“ਅਜਿਹੀ ਸਥਿਤੀ ਤੋਂ ਨਿੱਜੀ ਲਾਹਾ ਲੈਣਾ ਤੇ ਲੋਕਾਂ ਨੂੰ ਮੌਤ ਵਿੱਚ ਜਾਂਦਿਆਂ ਦੇਖ ਕੇ ਦੇਸ਼ ਦੇ ਰਾਖਿਆਂ ਦਾ ...”
(14 ਜੂਨ 2021)
ਕਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਫੌਰੀ ਬਾਅਦ ਕਿੰਨੇ ਹੀ ਨਵੇਂ ਪਹਿਲੂ ਸਮਾਜ ਨੰ ਦੇਖਣ ਲਈ ਮਿਲੇ। ਇਹ ਸਾਰੇ ਮਨੁੱਖੀ ਵਤੀਰੇ ਨਾਲ ਜੁੜੇ ਪੱਖ ਹਨ। ਵੈਸੇ ਤਾਂ ਕੋਈ ਬਿਮਾਰੀ ਜਦੋਂ ਡੂੰਘਾਈ ਵਿੱਚ ਸਮਝੀ ਜਾਂਦੀ ਹੈ ਤਾਂ ਮਨੁੱਖੀ ਵਿਵਹਾਰ ਵਿੱਚ ਬਦਲਾਅ ਇਹ ਅਹਿਮ ਅਲਾਮਤ ਹੁੰਦੀ ਹੀ ਹੈ। ਕਰੋਨਾ ਨੂੰ ਲੈ ਕੇ ਵਾਰ ਵਾਰ ਹੱਥ ਧੋਣ ਦੀ ਆਦਤ, ਸਾਡੇ ਸੱਭਿਆਚਾਰ ਦਾ ਹਿੱਸਾ ਰਹੀ ਹੈ। ਇਸ ਨੂੰ ਮਾਪੇ ਅਤੇ ਅਧਿਆਪਕ ਸਿਹਤਮੰਦ ਆਦਤਾਂ ਦੇ ਤੌਰ ’ਤੇ ਸਮਝਾਉਂਦੇ-ਕਰਵਾਉਂਦੇ ਰਹੇ ਹਨ। ਇਸੇ ਸੰਦਰਭ ਵਿੱਚ ਸਮਾਜਿਕ ਦੂਰੀ, ਜੋ ਕਿ ਅੰਗਰੇਜ਼ੀ ਸੋਸ਼ਲ ਡਿਸਟੈਂਸਿੰਗ ਦਾ ਤਰਜਮਾ ਸੀ, ਨੂੰ ਲੈ ਕੇ ਕਈ ਵਿਵਾਦ ਵੀ ਖੜ੍ਹੇ ਹੋਏ ਕਿ ਸਾਡੇ ਦੇਸ਼ ਵਿੱਚ ਤਾਂ ਪਹਿਲਾਂ ਹੀ ਸਮਾਜਿਕ ਦੂਰੀ ਬਹੁਤ ਹੈ, ਅਤੇ ਇਹ ਹੈ ਵੀ ਬਹੁਪਰਤੀ, ਇਸ ਨੂੰ ਸਰੀਰਕ ਦੂਰੀ ਕਹਿ ਕੇ ਪ੍ਰਚਾਰਿਆ ਜਾਵੇ ਭਾਵੇਂ ਕਿ ਅਜਿਹੀਆਂ ਭਾਵਨਾਵਾਂ ਪਿੱਛੇ ਸ਼ਬਦ ਤਬਦੀਲੀ ਜਾਂ ਤਰਜਮੇ ਤੋਂ ਵੱਧ ਮਾਨਸਿਕ ਤਬਦੀਲੀ ਦੀ ਲੋੜ ਹੁੰਦੀ ਹੈ। ਉਂਜ ਕਿਸੇ ਵੀ ਲਾਗ ਦੀ ਬਿਮਾਰੀ ਹੋਵੇ ਤਾਂ ਲੋਕ ਖ਼ੁਦ ਹੀ ਦੂਰੀ ਬਣਾ ਲੈਂਦੇ ਹਨ, ਹੱਥ ਮਿਲਾਉਣ ਤੋਂ ਗੁਰੇਜ਼ ਕਰਦੇ ਹਨ ਤੇ ਘਰ ਦੇ ਨਜ਼ਦੀਕੀਆਂ ਨੂੰ ਗਲਵੱਕੜੀ ਵਿੱਚ ਲੈਣ ਤੋਂ ਗੁਰੇਜ਼ ਕਰਦੇ ਹਨ।
ਇਸ ਤਰ੍ਹਾਂ ਦੇ ਨਵੇਂ ਵਿਵਹਾਰ ਵਿੱਚ ਮਾਸਕ ਪਾਉਣ ਦੀ ਗੱਲ ਵੀ ਸਾਹਮਣੇ ਆਈ ਤੇ ਇਸ ਨੂੰ ਸਭ ਤੋਂ ਵੱਧ ਜ਼ੋਰ ਨਾਲ ਪ੍ਰਚਾਰਿਆ ਗਿਆ ਤੇ ਕਰੋਨਾ ਦੇ ਬਚਾ ਤੋਂ ਅਹਿਮ ਅਤੇ ਕਾਰਗਰ ਤਰੀਕਾ ਦੱਸਿਆ ਗਿਆ। ਇਸ ਨੂੰ ਲਾਗੂ ਕਰਵਾਉਣ ਲਈ ਡੰਡੇ ਦੀ ਵਰਤੋਂ ਵੀ ਹੋਈ ਤੇ ਜੁਰਮਾਨੇ ਦੀ ਵੀ, ਜੋ ਕਿ ਅਜੇ ਤਕ ਜਾਰੀ ਹੈ।
