SukhminderBagi7ਮੀਡੀਆ ਨੇ ਮੈਂਨੂੰ ਇੱਕ ਹਊਆ ਬਣਾ ਦਿੱਤਾ ਹੈ। ਮੇਰੇ ਡਰ ਕਾਰਨ ਹੀ ...
(29 ਅਪਰੈਲ 2021)

 

ਪਿਆਰੇ ਸੰਸਾਰ ਵਾਸੀਓ ਜਿਸ ਤਰ੍ਹਾਂ ਕਿਸੇ ਗਰੀਬ ਮਜ਼ਦੂਰ ਦੀ ਜੇ ਚਾਰ-ਪੰਜ ਕਰੋੜ ਰੁਪਏ ਦੀ ਲਾਟਰੀ ਨਿਕਲ ਆਏ ਤਾਂ ਇਸਦੀਆਂ ਧੁੰਮਾਂ ਸਾਰੇ ਸੰਸਾਰ ਵਿੱਚ ਪੈ ਜਾਂਦੀਆਂ ਹਨ, ਬਿਲਕੁਲ ਇਸੇ ਤਰ੍ਹਾਂ ਹੀ ਮੇਰੇ ਨਾਲ ਹੋਇਆ ਹੈ। ਇਹ ਤਾਂ ਭਲਾ ਹੋਵੇ ਅਮਰੀਕਾ ਅਤੇ ਚੀਨ ਦੀ ਆਪਸੀ ਲੜਾਈ ਦਾ ਜਿਸ ਨੇ ਮੇਰੇ ਇੱਕ ਅਦਨੇ ਜਿਹੇ ਵਾਇਰਸ ਨੂੰ ਪੂਰੇ ਸੰਸਾਰ ਵਿੱਚ ਮਸ਼ਹੂਰ ਕਰ ਦਿੱਤਾ। ਭਾਵੇਂ ਮੈਂ ਇਹ ਮੰਨਦਾ ਹਾਂ ਕਿ ਮੈਂ ਲੋਕਾਂ ਨੂੰ ਮਾਰਨ ਦੀ ਸਮਰੱਥਾ ਰੱਖਦਾ ਹਾਂ ਪਰ ਮੇਰੇ ਹੋਰ ਵੀ ਬਹੁਤ ਸਾਰੇ ਅਨੇਕਾਂ ਭੈਣ ਭਰਾ ਹਨ ਅਤੇ ਉਹ ਵੀ ਲੋਕਾਂ ਦੀ ਜਾਨ ਲੈਂਦੇ ਹਨ। ਉਨ੍ਹਾਂ ਨੂੰ ਦੌੜ ਵਿੱਚ ਮੈਂ ਸਭ ਤੋਂ ਪਿੱਛੇ ਛੱਡ ਦਿੱਤਾ ਹੈ। ਇਸ ਗੱਲ ਦੀ ਮੈਂਨੂੰ ਵੀ ਅੱਜ ਤਕ ਸਮਝ ਨਹੀਂ ਆਈ ਕਿ ਮੇਰੇ ਵਰਗੇ ਨਿਕੰਮੇ ਨੂੰ ਐਨੀ ਮਸ਼ਹੂਰੀ ਕਿਸ ਤਰ੍ਹਾਂ ਮਿਲ ਗਈ। ਬਿਲਕੁਲ ਉਸੇ ਗਰੀਬ ਦੀ ਤਰ੍ਹਾਂ ਜੋ ਕੱਲ੍ਹ ਤਕ ਦਿਹਾੜੀਆਂ ਕਰਨ ਲਈ ਲੇਬਰ ਚੌਂਕ ਵਿੱਚ ਖੜ੍ਹ ਕੇ ਸਕੂਟਰਾਂ ਕਾਰਾਂ ’ਤੇ ਆਪਣੇ ਵੱਲ ਆਉਣ ਵਾਲਿਆਂ ਨੂੰ ਇਸ ਤਰ੍ਹਾਂ ਲਲਚਾਈਆਂ ਨਜ਼ਰਾਂ ਨਾਲ ਵੇਖਦਾ ਸੀ ਇਹ ਮੈਂਨੂੰ ਆਪਣੇ ਘਰ ਕੰਮ ਕਰਵਾਉਣ ਲਈ ਨਾਲ ਲੈ ਜਾਵੇਗਾ। ਪਰ ਜਦੋਂ ਉਸ ਦੀ ਪੰਜ ਕਰੋੜ ਰੁਪਏ ਦੀ ਲਾਟਰੀ ਨਿਕਲ ਆਈ ਤਾਂ ਉਹ ਮਜ਼ਦੂਰ ਤੋਂ ਇੱਕਦਮ ਸੈਲੇਬਰੇਟੀ ਬਣ ਗਿਆ। ਉਸ ਦੇ ਸਾਥੀ ਭਾਵੇਂ ਉਸ ਨਾਲ ਦਿਲੋਂ ਖਾਰ ਖਾਂਦੇ ਸਨ ਪ੍ਰੰਤੂ ਉੱਪਰੋਂ ਉੱਪਰੋਂ ਉਹ ਉਸ ਨਾਲ ਫੋਟੋਆਂ ਖਿਚਵਾਉਣ ਲਈ ਇੱਕ ਦੂਜੇ ਨੂੰ ਧੱਕੇ ਵੀ ਮਾਰ ਰਹੇ ਸਨ।

ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਛੋਟਾ ਭਾਂਡਾ ਜਲਦੀ ਹੀ ਭਰ ਜਾਂਦਾ ਹੈ ਅਤੇ ਭਰ ਕੇ ਜਲਦੀ ਹੀ ਉੱਛਲ ਵੀ ਜਾਂਦਾ ਹੈ। ਇਸ ਤਰ੍ਹਾਂ ਹੀ ਬਿਨਾ ਕੋਈ ਮਿਹਨਤ ਕੀਤਿਆਂ ਇੱਕਦਮ ਆਈ ਮਾਇਆ ਮਨੁੱਖ ਦਾ ਦਿਮਾਗ ਖਰਾਬ ਕਰ ਦਿੰਦੀ ਹੈ। ਸਿਆਣੇ ਕਹਿੰਦੇ ਹਨ ਕਿ ਜਿੰਨਾ ਪੈਸਾ ਕਮਾਉਣਾ ਔਖਾ ਹੈ ਉਸ ਕਮਾਏ ਹੋਏ ਪੈਸੇ ਨੂੰ ਖਰਚਣਾ ਉਸ ਤੋਂ ਵੀ ਜ਼ਿਆਦਾ ਔਖਾ ਹੈ। ਜਿਸ ਨੂੰ ਕਮਾਏ ਹੋਏ ਪੈਸੇ ਨੂੰ ਖਰਚਣਾ ਆ ਗਿਆ, ਉਹ ਕਾਮਯਾਬ ਹੋ ਜਾਂਦਾ ਹੈ, ਨਹੀਂ ਤਾਂ ਫਿਰ ਇਹ ਪੈਸਾ ਮਨੁੱਖ ਨੂੰ ਬਰਬਾਦ ਵੀ ਕਰ ਦਿੰਦਾ ਹੈ। ਇਸਦੀਆਂ ਉਦਾਹਰਣਾਂ ਅਸੀਂ ਅਕਸਰ ਹੀ ਪੜ੍ਹ ਅਤੇ ਸੁਣ ਵੀ ਸਕਦੇ ਹਾਂ।

ਮੁਆਫ਼ ਕਰਨਾ ਮੈਂ ਆਪਣੀ ਕਹਾਣੀ ਸੁਣਾਉਂਦਾ ਹੋਰ ਹੀ ਪਾਸੇ ਚਲਾ ਗਿਆ ਸੀ। ਮੈਂ ਇਹ ਵੀ ਜਾਣਦਾ ਹਾਂ ਕਿ ਇੱਕ ਦਿਨ ਮੇਰੇ ਨਾਲ ਵੀ ਅਜਿਹਾ ਹੀ ਹੋਣਾ ਹੈ। ਅੱਜ ਕੱਲ੍ਹ ਮੇਰਾ ਸਾਰੇ ਸੰਸਾਰ ਵਿੱਚ ਡੰਕਾ ਵੱਜ ਰਿਹਾ ਹੈ। ਪਰ ਮੈਂਨੂੰ ਉਸ ਮਜ਼ਦੂਰ ਦੀ ਤਰ੍ਹਾਂ ਆਪਣੀ ਹੈਸੀਅਤ ਦਾ ਪੂਰਾ ਪਤਾ ਹੈ ਕਿ ਮੈਂ ਕੀ ਹਾਂ। ਮੈਂ ਸ਼ੇਖਚਿਲੀ ਨਹੀਂ ਬਣਨਾ ਚਾਹੁੰਦਾ। ਜਦੋਂ ਵੀ ਮੈਂ ਆਸੇ ਪਾਸੇ ਵੇਖਦਾ ਹਾਂ ਬਹੁਤੇ ਲੋਕ ਮੇਰੇ ਕੋਲੋਂ ਬਿਲਕੁਲ ਨਹੀਂ ਡਰਦੇ। ਪਰ ਅਖਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ਵਾਲੇ ਧੂਮ ਧੜੱਕੇ ਨਾਲ ਦਿਨ ਰਾਤ ਮੇਰਾ ਪ੍ਰਚਾਰ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।

ਮੈਂਨੂੰ ਇੱਕ ਗੱਲ ਦੀ ਅੱਜ ਤਕ ਸਮਝ ਨਹੀਂ ਆਈ ਕਿ ਚੋਣਾਂ ਹੋਣ, ਸਿਆਸੀ ਪਾਰਟੀਆਂ ਦੇ ਚੋਣ ਪ੍ਰਚਾਰ ਦੌਰਾਨ ਜਿੰਨੇ ਮਰਜ਼ੀ ਇਕੱਠ ਹੋਣ, ਕਿਸੇ ਨੂੰ ਮਾੜੀ ਮੋਟੀ ਪ੍ਰਧਾਨਗੀ ਦੀ ਸਹੁੰ ਚੁਕਾਉਣੀ ਹੋਵੇ, ਬਿਨਾ ਮਾਸਕਾਂ ਦੇ ਵੱਡੇ ਵੱਡੇ ਇਕੱਠ ਸਮੇਂ ਮੇਰੇ ਕੋਲੋਂ ਕੋਈ ਨਹੀਂ ਡਰਦਾ। ਹਾਂ, ਕਾਰ ਵਿੱਚ ਸਵਾਰ ਇਕੱਲੇ ਬੈਠੇ ਡਰਾਈਵਰ ਜਾਂ ਕਾਰ ਮਾਲਕ ਦਾ ਬਿਨਾ ਮਾਸਕ ਪਹਿਨੇ ਕਾਰ ਚਲਾਉਣ ’ਤੇ ਚਲਾਨ ਜ਼ਰੂਰ ਕੱਟ ਦਿੱਤਾ ਜਾਂਦਾ ਹੈ। ਮੈਂਨੂੰ ਨਾ ਦਿਨ ਦਾ ਪਤਾ ਹੈ ਅਤੇ ਨਾ ਹੀ ਰਾਤ ਦਾ ਕਿਉਂਕਿ ਮੇਰੇ ਅੱਖਾਂ ਹੀ ਨਹੀਂ ਹਨ। ਮੈਂ ਅਮੀਰ ਘਰ ਦਾ ਇੱਕ ਵਿਗੜਿਆ ਹੋਇਆ ਬੱਚਾ ਹਾਂ ਅਤੇ ਪੜ੍ਹਾਈ ਲਿਖਾਈ ਵਿੱਚ ਬਿਲਕੁਲ ਕੋਰਾ ਹਾਂ। ਮੈਂਨੂੰ ਦਿਨਾਂ ਦੇ ਨਾਂ ਵੀ ਨਹੀਂ ਆਉਂਦੇ। ਮੈਂਨੂੰ ਤਾਂ ਇਹ ਵੀ ਸਮਝ ਨਹੀਂ ਆਉਂਦੀ ਕਿ ਮੈਂ ਇੱਕ ਮਨੁੱਖ ਤੋਂ ਦੂਜੇ ਮਨੁੱਖ ਤਕ ਕਿਸ ਤਰ੍ਹਾਂ ਪਹੁੰਚ ਜਾਂਦਾ ਹਾਂ। ਦਿਨ ਰਾਤ ਆਪਣੇ ਸ਼ਿਕਾਰ ਨੂੰ ਭਾਲਦਾ ਫਿਰਦਾ ਹਾਂ। ਅਮੀਰਾਂ ਨੇ ਆਪਣੇ ਬੰਗਲਿਆਂ ਵਿੱਚ ਵੱਡੇ ਵੱਡੇ ਅਲਸੈਸ਼ਨ ਕੁੱਤੇ ਪਾਲੇ ਹੋਏ ਹਨ, ਉਹ ਮੈਂਨੂੰ 7-8 ਦਿਨਾਂ ਵਿੱਚ ਭਜਾ ਦਿੰਦੇ ਹਨ। ਪਰ ਗਰੀਬ ਮਿਹਨਤਕਸ਼, ਕਿਰਤੀ ਕਾਮੇ ਅਤੇ ਖਾਸ ਕਰ ਸਕੂਲਾਂ ਵਿੱਚ ਪੜ੍ਹਦੇ ਬੱਚੇ ਅਤੇ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਮਾਸਟਰ ਮੇਰਾ ਜਲਦੀ ਸ਼ਿਕਾਰ ਹੋ ਜਾਂਦੇ ਹਨ ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਸ਼ਿਕਾਰੀ ਕੁੱਤਾ ਕਿਸੇ ਖਰਗੋਸ਼ ਨੂੰ ਜਲਦੀ ਹੀ ਫਾਹ ਲੈਂਦਾ ਹੈ। ਮੈਂਨੂੰ ਅਮਰੀਕਾ ਅਤੇ ਚੀਨ ਦੀ ਆਪਸੀ ਚੌਧਰਵਾਦ ਦੀ ਲੜਾਈ ਨੇ ਅਸਮਾਨ ਵਿੱਚ ਪਹੁੰਚਾ ਦਿੱਤਾ ਹੈ। ਹੁਣ ਚੀਨ ਮੈਂਨੂੰ ਆਪਣੇ ਦੇਸ਼ ਵਿੱਚ ਵੜਨ ਨਹੀਂ ਦਿੰਦਾ, ਅਮਰੀਕਾ ਵਿੱਚ ਅਜੇ ਹੁਣੇ ਹੁਣੇ ਸਤਾ ਬਦਲੀ ਹੈ, ਉੱਥੇ ਵੇਖਦਾ ਹਾਂ ਕਿ ਊਠ ਕਿਸ ਕਰਵਟ ਬੈਠਦਾ ਹੈ।

