“ਸਭ ਤੋਂ ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਭ੍ਰਿਸ਼ਟਾਚਾਰ ਅਸੀਂ ਕਰਦੇ ਹਾਂ ਅਤੇ ਕਹਿੰਦੇ ਹਾਂ ...”
(30 ਮਈ 2022)
ਮਹਿਮਾਨ: 48.
ਅੱਜ ਕੱਲ੍ਹ ਹਰ ਕੋਈ ਆਪਣੇ ਆਪ ਨੂੰ ਦੁੱਧ ਧੋਤਾ ਸਮਝਦਾ ਹੈ। ਪਰ ਕੌੜਾ ਸੱਚ ਇਹ ਹੈ ਕਿ ਹਰ ਕੋਈ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਧਸਿਆ ਹੋਇਆ ਹੈ। ਆਮ ਤੌਰ ’ਤੇ ਕੋਈ ਸਰਕਾਰੀ ਕੰਮ ਕਰਾਉਣ ਲਈ ਪੈਸੇ ਦੇਣ ਨੂੰ ਹੀ ਭ੍ਰਿਸ਼ਟਾਚਾਰ (ਰਿਸ਼ਵਤ) ਕਿਹਾ ਜਾਂਦਾ ਹੈ। ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਭ੍ਰਿਸ਼ਟਾਚਾਰ ਦਾ ਵਿਕਰਾਲ ਰੂਪ ਹਰ ਪਾਸੇ ਆਮ ਹੀ ਦੇਖਿਆ ਜਾ ਸਕਦਾ ਹੈ। ਸਾਡੇ ਭਾਰਤੀਆਂ ਦੇ ਲਹੂ ਵਿੱਚ ਇਹ ਭ੍ਰਿਸ਼ਟਾਚਾਰ ਰਚ ਚੁੱਕਿਆ ਹੈ। ਤੁਸੀਂ ਭ੍ਰਿਸ਼ਟਾਚਾਰ ਦੇ ਫੈਲੇ ਹੋਏ ਚਿੱਕੜ ਵਿੱਚ ਆਪਣੇ ਆਪ ਨੂੰ ਦੁੱਧ ਧੋਤੇ ਕਿਵੇਂ ਕਹਿ ਸਕਦੇ ਹੋ? ਬਾਬਾ ਨਾਨਕ ਨੇ ਕਿਹਾ ਸੀ ਕਿ ਹੱਥੀਂ ਕਿਰਤ ਕਰੋ। ਇਹ ਵੀ ਕਿਹਾ ਜਾਂਦਾ ਹੈ ਕਿ ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾਹ। ਇੱਕ ਸ਼ਬਦ ਹੈ ਪਰਜੀਵੀ, ਜਿਸਦਾ ਅਰਥ ਹੁੰਦਾ ਹੈ ਦੂਜਿਆਂ ਦੀ ਕਮਾਈ ’ਤੇ ਜਿਊਣ ਵਾਲਾ ਜੀਵ। ਮੇਰੇ ਖਿਆਲ ਅਨੁਸਾਰ ਪਰਜੀਵੀ ਅਤੇ ਭ੍ਰਿਸ਼ਟਾਚਾਰੀ ਇੱਕੋ ਜਾਤੀ ਦੇ ਜੀਵ ਹਨ। ਹੁਣ ਤੁਸੀਂ ਆਪ ਹੀ ਆਸੇ ਪਾਸੇ ਨਜ਼ਰ ਮਾਰ ਕੇ ਵੇਖ ਲਵੋ ਕਿ ਭ੍ਰਿਸ਼ਟਾਚਾਰ ਕਿਸ ਹੱਦ ਤਕ ਫੈਲਿਆ ਹੋਇਆ ਹੈ? ਕਿਸੇ ਨੂੰ ਵੱਧ ਕੀਮਤ ’ਤੇ ਚੀਜ਼ਾਂ ਵੇਚਣੀਆਂ, ਕਿਸੇ ਦੀ ਕਿਰਤ ਦੀ ਲੁੱਟ ਕਰਨੀ ਜਾਂ ਕਰਵਾਉਣੀ, ਵਿਹਲੇ ਰਹਿਣਾ ਅਤੇ ਦੂਜਿਆਂ ਦੀ ਕਮਾਈ ’ਤੇ ਜਿਊਣਾ, ਕਰਜ਼ਾ ਲੈ ਕੇ ਨਾ ਮੋੜਨਾ, ਕੀ ਇਹ ਭ੍ਰਿਸ਼ਟਾਚਾਰ ਨਹੀਂ ਹੈ? ਹੋਰ ਤਾਂ ਹੋਰ, ਕੰਮਚੋਰੀ, ਮਿਲਾਵਟਖੋਰੀ ਅਤੇ ਠੱਗੀ ਠੋਰੀ ਵੀ ਭ੍ਰਿਸ਼ਟਾਚਾਰ ਦਾ ਹੀ ਇੱਕ ਰੂਪ ਹੈ।
ਅਸਲ ਗੱਲ ਤਾਂ ਇਹ ਵੀ ਹੈ ਕਿ ਅਸੀਂ ਭ੍ਰਿਸ਼ਟਾਚਾਰੀ ਪ੍ਰਬੰਧ ਵਿੱਚ ਰਹਿ ਰਹੇ ਹਾਂ। ਜਦੋਂ ਪ੍ਰਬੰਧ ਹੀ ਭ੍ਰਿਸ਼ਟਾਚਾਰੀ ਹੈ, ਫਿਰ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ? ਜ਼ਰਾ ਸੋਚੋ ਕਿ ਸਾਡੇ ਕੱਪੜੇ ਗੰਦੇ ਹਨ। ਅਸੀਂ ਉਨ੍ਹਾਂ ਨੂੰ ਸਾਫ਼ ਕਰਨਾ ਹੈ। ਕੀ ਅਸੀਂ ਉਨ੍ਹਾਂ ਨੂੰ ਗੰਧਲੇ ਪਾਣੀ ਨਾਲ ਧੋ ਕੇ ਸਾਫ਼ ਕਰ ਸਕਦੇ ਹਾਂ ਜਾਂ ਫਿਰ ਸਾਫ਼ ਪਾਣੀ ਨਾਲ? ਬਿਨਾ ਸ਼ੱਕ ਹਰ ਇੱਕ ਦਾ ਜਵਾਬ ਹੋਵੇਗਾ ਕਿ ਸਾਫ਼ ਪਾਣੀ ਨਾਲ ਧੋ ਕੇ ਹੀ ਸਾਫ਼ ਕਰ ਸਕਾਂਗੇ। ਸੱਚ ਇਹ ਵੀ ਹੈ ਕਿ ਬਹੁਤੇ ਦੇਸ਼ਾਂ ਨੇ ਅਜਿਹਾ ਪ੍ਰਬੰਧ ਉਸਾਰ ਲਿਆ ਹੈ ਜਿੱਥੇ ਲੋਕ ਖੁਸ਼ੀ ਖੁਸ਼ੀ ਆਪਣਾ ਜੀਵਨ ਬਤੀਤ ਕਰ ਰਹੇ ਹਨ। ਬਿਨਾ ਸ਼ੱਕ ਉੱਥੇ ਵੀ ਭ੍ਰਿਸ਼ਟਾਚਾਰ ਹੋ ਸਕਦਾ ਹੈ ਪਰ ਉਹ ਆਟੇ ਵਿੱਚ ਲੂਣ ਦੇ ਬਰਾਬਰ ਹੋਵੇਗਾ। ਪਰ ਭਾਰਤ ਵਿੱਚ ਤਾਂ ਲੂਣ ਦੀ ਥਾਂ ਆਟੇ ਦੇ ਬਰਾਬਰ ਭ੍ਰਿਸ਼ਟਾਚਾਰ ਹੈ।
ਅਸਲ ਵਿੱਚ ਅਸੀਂ ਅਕਲ ਵਿਹੂਣੇ ਅਤੇ ਲਾਈਲੱਗ ਹਾਂ। ਅਸੀਂ ਆਪਣੇ ਦਿਮਾਗ ਦੀ ਵਰਤੋਂ ਕਰਦੇ ਹੀ ਨਹੀਂ। ਜਿਸ ਨੇ ਸਾਨੂੰ ਜਿਵੇਂ ਕਿਹਾ, ਅਸੀਂ ਉਸ ਤਰ੍ਹਾਂ ਹੀ ਮੰਨ ਲੈਂਦੇ ਹਾਂ। ਇਸ ਬਾਰੇ ਬਹੁਤ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਜੇ ਕਿਸੇ ਨੇ ਕਿਹਾ ਕਿ ਨਲਕੇ ਦੇ ਪਾਣੀ ਨਾਲ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ, ਅਸੀਂ ਬਿਨਾਂ ਸੋਚੇ ਸਮਝੇ ਅੱਖਾਂ ਮੀਚ ਕੇ ਪਾਣੀ ਲੈਣ ਲਈ ਕੈਨਾਂ, ਢੋਲੀਆਂ ਅਤੇ ਪਲਾਸਟਿਕ ਦੀਆਂ ਬੋਤਲਾਂ ਲੈ ਕੇ ਨਲਕੇ ਵੱਲ ਵਹੀਰਾਂ ਘੱਤ ਦਿੰਦੇ ਹਾਂ। ਕੋਈ ਸੋਟੇ ਵਾਲਾ, ਚਿਮਟੇ ਵਾਲਾ ਬਾਬਾ ਸੋਟੇ ਅਤੇ ਚਿਮਟੇ ਮਾਰ ਕੇ ਇਲਾਜ ਕਰਦਾ ਹੈ ਤਾਂ ਅਸੀਂ ਸੋਟੇ ਚਿਮਟੇ ਖਾਣ (ਮਰਵਾਉਣ) ਤੁਰ ਪੈਂਦੇ ਹਾਂ। ਹੋਰ ਤਾਂ ਹੋਰ, ਕੋਈ ਦੰਦੀਆਂ ਵੱਢ ਕੇ ਇਲਾਜ ਕਰਦਾ ਹੈ ਤਾਂ ਅਸੀਂ ਬਿਨਾ ਸੋਚੇ ਸਮਝੇ ਦੰਦੀਆਂ ਵੀ ਵਢਵਾ ਲੈਂਦੇ ਹਾਂ। ਭ੍ਰਿਸ਼ਟਾਚਾਰ ਅਤੇ ਅੰਧਵਿਸ਼ਵਾਸ ਦੋਨੋਂ ਸਕੇ ਭਰਾ ਹਨ। ਇਹ ਦੋਨੋਂ ਭਰਾਵਾਂ ਦੀ ਮਦਦ ਨਾਲ ਚਲਾਕ ਲੋਕ ਸਾਨੂੰ ਬੁੱਧੂ ਬਣਾ ਕੇ ਲੁੱਟ ਰਹੇ ਹਨ।
ਪਿਛਲੇ ਦਿਨਾਂ ਤੋਂ ਇੱਕ ਖਬਰ ਟੀ ਵੀ ਚੈਨਲਾਂ ਅਤੇ ਅਖਬਾਰਾਂ ਵਿੱਚ ਖੂਬ ਸੁਰਖੀਆਂ ਬਟੋਰ ਰਹੀ ਹੈ ਕਿ ਸਾਡੇ ਮੁੱਖ ਮੰਤਰੀ ਸ ਭਗਵੰਤ ਮਾਨ ਜੀ ਨੇ ਆਪਣੀ ਹੀ ਪਾਰਟੀ ਦੇ ਭ੍ਰਿਸ਼ਟਾਚਾਰ ਕਰ ਰਹੇ ਕੈਬਨਿਟ ਮੰਤਰੀ (ਸਿਹਤ ਮੰਤਰੀ) ਨੂੰ ਬਰਖਾਸਤ ਕਰ ਦਿੱਤਾ ਹੈ ਅਤੇ ਉਸ ਨੂੰ ਵਿਜੀਲੈਂਸ ਦੇ ਹਵਾਲੇ ਵੀ ਕਰ ਦਿੱਤਾ ਹੈ। ਬਿਨਾ ਸ਼ੱਕ ਇਹ ਇੱਕ ਸ਼ਲਾਘਾਯੋਗ ਕਦਮ ਹੈ। ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ। ਪਰ ਇਹ ਵੀ ਕਿਹਾ ਜਾਂਦਾ ਹੈ ਕਿ ਚਾਰ ਦਿਨਾਂ ਦੀ ਚਾਂਦਨੀ ਫਿਰ ਹਨ੍ਹੇਰੀ ਰਾਤ। ਇਸ ਭ੍ਰਿਸ਼ਟਾਚਾਰ ਦੀ ਦਲਦਲ ਵਿੱਚੋਂ ਜੇਕਰ ਇੱਕ ਅੱਧਾ ਮਗਰਮੱਛ ਫੜ ਵੀ ਲਿਆ ਹੈ ਤਾਂ ਬਹੁਤੀ ਖੁਸ਼ੀ ਮਨਾਉਣ ਦੀ ਲੋੜ ਨਹੀਂ, ਕਿਉਂਕਿ ਭ੍ਰਿਸ਼ਟਾਚਾਰ ਦੀ ਦਲਦਲ ਅਨੇਕਾਂ ਨਵੇਂ-ਪੁਰਾਣੇ ਘਾਗ ਭ੍ਰਿਸ਼ਟਾਚਾਰੀ ਮਗਰਮੱਛਾਂ ਨਾਲ ਭਰੀ ਪਈ ਹੈ। ਉਨ੍ਹਾਂ ਤਕ ਪਹੁੰਚਣ ਲਈ ਦਹਾਕੇ ਲੱਗ ਸਕਦੇ ਹਨ। ਭਾਰਤ ਵਿੱਚ ਸਭ ਨੂੰ ਪਤਾ ਹੈ ਕਿ ਇੱਥੋਂ ਦਾ ਪ੍ਰਬੰਧ ਕਿਹੋ ਜਿਹਾ ਹੈ? ਦਹਾਕਿਆਂ ਪੁਰਾਣੇ ਕੇਸ ਅਦਾਲਤਾਂ ਵਿੱਚ ਪਏ ਹਨ। ਕਈ ਕੇਸਾਂ ਵਿੱਚ ਸੁਣਵਾਈ ਦੀ ਦੇਰੀ ਕਾਰਨ ਦੋਸ਼ੀ ਮਰ ਮੁੱਕ ਵੀ ਜਾਂਦੇ ਹਨ। ਘਪਲਿਆਂ-ਘੁਟਾਲਿਆਂ ਦੀ ਲਿਸਟ ਐਨੀ ਲੰਮੀ ਹੈ ਕਿ ਕਾਗਜ਼ ਬਣਾਉਣ ਵਾਲੇ ਦਰਖਤ ਮੁੱਕ ਸਕਦੇ ਹਨ ਪਰ ਲਿਸਟ ਨਹੀਂ ਮੁੱਕੇਗੀ। ਕਿੱਥੇ ਗਿਆ ਪਟਵਾਰੀ ਦੇ ਭ੍ਰਿਸ਼ਟਾਚਾਰ ਵਾਲਾ ਕੇਸ? ਚਾਰ ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਫਿਰ ਧੂੜ ਵਿੱਚ ਗਵਾਚ ਗਿਆ। ਇਸ ਤਰ੍ਹਾਂ ਹੀ ਕੇਸਾਂ ਥੱਲੇ ਕੇਸ ਦੱਬਦੇ ਜਾਣਗੇ ਪਰ ਭ੍ਰਿਸ਼ਟਾਚਾਰ ਸ਼ਾਇਦ ਫਿਰ ਵੀ ਖਤਮ ਨਹੀਂ ਹੋਵੇਗਾ।
ਭ੍ਰਿਸ਼ਟਾਚਾਰ ਵਿਰੁੱਧ ਜੰਗ ਲੜਨ ਦੀ ਬਜਾਏ ਇਸ ਪ੍ਰਬੰਧ ਨੂੰ ਸੁਧਾਰਨ ਦੀ ਲੋੜ ਹੈ। ਇੱਕ ਕਹਾਣੀ ਹੈ ਕਿ ਕਿਸੇ ਜ਼ਾਲਮ ਮਨੁੱਖ ਦੀ ਜਾਨ ਕਿਸੇ ਤੋਤੇ ਵਿੱਚ ਸੀ। ਲੋਕ ਉਸ ਜ਼ਾਲਮ ਮਨੁੱਖ ਨੂੰ ਮਾਰਨਾ ਚਾਹੁੰਦੇ ਸਨ ਪਰ ਉਹ ਹਰ ਵਾਰ ਬਚ ਜਾਂਦਾ। ਲੋਕ ਹੈਰਾਨ ਪ੍ਰੇਸ਼ਾਨ ਸਨ ਕਿ ਉਸ ਆਦਮੀ ਤੋਂ ਖਹਿੜਾ ਕਿਵੇਂ ਛੁਡਵਾਇਆ ਜਾਵੇ? ਉਸ ਮਨੁੱਖ ਦੇ ਕਿਸੇ ਖਾਸ ਆਦਮੀ ਨੂੰ ਪਤਾ ਸੀ ਕਿ ਇਹ ਕਿਉਂ ਨਹੀਂ ਮਰਦਾ? ਅਚਾਨਕ ਦੋਹਾਂ ਵਿੱਚ ਅਣਬਣ ਹੋ ਗਈ ਅਤੇ ਉਸ ਆਦਮੀ ਦੇ ਦੋਸਤ ਨੇ ਜ਼ਾਲਮ ਆਦਮੀ ਦੀ ਜਾਨ ਦਾ ਤੋਤੇ ਵਾਲਾ ਭੇਤ ਲੋਕਾਂ ਨੂੰ ਦੱਸ ਦਿੱਤਾ। ਬੱਸ ਫਿਰ ਕੀ ਸੀ ਲੋਕਾਂ ਨੇ ਉਸ ਮਨੁੱਖ ਨੂੰ ਮਾਰਨ ਦੀ ਥਾਂ ਉਸ ਤੋਤੇ ਦਾ ਗ਼ਲ ਮਰੋੜ ਦਿੱਤਾ ਤੇ ਉਹ ਮਨੁੱਖ ਆਪਣੇ ਆਪ ਮਰ ਗਿਆ। ਬਿਲਕੁਲ ਇਸੇ ਤਰ੍ਹਾਂ ਹੀ ਇਹ ਭ੍ਰਿਸ਼ਟ ਪ੍ਰਬੰਧ ਹੀ ਉਹ ਤੋਤਾ ਹੈ ਜਿਸਦੇ ਸਹਾਰੇ ਇਹ ਭ੍ਰਿਸ਼ਟਾਚਾਰ ਵਧਦਾ ਹੈ।