ਮਾਸਕ ਦੇ ਬਾਰੇ ਭਾਵੇਂ ਅੱਜ ਬੱਚਾ ਬੱਚਾ ਜਾਣਦਾ ਹੈ, ਪਾਉਂਦਾ ਵੀ ਹੈ, ਉਂਜ ਇਹ ਕੋਈ ਨਵਾਂ ਸ਼ਬਦ ਨਹੀਂ ਹੈ। ਸਾਡੇ ਦੇਸ਼ ਵਿੱਚ ਨੌਟੰਕੀ ਦੀ ਇੱਕ ਵੱਡੀ ਪਰੰਪਰਾ ਹੈ। ਗਲੀ ਗਲੀ ਵਿੱਚ ਹੁੰਦੀ ਰਾਮਲੀਲਾ ਨੂੰ ਸਭ ਜਾਣਦੇ ਹਨ ਜੋ ਕਿ ਮਖੌਟੇ ਚੜ੍ਹਾ ਕੇ ਕੀਤੀ ਜਾਂਦੀ ਹੈ, ਜਿਸ ਨੂੰ ਨਵੇਂ ਪਰਿਪੇਖ ਵਿੱਚ ਮਾਸਕ ਦਾ ਨਾਂ ਦਿੱਤਾ ਗਿਆ ਹੈ। ਉਂਜ ਵੀ ਸਾਡੇ ਤਿਉਹਾਰਾਂ ਦੇ ਮੌਕਿਆਂ ’ਤੇ ਬੱਚੇ ਪੇਪਰ ਮਾਸਕ ਪਹਿਨ ਕੇ ਮਸਤੀ ਕਰਦੇ ਹਨ। ਉਹ ਮਾਸਕ ਚਾਹੇ ਰਾਮ-ਰਾਵਣ ਦੇ ਹੋਣ ਤੇ ਚਾਹੇ ਹੁਣ ਸੁਪਰਮੈਨ ਦੇ। ਅੱਜ ਕੱਲ੍ਹ ਤਾਂ ਵੱਡੀਆਂ ਵੱਡੀਆਂ ਰੈਲੀਆਂ ਵਿੱਚ, ਆਪਣੇ ਨੇਤਾਵਾਂ ਨਾਲ ਆਪਣੀ ਹਾਜ਼ਰੀ ਅਤੇ ਨੇੜਤਾ ਜਿਤਾਉਣ ਲਈ, ਨੇਤਾ ਦੇ ਮਾਸਕ ਪਹਿਨਣ ਦੀ ਵੀ ਰਿਵਾਇਤ ਹੈ। ਮਾਸਕ ਦੀ ਵਰਤੋਂ ਦੇ ਇਤਿਹਾਸ ਦੀਆਂ ਤੰਦਾਂ ਮਨੁੱਖੀ ਸਮਾਜ ਤੋਂ ਵੀ ਪਹਿਲਾਂ ਜੰਗਲੀ ਸਮੇਂ ਵਿੱਚ ਲੱਭੀਆਂ ਜਾ ਸਕਦੀਆਂ ਹਨ, ਜਦੋਂ ਉਹ ਆਪਣੇ ਨਾਚਾਂ ਵਿੱਚ ਮਾਸਕ ਦੀ ਵਰਤੋਂ ਕਰਦੇ ਰਹੇ ਹਨ, ਤਰੀਕਾ ਚਾਹੇ ਚਿਹਰੇ ਨੂੰ ਰੰਗਣਾ ਸੀ ਜਾਂ ਹੋਰ।
ਮੈਡੀਕਲ ਮਾਸਕ ਦਾ ਪਿਛੋਕੜ ਵੀ 1617 ਵਿੱਚ ਮਿਲਦਾ ਹੈ ਤੇ ਇਸੇ ਤਰ੍ਹਾਂ ਹਵਾ ਪ੍ਰਦੂਸ਼ਣ ਲਈ ਵਰਤੇ ਜਾਂਦੇ ਮਾਸਕ ਦੀ ਖ਼ਬਰ 1918 ਵਿੱਚ ਲੱਭੀ ਜਾ ਸਕਦੀ ਹੈ। ਪਰ ਜਿਸ ਤਰੀਕੇ ਨਾਲ ਵੱਡੇ ਪੱਧਰ ’ਤੇ, ਖਾਸਕਰ ਪਿਛਲੇ ਸਾਲ ਤੋਂ, ਕਰੋਨਾ ਬਿਮਾਰੀ ਨੂੰ ਲੈ ਕੇ ਮਾਸਕ ਦੀ ਵਰਤੋਂ ਹੋ ਰਹੀ ਹੈ/ਕਰਵਾਈ ਜਾ ਰਹੀ ਹੈ, ਇਹ ਨਵੇਕਲੀ ਹੈ। ਇਸ ਪ੍ਰਤੀ ਕਈ ਤਰ੍ਹਾਂ ਦੇ ਭੰਬਲਭੂਸੇ ਵੀ ਹਨ ਤੇ ਸ਼ੰਕਾਵਾਂ ਵੀ ਕਿ ਇਹ ਸੱਚ-ਮੁੱਚ ਹੀ ਮਦਦ ਕਰਦਾ ਹੈ ਜਾਂ ਇਸ ਪਿੱਛੇ ਕੋਈ ਡਰ ਦਾ ਮਾਹੌਲ ਬਣਾਉਣ ਦੀ ਸਾਜ਼ਿਸ਼ ਹੈ।
ਮਾਸਕ ਦੀ ਵਰਤੋਂ ਨੂੰ, ਬਿਮਾਰੀ ਵੇਲੇ ਅਤੇ ਮਨੋਰੰਜਨ ਤੋਂ ਅੱਗੇ ਇਸਦੀ ਸ਼ਬਦਾਵਲੀ ਵਾਲੇ ਪੱਖ ਤੋਂ, ਜਜ਼ਬਾਤਾਂ ਨਾਲ ਜੋੜ ਕੇ, ਹੋਰ ਡੂੰਘਾਈ ਨਾਲ ਸਮਝੀਏ ਤਾਂ ਇਸਦਾ ਅਰਥ ਆਪਣੀ ਪਛਾਣ ਲੁਕਾਉਣਾ, ਛੁਪਾਉਣਾ ਹੈ। ਇਸ ਪਿੱਛੇ ਕਈ ਮੰਤਵ-ਮਕਸਦ ਹੋ ਸਕਦੇ ਹਨ। ਅਸੀਂ ਆਪਣੇ ਨਿੱਤ ਵਰਤੋਂ ਦੇ ਮੁਹਾਵਰਿਆਂ ਵਿੱਚ, ਮਾਸਕ (ਮਖੌਟੇ) ਨੂੰ ਲੈ ਕੇ ਕਈ ਪ੍ਰਗਟਾਵੇ ਹੁੰਦੇ ਦੇਖਦੇ ਹਾਂ। ‘ਇਸਦੇ ਚਿਹਰੇ ਤੋਂ ਨਕਾਬ ਉਤਾਰੋ’, ‘ਇਹ ਬੰਦਾ ਦੋਗਲਾ ਹੈ, ਇਸਦੇ ਚਿਹਰੇ ਦੇ ਪਿੱਛੇ ਇੱਕ ਹੋਰ ਚਿਹਰਾ ਲੁਕਿਆ ਹੈ।’ ਇਸ ਨੂੰ ਬੇਨਕਾਬ ਕਰਨ ਦੀ ਲੋੜ ਹੈ।
ਲੁਕਾਉਣ ਛੁਪਾਉਣ ਦਾ ਇੱਕ ਮੰਤਵ ਧੋਖਾ ਦੇਣਾ ਹੈ। ਵੈਸੇ ਤਾਂ ਮਨੋਵਿਗਿਆਨੀਆਂ ਦਾ ਮੱਤ ਹੈ ਕਿ ਕੋਈ ਜਿੰਨੀ ਮਰਜ਼ੀ ਕੋਸ਼ਿਸ਼ ਕਰੇ, ਚਿਹਰਾ ਸਭ ਕੁਝ ਦੱਸ ਦਿੰਦਾ ਹੈ। ਵੈਸੇ, ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਲੋਕੀਂ ਚਿਹਰੇ ਦੇ ਹਾਵ-ਭਾਵ ਛੁਪਾਉਣ ਦੀ ਕਲਾ ਵੀ ਸਿੱਖ ਰਹੇ ਹਨ। ਜਾਂ ਕਹਿ ਲਵੋ ਕਿ ਅੱਜ ਦਾ ਪੂੰਜੀਵਾਦੀ ਸਮਾਜ ਜਾਂ ਨਿੱਜ ਦੇ ਫਾਇਦੇ ਤੋਂ ਅੱਗੇ ਨਾ ਸੋਚਣ ਵਾਲਾ ਮਨੁੱਖ ਚਿਹਰੇ ਦੇ ਭਾਵਾਂ ਨੂੰ ਵੀ ਮੌਕੇ ਮੁਤਾਬਕ ਪ੍ਰਗਟ ਕਰਨ ਦੀ ਮੁਹਾਰਤ ਹਾਸਿਲ ਕਰਨ ਲੱਗਿਆ ਹੈ।
ਇੱਥੇ ਵੀ ਮਨੋਵਿਗਿਆਨ ਦੇ ਮਾਹਿਰ ਮੰਨਦੇ ਹਨ ਕਿ ਜੋ ਮਰਜ਼ੀ ਹੋ ਜਾਵੇ ਵਿਵਹਾਰ ਦਾ ਪ੍ਰਗਟਾਵਾ ਮਨੁੱਖੀ ਕਾਰਜਾਂ ਵਿੱਚ ਹੋ ਕੇ ਰਹਿੰਦਾ ਹੈ, ਸਵਾਲ ਹੈ, ਉਨ੍ਹਾਂ ਨੂੰ ਫੜਨ ਦੀ ਮੁਹਾਰਤ ਚਾਹੀਦੀ ਹੈ। ਇਸ ਸੰਦਰਭ ਵਿੱਚ ਕਰੋਨਾ ਦੇ ਇਸ ਦੌਰ ਵਿੱਚ, ਇੱਕ ਮਨੁੱਖੀ ਆਪਦਾ ਵਿੱਚੋਂ ਲੰਘਦੇ ਹੋਏ, ਲੋਕਾਂ ਵੱਲੋਂ ਸਾਹਮਣੇ ਆ ਰਹੇ ਵਤੀਰੇ ਕਈ ਪੱਖਾਂ ਨੂੰ ਸਪਸ਼ਟ ਕਰ ਰਹੇ ਹਨ।
