“ਮੋਦੀ ਜੀ, ਤੁਸੀਂ ਕਈ ਵਾਰ ਕਿਹਾ ਹੈ ਕਿ ਭਾਰਤ ਦੀ ਜੀ. ਡੀ. ਪੀ. ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੈ ਪਰ ਇਹ ਗੱਲ ...”
(21 ਜੂਨ 2023)
ਕਹਿੰਦੇ ਕਿ ਇੱਕ ਵਾਰ ਕਿਸੇ ਮੁੱਖ ਮੰਤਰੀ ਦੇ ਸਿਫਾਰਸ਼ੀ ਬੰਸਰੀ ਵਾਦਕ ਨੂੰ ਟੈਲੀਵਿਜ਼ਨ ’ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਚਾਅ ਚੜ੍ਹਿਆ ਪਰ ਉਸ ਨੂੰ ਧੁਨ ਤਾਂ ਕੋਈ ਕੱਢਣੀ ਆਉਂਦੀ ਨਹੀਂ ਸੀ। ਮੁੱਖ ਮੰਤਰੀ ਦਾ ਏਲਚੀ ਦੂਰਦਰਸ਼ਨ ਦੇ ਸੰਗੀਤ ਅਧਿਕਾਰੀ ਨੂੰ ਮਿਲਿਆ ਅਤੇ ਦੱਸਿਆ ਕਿ ਇਹ ਬੰਸਰੀ ਵਾਦਕ ਮੁੱਖ ਮੰਤਰੀ ਜੀ ਦਾ ਖਾਸ ਵਿਅਕਤੀ ਹੈ। ਜਦੋਂ ਅਧਿਕਾਰੀ ਨੇ ਟੈਸਟ ਲਿਆ ਤਾਂ ਬੰਸਰੀ ਵਿੱਚੋਂ ਕੇਵਲ ਤੂ ਤੂ ਸ਼ੂ ਸ਼ੂ ਦੀ ਹੀ ਅਵਾਜ਼ ਆਵੇ। ਅਧਿਕਾਰੀ ਨੇ ਨਾਂਹ ਕਰ ਦਿੱਤੀ। ਏਲਚੀ ਨੇ ਕਿਹਾ ਕਿ ਇਸ ਮੁੱਖ ਮੰਤਰੀ ਦੇ ਸਿਫਾਰਸ਼ੀ ਨੂੰ ਪ੍ਰੋਗਰਾਮ ਵਿੱਚ ਸਮਾਂ ਜ਼ਰੂਰ ਮਿਲਣਾ ਚਾਹੀਦਾ ਹੈ। ਅਧਿਕਾਰੀ ਨੇ ਕਾਫੀ ਦੇਰ ਸੋਚਣ ਤੋਂ ਬਾਅਦ ਕਿਹਾ, “ਕਾਕਾ ਜੀ ਤੁਸੀਂ ਸੰਗੀਤ ਪ੍ਰੋਗਰਾਮ ਵਿੱਚ ਬੈਠ ਜਾਣਾ, ਬੰਸਰੀ ਦੇ ਛੇਕਾਂ ’ਤੇ ਵੀ ਉਂਗਲੀਆਂ ਬਦਲ ਬਦਲ ਕੇ ਰੱਖੀ ਜਾਣਾ ਪਰ ਭੁੱਲ ਕੇ ਵੀ ਬੰਸਰੀ ਵਿੱਚ ਫੂਕ ਨਾ ਮਾਰ ਬੈਠਣਾ। ਇਸੇ ਤਰ੍ਹਾਂ ਆਰ ਐੱਸ ਐੱਸ ਨੇ ਵੀ ਲਗਦਾ ਹੈ ਕਿ ਮੋਦੀ ਜੀ ਨੂੰ ਕਿਹਾ ਹੈ ਕਿ ਤੁਸੀਂ ਸਾਡੇ ਸਨਮਾਨਿਤ ਮੈਂਬਰ ਹੋ, ਹਿੰਦੂ ਰਾਸ਼ਟਰ ਲਈ ਹਿੰਦੂਆਂ ਵਿੱਚ ਮੁਸਲਮਾਨਾਂ ਪ੍ਰਤੀ ਨਫ਼ਰਤ ਫੈਲਾਉਣ ਵਿੱਚ ਮਾਹਰ ਹੋ, ਘੱਟ ਗਿਣਤੀਆਂ ਨੂੰ ਵੀ ਵਧੀਆ ਦਬਾ ਲੈਂਦੇ ਹੋ, ਇਸ ਲਈ ਅਸੀਂ ਤੁਹਾਡੇ ਨਾਮ ਦੀ ਪ੍ਰਧਾਨ ਮੰਤਰੀ ਵਾਸਤੇ ਸਿਫਾਰਿਸ਼ ਕਰਦੇ ਹਾਂ ਅਤੇ ਸਾਡੇ ਸਾਰੇ ਸਵੈ ਸੇਵਕ ਤੁਹਾਨੂੰ ਆਸਾਨੀ ਨਾਲ ਚੋਣ ਜਿਤਾ ਦੇਣਗੇ। ਤੁਸੀਂ ਅਸਲ ਮੁੱਦਿਆਂ ਤੋਂ ਜਨਤਾ ਨੂੰ ਭਟਕਾਉਣ ਲਈ ਜੋ ਮਰਜ਼ੀ ਬੋਲੀ ਜਾਓ ਪਰ ਭੁੱਲ ਕੇ ਵੀ ਕੋਈ ਪ੍ਰੈੱਸ ਕਾਨਫਰੰਸ ਨਾ ਕਰ ਬੈਠਣਾ।
ਦੇਸ਼ ਭਰ ਦੀ ਜਨਤਾ ਅਤੇ ਪੱਤਰਕਾਰ ਉਡੀਕ ਰਹੇ ਹਨ ਕਿ ਬਹੁਤ ਅਹਿਮ ਮੁੱਦੇ ਹਨ ਜਿਨ੍ਹਾਂ ’ਤੇ ਮੋਦੀ ਜੀ ਕਦੋਂ ਪ੍ਰੈੱਸ ਕਾਨਫਰੰਸ ਕਰਨਗੇ। ਮੋਦੀ ਜੀ ਨੂੰ ਸੱਤਾ ਦੇ ਸਿਖਰ ’ਤੇ ਪਹੁੰਚੇ ਹੋਏ ਨੂੰ ਦਸ ਸਾਲ ਹੋਣ ਵਾਲੇ ਹਨ, ਘੱਟੋ ਇੱਕ ਪ੍ਰੈੱਸ ਕਾਨਫਰੰਸ ਤਾਂ ਕਰ ਦੇਣ। ਤਾਜ਼ਾ ਮਸਲਾ ਮਨੀਪੁਰ ਵਿੱਚ ਹੋ ਰਹੇ ਜਾਤੀ ਦੰਗੇ ਹਨ, ਜਿਨ੍ਹਾਂ ਬਾਰੇ ਦੱਸਣ ਦੀ ਲੋੜ ਹੈ ਕਿ ਇਹਨਾਂ ਦੰਗਿਆਂ ਪਿੱਛੇ ਭਾਜਪਾ ਦਾ ਹੱਥ ਹੈ ਜਾਂ ਕਿਸੇ ਵਿਰੋਧੀ ਪਾਰਟੀ ਦਾ ਹੱਥ ਹੈ। ਪ੍ਰੈੱਸ ਦੀ ਅਜ਼ਾਦੀ ਤੁਸੀਂ ਖਤਮ ਕਰ ਦਿੱਤੀ ਹੈ। ਜੇਕਰ ਤੁਸੀਂ ਕੋਈ ਪ੍ਰੈੱਸ ਕਾਨਫਰੰਸ ਨਹੀਂ ਕਰਨੀ ਤਾਂ ਪੱਤਰਕਾਰਾਂ ਨੂੰ ਤਾਂ ਅਜ਼ਾਦੀ ਨਾਲ ਕੰਮ ਕਰਨ ਦਿਓ ਤਾਂਕਿ ਲੋਕਾਂ ਨੂੰ ਦੇਸ਼ ਅਤੇ ਦੁਨੀਆ ਬਾਰੇ ਕੋਈ ਜਾਣਕਾਰੀ ਮਿਲ ਸਕੇ। ਪਰ ਜਿਹੜਾ ਵੀ ਪੱਤਰਕਾਰ ਤੁਹਾਡੀ ਸਰਕਾਰ ਦੀਆਂ ਨੀਤੀਆਂ ’ਤੇ ਕਿੰਤੂ ਪ੍ਰੰਤੂ ਕਰਦਾ ਹੈ, ਉਸ ਨੂੰ ਤੁਸੀਂ ਜਾਂ ਤਾਂ ਨੌਕਰੀਓਂ ਕਢਵਾ ਦਿੰਦੇ ਹੋ ਜਾਂ ਜੇਲ੍ਹ ਵਿੱਚ ਬੰਦ ਕਰ ਦਿੰਦੇ ਹੋ। ਫੋਕੇ ਵਿਕਾਸ ਅਤੇ ਵਿਰੋਧੀ ਪਾਰਟੀਆਂ ਬਾਰੇ ਤੁਸੀਂ ਬੜੇ ਲੰਬੇ ਲੰਬੇ ਭਾਸ਼ਣ ਦਿੰਦੇ ਹੋ ਪਰ ਅੰਤਰਰਾਸ਼ਟਰੀ ਪਹਿਲਵਾਨ ਜਿਹੜੀਆਂ ਕਿ ਦੇਸ਼ ਦੀਆਂ ਬੇਟੀਆਂ ਹਨ, ਉਹਨਾਂ ਬਾਰੇ ਤੁਸੀਂ ਇੱਕ ਵੀ ਸ਼ਬਦ ਨਹੀਂ ਕਿਹਾ।
ਮੋਦੀ ਜੀ, ਤੁਸੀਂ ਕਈ ਵਾਰ ਕਿਹਾ ਹੈ ਕਿ ਭਾਰਤ ਦੀ ਜੀ. ਡੀ. ਪੀ. ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੈ ਪਰ ਇਹ ਗੱਲ ਤਾਂ ਸਮਝਾ ਦਿਓ ਕਿ ਦੇਸ਼ ਵਿੱਚ ਬੇਰੁਜ਼ਗਾਰੀ ਪੈਦਾ ਕਰਕੇ ਜੀ. ਡੀ. ਪੀ. ਕਿਵੇਂ ਵਧ ਜਾਂਦੀ ਹੈ। ਬੀਤੇ ਛੇ ਸੱਤ ਸਾਲਾਂ ਵਿੱਚ ਮੈਨੂਫੈਕਚਰਿੰਗ ਰੁਜ਼ਗਾਰਾਂ ਦੀ ਗਿਣਤੀ ਲਗਭਗ 5.1 ਕਰੋੜ ਤੋਂ ਘਟ ਕੇ 2.7 ਕਰੋੜ ਰਹਿ ਗਈ ਹੈ। ਭਵਨ ਨਿਰਮਾਣ ਦੇ ਖੇਤਰ ਵਿੱਚ ਇਹ ਲਗਭਗ 6.8 ਕਰੋੜ ਤੋਂ ਘਟ ਕੇ 5.2 ਕਰੋੜ ਰਹਿ ਗਈ ਹੈ। ਰੁਜ਼ਗਾਰ ਨਾ ਮਿਲਣ ਕਾਰਣ ਕੰਮ ਕਰਨ ਲਈ ਨੌਜਵਾਨ ਜਾਇਜ਼ ਨਾਜਾਇਜ਼ ਢੰਗ ਨਾਲ ਵਿਦੇਸ਼ਾਂ ਵਲ ਜਾ ਰਹੇ ਹਨ ਤਾਂ ਜੀ. ਡੀ. ਪੀ. ਵਧਣ ਦਾ ਕ੍ਰਿਸ਼ਮਾ ਕਿਵੇਂ ਹੋ ਰਿਹਾ ਹੈ? ਜੇਕਰ ਜੀ. ਡੀ. ਪੀ. ਵੱਧ ਹੈ ਤਾਂ 121 ਦੇਸ਼ਾਂ ਵਿੱਚੋਂ ਭਾਰਤ ਦਾ ਭੁੱਖਮਰੀ ਸੂਚਕ ਅੰਕ 107 ਕਿਉਂ ਹੈ, ਜਦਕਿ ਡੁੱਬ ਰਹੇ ਪਾਕਿਸਤਾਨ ਦਾ 99, ਨੇਪਾਲ ਦਾ 81 ਅਤੇ ਸ਼੍ਰੀ ਲੰਕਾ ਦਾ 64 ਹੈ। ਸਾਡੇ ਤੋਂ ਹੇਠਾਂ ਜਾਂ ਸਾਡੇ ਤੋਂ ਬੁਰਾ ਹਾਲ ਕੇਵਲ 14 ਦੇਸ਼ਾਂ ਦਾ ਹੈ। ਖੁਸ਼ੀ ਸੂਚਕ ਅੰਕ ਵਿੱਚ ਵੀ 146 ਦੇਸ਼ਾਂ ਵਿੱਚੋਂ ਭਾਰਤ 136ਵੇਂ ਸਥਾਨ ’ਤੇ ਹੈ ਜਦਕਿ ਪਿਛਲੀਆਂ ਕਈ ਸਦੀਆਂ ਤੋਂ ਯੁੱਧਾਂ ਵਿੱਚ ਫਸੇ ਦੇਸ਼ ਅਫ਼ਗ਼ਾਨਿਸਤਾਨ ਨੂੰ ਛੱਡ ਕੇ ਬਾਕੀ ਸਾਰੇ ਸਾਡੇ ਤੋਂ ਚੰਗੇ ਖੁਸ਼ੀ ਸੂਚਕ ਅੰਕ ’ਤੇ ਹਨ। ਲਗਦੇ ਹੱਥ ਇਹ ਵੀ ਦੱਸ ਦਿਓ ਕਿ ਜੀ. ਡੀ. ਪੀ. ਵਧ ਗਈ ਤਾਂ ਭਾਰਤ ਸਿਰ ਤੁਹਾਡੇ ਕਾਰਜ ਕਾਲ ਵਿੱਚ ਕਰਜ਼ਾ 55 ਲੱਖ ਕਰੋੜ ਤੋਂ ਵਧ ਕੇ 155 ਕਰੋੜ ਲੱਖ ਕਿਵੇਂ ਹੋ ਗਿਆ। ਕੀ ਇਵੇਂ ਪੰਜ ਟਰਿਲੀਅਨ ਡਾਲਰ ਦੀ ਅਰਥ ਵਿਵਸਥਾ ਬਣ ਰਹੀ ਹੈ?