ਬਹੁਤ ਸਾਰੇ ਦੇਸ਼ਾਂ ਨੇ ਤਾਂ ਮੈਂਨੂੰ ਛਿੱਤਰ ਪਰੇਡ ਕਰਕੇ ਆਪਣੇ ਦੇਸ਼ਾਂ ਵਿੱਚੋਂ ਬਾਹਰ ਕੱਢ ਦਿੱਤਾ ਹੈ ਪਰ ਫਿਰ ਵੀ ਕਈ ਅਜਿਹੇ ਦੇਸ਼ ਮੇਰੀ ਨਜ਼ਰ ਵਿੱਚ ਹਨ ਜਿੱਥੇ ਮੈਂ ਬੜੇ ਅਰਾਮ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕਦਾ ਹਾਂ। ਕਿਹਾ ਜਾਂਦਾ ਹੈ ਕਿ ਕੁੱਤਾ ਕੁੱਤੇ ਦਾ ਵੈਰੀ ਹੈ, ਮੈਂਨੂੰ ਅਜੇ ਤਕ ਅਜਿਹਾ ਕਿਤੇ ਨਹੀਂ ਦਿਸਿਆ ਪਰ ਹਾਂ, ਮਨੁੱਖ ਹੀ ਮਨੁੱਖ ਦਾ ਖੂਨ ਚੂਸ ਰਿਹਾ ਮੇਰੀਆਂ ਨਜ਼ਰਾਂ ਵਿੱਚ ਜ਼ਰੂਰ ਆ ਜਾਂਦਾ ਹੈ। ਕਈ ਵਾਰ ਮੈਂਨੂੰ ਆਪਣੇ ਆਪ ’ਤੇ ਹਾਸਾ ਆ ਜਾਂਦਾ ਹੈ ਕਿ ਐਨੀ ਛੋਟੀ ਜਿਹੀ ਉਮਰ ਵਿੱਚ ਹੀ ਮੈਂ ਐਨੀਆਂ ਉੱਚੀਆਂ ਬੁਲੰਦੀਆਂ ਨੂੰ ਛੂਹ ਲਿਆ ਹੈ, ਜਦੋਂ ਮੈਂ ਜਵਾਨ ਹੋ ਗਿਆ ਫਿਰ ਕੀ ਹੋਵੇਗਾ? ਮੈਂ ਏਡਜ਼, ਕੈਂਸਰ, ਦਿਲ ਦੇ ਦੌਰੇ, ਡੇਂਗੂ ਮਲੇਰੀਆ, ਸ਼ੂਗਰ ਅਤੇ ਬੀ ਪੀ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਹੈ।

ਸਿਆਣੇ ਕਹਿੰਦੇ ਹਨ ਕਿ ਹਰੇਕ ਵਿਅਕਤੀ ਵਿੱਚ ਗੁਣ ਤੇ ਔਗੁਣ ਦੋਨੋਂ ਹੀ ਹੁੰਦੇ ਹਨ। ਮੈਂ ਮਨੁੱਖ ਦਾ ਸਿਰਫ਼ ਦੁਸ਼ਮਣ ਹੀ ਨਹੀਂ, ਦੋਸਤ ਵੀ ਹਾਂ। ਇਹ ਗੱਲ ਵੱਖਰੀ ਹੈ ਕਿ ਮੈਂ ਅਮੀਰਾਂ ਦਾ ਵਧੀਆ ਮਿੱਤਰ ਹਾਂ ਅਤੇ ਗਰੀਬਾਂ ਦਾ ਬਹੁਤ ਘੱਟ ਹਾਂ। ਕਿਉਂਕਿ ਸਭ ਜਾਣਦੇ ਹਨ ਇਹ ਸਾਰਿਆਂ ਦੀ ਫਿਤਰਤ ਹੀ ਹੈ ਅਤੇ ਮੈਂ ਵੀ ਇਸ ਤੋਂ ਬਚ ਨਹੀਂ ਸਕਿਆ। ਕਈ ਵਾਰ ਥਾਲੀਆਂ ਖੜਕਾ ਕੇ ਅਤੇ ਤਾੜੀਆਂ ਮਾਰ ਕੇ ਮੈਂਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਡਰਨ ਵਾਲਾ ਨਹੀਂ ਕਿਉਂਕਿ ਮੈਂ ਚੀਨ, ਅਮਰੀਕਾ ਵਿੱਚ ਪੈਦਾ ਹੋਇਆ ਹਾਂ ਜਿਨ੍ਹਾਂ ਦਾ ਡੰਕਾ ਪੂਰੇ ਵਿਸ਼ਵ ਵਿੱਚ ਵੱਜਦਾ ਹੈ। ਮੀਡੀਆ ਨੇ ਮੈਂਨੂੰ ਇੱਕ ਹਊਆ ਬਣਾ ਦਿੱਤਾ ਹੈ। ਮੇਰੇ ਡਰ ਕਾਰਨ ਹੀ ਕਮਜ਼ੋਰ ਦਿਲ ਵਾਲੇ ਲੋਕ ਵੱਡੀ ਗਿਣਤੀ ਵਿੱਚ ਮਰ ਜਾਣਗੇ। ਮੈਂਨੂੰ ਇਹ ਵੀ ਪਤਾ ਹੈ ਕਿ ਉਹ ਸਭ ਮੌਤਾਂ ਵੀ ਮੇਰੇ ਨਾਂ ਹੀ ਪਾਈਆਂ ਜਾਣਗੀਆਂ।

