗ ਪੈਂਦਾ ਹੈ। ਹਰੇਕ ਧਰਮ ਨੂੰ ਮੰਨਣ ਵਾਲੇ ਮਾਤਾ ਪਿਤਾ ਚਾਹੁੰਦੇ ਹਨ ਕਿ ਉਹਨਾਂ ਦਾ ਪੁੱਤਰ ਜਾਂ ਪੁੱਤਰੀ ਵੀ ਉਸੇ ਧਰਮ ਨੂੰ ਅਪਣਾਏ, ਜਿਸ ਨੂੰ ਉਨ੍ਹਾਂ ਨੇ ਅਪਣਾਇਆ ਹੈ। ਸਦੀਆਂ ਤੋਂ ਅਜਿਹਾ ਹੀ ਚੱਲਿਆ ਆ ਰਿਹਾ ਹੈ ਅਤੇ ਚੱਲਦਾ ਰਹੇਗਾ। ਆਸਤਿਕ ਲੋਕਾਂ ਦੇ ਵੱਖ ਵੱਖ ਧਾਰਮਿਕ ਸਥਾਨ ਹਨ, ਜਿੱਥੇ ਉਹ ਸਮੇਂ ਸਮੇਂ ’ਤੇ ਇਕੱਠੇ ਹੋ ਕੇ ਆਪਣੀ ਸ਼ਰਧਾ ਪ੍ਰਗਟ ਕਰਦੇ ਹਨ ਅਤੇ ਬੱਚੇ ਵੀ ਉਨ੍ਹਾਂ ਦੇ ਨਾਲ ਹੀ, ਜੋ ਕੁਝ ਉਹ ਬਚਪਨ ਤੋਂ ਵੇਖਦੇ ਹਨ ਉਹੀ ਕੁਝ ਕਰਦੇ ਹਨ। ਪ੍ਰਮਾਤਮਾ (ਰੱਬ) ਪ੍ਰਤੀ ਸ਼ਰਧਾ ਉਨ੍ਹਾਂ ਦੇ ਮਨ ਵਿਚ ਕੁੱਟ ਕੁੱਟ ਕੇ ਭਰ ਦਿੱਤੀ ਜਾਂਦੀ ਹੈ। ਸੱਚ ਇਹ ਵੀ ਹੈ ਕਿ ਹਰੇਕ ਸ਼ਬਦ ਦਾ ਵਿਰੋਧੀ ਸ਼ਬਦ ਵੀ ਹੁੰਦਾ ਹੈ। ਆਸਤਿਕ ਦਾ ਵਿਰੋਧੀ ਸ਼ਬਦ ਹੈ ਨਾਸਤਿਕ। ਕੁਦਰਤ ਵਿਚ ਕ੍ਰਿਆ ਅਤੇ ਪ੍ਰਤੀਕ੍ਰਿਆ ਜਾਂ ਜਿਹੋ ਬੀਜੋਗੇ ਤੇਹਾ ਵੱਢੋਗੇ, ਵਾਂਗ ਕੁਦਰਤੀ ਨਿਯਮ ਹਨ। ਆਸਤਿਕ ਲੋਕਾਂ ਦੇ ਮਨ ਵਿਚ ਰੱਬ ਦਾ ਡਰ ਇੰਨਾ ਭਾਰੂ ਹੋ ਜਾਂਦਾ ਹੈ ਕਿ ਉਹ ਇਸ ਦੇ ਵਿਰੁੱਧ ਬੋਲਣਾ ਤਾਂ ਇਕ ਪਾਸੇ ਸੁਣਨਾ ਵੀ ਪਸੰਦ ਨਹੀਂ ਕਰਦੇ।

ਆਸਤਿਕ ਲੋਕਾਂ ਦੀ ਵੱਖਰੀ ਪਹਿਚਾਣ ਹੈ, ਰੱਬ ਵਿਚ ਵਿਸ਼ਵਾਸ ਕਾਰਨ ਲੋਕਾਂ ਨੇ ਵੱਖ ਵੱਖ ਧਰਮ ਬਣਾ ਲਏ ਹਨ ਅਤੇ ਉਨ੍ਹਾਂ ਨੇ ਪੂਜਾ, ਪ੍ਰਾਰਥਨਾ ਕਰਨ ਲਈ ਵੱਖੋਂ ਵੱਖ ਮੰਦਰ, ਗੁਰਦੁਆਰੇ, ਗਿਰਜਾ ਘਰ ਅਤੇ ਮਸੀਤਾਂ ਉਸਾਰੀਆਂ ਹੋਈਆਂ ਹਨ, ਜਿੱਥੇ ਇਕੱਠੇ ਹੋ ਕੇ ਉਹ ਰੱਬ ਵਿੱਚ ਵਿਸ਼ਵਾਸ ਦਾ ਪ੍ਰਗਟਾਵਾ ਕਰਦੇ ਹਨ। ਇੰਨਾ ਹੀ ਨਹੀਂ, ਆਪਣੇ ਧਰਮ ਦੇ ਹਿਸਾਬ ਨਾਲ ਉਨ੍ਹਾਂ ਨੇ ਆਪਣੇ ਪਹਿਰਾਵੇ ਵੀ ਅਜਿਹੇ ਬਣਾਏ ਹੋਏ ਹਨ ਜਿਨ੍ਹਾਂ ਤੋਂ ਉਨ੍ਹਾਂ ਦੀ ਪਹਿਚਾਣ ਹੋ ਸਕੇ ਇਹ ਆਸਤਿਕ ਲੋਕ ਆਪਣੇ ਧਰਮ ਪ੍ਰਤੀ ਇੰਨੇ ਕੱਟੜ ਹੁੰਦੇ ਹਨ ਕਿ ਜੇਕਰ ਕੋਈ ਇਨ੍ਹਾਂ ਦੇ ਧਰਮ ਵਿਚ ਨੁਕਸ ਕੱਢੇ ਜਾਂ ਫਿਰ ਉਸ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਸੱਚ ਬੋਲ ਦੇਵੇ ਤਾਂ ਇਹ ਉਸ ਨੂੰ ਜਾਨੋ ਮਾਰਨ ਤਕ ਜਾਂਦੇ ਹਨ। ਆਪਣੇ ਧਰਮ ਨੂੰ ਸੱਚਾ ਸਿੱਧ ਕਰਨ ਲਈ ਇਨ੍ਹਾਂ ਵਿੱਚ ਹਮੇਸ਼ਾ ਇੱਕ ਹੋੜ ਲੱਗੀ ਰਹਿੰਦੀ ਹੈ ਅਤੇ ਧਰਮ ਦੇ ਨਾਂ ’ਤੇ ਇਹ ਦੰਗੇ ਕਰਾਉਣ ਵਿਚ ਵੀ ਪਿੱਛੇ ਨਹੀਂ ਹਟਦੇ। ਇਤਿਹਾਸ ਗਵਾਹ ਹੈ ਕਿ ਧਰਮ ਦੇ ਨਾਂ ’ਤੇ ਹੋਏ ਦੰਗਿਆਂ ਵਿੱਚ ਜਿੰਨੇ ਲੋਕਾਂ ਦੀ ਜਾਨ ਗਈ ਹੈ, ਸ਼ਾਇਦ ਹੀ ਕਿਸੇ ਹੋਰ ਕਾਰਨ ਇੰਨੇ ਲੋਕਾਂ ਦੀ ਮੌਤ ਹੋਈ ਹੋਵੇ। ਪਰ ਦੂਜੇ ਪਾਸੇ ਨਾਸਤਿਕ ਲੋਕਾਂ ਦਾ ਸਿਰਫ ਇੱਕੋ ਹੀ ਧਰਮ ਹੁੰਦਾ ਹੈ ਮਨੁੱਖਤਾ ਜਾਂ ਮਾਨਵਤਾ। ਇਹ ਕੋਈ ਵੀ ਨਾਸਤਿਕ ਘਰ ਨਹੀਂ ਉਸਾਰਦੇ। ਸਿਰਫ ਪ੍ਰਚਾਰ ਰਾਹੀਂ ਹੀ ਲੋਕਾਂ ਨੂੰ ਸੱਚ ਦੱਸ ਕੇ ਚੰਗੀ ਜ਼ਿੰਦਗੀ ਜਿਉਣ ਲਈ ਪ੍ਰੇਰਦੇ ਹਨ। ਨਾਸਤਿਕਤਾ ਦੇ ਨਾਂ ’ਤੇ ਕਦੇ ਵੀ ਕੋਈ ਦੰਗਾ ਫਸਾਦ ਨਹੀਂ ਕਰਦੇ। ਉਹ ਸਿਰਫ਼ ਵਿਚਾਰਾਂ ਰਾਹੀਂ ਹੀ ਆਪਣੀ ਨਾਸਤਿਕਤਾ (ਸੱਚ) ਦਾ ਪ੍ਰਚਾਰ ਕਰਦੇ ਹਨ। ਹੁਣ ਤਰਕਸ਼ੀਲ ਸੁਸਾਇਟੀ ਦੇ ਰੂਪ ਵਿਚ ਕੁਝ ਕੁਝ ਨਾਸਤਿਕਤਾ ਦਾ ਪ੍ਰਚਾਰ ਹੋ ਰਿਹਾ ਹੈ ਪਰ ਉਹ ਵੀ ਆਟੇ ਵਿਚ ਲੂਣ ਦੇ ਬਰਾਬਰ ਹੈ, ਕਿਉਂਕਿ ਆਮ ਤਰਕਸ਼ੀਲ ਵੀ ਆਸਤਿਕਾਂ ਵਾਲੇ ਹੀ ਰਸਮੋਂ ਰਿਵਾਜ਼ ਕਰਦੇ ਆਮ ਵੇਖੇ ਜਾ ਸਕਦੇ ਹਨ

ਖੈਰ ਗੱਲ ਹੋਰ ਪਾਸੇ ਜਾ ਰਹੀ ਹੈ। ਬਹੁਤ ਘੱਟ ਲੋਕ ਹਨ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹਨਾਂ ਵਿੱਚੋਂ ਇਕ ਮੈਂ ਵੀ ਹਾਂ ਜੋ ਨਾਸਤਿਕ ਤਾਂ ਹਾਂ ਪਰ ਕਈ ਥਾਂ ਅਜਿਹੀਆਂ ਮਜਬੂਰੀਆਂ ਹਨ ਕਿ ਨਾ ਚਾਹੁੰਦੇ ਹੋਏ ਵੀ ਕੁਝ ਨਾ ਕੁਝ ਕਰਨਾ ਪੈਂਦਾ ਹੈ। ਪਰ ਜਿੱਥੋਂ ਤੱਕ ਮੇਰਾ ਵੱਸ ਚੱਲਦਾ ਹੈ ਮੈਂ ਕੋਈ ਸਮਝੌਤਾ ਨਹੀਂ ਕਰਦਾ। ਮੇਰੀ ਨਾਸਤਿਕ ਬਣਨ ਦੀ ਕਹਾਣੀ ਵੀ ਅਜੀਬ ਹੈ।

ਬਚਪਨ ਵਿਚ ਮੈਂ ਵੀ ਪਹਿਲਾਂ ਆਸਤਿਕ ਸੀ ਅਤੇ ਛੋਟੇ ਹੁੰਦਿਆਂ ਅਖੰਡ ਪਾਠਾਂ ਤੇ ਪੰਜ ਗਰੰਥੀ ਦੀਆਂ ਰੌਲਾ ਲਾਉਂਦਾ ਰਿਹਾ ਹਾਂ ਅਤੇ ਪੀਰਾਂ ਦੀ ਜਗ੍ਹਾ ਤੇ ਚਿਰਾਗ ਜਗਾਉਂਦਾ ਤੇ ਮੱਥੇ ਟੇਕਦਾ ਰਿਹਾ ਹਾਂ। ਬਾਲ ਮਨ ਸੀ ਅਤੇ ਸਮਾਜ ਵਿਰ ਰਹਿੰਦਿਆਂ ਵੱਡਿਆਂ ਵੱਲੋਂ ਸਦੀਆਂ ਤੋਂ ਚਲਦੀਆਂ ਆ ਰਹੀਆਂ ਰਹੁ ਰੀਤਾਂ ਨੂੰ ਮੰਨਦਾ ਸੀ ਘਰ ਵਿਚ ਗਰੀਬੀ ਸੀ, ਅਨਪੜ੍ਹਤਾ ਸੀ ਅਤੇ ਡਾਕਟਰੀ ਇਲਾਜ ਮਹਿੰਗੇ ਸਨ। ਗਰੀਬੀ ਇਕੱਲੀ ਨਹੀਂ ਆਉਂਦੀ ਇਹ ਆਪਣੇ ਨਾਲ ਕਲੇਸ਼, ਦੁੱਖ ਤੇ ਬੀਮਾਰੀਆਂ ਲੈ ਕੇ ਆਉਂਦੀ ਹੈ। ਮੇਰੀ ਵਿਆਹੀ ਹੋਈ ਵੱਡੀ ਭੈਣ ਬੀਮਾਰ ਹੋ ਗਈ। ਅੰਧ ਵਿਸ਼ਵਾਸ਼ਾਂ ਦੀ ਜਕੜ ਵਿੱਚ ਫਸੇ ਲੋਕਾਂ ਵਾਂਗ ਸਾਡਾ ਪਰਿਵਾਰ ਵੀ ਸਿਆਣਿਆਂ ਦੇ ਚੱਕਰਾਂ ਵਿੱਚ ਫਸ ਗਿਆ। ਕਈ ਸਿਆਣੇ ਜਦੋਂ ਘਰ ਆਉਂਦੇ ਤਾਂ ਗ਼ਰੀਬੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਕਾਫ਼ੀ ਆਓ ਭਗਤ ਹੁੰਦੀ, ਜਿਸ ਨੂੰ ਵੇਖ ਕੇ ਕਈ ਵਾਰ ਮਨ ਖਿਝ ਨਾਲ਼ ਵੀ ਭਰ ਜਾਂਦਾ। ਪਰ 1968 ਵਿੱਚ 12 ਸਾਲ ਦੀ ਉਮਰ ਦਾ ਛੇਵੀਂ ’ਚ ਪੜ੍ਹਦਾ ਬਾਲਕ ਕੋਈ ਵੀ ਠੋਸ ਫੈਸਲਾ ਨਹੀਂ ਸੀ ਲੈ ਸਕਦਾ। ਅਖੀਰ ਨੂੰ ਓਹੀ ਹੋਇਆ ਜੋ ਅੱਜ ਵੀ 2017 ਵਿਚ (50 ਸਾਲ ਬਾਅਦ) ਹੁੰਦਾ ਵੇਖਦੇ ਹਾਂ। ਅਖੌਤੀ ਸਿਆਣਿਆਂ ਦੇ ਚੱਕਰਾਂ ਵਿੱਚ ਫਸੇ ਪਰਿਵਾਰ ਦੀ ਵੱਡੀ ਧੀ (ਮੇਰੀ ਭੈਣ) ਅਕਾਲ ਚਲਾਣਾ ਕਰ ਗਈ। ਸਮਾਜ ਵਿਚ ਫੈਲੇ ਰੀਤੀ ਰਿਵਾਜਾਂ ਅਨੁਸਾਰ ਵੱਡੀ ਭੈਣ ਦੀ ਅੰਤਿਮ ਅਰਦਾਸ ਲਈ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾਉਣਾ ਸੀ। ਘਰ ਵਿਚ ਜਵਾਨ ਧੀ ਦੀ ਮੌਤ ਦਾ ਮਾਤਮ ਛਾਇਆ ਹੋਣ ਦੇ ਬਵਜੂਦ ਵੀ ਕੱਚੇ ਘਰ ਨੂੰ ਲਿੱਪ ਪੋਚ ਕੇ ਸੰਵਾਰਿਆ ਗਿਆ ਅਤੇ ਘਰ ਵਿਚ ਪਈਆਂ ਫੁਲਕਾਰੀਆਂ ਨਾਲ ਕੱਚੀਆਂ ਕੰਧਾਂ ਨੂੰ ਢਕਿਆ ਗਿਆ। ਪਿਤਾ ਜੀ ਹੁੱਕਾ ਪੀਂਦੇ ਸਨ, ਤੰਬਾਕੂ ਦੂਰ ਦੱਬਿਆ ਗਿਆ ਅਤੇ ਹੁੱਕਾ ਵੀ ਦੂਰ ਹੀ ਰੱਖਿਆ। ਮੈਨੂੰ ਵੀ ਪੂਰਾ ਚਾਅ ਸੀ ਕਿ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਲਿਆਂਦਾ ਜਾਵੇਗਾ ਕਿਉਂਕਿ ਮੈਂ ਖੁਦ ਵੀ ਲੋਕਾਂ ਦੇ ਘਰਾਂ ਵਿੱਚ ਪਾਠ ਕਰਨ ਜਾਂਦਾ ਸੀ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਘਰ ਲਿਆਉਣੀ ਸੀ, ਉਸ ਸਮੇਂ ਗੁਰਦਵਾਰੇ ਦਾ ਗ੍ਰੰਥੀ ਉੱਥੇ ਨਹੀਂ ਸੀ, ਤੇ ਪੰਜ-ਛੇ ਜਣੇ ਸਤਿਕਾਰ ਸਹਿਤ ਬੀੜ ਘਰ ਲੈ ਆਏ। ਪਰ ਜਦੋਂ ਗ੍ਰੰਥੀ ਨੂੰ ਗ੍ਰੰਥ ਸਾਹਿਬ ਸਾਡੇ ਘਰ ਲਿਜਾਣ ਬਾਰੇ ਪਤਾ ਲੱਗਿਆ ਤਾਂ ਉਹ ਗੁੱਸੇ ਵਿਚ ਥਰਥਰਾਉਂਦਾ ਸਾਡੇ ਘਰ ਆਇਆ ਤੇ ਉਸਨੇ ਕਾਫੀ ਅਵਾ-ਤਵਾ ਬੋਲਿਆ, “ਤੁਸੀਂ ਚਮਿਆਰ ਹੋ ਅਤੇ ਚੰਮ ਚੱਕਣ ਦਾ ਕੰਮ ਕਰਦੇ ਹੋ ਅਤੇ ਹੁੱਕਾ ਪੀਂਦੇ ਹੋ ...।”

ਮੈਂ ਉਸ ਸਮੇਂ ਤਾਂ ਚੁੱਪ ਰਿਹਾ ਪਰ ਬਾਲ ਮਨ ਇਹ ਸਭ ਕੁੱਝ ਵੇਖ ਕੇ ਉਦੋਂ ਤੋਂ ਹੀ ਆਕੀ ਹੋ ਗਿਆ। ਮੈਂ ਰੌਲਾਂ ਲਾਉਣੀਆਂ ਛੱਡ ਦਿੱਤੀਆਂ। ਸਿਆਣਿਆਂ ਬਾਰੇ ਤਾਂ ਮੈਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਕੋਈ ਸਿਆਣਾ ਘਰ ਆਇਆ ਤਾਂ ਮੈਂ ਉਸ ਦੀਆਂ ਲੱਤਾਂ ਤੋੜ ਦਿਆਂਗਾ।

ਫਿਰ ਆਈ.ਟੀ.ਆਈ. ਮੋਗੇ ਕੋਰਸ ਕਰਨ ਸਮੇਂ ਮੈਨੂੰ ਪੰਜਾਬ ਸਟੂਡੈਂਟ ਯੂਨੀਅਨ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਉਦੋਂ ਤੱਕ ਮੈਂ 17 ਸਾਲ ਦਾ ਹੋ ਚੁੱਕਿਆ ਸੀ ਅਤੇ ਇਨਕਲਾਬੀ ਸਾਹਿਤ ਪੜ੍ਹਨ ਨਾਲ ਸੋਝੀ ਆਈ ਕਿ ਸੰਸਾਰ ਵਿਚ ਕੀ ਕੁੱਝ ਹੋ ਰਿਹਾ ਹੈ। ਮੈਂ ਪੂਰੀ ਤਰ੍ਹਾਂ ਨਾਸਤਿਕ ਬਣ ਗਿਆ। ਗਰੀਬੀ ਨੂੰ ਲਿਤਾੜਦਾ ਆਪਣੇ ਬਲਬੂਤੇ ’ਤੇ ਉੱਚੀਆਂ ਮੰਜ਼ਿਲਾਂ ਛੂਹਣ ਲਈ 1978 ਵਿਚ ਜੇ.ਬੀ.ਟੀ. ਅਧਿਆਪਕ ਦੀ ਨੌਕਰੀ ਕਰ ਲਈ। 1984 ਵਿੱਚ ਮਾਤਾ ਜੀ ਦੀ ਮੌਤ ’ਤੇ ਅਸੀਂ ਕੋਈ ਪਾਠ ਨਹੀਂ ਕਰਾਇਆ ਅਤੇ ਨਾ ਹੀ ਮੈਂ ਵਿਆਹ ਸਮੇਂ ਕਿਸੇ ਥਾਂ ਜਾਂ ਗੁਰਦਵਾਰੇ ਮੱਥਾ ਟੇਕਣ ਗਿਆ। ਜਿੱਥੋਂ ਤੱਕ ਮੇਰਾ ਵੱਸ ਚੱਲਦਾ ਹੈ, ਮੈਂ ਕਰ ਰਿਹਾ ਹਾਂ। ਝੁੱਲਦੇ ਝੱਖੜਾਂ ਦੀਆਂ ਉਲਟ ਦਿਸ਼ਾਵਾਂ ਵਿਚ ਚੱਲਣਾ ਅਤੇ ਵਹਿੰਦੇ ਦਰਿਆਵਾਂ ਦੀਆਂ ਲਹਿਰਾਂ ਦੇ ਉਲਟ ਤੈਰਨਾ ਮੈਂ ਆਪਣੀ ਜ਼ਿੰਦਗੀ ਦਾ ਮੁੱਖ ਨਿਸ਼ਾਨਾ ਬਣਾਇਆ ਹੋਇਆ ਹੈ। ਪੂਰੇ 50 ਸਾਲਾਂ ਤੋਂ ਰੱਬ ਦਾ ਸ਼ਰੀਕ ਬਣਕੇ ਜ਼ਿੰਦਗੀ ਜਿਉਂ ਰਿਹਾ ਹਾਂ।

ਜ਼ਿੰਦਗੀ ਵਿਚ ਚੰਗੀਆਂ-ਮਾੜੀਆਂ ਘਟਨਾਵਾਂ ਹਰੇਕ ਦੇ ਹਿੱਸੇ ਆਉਂਦੀਆਂ ਹਨ, ਚਾਹੇ ਕੋਈ ਆਸਤਿਕ ਹੋਵੇ ਜਾਂ ਨਾਸਤਿਕ। ਪਰ ਜਦੋਂ ਕੋਈ ਮਾੜੀ ਘਟਨਾ ਕਿਸੇ ਨਾਸਤਿਕ ਨਾਲ ਵਾਪਰ ਜਾਂਦੀ ਹੈ ਤਾਂ ਅਫਵਾਹਾਂ ਦਾ ਦੌਰ ਗਰਮ ਹੋ ਜਾਂਦਾ ਹੈ ਤੇ ਇਹੋ ਕਿਹਾ ਜਾਂਦਾ ਹੈ ਕਿ ਉਸ ਨਾਲ ਤਾਂ ਹੀ ਇਸ ਤਰ੍ਹਾਂ ਹੋਇਆ ਹੈ ਕਿਉਂਕਿ ਉਹ ਰੱਬ ਨੂੰ ਨਹੀਂ ਮੰਨਦਾ। ਪਰ ਸੱਚ ਸਾਡੇ ਸਭ ਦੇ ਸਾਹਮਣੇ ਹੈ। ਉੱਤਰਾਖੰਡ ਅਤੇ ਪੰਜ ਧਾਮਾਂ ਦੀ ਯਾਤਰਾ ’ਤੇ ਗਏ ਆਸਤਿਕਾਂ ਦੀ ਹੋਣੀ ਕਿਸ ਤੋਂ ਲੁਕੀ ਹੋਈ ਨਹੀਂ ਹੈ। ਇੱਕ ਗੱਲ ਸੱਚ ਹੈ ਕਿ ਨਾਸਤਿਕਾਂ ਵਿੱਚ ਅਲੌਕਿਕ ਸ਼ਕਤੀ ਹੁੰਦੀ ਹੈ। ਉਹ ਜ਼ਿੰਦਗੀ ਜਿਉਣ ਲਈ ਨਾ ਅਰਦਾਸਾਂ ਕਰਦੇ ਹਨ ਅਤੇ ਨਾ ਹੀ ਰੱਬ ਤੋਂ ਭੀਖ ਮੰਗਦੇ ਹਨ। ਉਹ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਂਦੇ ਹਨ ਤੇ ਮਰਦੇ ਹਨ।

ਮੇਰੀ ਜ਼ਿੰਦਗੀ ਵਿੱਚ ਜਿੰਨੇ ਮਰਜ਼ੀ ਮਾੜੇ ਦਿਨ ਆਉਣ, ਮੇਰਾ ਕੁੱਝ ਨਹੀਂ ਵਿਗਾੜ ਸਕਣਗੇ। ਮੈਂ ਚੰਗੇ ਦਿਨਾਂ ਦੀ ਭਾਲ ਵਿੱਚ ਭਟਕਾਂਗਾ ਨਹੀਂ। ਆਪਣੀ ਨੇਕ ਸੋਚਣੀ ਅਤੇ ਨੇਕ ਕੰਮਾਂ ਕਰਕੇ ਚੰਗੇ ਦਿਨ ਖੁਦ ਮੇਰੇ ਕੋਲ ਆਉਣਗੇ। ਇਸ ਵਿਚ ਨਾ ਕੋਈ ਰੱਬ ਅੜਿੱਕਾ ਪਾ ਸਕੇਗਾ ਨਾ ਹੀ ਮੈਂ ਹੀ ਉਸ ਨੂੰ ਪਾਉਣ ਦੇਵਾਂਗਾ।

*****

(1004)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਖਮਿੰਦਰ ਬਾਗ਼ੀ

ਸੁਖਮਿੰਦਰ ਬਾਗ਼ੀ

Adarsh Nagar, Samrala, Punjab, India.
Mobile: (94173 - 94805)
Email: (baggisukhminder@gmail.com)

More articles from this author