“ਅਸੀਂ ਆਪਣੀ ਇਸ ਉਸਾਰੂ, ਸੰਭਾਵਨਾ ਭਰਪੂਰ, ਕੁਝ ਕਰਕੇ ਦਿਖਾਉਣ ਵਾਲੀ ਨੌਜਵਾਨੀ ਨੂੰ ...”
(24 ਸਤੰਬਰ 2025)
ਅੱਜ ਸਿਰਫ਼ ਭਾਰਤ ਹੀ ਨਹੀਂ, ਪੂਰੀ ਦੁਨੀਆਂ ਵਿੱਚ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ। ਦੁਨੀਆਂ ਭਰ ਵਿੱਚ ਲੋਕਾਂ ਦੀ ਅਬਾਦੀ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਸਦਕਾ ਜਨਮ ਦਰ ਘੱਟ ਹੋਈ ਹੈ ਤੇ ਔਸਤਨ ਉਮਰ ਵਿੱਚ ਵਾਧਾ ਹੋਣ ਨਾਲ ਬਜ਼ੁਰਗਾਂ ਦੀ ਗਿਣਤੀ ਵੀ ਪਿਛਲੇ ਦਹਾਕਿਆਂ ਨਾਲੋਂ ਵੱਧ ਹੈ। ਸਾਡੇ ਦੇਸ਼ ਦੀ ਪ੍ਰਜਨਨ ਦਰ 2.1 ਹੈ। ਭਾਵੇਂ ਯੂ ਪੀ. ਵਿੱਚ ਅਤੇ ਬਿਹਾਰ ਵਿੱਚ 4-5 ਦੇ ਕਰੀਬ ਹੈ ਤੇ ਪੰਜਾਬ ਦੀ 1.6 ਹੈ। ਬਜ਼ੁਰਗਾਂ ਦੀ ਗਿਣਤੀ 8.6 ਫੀਸਦੀ ਹੈ, ਜਿਨ੍ਹਾਂ ਨੇ ਔਸਤਨ 18 ਸਾਲ ਹੋਰ ਜੀਣਾ ਹੁੰਦਾ ਹੈ, ਮਤਲਬ 78 ਸਾਲ। ਪਰ ਇਨ੍ਹਾਂ ਤਬਦੀਲੀਆਂ ਵਿੱਚ ਸਭ ਤੋਂ ਮਹੱਤਵਪੂਰਨ ਅੰਕੜਾ ਹੈ ਕਿ 15 ਤੋਂ 24 ਸਾਲ ਦੀ ਉਮਰ ਦਾ ਪੜਾਅ ਤਕਰੀਬਨ 20-22 ਫੀਸਦੀ ਹੈ। ਜੇਕਰ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੀ ਕੁੱਲ ਅਬਾਦੀ ਦੇ ਹਿਸਾਬ ਨਾਲ ਭਾਰਤ ਦੀ ਗੱਲ ਕਰੀਏ ਤਾਂ ਸਾਡੇ ਮੁਲਕ ਵਿੱਚ ਸਭ ਤੋਂ ਵੱਧ ਨੌਜਵਾਨ ਹਨ, ਚੀਨ ਤੋਂ ਵੀ ਵੱਧ, ਜਿੱਥੇ ਜਨਮ ਦਰ ਘੱਟ ਹੈ। ਇਸ ਤਰ੍ਹਾਂ ਸਾਡਾ ਮੁਲਕ ਸਭ ਤੋਂ ਜਵਾਨ ਮੁਲਕ ਹੈ।