ਤੁਸੀਂ ਬਾਰ ਬਾਰ ਕਹਿੰਦੇ ਹੋ ਕਿ ਭਾਰਤ ਵਿਸ਼ਵ ਗੁਰੂ ਬਣ ਰਿਹਾ ਹੈ। ਦੇਸ਼ ਭਰ ਦੀਆਂ ਯੂਨੀਵਸਿਟੀਆਂ ਅਤੇ ਕਾਲਜਾਂ ਵਿੱਚ 60% ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ। ਰਿਸਰਚ ਲੈਬਜ਼ ਵਿੱਚ ਇੰਨੇ ਹੀ ਵਿਗਿਆਨਕਾਂ ਦੀ ਘਾਟ ਹੈ ਤਾਂ ਭਾਰਤ ਵਿਸ਼ਵ ਗੁਰੂ ਕਿਵੇਂ ਬਣ ਰਿਹਾ ਹੈ? ਤੁਹਾਨੂੰ ਵਿਗਿਆਨ ਬਾਰੇ ਤਾਂ ਜਾਣਕਾਰੀ ਹੈ ਨਹੀਂ ਪਰ ਤੁਸੀਂ ਅਤੇ ਸਾਰੀ ਭਾਜਪਾ ਗੈਰ ਵਿਗਿਆਨਿਕ ਤੱਥ ਪੇਸ਼ ਕਰਕੇ ਜਨਤਾ ਨੂੰ ਦੋ ਢਾਈ ਹਜ਼ਾਰ ਸਾਲ ਪਿੱਛੇ ਜਾਣਬੁੱਝ ਕੇ ਲਿਜਾ ਰਹੇ ਹੋ। ਜਿਹੜੀ ਥੋੜ੍ਹੀ ਬਹੁਤ ਕਸਰ ਰਹਿ ਗਈ ਸੀ ਉਹ ਸਕੂਲਾਂ ਕਾਲਜਾਂ ਦੇ ਪਾਠਕ੍ਰਮ ਵਿੱਚੋਂ ਵਿਗਿਆਨ ਦਾ ਅਹਿਮ ਭਾਗ ਡਾਰਵਿਨ ਅਤੇ ਉਸਦਾ ਸਿਧਾਂਤ ਹਟਵਾ ਦਿੱਤਾ ਹੈ। ਤੁਹਾਡੀ ਛਤਰ ਛਾਇਆ ਹੇਠ ਐੱਨ ਸੀ ਈ ਆਰ ਟੀ ਨੇ ਇਤਿਹਾਸ ਨੂੰ ਲੂਲਾ ਲੰਗੜਾ ਬਣਾਉਣ ਲਈ ਮੁਗਲ ਕਾਲ, ਸਾਰੇ ਨਰਮ ਦਲ ਅਤੇ ਗਰਮ ਦਲ ਦੇ ਅਜ਼ਾਦੀ ਘੁਲਾਟੀਏ, ਸਮੇਤ ਸ਼ਹੀਦ ਹੋਏ ਕ੍ਰਾਂਤੀਕਾਰੀ ਕੱਢ ਦਿੱਤੇ ਹਨ। ਤੁਸੀਂ ਭਾਵੇਂ ਮੰਨੋ, ਨਾ ਮੰਨੋ ਪਰ ਤੁਹਾਡਾ ਅਖੌਤੀ ਸਾਧ ਲਾਣਾ ਸ਼ਰੇਆਮ ਐਲਾਨ ਕਰ ਰਿਹਾ ਹੈ ਕਿ ਅਸੀਂ ਇਹ ਸੰਵਿਧਾਨ ਖਤਮ ਕਰਕੇ ਇਸਦੀ ਥਾਂ ਮਨੂਸਮ੍ਰਿਤੀ ਲਾਗੂ ਕਰਨੀ ਹੈ। ਦੇਸ਼ ਦੇ ਤੀਜੇ ਸੰਵਿਧਾਨਿਕ ਪਦ ’ਤੇ ਤੁਸੀਂ ਵਿਰਾਜਮਾਨ ਹੋ, ਕੀ ਤੁਹਾਡਾ ਫ਼ਰਜ਼ ਸੰਵਿਧਾਨ ਦੀ ਰਾਖੀ ਕਰਨਾ ਨਹੀਂ ਹੈ? ਕੀ ਤੁਸੀਂ ਪਰਦੇ ਦੇ ਪਿੱਛੇ ਹੋ ਕੇ ਸੰਵਿਧਾਨ ਨਸ਼ਟ ਕਰਨ ਦੀ ਮੁਹਿੰਮ ਨਹੀਂ ਚਲਾ ਰਹੇ?