ਭ੍ਰਿਸ਼ਟਾਚਾਰ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਫਾਸਟ ਟਰੈਕ ਅਦਾਲਤਾਂ ਦਾ ਗਠਨ ਕਰਨਾ ਪਵੇਗਾ। ਸਜ਼ਾ ਅਜਿਹੀ ਦਿੱਤੀ ਜਾਵੇ ਕਿ ਉਹ ਲੋਕਾਂ ਨੂੰ ਵੀ ਦਿਸੇ ਤਾਂ ਕਿ ਉਸ ਸਜ਼ਾ ਤੋਂ ਡਰਦੇ ਹੋਰ ਕੋਈ ਭ੍ਰਿਸ਼ਟਾਚਾਰ ਨਾ ਕਰਨ। ਹਰ ਇੱਕ ਕੈਦੀ ਨਾਲ ਜੇਲ੍ਹ ਦੇ ਨਿਯਮਾਂ ਅਨੁਸਾਰ ਹੀ ਵਿਵਹਾਰ ਕਰਨਾ ਪਵੇਗਾ। ਅਦਾਲਤਾਂ ਦਾ ਕੰਮ ਹੈ ਸਜ਼ਾ ਸੁਣਾਉਣਾ, ਕਿਸੇ ਨੂੰ ਵੀ. ਆਈ. ਪੀ. ਬਣਾਉਣਾ ਨਹੀਂ। ਅੱਜ ਕੱਲ੍ਹ ਜੇਲ੍ਹ ਅੰਦਰ ਮੋਬਾਇਲ ਮਿਲਣ ਦੀਆਂ ਖਬਰਾਂ ਨਿੱਤ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ ਅਤੇ ਮੋਬਾਇਲ ਨਾਲ ਬਣਾਈਆਂ ਵੀਡੀਓਜ਼ ਆਮ ਹੀ ਦੇਖਣ ਨੂੰ ਮਿਲਦੀਆਂ ਹਨ। ਲੱਗਦਾ ਹੀ ਨਹੀਂ ਕਿ ਜੇਲ੍ਹਾਂ ਵਿੱਚ ਕੈਦੀ ਬੰਦ ਹਨ ਅਤੇ ਇੰਜ ਲੱਗਦਾ ਹੈ ਕਿ ਜੇਲ੍ਹਾਂ ਵਿੱਚ ਮੌਜਾਂ ਹੀ ਮੌਜਾਂ ਹਨ। ਇਹ ਸਭ ਭ੍ਰਿਸ਼ਟ ਪ੍ਰਬੰਧ ਦੀ ਦੇਣ ਹੈ। ਹੁਣ ਤਕ ਅੰਗਰੇਜ਼ਾਂ ਦੇ ਜ਼ਮਾਨੇ ਦੇ ਬਣਾਏ ਕਾਨੂੰਨ ਹੀ ਲਾਗੂ ਕੀਤੇ ਜਾ ਰਹੇ ਹਨ। ਇਹ ਪੁਰਾਣੇ ਕਾਨੂੰਨ ਬਦਲਣ ਦੀ ਲੋੜ ਹੈ। ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਖਾਣ ਪੀਣ ਦੀਆਂ ਸਹੂਲਤਾਂ ਤਾਂ ਮਿਲਣੀਆਂ ਚਾਹੀਦੀਆਂ ਹਨ। ਪਰ ਉਨ੍ਹਾਂ ਨੂੰ ਵੀ. ਆਈ. ਪੀ. ਬਣਾਉਣਾ ਬਹੁਤ ਗ਼ਲਤ ਹੈ। ਜੇਲ੍ਹ ਅੰਦਰ ਦੀਆਂ ਗੱਲਾਂ ਨੂੰ ਮਿਰਚ ਮਸਾਲਾ ਲਾ ਕੇ ਅਖਬਾਰਾਂ ਦੀਆਂ ਸੁਰਖੀਆਂ ਬਣਨ ਨਾਲ ਬਾਹਰ ਦੇ ਮੁਜਰਿਮਾਂ ਦੇ ਹੌਸਲੇ ਪਸਤ ਹੋਣ ਦੀ ਥਾਂ ਬੁਲੰਦ ਹੋ ਜਾਂਦੇ ਹਨ। ਅੱਜ ਲੋੜ ਇਸ ਗੱਲ ਦੀ ਹੈ ਕਿ ਮੋਬਾਇਲਾਂ ਨੂੰ ਬੰਦ ਕਰਨ ਲਈ ਸਾਰੀਆਂ ਜੇਲ੍ਹਾਂ ਵਿੱਚ ਜੈਮਰ ਲੱਗਾ ਦੇਣੇ ਚਾਹੀਦੇ ਹਨ। ਪਰ ਸਰਕਾਰ ਤਾਂ ਜੇਲ੍ਹ ਮੁਲਾਜ਼ਮਾਂ ਦੀਆਂ ਬਦਲੀਆਂ ਕਰਨ ਵਿੱਚ ਹੀ ਰੁੱਝੀ ਹੋਈ ਹੈ। ਮੁਲਾਜ਼ਮਾਂ ਦਾ ਉਹ ਹਾਲ ਹੈ ਕਿਸੇ ਨੇ ਕਿਹਾ ਕਿ ਲੰਡਿਆ ਤੈਨੂੰ ਚੋਰ ਲੈ ਜਾਣ ਤਾਂ ਅੱਗੋਂ ਲੰਡਾ ਹੱਸ ਕੇ ਬੋਲਿਆ ਕਿ ਯਾਰਾਂ ਤਾਂ ਪੱਠੇ ਹੀ ਖਾਣੇ ਹਨ। ਮੈਨੂੰ ਚੋਰ ਜਾਂ ਸਾਧ ਨਾਲ ਕੀ ਮਤਲਬ? ਕਹਿੰਦੇ ਹਨ ਕਿ ਜੋ ਲਾਹੌਰ ਵਿੱਚ ਬੁੱਧੂ ਉਹ ਪਿਸ਼ੌਰ ਵਿੱਚ ਵੀ ਬੁੱਧੂ।
ਮੈਨੂੰ ਬਾਬਾ ਨਾਨਕ ਤੇ ਮਰਦਾਨੇ ਦੀ ਕਹਾਣੀ ਚੇਤੇ ਆਉਂਦੀ ਹੈ। ਕਿਸੇ ਪਿੰਡ ਵਿੱਚ ਬਾਬਾ ਨਾਨਕ ਤੇ ਮਰਦਾਨਾ ਗਏ ਉਸ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਰੋਟੀ ਚਾਹ ਪਾਣੀ ਤਕ ਨਾ ਪੁੱਛਿਆ ਤਾਂ ਬਾਬਾ ਨਾਨਕ ਨੇ ਉਨ੍ਹਾਂ ਨੂੰ ਵਸਦੇ ਰਹੋ ਦੀ ਅਸੀਸ ਦਿੱਤੀ। ਇੱਕ ਪਿੰਡ ਵਿੱਚ ਉਨ੍ਹਾਂ ਦੀ ਬਹੁਤ ਆਓ ਭਗਤ ਕੀਤੀ ਗਈ ਤਾਂ ਬਾਬਾ ਨਾਨਕ ਨੇ ਕਿਹਾ ਕਿ ਉੱਜੜ ਜਾਓ। ਹੈਰਾਨ ਪ੍ਰੇਸ਼ਾਨ ਮਰਦਾਨੇ ਨੇ ਜਦੋਂ ਇਸਦਾ ਕਾਰਨ ਪੁੱਛਿਆ ਤਾਂ ਉਹ ਵਿਚਾਰਾ ਦੰਗ ਰਹਿ ਗਿਆ। ਬਾਬਾ ਨਾਨਕ ਨੇ ਕਿਹਾ ਕਿ ਚੰਗੇ ਬੰਦੇ ਹੋਰ ਥਾਂਵਾਂ ’ਤੇ ਜਾਣਗੇ ਤਾਂ ਚੰਗਿਆਈ ਫੈਲਾਉਣਗੇ। ਮਾੜੇ ਬੰਦਿਆਂ ਬਾਰੇ ਤੂੰ ਆਪ ਹੀ ਸਮਝ ਲੈਣਾ। ਇਸ ਲਈ ਭ੍ਰਿਸ਼ਟ ਜੇਲ੍ਹ ਮੁਲਾਜ਼ਮਾਂ ਦੀਆਂ ਬਦਲੀਆਂ ਕਰਨ ਦੀ ਥਾਂ ਉਨ੍ਹਾਂ ਨੂੰ ਜਾਂ ਤਾਂ ਸਜ਼ਾ ਦਿੱਤੀ ਜਾਵੇ ਜਾਂ ਕੋਈ ਅਜਿਹਾ ਸ਼ਿਕੰਜਾ ਕੱਸਿਆ ਜਾਵੇ ਕਿ ਉਹ ਭ੍ਰਿਸ਼ਟਾਚਾਰ ਕਰਨ ਤੋਂ ਤੋਬਾ ਕਰ ਲੈਣ। ਬਦਲੀਆਂ ਕੋਈ ਠੋਸ ਹੱਲ ਨਹੀਂ ਹੈ। ਨਹੀਂ ਤਾਂ ਬਾਬਾ ਨਾਨਕ ਦੀ ਸੋਚ ਗ਼ਲਤ ਸਾਬਤ ਹੋ ਜਾਵੇਗੀ। ਜਿਸ ਤਰ੍ਹਾਂ ਕਹਿੰਦੇ ਹਨ ਕਿ ਇੱਕ ਗੋਹੇ ਨਾਲ ਲਿੱਬੜੀ ਮੱਝ ਦੂਜੀਆਂ ਮੱਝਾਂ ਨੂੰ ਵੀ ਲਿਬੇੜ ਦਿੰਦੀ ਹੈ, ਜਦੋਂ ਭ੍ਰਿਸ਼ਟ ਜੇਲ੍ਹ ਕਰਮਚਾਰੀ ਤੇ ਅਧਿਕਾਰੀ ਦੂਜੀਆਂ ਜੇਲ੍ਹਾਂ ਵਿੱਚ ਜਾਣਗੇ ਤਾਂ ਉਹ ਸਭ ਨੂੰ ਆਪਣੇ ਵਰਗੇ ਕਰ ਲੈਣਗੇ। ਇਸ ਤਰ੍ਹਾਂ ਕਰਨ ਨਾਲ ਭ੍ਰਿਸ਼ਟਾਚਾਰ ਘਟੇਗਾ ਨਹੀਂ, ਸਗੋਂ ਵਧੇਗਾ।
ਸਭ ਤੋਂ ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਭ੍ਰਿਸ਼ਟਾਚਾਰ ਅਸੀਂ ਕਰਦੇ ਹਾਂ ਅਤੇ ਕਹਿੰਦੇ ਹਾਂ ਕਿ ਸਰਕਾਰ ਭ੍ਰਿਸ਼ਟਾਚਾਰ ਰੋਕੇ। ਕੌੜੀ ਸਚਾਈ ਇਹ ਵੀ ਹੈ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਭ੍ਰਿਸ਼ਟਾਚਾਰ ਖਤਮ ਹੀ ਨਹੀਂ ਕੀਤਾ ਜਾ ਸਕਦਾ। ਬਹੁਤੇ ਸ਼ਹਿਰਾਂ ਵਿੱਚ ਜਾਗਰੂਕ ਵਿਅਕਤੀਆਂ ਨੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਬਣਾਏ ਹੋਏ ਹਨ। ਉਹ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕੋਸ਼ਿਸ਼ਾਂ ਵੀ ਕਰਦੇ ਹਨ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਰਿਹਾ। ਕਿਉਂਕਿ ਉਨ੍ਹਾਂ ਕੋਲ ਕਾਨੂੰਨੀ ਮਾਨਤਾ ਨਹੀਂ ਹੈ। ਬਹੁਤ ਘੱਟ ਲੋਕ ਉਨ੍ਹਾਂ ਤਕ ਪਹੁੰਚ ਕਰਦੇ ਹਨ। ਹਾਂ, ਜੇਕਰ ਕਿਸੇ ਕਰਮਚਾਰੀ ਜਾਂ ਅਧਿਕਾਰੀ ਵਿਰੁੱਧ ਕੋਈ ਭ੍ਰਿਸ਼ਟਾਚਾਰ ਬਾਰੇ ਸ਼ਿਕਾਇਤ ਮਿਲਦੀ ਹੈ ਤਾਂ ਫਰੰਟ ਦੇ ਮੈਂਬਰ ਸੈਂਕੜੇ ਨਹੀਂ ਤਾਂ 50-60 ਮੈਂਬਰਾਂ ਨੂੰ ਨਾਲ ਲੈ ਕੇ ਉਸ ਦਫਤਰ ਦੇ ਭ੍ਰਿਸ਼ਟਾਚਾਰੀ ਕਰਮਚਾਰੀ /ਅਧਿਕਾਰੀ ਨੂੰ ਮਿਲਣ ’ਤੇ ਉਸ ਨੂੰ ਕਾਨੂੰਨ ਅਨੁਸਾਰ ਕੰਮ ਕਰਨ ਲਈ ਕਹਿਣ। ਨਾ ਮੰਨਣ ਦੀ ਸੂਰਤ ਵਿੱਚ ਉਸ ਭ੍ਰਿਸ਼ਟਾਚਾਰੀ ਦੇ ਘਰ ਅੱਗੇ ਧਰਨਾ ਲਾ ਕੇ ਉਸ ਨੂੰ ਸਮਾਜਿਕ ਲਾਹਣਤਾਂ ਪਾਉਣ। ਫਿਰ ਵੇਖੋ ਕੀ ਨਤੀਜਾ ਨਿਕਲਦਾ ਹੈ? ਫਿਰ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਕੀ ਸਰਕਾਰ ਵੀ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦੀ ਹੈ ਜਾਂ ਫਿਰ ਭ੍ਰਿਸ਼ਟਾਚਾਰੀ ਕਰਮਚਾਰੀਆਂ / ਅਧਿਕਾਰੀਆਂ ਦੀ ਰਾਖੀ ਕਰਦੀ ਹੈ। ਭ੍ਰਿਸ਼ਟਾਚਾਰ ਖਤਮ ਕਰਨ ਲਈ ਇੱਕ ਲੋਕ ਲਹਿਰ ਦੀ ਜ਼ਰੂਰਤ ਹੈ। ਗੱਲਾਂਬਾਤਾਂ ਨਾਲ ਨਾ ਸਰਕਾਰ ਭ੍ਰਿਸ਼ਟਾਚਾਰ ਖਤਮ ਕਰ ਸਕਦੀ ਹੈ ਅਤੇ ਨਾ ਹੀ ਇਹ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਬਣਾ ਕੇ ਖਤਮ ਕੀਤਾ ਜਾ ਸਕਦਾ ਹੈ। ਨਹੀਂ ਤਾਂ ਫਿਰ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ।
ਕੀ ਭ੍ਰਿਸ਼ਟਾਚਾਰ ਖਤਮ ਕਰਨ ਦੀ ਜ਼ਿੰਮੇਵਾਰੀ ਸਿਰਫ਼ ਸਾਡੇ ਇਕੱਲੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਹੀ ਹੈ ਜਾਂ ਫਿਰ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ? ਇਸ ਸਵਾਲ ਦੇ ਜਵਾਬ ਦੀ ਉਡੀਕ ਵਿੱਚ ਤੁਹਾਡਾ, ਸੁਖਮਿੰਦਰ ਬਾਗ਼ੀ, ਸਮਰਾਲਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3597)
(ਸਰੋਕਾਰ ਨਾਲ ਸੰਪਰਕ ਲਈ: