“ਦੇਸ ਆਪਣੇ-ਆਪ ਨੂੰ ਆਰਥਕ ਪੱਖੋਂ ਮਜ਼ਬੂਤ ਹੋਣ ਦੇ ਦਾਅਵੇ ਕਰਦਾ ਹੈ ਤੇ ...”
(29 ਅਕਤੂਬਰ 2018)
ਸਵੱਛ ਭਾਰਤ ਮਿਸ਼ਨ 2014 ਵਿੱਚ ਮਹਾਤਮਾ ਗਾਂਧੀ ਦੇ ਜਨਮ ਦਿਨ ਨੂੰ ਸਮਰਪਿਤ ਕਰਦਿਆਂ ਇੱਕ ਮੁਹਿੰਮ ਵਜੋਂ ਸ਼ੁਰੂ ਹੋਇਆ ਤੇ ਬਾਪੂ ਦੇ 150ਵੇਂ ਜਨਮ ਦਿਨ, ਭਾਵ 2019 ਤੱਕ ਕੁਝ ਟੀਚੇ ਮਿੱਥੇ ਗਏ ਕਿ ਖੁੱਲ੍ਹੇ ਵਿੱਚ ਪਖਾਨਾ ਕਰਨ ਦੀ ਆਦਤ ਤੋਂ ਦੇਸ ਨੂੰ ਮੁਕਤ ਕਰਵਾਉਣਾ ਹੈ ਤੇ ਇਸ ਦੇ ਲਈ ਪਿੰਡਾਂ ਅਤੇ ਘਰਾਂ ਵਿੱਚ ਪਖਾਨੇ ਬਣਾਉਣ ਲਈ ਸਰਗਰਮ ਯੋਜਨਾ ਬਣਾਈ ਗਈ।
ਸਾਫ਼-ਸਫ਼ਾਈ ਬਾਰੇ ਇੱਕ ਕਥਨ ਹੈ ਕਿ ਅਸੀਂ ਸਮਾਜੀ-ਸੱਭਿਆਚਾਰਕ ਪ੍ਰਾਣੀ ਵਜੋਂ ਜੇਕਰ ਕੁਝ ਹਾਸਲ ਕੀਤਾ ਹੈ ਤਾਂ ਉਹ ਇਹ ਕਿ ਅਸੀਂ ਗੰਦਗੀ ਤੋਂ ਇੱਕ ਦੂਰੀ ਬਣਾਈ ਹੈ। ਅਸੀਂ ਹੋਰ ਜਾਨਵਰਾਂ ਅਤੇ ਆਪਣੇ ਪਾਲਤੂ ਜਾਨਵਰਾਂ ਨੂੰ ਦੇਖ ਸਕਦੇ ਹਾਂ, ਜੋ ਗੰਦਗੀ ਵਿੱਚ ਬਹੁਤੇ ਪਰੇਸ਼ਾਨ ਨਹੀਂ ਹੁੰਦੇ। ਭਾਵੇਂ ਸਾਡੇ ਸਮਾਜ ਵਿੱਚ ਇਹ ਅਖਾਣ ਵੀ ਪ੍ਰਚੱਲਤ ਹੈ ਕਿ ਕੁੱਤਾ ਵੀ ਬਹਿੰਦਾ ਹੈ ਤਾਂ ਪੂਛ ਮਾਰ ਕੇ ਬਹਿੰਦਾ ਹੈ।
ਮਨੁੱਖ ਜਿਵੇਂ-ਜਿਵੇਂ ਸਿਆਣਾ ਹੋਇਆ, ਨਾਲ ਹੀ ਉਸਦੀਆਂ ਸੰਵੇਦਨਾਵਾਂ ਦਾ ਵਿਕਾਸ ਸੂਖਮ ਹੁੰਦਾ ਗਿਆ। ਉਸ ਨੇ ਗੰਦਗੀ ਤੋਂ ਨੱਕ ਵੱਟਿਆ ਤੇ ਇਸੇ ਕਰ ਕੇ ਅੱਖਾਂ ਨੂੰ ਵੀ ਗੰਦਗੀ ਚੁੱਭਦੀ ਹੈ। ਅਸੀਂ ਇਹ ਵੀ ਮਹਿਸੂਸ ਕੀਤਾ ਕਿ ਗੰਦਗੀ ਦਾ ਸਿੱਧਾ ਰਿਸ਼ਤਾ ਬੀਮਾਰੀਆਂ ਨਾਲ ਹੈ। ਜੇਕਰ ਇਨ੍ਹਾਂ ਦੀ ਲੰਮੀ ਸੂਚੀ ਵਿੱਚ ਨਾ ਜਾਈਏ ਤਾਂ ਇੱਕੋ-ਇੱਕ ਪੇਟ ਨਾਲ ਜੁੜੀਆਂ ਬੀਮਾਰੀਆਂ; ਜਿਵੇਂ ਟੱਟੀਆਂ, ਪੇਚਸ, ਟਾਈਫਾਈਡ, ਪੀਲੀਆ, ਪੋਲੀਓ ਆਦਿ ਕਈ ਹਾਲਤਾਂ ਹਨ, ਜੋ ਸਿੱਧੇ ਤੌਰ ’ਤੇ ਗੰਦਗੀ ਦੀ ਦੇਣ ਹਨ। ਇਸਦਾ ਦੂਸਰਾ ਪਹਿਲੂ ਇਹ ਹੈ ਕਿ ਵਿਕਸਤ ਦੇਸਾਂ ਨੇ ਸਾਫ਼-ਸਫ਼ਾਈ ’ਤੇ ਧਿਆਨ ਦੇ ਕੇ ਇਹਨਾਂ ਬੀਮਾਰੀਆਂ ਦਾ ਮੁਕੰਮਲ ਖ਼ਾਤਮਾ ਕਰ ਲਿਆ ਹੈ। ਬੰਗਲਾਦੇਸ਼ ਵਿੱਚ ਚੱਲੇ ਇੱਕ ਪ੍ਰਾਜੈਕਟ ਤਹਿਤ ਸਿਰਫ਼ ਚੰਗੀ ਤਰ੍ਹਾਂ ਹੱਥ ਧੋਣ ਨਾਲ, ਖ਼ਾਸ ਕਰ ਕੇ ਰੋਟੀ ਖਾਣ ਤੋਂ ਪਹਿਲਾਂ ਅਤੇ ਪਖਾਨੇ ਤੋਂ ਬਾਅਦ, ਪੇਟ ਦੀਆਂ ਬੀਮਾਰੀਆਂ ਵਿੱਚ 50 ਫ਼ੀਸਦੀ ਤੱਕ ਕਮੀ ਦੇਖੀ ਗਈ ਹੈ।
ਸਵੱਛ ਭਾਰਤ ਅਤੇ ਆਯੂਸ਼ਮਾਨ ਭਾਰਤ ਨੂੰ ਮਿਸ਼ਨ ਦੇ ਤੌਰ ’ਤੇ ਲਿਆ ਗਿਆ ਹੈ। ਸਹੀ ਅਰਥਾਂ ਵਿੱਚ ਇਹ ਦੋਵੇਂ ਪੱਖ ਆਪਸ ਵਿੱਚ ਜੁੜਦੇ ਵੀ ਹਨ ਤੇ ਮਨੁੱਖੀ ਜ਼ਿੰਦਗੀ ਦੀ ਖ਼ੁਸ਼ਹਾਲੀ ਲਈ ਇੰਨੇ ਅਹਿਮ ਹਨ ਕਿ ਇਹ ਮਿਸ਼ਨਰੀ ਭਾਵਨਾ ਦੀ ਮੰਗ ਕਰਦੇ ਹਨ, ਭਾਵ ਤਨਦੇਹੀ ਨਾਲ, ਸੇਵਾ ਭਾਵ ਨਾਲ ਸਮਰਪਿਤ ਹੋ ਕੇ ਕੰਮ ਵਿੱਚ ਲੱਗ ਜਾਣਾ, ਜਦੋਂ ਤੱਕ ਸਾਰਥਕ ਸਿੱਟੇ ਸਾਹਮਣੇ ਨਹੀਂ ਆ ਜਾਂਦੇ।
ਸਾਫ਼-ਸਫ਼ਾਈ ਦਾ ਵਿਗਿਆਨਕ ਮਹੱਤਵ ਉਸ ਦੌਰ ਵਿੱਚ ਸਾਹਮਣੇ ਆਇਆ, ਜਦੋਂ 1840 ਵਿੱਚ ਪੂੰਜੀਵਾਦ ਦੀ ਸ਼ੁਰੂਆਤ ਹੋਈ। ਫ਼ੈਕਟਰੀਆਂ-ਕਾਰਖਾਨਿਆਂ ਦੀ ਸਥਾਪਨਾ ਹੋਈ ਅਤੇ ਦੂਰ-ਦਰਾਜ਼ ਤੋਂ ਲੋਕ ਇਹਨਾਂ ਫੈਕਟਰੀਆਂ ਵਿੱਚ ਕੰਮ ਕਰਨ ਪਹੁੰਚੇ ਤੇ ਫੈਕਟਰੀਆਂ ਦੇ ਨੇੜੇ-ਤੇੜੇ ਆਰਜ਼ੀ ਰਹਿਣ ਦਾ ਪ੍ਰਬੰਧ ਕੀਤਾ। ਉੱਥੇ ਭੀੜ ਅਤੇ ਗੰਦਗੀ ਦੀ ਬਹੁਤਾਤ ਕਾਰਨ ਕਈ ਮਹਾਂਮਾਰੀਆਂ ਸ਼ੁਰੂ ਹੋਈਆਂ ਤੇ ਬੀਮਾਰੀਆਂ ਦੀ ਦਰ ਵਧੀ, ਜਿਨ੍ਹਾਂ ਦੇ ਟਾਕਰੇ ਲਈ ਸਰਕਾਰਾਂ ਨੂੰ ਹਰਕਤ ਵਿੱਚ ਆਉਣਾ ਪਿਆ ਤੇ ਫੈਕਟਰੀ ਐਕਟ ਬਣਾਇਆ ਗਿਆ, ਜਿਸ ਨੂੰ ਸਿਹਤ ਦੇ ਇਤਿਹਾਸ ਵਿੱਚ ‘ਸਵੱਛਤਾ ਪ੍ਰਤੀ ਜਾਗਰੂਕਤਾ ਦਾ ਪੜਾਅ’ ਕਿਹਾ ਜਾਂਦਾ ਹੈ।
ਸਾਡੇ ਸੱਭਿਆਚਾਰ ਵਿੱਚ ਸਫ਼ਾਈ ਅਤੇ ਸ਼ੁੱਧਤਾ ਦੀ ਹੱਦ ਰਸੋਈ ਅਤੇ ਖਾਣ ਵਰਗੀ ਥਾਂ ਹੈ। ਉਸ ਤੋਂ ਅੱਗੇ ਅਸੀਂ ਇਸ ਪ੍ਰਤੀ ਘਰ-ਦੁਕਾਨ ਦੀ ਚਾਰ-ਦੀਵਾਰੀ ਤੱਕ ਸੁਚੇਤ ਹਾਂ। ਆਪਣੇ ਘਰ ਦੇ ਬੂਹੇ ਦੇ ਇੱਕ ਪਾਸੇ ਗੰਦ ਰੱਖ ਕੇ ਅਸੀਂ ਸੰਤੁਸ਼ਟੀ ਮਹਿਸੂਸ ਕਰਦੇ ਹਾਂ। ਸਾਡੇ ਸੱਭਿਆਚਾਰ ਵਿੱਚ ਵਿਸ਼ੇਸ਼ ਤੌਰ ’ਤੇ ਗੰਦਗੀ ਪ੍ਰਤੀ ਫ਼ਿਕਰ ਘੱਟ, ਨਫ਼ਰਤ ਵੱਧ ਹੈ, ਜੋ ਕਿ ਸਾਡੀ ਜਾਤ ਵਿਵਸਥਾ ਵਿੱਚ ਵੀ ਝਲਕਦੀ ਹੈ। ਇਸੇ ਦਾ ਨਤੀਜਾ ਹੈ ਕਿ ਸਾਫ਼-ਸਫ਼ਾਈ ਦੀ ਮੁਹਿੰਮ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਉੱਭਰਦੀਆਂ ਆ ਰਹੀਆਂ ਹਨ, ਪਰ ਇਸਦੇ ਲਈ ਕੰਮ ਕਰ ਰਿਹਾ ਵਿਸ਼ੇਸ਼ ਵਰਗ ਆਪਣੇ ਵੱਲ ਧਿਆਨ ਨਹੀਂ ਖਿੱਚ ਸਕਿਆ ਜਾਂ ਨੀਤੀਵਾਨਾਂ ਦਾ ਉਸ ਵੱਲ ਧਿਆਨ ਹੀ ਨਹੀਂ ਗਿਆ।
ਇਸ ਪਿੱਠ-ਭੂਮੀ ਦੇ ਤਹਿਤ ਸਵੱਛਤਾ ਮੁਹਿੰਮ ਨੂੰ ਸਮਝਦੇ ਹਾਂ ਤਾਂ ਇਸ ਪ੍ਰਤੀ ਇੱਕ ਸ਼ਲਾਘਾਯੋਗ ਕਾਰਜ ਹੋਇਆ ਹੈ, ਤੇ ਉਹ ਹੈ ਬਾਕੀ ਚੱਲ ਰਹੇ ਪ੍ਰੋਗਰਾਮਾਂ ਵਿੱਚੋਂ ਸਿਹਤ ਸਫ਼ਾਈ, ਸਵੱਛ ਪਾਣੀ ਤੇ ਸੈਨੀਟੇਸ਼ਨ ਵਿਭਾਗ। ਇਸ ਦੇ ਲਈ ਵੱਖਰੇ ਫੰਡ ਦੀ ਵਿਉਂਤਬੰਦੀ ਕੀਤੀ ਗਈ ਹੈ ਤੇ 0.5 ਫ਼ੀਸਦੀ ਸੈੱਸ ਵੀ ਲਗਾਇਆ ਗਿਆ ਹੈ। ਜਦੋਂ ਇਸ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਦੇਖਦੇ ਹਾਂ ਤਾਂ ਖ਼ਬਰਾਂ, ਚਰਚਾਵਾਂ ਅਤੇ ਸੋਸ਼ਲ ਮੀਡੀਆ ’ਤੇ ਨੇਤਾ ਵੱਧ ਤੋਂ ਵੱਧ ਅੱਗੇ ਹੋ ਕੇ ਸਾਫ਼-ਸੁਥਰੀਆਂ ਸੜਕਾਂ ’ਤੇ ਝਾੜੂ ਮਾਰ ਕੇ ਫੋਟੋਆਂ ਖਿਚਵਾਉਣ ਵਿੱਚ ਰੁੱਝੇ ਨਜ਼ਰ ਆਉਂਦੇ ਹਨ, ਜਦੋਂ ਕਿ ਸਵੱਛਤਾ ਸੜਕਾਂ, ਪਾਰਕਾਂ, ਸਰਕਾਰੀ ਇਮਾਰਤਾਂ ਤੱਕ ਮਹਿਦੂਦ ਰਹਿਣ-ਰੱਖਣ ਵਾਲਾ ਵਿਸ਼ਾ ਨਹੀਂ ਹੈ। ਇਹ ਮੁਹਿੰਮ ਵਿਸ਼ਾਲ ਦਾਇਰੇ ਦੀ ਮੰਗ ਕਰਦੀ ਹੈ ਤੇ ਇਹ ਸਧਾਰਨ ਵੀ ਨਹੀਂ ਹੈ, ਇੱਕ ਪੇਚੀਦਾ ਮਸਲਾ ਹੈ।
ਸਵੱਛਤਾ ਮੁਹਿੰਮ ਤਹਿਤ ਇੱਕ ਪੂਰੀ ਲੜੀਵਾਰ ਵਿਵਸਥਾ ਦੀ ਲੋੜ ਹੈ। ਕੂੜਾ-ਕਰਕਟ ਇਕੱਠਾ ਕਰਨਾ ਤਾਂ ਪਹਿਲਾ ਮੁੱਢਲਾ ਕੰਮ ਹੈ। ਉਸ ਤੋਂ ਬਾਅਦ ਉਸ ਨੂੰ ਚੁੱਕਣਾ, ਉਸ ਨੂੰ ਸਾਂਭਣਾ ਅਤੇ ਵਿਉਂਤਬੰਦ ਤਰੀਕੇ ਨਾਲ ਟਿਕਾਣੇ ਲਗਾਉਣਾ ਅਗਲੇ ਜ਼ਰੂਰੀ ਅਤੇ ਮਹੱਤਵ ਪੂਰਨ ਪੜਾਅ ਹਨ। ਸਿਰਫ਼ ਕੂੜਾ-ਕਰਕਟ ਪੱਤਿਆਂ, ਲਿਫ਼ਾਫ਼ਿਆਂ ਜਾਂ ਰਸੋਈ ਦੀਆਂ ਕੱਚੀਆਂ-ਪੱਕੀਆਂ ਸਬਜ਼ੀਆਂ ਦਾ ਗੰਦ ਹੀ ਨਹੀਂ ਹੁੰਦਾ। ਬੇਕਾਰ, ਫਾਲਤੂ, ਗੰਦਾ ਪਾਣੀ ਵੀ ਇੱਕ ਹੋਰ ਤਰ੍ਹਾਂ ਦਾ ਕੂੜਾ ਹੈ ਤੇ ਇਸੇ ਲੜੀ ਵਿੱਚ ਮਲ-ਮੂਤਰ ਆਉਂਦਾ ਹੈ, ਜੋ ਸਿੱਧੇ ਤੌਰ ’ਤੇ ਸਿਹਤ ਲਈ ਖ਼ਤਰੇ ਦਾ ਕਾਰਨ ਬਣਦਾ ਹੈ।
ਇਹ ਠੀਕ ਹੈ ਕਿ ਖੁੱਲ੍ਹੇ ਵਿੱਚ ਪਖਾਨੇ ਦੇ ਆਪਣੇ ਕਈ ਦੂਸਰੇ ਪਹਿਲੂ ਹਨ, ਪਰ ਪਿੰਡ ਵਿੱਚ ਸਾਂਝੀ ਵਿਵਸਥਾ ਜਾਂ ਘਰ ਵਿੱਚ ਨਿੱਜੀ ਵਿਵਸਥਾ ਦੇ ਮੱਦੇ-ਨਜ਼ਰ ਮਲ-ਮੂਤਰ ਦੀ ਸਹੀ ਸੰਭਾਲ ਵੀ ਇਸ ਮੁਹਿੰਮ ਤਹਿਤ ਸੰਜੀਦਗੀ ਦੀ ਮੰਗ ਕਰਦੀ ਹੈ। ਭਾਵੇਂ ਦਾਅਵੇ ਕਈ ਹੋ ਰਹੇ ਹਨ, ਪਰ ਖੁੱਲ੍ਹੇ ਵਿੱਚ ਪਖਾਨੇ ਲਈ ਜਾਣ ਵਿੱਚ 40 ਫ਼ੀਸਦੀ ਕਮੀ ਆਈ ਹੈ ਤੇ ਸਾਫ਼-ਸਫ਼ਾਈ ਲਈ 65 ਫ਼ੀਸਦੀ ਆਬਾਦੀ ਹੀ ਲਾਭ ਲੈ ਰਹੀ ਹੈ। ਇਹ ਤਕਰੀਬਨ 22 ਫ਼ੀਸਦੀ ਪਿੰਡ ਬਣਦੇ ਹਨ।