ਤੁਸੀ 2016 ਵਿੱਚ ਨੋਟ ਬੰਦੀ ਇਹ ਕਹਿ ਕੇ ਕੀਤੀ ਸੀ ਕਿ ਇਸ ਨਾਲ ਕਾਲਾ ਧਨ ਬਾਹਰ ਆਵੇਗਾ, ਆਤੰਕੀਆਂ ਕੋਲ ਧਨ ਨਹੀਂ ਪਹੁੰਚ ਸਕੇਗਾ ਇਸ ਲਈ ਤੁਸੀਂ 500 ਅਤੇ 1000 ਦੇ ਨੋਟ ਬੈਂਕਾਂ ਵਿੱਚ ਜਮ੍ਹਾਂ ਕਰਵਾ ਕੇ ਛੋਟੇ ਨੋਟ ਲੈਣ ਨੂੰ ਕਿਹਾ। ਲੰਬੀਆਂ ਲਾਈਨਾਂ ਲੱਗ ਗਈਆਂ, ਆਮ ਲੋਕਾਂ ਨੇ ਅਤੇ ਬੈਂਕ ਕਰਮਚਾਰੀਆਂ ਨੇ ਕਾਫ਼ੀ ਤਕਲੀਫ਼ ਸਹਿ ਕੇ ਤੁਹਾਡੀ ਇੱਛਾ ਤੇ ਫੁੱਲ ਚੜ੍ਹਾਏ, ਕਈ ਮੌਤਾਂ ਵੀ ਹੋ ਗਈਆਂ। ਕਈ ਬੇਰੁਜ਼ਗਾਰ ਹੋ ਗਏ, ਵਪਾਰ ਘਾਟੇ ਵਿੱਚ ਚਲਾ ਗਿਆ ਅਤੇ ਜੀ. ਡੀ.ਪੀ ਪਿਛਾਂਹ ਨੂੰ ਤੁਰ ਪਈ। ਹਜ਼ਾਰ ਦੇ ਨੋਟਾਂ ਨਾਲ ਬਲੈਕ ਮਾਰਕੀਟ ਹੁੰਦੀ ਸੀ ਪਰ ਨਾ ਤਾਂ ਕਾਲਾ ਧਨ ਬਾਹਰ ਆਇਆ ਅਤੇ ਨਾ ਹੀ ਧਨ ਆਤੰਕੀਆਂ ਕੋਲ ਪੁੱਜਣ ਤੋਂ ਰੁਕਿਆ। ਪਤਾ ਨਹੀਂ ਤੁਸੀਂ ਕਿਉਂ ਦੋ ਹਜ਼ਾਰ ਦੇ ਨੋਟ ਚਾਲੂ ਕਰ ਦਿੱਤੇ। ਸ਼ਾਇਦ ਤੁਹਾਡੀ ਯੋਜਨਾਬੰਦੀ ਹੀ ਗਲਤ ਸੀ, ਤੁਹਾਨੂੰ ਜਾਂ ਤੁਹਾਡੇ ਸਲਾਹਕਾਰਾਂ ਨੂੰ ਪਤਾ ਹੀ ਨਹੀਂ ਸੀ ਕਿ ਜਨਤਾ ਦੇ ਹੜ੍ਹ ਨੂੰ ਦਿੱਤੇ ਗਏ ਸਮੇਂ ਵਿੱਚ ਸੌ ਜਾਂ ਇਸ ਤੋਂ ਘੱਟ ਮੁੱਲ ਵਾਲੇ ਨੋਟ ਨਹੀਂ ਦਿੱਤੇ ਜਾ ਸਕਦੇ, ਇਸ ਲਈ 2000 ਹਜ਼ਾਰ ਦੇ ਨੋਟ ਚਾਲੂ ਕਰ ਦਿੱਤੇ। ਹੁਣ ਤੁਸੀਂ ਕਿਹਾ ਹੈ ਕਿ 2000 ਦੇ ਨੋਟ ਕਾਲੇ ਧਨ ਵਿੱਚ ਬਦਲ ਗਏ ਹਨ, ਇਸ ਕਾਲੇ ਧਨ ਨੂੰ ਬਾਹਰ ਕਢਵਾਉਣ ਲਈ ਜਿਸ ਕੋਲ ਵੀ 2000 ਦੇ ਨੋਟ ਹਨ ਜਮ੍ਹਾਂ ਕਰਵਾਓ। ਜਮ੍ਹਾਂ ਕਰਵਾਉਣ ਵਾਲੇ ਨੇ ਕੋਈ ਫਾਰਮ ਨਹੀਂ ਭਰਨਾ, ਉਸ ਦੇ ਖਾਤੇ, ਪੈੱਨ ਕਾਰਡ ਜਾਂ ਅਧਾਰ ਕਾਰਡ ਦੀ ਵੀ ਲੋੜ ਨਹੀਂ। ਇਸ ਨਾਲ ਕਾਲਾ ਧਨ ਬਾਹਰ ਆਵੇਗਾ ਜਾਂ ਇਹ ਚਿੱਟੇ ਧਨ ਵਿੱਚ ਤਬਦੀਲ ਹੋਵੇਗਾ?
ਕਿਸਾਨਾਂ ਦੇ ਲੰਬੇ ਅਤੇ ਕੁਰਬਾਨੀਆਂ ਭਰੇ ਅੰਦੋਲਨ ਨੂੰ ਤੁਸੀਂ ਇਸ ਵਾਇਦੇ ਨਾਲ ਮੁਲਤਵੀ ਕਰਵਾਇਆ ਕਿ ਐੱਮ ਐੱਸ ਪੀ ਦੇ ਦਿੱਤੀ ਜਾਵੇਗੀ। ਪਰ ਅਜੇ ਤਕ ਐੱਮ ਐੱਸ ਪੀ ਦਿੱਤੀ ਨਹੀਂ। ਸਵਿਟਜ਼ਰਲੈਂਡ ਤੋਂ ਤੋਂ ਕਾਲਾ ਧਨ ਵਾਪਸ ਲਿਆ ਕੇ ਪਬਲਿਕ ਨੂੰ ਗੱਫੇ ਲਵਾਉਣ ਦਾ ਤੁਹਾਡਾ ਵਾਇਦਾ ਤਾਂ ਅਮਿਤ ਸ਼ਾਹ ਜੀ ਨੇ ਜੁਮਲਾ ਕਹਿ ਦਿੱਤਾ ਪਰ ਗੱਲ ਇੱਥੇ ਹੀ ਨਹੀਂ ਰੁਕੀ, ਹੁਣ ਤਾਂ ਹੋਰ ਵੀ ਜ਼ਿਆਦਾ ਧਨ ਸਵਿਟਜ਼ਰਲੈਂਡ ਜਾ ਚੁੱਕਿਆ ਹੈ। ਮੀਡੀਆ ਤੁਸੀਂ ਸਾਰਾ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ, ਸੰਵਿਧਾਨਿਕ ਸੰਸਥਾਵਾਂ ਵੀ ਤੁਹਾਡੇ ਕਬਜ਼ੇ ਵਿੱਚ ਹਨ, ਕੋਰਟਾਂ ਨੂੰ ਕਬਜ਼ੇ ਵਿੱਚ ਲੈਣ ਨੂੰ ਤੁਸੀਂ ਤਰਲੋਮੱਛੀ ਹੋ ਰਹੇ ਹੋ। ਇਜ਼ਰਾਈਲ ਤੋਂ ਪੇਗਾਸੱਸ ਖਰੀਦ ਕੇ ਤੁਸੀਂ ਆਪਣੇ ਵਿਰੋਧੀਆਂ ਦੀ ਜਾਸੂਸੀ ਕੀਤੀ, ਬਿਨਾ ਮੁਕੱਦਮਾ ਚਲਾਏ ਜੇਲ੍ਹਾਂ ਵਿੱਚ ਬੰਦ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੇ ਲੈਪਟਾਪ ਵਿੱਚ ਤੁਸੀਂ ਜਾਣਬੁੱਝ ਕੇ ਦੇਸ਼ ਵਿਰੋਧੀ ਲੇਖ ਪਏ ਤਾਂ ਕਿ ਕੈਦ ਦਾ ਸਮਾਂ ਵਧਾਇਆ ਜਾ ਸਕੇ। ਕੀ ਤੁਹਾਡੇ ਅਨੁਸਾਰ ਇਹੋ ਕੁਝ ਲੋਕਤੰਤਰ ਹੈ? ਸੰਵਿਧਾਨ ਦੀ ਧਾਰਾ 370 ਖਤਮ ਕਰਨ ਤੋਂ ਬਾਅਦ ਕਸ਼ਮੀਰ ਦੀ ਹਾਲਤ ਚਿੰਤਾਜਨਕ ਚੁੱਕੀ ਹੈ, ਸਾਡੇ ਫੌਜੀ ਜ਼ਿਆਦਾ ਸ਼ਹੀਦ ਹੋ ਰਹੇ ਹਨ, ਪਰ ਤੁਸੀਂ ਕਹਿ ਰਹੇ ਹੋ ਕਿ ਹਾਲਾਤ ਪਹਿਲਾਂ ਤੋਂ ਸੁਧਰ ਗਏ ਹਨ। ਗੁਆਂਡੀ ਦੇਸ਼ਾਂ ਨਾਲ ਹਾਲਾਤ ਵਿਗੜੇ ਹਨ, ਨੇਪਾਲ ਅਤੇ ਸ਼੍ਰੀ ਲੰਕਾ ਚੀਨ ਦੇ ਨੇੜੇ ਹੋ ਗਏ ਹਨ। ਵਾਇਦੇ ਅਨੁਸਾਰ ਗੰਗਾ ਦੀ ਸਫਾਈ ਵੀ ਨਹੀਂ ਹੋਈ।