ਮਨੁੱਖੀ ਵਿਵਹਾਰ ਜੋ ਅੱਜ ਅਸੀਂ ਦੇਖ ਰਹੇ ਹਾਂ, ਉਸ ਵਿੱਚ ਚੰਗਾ ਮਨੁੱਖੀ ਪੱਖ, ਹੱਥ ਫੜਨ, ਮਦਦ ਕਰਨ ਵਾਲਾ ਵੀ ਹੈ ਤੇ ਨਾਲ ਹੀ ਆਪਦਾ ਦਾ ਫਾਇਦਾ ਲੈਣ ਦਾ ਵੀ, ਆਪਣਾ ਘਰ ਭਰਨ ਦਾ ਜਾਂ ਆਪਣੇ ਲਈ ਭਵਿੱਖੀ ਮੌਕੇ ਤਲਾਸ਼ਣ ਦਾ ਵੀ ਹੈ। ਇਹ ਗੱਲ ਠੀਕ ਹੈ ਕਿ ਮਦਦ ਕਰਨ ਵਾਲੇ ਵਿਵਹਾਰ ਬਹੁਤੇ ਉਭਾਰੇ ਵੀ ਨਹੀਂ ਜਾਂਦੇ ਤੇ ਲੰਮਾ ਸਮਾਂ ਯਾਦ ਵੀ ਨਹੀਂ ਰਹਿੰਦੇ। ਧੋਖਾ-ਫਰੇਬ ਤਾਂ ਕਈ ਵਾਰ ਸਾਰੀ ਉਮਰ ਚੇਤੇ ਰਹਿੰਦਾ ਹੈ।
ਕਰੋਨਾ ਨੂੰ ਲੈ ਕੇ ਬਦਲੇ ਵਿਵਹਾਰ ਨੇ ਮਨੁੱਖੀ ਰਿਸ਼ਤਿਆਂ ਦਾ ਚਿਹਰਾ ਬੇਨਕਾਬ ਕੀਤਾ ਹੈ। ਦੋਸਤਾਂ-ਮਿੱਤਰਾਂ ਦਾ ਹਾਲ ਪੁੱਛਣਾ ਤਾਂ ਦੂਰ, ਟੈਲੀਫੋਨ ਰਾਹੀਂ ਹਮਦਰਦੀ ਦੇ ਕੁਝ ਬੋਲ ਬੋਲਣ ਤੋਂ ਵੀ ਡਰਨ ਤੋਂ ਪਰੇ, ਜੋ ਮਨ ਨੂੰ ਜਖ਼ਮੀ ਕਰਨ ਵਾਲੇ ਵਤੀਰੇ ਦੇਖੇ ਗਏ, ਉਹ ਹਨ ਆਪਣੀ ਮਾਂ ਦੀ ਮ੍ਰਿਤਕ ਦੇਹ ਨੂੰ ਲੈਣ ਤੋਂ ਵੀ ਡਰਨਾ। ਡਾਕਟਰਾਂ-ਨਰਸਾਂ ਵਲੋਂ ਵਰਤੀ ਜਾਂਦੀ ਪੀ.ਪੀ.ਈ. ਕਿੱਟ ਪਾ ਕੇ, ਮਾਂ ਦੇ ਆਖਰੀ ਦਰਸ਼ਨ ਵੀ ਨਾ ਕਰਨਾ, ਉਸ ਮਾਂ ਦਾ ਸੰਸਕਾਰ ਤਾਂ ਕੀ ਕਰਨਾ।
ਇਨ੍ਹਾਂ ਨਜ਼ਦੀਕੀ ਰਿਸ਼ਤਿਆਂ ਦੇ ਅਜਿਹੇ ਵਤੀਰੇ ਤੋਂ ਬਾਅਦ ਕਿਸੇ ਹੋਰ ਰਿਸ਼ਤੇ ਨੂੰ ਲੈ ਕੇ ਗੱਲ ਕਰਨਾ ਬੇਮਾਅਨਾ ਲੱਗਦਾ ਹੈ, ਜਦੋਂ ਆਪਾਂ ਦਵਾਈਆਂ ਦੀ ਜਮ੍ਹਾਂਖੋਰੀ ਅਤੇ ਬਲੈਕਮੇਲਿੰਗ ਦੇਖਦੇ ਹਾਂ, ਜਦੋਂ ਕਰੋਨਾ ਮਰੀਜ਼ਾਂ ਲਈ ਜ਼ਿੰਦਗੀ ਦੀ ਸੌਗਾਤ ਵਰਗੀ ਆਕਸੀਜਨ ਦੇ ਸੈਲੰਡਰ ਦੀ ਕਾਲਾਬਾਜ਼ਾਰੀ ਬਾਰੇ ਸੁਣਦੇ ਹਾਂ ਤਾਂ ਮਨ ਦੁਖੀ ਵੀ ਹੁੰਦਾ ਹੈ ਤੇ ਇਸ ਤਰ੍ਹਾਂ ਦੇ ਸਮਾਜ ਨਾਲ ਨਫ਼ਰਤ ਵੀ ਹੁੰਦੀ ਹੈ। ਇਸ ਸੰਦਰਭ ਵਿੱਚ ਸਸਕਾਰ ਕਰਵਾਉਣ ਵਾਲਾ ਪੰਡਤ ਵੀ ਵੱਧ ਪੈਸੇ ਮੰਗ ਰਿਹਾ ਹੈ ਤੇ ਸਸਕਾਰ ਲਈ ਵਰਤੋਂ ਵਿੱਚ ਆਉਂਦੀਆਂ ਲੱਕੜਾਂ ਵੀ ਰਾਤੋ ਰਾਤ ਮਹਿੰਗੀਆਂ ਹੋ ਗਈਆਂ ਹਨ। ਐਬੂਲੈਂਸਾਂ ਨੇ ਵੀ ਕਿਰਾਏ ਕਈ ਗੁਣਾ ਵਧਾ ਦਿੱਤੇ ਹਨ, ਚਾਹੇ ਉਹ ਮਰੀਜ਼ ਲੈ ਕੇ ਜਾ ਰਹੀਆਂ ਹਨ ਜਾਂ ਮ੍ਰਿਤਕ ਦੇਹ।
ਇਸ ਸਾਰੇ ਦੌਰ ਵਿੱਚ ਜਿੱਥੇ ਸਕੂਲਾਂ, ਜਿੱਮਾਂ, ਸਿਨੇਮਾ ਹਾਲਾਂ ਦੇ ਦਰਵਾਜਿਆਂ ’ਤੇ ਜ਼ਿੰਦੇ ਲੱਗੇ ਹਨ, ਉੱਥੇ ਰੱਬ ਦੇ ਘਰਾਂ, ਮੰਦਰਾਂ-ਗੁਰਦੁਆਰਿਆਂ ਦਾ ਵੀ ਇਹੀ ਹਾਲ ਹੈ। ਉਹੀ ਸਰਵਸ਼ਕਤੀਮਾਨ, ਜੋ ਮਨੁੱਖ ਨੂੰ ਤਾਕਤ ਦਿੰਦਾ ਹੈ। ਇਹ ਵਿਵਹਾਰ ਵੀ ਸਮਝਣ ਦੀ ਲੋੜ ਹੈ ਜਦੋਂ ਕੋਈ ਕਰੋਨਾ ਦੀ ਆਖਰੀ ਹਾਲਤ ਵਿੱਚ ਪਹੁੰਚ, ਡਾਕਟਰਾਂ-ਨਰਸਾਂ ਦੀ ਦਿਨ-ਰਾਤ ਦੀ ਮਿਹਨਤ, ਵਿਗਿਆਨ ਦੇ ਬਣੇ ਸਾਜੋ-ਸਮਾਨ ਦੀ ਵਰਤੋਂ ਤੋਂ ਬਾਅਦ, ਕੋਈ ਠੀਕ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਕਰਦਾ ਹੈ ਕਿ ‘ਹੇ ਰੱਬਾ! ਤੂੰ ਬਚਾ ਲਿਆ। ਤੇ ਮਦਦ ਕਰਨ ਵਾਲੇ ਅਮਲੇ ਦੇ ਹਿੱਸੇ ਗਾਲ੍ਹਾਂ ਹੀ ਆਉਂਦੀਆਂ ਹਨ। ਜੇ ਉਸ ਰੱਬ ਨੇ ਹਸਪਤਾਲ ਪਹੁੰਚ ਕੇ ਬਚਾਉਣਾ ਸੀ ਤਾਂ ਉਦੋਂ ਉਹ ਸੁੱਤਾ ਪਿਆ ਸੀ, ਜਦੋਂ ਕਰੋਨਾ ਦਾ ਵਾਇਰਸ ਫੇਫੜਿਆਂ ’ਤੇ ਹਮਲਾ ਕਰ ਰਿਹਾ ਸੀ। ਜੇਕਰ ਸਮਝਿਆ ਜਾਵੇ ਤਾਂ ਇਸ ਆਪਦਾ ਨੇ ਮੰਦਰਾਂ-ਮਸਜਿਦਾਂ ਦੀ ਭੂਮਿਕਾ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ ਤੇ ਪਾਂਡਿਆਂ, ਮੁੱਲਿਆਂ ਦੇ ਚਿਹਰੇ ਤੋਂ ‘ਮਾਸਕ’ ਉੱਤਰਿਆ ਹੈ। ਪਰ ਮਨੁੱਖੀ ਮਾਨਸਿਕਤਾ ਵਿੱਚ ਪਈ ਕਿਸੇ ਵੀ ਸਹਾਰੇ ਦੀ ਲੋੜ ਦੇ ਮੱਦੇਨਜ਼ਰ, ਲੋਕਾਂ ਨੂੰ ਫਿਰ ਕਿਸੇ ਨਾ ਕਿਸੇ ਲਾਰੇ-ਵਾਅਦੇ ਨਾਲ ਰੱਬ ਵੱਲ ਮੋੜ ਹੀ ਲਿਆ ਜਾਂਦਾ ਹੈ।
ਜੇਕਰ ਵੱਡੇ ਪਰਿਪੇਖ ਵਿੱਚ ਦੇਖੀਏ ਤਾਂ ਕਰੋਨਾ ਮਹਾਂਮਾਰੀ ਨਾਲ ਨਜਿਠੱਣ ਲਈ ਵਰਤੇ ਗਏ ਤਰੀਕਿਆਂ ਨੇ ਸਾਡੀ ਸਿਹਤ ਵਿਵਸਥਾ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ। ਦੇਸ਼ ਦਾ ਕੋਈ ਵੀ ਪਹਿਲੂ ਹੋਵੇ ਭਾਵੇਂ ਖੇਤੀ, ਸਨਅਤ, ਸਿੱਖਿਆ ਜਾਂ ਸਿਹਤ, ਇਹ ਸਭ ਦੇਸ਼ ਦੀਆਂ ਨੀਤੀਆਂ ’ਤੇ ਨਿਰਭਰ ਕਰਦਾ ਹੈ। ਜੇਕਰ ਦੇਸ਼ ਦੀਆਂ ਨੀਤੀਆਂ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਤੋਂ ਹੀ ਹਫੜਾ-ਦਫੜੀ ਵਿੱਚ ਲੌਕਡਾਊਨ, ਸੜਕਾਂ ’ਤੇ ਤੁਰਦੇ ਮਜ਼ਦੂਰ ਤੇ ਫਿਰ ਹਸਪਤਾਲਾਂ ਵਿੱਚ ਲੋੜੀਂਦਾ ਸਾਜ਼ੋ ਸਾਮਾਨ ਤੇ ਹੁਣ ਆਕਸੀਜਨ ਐਮਰਜੈਂਸੀ ਆਦਿ ਵਿੱਚ ਸਾਫ਼ ਝਲਕਦੀ ਹੈ।
ਦੇਸ਼ ਦੀ ਸੱਤਾ ਵਿੱਚ ਬੈਠੀ ਧਿਰ ‘ਸਭ ਦਾ ਸਾਥ, ਸਭ ਦਾ ਵਿਕਾਸ’ ਤੇ ‘ਸਭ ਦਾ ਵਿਸ਼ਵਾਸ’ ਨੂੰ ਉਚਾਰਦੇ ਰਹੇ ਹਨ ਤੇ ਲੋਕਾਂ ਵਿੱਚ ਸੱਤਾ ਪ੍ਰਤੀ ਵਿਸ਼ਵਾਸ ਉਨ੍ਹਾਂ ਦੇ ਵਿਵਹਾਰ ਤੋਂ ਸਾਫ਼ ਝਲਕਦਾ ਹੈ, ਜਦੋਂ ਵੈਕਸੀਨ ਵੰਡ ਦੀ ਗੱਲ ਹੋਵੇ ਤੇ ਚਾਹੇ ਹਸਪਤਾਲਾਂ ਵਿੱਚ ਵੈਂਟੀਲੇਟਰ ਭੇਜਣ ਦੀ। ਇਹ ਵਿਵਸਥਾ ਦੀ ਨਾਕਾਮੀ ਦਰਸਾਉਣ ਲਈ ਕਾਫ਼ੀ ਹੈ, ਜਦੋਂ ਦੇਖਣ ਨੂੰ ਮਿਲੇ ਕਿ ਹਸਪਤਾਲਾਂ ਵਿੱਚ ਬੈੱਡਾਂ, ਦਵਾਈਆਂ ਦੀ ਘਾਟ ਕਰਕੇ ਲੋਕ ਲਾਈਨਾਂ ਵਿੱਚ ਲੱਗੇ ਹੋਣ ’ਤੇ ਮੋਢਿਆਂ ’ਤੇ ਸੈਲੰਡਰ ਲੈ ਕੇ ਦੌੜ ਰਹੇ ਹੋਣ। ਇਨ੍ਹਾਂ ‘ਜਾਨ-ਬਚਾਊ’ ਜ਼ਰੂਰੀ ਚੀਜ਼ਾਂ ਦੀ ਕਾਲਾਬਜ਼ਾਰੀ, ਹਜ਼ਾਰਾਂ ਦੀ ਦਵਾਈ ਲੱਖਾਂ ਵਿੱਚ ਮਿਲਣ ਪਿੱਛੇ ਮਿਲੀਭੁਗਤ ਕਿਸ ਦੀ ਹੈ? ਇਹ ਠੀਕ ਹੈ ਇਹ ਸਮਾਂ ਮਨੁੱਖਤਾ ਦੇ ਹੱਕ ਵਿੱਚ ਖੜ੍ਹਨ ਦਾ ਹੈ, ਕੁਝ ਲੋਕ ਅੱਗੇ ਆ ਵੀ ਰਹੇ ਹਨ, ਪਰ ਜੋ ਉਮੀਦ ਸਰਕਾਰਾਂ ਤੋਂ ਕੀਤੀ ਜਾਂਦੀ ਹੈ, ਉਨ੍ਹਾਂ ਦਾ ਚਿਹਰਾ ਜ਼ਰੂਰ ਬੇਨਕਾਬ ਹੋਇਆ ਹੈ। ਕਿਵੇਂ ਉਹ ਖ਼ੁਦ ਵਿਤਕਰਾ ਕਰ ਰਹੇ ਹਨ, ਜਦੋਂ ਰਾਜਾਂ ਲਈ ਆਕਸੀਜਨ ਜਾਂ ਵੈਕਸੀਨ ਦਾ ਕੋਟਾ ਵੰਡਿਆ ਜਾ ਰਿਹਾ ਹੋਵੇ।
ਜੇਕਰ ਲੀਡਰਸ਼ਿੱਪ ਇਮਾਨਦਾਰ ਨਾ ਹੋਵੇ, ਆਮ ਲੋਕਾਂ ਤੋਂ ਕਿਵੇਂ ਆਸ ਕੀਤੀ ਜਾ ਸਕਦੀ ਹੈ। ਉਸੇ ਦਾ ਹੀ ਪ੍ਰਗਟਾਵਾ ਹੈ ਕਿ ਹਰ ਵਿਅਕਤੀ ਜੇਬਾਂ ਭਰਨ ਵਿੱਚ ਲੱਗਿਆ ਹੈ, ਜਿਵੇਂ ਸਭ ਨੂੰ ਪੂਰੀ ਖੁੱਲ੍ਹ ਹੋਵੇ। ਇਸ ਸਮੇਂ ਮਨੁੱਖ ਤੋਂ ਜੋ ਲੋੜੀਂਦਾ ਹੈ ਕਿ ਉਹ ਖੁੱਲ੍ਹ ਦਿੱਲੀ ਨਾਲ ਅੱਗੇ ਆਉਣ, ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਹੋਵੇ, ਪਰ ਵਾਪਰ ਰਹੇ ਕਾਰਜਾਂ ਤੋਂ ਸਪਸ਼ਟ ਹੈ ਕਿ ਅਸੀਂ ‘ਕਮੀਨੇ’ ਵਰਗਾ ਸ਼ਬਦ ਵੀ ਇਸਤੇਮਾਲ ਕਰ ਸਕਦੇ ਹਾਂ।
ਜੇਕਰ ਕੋਈ ਦੇਸ਼ ਭ੍ਰਿਸ਼ਟ ਹੋਵੇ, ਲੋਕਾਂ ਕੋਲ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਸੁਰੱਖਿਆ ਦਾ ਕੋਈ ਪ੍ਰਬੰਧ ਨਾ ਹੋਵੇ, ਲੋਕਾਂ ਨੂੰ ਹੌਂਸਲਾ/ਦਿਲਾਸਾ ਦੇਣ ਵਾਲਾ ਕੋਈ ਹੱਥ ਨਜ਼ਰ ਨਾ ਆਵੇ, ਉਹ ਦੇਸ਼ ਵੱਡੀ ਗਿਣਤੀ ਵਿੱਚ ਲੋਕਾਂ ਦੀ ਉਦਾਸੀ ਦਾ ਸਬੱਬ ਬਣਦਾ ਹੈ, ਜਿਸ ਨੂੰ ਬਿਮਾਰੀ ਦੀ ਹਾਲਤ ਵਿੱਚ ਸਗੋਂ ਵਿਗਾੜ ਪੈਂਦਾ ਹੈ। ਅਸੀਂ ਖੁਸ਼ੀ ਦੇ ਸੂਚਕ ਅੰਕ ਵਿੱਚ ਦੁਨੀਆਂ ਭਰ ਦੇਸ਼ਾਂ ਵਿੱਚੋਂ 139ਵੇਂ ਨੰਬਰ ’ਤੇ ਹਾਂ।
ਇਸ ਤਰ੍ਹਾਂ ਇਹ ਸਾਰੇ ਪ੍ਰਗਟਾਵੇ ਸਾਡੇ ਦੇਸ਼ ਦੀ ਨਾ-ਬਰਾਬਰੀ, ਦੇਸ਼ ਦੀ ਨਿਰਾਸ਼ਾ ਦਾ ਪੱਧਰ, ਦੁਨੀਆਂ ਦੇ ਨਜ਼ਰੀਏ ਤੋਂ ਵੀ ਦੇਖੀਏ ਤਾਂ ਅਸੀਂ ਜਿਸ ਰਾਹ ’ਤੇ ਤੁਰੇ ਹੋਏ ਹਾਂ, ਇਹ ਪ੍ਰਾਈਵੇਟ ਸੈਕਟਰ ਨੂੰ ਹੁਲਾਰਾ ਦਿੰਦਾ ਹੈ। ਦੇਸ਼ ਨੂੰ ਨਿੱਜੀ ਹੱਥਾਂ ਵਿੱਚ, ਕਾਰਪੋਰੇਟਾਂ ਦੇ ਹਵਾਲੇ ਕਰਨ ਨਾਲ ਅਸੀਂ ਮਨੁੱਖੀ ਜੀਵਨ ਨੂੰ ਨਿਵਾਣਾਂ ਵੱਲ ਲੈ ਜਾ ਰਹੇ ਹਾਂ। ਵੈਸੇ ਤਾਂ ਦੁਨੀਆਂ ਭਰ ਵਿੱਚ ਤੇ ਖਾਸ ਕਰ ਆਪਣੇ ਦੇਸ਼ ਦੇ ਸੰਦਰਭ ਵਿੱਚ, ਸਾਡਾ ਵਿਕਾਸ ਮਾਡਲ ਵੀ ਸਵਾਲਾਂ ਦੇ ਘੇਰੇ ਵਿੱਚ ਆਉਣ ਵਾਲਾ ਹੈ। ਇਸ ਵੱਲ ਵਧ ਰਹੇ ਕਦਮਾਂ ਅਤੇ ਦਾਅਵਿਆਂ ਤੋਂ ਵੀ ਨਕਾਬ ਉੱਤਰਿਆ ਦਿਸਦਾ ਹੈ। ਭਾਵੇਂ ਕਿ ਇਹ ਹੁਣ ਦੁਨੀਆਂ ਭਰ ਦਾ ਮਾਡਲ ਹੈ, ਕਾਰਪੋਰੇਟ ਮਾਡਲ।