ਇਹ ਸਾਡੇ ਲਈ ਖੁਸ਼ੀ ਅਤੇ ਤਸੱਲੀ ਵਾਲੀ ਗੱਲ ਹੋਣੀ ਚਾਹੀਦੀ ਹੈ ਕਿ ਸਾਡੇ ਕੋਲ ਦੁਨੀਆਂ ਵਿੱਚੋਂ ਸਭ ਤੋਂ ਉਸਾਰੂ ਉਮਰ ਦੇ ਸਭ ਤੋਂ ਵੱਧ ਨੌਜਵਾਨ ਹਨ। ਜਦੋਂ ਅਸੀਂ ਇਸਦੀ ਦੂਸਰੀ ਤਸਵੀਰ ਦੇਖਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਨੌਜਵਾਨ ਨਸ਼ਿਆਂ ਵਿੱਚ, ਸੈਕਸ ਨਾਲ ਜੁੜੀਆਂ ਏਡਜ਼ ਵਰਗੀਆਂ ਸਮੱਸਿਆਵਾਂ ਵਿੱਚ, ਖੁਦਕੁਸ਼ੀਆਂ ਵਿੱਚ ਅਤੇ ਸੜਕ ਹਾਦਸਿਆਂ ਵਰਗੀਆਂ ਵਾਰਦਾਤਾਂ ਵਿੱਚ ਆਪਣੀ ਸਮਰੱਥਾ ਨੂੰ ਬਰਬਾਦ ਜਾਂ ਖਤਮ ਕਰ ਰਹੇ ਹਨ। ਅੱਡੋ-ਅੱਡ ਲੱਗਣ ਵਾਲੀਆਂ ਇਹ ਚਾਰ ਹੀ ਸਮੱਸਿਆਵਾਂ ਕਿਤੇ ਨਾ ਕਿਤੇ, ਧੁਰ ਅੰਦਰੋਂ ਇੱਕ ਹੀ ਜ਼ਮੀਨ ਦੀ ਉਪਜ ਹਨ, ਤੇ ਇਹ ਜ਼ਿੰਦਗੀ ਦੇ ਇਸ ਵਿਸ਼ੇਸ਼ ਪੜਾਅ ਦਾ ਪ੍ਰਗਟਾਵਾ ਹਨ। ਕਹਿਣ ਤੋਂ ਭਾਵ ਕਿ ਇਨ੍ਹਾਂ ਦੇ ਪ੍ਰਗਟਾਵੇ ਪਿੱਛੇ ਕਿਤੇ ਨਾ ਕਿਤੇ ਇਸ ਉਮਰ ਦੀ ਬੇਚੈਨੀ, ਪਰੇਸ਼ਾਨੀ ਅਤੇ ਟੁਕੜੇ-ਟੁਕੜੇ ਹੋਈ ਮਾਨਸਿਕਤਾ ਹੈ। ਦੁਨੀਆਂ ਦੇ ਇਤਿਹਾਸ ਵਿੱਚ ਜੋ ਕੁਝ ਵੀ ਵਧੀਆ, ਸਾਵਾਂ, ਅਗਾਂਹ ਵਧੂ, ਦੇਸ਼ ਅਤੇ ਸਮਾਜ ਨੂੰ ਉਸਾਰੂ ਲੀਹਾਂ ’ਤੇ ਤੋਰਨ ਵਾਲਾ, ਜ਼ਿਕਰਯੋਗ ਕਾਰਜ ਹੋਇਆ ਹੈ ਤਾਂ ਉਹ ਇਸੇ ਉਮਰ ਦੌਰਾਨ ਹੀ ਹੋਇਆ ਹੈ ਜਾਂ ਉਸਦੀਆਂ ਪੈੜਾਂ ਇਸ ਉਮਰ ’ਤੇ ਪੈਣੀਆਂ ਸ਼ੁਰੂ ਹੋਈਆਂ ਹਨ। ਉਹ ਚਾਹੇ ਪੜ੍ਹਾਈ ਹੋਵੇ, ਖੇਡਾਂ, ਵਿਗਿਆਨ, ਕਲਾ ਜਾਂ ਰਾਜਨੀਤੀ ਹੋਵੇ। ਅਸੀਂ ਹਰ ਸਾਲ ਆਪਣੇ ਕੁਝ ਕੁ ਨੌਜਵਾਨਾਂ ਦੇ ਕਾਰਨਾਮਿਆਂ ’ਤੇ ਮਾਣ ਕਰਦੇ ਹਾਂ ਭਾਵੇਂ ਨਿਰਾਸ਼ਾ ਵੀ ਹੈ ਤੇ ਨਾਲ ਹੀ ਜਦੋਂ ਹੋਰ ਦੇਸ਼ਾਂ ਨਾਲ ਤੁਲਨਾ ਕਰਦੇ ਹਾਂ ਤਾਂ ਚਾਲੀ-ਪੰਜਾਹ ਲੱਖ ਵਾਲੇ ਦੇਸ਼ ਦੀ ਵਿਸ਼ਵ ਪੱਧਰੀ ਕਾਰਗੁਜ਼ਾਰੀ ਸਾਡੇ ਮੁਲਕ ਦਾ ਮੂੰਹ ਚਿੜਾਉਂਦੀ ਨਿਰਾਸ਼ ਵੀ ਕਰਦੀ ਹੈ।
ਅਸੀਂ ਆਪਣੀ ਸਭਿਅਤਾ ’ਤੇ ਮਾਣ ਕਰਦੇ ਹਾਂ ਪਰ ਨਾਲ ਹੀ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਅਸੀਂ ਇਸ ਉਮਰ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਜਦੋਂ ਇੱਕ ਕਿਸ਼ੋਰ ਬੱਚਾ ਜਵਾਨੀ ਵਿੱਚ ਦਾਖਲ ਹੋ ਰਿਹਾ ਹੁੰਦਾ ਹੈ। ਸਾਡੇ ਕੋਲ ਅਜੇ ਵੀ ਇੱਕੋ ਰਾਹ ਦਸੇਰਾ ਹੈ ਕਿ ਨੌਜਵਾਨੀ ਦਾ ਸੰਕਟ ਇਸ ਕਰਕੇ ਹੈ ਕਿ ਉਹ ਧਰਮ ਨਾਲ ਨਹੀਂ ਜੁੜ ਰਹੇ। ਨੈਤਿਕ ਕਦਰਾਂ-ਕੀਮਤਾਂ ਤੋਂ ਦੂਰ ਹੋ ਗਏ ਹਨ। ਮੰਨ ਲਵੋ ਕਿ ਜੇਕਰ ਇਹ ਵੀ ਇੱਕ ਕਾਰਨ ਹੈ ਤਾਂ ਇਸ ਨੂੰ ਸਮਝਣ ਅਤੇ ਅਧਿਐਨ ਕਰਨ ਦੀ ਲੋੜ ਨਹੀਂ ਹੈ ਕਿ ਕਿਸ ਵਜਾਹ ਕਰਕੇ ਉਹ ਨੈਤਿਕਤਾ ਜਾਂ ਧਰਮ ਤੋਂ ਟੁੱਟ ਰਹੇ ਹਨ। ਇਸਦੇ ਨਾਲ ਹੀ ਸਮਾਜ ਵਿੱਚ ਆਈ ਵੱਡੇ ਪੱਧਰ ’ਤੇ ਤਬਦੀਲੀ ਅਤੇ ਸਮਾਜ ਮਨੋ-ਵਿਗਿਆਨ ਦੀਆਂ ਖੋਜਾਂ ਰਾਹੀਂ ਇਸ ਉਮਰ ਦੀਆਂ ਖਾਸੀਅਤਾਂ ਅਤੇ ਕਾਬਲੀਅਤਾਂ ਨੂੰ ਜਾਣ ਕੇ, ਉਨ੍ਹਾਂ ਦੀਆਂ ਵਿਸ਼ੇਸ਼-ਵਿਲੱਖਣ ਖੂਬੀਆਂ ਨੂੰ ਉਸਾਰੀ ਦੇ ਰਾਹ ਪਾਉਣਾ ਚਾਹੀਦਾ ਹੈ।