ਆਰਥਿਕਤਾ ਹਰ ਮੁਹਿੰਮ ਲਈ ਮਹੱਤਵ ਪੂਰਨ ਪਹਿਲੂ ਹੁੰਦਾ ਹੈ। ਭਾਵੇਂ ਕਿ ਫੰਡ ਲਈ ਵੱਖਰੀ ਯੋਜਨਾ ਹੈ, ਪਰ ਨਿੱਜੀ ਤੌਰ ’ਤੇ ਪਖਾਨਾ ਬਣਾਉਣ ਲਈ ਇੱਕ ਅੰਦਾਜ਼ੇ ਮੁਤਾਬਕ ਘੱਟੋ-ਘੱਟ 12, 000 ਰੁਪਏ ਦੀ ਲੋੜ ਪੈਂਦੀ ਹੈ। ਸਰਕਾਰ ਆਪਣੀ ਯੋਜਨਾ ਤਹਿਤ ਚਾਰ ਹਜ਼ਾਰ ਰੁਪਏ ਹੀ ਮਦਦ ਵਜੋਂ ਦਿੰਦੀ ਹੈ, ਬਾਕੀ ਦੇ 8000 ਰੁਪਏ ਦੀ ਵਿਵਸਥਾ ਕਰਨਾ ਸਭ ਦੇ ਵੱਸ ਦੀ ਗੱਲ ਨਹੀਂ ਹੈ। ਕਈ ਵਾਰ ਟੀਚੇ ਪੂਰੇ ਕਰਨ ਲਈ ਸਰਕਾਰ ਆਪਣੇ ਪੈਸਿਆਂ ਨਾਲ ਸੀਟ ਲਗਾ ਦਿੰਦੀ ਹੈ, ਪਰ ਉਹ ਪਖਾਨਾ ਇਸਤੇਮਾਲ ਦੇ ਯੋਗ ਨਹੀਂ ਹੁੰਦਾ।
ਸਾਫ਼-ਸਫ਼ਾਈ ਇੱਕ ਆਦਤ ਹੈ। ਇਸ ਦੇ ਲਈ ਜ਼ਰੂਰਤ ਮਹਿਸੂਸ ਹੋਣੀ ਚਾਹੀਦੀ ਹੈ। ਲੋਕ ਜੇਕਰ ਇਸ ਲਈ ਤਿਆਰ ਹੋਣਗੇ ਤਾਂ ਇਸ ਦੇ ਲਈ ਉੱਦਮ ਕਰਨਗੇ। ਸਰਕਾਰ ਜਦੋਂ ਪ੍ਰੋਗਰਾਮ ਸ਼ੁਰੂ ਕਰਦੀ ਹੈ ਤਾਂ ਆਪਣੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਦੀ ਹੈ, ਪਰ ਕਈ ਪ੍ਰੋਗਰਾਮਾਂ ਲਈ ਪ੍ਰਚਾਰ ਨਹੀਂ, ਜਾਗਰੂਕਤਾ ਦੀ ਲੋੜ ਹੁੰਦੀ ਹੈ। ਜਦੋਂ ਕਿਸੇ ਵਰਗ ਵਿੱਚ, ਖ਼ਾਸ ਕਰ ਕੇ ਪਿੰਡਾਂ ਵਿੱਚ ਇਹ ਧਾਰਨਾ ਹੋਵੇ ਕਿ ਖੁੱਲ੍ਹੇ ਵਿੱਚ ਪਖਾਨਾ ਜ਼ਿਆਦਾ ਸਿਹਤਮੰਦ ਹੁੰਦਾ ਹੈ ਤੇ ਘਰ ਦੇ ਅੰਦਰ ਗੰਦਗੀ-ਬਦਬੂ ਠੀਕ ਨਹੀਂ ਹੈ ਤਾਂ ਪਖਾਨਾ ਹੋਣ ਦੇ ਬਾਵਜੂਦ ਇਹ ਇਸਤੇਮਾਲ ਵਿੱਚ ਨਹੀਂ ਆਉਂਦਾ। ਖ਼ਾਸ ਕਰਕੇ ਮਰਦ ਇਸ ਦਾ ਇਸਤੇਮਾਲ ਕਰਨ ਤੋਂ ਪਰਹੇਜ਼ ਕਰਦੇ ਹਨ।
ਦੇਸ ਦੀ ਆਜ਼ਾਦੀ ਤੋਂ ਬਾਅਦ ਸਿਹਤ ਮੰਤਰਾਲਾ ਅਤੇ ਉਸਦੇ ਵਿਭਾਗ ਮੁੱਢਲੀ ਯੋਜਨਾਬੰਦੀ ਦਾ ਹਿੱਸਾ ਸਨ। ਸਿਹਤ ਨਾਲ ਜੁੜੇ ਕਈ ਪ੍ਰੋਗਰਾਮ, ਖ਼ਾਸ ਕਰਕੇ ਮਲੇਰੀਆ ਅਤੇ ਪਰਵਾਰ ਕਲਿਆਣ ਸ਼ੁਰੂਆਤੀ ਦਿਨਾਂ ਤੋਂ ਤਰਜੀਹ ਹਾਸਲ ਕਰਦੇ ਰਹੇ ਹਨ। ਸਾਫ਼-ਸਫ਼ਾਈ ਦੇ ਮਹੱਤਵ ਨੂੰ ਵੀ ਤਰਜੀਹ ਮਿਲੀ ਹੈ। ਸਾਲ 1990 ਵਿੱਚ ਟੋਟਲ ਸੈਨੀਟੇਸ਼ਨ ਕੰਪੇਨ (ਸੰਪੂਰਨ ਸਾਫ਼-ਸਫ਼ਾਈ ਮੁਹਿੰਮ) ਸ਼ੁਰੂ ਹੋਈ ਤੇ ਪਾਣੀ ਅਤੇ ਸਾਫ਼-ਸਫ਼ਾਈ ਲਈ ਵੱਖਰੀ ਕਾਰਜ ਪ੍ਰਣਾਲੀ ਵੀ ਬਣੀ। ਸਾਲ 2012 ਵਿੱਚ ਇਸ ਪ੍ਰੋਗਰਾਮ ਦਾ ਨਾਂਅ ਨਿਰਮਲ ਭਾਰਤ ਅਭਿਆਨ ਰੱਖ ਦਿੱਤਾ ਗਿਆ, ਜੋ 2014 ਵਿੱਚ ਬਦਲ ਕੇ ਸਵੱਛ ਭਾਰਤ ਵਿੱਚ ਤਬਦੀਲ ਹੋ ਗਿਆ, ਪਰ ਪ੍ਰਚਾਰ ਦੇ ਪੱਖ ਤੋਂ ਪਹਿਲਾਂ ਵਾਲੇ ਪ੍ਰੋਗਰਾਮ ਸਿਹਤ ਦਾ ਹੀ ਹਿੱਸਾ ਹਨ ਤੇ ਇਨ੍ਹਾਂ ਨੂੰ ਵੱਖਰੇ ਤੌਰ ’ਤੇ ਇੰਨਾ ਪ੍ਰਚਾਰ ਨਹੀਂ ਸੀ ਮਿਲਿਆ, ਜਿੰਨਾ ਸਵੱਛ ਭਾਰਤ ਮੁਹਿੰਮ ਨੂੰ ਮਿਲ ਰਿਹਾ ਹੈ। ਦੇਸ ਦੀ ਕਰੰਸੀ ਤੋਂ ਲੈ ਕੇ ਪ੍ਰਧਾਨ ਮੰਤਰੀ ਖ਼ੁਦ ਸੜਕ ’ਤੇ ਝਾੜੂ ਫੜੀ ਨਜ਼ਰ ਆਉਂਦੇ ਹਨ ਤੇ ਅਕਸ਼ੈ ਕੁਮਾਰ ਇਸਦਾ ਬਰਾਂਡ ਅੰਬੈਸਡਰ ਹੈ ਤੇ ਅਮਿਤਾਭ ਬੱਚਨ ਵਰਗੇ ਹੀਰੋ ਡੀਟੋਲ ਅਤੇ ਟੀ ਵੀ ਰਾਹੀਂ ਚੈਨਲਾਂ ’ਤੇ ਚੱਲ ਰਹੀ ਮੁਹਿੰਮ ਦੇ ਆਗੂ ਹਨ। ਭਾਵੇਂ ਉਹਨਾਂ ਨੂੰ ਆਪਣੀ ਉਮਰ ਦੇ ਇਸ ਪੜਾਅ ’ਤੇ ਪਤਾ ਚੱਲ ਰਿਹਾ ਹੈ ਕਿ ਸੀਵਰੇਜ ਦੀ ਸਫ਼ਾਈ ਲਈ ਬੰਦੇ ਨੂੰ ਖ਼ੁਦ ਗਟਰ ਵਿੱਚ ਉੱਤਰਨਾ ਪੈਂਦਾ ਹੈ।
ਕਹਿਣ ਤੋਂ ਭਾਵ ਇਹ ਹੈ ਕਿ ਕਿਸੇ ਵੀ ਪ੍ਰੋਗਰਾਮ, ਖ਼ਾਸ ਕਰ ਕੇ ਜੋ ਦੁਨੀਆ ਭਰ ਵਿੱਚ ਦੇਸ ਦੀ ਇੱਜ਼ਤ ਨਾਲ ਜੁੜਿਆ ਸਮਝਿਆ ਜਾਣਾ ਚਾਹੀਦਾ ਹੈ, ਜਿਸਦੇ ਲਈ ਵਿਸ਼ਵ ਸਿਹਤ ਸੰਸਥਾ ਹਰ ਸਾਲ ਸਰਵੇ ਦੇ ਆਧਾਰ ’ਤੇ ਦੇਸਾਂ ਨੂੰ ਸੂਚਕ ਅੰਕ ਦਿੰਦੀ ਹੈ ਤੇ ਦੇਸ ਆਪਣੇ-ਆਪ ਨੂੰ ਆਰਥਕ ਪੱਖੋਂ ਮਜ਼ਬੂਤ ਹੋਣ ਦੇ ਦਾਅਵੇ ਕਰਦਾ ਹੈ ਤੇ ਫਰਾਂਸ-ਚੀਨ ਨੂੰ ਪਿੱਛੇ ਛੱਡ ਕੇ ਦੁਨੀਆ ਦੀ ਪੰਜਵੀਂ ਅਰਥ-ਵਿਵਸਥਾ ਦਾ ਮਾਣ ਹਾਸਲ ਕਰਨ ਵਾਲਾ ਬਿਆਨਦਾ ਹੈ ਤੇ ਸਾਫ਼-ਸਫ਼ਾਈ ਅਤੇ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਦੇ ਮਾਮਲੇ ਵਿਚ ਉਸਦਾ ਦਰਜਾ ਦੁਨੀਆ ਦੇ ਦੇਸਾਂ ਵਿੱਚ 100 ਨੰਬਰ ਦੇ ਨੇੜੇ-ਤੇੜੇ ਹੋਵੇ, ਇਸਦੀ ਸੰਜੀਦਗੀ ਨੂੰ ਦਰਸਾਉਂਦੇ ਹਨ।
ਇੱਕ ਵਾਰੀ ਅੰਤਰ-ਰਾਸ਼ਟਰੀ ਮੀਟਿੰਗ ਵਿੱਚ ਕਿਸੇ ਨੇ ਆਪਣੀ ਗੱਲ ਰੱਖੀ ਸੀ ਕਿ ਤੁਸੀਂ ਹੁਣ ਆਪਣੇ-ਆਪ ਨੂੰ ਗ਼ਰੀਬ ਅਤੇ ਆਬਾਦੀ ਵੱਧ ਹੋਣ ਦੇ ਬਹਾਨਿਆਂ ਤੋਂ ਬਾਹਰ ਲਿਆਓ। ਜਦੋਂ ਤੁਸੀਂ ਪੁਲਾੜ ਵਿੱਚ ਚੰਦਰਯਾਨ ਭੇਜ ਸਕਦੇ ਹੋ ਤਾਂ ਫਿਰ ਇਹ ਬੇਮਾਅਨੀਆਂ ਗੱਲਾਂ ਹਨ।
*****
(1369)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)