“ਆਉਣ ਵਾਲੇ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਸੋਚਣਾ ਹੀ ਪਵੇਗਾ ਕਿ ਅਸੀਂ ...”
(9 ਨਵੰਬਰ 2020)
ਇਹ ਕਿਹਾ ਜਾਂਦਾ ਹੈ ਕਿ ਭਾਰਤ ਸੋਨੇ ਦੀ ਚਿੜੀ ਹੈ। ਇਹ ਸੱਚ ਵੀ ਹੈ ਕਿਉਂਕਿ ਭਾਰਤ ਵਿੱਚ 6-7 ਅਜਿਹੇ ਮੰਦਰ ਹਨ ਜਿਨ੍ਹਾਂ ਵਿੱਚ ਲੱਖਾਂ ਟਨ ਸੋਨਾ ਪਿਆ ਹੈ ਅਤੇ ਬਹੁਤੇ ਗੁਰਦੁਆਰਿਆਂ ਦੇ ਕਲਸਾਂ ਉੱਤੇ ਵੀ ਸੋਨੇ ਦੇ ਪੱਤਰੇ ਚਾੜ੍ਹੇ ਹੋਏ ਹਨ। ਜਿਸ ਤਰ੍ਹਾਂ ਇੱਕ ਅਖੌਤ ਹੈ ਕਿ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਇਹ ਅਖਾਣ ਭਾਰਤ ’ਤੇ ਪੂਰੀ ਤਰ੍ਹਾਂ ਨਾਲ ਢੁੱਕਦਾ ਹੈ ਕਿਉਂਕਿ ਇਹ ਸੋਨਾ ਮੰਦਰਾਂ ਦੇ ਤਹਿਖਾਨਿਆਂ ਵਿੱਚ ਕੈਦ ਕੀਤਾ ਹੋਇਆ ਹੈ। ਇਹ ਭਾਰਤ ਦੇ ਲੋਕਾਂ ਦਾ ਹੈ ਪਰ ਭਾਰਤ ਦੇ ਲੋਕਾਂ ਦੇ ਕਿਸੇ ਵੀ ਕੰਮ ਨਹੀਂ ਆ ਰਿਹਾ। ਹੁਣ ਇਹ ਸੋਨਾ ਥੋੜ੍ਹਾ ਥੋੜ੍ਹਾ ਕਰਕੇ ਘਟ ਵੀ ਰਿਹਾ ਹੈ। ਇਸਦੇ ਘਟਣ ਦੇ ਕਾਰਨਾਂ ਸਭ ਨੂੰ ਪਤਾ ਹੈ ਪਰ ਬੋਲਦਾ ਕੋਈ ਨਹੀਂ। ਇਸ ਸੋਨੇ ਦੀ ਚਿੜੀ ਦੇ ਖੰਭਾਂ ਨੂੰ ਹੁਣ ਬਹੁਤ ਲੋਕ ਖੋਹ ਖਿੱਚ ਰਹੇ ਹਨ ਅਤੇ ਇਸਦੀ ਪੁਸ਼ਤਪਨਾਹੀ ਸਿਆਸਤਦਾਨ ਕਰ ਰਹੇ ਹਨ। ਸਰਮਾਏਦਾਰ ਲੁਟੇਰੇ ਭਾਰਤੀਆਂ ਦੀ ਮਿਹਨਤ ਨਾਲ ਕੀਤੀ ਗਈ ਕਮਾਈ ਨੂੰ ਲੁੱਟ ਕੇ ਭਾਰਤ ਵਿੱਚੋਂ ਫਰਾਰ ਹੋ ਕੇ ਵਿਦੇਸ਼ਾਂ ਵਿੱਚ ਐਸ਼ ਪ੍ਰਸਤੀ ਕਰ ਰਹੇ ਹਨ।
ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰਤ ਨੂੰ ਭ੍ਰਿਸ਼ਟਾਚਾਰ ਦਾ ਘੁਣ ਲੱਗਿਆ ਹੋਇਆ ਹੈ ਅਤੇ ਇੱਕ ਦਿਨ ਇਹ ਘੁਣ ਵੀ ਦੇਸ਼ ਨੂੰ ਉਸੇ ਤਰ੍ਹਾਂ ਖੋਖਲਾ ਕਰ ਦੇਵੇਗਾ ਜਿਸ ਤਰ੍ਹਾਂ ਘੁਣ ਲੱਕੜ ਨੂੰ ਅੰਦਰੋਂ ਅੰਦਰ ਖੋਖਲਾ ਕਰ ਦਿੰਦਾ ਹੈ। ਭਾਂਡੇ ਕਈ ਅਕਾਰਾਂ ਦੇ ਬਣੀਆਂ ਹੋਏ ਹੁੰਦੇ ਹਨ, ਗੋਲ, ਵਰਗਾਕਾਰ, ਆਇਤਕਾਰ ਆਦਿ। ਉਨ੍ਹਾਂ ਵਿੱਚ ਜਿਹੜਾ ਵੀ ਤਰਲ ਪਦਾਰਥ ਪਾਇਆ ਜਾਂਦਾ ਹੈ, ਉਹ ਭਾਂਡੇ ਵਰਗਾ ਰੂਪ ਇਖਤਿਆਰ ਕਰ ਲੈਂਦਾ ਹੈ। ਪਰ ਅਸੀਂ ਤਾਂ ਮਨੁੱਖ ਹਾਂ, ਕੋਈ ਤਰਲ ਪਦਾਰਥ ਨਹੀਂ ਹਾਂ, ਜੋ ਜਿਹੀ ਜਿਹੀ ਵਿਵਸਥਾ ਵਿੱਚ ਸਾਨੂੰ ਪਾਇਆ ਜਾਵੇਗਾ, ਅਸੀਂ ਆਪਣੇ ਆਪ ਨੂੰ ਉਸੇ ਅਨੁਸਾਰ ਢਾਲ ਲਵਾਂਗੇ। ਸਾਡੇ ਕੋਲ ਦਿਮਾਗ ਹੈ।
ਜੇਕਰ ਪੂਰੇ ਵਿਸ਼ਵ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਦੇਸ਼ਾਂ ਨੇ ਅਜਿਹੇ ਪ੍ਰਬੰਧ ਉਸਾਰ ਲਏ ਹਨ ਕਿ ਉਨ੍ਹਾਂ ਦੇਸ਼ਾਂ ਵਿੱਚ ਲੋਕ ਸੁਖ ਸਹੂਲਤਾਂ ਮਾਣ ਰਹੇ ਹਨ। ਜਿੱਥੇ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਭਾਈ-ਭਤੀਜਾਵਾਦ, ਭੁੱਖਮਰੀ ਅਤੇ ਗਰੀਬੀ ਆਟੇ ਵਿੱਚ ਲੂਣ ਦੇ ਬਰਾਬਰ ਹੈ। ਉੱਥੋਂ ਦੇ ਲੋਕਾਂ ਲਈ ਕੰਮ ਹੀ ਪੂਜਾ ਹੈ ਪਰ ਸਾਡੇ ਭਾਰਤੀ ਪੂਜਾ ਨੂੰ ਹੀ ਕੰਮ ਸਮਝੀ ਬੈਠੇ ਹਨ। ਉਹ ਲੋਕ ਸਿਰਫ਼ ਇੱਕ ਗੌਡ ਅਤੇ ਯਿਸ਼ੂ ਮਸੀਹ ਨੂੰ ਮੰਨਦੇ ਹਨ ਪਰ ਸਾਡੇ ਭਾਰਤੀਆਂ ਕੋਲ਼ 33 ਕਰੋੜ ਦੇਵੀ ਦੇਵਤਿਆਂ ਤੋਂ ਇਲਾਵਾ ਪਤਾ ਨਹੀਂ ਹੋਰ ਕਿੰਨੇ ਗੁਰੂ, ਪੀਰ, ਸਾਧ-ਸੰਤ, ਬਾਬੇ, ਬਾਪੂ ਅਤੇ ਸ਼੍ਰੀ ਸ਼੍ਰੀ ਵਰਗੇ ਮਹਾਰਾਜ ਹਨ ਜਿਨ੍ਹਾਂ ਦੀ ਦਿਨ ਰਾਤ ਪੂਜਾ ਅਰਚਨਾ ਕਰਨ ਤੋਂ ਹੀ ਸਾਨੂੰ ਵਿਹਲ ਨਹੀਂ ਮਿਲਦੀ। ਕਿਤੇ ਵੀ ਮੱਥਾ ਟੇਕਣ ਲਈ ਅਸੀਂ ਚਾਰ ਚਾਰ ਘੰਟੇ ਲਾਇਨਾਂ ਵਿੱਚ ਹੀ ਖੜ੍ਹੇ ਰਹਿੰਦੇ ਹਾਂ। ਵਿਦੇਸ਼ਾਂ ਵਿੱਚ ਸਾਡੇ ਵਾਂਗ ਨਾ ਤਾਂ ਢੋਲਕੀਆਂ ਛੈਣੇ ਖੜਕਾ ਖੜਕਾ ਕੇ ਰੌਲਾ ਪਾਇਆ ਜਾਂਦਾ ਹੈ ਅਤੇ ਨਾ ਹੀ ਹਵਨ, ਯੱਗ ਕਰਕੇ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ।
ਸਾਡੇ ਦੇਸ਼ ਵਿੱਚ ਚਲਾਕ ਲੋਕਾਂ ਨੇ ਅਜਿਹਾ ਪ੍ਰਬੰਧ ਉਸਾਰ ਲਿਆ ਹੈ ਜਿਸ ਵਿੱਚ ਬਿਨਾ ਕੋਈ ਮਿਹਨਤ ਕੀਤੇ ਵਿਹਲੜ ਸਾਧ, ਸੰਤ, ਬਾਪੂ ਅਤੇ ਮਹਾਰਾਜ ਬਣਕੇ ਲੋਕਾਂ ਨੂੰ ਬੁੱਧੂ ਬਣਾ ਕੇ ਲੁੱਟਣਾ ਸ਼ੁਰੂ ਕੀਤਾ ਹੋਇਆ ਹੈ। ਇਹੋ ਹਾਲ ਅੱਜ ਕੱਲ੍ਹ ਸਾਡੇ ਸਿਆਸਤਦਾਨਾਂ ਦਾ ਵੀ ਹੋ ਗਿਆ ਹੈ। ਉਹ ਵੀ ਲੋਕਾਂ ਨੂੰ ਭਾਂਤ ਭਾਂਤ ਦੇ ਸੁਪਨੇ ਵਿਖਾ ਕੇ ਰਾਜ ਗੱਦੀਆਂ ’ਤੇ ਬਿਰਾਜਮਾਨ ਹੋ ਜਾਂਦੇ ਹਨ। ਇਹ ਸੁਪਨੇ ਭਾਵੇਂ 15-15 ਲੱਖ ਰੁਪਏ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਦੇ ਜਾਂ ਫਿਰ ਦੇਸ਼ ਦਾ ਵਿਕਾਸ ਕਰਵਾਉਣ ਦੇ ਹੋਣ। ਸਾਡੇ ਦੇਸ਼ ਵਿੱਚ ਇੱਕ ਅਜਿਹਾ ਘੁਣ ਪੈਦਾ ਹੋ ਗਿਆ ਹੈ ਜੋ ਦੇਸ਼ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਰਿਹਾ ਹੈ। ਇੱਕ ਵੋਹਰਾ ਕਮੇਟੀ ਬਣਾਈ ਗਈ ਸੀ ਜਿਸ ਬਾਰੇ ਕਿਹਾ ਗਿਆ ਸੀ ਕਿ ਇਹ ਕਮੇਟੀ ਸਿਆਸਤਦਾਨਾਂ ਅਤੇ ਅਪਰਾਧੀਆਂ ਦੇ ਗੱਠਜੋੜ ਨੂੰ ਨੰਗਾ ਕਰੇਗੀ। ਪਰ ਉਸ ਕਮੇਟੀ ਦਾ ਕੀ ਬਣਿਆ ਅੱਜ ਤਕ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਾ। ਪਹਿਲਾਂ ਤਾਂ ਸਿਰਫ਼ ਅਪਰਾਧੀਆਂ ਅਤੇ ਸਿਆਸਤਦਾਨਾਂ ਦੇ ਗੱਠਜੋੜ ਦਾ ਪਤਾ ਕਰਨ ਲਈ ਹੀ ਕਮੇਟੀ ਬਣਾਈ ਸੀ ਪਰ ਹੁਣ ਤਾਂ ਬਹੁਤੇ ਅਪਰਾਧੀ ਹੀ ਸਿਆਸਤਦਾਨ ਬਣ ਗਏ ਹਨ। ਇਹ ਸਭ ਕੁਝ ਸਾਡੇ ਸਭ ਦੀਆਂ ਅੱਖਾਂ ਦੇ ਸਾਹਮਣੇ ਹੁੰਦਿਆਂ ਵੀ ਅਸੀਂ ਵੇਖ ਕੇ ਉਸ ਕਬੂਤਰ ਵਾਂਗ ਅੱਖਾਂ ਮੀਟੀ ਬੈਠੇ ਹਾਂ ਜੋ ਬਿੱਲੀ ਨੂੰ ਵੇਖ ਕੇ ਅੱਖਾਂ ਮੀਟ ਲੈਂਦਾ ਹੈ। ਪਰ ਸੱਚ ਇਹ ਵੀ ਹੈ ਕਿ ਅਸੀਂ ਖੁਦ ਹੀ ਅਪਰਾਧੀਆਂ ਨੂੰ ਵੋਟਾਂ ਪਾ ਕੇ ਸਿਆਸਤਦਾਨ ਬਣਾ ਰਹੇ ਹਾਂ।
ਪਿਛਲੇ 72 ਸਾਲਾਂ ਦਾ ਇਤਿਹਾਸ ਸਾਡੇ ਸਾਹਮਣੇ ਹੈ। ਆਮ ਹੀ ਕਿਹਾ ਜਾਂਦਾ ਹੈ ਕਿ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਹੈ। ਪਰ ਅਸੀਂ ਇਨ੍ਹਾਂ ਸ਼ਬਦਾਂ ਦੇ ਅਰਥ ਹੀ ਨਹੀਂ ਸਮਝਦੇ। ਅਸੀਂ ਸੱਚ ਵੱਲ ਵੇਖਣਾ ਹੀ ਨਹੀਂ ਚਾਹੁੰਦੇ। ਕਹਿਣ ਨੂੰ ਅਸੀਂ 21ਵੀਂ ਸਦੀ ਦੇ ਮਹਾਨ ਵਾਸੀ ਕਹਾਉਣ ਵਿੱਚ ਫ਼ਖਰ ਮਹਿਸੂਸ ਕਰਦੇ ਹਾਂ ਪਰ ਬੌਧਿਕ ਪੱਖੋਂ ਅਸੀਂ ਅਜੇ ਵੀ ਪੱਥਰ ਯੁਗ ਦੇ ਵਾਸੀਆਂ ਵਰਗੇ ਹੀ ਹਾਂ। ਉਹ ਵੀ ਸਮੱਸਿਆਵਾਂ ਤੋਂ ਘਬਰਾ ਕੇ ਪੂਜਾ ਅਰਚਨਾ ਕਰਦੇ ਮੱਥੇ ਵਗੈਰਾ ਟੇਕਦੇ ਸਨ ਅਤੇ ਅਸੀਂ ਵੀ 21ਵੀਂ ਸਦੀ ਵਿੱਚ ਪਹੁੰਚਣ ਦੇ ਬਾਵਜੂਦ ਪੱਥਰਾਂ ਦੀਆਂ ਬਣਾਈਆਂ ਮੂਰਤੀਆਂ ਅੱਗੇ ਮੱਥਾ ਟੇਕਦੇ ਹਾਂ, ਪੂਜਾ ਅਰਚਨਾ ਕਰਦੇ ਹਾਂ। ਅਜਿਹਾ ਕਰਕੇ ਅਸੀਂ ਇੱਕ ਅਜਿਹਾ ਪੁਜਾਰੀ ਵਰਗ ਪੈਦਾ ਕਰ ਲਿਆ ਹੈ ਜੋ ਸਾਨੂੰ ਬੁੱਧੂ ਬਣਾ ਕੇ ਲੁੱਟ ਅਤੇ ਕੁੱਟ ਰਿਹਾ ਹੈ ਅਤੇ ਖੁਦ ਅਯਾਸ਼ੀਆਂ ਕਰ ਰਿਹਾ ਹੈ।
ਸਿਆਸਤਦਾਨ ਵੀ ਅਜਿਹਾ ਹੀ ਕਰ ਰਹੇ ਹਨ। ਦਿਨੋਂ ਦਿਨ ਸਾਡੇ ’ਤੇ ਟੈਕਸਾਂ ਦਾ ਬੋਝ ਲੱਦ ਰਹੇ ਹਨ। ਪਰ ਅਸੀਂ ਆਪਣੇ ਆਪ ਨੂੰ ਸੁਚੇਤ ਕਹਾਉਂਦੇ ਹੋਏ ਵੀ ਆਪਣੀ ਲੁੱਟ ਹੁੰਦੀ ਵੇਖ ਰਹੇ ਹਾਂ। ਇਸਦਾ ਕੋਈ ਵਿਰੋਧ ਵੀ ਨਹੀਂ ਕਰ ਰਹੇ। ਜੇਕਰ ਅਸੀਂ ਸੱਚਮੁੱਚ ਹੀ ਮੁਕਤੀ ਚਾਹੁੰਦੇ ਹਾਂ ਤਾਂ ਸਾਨੂੰ ਸਿਰਫ਼ ਇਕੱਲੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਹੀ ਨਹੀਂ ਸਗੋਂ ਸਰਕਾਰ ਦੇ ਹਰ ਉਸ ਫੈਸਲੇ ਦਾ ਵਿਰੋਧ ਕਰਨਾ ਚਾਹੀਦਾ ਹੈ ਜਿਸ ਵਿੱਚ ਸਾਨੂੰ ਸਾਫ ਦਿਖਾਈ ਦਿੰਦਾ ਹੋਵੇ ਕਿ ਸਾਡੀ ਸ਼ਰੇਆਮ ਲੁੱਟ ਹੋ ਰਹੀ ਹੈ। ਸਿਆਸਤਦਾਨਾਂ ਦੀਆਂ ਕੋਝੀਆਂ ਚਾਲਾਂ ਨੂੰ ਸਮਝਣ ਦੀ ਲੋੜ ਹੈ। ਇਨ੍ਹਾਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਪੈਨਸ਼ਨਾਂ ਦਾ ਵੀ ਵਿਰੋਧ ਕਰਨਾ ਚਾਹੀਦਾ ਹੈ। ਲੋਕਤੰਤਰ ਨੂੰ ਜੋਕਤੰਤਰ ਨਹੀਂ ਬਣਨ ਦੇਣਾ ਚਾਹੀਦਾ। ਜਿਸ ਤਰ੍ਹਾਂ ਅਸੀਂ ਨਾ ਵਰਤੋਂਯੋਗ ਚੀਜ਼ਾਂ ਨੂੰ ਬਾਹਰ ਸੁੱਟ ਦਿੰਦੇ ਹਾਂ, ਇਸੇ ਤਰ੍ਹਾਂ ਹੀ ਇਸ ਲੁਟੇਰੇ ਪ੍ਰਬੰਧ ਨੂੰ ਵੀ ਬਾਹਰ ਸੁੱਟ ਦੇਣਾ ਚਾਹੀਦਾ ਹੈ। ਆਉਣ ਵਾਲੇ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਸੋਚਣਾ ਹੀ ਪਵੇਗਾ ਕਿ ਅਸੀਂ ਲੁੱਟ ਖਸੁੱਟ ਤੋਂ ਮੁਕਤੀ ਚਾਹੁੰਦੇ ਹਾਂ ਜਾਂ ਫਿਰ ਇਸ ਲੁਟੇਰੇ ਪ੍ਰਬੰਧ ਨੂੰ ਹੀ ਜਾਰੀ ਰੱਖਣਾ ਚਾਹੁੰਦੇ ਹਾਂ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਸਾਰਿਆਂ ਨੂੰ ਰਲ਼ ਮਿਲ਼ ਕੇ ਰਾਜੇ ਨਹੀਂ ਸਗੋਂ ਇਹ ਲੁਟੇਰਾ ਪ੍ਰਬੰਧ ਹੀ ਬਦਲਣਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2412)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)