ਇਸ ਉਮਰ ਦੀਆਂ ਦੋ ਪ੍ਰਮੁੱਖ ਖਾਸੀਅਤਾਂ ਹਨ। ਨਵੀਂ ਸੋਚ ਅਤੇ ਕੁਝ ਕਰਨ ਦੀ ਚਾਹਤ ਅਤੇ ਹਿੰਮਤ। ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਇਹ ਉਮਰ ਸੁਪਨੇ ਲੈਣਾ ਵੀ ਜਾਣਦੀ ਹੈ ਤੇ ਪੂਰੇ ਕਰਨਾ ਵੀ। ਅਸੀਂ ਅਕਸਰ ਕਹਿੰਦੇ ਹਾਂ ਕਿ ਇਨ੍ਹਾਂ ਵਿੱਚ ਜੋਸ਼ ਹੈ ਤੇ ਹੋਸ਼ ਨਹੀਂ। ਪਰ ਇਹ ਧਾਰਨਾ ਗਲਤ ਹੈ। ਇਸ ਉਮਰ ਕੋਲ ਹੋਸ਼ ਵੀ ਹੈ ਤੇ ਜੋਸ਼ ਵੀ। ਇਹ ਜੋਸ਼ ਹੈ ਕੁਝ ਕਰ ਦਿਖਾਉਣ ਦਾ ਤੇ ਹੋਸ਼ ਹੈ ਕੁਝ ਨਵਾਂ ਕਰ ਕੇ ਦੇਖਣ ਦਾ, ਜੋ ਕਿ ਸਾਨੂੰ ਮਨਜ਼ੂਰ ਨਹੀਂ ਹੁੰਦਾ ਕਿਉਂ ਜੋ ਉਹ ਸਾਡੇ ਮੁਤਾਬਕ ਨਹੀਂ ਹੁੰਦਾ। ਬਜ਼ੁਰਗਾਂ ਦੀ ਜਾਂ ਵਡੇਰੀ ਉਮਰ ਦੇ ਸਿਆਣੇ ਲੋਕਾਂ ਦੀ ਆਪਣੀ ਖਾਸੀਅਤ ਹੈ ਕਿ ਉਹ ਜਿਵੇਂ ਚਲਦਾ ਹੈ, ਉਵੇਂ ਚਲਾਉਣ ਤੇ ਚਲਦਾ ਰੱਖਣ ਵਿੱਚ ਯਕੀਨ ਰੱਖਦੇ ਹਨ।
ਸਿਆਣੇ ਅਤੇ ਤਜਰਬੇਕਾਰ ਕਹਾਉਣ ਵਾਲੇ ਲੋਕਾਂ ਨੂੰ ਇਸ ਉਮਰ ਦੀ ਇੱਜ਼ਤ ਕਰਦੇ ਹੋਏ ਇਨ੍ਹਾਂ ਨੂੰ ਆਪਣੇ ਮੁਤਾਬਕ ਤਜਰਬੇ ਕਰਨ ਦਾ ਮੌਕਾ ਦੇਣਾ ਹੁੰਦਾ ਹੈ। ਤਜਰਬੇਕਾਰ ਰਾਹ ਦਿਖਾ ਸਕਦਾ ਹੈ, ਨਿਗਰਾਨ ਬਣ ਸਕਦਾ ਹੈ, ਜਦੋਂ ਕਿ ਪਰਿਵਾਰ ਵਿੱਚ ਮਾਂ ਪਿਉ, ਸਕੂਲ ਵਿੱਚ ਅਧਿਆਪਕ ਅਤੇ ਸਮਾਜ ਵਿੱਚ ਰਾਜਨੇਤਾ ਤੇ ਧਾਰਮਿਕ ਆਗੂ ਹੁਕਮ ਚਲਾਉਣ ਵਿੱਚ ਵਿਸ਼ਵਾਸ ਕਰਦੇ ਹਨ ਤੇ ਆਪਣੇ ਬਣਾਏ ਰਾਹ ’ਤੇ ਚੱਲਣ ਲਈ ਮਜਬੂਰ ਕਰਦੇ ਹਨ।
ਅਸੀਂ ਆਪਣੇ ਆਲੇ-ਦੁਆਲੇ ਝਾਤੀ ਮਾਰ ਕੇ ਦੇਖ ਸਕਦੇ ਹਾਂ ਕਿ ਤਜਰਬੇ ਕਰਨ ਦਾ ਮਾਹੌਲ, ਜੋ ਸਿੱਖਿਆ ਸੰਸਥਾਵਾਂ ਦੀ ਕਾਰਗੁਜ਼ਾਰੀ ਵਿੱਚ, ਅਹਿਮ ਹਿੱਸਾ ਹੁੰਦਾ ਸੀ, ਹੁਣ ਜਿਵੇਂ ਗਾਇਬ ਹੋ ਗਿਆ ਹੈ। ਨਾ ਪੜ੍ਹਾਈ ਦਾ ਉਸਾਰੂ ਜਿਗਿਆਸੂ ਮਾਹੌਲ ਹੈ, ਸਕੂਲ ਵਿੱਚ ਲਾਈਬਰੇਰੀਆਂ ਨਾਂ ਦੀਆਂ ਹਨ ਤੇ ਲੈਬਾਰਟਰੀਆਂ ਨੂੰ ਤਾਂ ਜਿਵੇਂ ਵਾਧੂ ਭਾਰ ਸਮਝ ਕੇ ਕੱਢ ਹੀ ਦਿੱਤਾ ਗਿਆ ਹੈ। ਖੇਡਾਂ ਦੇ ਮੈਦਾਨ ਅਤੇ ਕਲਾ ਦੇ ਮੰਚ ਵੀ ਕਾਰਪੋਰੇਟੀ ਪੜ੍ਹਾਈ ਵਿੱਚ, ਮੁਕਾਬਲੇਬਾਜ਼ੀ ਦੀ ਦੌੜ ਵਿੱਚ, ਵਿਦਿਆਰਥੀ ਜੀਵਨ ਵਿੱਚੋਂ ਮਨਫ਼ੀ ਹੋ ਗਏ ਹਨ।
ਇਸ ਸਾਰੇ ਨਵੇਂ ਉੱਸਰ ਰਹੇ ਮਾਹੌਲ ਵਿੱਚ ਮਨੁੱਖੀ ਜ਼ਿੰਦਗੀ ਦੇ ਇਸ ਪੜਾਅ ਦੀ ਕੁਦਰਤੀ ਖਾਸੀਅਤ ਕੁਝ ਨਵਾਂ ਕਰਨਾ, ਤਜਰਬਾ ਕਰਕੇ ਦੇਖਣ ਦੀ ਅੰਦਰੂਨੀ ਚਾਹ ਨਹੀਂ ਮੁੱਕ ਜਾਂਦੀ। ਫਿਰ ਕੋਈ ਉਸ ਨੂੰ ਨਸ਼ਾ ਕਰਨ ਲਈ ਜਾਂ ਸੈਕਸ ਪ੍ਰਤੀ ਤਜਰਬਾ ਕਰਨ ਲਈ ਉਕਸਾਉਂਦਾ ਹੈ - ‘ਕਰ ਕੇ ਦੇਖ! ਹੁਣ ਨਹੀਂ ਕਰੇਗਾ ਤਾਂ ਫਿਰ ਕਦੋਂ ਕਰੇਂਗਾ। ਹਰ ਇੱਕ ਚੀਜ਼ ਦਾ ਤਜਰਬਾ ਹੋਣਾ ਚਾਹੀਦਾ ਹੈ।’ ਤਜਰਬੇ ਕਰਨ ਦੇ ਉਸਾਰੂ ਮੌਕੇ, ਜੋ ਅਸੀਂ ਨਹੀਂ ਦਿੱਤੇ, ਉਹ ਸਮਾਜ ਦਾ ਇੱਕ ਢਾਹੂ ਅੰਗ, ਗੈਰ-ਜ਼ਰੂਰੀ, ਕੁਰਾਹੇ ਪਾਉਣ ਵਾਲੇ ਰਾਹ ਲੈ ਜਾਣ ਵਾਲੇ ਤਜਰਬੇ ਕਰਵਾਉਂਦਾ ਹੈ, ਤੇ ਨਤੀਜਾ ਅਸੀਂ ਦੇਖ ਰਹੇ ਹਾਂ ਕਿ ਉਹ ਇਸ ਵਿੱਚ ਕਾਮਯਾਬ ਵੀ ਹੋ ਰਿਹਾ ਹੈ।
ਅੰਦਾਜ਼ਾ ਲਗਾਉ ਕਿ ਵਿਕਾਸ ਦੀ ਲੜੀ ਵਿੱਚ ਜੋ ਗੁਣ ਜਵਾਨੀ ਨੂੰ ਮਿਲੇ ਹਨ, ਉਹ ਦੋਵੇਂ ਹੀ ਉਸ ਨੂੰ ਚੁਣੌਤੀ ਦੇ ਰਹੇ ਹਨ, ਕੁਝ ਕਰਨ ਨੂੰ, ਨੌਜਵਾਨ ਬੇਵੱਸ ਹੋ ਰਿਹਾ ਹੈ। ਸੁਪਨੇ ਪੂਰੇ ਕਰਨ ਦੀ ਸਮਰੱਥਾ ਬੇਚੈਨ ਹੁੰਦੀ ਹੈ ਤੇ ਉਹ ਟੁੱਟਦੀ ਹੈ, ਜਦੋਂ ਕਿ ਉਸ ਨੂੰ ਆਪਣੀ ਇਹ ਟੁੱਟ ਭੱਜ ਮਨਜ਼ੂਰ ਕਰਨ ਵਿੱਚ ਵੀ ਔਖਿਆਈ ਹੁੰਦੀ ਹੈ। ਇਹ ਮਾਹੌਲ ਉਸ ਨੂੰ ਨਸ਼ਾ ਕਰਨ ਵੱਲ, ਸੈਕਸ ਵੱਲ ਜਾਂ ਰਫ਼ਤਾਰ ਵਿੱਚ ਕੀਤੀ ਆਪਣੀ ਕਾਰਗੁਜ਼ਾਰੀ ਵਿੱਚ ‘ਕੁਝ ਕੀਤੇ ਜਾਣ’ ਦੀ ਸੰਤੁਸ਼ਟੀ ਦਿੰਦਾ ਹੈ, ਭਾਵੇਂ ਇਸਦਾ ਅੰਤ ਖਤਰਨਾਕ ਕਿਉਂ ਨਾ ਹੋਵੇ।
ਅਸੀਂ ਅਕਸਰ ਹੋਰ ਗੱਲ ਵੀ ਕਹਿੰਦੇ ਹਾਂ ਕਿ ਇਹ ਜ਼ਿੰਮੇਵਾਰ ਨਹੀਂ ਹਨ, ਇਨ੍ਹਾਂ ਨੂੰ ਫੈਸਲਾ ਕਰਨਾ ਨਹੀਂ ਆਉਂਦਾ, ਇਹ ਉਮਰ ਦੇ ਕੱਚੇ ਹਨ, ਸਾਡੀ ਸੁਣਦੇ ਨਹੀਂ, ਸਾਡੇ ਤਜਰਬੇ ਤੋਂ ਸਿੱਖਦੇ ਨਹੀਂ। ਸਵਾਲ ਇੱਥੇ ਵੀ ਉਹੀ ਹੈ ਕਿ ਅਸੀਂ ਕਦੇ ਸੁਚੇਤ ਤੌਰ ’ਤੇ ਮਨ ਬਣਾ ਕੇ ਇਨ੍ਹਾਂ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਹੈ ਜਾਂ ਜ਼ਿੰਮੇਵਾਰੀ ਨਿਭਾਉਣੀ ਸਿਖਾਈ ਹੈ? ਕਦੇ ਵੀ ਖ਼ੁਦ ਫੈਸਲੇ ਲੈਣ ਲਈ ਪ੍ਰੇਰਿਤ ਕੀਤਾ ਹੈ?