ਖਾੜੀ ਦੇਸ਼ਾਂ ਵਿੱਚੋਂ ਜਦੋਂ 2013 ਵਿੱਚ ਕੱਚਾ ਤੇਲ ਬਹੁਤ ਮਹਿੰਗਾ ਆਉਣ ਕਾਰਨ ਕਾਂਗਰਸ ਸਰਕਾਰ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਤਾਂ ਤੁਸੀਂ ਕਿਹਾ ਕਿ ਯੂ ਪੀ ਏ ਸਰਕਾਰ ਫੇਲ ਹੈ। ਹੁਣ ਜਦੋਂ ਉਸ ਵੇਲੇ ਨਾਲੋਂ ਅੱਧੀ ਕੀਮਤ ਤੇ ਕੱਚਾ ਤੇਲ ਮਿਲ ਰਿਹਾ ਹੈ ਤਾਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 2013 ਤੋਂ ਵੀ ਵੱਧ ਕਿਉਂ ਹਨ। ਤੁਹਾਡੇ ਰਾਜ ਵਿੱਚ ਗੈਸ ਸਿਲੰਡਰਾਂ ਦੀ ਕੀਮਤ 2013 ਦੀ ਕੀਮਤ ਤੋਂ ਤਿੰਨ ਗੁਣਾ ਹੋ ਗਈ ਹੈ। ਤੁਸੀਂ ਕਹਿੰਦੇ ਹੋ ਕਿ ਪੈਟਰੋਲ, ਡੀਜ਼ਲ ਅਤੇ ਗੈਸ ਸਰਕਾਰ ਦੇ ਹੱਥ ਨਹੀਂ ਬਲਕਿ ਓ ਐੱਨ ਜੀ ਸੀ ਦੇ ਹੱਥ ਹੈ, ਪਰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਚੋਣਾਂ ਨੇੜੇ ਓ ਐੱਨ ਜੀ ਸੀ ਜ਼ਿਆਦਾ ਦਿਆਲੂ ਅਤੇ ਚੋਣਾਂ ਤੋਂ ਬਾਅਦ ਫੇਰ ਕਰੂਰ ਕਿਵੇਂ ਹੋ ਜਾਂਦਾ ਹੈ। ਰਫੇਲ ਜਹਾਜ਼ ਤੁਸੀਂ ਯੂ ਪੀ ਏ ਤੋਂ ਵੀ ਤਿੰਨ ਗੁਣਾ ਕੀਮਤ ’ਤੇ ਖਰੀਦੇ, ਵਿਚੋਲਾ ਉਸ ਨੂੰ ਬਣਾਇਆ ਜਿਸ ਨੂੰ ਬੱਚਿਆਂ ਦੇ ਖਿਡੌਣੇ ਜਹਾਜ਼ ਬਣਾਉਣ ਦਾ ਵੀ ਤਜਰਬਾ ਨਹੀਂ ਸੀ ਅਤੇ ਸਭ ਤੋਂ ਵੱਧ ਇਹ ਕਿ ਤੁਸੀਂ ਸੌਦਾ ਕਰਨ ਤੋਂ ਪਹਿਲਾਂ ਆਡਿਟ ਦੀ ਮਦ ਹੀ ਹਟਾ ਦਿੱਤੀ ਤਾਂਕਿ ਭ੍ਰਿਸ਼ਟਾਚਾਰ ਹੀ ਨਾ ਪਕੜਿਆ ਜਾ ਸਕੇ।