ਮੈਂਨੂੰ ਇਹ ਵੀ ਪਤਾ ਹੈ ਕਿ ਮੌਤ ਇੱਕ ਅਟੱਲ ਸਚਾਈ ਹੈ। ਕੋਈ ਮੇਰੇ ਕਾਰਨ ਮਰੇ ਜਾਂ ਭੁੱਖ ਨਾਲ ਮਰੇ। ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪਵੇ। ਗਰੀਬ ਮਰ ਜਾਵੇ ਤਾਂ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜੇਕਰ ਕੋਈ ਅਮੀਰ ਮਰ ਗਿਆ ਤਾਂ ਇੰਝ ਲੱਗਦਾ ਹੈ ਕਿ ਇਸ ਦੁਨੀਆਂ ਦਾ ਕੀ ਬਣੇਗਾ? ਖੈਰ ਮਿੱਤਰੋ, ਮੈਂ ਆਪਣੇ ਮਨ ਦੀ ਆਖਰੀ ਬਾਤ ਕਹਿਣ ਲੱਗਾ ਹਾਂ ਕਿ ਡਰਨਾ ਨਹੀਂ, ਮੇਰੇ ਕੋ ਭਗਾਨਾ ਹੈ। ਸਿਆਣੇ ਵੀ ਕਹਿੰਦੇ ਹਨ ਕਿ ਇਲਾਜ ਨਾਲੋਂ ਪ੍ਰਹੇਜ਼ ਚੰਗਾ। ਘਰ ਦੀਆਂ ਬਣੀਆਂ ਹੋਈਆਂ ਚੀਜ਼ਾਂ ਖਾਉ। ਸਭ ਤੋਂ ਵੱਡੀ ਗੱਲ ਸੁਚੇਤ ਹੋਵੋ। ਅਫਵਾਹਾਂ ਵੱਲ ਧਿਆਨ ਨਾ ਦਿਉ। ਮੇਰੇ ਕੋਲੋਂ ਡਰਨਾ ਨਹੀਂ। ਡਰ ਕੇ ਆਗੇ ਜੀਤ ਹੈ। ਜੋ ਡਰ ਗਿਆ, ਸਮਝੋ ਉਹ ਮਰ ਗਿਆ, ਸਦਾ ਯਾਦ ਰੱਖਣਾ। ਮੈਂਨੂੰ ਡਰ ਨਾਲ ਨਹੀਂ, ਹੌਸਲੇ ਨਾਲ ਭਜਾਉ। ਤੁਹਾਨੂੰ ਡਰਾ ਧਮਕਾ ਕੇ ਲੁੱਟਣ ਵਾਲੇ ਬਹੁਤ ਹਨ। ਇਸ ਲਈ ਆਪ ਵੀ ਜਾਗਰੂਕ ਹੋਵੋ ਅਤੇ ਦੂਜਿਆਂ ਨੂੰ ਵੀ ਜਗਾਓ। ਜਿਸ ਦਿਨ ਤੁਸੀਂ ਜਾਗ ਪਏ, ਉਸ ਦਿਨ ਮੈਂ ਤਾਂ ਕੀ, ਤੁਹਾਨੂੰ ਲੁੱਟਣ ਤੇ ਕੁੱਟਣ ਵਾਲਾ ਕੋਈ ਵੀ ਨਹੀਂ ਬਚੇਗਾ। ਕਿਉਂਕਿ ਜਾਗਰੂਕ ਮਨੁੱਖ ਹੀ ਨਾ ਕਿਸੇ ਨੂੰ ਲੁੱਟਣ ਅਤੇ ਨਾ ਹੀ ਕਿਸੇ ਨੂੰ ਕੁੱਟਣ ਦਿੰਦੇ ਹਨ। ਡਾ. ਭੀਮ ਰਾਓ ਅੰਬੇਡਕਰ ਨੇ ਵੀ ਕਿਹਾ ਸੀ ਕਿ ਜਾਗੋ, ਸੰਗਠਿਤ ਹੋਵੋ ਅਤੇ ਜਬਰ ਵਿਰੁੱਧ ਡਟ ਜਾਉ। ਬਹੁਤ ਹੋ ਗਿਆ, ਬਾਕੀ ਕਦੇ ਫੇਰ ਸਹੀ, ਮੈਂ ਫੋਨ ਬੰਦ ਕਰਦਾ ਹਾਂ ...

***** 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2739)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਮਿੰਦਰ ਬਾਗ਼ੀ

ਸੁਖਮਿੰਦਰ ਬਾਗ਼ੀ

Adarsh Nagar, Samrala, Punjab, India.
Mobile: (94173 - 94805)
Email: (baggisukhminder@gmail.com)

More articles from this author