ਇਸ ਸਾਰੀ ਗੱਲ ਨੂੰ ਇਸ ਤੱਥ ਨਾਲ ਜੋੜਦੇ ਹਾਂ ਕਿ ਦੁਨੀਆਂ ਭਰ ਵਿੱਚ ਵੋਟ ਪਾਉਣ ਦੀ ਉਮਰ 18 ਸਾਲ ਹੈ। ਡਰਾਈਵਿੰਗ ਲਾਈਸੈਂਸ ਲੈਣ ਲਈ ਵੀ 18 ਸਾਲ। ਇਹ ਕੋਈ ਜਜ਼ਬਾਤੀ ਫੈਸਲਾ ਨਹੀਂ ਹੈ, ਸਗੋਂ ਸਰੀਰ-ਮਨੋਵਿਗਿਆਨ ਦੇ ਮਾਹਿਰਾਂ ਦਾ ਫੈਸਲਾ ਹੈ ਕਿ ਇਸ ਉਮਰ ’ਤੇ ਜ਼ਿੰਮੇਵਾਰੀ ਸੰਭਾਲਣ ਦੀ ਪਰਪੱਕਤਾ ਵਿਕਸਿਤ ਹੋ ਜਾਂਦੀ ਹੈ ਤੇ ਚੰਗੇ ਬੁਰੇ ਦੀ ਪਛਾਣ ਕਰਨ ਦੀ ਕਲਾ ਵੀ ਸਮਝ ਲੈਂਦੇ ਹਨ ਜੋ ਕਿ ਜ਼ਿੰਦਗੀ ਵਿੱਚ ਲੋੜੀਂਦੇ ਹੁੰਦੇ ਹਨ। ਪਰ ਸਾਡੀ ਧਾਰਨਾ ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਕੋਈ ਸਾਰਥਕ ਮਾਹੌਲ ਦਿੱਤੇ ਬਗੈਰ ਹੀ ਬਣਾਈ ਹੋਈ ਹੈ।
ਇਸ ਸਥਿਤੀ ਅਤੇ ਪੈਦਾ ਹੋਈ ਬੇਚੈਨੀ ਦਾ ਮੂਲ ਸਮਝੀਏ ਤਾਂ ਮਹਿੰਗੀ ਪੜ੍ਹਾਈ, ਜੋ ਕਿ ਕਿਸੇ ਰਾਹ ਨਹੀਂ ਲਾਉਂਦੀ ਤੇ ਬੇਰੁਜ਼ਗਾਰੀ ਹੈ ਜੋ ਭਟਕਾਅ ਵੱਧ ਦੇ ਰਹੀ ਹੈ; ਇਸੇ ਦਾ ਹੀ ਨਤੀਜਾ ਕਹਿ ਸਕਦੇ ਹਾਂ ਕਿ ਜਿੱਥੇ ਕਿਤੇ ਵੀ ਸੰਭਵ ਹੈ, ਨੌਜਵਾਨ ਵਿਦੇਸ਼ਾਂ ਨੂੰ ਦੌੜ ਰਹੇ ਹਨ ਤੇ ਆਪਣੀਆਂ ਸਮਰੱਥਾਵਾਂ ਨਾਲ ਉਨ੍ਹਾਂ ਮੁਲਕਾਂ ਦੀ ਤਰੱਕੀ ਨੂੰ ਖੰਭ ਲਾ ਰਹੇ ਹਨ। ਅਸੀਂ ਆਪਣੀ ਇਸ ਉਸਾਰੂ, ਸੰਭਾਵਨਾ ਭਰਪੂਰ, ਕੁਝ ਕਰਕੇ ਦਿਖਾਉਣ ਵਾਲੀ ਨੌਜਵਾਨੀ ਨੂੰ ਸਾਂਭ ਨਹੀਂ ਰਹੇ ਤੇ ਇਹ ਆਪਣੀ ਕਾਬਲੀਅਤ ਦਿਖਾਉਣ ਲਈ ਵਿਦੇਸ਼ੀ ਹੱਥਾਂ ਵਿੱਚ ਆਪਣੇ ਆਪ ਨੂੰ ਵੱਧ ਸੁਰੱਖਿਅਤ ਸਮਝਦੀ ਹੈ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (