“ਮੇਰਾ ਆਪਣਾ ਵਿਆਹ ਤਾਂ ਬਗੈਰ ਕਿਸੇ ਤਿਆਰੀ ਤੋਂ ਤੇ ਆਪਸੀ ਚਰਚਾ ਤੋਂ ਨੇਪਰੇ ਚੜ੍ਹ ਗਿਆ ਪਰ ਬੇਟੀ ਦੇ ਵਿਆਹ ...”
(18 ਅਪਰੈਲ 2024)
ਇਸ ਸਮੇਂ ਪਾਠਕ: 205.
ਤਰਕਸ਼ੀਲਤਾ ਮਨੁੱਖ ਦੀ ਕੁਦਰਤੀ ਅਵਸਥਾ ਹੈ, ਗੈਰ ਕੁਦਰਤੀ ਜਾਂ ਕੁਦਰਤ ਦੇ ਉਲਟ ਰਹਿਣ ਲਈ ਜਿਊਣਾ ਸਿਖਾਉਣਾ ਪੈਂਦਾ ਹੈ ਤੇ ਉਹਦੀ ਨਿਰੰਤਰ ਸਿਖਲਾਈ ਦਿੱਤੀ ਜਾਂਦੀ ਹੈ। ਬੱਚਾ ਬੋਲਣ ਲਗਦਾ ਹੈ ਤਾਂ ਕੀ, ਕਿੱਥੇ ਉਸ ਦੀ ਬੋਲ-ਚਾਲ ਦਾ ਹਿੱਸਾ ਹੁੰਦਾ ਹੈ। ਪਰ ਇਸ ਜਗਿਆਸਾ ਨੂੰ ਘੋਖਣ-ਪਰਖਣ ਦੀ ਸਮਝ ਕੁਝ ਦੇਰ ਬਾਅਦ ਕਿਸ਼ੋਰ ਅਵਸਥਾ ਤੋਂ ਸ਼ੁਰੂ ਹੁੰਦੀ ਹੈ ਤੇ ਜੇਕਰ ਬੱਚਾ ਕਿਸੇ ਵੀ ਤਰ੍ਹਾਂ ਦੀਆਂ ਔਕੜਾਂ, ਅੜਚਨਾਂ ਤੋਂ ਪਰ੍ਹੇ ਰਹਿੰਦਾ ਹੈ ਤਾਂ ਖੁਦ ਹੀ ਤਰਕਸ਼ੀਲ ਬਣ ਜਾਂਦਾ ਹੈ। ਬਹੁਤ ਹੀ ਘੱਟ ਲੋਕ ਤਰਕਸ਼ੀਲਤਾ ਨੂੰ ਜੀਵਨ ਵਿੱਚ ਢਾਲਦੇ ਹਨ, ਕਿਉਂਕਿ ਤਰਕਸ਼ੀਲਤਾ ਉੱਤੇ ਹਮਲਾ ਚਹੁੰ ਪਾਸਿਓਂ ਹੈ ਤੇ ਕਾਫ਼ੀ ਵੱਡੀ ਮਾਤਰਾ ਵਿੱਚ ਵੀ ਹੈ।
ਸਵਾਲ ਕਰਨਾ, ਬਹਿਸ ਕਰਨਾ ਖਾਸ ਕਰਕੇ ਆਪਣੇ ਤੋਂ ਵੱਡੇ ਵਿਅਕਤੀ ਨਾਲ ਬਦਤਮੀਜੀ ਮੰਨਿਆ ਜਾਂਦਾ ਹੈ। ਸਮਾਜ ਤਮੀਜ਼ ਸਿਖਾਉਣ ਦੇ ਜ਼ਰੀਏ ਉਸ ਵਿਅਕਤੀ ਵਿੱਚੋਂ ਤਰਕਸ਼ੀਲਤਾ ਨੂੰ ਮਨਫ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੋ ਮੈਂ ਤਰਕਸ਼ੀਲ ਸੋਸਾਇਟੀ ਨਾਲ ਪਿਛਲੇ ਚਾਲੀ ਸਾਲਾਂ ਤੋਂ ਜੁੜਿਆ ਹਾਂ ਤਾਂ ਮੇਰੇ ਤਰਕਸ਼ੀਲ ਹੋਣ ਵਿੱਚ ਸੋਸਾਇਟੀ ਦਾ ਹੱਥ ਨਹੀਂ ਹੈ, ਮੈਂ ਤਰਕਸ਼ੀਲ ਪਹਿਲਾਂ ਹੀ ਸੀ ਤੇ ਸੋਸਾਇਟੀ ਬਾਅਦ ਵਿੱਚ ਹੋਂਦ ਵਿੱਚ ਆਈ। ਮੈਂ ਨਾਸਤਕ ਪਹਿਲਾਂ ਸੀ, ਇਹ ਸੰਕਲਪ ਬਾਅਦ ਵਿੱਚ ਉੱਸਰਿਆ। ਜਿਵੇਂ ਭਗਤ ਸਿੰਘ ਨੇ ਆਪਣਾ ਲੇਖ, “ਮੈਂ ਨਾਸਤਿਕ ਕਿਉਂ ਹਾਂ” ਪਰਿਵਾਰ ਅਤੇ ਸਮਾਜਿਕ ਗਤੀਵਿਧੀਆਂ ਤੋਂ ਇਲਾਵਾ, ਆਲੇ-ਦੁਆਲੇ, ਆਪਣੇ ਨੇੜੇ ਤੇੜੇ ਲੋਕਾਂ ਦੀ ਕਾਰਗੁਜ਼ਾਰੀ ਤੋਂ ਲਈਆਂ ਤੇ ਸਮਝੀਆਂ ਵਾਰਦਾਤਾਂ ਤੋਂ ਜਾਣਿਆ, ਜਦੋਂ ਕਿ ਪਰਿਵਾਰ ਵਿੱਚ ਸਿੱਖ ਮਰਯਾਦਾ ਵੀ ਸੀ ਤੇ ਆਰੀਆ ਸਮਾਜ ਪ੍ਰਤੀ ਆਸਥਾ ਵੀ ਸੀ। ਮੈਂ ਤਾਂ ਕਹਾਂਗਾ ਵਿਗਿਆਨ ਦੀ ਪੜ੍ਹਾਈ ਨੇ ਮੇਰੇ ਅੰਦਰ ਚਲਦੀ ਵਿਚਾਰਧਾਰਾ ਨੇ ਸਵਾਲ ਖੜ੍ਹੇ ਕੀਤੇ ਤੇ ਘਰ ਵਿੱਚ ਕੋਈ ਪੱਕਾ ਮਾਹੌਲ ਨਾ ਹੋਣ ਕਰਕੇ ਖੁਦ ਹੀ ਜਵਾਬ ਲੱਭੇ। ਜੋ ਮੇਰੇ ਮਨ ਨੂੰ ਭਾਏ ਤੇ ਮੈਂ ਨਾਸਤਿਕ ਹੋ ਗਿਆ, ਮਤਲਬ ਰੱਬ ਦੀ ਹੋਂਦ ਤੋਂ ਇਨਕਾਰੀ। ਰੱਬ ਦੀ ਥਾਂ ਕੁਦਰਤ ਦੇ ਵਰਤਾਰਿਆਂ ਨੇ ਆਪਣੇ ਵੱਲ ਖਿੱਚਿਆ।
ਘਰ ਅੰਦਰ ਭਾਵੇਂ ਸ਼ਰਾਧ ਮਨਾਉਣ ਦੀ ਰਸਮ ਸਾਰੇ ਭੈਣ-ਭਰਾ ਹੀ ਕਰਦੇ ਹਨ, ਮੈਂ ਨਹੀਂ ਕਰਦਾ। ਮਾਂ ਮੇਰੇ ਕੋਲ ਕਾਫ਼ੀ ਸਮਾਂ ਰਹੀ ਹੈ। ਉਸ ਨੂੰ ਮੇਰੇ ਸੁਭਾਅ ਦਾ ਪਤਾ ਸੀ। ਮੈਂ ਕਦੇ ਤਕਰਾਰ ਨਹੀਂ ਕੀਤਾ। ਮੈਂ ਵੀ ਕਿਸੇ ਦਾ ਵਿਰੋਧ ਨਹੀਂ ਕੀਤਾ। ਜੇ ਕਿਸੇ ਨੇ ਪੁੱਛਿਆ ਤਾਂ ਮੈਂ ਆਪਣੀ ਰਾਏ ਰੱਖ ਦਿੱਤੀ। ਕਿਸੇ ਤੋਂ ਮੂੰਹ ਨਹੀਂ ਵਟਾਇਆ, ਬੁਰਾ ਨਹੀਂ ਮੰਨਿਆ। ਮੈਂ ਸੋਚਦਾ, ਸਭ ਦੀ ਆਪਣੀ ਮਨਸ਼ਾ ਹੈ, ਕਿਸੇ ਨੂੰ ਨਾਸਮਝ ਕਹਿ ਕੇ ਭੰਡਣ ਦਾ ਕੀ ਫਾਇਦਾ? ਲੱਖਾਂ ਦੀ ਤਾਦਾਦ ਵਿੱਚ ਲੋਕ ਹਨ। ਹਾਂ, ਮੇਰੇ ਸੰਪਰਕ ਵਿੱਚ ਪਤਨੀ ਆਈ, ਬੱਚੇ ਆਏ, ਉਨ੍ਹਾਂ ਨਾਲ ਵੀ ਬਹਿਸ ਨਹੀਂ ਕੀਤੀ, ਕੋਈ ਤਕਰਾਰ ਨਹੀਂ, ਨਾ ਉਲਝਣ ਦੀ ਕੋਸ਼ਿਸ਼ ਕੀਤੀ। ਪਰ ਉਹ ਮੈਨੂੰ ਦੇਖ-ਦੇਖ ਕੇ ਮੇਰੇ ਵਿਵਹਾਰਾਂ ਤੋਂ ਮੇਰੇ ਵਰਗੇ ਹੋ ਗਏ। ਉਨ੍ਹਾਂ ਨੇ ਕਿਸੇ ਹੋਰ ਦਾ ਪ੍ਰਭਾਵ ਵੀ ਗ੍ਰਹਿਣ ਨਹੀਂ ਕੀਤਾ ਤੇ ਆਪਣੀ ਮਰਜ਼ੀ ਮੁਤਾਬਿਕ ਰਹਿਣ-ਸਹਿਣ ਬਣਾਇਆ।
ਪਿੰਗਲਵਾੜੇ ਨਾਲ ਜੁੜਨ ਤੋਂ ਬਾਅਦ ਆਪਣੀਆਂ ਵਿਗਿਆਨਕ ਲਿਖਤਾਂ ਅਤੇ ਵਿਆਖਿਆ ਨਾਲ ਪਿੰਗਲਵਾੜੇ ਦੇ ਮੁੱਖ ਸੇਵਾਦਾਰ ਬੀਬੀ ਇੰਦਰਜੀਤ ਕੌਰ ਨਾਲ ਇਕੱਠੇ ਕੰਮ ਕਰਨ ਦਾ ਸੁਭਾਗ ਮਿਲਿਆ। ਅਸੀਂ ਦੋਵੇਂ ਹੀ ਇੱਕ ਦੂਸਰੇ ਦੀ ਵਿਚਾਰਧਾਰਾ ਨੂੰ ਜਾਣਦੇ ਹੋਏ ਇੱਕ ਦੂਜੇ ਦੀ ਵਿਚਾਰਧਾਰਾ ਨੂੰ ਮਾਣ ਬਖਸ਼ਦੇ ਹਾਂ।
ਮੈਨੂੰ ਹਰ ਤਰ੍ਹਾਂ ਦੇ ਕਰਮ-ਕਾਂਡਾਂ ਤੋਂ ਹਮੇਸ਼ਾ ਖਿਝ ਆਈ ਹੈ ਤੇ ਉਹਨਾਂ ਵਿਅਕਤੀਆਂ ਤੋਂ ਵੀ, ਜਿਹੜੇ ਇਨ੍ਹਾਂ ਵਿੱਚ ਉਲਝੇ ਹੋਏ ਹਨ। ਹੈਰਾਨੀ ਦੀ ਗੱਲ ਹੈ ਕਿ ਬਹੁਤੇ ਲੋਕ ਇਹਦੇ ਬਾਰੇ ਖਿਲਾਫ਼ਤ ਵੀ ਕਰਦੇ ਹਨ ਤੇ ਵਿਰੋਧ ਕਰਨ ਤੋਂ ਵੀ ਕਤਰਾਉਂਦੇ ਹਨ। ਸਾਲਾਂ ਤੋਂ, ਸਦੀਆਂ ਤੋਂ ਇਹ ਸਭ ਚੱਲ ਰਿਹਾ ਹੈ, ਚਲਦਾ ਵੀ ਰਹਿਣਾ ਹੈ, ਸਾਨੂੰ ਕੀ ਹਰਜ਼ ਹੈ। ਐਵੇਂ ਵਿਰੋਧ ਸਹੇੜਣ ਦਾ ਕੀ ਫਾਇਦਾ! ਮੈਂ ਸੋਚਦਾ ਸੀ ਕਿ ਮੈਨੂੰ ਜਦੋਂ ਮੌਕਾ ਮਿਲੇਗਾ ਮੈਂ ਇਹ ਕਰਮ-ਕਾਂਡ ਨਹੀਂ ਕਰਨੇ। ਮੇਰੇ ਸਾਹਮਣੇ ਦਿੱਕਤ ਉਦੋਂ ਆ ਰਹੀ ਸੀ, ਜਦੋਂ ਬੇਟੀ ਦਾ ਵਿਆਹ ਕਰਨਾ ਸੀ। ਉਹ ਅਜਿਹਾ ਮੌਕਾ ਸੀ ਜਦੋਂ ਮੇਰੇ ਫੈਸਲੇ ਨੂੰ ਲੋਕਾਂ ਨੇ ਸਵਾਲੀਆ ਨਜ਼ਰਾਂ ਨਾਲ ਦੇਖਣਾ ਸੀ। ਇਸ ਤੋਂ ਪਹਿਲਾਂ ਮੇਰਾ ਆਪਣਾ ਵਿਆਹ ਤੇ ਮਾਤਾ ਨੇ ਆਪਣੇ ਪ੍ਰਾਣ ਮੇਰੇ ਕੋਲ ਤਿਆਗੇ, ਇਨ੍ਹਾਂ ਮੌਕਿਆਂ ’ਤੇ ਸਾਰੀਆਂ ਰਸਮਾਂ ਮੇਰੀਆਂ ਆਪਣੀਆਂ ਅੱਖਾਂ ਸਾਹਮਣੇ ਹੋਈਆਂ। ਪਰ ਦੋਹਾਂ ਮੌਕਿਆਂ ’ਤੇ ਫੈਸਲੇ ਲੈਣ ਵਾਲਾ ਮੈਂ ਇਕੱਲਾ ਨਹੀਂ ਸੀ, ਪਰਿਵਾਰ ਅਤੇ ਹੋਰ ਰਿਸ਼ਤੇਦਾਰ ਵੀ ਸ਼ਾਮਲ ਸੀ। ਪਰ ਬੇਟੀ ਦਾ ਵਿਆਹ ਹੀ ਖਾਸ ਮੌਕਾ ਸੀ ਜਾਂ ਮੇਰੇ ਕਰਮ-ਕਾਂਡ ਵਿਰੋਧ ਦਾ ਪਹਿਲਾ ਆਪਣਾ ਘਰ ਅਤੇ ਸਮਾਜ ਨੂੰ ਜਗਾਉਣ ਦਿਖਾਉਣ ਦਾ।
ਜੇ ਮੈਂ ਆਪਣੇ ਵਿਆਹ ਦੇ ਤਜਰਬੇ ਦੀ ਗੱਲ ਕਰਾਂ ਤਾਂ ਉਹ ਵੀ ਨਵੇਕਲਾ ਸੀ। ਮੇਰਾ ਵਿਆਹ ਨਹੀਂ ਹੋ ਰਿਹਾ ਸੀ, ਉਮਰ ਵੀ ਵੱਧ ਹੋ ਰਹੀ ਸੀ, ਪਰ ਉਸ ਤੋਂ ਵੱਡਾ ਇੱਕ ਅੜਿੱਕਾ ਸੀ ਕਿ ਮੈਨੂੰ ਡਾਇਬਟੀਜ਼ ਹੈ। ਘਰਦਿਆਂ ਨੂੰ ਪਤਾ ਨਹੀਂ ਸੀ, ਇੱਕ ਦੋ ਚਾਹਵਾਨ ਕਹਿੰਦੇ, ਦੱਸਣ ਦੀ ਕੀ ਲੋੜ ਹੈ, ਵਿਆਹ ਤੋਂ ਬਾਅਦ ਦੱਸ ਦੇਈ। ਮੈਂ ਕਿਹਾ ਇਹ ਸੰਭਵ ਨਹੀਂ। ਸੋਚ ਲਿਆ ਸੀ ਕਿ ਚਲੋ, ਵਿਆਹ ਕੋਈ ਜ਼ਰੂਰੀ ਨਹੀਂ ਹੈ, ਪਰ ਧੋਖਾ ਨਹੀਂ ਤੇ ਖਾਸ ਕਰ ਇਸ ਰਿਸ਼ਤੇ ਵਿੱਚ। ਇੱਕ ਲੜਕੀ ਸਭ ਕੁਝ ਜਾਣਦੀ-ਸਮਝਦੀ ਹੋਈ ਵੀ ਮੰਨ ਗਈ। ਘਰ ਦੇ ਸਾਰੇ ਖੁਸ਼। ਪਰ ਵਿਆਹ ਵਿੱਚ ਮੇਰੀ ਚੱਲੀ। ਕੁੜੀ ਵਾਲਿਆਂ ਦੇ ਵਿੱਚ ਖਾਸ ਕਰਕੇ ਮੇਰੇ ਸੁਸਰਾਲ ਵਿੱਚ ਲੜਕੀ ਦੇ ਪਿਤਾ ਨਹੀਂ ਸਨ। ਵਿਆਹ ਦੀ ਰਸਮ ਵਿੱਚ ਨਾ ਘੋੜੀ ਸੀ ਨਾ ਸਿਹਰਾਬੰਦੀ, 20-25 ਲੋਕਾਂ ਦੀ ਬਰਾਤ ਪਹੁੰਚੀ, ਤੇ ਪਿੰਡ ਵਾਲੇ ਪੁੱਛਣ ਮੁੰਡਾ ਕਿੱਥੇ ਹੈ, ਕਿਹੜਾ ਹੈ? ਉਸ ਨੂੰ ਕਹੋ ਇੱਕ ਹਾਰ ਹੀ ਪਾ ਲਵੇ ਗਲੇ ਵਿੱਚ, ਪਰ ਨਹੀਂ, ਮੈਂ ਤਾਂ ਆਪਣੇ ਡਿਊਟੀ ਵਾਲਿਆਂ ਕੱਪੜਿਆ ਵਿੱਚ ਹੀ ਸੀ, ਬਗੈਰ ਕਿਸੇ ਤਰ੍ਹਾਂ ਦੀ ਹੀਲ-ਹੁੱਜਤ ਤੋਂ।
ਪਰ ਹੁਣ ਮਸਲਾ ਬੇਟੀ ਦੇ ਵਿਆਹ ਵਿੱਚ ਇਕੱਲੇ ਇੱਕ ਪਰਿਵਾਰ ਦਾ ਨਹੀਂ ਸੀ। ਪਰ ਫਿਰ ਵੀ ਮੈਂ ਜੋ ਸੋਚਿਆ ਆਪਣੇ ਬੇਟੇ, ਜੋ ਕਿ ਉਸ ਵਕਤ ਫਿਲਮ ਮੇਕਿੰਗ ਦੀ ਟ੍ਰੇਨਿੰਗ ਲੈ ਰਿਹਾ ਸੀ ਅਤੇ ਪਰਿਵਾਰ ਵਿੱਚ ਸਾਂਝਾ ਕੀਤਾ। ਕਹਿ ਲਉ, ਕਿਸੇ ਨੂੰ ਕੀ ਇਤਰਾਜ਼ ਹੋਣਾ ਸੀ, ਮਸਲਾ ਸਵਾਲ ਸੀ ਕਰਮ-ਕਾਡਾਂ ਤੋਂ ਬਗੈਰ ਵਿਆਹ ਦੀਆਂ ਰਸਮਾਂ ਨੂੰ ਸਿਰੇ ਚਾੜ੍ਹਨ ਦਾ। ਮੈਂ ਅਕਸਰ ਵਿਆਹਾਂ ਦੇ ਰਸਮੋ-ਰਿਵਾਜ਼ਾਂ ਦਾ ਗਵਾਹ ਰਿਹਾ ਹਾਂ। ਵਿਆਹ ਦੌਰਾਨ ਪਹਿਲੀ ਰਸਮ ਮਿਲਣੀ ਹੀ ਬੇਗੈਰਤ ਤੇ ਅਜੀਬ ਕੋਫਤ ਵਾਲੀ ਹੁੰਦੀ, ਜਦੋਂ ਦੋ ਪਰਿਵਾਰ ਸੜਕ ਦੇ ਉੱਤੇ ਹੀ ਮਿਲਣੀ ਕਰਦੇ। ਮੈਂ ਸੋਚਿਆ ਕਿ ਇਸ ਰਸਮ ਨੂੰ ਕੁਝ ਵਧੀਆ ਢੰਗ ਨਾਲ ਸਿਰੇ ਚੜ੍ਹਾਇਆ ਜਾਵੇ। ਬਰਾਤ ਆਉਣ ਤੋਂ ਬਾਅਦ ਵਿਧੀਵਤ ਤਰੀਕੇ ਨਾਲ ਸਟੇਜ ਉੱਤੇ ਮਿਲਣੀ ਦੀ ਰਸਮ ਕੀਤੀ-ਕਰਵਾਈ ਜਾਵੇ। ਨਾਲ ਇਹ ਵੀ ਸੋਚਿਆ ਗਿਆ ਕਿ ਉਸ ਮਿਲਣੀ ਦੇ ਵਿੱਚ ਦੋਨੋਂ ਜੀਅ, ਪਤੀ-ਪਤਨੀ ਸਮੇਤ ਮਿਲਣੀ ਕਰਨ। ਦਾਦਾ-ਦਾਦੀ, ਨਾਨਾ-ਨਾਨੀ, ਚਾਚਾ-ਚਾਚੀ, ਭੈਣ-ਭਣਵਈਆ ਤੇ ਹੋਰ ਰਿਸ਼ਤੇਦਾਰਾਂ ਦੀ ਮਿਲਣੀ ਇਸ ਢੰਗ ਨਾਲ ਹੋਵੇ ਕਿ ਉਨ੍ਹਾਂ ਨੂੰ ਸਾਹਿਤਕ ਸਮਾਗਮ ਦੀ ਤਰ੍ਹਾਂ ਕੋਈ ਲੋਈ ਜਾਂ ਹੋਰ ਇਸੇ ਤਰ੍ਹਾਂ ਦੇ ਗਿਫ਼ਟ ਨਾਲ ਨਿਵਾਜਿਆ ਜਾਵੇ।
ਮੈਨੂੰ ਖੁਸ਼ੀ ਹੋਈ ਕਿ ਲੜਕੇ ਦੇ ਪਰਿਵਾਰ ਵਾਲਿਆਂ ਨੇ ਇਸ ਗੱਲ ਨੂੰ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਿਆ ਤੇ ਕਿਸੇ ਤਰ੍ਹਾਂ ਦੇ ਰਵਾਇਤੀ, ਜਿਵੇਂ ਮੁੰਦਰੀ, ਕੰਬਲ ਆਦਿ ਲੈਣ ਦੀ ਥਾਂ ਇੱਕ ਫੁੱਲਾਂ ਦੇ ਹਾਰ ਨੂੰ ਪਰਵਾਨਗੀ ਦਿੱਤੀ। ਅਸੀਂ ਵੀ ਖੁਸ਼ੀ-ਖੁਸ਼ੀ ਫੁੱਲਾਂ ਦੇ ਹਾਰ ਮਰਦਾਂ ਲਈ ਅਤੇ ਫੁੱਲਾਂ ਦਾ ਗੁਲਦਸਤਾਂ ਔਰਤਾਂ ਲਈ ਦੇਣ ਨੂੰ ਤਰਜੀਹ ਦਿੱਤੀ। ਵਿਆਹ ਦੌਰਾਨ ਤਿੰਨ ਮੁੱਖ ਰਸਮਾਂ ਜੈ ਮਾਲਾ, ਰਿੰਗ ਸੈਰਾਮਨੀ ਅਤੇ ਕੇਕ ਕੱਟਣ ਨੂੰ ਜੋੜਿਆ ਗਿਆ। ਤਿੰਨ ਘੰਟੇ ਚਲੇ ਇਸ ਸਟੇਜੀ ਪ੍ਰੋਗਰਾਮ ਨੂੰ, ਵਿੱਚ-ਵਿਚਕਾਰ ਬੇਟੀ ਅਤੇ ਬੇਟੇ ਦੇ ਦੋਸਤਾਂ/ਸਹੇਲੀਆਂ ਨੇ ਆਪਣੇ ਨਾਚ-ਗਾਣੇ ਨਾਲ ਸ਼ਿੰਗਾਰਿਆ। ਇਸ ਤਰ੍ਹਾਂ ਇਹ ਵਿਆਹ ਦਾ ਸਮਾਗਮ ਸਿਰੇ ਚੜ੍ਹਿਆ।
ਮੇਰਾ ਆਪਣਾ ਵਿਆਹ ਤਾਂ ਬਗੈਰ ਕਿਸੇ ਤਿਆਰੀ ਤੋਂ ਤੇ ਆਪਸੀ ਚਰਚਾ ਤੋਂ ਨੇਪਰੇ ਚੜ੍ਹ ਗਿਆਪਰ ਬੇਟੀ ਦੇ ਵਿਆਹ ਦੇ ਵਕਤ ਸੱਦੇ-ਪੱਤਰ ਵਿੱਚ ਵਧੀਆ ਰਿਸ਼ਤੇ ਨੂੰ ਨੇਪਰੇ ਚਾੜ੍ਹਨ ਲਈ ਲੋੜੀਂਦੇ ਗੁਣਾਂ ਨੂੰ ਲੈ ਕੇ ਤਿਆਰ ਕੀਤੀ ਇੱਕ ਪੁਸਤਕ ਭੇਂਟ ਕੀਤੀ ਗਈ।
“ਇਕਮਿਕਤਾ ਆਨੰਦ” ਸੱਦੇ ਪੱਤਰ ਵਿੱਚ ਦਿੱਤੀ ਅਤੇ ਬਾਕੀ ਆਉਣ ਵਾਲੇ ਮਹਿਮਾਨਾਂ ਨੂੰ ਵਿਆਹ ਵੇਲੇ ਵੰਡੀ ਗਈ। ਵਿਆਹ ਦੀ ਸ਼ੁਰੂਆਤ ਵੇਲੇ ਹਰ ਮਹਿਮਾਨ ਨੂੰ ਉਸ ਦੇ ਪਹੁੰਚਣ ’ਤੇ ਇੱਕ ਫੁੱਲ ਦੀ ਟਹਿਣੀ ਭੇਂਟ ਕੀਤੀ ਗਈ ਤੇ ਸਾਦੇ ਖਾਣੇ ਨਾਲ ਬਰਾਤ ਅਤੇ ਮਹਿਮਾਨ ਸੰਤੋਸ਼ਜਨਕ ਸਮਾਗਮ ਤੋਂ ਵਿਦਾ ਲੈਂਦੇ ਹੋਏ ਰਵਾਨਾ ਹੋਏ।
ਇਸ ਤਰ੍ਹਾਂ ਤੁਸੀਂ ਸਮਝੋ ਮੈਂ ਤਰਕਸ਼ੀਲ ਪਹਿਲਾਂ ਨਹੀਂ ਹੋਇਆ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਇਸ ਵਿੱਚ ਵਿਗਿਆਨਕ ਸੋਚ, ਜੋ ਕਿ ਦਸਵੀਂ ਕਲਾਸ ਦੇ ਵਿਗਿਆਨਕ ਵਿਸ਼ੇ ਵਿੱਚ ਸ਼ੁਰੂ ਹੋਈ ਤੇ ਨਿਊਟਨ ਅਤੇ ਅਰਕਮੈਡੀਜ਼ ਤੋਂ ਇਲਾਵਾ ਬੋਟਨੀ ਵਿੱਚ ਪੜ੍ਹਾਏ ਗਏ ਮੈਡੀਕਲ ਦੇ ਸਿਧਾਂਤ ਨੇ ਪੂਰੀ ਉਮਰ ਦਿਮਾਗ ਵਿੱਚ ਆਪਣੀ ਥਾਂ ਬਣਾ ਕੇ ਰੱਖੀ। ਉਸ ਵਿਗਿਆਨਕ ਸੋਚ ਦੀ ਬੁਨਿਆਦ ਨੇ ਤਰਕਸ਼ੀਲ ਹੋਣ ਦੇ ਰਾਹ ’ਤੇ ਪਾਇਆ। ਪਰ ਇਸ ਤੋਂ ਵੀ ਅੱਗੇ ਵਿਵਕੇਸ਼ੀਲ ਹੋਣ ਲਈ ਮਾਰਕਸ ਦਾ ਵੱਡਾ ਯੋਗਦਾਨ ਹੈ। ਭਾਵੇਂ ਕਿ ਮੈਂ ਮਾਰਕਸਵਾਦੀ ਸੋਚ ਦਾ ਉਹਦੀ ਵਿਚਾਰਧਾਰਾ ਦਾ ਸਮਰਥਕ ਹਾਂ, ਪਰ ਕਿਸੇ ਵੀ ਮਾਰਕਸਵਾਦੀ ਪਾਰਟੀ ਸੀ.ਪੀ.ਆਈ, ਸੀ.ਪੀ.ਐੱਮ. ਜਾਂ ਐੱਮ. ਐੱਲ. ਨਾਲ ਮੇਰੀ ਕੋਈ ਪ੍ਰਤੀਬੱਧਤਾ ਨਹੀਂ ਹੈ। ਤਰਕਸ਼ੀਲ ਬਣਾਉਣ ਵਿੱਚ ਮੈਨੂੰ ਸੁਕਰਾਤ ਨੇ ਵੀ ਪ੍ਰਭਾਵਿਤ ਕੀਤਾ ਹੈ ਅਤੇ ਮਹਾਤਮਾ ਬੁੱਧ ਨੇ ਵੀ।
ਮੈਂ ਕਹਿ ਰਿਹਾ ਸੀ ਕਿ ਤਰਕਸ਼ੀਲਤਾ ਮਨੁੱਖੀ ਜ਼ਿੰਦਗੀ ਦਾ ਹਿੱਸਾ ਹੈ ਤੇ ਕੁਦਰਤ ਨੇ ਹਰ ਮਨੁੱਖ ਨੂੰ ਉਸ ਦੇ ਹਿੱਸੇ ਦੀ ਬਣਦੀ ਤਰਕਸ਼ੀਲਤਾ ਜਾਂ ਜਗਿਆਸਾ ਨਾਲ ਜੋੜਿਆ ਹੈ। ਇਹ ਗੱਲ ਵੱਖਰੀ ਹੈ ਕਿ ਉਸ ਨੂੰ ਬਚਪਨ ਅਤੇ ਉਸ ਦੀ ਪ੍ਰਵਰਿਸ਼ ਵੇਲੇ ਮਾਪੇ ਅਤੇ ਅਧਿਆਪਕ ਕਿਸ ਪਰਵਿਰਤੀ ਦੇ ਮਿਲਦੇ ਹਨ। ਜਿਨ੍ਹਾਂ ਨੇ ਬੱਚੇ ਨੂੰ ਜ਼ਿੰਦਗੀ ਵਿੱਚ ਵਿਗਿਆਨਕ ਸੋਚ ਨਾਲ ਜੋੜ ਕੇ ਰੱਖਣਾ ਹੁੰਦਾ ਹੈ, ਅਸੀਂ ਮਨੁੱਖੀ ਸੋਚ ਜਾਂ ਉਸ ਦੀ ਬੁੱਧੀ ਨੂੰ ਉਸ ਦੀ ਕਾਰਗੁਜ਼ਾਰੀ ਜਾਂ ਫੈਸਲੇ ਲੈਣ ਦੀ ਕੁਦਰਤ ਵੱਲੋਂ ਮਿਲੀ ਸਭ ਨੂੰ ਇਕਸਾਰ ਬੁੱਧੀ ਦੀ ਸਮਰੱਥਾ ਬਖਸ਼ਦੀ ਹੈ ਤੇ ਉਸ ਨੂੰ ਇਸਤੇਮਾਲ ਕਰਕੇ ਕੋਈ ਉਸ ਤੋਂ ‘ਆਈਨਸਟਾਈਨ’ ਵਾਂਗ ਦੁਨੀਆਂ ਦਾ ਮਹਾਨ ਚਿੰਤਕ ਅਤੇ ਵਿਗਿਆਨੀ ਬਣ ਜਾਂਦਾ ਹੈ। ਇੱਥੇ ਕੋਈ ਉਸ ਦਿਮਾਗ ਨਾਲ ਫੈਸਲੇ ਲੈਣ ਵਾਲਾ ਹਿਟਲਰ ਜਾਂ ਮਸੋਲੀਨੀ ਵਰਗਾ ਮਨੁੱਖਤਾ ਨੂੰ ਬਰਬਾਦ ਕਰਨ ਵਾਲਾ ਤਾਨਾਸ਼ਾਹ - ਜਿਸ ’ਤੇ ਸਾਰੀ ਦੁਨੀਆਂ ਖੁਦ ਸ਼ਰਮਸਾਰ ਹੁੰਦੀ ਹੈ ਤੇ ਉਹਨਾਂ ਨੂੰ ਕਿਸੇ ਵੀ ਢੰਗ ਨਾਲ ਯਾਦ ਕਰਨ ਤੋਂ ਗੁਰੇਜ਼ ਕਰਦੀ ਹੈ।