ਦਰਅਸਲ ਇਸ ਹਾਲਤ ਪਿੱਛੇ ਜੋ ਪ੍ਰਚਾਰ ਤੰਤਰ ਹੈ, ਉਹ ਵੀ ਜ਼ਿੰਮੇਵਾਰ ਹੈ। ਪ੍ਰਚਾਰ ਤੰਤਰ ਕੋਲ ਇੱਕੋ ਹੀ ਮੁੱਖ ਲਾਇਨ ਹੈ, ‘ਕਹਿਰ ਕਹਿਰ, ਮੌਤ ਮੌਤ।’ ਹਰ ਕੋਈ ਡਰ ਵਿੱਚ ਹੈ ਤੇ ਡਰ ਦਾ ਹੀ ਵਪਾਰ ਹੈ ਜੋ ਸਾਨੂੰ ਦਵਾਈਆਂ/ਹਸਪਤਾਲਾਂ ਦੇ ਪ੍ਰਬੰਧਾਂ ਵਿੱਚ ਦਿਸ ਰਿਹਾ ਹੈ। ਘਬਰਾਹਟ ਘੱਟ ਕਰਨ ਦੇ ਸਾਰੇ ਤਰੀਕੇ ਹੋਣ ਦੇ ਬਾਵਜੂਦ, ਜਿਵੇਂ ਹੈਲਥ ਐਜੂਕੇਸ਼ਨ ਦਾ ਮਹਿਕਮਾ ਅਤੇ ਉਸ ਦੇ ਅਮਲੇ ਨੂੰ ਮੁਹਰਲੀ ਭੂਮਿਕਾ ਵਿੱਚ ਨਹੀਂ ਲਿਆਇਆ ਗਿਆ। ਮੀਡੀਆ ਨੇ ਵੀ ਬਣਦੀ ਭੂਮਿਕਾ ਨਹੀਂ ਨਿਭਾਈ। ਮੀਡੀਆ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ ਅਤੇ ਉਸ ਦਾ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਚਿਹਰਾ ਵੀ ਬੇਨਕਾਬ ਹੋਇਆ ਹੈ, ਜਦੋਂ ਕਿ ਦੇਸ਼ ਦੀ ਵਿਵਸਥਾ, ਰਾਜਨੇਤਾਵਾਂ ਦੀ ਭੂਮਿਕਾ ਅਤੇ ਦੇਸ਼ ਦੀਆਂ ਨੀਤੀਆਂ ਦੀ ਸਚਾਈ ਬਾਰੇ ਲੋਕਾਂ ਨੂੰ ਇਸ ਮਾਧਿਅਮ ਨੇ ਜਾਗਰੂਕ ਕਰਨਾ ਸੀ। ਉਸ ਨੇ ਵੀ ਝੂਠ ਅਤੇ ਲੁਕੋਅ ਨੂੰ ਹੀ ਪਹਿਲ ਦਿੱਤੀ ਹੈ।
ਬਿਮਾਰੀਆਂ/ ਮਹਾਂਮਾਰੀਆਂ ਦਾ ਸਾਡੇ ਕੋਲ ਇਤਿਹਾਸ ਹੈ। ਇਸ ਤਰ੍ਹਾਂ ਦੇ ਵੱਡੇ ਹਮਲੇ ਵਿੱਚ ਸਿਰਫ਼ ਸਰੀਰ ਹੀ ਨਹੀਂ, ਮਨ ਅਤੇ ਸਮਾਜਿਕ ਰਿਸ਼ਤੇ ਵੀ ਪ੍ਰਭਾਵਿਤ ਹੁੰਦੇ ਹਨ, ਪਰ ਵੱਡੇ ਪੱਧਰ ’ਤੇ ਅਜਿਹੀ ਸਥਿਤੀ ਤੋਂ ਨਿੱਜੀ ਲਾਹਾ ਲੈਣਾ ਤੇ ਲੋਕਾਂ ਨੂੰ ਮੌਤ ਵਿੱਚ ਜਾਂਦਿਆਂ ਦੇਖ ਕੇ ਦੇਸ਼ ਦੇ ਰਾਖਿਆਂ ਦਾ ਬਿਲਕੁਲ ਹੀ ਪ੍ਰੇਸ਼ਾਨ ਨਾ ਹੋਣਾ, ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ ਤੇ ਇਸ ਬਿਮਾਰੀ ਦੇ ਪ੍ਰਚਾਰ ਅਤੇ ਫੈਲਾਅ ਨੂੰ ਲੈ ਕੇ ਕਈ ਲੁਕਵੇਂ ਪੱਖਾਂ ਵੱਲ ਵੀ ਇਸ਼ਾਰਾ ਕਰਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2842)
(ਸਰੋਕਾਰ ਨਾਲ ਸੰਪਰਕ ਲਈ: