“ਮਨੁੱਖੀ ਸਰਮਾਇਆ ਉਸਾਰਨ ਤੇ ਵਿਕਸਿਤ ਕਰਨ ਲਈ ਸਿਹਤ ਅਤੇ ਸਿੱਖਿਆ ਉੱਪਰ ...”
(22 ਮਈ 2020)
ਵੈਸੇ ਸਿੱਖਣ ਦੀ ਮਨਸ਼ਾ ਹੋਵੇ ਤਾਂ ਕਿਸੇ ਕੋਲੋਂ ਵੀ ਸਿੱਖਿਆ ਜਾ ਸਕਦਾ ਹੈ, ਪਰ ਜ਼ਰੂਰੀ ਸ਼ਰਤ ਇਹ ਹੈ ਕਿ ਤੁਹਾਡੇ ਅੰਦਰ ਸਿੱਖਣ ਦੀ ਲਲਕ ਹੋਵੇ। ਕਰੋਨਾ ਮਹਾਮਾਰੀ ਨੂੰ ਕਾਬੂ ਕਰਨ ਦੇ ਪ੍ਰਸੰਗ ਵਿੱਚ ਅਸੀਂ ਸਵੀਡਨ, ਤਾਇਵਾਨ ਦੇ ਤਜਰਬੇ ਤੋਂ ਸਿੱਖ ਵੀ ਸਿੱਖ ਸਕਦੇ ਹਾਂ। ਪਰ ਜੇ ਕਹੀਏ ਕਿ ਇਹ ਵਿਦੇਸ਼ੀ ਹਨ, ਸਾਡੇ ਕੋਲ ਗਿਆਨ ਦਾ ਭੰਡਾਰ ਹੈ, ਕੇਰਲ ਵਾਲੇ ਖੱਬੇ-ਪੱਖੀ ਹਨ ਤੇ ਵਿਗਿਆਨ ਕੀ ਸਿਖਾ ਸਕਦਾ ਹੈ, ਸਾਡੇ ਕੋਲ ਆਪਣੇ ਮਹਾਨ ਸ਼ਾਸਤਰ ਹਨ ਤਾਂ ਫਿਰ ਕੁਝ ਨਹੀਂ ਸਿੱਖਿਆ ਜਾ ਸਕਦਾ।
ਕਰੋਨਾ ਸੰਕਟ ਦੇ ਪ੍ਰਸੰਗ ਵਿੱਚ ਕੇਰਲ ਤੋਂ ਕੁਝ ਸਿੱਖਿਆ ਜਾ ਸਕਦਾ ਹੈ। ਕਰੋਨਾ ਦਾ ਪਹਿਲਾ ਕੇਸ 30 ਜਨਵਰੀ ਨੂੰ ਕੇਰਲ ਪਹੁੰਚਦਾ ਹੈ ਤੇ ਰਾਜ ਦੀ ਸਿਹਤ ਮੰਤਰੀ ਸੁਚੇਤ ਕਾਰਜ ਪ੍ਰਣਾਲੀ ਤਿਆਰ ਕਰਨ ਵਿੱਚ ਜੁਟ ਜਾਂਦੀ ਹੈ। ਉਹ ਸੂਬਾ ਪੱਧਰੀ ਅਤੇ 14 ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਤਿਆਰ ਕਰਨ ਦੇ ਆਦੇਸ਼ ਦਿੰਦੀ ਹੈ। ਉਹ ਕਿਸੇ ਵੀ ਮਹਾਮਾਰੀ ਲਈ ਚੁੱਕੇ ਜਾਣ ਵਾਲੇ ਵਿਗਿਆਨਕ ਤੌਰ-ਤਰੀਕੇ, ਜਿਵੇਂ ਸ਼ੱਕੀ ਮਰੀਜ਼ ਦਾ ਟੈਸਟ, ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਭਾਲ, ਲੋੜ ਪੈਣ ’ਤੇ ਇਕਾਂਤਵਾਸ ਅਤੇ ਲੱਛਣ ਹੋਣ ’ਤੇ ਇਲਾਜ ਅਪਣਾਉਣ ਵੱਲ ਸਰਗਰਮ ਹੋ ਜਾਂਦੀ ਹੈ।
ਕੇਰਲ ਕੋਲ ਦੋ ਸਾਲ ਪਹਿਲਾਂ ਦਾ ਹੀ ਨਿਪਾਹ ਬਿਮਾਰੀ/ਮਹਾਮਾਰੀ ਨਾਲ ਨਜਿੱਠਣ ਦਾ ਵੀ ਤਜਰਬਾ ਸੀ ਤੇ ਕੇਰਲ ਦੇ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਕੰਮ ਕਰਦੇ ਹੋਣ ਤੇ ਵਿਦਿਆਰਥੀ ਉੱਥੇ ਪੜ੍ਹਦੇ ਹੋਣ ਕਾਰਨ ਉਨ੍ਹਾਂ ਦੀ ਤਿਆਰੀ, ਇਸ ਨਜ਼ਰੀਏ ਤੋਂ ਵੀ ਸੀ। ਮਹਾਮਾਰੀ ਨਾਲ ਨਜਿੱਠਣ ਲਈ ਸੂਬਾ ਪੱਧਰੀ ਚਾਰ ਸੈਂਟਰ ਬਣਾਏ ਗਏ। ਇੱਕ ਸਿਹਤ ਵਿਭਾਗ ਦਾ, ਜੋ ਇਸ ਬਿਮਾਰੀ ਨਾਲ ਜੁੜੀਆਂ ਲੋੜਾਂ/ਸਹੂਲਤਾਂ ਅਤੇ ਮਰੀਜ਼ਾਂ ਬਾਰੇ ਰਿਪੋਰਟ ਕਰੇਗਾ। ਇੱਕ ਸੈਂਟਰ ਦੂਸਰੇ ਰਾਜਾਂ/ਦੇਸ਼ਾਂ ਵਿੱਚ ਵਸਦੇ ਨਾਗਰਿਕਾਂ ਦੇ ਤਾਲਮੇਲ ਲਈ। ਇੱਕ ਰਾਜ ਪੱਧਰੀ ਆਫ਼ਤ ਪ੍ਰਬੰਧਨ ਨਾਲ ਜੁੜੇ ਵਿਭਾਗਾਂ ਦੇ ਆਪਸੀ ਸਹਿਯੋਗ ਲਈ ਤੇ ਇੱਕ ਵਿਸ਼ੇਸ਼ ਤੌਰ ’ਤੇ ਮਹਿਮਾਨ ਮਜ਼ਦੂਰਾਂ ਲਈ, ਜਿਸ ਨੂੰ ਬਾਕੀ ਦੇਸ਼ ਪਰਵਾਸੀ ਮਜ਼ਦੂਰ ਕਹਿੰਦੇ ਹਨ।
ਤਕਰੀਬਨ ਚਾਰ ਮਹੀਨੇ ਹੋ ਗਏ ਹਨ ਤੇ ਦੇਸ਼ ਵਿੱਚ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਦੇ ਕਰੀਬ ਪਹੁੰਚਣ ਲੱਗੀ ਹੈ, ਜੋ ਚੀਨ ਤੋਂ ਵੀ ਵੱਧ ਹੈ ਪਰ ਕੇਰਲ ਵਿੱਚ ਇਹ 550 ਤਕ ਵੀ ਨਹੀਂ ਪੁੱਜੀ। ਇਸੇ ਤਰ੍ਹਾਂ ਇੱਥੇ ਮੌਤ ਦਰ ਵੀ ਦੇਸ਼ ਦੇ 3.5 ਫ਼ੀਸਦੀ ਦੇ ਮੁਕਾਬਲੇ ਇੱਕ ਫ਼ੀਸਦੀ ਤੋਂ ਵੀ ਘੱਟ ਰਹੀ। ਇਨ੍ਹਾਂ ਅੰਕੜਿਆਂ ’ਤੇ ਹੈਰਾਨੀ ਜਿਤਾਉਣ ਦੀ ਬਜਾਏ, ਇਨ੍ਹਾਂ ਤੋਂ ਕੁਝ ਸਿੱਖਣ ਦੀ ਲੋੜ ਹੈ। ਸਭ ਤੋਂ ਪਹਿਲੀ ਗੱਲ ਕਿ ਸੂਬੇ ਅੰਦਰ ਪਹਿਲਾ ਕੇਸ ਆਉਣ ’ਤੇ ਹੀ ਮਹਾਮਾਰੀ ਦਾ ਐਲਾਨ ਤੇ ਉਸੇ ਤਰਜ਼ ਦੀ ਤਿਆਰੀ। ਵਿਗਿਆਨਕ ਸਮਝ ਹੈ ਕਿ ਕੋਈ ਵੀ ਨਵੀਂ ਬਿਮਾਰੀ, ਜੋ ਪਹਿਲਾਂ ਉਸ ਦੇਸ਼/ਰਾਜ ਵਿੱਚ ਨਹੀਂ ਹੈ, ਉਸ ਦਾ ਇੱਕ ਕੇਸ ਵੀ ਮਹਾਮਾਰੀ ਹੀ ਹੁੰਦਾ ਹੈ। ਖਾਸ ਕਰ ਜੇ ਉਹ ਫੈਲਣ ਵਾਲੀ ਕੋਈ ਵੀ ਬਿਮਾਰੀ ਹੋਵੇ, ਜਿਵੇਂ ਕੋਵਿਡ-19 ਹੈ। ਇਸ ਤਰ੍ਹਾਂ ਦੀ ਲਾਗ ਦੀ ਬਿਮਾਰੀ ਲਈ ਸਭ ਤੋਂ ਅਹਿਮ ਕਦਮ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਭਾਲ ਕਰਨਾ ਹੈ।
ਕੇਰਲ ਕੋਲ ਪਿੰਡ ਪੱਧਰ ’ਤੇ ਮਜ਼ਬੂਤ ਸਿਹਤ ਢਾਂਚਾ ਹੈ ਤੇ ਪੰਚਾਇਤੀ ਰਾਜ ਪ੍ਰਣਾਲੀ ਦਾ ਕੰਮ ਵੀ ਸਾਰੇ ਦੇਸ਼ ਨਾਲੋਂ ਵਧੀਆ ਅਤੇ ਜ਼ਿੰਮੇਵਾਰੀ ਵਾਲਾ ਹੈ। ਇਨ੍ਹਾਂ ਸਾਰਿਆਂ ਨੇ ਕੇਸ ਲੱਭਣ ਵਿੱਚ ਮਦਦ ਕੀਤੀ ਅਤੇ ਬਿਨਾਂ ਕਿਸੇ ਲੱਛਣ ਵਾਲੇ ਮਰੀਜ਼ ਨੂੰ ਘਰ ਵਿੱਚ ਹੀ ਇਕਾਂਤਵਾਸ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਲੋਕਾਂ ਦਾ ਵੱਡੀ ਗਿਣਤੀ ਵਿੱਚ ਪੜ੍ਹੇ-ਲਿਖੇ ਹੋਣਾ ਵੀ ਇਸ ਵਿੱਚ ਕੰਮ ਆਇਆ। ਇਸ ਜਾਗਰੂਕਤਾ ਅਤੇ ਲੋਕਾਂ ਦੇ ਸੁਚੇਤ ਹੋਣ ਪਿੱਛੇ ਇੱਕ ਸ਼ਲਾਘਾਯੋਗ ਉਪਰਾਲਾ ਰਾਜ ਦੇ ਮੁੱਖ ਮੰਤਰੀ ਵੱਲੋਂ ਰੋਜ਼ਾਨਾ ਸ਼ਾਮੀਂ ਪ੍ਰੈੱਸ ਕਾਨਫਰੰਸ ਵਿੱਚ ਖ਼ੁਦ ਬੈਠ ਕੇ ਆਪਣੇ ਰਾਜ ਦੀ ਹਾਲਤ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਵੀ ਹੈ।
ਇੱਥੇ ਤਿਆਰੀ 30 ਜਨਵਰੀ ਤੋਂ ਹੀ ਸ਼ੁਰੂ ਕੀਤੀ ਗਈ ਨਜ਼ਰ ਆਉਂਦੀ ਹੈ, ਜੋ ਦੇਸ਼ ਵਿੱਚ 13 ਮਾਰਚ ਤੋਂ ਬਾਅਦ ਲਾਗੂ ਹੁੰਦੀ ਹੈ। ਜੇ ਇਸਦੀ ਸਫ਼ਲਤਾ ਨੂੰ ਚਾਰ ਮਹੀਨਿਆਂ ਤਕ ਸੀਮਤ ਕਰ ਕੇ ਦੇਖਾਂਗੇ ਤਾਂ ਕੇਰਲ ਰਾਜ ਦੀ ਵਿਵਸਥਾ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਾਂਗੇ ਤੇ ਸਹੀ ਸੇਧ ਨਹੀਂ ਲੈ ਸਕਾਂਗੇ। ਜੇ ਵਿਸ਼ਲੇਸ਼ਣ ਕਰੀਏ ਤਾਂ ਇਹ ਸਭ ਕੁਝ ਕੇਰਲ ਦੇ ਸਿਹਤ ਢਾਂਚੇ ਦੀ ਬਦੌਲਤ ਹੈ। ਉੱਥੇ ਸਿਹਤ ਕੇਂਦਰਾਂ, ਸਿਹਤ ਕਾਮਿਆਂ, ਪੰਚਾਇਤੀ ਰਾਜ ਦੇ ਵਾਲੰਟੀਅਰਾਂ ਦਾ ਢਾਂਚਾ ਹੈ, ਜੋ ਕੁਝ ਦਿਨਾਂ ਵਿੱਚ ਨਹੀਂ ਉਸਾਰਿਆ ਗਿਆ। ਇਸ ਪਿੱਛੇ ਕੇਰਲ ਦੀ ਲੰਮੀ ਸਿਆਸੀ ਸਮਝ ਤੇ ਸਿੱਖਿਆ ਵੱਲ ਸੰਜੀਦਗੀ ਨਾਲ ਧਿਆਨ ਦੇਣਾ ਹੈ। ਸਿਹਤ ਬਾਰੇ ਕੁਝ ਕੁ ਅੰਕੜੇ ਹੀ ਰਾਜ ਦੀ ਦਸ਼ਾ ਸਪਸ਼ਟ ਕਰਨ ਲਈ ਕਾਫ਼ੀ ਹਨ। ਇੱਥੋਂ ਦੀ ਬਾਲ ਮੌਤ ਦਰ ਦੇਸ਼ ਦੀ 34 ਦੇ ਮੁਕਾਬਲੇ 10 ਹੈ, ਮਾਵਾਂ ਦੀ ਮੌਤ ਦਰ 130 ਦੇ ਮੁਕਾਬਲੇ 46 ਤੇ ਔਸਤਨ ਉਮਰ 68 ਦੇ ਮੁਕਾਬਲੇ 75 ਸਾਲ ਹੈ।
ਇਸ ਸਫ਼ਲਤਾ ਬਾਰੇ ਜੇ ਇੱਕ ਵਾਕ ਵਿੱਚ ਕਹਿਣਾ ਹੋਵੇ ਤਾਂ ਇਹ ਲੰਮੇ ਸਮੇਂ ਤੋਂ ਜ਼ਮੀਨੀ ਪੱਧਰ ਤੋਂ ਤਿਆਰ ਹੋਈ ਸਿਹਤ ਵਿਵਸਥਾ ਦਾ ਨਤੀਜਾ ਹੈ। ਮਨੁੱਖੀ ਸਰਮਾਇਆ ਉਸਾਰਨ ਤੇ ਵਿਕਸਿਤ ਕਰਨ ਲਈ ਸਿਹਤ ਅਤੇ ਸਿੱਖਿਆ ਉੱਪਰ ਕੀਤਾ ਗਿਆ ਖਰਚ ਭਾਵੇਂ ਫੌਰੀ ਨਤੀਜਿਆਂ ਵਿੱਚ ਨਜ਼ਰ ਨਹੀਂ ਆਉਂਦਾ, ਪਰ ਉਸ ਦਾ ਅਸਰ ਦੂਰ ਤਕ ਜਾਣ ਵਾਲਾ ਹੁੰਦਾ ਹੈ, ਜਿਵੇਂ ਕੇਰਲ ਵਿੱਚ ਅੱਜ ਨਜ਼ਰ ਆ ਰਿਹਾ ਹੈ। ਇਹ ਸਬਕ ਵੀ ਕੇਰਲ ਤੋਂ ਸਿੱਖਿਆ ਜਾਣ ਵਾਲਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2146)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)