ਤਰਕਸ਼ੀਲਤਾ ਦੀ ਗੱਲ ਕਰਨ ਵਾਲਾਸਰੀਰ ਦਾ ਅੰਗ ਦਿਮਾਗ ਸਾਡੇ ਸਭ ਕੋਲ ਹੈ, ਤਰਕਸ਼ੀਲਤਾ ਕੀ ਹੈ ਤੇ ਕਿਸੇ ਵਿੱਚ ਇਹ ਕਿਵੇਂ ਝਲਕਦੀ ਹੈ, ਤਰਕਸ਼ੀਲ ਹੋਣ ਦੇ ਬਾਵਜੂਦ ਇਸਦਾ ਦਾਅਵਾ ਕਰਦੇ ਹੋਏ ਤਰਕਸ਼ੀਲ ਨਜ਼ਰੀਆ ਨਾ ਹੋਣਾ ਜਾਂ ਸਮਾਜ ਵਿੱਚ ਅਜਿਹੀਆਂ ਸੰਸਥਾਵਾਂ ਦਾ ਪੈਦਾ ਹੋਣਾ ਜਾਂ ਉਚੇਚੇ ਤੌਰ ’ਤੇ ਇਹ ਸੰਸਥਾਵਾਂ ਉਸਾਰਨਾ, ਸਾਰੇ ਵਰਤਾਰੇ ਹੀ ਸਾਡੇ ਆਲੇ-ਦੁਆਲੇ ਮਿਲਦੇ ਹਨ। ਇਹ ਸੰਸਥਾਵਾਂ ਬਣਾ ਕੇ ਉਨ੍ਹਾਂ ਦੇ ਮੈਂਬਰ ਬਣਾ ਕੇ ਕੰਮ ਕਰਨਾ ਅਤੇ ਨਾਲ ਹੀ ਇਹ ਪਤਾ ਹੋਵੇ, ਦਿਸੇ ਕਿ ਸਮਾਜ ਵਿੱਚ ਤਰਕਸ਼ੀਲਤਾ ਦਾ ਪ੍ਰਭਾਵ ਹੈ। ਲੋਕ ਤਰਕ ਤੋਂ ਕੰਮ ਲੈਂਦੇ ਹਨ ਅਤੇ ਇਸ ਤੌਰ ਤਰੀਕੇ ਨਾਲ ਲੋਕਾਂ ਵਿੱਚ ਵਿਚਰਦੇ ਹਨ, ਇਹੀ ਅਸਲੀ ਇਮਤਿਹਾਨ ਦੀ ਘੜੀ ਹੁੰਦੀ ਹੈ। ਤਰਕਸ਼ੀਲ ਹੋਣ ਦਾ ਠੱਪਾ ਜਾਂ ਲੇਬਲ ਚਿਪਕਾ ਕੇ ਘੁੰਮਣਾ ਹਰ ਕੋਈ ਚਾਹੁੰਦਾ ਹੈ, ਜੇ ਕਿਸੇ ਨੂੰ ਕੋਈ ਫਾਇਦਾ ਪਹੁੰਚਦਾ ਹੋਵੇ। ਸਮਾਜ ਵਿੱਚ ਨਫ਼ੇ-ਨੁਕਸਾਨ ਵਾਲੀ ਤੱਕੜੀ ਹਰ ਕੋਈ ਆਪਣੇ ਨਾਲ ਰੱਖਦਾ ਹੈ। ਮੈਂ ਤਰਕਸ਼ੀਲਤਾ ਦੇ ਪ੍ਰਚਾਰ ਅਤੇ ਪਸਾਰ ਦਾ ਦਾਅਵਾ ਨਹੀਂ ਕਰਦਾ, ਪਰ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੇਰੇ ਵੱਧ ਤੋਂ ਵੱਧ ਕੰਮ-ਕਾਜ ਵਿੱਚ ਮੇਰਾ ਤਰਕਸ਼ੀਲ ਹੋਣਾ ਨਜ਼ਰ ਆਵੇ। ਲੋਕ ਆਪਣੇ ਮੂੰਹੋਂ ਕਹਿਣ ਕਿ ਇਹ ਸ਼ਖ਼ਸ ਤਰਕਸ਼ੀਲ ਗੱਲਾਂ ਕਰਦਾ ਹੈ। ਤਰਕਸ਼ੀਲ ਫੈਸਲੇ ਲੈਂਦੇ ਹੋਇਆਂ ਮਹਿਸੂਸ ਕੀਤਾ ਜਾ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4896)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)