ਮੋਦੀ ਜੀ, ਤੁਹਾਡੇ ਭਾਸ਼ਣਾਂ ਤੋਂ ਸਪਸ਼ਟ ਹੁੰਦਾ ਹੈ ਕਿ ਤੁਹਾਨੂੰ ਨਾ ਇਤਿਹਾਸ ਦੀ ਜਾਣਕਾਰੀ ਹੈ ਅਤੇ ਨਾ ਅੰਕੜਿਆਂ ਦੀ ਜਾਣਕਾਰੀ ਹੈ। ਤੁਸੀਂ ਕਿਹਾ ਸੀ ਕਿ ਸ਼ਹੀਦ ਭਗਤ ਸਿੰਘ ਨੂੰ ਅੰਡੇਮਾਨ ਦੀ ਜੇਲ੍ਹ ਵਿੱਚ ਰੱਖਿਆ ਗਿਆ ਜਦਕਿ ਉਹਨਾਂ ਨੂੰ ਮੀਆਂਵਾਲੀ ਜੇਲ੍ਹ ਵਿੱਚ ਰੱਖਿਆ ਗਿਆ ਸੀ। ਤੁਸੀਂ ਆਰ ਐੱਸ ਐੱਸ ਦੇ ਕਾਰਕੁਨ ਸ਼ਯਾਮਾ ਪ੍ਰਸ਼ਾਦ ਮੁਖਰਜੀ ਜਿਹੜੇ ਕਿ ਕਸ਼ਮੀਰ ਵਿੱਚ ਮਾਰੇ ਗਏ ਸਨ ਬਾਰੇ ਕਿਹਾ ਕਿ ਉਹਨਾਂ ਦੀਆਂ ਅਸਥੀਆਂ ਅਸੀਂ ਸਵਿਟਜ਼ਰਲੈਡ ਤੋਂ ਲਿਆਵਾਂਗੇ। ਜਦੋਂ ਭਾਰਤ ਦੀ ਜਨਸੰਖਿਆ 130 ਕਰੋੜ ਤੋਂ ਵੀ ਘੱਟ ਸੀ ਉਦੋਂ ਤੁਸੀਂ ਕਿਹਾ ਕਿ ਸਾਨੂੰ 600 ਕਰੋੜ ਲੋਕਾਂ ਨੇ ਵੋਟ ਦਿੱਤੀ। ਇਸ ਤੋਂ ਬਾਅਦ ਤੁਸੀਂ ਕਿਹਾ ਕਿ ਸਾਡੀ ਸਰਕਾਰ ਨੇ 200 ਕਰੋੜ ਲੋਕਾਂ ਨੂੰ ਮੁਫ਼ਤ ਕਰੋਨਾ ਦੇ ਟੀਕੇ ਲਗਾਏ। ਜੇਕਰ ਤੁਹਾਡੇ ਕੋਲੋਂ ਜੋਸ਼ ਵਿੱਚ ਆ ਕੇ ਗਲਤ ਇਤਿਹਾਸ ਅਤੇ ਗਲਤ ਅੰਕੜੇ ਬੋਲੇ ਜਾਂਦੇ ਹਨ ਤਾਂ ਤੁਹਾਨੂੰ ਮਾਫ਼ੀ ਮੰਗਦੇ ਹੋਏ ਕਹਿਣਾ ਚਾਹੀਦਾ ਹੈ ਕਿ ਮੈਂ ਗਲਤ ਬੋਲ ਗਿਆ। ਓਹੋ, ਮੈਂ ਤਾਂ ਭੁੱਲ ਗਿਆ ਕਿ ਤੁਹਾਨੂੰ ਤਾਂ ਆਰ ਐੱਸ ਐੱਸ ਵੱਲੋਂ ਹਿਦਾਇਤ ਹੋਈ ਹੈ ਕਿ ਕਦੇ ਵੀ ਪ੍ਰੈੱਸ ਕਾਨਫਰੰਸ ਨਹੀਂ ਕਰਨੀ ਹੈ। ਗਲ਼ਤੀ ਵੀ ਤੁਸੀਂ ਮਨ ਕੀ ਅਵਾਜ਼ ਵਿੱਚ ਮੰਨ ਨਹੀਂ ਸਕਦੇ ਅਤੇ ਪ੍ਰੈੱਸ ਕਾਨਫਰੰਸ ਤਾਂ ਕਰਨੀ ਹੀ ਨਹੀਂ ਜਿੱਥੇ ਗਲਤੀ ਮੰਨੀ ਜਾਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4045)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)